JatinderPannu7ਪੰਜਾਬ ਵਿੱਚ ਹਰ ਸਮੇਂ ਕਿਸੇ ਯੋਗ ਆਗੂ ਦੀ ਹੋਂਦ ਦਾ ਸੰਕਟ ਰਿਹਾ ਹੈ ਅਤੇ ਇਹ ਸੰਕਟ ਅੱਜ ਵੀ ਹੈ। ਇਸ ਵੇਲੇ ਸਰਕਾਰ ...
(5 ਦਸੰਬਰ 2023)
ਇਸ ਸਮੇਂ ਪਾਠਕ: 360.


ਕਹਿੰਦੇ ਹਨ ਕਿ ਹਰ ਨਵਾਂ ਦਿਨ ਕੁਝ ਨਵਾਂ ਲੈ ਕੇ ਆਉਂਦਾ ਹੈ
ਉਹ ਨਵਾਂ ਕੁਝ ਚੰਗਾ ਵੀ ਹੋ ਸਕਦਾ ਹੈ ਤੇ ਮਾੜਾ ਵੀ, ਕੋਈ ਪ੍ਰਾਪਤੀ ਵੀ ਅਤੇ ਕੋਈ ਅਸਫਲਤਾ ਵੀ, ਕੋਈ ਮਾਇਕ ਲਾਭ ਵੀ ਅਤੇ ਕੋਈ ਨਵੀਂ ਸੋਚ ਵੀ ਜਾਂ ਇਸਦੇ ਐਨ ਉਲਟ ਕਿਸੇ ਪਿਛਲੀ ਸੋਚ ਦੀ ਧਾਰਨਾ ਦਾ ਖੰਡਨ ਵੀਬੀਤੇ ਹਫਤੇ ਦੇ ਕੁਝ ਦਿਨ ਸਾਡੇ ਲਈ ਇਹੋ ਜਿਹੇ ਸਨਸਰਕਾਰੀ ਨੌਕਰੀ ਤੋਂ ਕੋਈ ਦਾਗ ਲਵਾਏ ਬਿਨਾਂ ਸੇਵਾ-ਮੁਕਤ ਹੋਏ ਕੁਝ ਸੱਜਣ ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਮਿਲੇਉਨ੍ਹਾਂ ਨਾਲ ਪੰਜਾਬ ਦੇ ਮੌਜੂਦਾ ਹਾਲਾਤ ਦੀ ਗੱਲ ਚੱਲੀਇੱਦਾਂ ਦੇ ਵਕਤ ਬੀਤੇ ਸਮੇਂ ਦੀ ਗੱਲ ਚੱਲਣੀ ਵੀ ਸੁਭਾਵਕ ਸੀਬਚਪਨ ਤੋਂ ਇਹ ਗੱਲ ਅਸੀਂ ਲੋਕ ਆਪਣੇ ਤੋਂ ਵੱਡਿਆਂ ਕੋਲੋਂ ਸੁਣਦੇ ਆਏ ਹਾਂ ਕਿ ਉਨ੍ਹਾਂ ਦਾ ਸਮਾਂ ਚੰਗਾ ਸੀ, ਪਿੱਛੋਂ ਹਾਲਾਤ ਵਿਗੜ ਗਏ ਸਨਸਾਡੀ ਪੀੜ੍ਹੀ ਦੇ ਲੋਕ ਵੀ ਇਹੋ ਗੱਲ ਕਹਿੰਦੇ ਆਮ ਸੁਣੇ ਜਾਂਦੇ ਹਨਇਸ ਨੂੰ ਘੋਖਵੀਂ ਨਜ਼ਰ ਦੇ ਨਾਲ ਵੇਖਿਆ ਜਾਵੇ ਤਾਂ ਸਾਰੀ ਕਹਾਣੀ ਦਾ ਨਿਚੋੜ ਇਹ ਨਿਕਲਦਾ ਹੈ ਕਿ ਸਾਡੇ ਵੱਡਿਆਂ ਵੇਲੇ ਵੀ ਅਤੇ ਜਵਾਨੀ ਤੋਂ ਅੱਜ ਤਕ ਦੇ ਸਾਡੇ ਸਫਰ ਵੇਲੇ ਵੀ ਪੰਜਾਬ ਅਤੇ ਦੇਸ਼ ਦੇ ਹਾਲਾਤ ਲਗਾਤਾਰ ਵਿਗੜਦੇ ਗਏ ਹਨ। ਕਦੀ ਕੋਈ ਸੁਖਾਵੇਂ ਪਾਸੇ ਦਾ ਮੋੜ ਆਉਂਦਾ ਜਾਂਦਾ ਦਿਸਿਆ ਹੀ ਨਹੀਂ, ਜਾਂ ਅਸਲੋਂ ਨਿਗੂਣਾ ਸਾਬਤ ਹੋਇਆ ਹੈਉਨ੍ਹਾਂ ਸੇਵਾ-ਮੁਕਤ ਸੱਜਣਾਂ ਨੇ ਇਹੋ ਗੱਲ ਜ਼ੋਰ ਨਾਲ ਕਹੀ ਕਿ ਜਦੋਂ ਉਹ ਸੇਵਾ ਲਈ ਚੁਣੇ ਗਏ ਸਨ, ਉਦੋਂ ਅਸੂਲਾਂ ਦੀ ਪਾਲਣਾ ਨੂੰ ਪਹਿਲ ਦੇਣ ਦੀ ਹਦਾਇਤ ਕੀਤੀ ਜਾਂਦੀ ਸੀ ਤੇ ਇਸੇ ਪਹਿਲ ਤੋਂ ਕਿਸੇ ਦੇ ਚੰਗੇ ਜਾਂ ਮਾੜੇ ਹੋਣ ਦੀ ਪਰਖ ਕੀਤੀ ਜਾਂਦੀ ਸੀ। ਅੱਜਕੱਲ੍ਹ ਇਹ ਕੋਈ ਖੂਬੀ ਨਹੀਂ ਰਹੀ, ਸਗੋਂ ਇੱਦਾਂ ਦੇ ਬੰਦੇ ਨੂੰ ਦਾਲ ਵਿੱਚ ਕੋਕੜੂ ਸਮਝਿਆ ਜਾਂਦਾ ਹੈਅਸੀਂ ਇਹ ਗੱਲ ਪੁੱਛੀ ਕਿ ਜਦੋਂ ਉਹ ਸੇਵਾ ਵਿੱਚ ਨਵੇਂ ਆਏ ਸਨ ਤਾਂ ਆਹ ਜਿਹੜੀ ਗੱਲ ਉਨ੍ਹਾਂ ਨੇ ਅੱਜ ਕਹੀ ਹੈ, ਇੱਦਾਂ ਦੀ ਗੱਲ ਉਨ੍ਹਾਂ ਤੋਂ ਕੁਝ ਪਹਿਲੇ ਵੀ ਕਹਿੰਦੇ ਹੋਣਗੇ ਤਾਂ ਇੱਕ ਜਣੇ ਨੇ ਹੱਸ ਕੇ ਕਿਹਾ, “ਹਾਂ, ਉਹ ਵੀ ਕਹਿੰਦੇ ਹੁੰਦੇ ਸਨ ਅਤੇ ਉਹ ਠੀਕ ਕਹਿੰਦੇ ਸਨਕਹਿਣ ਤੋਂ ਭਾਵ ਇਹ ਕਿ ਹਰ ਨਵੀਂ ਪੀੜ੍ਹੀ ਨਾਲ ਪੰਜਾਬ ਦੇ ਹਾਲਾਤ ਵਿੱਚ ਵਿਗਾੜ ਹੀ ਆਉਂਦਾ ਨੋਟ ਕੀਤਾ ਜਾਂਦਾ ਰਿਹਾ ਹੈ

ਆਖਰ ਇਸ ਤਰ੍ਹਾਂ ਹੁੰਦਾ ਕਿਉਂ ਰਿਹਾ ਹੈ! ਸਾਡੀ ਜਾਚੇ ਵਿਗਾੜ ਦੇ ਇਸ ਰੁਝਾਨ ਦਾ ਅਸਲ ਕਾਰਨ ਇਹ ਸੀ ਅਤੇ ਅੱਜ ਵੀ ਇਹੋ ਮੰਨਿਆ ਜਾਂਦਾ ਹੈ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਕਦੀ ਚੱਜ ਦੀ ਲੀਡਰਸ਼ਿੱਪ ਨਹੀਂ ਮਿਲੀ, ਕਦੀ ਚੱਜ ਦੇ ਆਗੂ ਨਹੀਂ ਮਿਲੇ, ਜਿਹੜੇ ਆਪਣੇ ਨਿੱਜ ਅਤੇ ਕੋੜਮੇ ਤੋਂ ਅੱਗੇ ਕੁਝ ਸੋਚਣ ਦੀ ਲੋੜ ਸਮਝਦੇ ਹੋਣਅਸੀਂ ਪੰਜਾਬ ਨੂੰ ਜਿਸ ਮੋੜ ਉੱਤੇ ਖੜ੍ਹਾ ਅੱਜ ਵੇਖ ਰਹੇ ਹਾਂ, ਉੱਥੇ ਇਸ ਨੂੰ ਉਸ ਲੀਡਰਸ਼ਿੱਪ ਦੀ ਲੋੜ ਹੈ, ਜਿਹੜੀ ਆਪਣੇ ਹਿਤਾਂ ਤੋਂ ਇਸ ਰਾਜ ਦੇ ਅਤੇ ਰਾਜ ਦੇ ਲੋਕਾਂ ਦੇ ਹਿਤਾਂ ਨੂੰ ਪਹਿਲ ਦੇਵੇਉਹ ਲੀਡਰਸ਼ਿੱਪ ਇੱਦਾਂ ਦੀ ਚਾਹੀਦੀ ਹੈ, ਜਿਹੜੀ ਚੰਗੀ ਗੱਲ ਆਪਣੇ ਵਿਰੋਧੀ ਦੇ ਮੂੰਹੋਂ ਵੀ ਨਿਕਲਦੀ ਹੋਵੇ ਤਾਂ ਉਸ ਨੂੰ ਚੰਗੀ ਕਹਿ ਸਕਦੀ ਹੋਵੇਬਦਕਿਸਮਤੀ ਨਾਲ ਸਾਡੇ ਲੀਡਰਾਂ ਵਿੱਚ ਇਹ ਚਿੰਤਾ ਭਾਰੂ ਰਹਿੰਦੀ ਹੈ ਕਿ ਜੇ ਮੈਂ ਆਪਣੇ ਵਿਰੋਧੀ ਦੀ ਇੱਕ ਵੀ ਗੱਲ ਨੂੰ ਠੀਕ ਆਖ ਦੇਵਾਂਗਾ ਤਾਂ ਉਹ ਬੇਸ਼ਕ ਕਿੰਨਾ ਵੀ ਠੀਕ ਕਹਿੰਦਾ ਤੇ ਕਰਦਾ ਪਿਆ ਹੋਵੇ, ਇਸ ਨਾਲ ਇੱਕ ਨੇਤਾ ਵਜੋਂ ਮੇਰੀ ਅਹਿਮੀਅਤ ਘਟ ਜਾਵੇਗੀ ਤੇ ਉਸ ਦਾ ਅਕਸ ਚਮਕਣ ਦੀ ਸੰਭਾਵਨਾ ਵਧ ਜਾਵੇਗੀਇਸ ਕਰ ਕੇ ਕਿਸੇ ਵੀ ਆਗੂ ਦੇ ਬਿਆਨ ਵਿੱਚੋਂ ਕੰਮ ਦੀ ਕੋਈ ਗੱਲ ਲੱਭਣ ਦੀ ਥਾਂ ਸਿਰਫ ਨੁਕਸ ਲੱਭਣ ਵਾਸਤੇ ਜ਼ੋਰ ਲਾਇਆ ਜਾਂਦਾ ਹੈ ਜਾਂ ਆਪਣੀ ਸੂਝ ਕਿਰਾਏ ਉੱਤੇ ਦੇ ਸਕਣ ਵਾਲੇ ਸਿਆਣੇ ਲੱਭ ਕੇ ਇਸ ਕੰਮ ਲਾਏ ਜਾਂਦੇ ਹਨਅਜੋਕੇ ਪੰਜਾਬ ਦੀਆਂ ਬਹੁਤ ਸਾਰੀਆਂ ਉਲਝਣਾਂ ਅਤੇ ਔਕੜਾਂ ਇਸ ਕਰਕੇ ਪੈਦਾ ਹੋਈਆਂ ਅਤੇ ਵਧਦੀਆਂ ਗਈਆਂ ਹਨ ਕਿ ਨਿੱਜੀ ਚੌਧਰ ਦੀ ਭਾਵਨਾ ਨੇ ਚੰਗੀ ਗੱਲ ਨੂੰ ਵੀ ਚੰਗੀ ਨਹੀਂ ਸੀ ਕਹਿਣ ਦਿੱਤਾ

ਬਹੁਤ ਪਿੱਛੇ ਜਾਈਏ ਤਾਂ ਇੱਕ ਮੌਕੇ ਪੰਜਾਬ ਵਿੱਚ ਰਾਜ ਦੀ ਕਮਾਨ ਕਰ ਰਹੇ ਪ੍ਰਤਾਪ ਸਿੰਘ ਕੈਰੋਂ ਨੂੰ ਜਦੋਂ ਸੁਣਨ ਨੂੰ ਮਿਲਿਆ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ ਸਿੱਖ ਆਗੂਆਂ ਵਿੱਚੋਂ ਫਲਾਣੇ ਨਾਲ ਗੱਲ ਛੇੜੀ ਅਤੇ ਉਸ ਨੂੰ ਅੱਗੇ ਲਾ ਕੇ ਪੰਜਾਬ ਵਿੱਚ ਸਾਂਝੀ ਸਰਕਾਰ ਬਣਾਉਣ ਦੀ ਸੋਚੀ ਹੈ ਤਾਂ ਉਸ ਨੇ ਪਹਿਲੀ ਚਾਬੀ ਘੁਮਾਈ ਸੀਅਕਾਲੀਆਂ ਦਾ ਦਿਮਾਗ ਗਿਣੇ ਜਾਂਦੇ ਇੱਕ ਆਗੂ ਨਾਲ ਗੱਲ ਕਰ ਕੇ ਦੋ ਵੱਡੇ ਅਕਾਲੀ ਲੀਡਰਾਂ ਵਿੱਚੋਂ ਇੱਕ ਦੇ ਖਿਲਾਫ ਦੂਸਰੇ ਨੂੰ ਉਭਾਰਿਆ ਤੇ ਉਸ ਦਾ ਮਰਨ-ਵਰਤ ਰਖਵਾਉਣ ਦੀ ਖੇਡ ਸ਼ੁਰੂ ਕਰ ਦਿੱਤੀਨਤੀਜੇ ਵਜੋਂ ਅਕਾਲੀ ਦਲ ਦਾ ਨੁਕਸਾਨ ਕਰਦਾ ਹੋਇਆ ਉਹ ਕਾਂਗਰਸ ਅਤੇ ਪੰਜਾਬ ਦਾ ਨੁਕਸਾਨ ਵੀ ਕਰ ਕੇ ਦੁਨੀਆ ਤੋਂ ਗਿਆ ਸੀਜਦੋਂ ਪੰਜਾਬ ਵਿੱਚ ਪਹਿਲੀ ਗੈਰ-ਕਾਂਗਰਸੀ ਸਰਕਾਰ ਬਣੀ ਤਾਂ ਲਛਮਣ ਸਿੰਘ ਗਿੱਲ ਨੂੰ ਵਰਤ ਕੇ ਉਸ ਸਰਕਾਰ ਦਾ ਭੋਗ ਪਵਾਇਆ ਗਿਆ ਸੀ, ਪਰ ਫੇਰ ਗਿੱਲ ਦੀ ਹਿਮਾਇਤ ਵਾਪਸ ਲੈ ਕੇ ਆਪਣੇ ਲਈ ਰਾਹ ਕੱਢਣ ਦੇ ਉਹ ਦਾਅ ਸ਼ੁਰੂ ਕੀਤੇ ਗਏ, ਜਿਹੜੇ ਸਮਾਂ ਪਾ ਕੇ ਪੰਜਾਬ ਦੀ ਵੱਡੀ ਬਦਕਿਸਮਤੀ ਦਾ ਕਾਰਨ ਬਣੇ ਸਨ ਅਤੇ ਅੱਜ ਤਕ ਉਸ ਦੌਰ ਦੇ ਖਿਲਾਰੇ ਕੰਡੇ ਚੁਣਨੇ ਮੁਸ਼ਕਲ ਹਨ

ਉਸ ਦੇ ਬਾਅਦ ਐਮਰਜੈਂਸੀ ਦਾ ਐਲਾਨ ਹੁੰਦੇ ਸਾਰ ਇੰਦਰਾ ਗਾਂਧੀ ਨੇ ਜਦੋਂ ਇੱਕ ਅਕਾਲੀ ਆਗੂ ਨੂੰ ਐਮਰਜੈਂਸੀ ਦੀ ਹਿਮਾਇਤ ਲਈ ਰਾਜ਼ੀ ਕਰ ਲਿਆ ਤਾਂ ਸਹਿਮਤੀ ਉੱਤੇ ਪਾਣੀ ਫੇਰਨ ਦੇ ਲਈ ਇੰਦਰਾ ਗਾਂਧੀ ਦੇ ਇੱਕ ‘ਭਰੋਸੇਮੰਦ’ ਕਾਂਗਰਸੀ ਆਗੂ ਨੇ ਉਸ ਅਕਾਲੀ ਲੀਡਰ ਨਾਲ ਸ਼ਰੀਕ-ਸਾੜੇ ਵਾਲੇ ਦੂਜੇ ਆਗੂ ਨੂੰ ਸੁਨੇਹਾ ਭੇਜ ਕੇ ਇਸਦੇ ਵਿਰੁੱਧ ਇੱਕ-ਤਰਫਾ ਐਲਾਨ ਕਰਵਾ ਛੱਡਿਆ ਸੀਜਦੋਂ ਪੰਜਾਬ ਦੇ ਹਾਲਾਤ ਵੱਧ ਵਿਗੜੇ ਵੇਖ ਕੇ ਤਿੰਨ-ਧਿਰੀ ਗੱਲਬਾਤ ਵਿੱਚ ਸਮਝੌਤੇ ਦਾ ਰਾਹ ਲਗਭਗ ਕੱਢਿਆ ਜਾ ਚੁੱਕਾ ਸੀ ਤਾਂ ਦਿੱਲੀ ਤੋਂ ਅੰਮ੍ਰਿਤਸਰ ਕੀਤਾ ਇੱਕ ਫੋਨ ਨਾਲ ਦੇ ਕਮਰੇ ਵਿੱਚ ਹੁੰਦੀ ਅਕਾਲੀ ਬੈਠਕ ਛੱਡ ਕੇ ਜਿਹੜਾ ਆਗੂ ਸੁਣਨ ਲਈ ਸੱਦਿਆ ਗਿਆ, ਉਸ ਨੇ ਪੰਜ ਮਿੰਟਾਂ ਵਿੱਚ ਉਸ ਮੀਟਿੰਗ ਦਾ ਮਾਹੌਲ ਉਲਟਾ ਕਰ ਦਿੱਤਾ ਸੀਰਾਜੀਵ ਗਾਂਧੀ ਨਾਲ ਜਦੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਪੰਜਾਬ ਵਿੱਚ ਅਮਨ ਵਾਸਤੇ ਸਮਝੌਤਾ ਕੀਤਾ ਤਾਂ ਉਸ ਦੀ ਸਿਆਹੀ ਸੁੱਕਣ ਤੋਂ ਪਹਿਲਾਂ ਦਿੱਲੀ ਬੈਠੇ ਇੰਦਰਾ ਗਾਂਧੀ ਦੇ ਇੱਕ ‘ਭਰੋਸੇਮੰਦ’ ਨੇ ਦੋ ਦੂਸਰੇ ਲੀਡਰਾਂ ਨੂੰ ਉਕਸਾ ਕੇ ਸਮਝੌਤੇ ਦਾ ਵਿਰੋਧ ਕਰਵਾ ਦਿੱਤਾ ਸੀਇਨ੍ਹਾਂ ਸਾਰਿਆਂ ਨੇ ਇਹ ਕੰਮ ਆਪਣੇ ਦੇਸ਼, ਪੰਜਾਬ ਜਾਂ ਆਪਣੇ ਭਾਈਚਾਰੇ ਵਾਸਤੇ ਨਹੀਂ ਸੀ ਕੀਤਾ, ਸਗੋਂ ਇਸ ਲਈ ਕੀਤਾ ਸੀ ਕਿ ਇਸਦਾ ਲਾਭ ਫਲਾਣੇ ਨੂੰ ਮਿਲਿਆ ਤਾਂ ਅਸੀਂ ਰਾਜ-ਮਹਿਲ ਤਕ ਪਹੁੰਚਣ ਦੀ ਦੌੜ ਵਿੱਚ ਪਿੱਛੇ ਰਹਿ ਜਾਵਾਂਗੇਉਹ ਦੌੜ ਕਦੀ ਵੀ ਰੁਕੀ ਨਹੀਂ, ਅੱਜ ਤਕ ਚੱਲ ਰਹੀ ਹੈ ਅਤੇ ਚੱਲਦੀ ਰਹੇਗੀ

ਪੰਜਾਬ ਵਿੱਚ ਹਰ ਸਮੇਂ ਕਿਸੇ ਯੋਗ ਆਗੂ ਦੀ ਹੋਂਦ ਦਾ ਸੰਕਟ ਰਿਹਾ ਹੈ ਅਤੇ ਇਹ ਸੰਕਟ ਅੱਜ ਵੀ ਹੈਇਸ ਵੇਲੇ ਸਰਕਾਰ ਚਲਾ ਰਹੇ ਜਾਂ ਸਰਕਾਰ ਦਾ ਵਿਰੋਧ ਕਰਦੇ ਬਾ-ਕਾਇਦਾ ਅਤੇ ਬੇ-ਕਾਇਦਾ ਲੀਡਰਾਂ ਵਿੱਚ ਪੰਜਾਬ ਦੇ ਮੁੱਦਿਆਂ ਵਾਸਤੇ ਕੋਈ ਸਾਂਝੀ ਸੁਰ ਨਹੀਂ ਲੱਭਦੀ, ਸਗੋਂ ਜੇ ਕਦੀ ਉਹ ਥੋੜ੍ਹੀ ਜਿਹੀ ਇੱਕ ਦੂਸਰੇ ਦੀ ਸਿਫਤ ਕਰ ਬਹਿਣ ਤਾਂ ਦੂਸਰੇ ਦਿਨ ਇਸਦੀ ਚਰਚਾ ਹੁੰਦੇ ਸਾਰ ਆਪਣੇ ਉੱਤੇ ਵਿਰੋਧੀਆਂ ਨਾਲ ਮਿਲਿਆ ਹੋਣ ਦਾ ਦੋਸ਼ ਲੱਗਣ ਤੋਂ ਡਰਦੇ ਹਨਪਿਛਲੇ ਹਫਤੇ ਜਦੋਂ ਪੰਜਾਬ ਅਸੈਂਬਲੀ ਦਾ ਦੋ ਦਿਨਾਂ ਸੈਸ਼ਨ ਹੋਇਆ ਤਾਂ ਪਹਿਲੇ ਦਿਨ ਆਪੋਜ਼ੀਸ਼ਨ ਲੀਡਰ ਪ੍ਰਤਾਪ ਸਿੰਘ ਬਾਜਵਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ-ਦੂਸਰੇ ਦੇ ਕੋਟ ਜਾਂ ਸ਼ਾਲ ਦੀ ਸਿਫਤ ਕਰ ਦਿੱਤੀ, ਅਗਲੇ ਦਿਨ ਮੀਡੀਏ ਵਿੱਚ ਆਈ ਖਬਰ ਨੇ ਇੰਨਾ ਪ੍ਰਭਾਵ ਪਾਇਆ ਕਿ ਉਹ ਫਿਰ ਭਿੜਨ ਦੇ ਰਾਹ ਪੈ ਗਏਸਰਕਾਰੀ ਸੇਵਾ ਤੋਂ ਦਾਗ ਲਵਾਏ ਬਗੈਰ ਸੇਵਾ-ਮੁਕਤ ਹੋਏ ਉਨ੍ਹਾਂ ਸੱਜਣਾਂ ਦਾ ਇਹ ਪ੍ਰਭਾਵ ਸੀ ਕਿ ਜੇ ਇੰਨੀ ਕੁ ਖਬਰ ਨਾਲ ਪੰਜਾਬ ਦੇ ਲੀਡਰ ਆਪਸ ਵਿੱਚ ਅੱਖ ਮਿਲਾਉਣ ਤੋਂ ਭੱਜ ਖੜੋਂਦੇ ਹਨ ਤਾਂ ਉਹ ਹੋਰ ਜੋ ਮਰਜ਼ੀ ਕਰਦੇ ਜਾਣ, ਪੰਜਾਬ ਦੇ ਹਿਤਾਂ ਲਈ ਮੁੱਦਿਆਂ ਮੁਤਾਬਕ ਸਟੈਂਡ ਕਦੇ ਨਹੀਂ ਲੈ ਸਕਦੇਉਨ੍ਹਾਂ ਵਿੱਚੋਂ ਇੱਕ ਜਣਾ, ਜਿਹੜਾ ਰਾਜੀਵ-ਲੌਂਗੋਵਾਲ ਸਮਝੌਤਾ ਹੋਣ ਵੇਲੇ ਪੰਜਾਬ ਦੀ ਸਿਖਰਲੀ ਅਫਸਰਸ਼ਾਹੀ ਵਿੱਚ ਤਾਂ ਨਹੀਂ ਸੀ, ਪਰ ਸਿਖਰਲੀ ਅਫਸਰਸ਼ਾਹੀ ਦੇ ਪ੍ਰਮੁੱਖ ਸਹਾਇਕ ਵਜੋਂ ਸਾਰੇ ਹਾਲਾਤ ਨਾਲ ਜੁੜਿਆ ਰਿਹਾ ਸੀ, ਸਾਫ ਕਹਿੰਦਾ ਸੀ ਕਿ ਸਮਝੌਤਾ ਚੰਗਾ ਸੀ ਜਾਂ ਮੰਦਾ, ਜੇ ਉਦੋਂ ਪੰਜਾਬ ਦੇ ਲੀਡਰਾਂ ਨੇ ਨਿੱਜ ਦੀ ਥਾਂ ਲੋਕ-ਹਿਤ ਨੂੰ ਪਹਿਲ ਦਿੱਤੀ ਹੁੰਦੀ ਤਾਂ ਸਾਡੇ ਲੋਕਾਂ ਨੂੰ ਲੰਮਾ ਸੰਤਾਪ ਨਹੀਂ ਸੀ ਭੁਗਤਣਾ ਪੈਣਾਸਮਝੌਤੇ ਵਿੱਚ ਨੁਕਸਾਂ ਬਾਰੇ ਵੀ ਉਹ ਸਾਫ ਕਹਿੰਦਾ ਸੀ ਕਿ ਉਹ ਦੂਰ ਕਰਵਾਏ ਜਾ ਸਕਦੇ ਸਨ, ਪਰ ਪੰਜਾਬ ਦੀ ਲੀਡਰਸ਼ਿੱਪ ਚੰਗੀ ਨਹੀਂ ਨਿਕਲੀ

ਲੀਡਰਸ਼ਿੱਪ ਚੰਗੀ ਨਹੀਂ ਨਿਕਲੀ ਜਾਂ ਸਿਆਣੀ ਨਹੀਂ ਨਿਕਲੀ (ਕਿਉਂਕਿ ਚੰਗਾ ਅਤੇ ਸਿਆਣਾ ਹੋਣ ਦਾ ਫਰਕ ਵੀ ਬਹੁਤ ਵੱਡਾ ਹੁੰਦਾ ਹੈ) ਜਾਂ ਸਾਫ ਹੈ ਕਿ ਲੀਡਰਸ਼ਿੱਪ ਸਿਆਣੀ ਵੀ ਸੀ, ਪਰ ਦਿਲੋਂ ਇਮਾਨਦਾਰ ਨਹੀਂ ਸੀ, ਏਦੂੰ ਵੀ ਸਾਫ ਕਹਿਣਾ ਹੋਵੇ ਤਾਂ ਲੀਡਰਸ਼ਿੱਪ ਬੇਈਮਾਨ ਸੀ ਕੁਝ ਵੀ ਕਿਹਾ ਜਾ ਸਕਦਾ ਹੈਜੇ ਲੀਡਰਸ਼ਿੱਪ ਸਿਆਣੀ ਹੁੰਦੀ ਜਾਂ ਬੇਸ਼ਕ ਨਾ ਵੀ ਸਿਆਣੀ ਹੁੰਦੀ, ਪਰ ਇਮਾਨਦਾਰ ਹੀ ਹੁੰਦੀ ਤਾਂ ਕਈ ਮੁੱਦੇ ਹੱਲ ਹੋ ਜਾਂਦੇਜਦੋਂ ਬਾਕੀ ਸਾਰੇ ਰਾਜ ਭਾਸ਼ਾ ਦੀ ਨੀਂਹ ਉੱਤੇ ਆਧਾਰਤ ਮੰਨ ਲਏ ਗਏ ਸਨ ਤਾਂ ਇਹ ਲੀਡਰਸ਼ਿੱਪ ਇਕੱਠੇ ਹੋ ਕੇ ਕਈ ਕੁਝ ਕਰਵਾ ਸਕਦੀ ਸੀ, ਪਰ ਮੁਸ਼ਕਲ ਇਹ ਸੀ ਕਿ ਫਿਰ ਸਿਆਣੀ ਗੱਲ ਕਹਿਣ ਵਾਲੇ ਆਗੂ ਦੀ ਅਗਵਾਈ ਮੰਨਣੀ ਪੈਣੀ ਸੀਕਿਸੇ ਦੀ ਅਗਵਾਈ ਮੰਨ ਲੈਣ ਦਾ ਭਾਵ ਹਰ ਆਗੂ ਲਈ ਆਪਣੀ ਸਿਆਸੀ ‘ਦੁਕਾਨਦਾਰੀ’ ਸਮੇਟੇ ਜਾਣ ਦਾ ਡਰ ਪੈਦਾ ਕਰਦਾ ਹੈ, ਇਸ ਲਈ ਉਹ ਹੋਰ ਜੋ ਮਰਜ਼ੀ ਕਰੀ ਜਾਣ, ਦੂਸਰੇ ਦੀ ਕਹੀ ਗੱਲ ਭਾਵੇਂ ਕਿੰਨੀ ਵੀ ਠੀਕ ਹੋਵੇ, ਉਸ ਦੀ ਹਾਮੀ ਭਰਨ ਦੀ ਗਲਤੀ ਕਦੀ ਵੀ ਨਹੀਂ ਕਰਦੇਨਾਲ ਇਹ ਗੱਲ ਅੱਖੋਂ ਪਰੋਖੇ ਕਰਨ ਵਾਲੀ ਨਹੀਂ ਕਿ ਜਦੋਂ ਹਾਮੀ ਦੀ ਬਜਾਏ ਵਿਰੋਧ ਕਰ ਕੇ ਆਪਣੇ ਜਾਂ ਆਪਣੇ ਬਾਲ-ਬੱਚਿਆਂ ਲਈ ਮੌਕੇ ਪੈਦਾ ਕੀਤੇ ਜਾ ਸਕਦੇ ਹੋਣ ਤਾਂ ਇਨ੍ਹਾਂ ਆਗੂਆਂ ਲਈ ਪਹਿਲ ਦਾ ਮੁੱਦਾ ਲੋਕ-ਹਿਤ ਕਦੇ ਨਹੀਂ ਹੋ ਸਕਦੇ, ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਹੁੰਦਾ ਹੈਇਸ ਵਕਤ ਜਿਸ ਮੋੜ ਉੱਤੇ ਸਾਡੇ ਪੰਜਾਬ ਦੇ ਲੋਕ ਖੜ੍ਹੇ ਦਿਸਦੇ ਹਨ, ਇੱਥੇ ਇੱਕ ਵਾਰ ਫਿਰ ਇਮਾਨਦਾਰ ਲੀਡਰਸ਼ਿੱਪ ਦੀ ਲੋੜ ਹੈ, ਜਿਹੜੀ ਕਿਤੇ ਨਹੀਂ ਰੜਕਦੀ

ਉੱਤਰ ਪ੍ਰਦੇਸ਼ ਦੇ ਸ਼ਹਿਰ ਕਾਨਪੁਰ ਵਿੱਚ ਮਿਠਾਈ ਦੀ ਇੱਕ ਦੁਕਾਨ ਦਾ ਨਾਂਅ ‘ਠੱਗੂ ਕੇ ਲੱਡੂ’ ਹੈ, ਜਿਸਦੇ ਨਾਲ ਦੁਕਾਨਦਾਰ ਨੇ ਈਮਾਨਦਾਰੀ ਅਤੇ ਸ਼ੁੱਧਤਾ ਦਾ ਨਾਅਰਾ ਨਹੀਂ ਲਿਖਿਆਉੱਥੇ ਜਾਣ ਵਾਲਾ ਹਰ ਕੋਈ ਇਹ ਪੜ੍ਹ ਕੇ ਹੈਰਾਨ ਹੁੰਦਾ ਹੈ ਕਿ ‘ਏਸਾ ਕੋਈ ਸਗਾ ਨਹੀਂ, ਜਿਸ ਕੋ ਹਮ ਨੇ ਠਗਾ ਨਹੀਂ’ ਆਪਣੇ ਆਪ ਨੂੰ ‘ਠੱਗੂ’ ਕਹਿਣ ਅਤੇ ਇਹ ਐਲਾਨ ਕਰਨ ਵਾਲਾ ਕਿ ਅਸੀਂ ਆਪਣੇ ਸਕੇ-ਸੋਧਰਿਆਂ ਨੂੰ ਵੀ ਠੱਗਣ ਤੋਂ ਲਿਹਾਜ਼ ਨਹੀਂ ਕੀਤਾ, ਪੰਜਾਬ ਵਾਲੇ ਸਾਡੇ ਲੀਡਰਾਂ ਤੋਂ ਇਮਾਨਦਾਰ ਹੈ, ਕਿਉਂਕਿ ਉਹ ਆਪਣੇ ‘ਠੱਗੂ’ ਹੋਣ ਦੇ ਕਿਰਦਾਰ ਨੂੰ ਛੁਪਾਉਂਦਾ ਨਹੀਂ। ਸਾਡੇ ਪੰਜਾਬ ਦੇ ਉਹ ਆਗੂ ਵੀ ਇਮਾਨ ਦੇ ਪੁਤਲੇ ਬਣੇ ਫਿਰਦੇ ਹਨ, ਜਿਨ੍ਹਾਂ ਨੇ ਕਿਸੇ ਆਪਣੇ-ਪਰਾਏ ਨੂੰ ਬਖਸ਼ਿਆ ਨਹੀਂਪੰਜਾਬ ਦੀ ਤ੍ਰਾਸਦੀ ਇਹੋ ਹੈ ਕਿ ਇਸਦੇ ਲੋਕਾਂ ਨੂੰ ਲੁੱਟ ਕੇ ਖਾ ਜਾਣ ਵਾਲੇ ਵੀ ਆਪਣੇ ਆਪ ਨੂੰ ਲੋਕ-ਹਿਤਾਂ ਨੂੰ ਪ੍ਰਣਾਇਆ ਬਣਾ ਕੇ ਇੱਦਾਂ ਵਿਚਰਦੇ ਹਨ ਕਿ ਵੇਖਣ-ਜਾਨਣ ਵਾਲੇ ਲੋਕਾਂ ਨੂੰ ਆਪਣੀ ਨਜ਼ਰ ਅਤੇ ਅਕਲ ਉੱਤੇ ਸ਼ੱਕ ਜਿਹਾ ਹੋਣ ਲਗਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4523)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author