“ਕਿਸਾਨੀ ਨਾਲ ਮੱਥਾ ਲਾ ਕੇ ਇੱਕ ਸਾਲ ਗਰਕ ਕਰਨ ਦੇ ਨਤੀਜੇ ਨੇ ਉਹ ਪ੍ਰਭਾਵ ...”
(21 ਨਵੰਬਰ 2021)
ਭਾਰਤ ਦਾ ਪ੍ਰਧਾਨ ਮੰਤਰੀ ਇਸ ਕਲਾ ਦਾ ਮਾਹਰ ਹੈ ਕਿ ਉਹ ਜਦੋਂ ਵੀ ਲੋਕਾਂ ਸਾਹਮਣੇ ਆਉਂਦਾ ਹੈ, ਇਸ ਤਰ੍ਹਾਂ ਅਚਾਨਕ ਦਿਖਾਲੀ ਦੇਂਦਾ ਹੈ ਕਿ ਲੋਕ ਹੱਕੇ-ਬੱਕੇ ਰਹਿ ਜਾਣ। ਨੋਟਬੰਦੀ ਸਮੇਤ ਬਹੁਤ ਸਾਰੇ ਫੈਸਲੇ ਲੋਕਾਂ ਨੂੰ ਪਰੋਸਣ ਲਈ ਉਸ ਨੇ ਏਦਾਂ ਹੀ ਅਚਾਨਕ ਦਿਖਾਲੀ ਦਿੱਤੀ ਸੀ। ਉੱਨੀ ਨਵੰਬਰ ਸ਼ੁੱਕਰਵਾਰ ਦੇ ਦਿਨ ਫਿਰ ਜਦੋਂ ਉਹ ਭਾਰਤ ਦੇ ਲੋਕਾਂ ਨੂੰ ਇੱਕ ਸੰਦੇਸ਼ ਦੇਣ ਲਈ ਅਚਾਨਕ ਟੈਲੀਵੀਜ਼ਨ ਸਕਰੀਨਾਂ ਉੱਤੇ ਦਿਖਾਈ ਦਿੱਤਾ ਤਾਂ ਹਮੇਸ਼ਾ ਵਾਂਗ ਆਮ ਲੋਕ ਸਾਹ ਰੋਕ ਕੇ ਸੁਣਨ ਲੱਗ ਪਏ ਕਿ ਅੱਜ ਫਿਰ ਕੋਈ ਵੱਡਾ ਸ਼ੋਸ਼ਾ ਛੱਡੇਗਾ। ਉਸ ਨੇ ਸ਼ੋਸ਼ਾ ਨਹੀਂ ਸੀ ਛੱਡਿਆ। ਇਹ ਪਹਿਲੀ ਵਾਰ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ਉੱਤੇ ਉਹ ਚਮਕ ਨਹੀਂ ਸੀ, ਜਿਹੜੀ ਉਸ ਦੀ ਪਛਾਣ ਮੰਨੀ ਜਾਂਦੀ ਤੇ ਪ੍ਰਚਾਰੀ ਜਾਂਦੀ ਸੀ। ਉਸ ਦੇ ਸ਼ਬਦਾਂ ਵਿੱਚ ਆਪਣੇ ਕਿਸੇ ਫੈਸਲੇ ਦਾ ਫਖਰ ਨਹੀਂ, ਸਗੋਂ ਆਪਣੇ ਕੀਤੇ ਦੇ ਪਛਤਾਵੇ ਅਤੇ ਭਾਰਤ ਦੇ ਲੋਕਾਂ ਦੀ ਸੱਥ ਵਿੱਚ ਗੁਨਾਹਗਾਰ ਵਾਂਗ ਪੇਸ਼ ਹੋਣ ਵਾਲੀ ਭਾਵਨਾ ਬਦੋਬਦੀ ਬਾਹਰ ਆ ਰਹੀ ਸੀ। ਪ੍ਰਧਾਨ ਮੰਤਰੀ ਨੇ ਇਸ ਭਾਸ਼ਣ ਵਿੱਚ ਪਹਿਲਾਂ ਇਹ ਗਿਣਾਉਣਾ ਸ਼ੁਰੂ ਕੀਤਾ ਕਿ ਉਸ ਨੇ ਆਪਣੇ ਦੇਸ਼ ਦੇ ਲੋਕਾਂ ਅਤੇ ਖਾਸ ਤੌਰ ਉੱਤੇ ਕਿਸਾਨਾਂ, ਤੇ ਕਿਸਾਨਾਂ ਵਿੱਚੋਂ ਵੀ ਗਰੀਬ ਕਿਸਾਨਾਂ ਦੇ ਭਲੇ ਲਈ ਬਹੁਤ ਯਤਨ ਕੀਤੇ ਸਨ ਤੇ ਪਿਛਲੇ ਸਾਲ ਪਾਸ ਕੀਤੇ ਤਿੰਨ ਖੇਤੀਬਾੜੀ ਕਾਨੂੰਨ ਵੀ ਇਸੇ ਨੀਤੀ ਤੇ ਨੀਤ ਨੂੰ ਅੱਗੇ ਵਧਾਉਣ ਦੀ ਭਾਵਨਾ ਨਾਲ ਬਣਾਏ ਸਨ। ਫਿਰ ਇਹ ਗੱਲ ਕਹਿ ਦਿੱਤੀ ਕਿ ਦੇਸ਼ ਦੇ ਬਹੁਤ ਸਾਰੇ ਕਿਸਾਨਾਂ ਤੇ ਕਿਸਾਨ ਸੰਗਠਨਾਂ ਨੇ ਸਾਡੀ ਭਾਵਨਾ ਦਾ ਸਮੱਰਥਨ ਕੀਤਾ, ਪਰ ‘ਕੁਝ ਲੋਕ’ ਇਸ ਨੁਕਤੇ ਨੂੰ ਸਮਝ ਨਹੀਂ ਸਕੇ, ਇਸ ਲਈ ਅਸੀਂ ਇਹ ਕਾਨੂੰਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਸਾਫ ਹੈ ਕਿ ਗਲਤੀ ਵੀ ਮੰਨਣੀ ਪੈ ਗਈ ਤਾਂ ਪ੍ਰਧਾਨ ਮੰਤਰੀ ਉਸ ਨੂੰ ਨੇਕੀ ਦੀ ਚਾਸ਼ਨੀ ਵਿੱਚ ਲਪੇਟ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਮਾਮਲਾ ‘ਦੇਰ ਆਇਦ, ਦਰੁਸਤ ਆਇਦ’ ਦਾ ਵੀ ਹੈ ਤਾਂ ਚੰਗਾ ਹੋਇਆ ਹੈ, ਪਰ ਇਸ ਦਾ ਸਿਰਫ ਸਵਾਗਤ ਕਰ ਕੇ ਛੱਡ ਦੇਣਾ ਸੌਖਾ ਨਹੀਂ। ਸੁਖੀ ਵੱਸਦੇ ਦੇਸ਼ ਉੱਤੇ ਜਦੋਂ ਸੰਸਾਰ ਭਰ ਦੇ ਹੋਰਨਾਂ ਦੇਸ਼ਾਂ ਵਾਂਗ ਕੋਰੋਨਾ ਵਾਇਰਸ ਦਾ ਹਮਲਾ ਹੋਇਆ ਪਿਆ ਸੀ, ਜਦੋਂ ਆਪਣੇ ਲੋਕਾਂ ਨੂੰ ਸਰਕਾਰ ਦੀ ਛਤਰੀ ਦੀ ਲੋੜ ਸੀ, ਓਦੋਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੀ ਨਿੱਜੀ ਸਾਂਝ ਨਿਭਾਉਣ ਅਤੇ ਦੋ ਪੂੰਜੀਪਤੀਆਂ ਦੇ ਵਾਰੇ-ਨਿਆਰੇ ਕਰਨ ਲਈ ਤਿੰਨ ਖੇਤੀਬਾੜੀ ਕਾਨੂੰਨ ਪਾਸ ਕਰਾਉਣ ਦਾ ਗਲਤ ਕਦਮ ਚੁੱਕ ਲਿਆ ਸੀ, ਜਿਹੜਾ ਆਖਰ ਨੂੰ ਵਾਪਸ ਲੈਣਾ ਪਿਆ ਹੈ। ਪਾਰਲੀਮੈਂਟ ਤੋਂ ਇਹ ਕਾਨੂੰਨ ਪਾਸ ਕਰਵਾਉਣ ਤੋਂ ਪਹਿਲਾਂ ਹੀ ਪੰਜਾਬ ਦੇ ਸੂਝਵਾਨ ਕਿਸਾਨ ਇਨ੍ਹਾਂ ਦੇ ਵਿਰੁੱਧ ਮੈਦਾਨ ਵਿੱਚ ਆ ਚੁੱਕੇ ਸਨ ਅਤੇ ਫਿਰ ਹਰਿਆਣੇ ਵਾਲੇ ਵੀ ਨਾ ਸਿਰਫ ਨਾਲ ਤੁਰੇ, ਸਗੋਂ ਦਿੱਲੀ ਦੇ ਰਾਹਾਂ ਵਿੱਚ ਲਾਏ ਗਏ ਸਰਕਾਰੀ ਅੜਿੱਕੇ ਤੋੜਨ ਵਿੱਚ ਪੰਜਾਬ ਵਾਲਿਆਂ ਨਾਲੋਂ ਵੀ ਅੱਗੇ ਹੋ ਤੁਰੇ ਸਨ। ਦੋਵਾਂ ਰਾਜਾਂ ਦੇ ਕਿਸਾਨਾਂ ਨੂੰ ਪਾੜਨ ਦੀਆਂ ਲੱਖ ਸਾਜ਼ਿਸ਼ਾਂ ਦੇ ਬਾਵਜੂਦ ਉਹ ਇੱਕੋ ਮਾਂ ਦੇ ਜਾਏ ਭਰਾਵਾਂ ਵਾਂਗ ਨਿਭਦੇ ਗਏ। ਹਰਿਆਣੇ ਦੀ ਭਾਜਪਾ ਨੇ ਕੇਂਦਰੀ ਹਾਕਮਾਂ ਦੇ ਕਹਿਣ ਉੱਤੇ ਜਦੋਂ ਪਾਣੀਆਂ ਦਾ ਰਾਗ ਛੇੜਨਾ ਚਾਹਿਆ ਤਾਂ ਉਸ ਰਾਜ ਦੇ ਕਿਸਾਨਾਂ ਨੇ ਅੱਗੋਂ ਇਹ ਆਖਿਆ ਸੀ ਕਿ ਖੇਤ ਬਚਣਗੇ ਤਾਂ ਪਾਣੀਆਂ ਦੀ ਗੱਲ ਸੋਚ ਲਵਾਂਗੇ, ਜੇ ਖੇਤ ਹੀ ਨਹੀਂ ਬਚਣੇ ਤਾਂ ਪਾਣੀ ਦੀ ਲੜਾਈ ਕਾਹਦੇ ਲਈ ਲੜਨੀ ਹੈ, ਇਹ ਮੁੱਦਾ ਇਸ ਵੇਲੇ ਸੋਚਣ ਵਾਲਾ ਹੈ ਹੀ ਨਹੀਂ। ਕੇਂਦਰੀ ਹਕੂਮਤ ਨੂੰ ਵਹਿਮ ਸੀ ਕਿ ਲਿਆਂਦਾ ਰਾਸ਼ਣ ਮੁੱਕ ਗਿਆ ਤਾਂ ਕਿਸਾਨ ਘਰੀਂ ਮੁੜ ਜਾਣਗੇ। ਪਰ ਉਹ ਰਾਸ਼ਣ ਮੁੱਕਾ ਨਹੀਂ, ਕਿਉਂਕਿ ਸਪਲਾਈ ਦਾ ਜ਼ਿੰਮਾ ਪਿੱਛੇ ਬੈਠੇ ਲੋਕਾਂ ਨੇ ਸੰਭਾਲ ਲਿਆ ਅਤੇ ਦਿੱਲੀ ਵਾਲੇ ਬਾਰਡਰਾਂ ਉੱਤੇ ਚੱਲਣ ਵਾਲੇ ਲੰਗਰਾਂ ਦੇ ਲਈ ਕਿਸੇ ਵੀ ਚੀਜ਼ ਦੀ ਕੋਈ ਤੋਟ ਕਦੀ ਨਹੀਂ ਸੀ ਆਉਣ ਦਿੱਤੀ। ਮੋਰਚਾ ਪੱਕੇ ਪੈਰੀਂ ਚੱਲਦਾ ਰਿਹਾ।
ਪ੍ਰਧਾਨ ਮੰਤਰੀ ਅੱਜ ਆਪਣੀ ਨੇਕ-ਨੀਤੀ ਵਿਖਾਉਣਾ ਚਾਹੁੰਦਾ ਹੈ, ਪਰ ਉਸ ਵਕਤ ਉਹ ਨਹੀਂ ਸੀ ਬੋਲਿਆ, ਜਦੋਂ ਉਸ ਦੀ ਟੀਮ ਦੇ ਮੈਂਬਰਾਂ ਨੇ ਕਿਸਾਨਾਂ ਨੂੰ ਅੱਤਵਾਦੀ, ਨਕਸਲੀ ਤੇ ਖਾਲਿਸਤਾਨੀ ਕਹਿਣ ਮਗਰੋਂ ਪਾਕਿਸਤਾਨੀ ਏਜੰਟ ਤੱਕ ਕਿਹਾ ਸੀ। ਦਿੱਲੀ ਬਾਰਡਰ ਵਾਲੇ ਮੋਰਚੇ ਉੱਤੇ ਬੈਠੇ ਹੋਏ ਇੱਕ ਕਿਸਾਨ ਨੂੰ ਖਬਰ ਮਿਲੀ ਕਿ ਭਾਰਤੀ ਫੌਜ ਵਿੱਚ ਭਰਤੀ ਹੋਇਆ ਉਸ ਦਾ ਪੁੱਤਰ ਦੇਸ਼ ਦੀ ਰਾਖੀ ਦਾ ਫਰਜ਼ ਨਿਭਾਉਂਦਾ ਸ਼ਹੀਦ ਹੋ ਗਿਆ ਹੈ ਤੇ ਫੌਜ ਦੇ ਅਫਸਰ ਲਾਸ਼ ਲਿਆ ਰਹੇ ਹਨ। ਪੁੱਤਰ ਦੇ ਅੰਤਮ ਸੰਸਕਾਰ ਲਈ ਪਿੰਡ ਜਾਣ ਲੱਗੇ ਨੂੰ ਪੱਤਰਕਾਰਾਂ ਨੇ ਉਸ ਦੇ ਵਿਚਾਰ ਪੁੱਛੇ ਤਾਂ ਉਸ ਨੇ ਕਿਹਾ ਸੀ, “ਪੁੱਤਰ ਦੇਸ਼ ਲਈ ਸ਼ਹੀਦ ਹੋ ਗਿਆ, ਮੈਨੂੰ ਉਸ ਉੱਤੇ ਮਾਣ ਹੈ, ਪਰ ਮੈਂ ਉਸ ਦੇ ਅੰਤਮ ਸੰਸਕਾਰ ਪਿੱਛੋਂ ਰੁਕਾਂਗਾ ਨਹੀਂ, ਹੱਕਾਂ ਦੀ ਰਾਖੀ ਦੇ ਮੋਰਚੇ ਉੱਤੇ ਵਾਪਸ ਆ ਜਾਵਾਂਗਾ। ਤੁਸੀਂ ਪ੍ਰਧਾਨ ਮੰਤਰੀ ਨੂੰ ਕਹਿ ਦਿਓ, ਦੇਸ਼ ਲਈ ਸ਼ਹੀਦੀ ਕਿਸਾਨ ਦੇ ਪੁੱਤਰ ਨੇ ਪਾਈ ਹੈ, ਤੇਰੇ ਕਿਸੇ ਮੰਤਰੀ ਦੇ ਪੁੱਤਰ ਨੇ ਨਹੀਂ, ਤੇਰੇ ਮੰਤਰੀ ਸਾਡੀਆਂ ਮੰਗਾਂ ਮੰਨਣ ਭਾਵੇਂ ਨਾ ਮੰਨਣ, ਦੇਸ਼ ਲਈ ਪੁੱਤਰਾਂ ਨੂੰ ਵਾਰਨ ਵਾਲੇ ਕਿਸਾਨਾਂ ਨੂੰ ਪਾਕਿਸਤਾਨ ਦੇ ਏਜੰਟ ਨਾ ਕਹਿਣ।” ਉਸ ਕਿਸਾਨ ਦੇ ਏਦਾਂ ਦੇ ਸ਼ਬਦ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਨਾ ਪਹੁੰਚੇ ਹੋਣਗੇ, ਮੈਂ ਨਹੀਂ ਮੰਨ ਸਕਦਾ, ਪਰ ਉਸ ਨੇ ਊਲ-ਜਲੂਲ ਬੋਲਣ ਵਾਲੀ ਆਪਣੀ ਧਾੜ ਨੂੰ ਰੋਕਿਆ ਨਹੀਂ ਸੀ, ਉਹ ਫਿਰ ਵੀ ਕਿਸਾਨਾਂ ਦੇ ਖਿਲਾਫ ਹਰ ਭੱਦੀ ਤੋਂ ਭੱਦੀ ਗੱਲ ਕਹੀ ਗਏ ਸਨ ਅਤੇ ਅੱਜ ਜਦੋਂ ਪ੍ਰਧਾਨ ਮੰਤਰੀ ਨੇ ਕਦਮ ਪਿੱਛੇ ਖਿੱਚਿਆ ਹੈ ਤਾਂ ਕਿਸਾਨਾਂ ਦਾ ਹਠ ਭੁਲਾ ਕੇ ਪ੍ਰਧਾਨ ਮੰਤਰੀ ਦੇ ਸੋਹਲੇ ਗਾ ਰਹੇ ਹਨ।
ਅਸੀਂ ਫਿਰ ਕਹਿੰਦੇ ਹਾਂ ਕਿ ‘ਦੇਰ ਆਇਦ, ਦਰੁਸਤ ਆਇਦ’ ਹੀ ਸਹੀ, ਪ੍ਰਧਾਨ ਮੰਤਰੀ ਨੇ ਆਪਣਾ ਕਦਮ ਪਿੱਛੇ ਖਿੱਚ ਕੇ ਠੀਕ ਕੀਤਾ ਹੈ, ਪਰ ਉਹ ਇਹ ਗੱਲ ਜ਼ਰੂਰ ਸੋਚਣ ਕਿ ਉਨ੍ਹਾਂ ਦੇ ਇਸ ਗਲਤ ਕਦਮ ਨਾਲ ਭਾਰਤ ਅਤੇ ਭਾਰਤੀ ਲੋਕਾਂ ਦਾ ਨੁਕਸਾਨ ਕਿੰਨਾ ਹੋਇਆ ਹੈ? ਇੱਕ ਛੋਟੇ ਤੋਂ ਛੋਟਾ ਟਰੈਕਟਰ ਦਿੱਲੀ ਤੱਕ ਗੇੜਾ ਲਾਵੇ ਤਾਂ ਦਸ ਹਜ਼ਾਰ ਰੁਪਏ ਦਾ ਖਰਚ ਹੋਣਾ ਮਾਮੂਲੀ ਗੱਲ ਹੈ, ਵੱਡਾ ਟਰੈਕਟਰ ਵੀਹ ਹਜ਼ਾਰ ਵੀ ਚੱਬ ਜਾਂਦਾ ਹੈ ਤੇ ਉਸ ਦੇ ਟਾਇਰਾਂ ਦੀ ਘਸਾਈ ਇਸ ਤੋਂ ਵੱਖਰਾ ਨੁਕਸਾਨ ਗਿਣੀ ਜਾਵੇਗੀ। ਲੱਖਾਂ ਟਰੈਕਟਰ ਜਦੋਂ ਓਥੇ ਗਏ ਅਤੇ ਵਾਪਸ ਆਏ ਸਨ, ਇਕੱਲੇ ਕਿਸਾਨਾਂ ਦਾ ਨਹੀਂ, ਸਮੁੱਚੇ ਦੇਸ਼ ਦੀ ਆਰਥਿਕਤਾ ਦਾ ਜਿਹੜਾ ਲੱਖਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ, ਉਹ ਪ੍ਰਧਾਨ ਮੰਤਰੀ ਦੇ ਇਸੇ ਗਲਤ ਕਦਮ ਦਾ ਸਿੱਟਾ ਸੀ। ਇਸ ਸੰਘਰਸ਼ ਦੌਰਾਨ ਛੇ ਸੌ ਤੋਂ ਵੱਧ ਕਿਸਾਨ ਮਾਰੇ ਗਏ ਅਤੇ ਚਾਰ ਜਣੇ ਲਖੀਮਪੁਰ ਵਿੱਚ ਮਰੇ ਕਹਿਣਾ ਠੀਕ ਨਹੀਂ, ਮਾਰ ਦਿੱਤੇ ਗਏ ਸਨ, ਇਨ੍ਹਾਂ ਸਾਰੀਆਂ ਜਾਨਾਂ ਦਾ ਖੌਅ ਭਾਰਤ ਦੇ ਪ੍ਰਧਾਨ ਮੰਤਰੀ ਦਾ ਗਲਤ ਕਦਮ ਹੀ ਬਣਿਆ ਸੀ। ਉਨ੍ਹਾਂ ਸਾਰਿਆਂ ਦੇ ਵਾਰਸਾਂ ਨੂੰ ਉਨ੍ਹਾਂ ਦੇ ਘਰਾਂ ਦੇ ਪਿਆਰੇ ਜੀਅ ਵਾਪਸ ਕੌਣ ਲਿਆ ਕੇ ਦੇਵੇਗਾ?
ਭਾਜਪਾ ਅਤੇ ਆਰ ਐੱਸ ਐੱਸ ਦੇ ਵਰਕਰਾਂ ਨੂੰ ਅਸੀਂ ‘ਹਰ ਹਰ ਮੋਦੀ, ਘਰ ਘਰ ਮੋਦੀ’ ਕਹਿੰਦੇ ਵੀ ਸੁਣਿਆ ਹੈ, ‘ਨਮੋ-ਨਮੋ’ ਦਾ ਜਾਪ ਕਰਦੇ ਵੀ ਸੁਣਿਆ ਤੇ ਇਹ ਕਹਿੰਦੇ ਵੀ ਸੁਣਿਆ ਹੈ ਕਿ ‘ਦੇਸ਼ ਕਾ ਨੇਤਾ ਕੈਸਾ ਹੋ, ਨਰਿੰਦਰ ਮੋਦੀ ਜੈਸਾ ਹੋ’। ਕਿਸਾਨਾਂ ਦੇ ਸੰਘਰਸ਼ ਮੌਕੇ ਕਈ ਥਾਂਵਾਂ ਉੱਤੇ ਉਨ੍ਹਾਂ ਵਿੱਚੋਂ ਕੁਝ ਨੂੰ ਹੁੰਦੀ ‘ਗਿੱਦੜ-ਕੁੱਟ’ ਦੀਆਂ ਕਈ ਫੋਟੋ ਵੀ ਸਾਨੂੰ ਵੇਖਣੀਆਂ ਪਈਆਂ ਤਾਂ ਸਮਾਜੀ ਸੱਭਿਆਚਾਰ ਦੇ ਪੱਖ ਤੋਂ ਸਾਨੂੰ ਚੰਗੀਆਂ ਨਹੀਂ ਸੀ ਲੱਗੀਆਂ, ਪਰ ਪ੍ਰਧਾਨ ਮੰਤਰੀ ਨੂੰ ਉਹ ਫੋਟੋ ਵੇਖਣਾ ਕਿੱਦਾਂ ਦਾ ਲੱਗਾ ਹੋਵੇਗਾ, ਸਾਨੂੰ ਇਸ ਦਾ ਪਤਾ ਨਹੀਂ। ਹੁਸ਼ਿਆਰਪੁਰ ਵਿੱਚ ਭਾਜਪਾ ਲੀਡਰ ਦੀ ਕੋਠੀ ਦੇ ਵਿਹੜੇ ਵਿੱਚ ਗੋਹੇ ਦੀ ਟਰਾਲੀ ਲਾਹੀ ਜਾਣਾ ਸਾਨੂੰ ਚੰਗਾ ਨਹੀਂ ਸੀ ਲੱਗਾ ਅਤੇ ਅਸੀਂ ਇਸ ਦੀ ਨਿੰਦਾ ਕਰਨ ਤੋਂ ਨਹੀਂ ਸਾਂ ਝਿਜਕੇ। ਪੰਜਾਬ ਦੀ ਭਾਜਪਾ ਦੇ ਇੱਕ ਵਿਧਾਇਕ ਨੂੰ ਮਾਲਵੇ ਦੇ ਇੱਕ ਕਸਬੇ ਵਿੱਚ ਕਿਸਾਨਾਂ ਨੇ ਘੇਰ ਕੇ ਉਸ ਨਾਲ ਜਿਹੋ ਜਿਹਾ ਵਿਹਾਰ ਕੀਤਾ, ਸਾਨੂੰ ਉਹ ਵੀ ਚੰਗਾ ਨਹੀਂ ਲੱਗਾ ਤੇ ਅਸੀਂ ਇਸ ਦੀ ਨਿਖੇਧੀ ਕਿਸੇ ਵੀ ਹੋਰ ਤੋਂ ਪਹਿਲਾਂ ਕੀਤੀ ਸੀ। ਅਸੀਂ ਇਨ੍ਹਾਂ ਸਭ ਗੱਲਾਂ ਨੂੰ ਗਲਤ ਮੰਨਿਆ ਤੇ ਕੁਝ ਲੋਕਾਂ ਦੀ ਨਾਰਾਜ਼ਗੀ ਸਹੇੜ ਕੇ ਵੀ ਹੋਰਨਾਂ ਤੋਂ ਪਹਿਲਾਂ ਇਨ੍ਹਾਂ ਹਰਕਤਾਂ ਦੀ ਨਿਖੇਧੀ ਕੀਤੀ ਸੀ, ਪਰ ਅਸੀਂ ਪ੍ਰਧਾਨ ਮੰਤਰੀ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਭਾਜਪਾ ਦੇ ਕੁਝ ਲੋਕਾਂ ਨੇ ਸਾਡੇ ਕੋਲ ਮੰਨਿਆ ਹੈ ਕਿ ਉਨ੍ਹਾਂ ਨਾਲ ਹੋਈ ਇਸ ਜੱਗੋਂ-ਤੇਰ੍ਹਵੀਂ ਦੇ ਹਾਲਾਤ ਖੁਦ ਉਨ੍ਹਾਂ ਦੇ ਆਗੂ ਦੀ ਜ਼ਿਦ ਨੇ ਬਣਾਏ ਸਨ। ਜਿਹੜੇ ਲੋਕ ਸਾਡੇ ਕੋਲ ਇਹ ਮੰਨਦੇ ਹਨ ਕਿ ਪ੍ਰਧਾਨ ਮੰਤਰੀ ਦੀ ਜ਼ਿਦ ਕਾਰਨ ਉਨ੍ਹਾਂ ਨਾਲ ਇਹ ਕੁਝ ਹੁੰਦਾ ਰਿਹਾ, ਉਹ ਜਦੋਂ ਆਪੋ ਵਿੱਚ ਬੈਠਦੇ ਹੋਣਗੇ, ਕਿਸੇ ਵਿਆਹ-ਸ਼ਾਦੀ ਜਾਂ ਹੋਰ ਮੌਕੇ ਆਪਣਿਆਂ ਵਿੱਚ ਜਾਣ ਦਾ ਸਬੱਬ ਬਣ ਜਾਂਦਾ ਹੋਵੇਗਾ, ਇਹ ਗੱਲਾਂ ਓਥੇ ਵੀ ਚੱਲਣਗੀਆਂ ਕਿ ਜਿਹੜੀ ਸਾਡੇ ਨਾਲ ਅੱਜ ਤੱਕ ਨਹੀਂ ਸੀ ਹੋਈ, ਸਾਡੇ ਨੇਤਾ ਨੇ ਕਰਾ ਦਿੱਤੀ ਹੈ ਅਤੇ ਸਾਡਾ ਜਲੂਸ ਕਢਵਾਉਣ ਪਿੱਛੋਂ ਕਦਮ ਵਾਪਸ ਲੈਂਦਾ ਫਿਰਦਾ ਹੈ। ਬਾਪ-ਦਾਦੇ ਦੇ ਵਕਤਾਂ ਤੋਂ ਪ੍ਰਧਾਨ ਮੰਤਰੀ ਦੀ ਪਾਰਟੀ, ਸਗੋਂ ਇਸ ਪਾਰਟੀ ਦੀ ਮਾਂ-ਪਾਰਟੀ ਜਨ-ਸੰਘ ਨਾਲ ਜੁੜੇ ਆਏ ਇਨ੍ਹਾਂ ਲੋਕਾਂ ਦੇ ਮੂੰਹ ਤੋਂ ਫਿਰ ਭਾਵੇਂ ਹਾਸੇ ਵਿੱਚ ਹੀ ਨਿਕਲੇ, ਇਹ ਨਾਅਰਾ ਤਾਂ ਨਿਕਲਦਾ ਹੋਵੇਗਾ: ‘ਦੇਸ਼ ਕਾ ਨੇਤਾ ਕੈਸਾ ਹੋ ...!’ ਪ੍ਰਧਾਨ ਮੰਤਰੀ ਨੂੰ ਇਹ ਕਹਿਣਾ ਸੌਖਾ ਹੈ ਕਿ ਅਸੀਂ ਇਹ ਕਦਮ ਵਾਪਸ ਲੈ ਲਿਆ ਹੈ, ਪਰ ਜਿਹੜਾ ਨੁਕਸਾਨ ਕਿਸਾਨਾਂ ਦਾ, ਸਾਰੇ ਦੇਸ਼ ਦਾ ਤੇ ਪ੍ਰਧਾਨ ਮੰਤਰੀ ਦੀ ਪਾਰਟੀ ਦੇ ਆਪਣੇ ਇਨ੍ਹਾਂ ਲੋਕਾਂ ਦਾ ਹੋ ਗਿਆ ਹੈ, ਉਸ ਦੀ ਭਰਪਾਈ ਕੌਣ ਕਰੇਗਾ!
... ਤੇ ਗੱਲ ਪ੍ਰਧਾਨ ਮੰਤਰੀ ਜੀ ਏਥੇ ਨਹੀਂ ਮੁੱਕ ਜਾਣੀ। ਅੱਜ ਤੱਕ ਇਹ ਬੜਾ ਵਹਿਮ ਸੀ ਕਿ ਨਰਿੰਦਰ ਮੋਦੀ ਕਦੇ ਕਦਮ ਚੁੱਕ ਲਵੇ ਤਾਂ ਪੈਰ ਪਿੱਛੇ ਨਹੀਂ ਖਿੱਚਦਾ। ਜਦੋਂ ਉਸ ਨੂੰ ਇਸ ਵਾਰ ਕਦਮ ਪਿੱਛੇ ਖਿੱਚਣਾ ਪਿਆ ਹੈ, ਇਸ ਨਾਲ ਖੁਦ ਉਸ ਦਾ ਆਪਣਾ ਕੱਦ ਵੀ ਇਸ ਹੱਦ ਤੱਕ ਹੌਲਾ ਹੋ ਗਿਆ ਹੈ ਕਿ ਜਿਹੜੇ ਅੱਜ ਤੱਕ ਹਰ ਸੱਟ ਚੁੱਪ ਕਰ ਕੇ ਸਹਿੰਦੇ ਆਏ ਸਨ, ਉਹ ਲੋਕ ਵੀ ਕਹਿਣ ਲੱਗੇ ਹਨ ਕਿ ਇਸ ਪ੍ਰਧਾਨ ਮੰਤਰੀ ਨੂੰ ਝੁਕਾਇਆ ਜਾ ਸਕਦਾ ਹੈ। ਜੰਮੂ-ਕਸ਼ਮੀਰ ਵਾਲਿਆਂ ਨੇ ਧਾਰਾ ਤਿੰਨ ਸੌ ਸੱਤਰ ਤੋੜਨੀ ਜਰ ਲਈ ਸੀ, ਇਕੱਠਾ ਰਾਜ ਤੋੜਨਾ ਅਤੇ ਦੋ ਬਣਾ ਕੇ ਰਾਜ ਦਾ ਦਰਜਾ ਵੀ ਖਤਮ ਕਰਨਾ ਜਰ ਲਿਆ ਸੀ, ਕਿਉਂਕਿ ਇਸ ਪ੍ਰਧਾਨ ਮੰਤਰੀ ਨੂੰ ‘ਦੂਸਰਾ ਸਰਦਾਰ ਪਟੇਲ’ ਆਖਿਆ ਅਤੇ ਪ੍ਰਚਾਰਿਆ ਜਾਂਦਾ ਸੀ, ਪਰ ਕਿਸਾਨੀ ਨਾਲ ਮੱਥਾ ਲਾ ਕੇ ਇੱਕ ਸਾਲ ਗਰਕ ਕਰਨ ਦੇ ਨਤੀਜੇ ਨੇ ਉਹ ਪ੍ਰਭਾਵ ਵੀ ਨਹੀਂ ਛੱਡਿਆ। ਇਨ੍ਹਾਂ ਹਾਲਾਤ ਵਿੱਚ ਪ੍ਰਧਾਨ ਮੰਤਰੀ ਨੂੰ ਇਹੋ ਸਲਾਹ ਦਿੱਤੀ ਜਾ ਸਕਦੀ ਹੈ: ‘ਆਗੇ ਸਮਝ ਚਲੋ ਨੰਦ ਲਾਲਾ, ਜੋ ਬੀਤੀ ਸੋ ਬੀਤੀ।’
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3159)
(ਸਰੋਕਾਰ ਨਾਲ ਸੰਪਰਕ ਲਈ: