JatinderPannu7ਜਦੋਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਲੋਕ ਅਗਲੀ ਚੋਣ ਲਈ ਤਿਆਰ ਹੋ ਰਹੇ ਹਨਦੁਨੀਆ ਦੀ ...
(9 ਜਨਵਰੀ 2024)
ਇਸ ਸਮੇਂ ਪਾਠਕ: 245.


ਇੱਕ ਹੋਰ ਨਵਾਂ ਸਾਲ ਇਸ ਸੰਸਾਰ ਦੇ ਲੋਕਾਂ ਲਈ ਚੜ੍ਹ ਚੁੱਕਾ ਹੈ
ਰਿਵਾਇਤੀ ਕਹੇ ਜਾਂਦੇ ਜੋਸ਼ ਨਾਲ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਫਿਰ ਇਸਦਾ ਸਵਾਗਤ ਕੀਤਾ ਗਿਆ ਹੈਮੇਰੇ ਵਾਂਗ ਬਹੁਤ ਸਾਰੇ ਲੋਕਾਂ ਲਈ ਨਵੇਂ ਸਾਲ ਦਾ ਪਹਿਲੜਾ ਅੱਧਾ ਦਿਨ ਖੁਸ਼ੀਆਂ ਦੇ ਸੁਨੇਹਿਆਂ ਦਾ ਜਵਾਬ ਦੇਣ ’ਤੇ ਆਏ ਹੋਏ ਸੁਨੇਹਿਆਂ ਤੋਂ ਆਪਣੇ ਫੋਨ ਸੈੱਟ ਵਿਹਲੇ ਕਰਨ ਲਈ ਡਿਲੀਟ ਕਰਨ ਵਿੱਚ ਬੀਤਿਆ ਹੋਵੇਗਾਖੁਦ ਮੈਂ ਇਹ ਸੁਨੇਹਾ ਬਹੁਤ ਘੱਟ ਕਿਸੇ ਨੂੰ ਭੇਜਦਾ ਹਾਂਨਵਾਂ ਸਾਲ ਚੜ੍ਹਦਾ ਵੇਖ ਕੇ ਮੈਨੂੰ ਕਦੇ ਕੁਝ ਨਵਾਂ ਮਹਿਸੂਸ ਨਹੀਂ ਹੁੰਦਾ, ਸਿਰਫ ਕੈਲੰਡਰ ਦਾ ਸਾਲਾਂ ਦਾ ਇੱਕ ਸਫਾ ਬਦਲਦਾ ਦਿਸਦਾ ਹੈ, ਹੋਰ ਤਾਂ ਕੁਝ ਬਦਲਦਾ ਨਹੀਂਪੰਜਾਬ ਵਿੱਚ ਜਿਹੋ ਜਿਹੀ ਠੰਢ ਇੱਕ ਦਿਨ ਪਹਿਲਾਂ ਪੈਂਦੀ ਸੀ, ਲਗਭਗ ਉਹੋ ਜਿਹੀ ਨਵੇਂ ਸਾਲ ਦੇ ਪਹਿਲੇ ਦਿਨ ਪੈ ਗਈ ਸੀਜਿੱਦਾਂ ਸ਼ਹਿਰਾਂ ਦੇ ਚੌਕਾਂ ਵਿੱਚ ਆਵਾਜ਼ ਪੈਣ ਦੀ ਉਡੀਕ ਵਿੱਚ ਦਿਹਾੜੀਦਾਰ ਮਜ਼ਦੂਰ ਭੁੱਖਣਭਾਣੇ ਖੜ੍ਹੇ ਦਿਸਦੇ ਸਨ, ਉਹ ਵੀ ਉਸੇ ਤਰ੍ਹਾਂ ਖੜ੍ਹੇ ਮਿਲੇ ਤੇ ਜਿਸ ਤਰ੍ਹਾਂ ਹਰ ਪਾਸੇ ਕੂੜੇ ਦੇ ਢੇਰ ਇੱਕ ਦਿਨ ਪਹਿਲਾਂ ਲੱਗੇ ਦਿਸਦੇ ਸਨ, ਨਵੇਂ ਸਾਲ ਮੌਕੇ ਫਿਰ ਵੇਖਣ ਨੂੰ ਮਿਲ ਗਏਫਰਕ ਤਾਂ ਕੋਈ ਪਿਆ ਹੀ ਨਹੀਂ

ਰਾਜੀਵ ਗਾਂਧੀ ਜਦੋਂ ਪ੍ਰਧਾਨ ਮੰਤਰੀ ਬਣ ਗਿਆ ਤਾਂ ਉਸ ਨੇ ਹਰ ਰੋਜ਼ ਇਹ ਰਾਗ ਅਲਾਪਣਾ ਆਰੰਭ ਕਰ ਦਿੱਤਾ ਕਿ ਅਸੀਂ ਇੱਕੀਵੀਂ ਸਦੀ ਵਿੱਚ ਜਾਣ ਨੂੰ ਤਿਆਰ ਹੋ ਜਾਈਏਜਦੋਂ ਉਹ ਜ਼ਿੰਦਾ ਨਹੀਂ ਰਿਹਾ ਤਾਂ ਉਸ ਦੇ ਪੱਕੇ ਭਗਤ ਅਤੇ ਵੇਖੋ-ਵੇਖੀ ਉਨ੍ਹਾਂ ਨਾਲ ਮੁਕਾਬਲੇ ਦੀ ਧਿਰ ਵਾਲੇ ਲੋਕ ਇਹੋ ਕੁਝ ਕਹਿਣ ਲੱਗ ਪਏ, ਸਗੋਂ ਨਵੀਂ ਗੱਲ ਇਹ ਜੁੜ ਗਈ ਸੀ ਕਿ ਅਸੀਂ ਨਵੇਂ ਮਿਲੇਨੀਅਮ ਦੇ ਸਵਾਗਤ ਦੀ ਵੀ ਤਿਆਰੀ ਸ਼ੁਰੂ ਕਰਨੀ ਹੈਨਵਾਂ ਮਿਲੇਨੀਅਮ, ਭਾਵ ਦੋ ਹਜ਼ਾਰ ਸਾਲ ਪੂਰੇ ਹੋਣ ਪਿੱਛੋਂ ਤੀਸਰੇ ਹਜ਼ਾਰ ਦੀ ਸ਼ੁਰੂਆਤ ਦੇ ਸਾਲ ਅਤੇ ਇੱਕੀਵੀਂ ਸਦੀ ਦੇ ਸਵਾਗਤ ਦੀ ਤਿਆਰੀ ਲਈ ਰੌਲਾ ਪਈ ਜਾਂਦਾ ਸੀ

ਉਨ੍ਹੀਂ ਦਿਨੀਂ ਇੱਕ ਵਾਰ ਖਿਝ ਕੇ ਮੈਂ ਲਿਖਿਆ ਸੀ ਕਿ ਜੇ ਅਸੀਂ ਇੱਦਾਂ ਦੀ ਉਚੇਚੀ ਤਿਆਰੀ ਨਾ ਕਰਾਂਗੇ ਤਾਂ ਨਵਾਂ ਸਾਲ ਜਾਂ ਨਵੀਂ ਸਦੀ ਜਾਂ ਨਵਾਂ ਮਿਲੇਨੀਅਮ ਦੋ-ਚਾਰ ਸਾਲ ਲੇਟ ਨਹੀਂ ਹੋ ਜਾਣ ਲੱਗੇ ਤੇ ਜੇ ਇਹ ਨਵਾਂ ਸਾਲ ਨੇੜੇ ਵੇਖ ਕੇ ਅਸੀਂ ਜੁੱਤੀ ਹੱਥ ਵਿੱਚ ਫੜ ਕੇ ਸਰਪੱਟ ਦੌੜ ਪਏ ਤਾਂ ਨਵਾਂ ਮਿਲੇਨੀਅਮ ਦੋ ਸਾਲ ਪਹਿਲਾਂ ਨਹੀਂ ਆ ਜਾਣਾਇਸ ਧਰਤੀ ਦੀ ਤੋਰ ਨਹੀਂ ਬਦਲਣੀ ਅਤੇ ਚੰਦ-ਸੂਰਜ ਦੀ ਸਥਿਤੀ ਵਿੱਚ ਫਰਕ ਨਹੀਂ ਪੈਣਾ, ਸਿਰਫ ਸਾਡੇ ਸੰਸਾਰ ਵਿੱਚ ਜ਼ਿੰਦਗੀ ਦੇ ਨਿੱਜੀ, ਸਮਾਜੀ ਜਾਂ ਸਰਕਾਰੀ ਕਾਰ-ਵਿਹਾਰ ਦੇ ਲੇਖੇ-ਪੱਤੇ ਵਾਸਤੇ ਪਲਾਂ, ਦਿਨਾਂ, ਹਫਤਿਆਂ, ਮਹੀਨਿਆਂ ਅਤੇ ਸਾਲਾਂ ਦੀ ਗਿਣਤੀ ਲਈ ਬਣਾਏ ਕੈਲੰਡਰ ਦਾ ਪੰਨਾ ਪਲਟ ਜਾਣਾ ਹੈ ਇਸਦਾ ਮਹੱਤਵ ਪਤਾ ਨਹੀਂ, ਨਵੇਂ ਸਾਲ ਲਈ ਐਵੇਂ ਚਾਂਭਲ ਗਏਇਸ ਤੋਂ ਪਹਿਲਾਂ ਲੰਘਿਆ ਸਾਲ ਸੰਸਾਰ ਦੇ ਲੋਕਾਂ ਲਈ ਯੂਕਰੇਨ ਅਤੇ ਰੂਸ ਵਾਲੀ ਜੰਗ ਨਹੀਂ ਸੀ ਮੁਕਾ ਸਕਿਆ ਤੇ ਫਲਸਤੀਨ ਨਾਲ ਇਸਰਾਈਲ ਦੀ ਨਵੀਂ ਜੰਗ ਛੇੜ ਕੇ ਖਿਸਕ ਗਿਆ ਹੈਦੋਵਾਂ ਜੰਗਾਂ ਵਿੱਚ ਕਿੰਨੇ ਹਜ਼ਾਰ ਲੋਕ ਮਾਰੇ ਗਏ ਹਨ, ਅਗਲਾ ਸਾਲ ਕਿੰਨੇ ਹੋਰ ਲੋਕਾਂ ਦੀ ਜਾਨ ਦਾ ਖੌਅ ਬਣੇਗਾ, ਕਿਸੇ ਮਹਾਂਸ਼ਕਤੀ ਜਾਂ ਸੰਸਾਰ ਪੰਚਾਇਤ ਨੂੰ ਇਸ ਬਾਰੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਜਾਪਦੀਦੁਨੀਆ ਦੇ ਕਿੰਨੇ ਦੇਸ਼ਾਂ ਵਿੱਚ ਕਿੰਨੇ ਲੋਕ ਅਜੇ ਤਕ ਭੁੱਖ-ਮਰੀ ਦਾ ਸ਼ਿਕਾਰ ਹੋਈ ਜਾਂਦੇ ਹਨ ਅਤੇ ਉਨ੍ਹਾਂ ਦੀ ਭੁੱਖ ਮਿਟਾਉਣ ਲਈ ਸੰਸਾਰ ਪੱਧਰ ਦੀਆਂ ਸਮਾਜੀ ਸੰਸਥਾਵਾਂ ਦੋ ਡੰਗ ਰੋਟੀ ਦਾ ਜੁਗਾੜ ਕਰਨ ਵਿੱਚ ਸਫਲ ਕਿਉਂ ਨਹੀਂ ਹੋ ਰਹੀਆਂ, ਇਹ ਕੋਈ ਸੋਚਦਾ ਹੀ ਨਹੀਂਰਹਿਣ ਲਈ ਘਰ ਨਾ ਹੋਣਾ ਕਈ ਦੇਸ਼ਾਂ ਵਿੱਚ ਵੱਡਾ ਮੁੱਦਾ ਹੈਨਵੇਂ ਸਾਲ ਦੇ ਜਸ਼ਨ ਮਨਾਉਣ ਵੇਲੇ ਸੜਕਾਂ ਦੇ ਫੁੱਟਪਾਥਾਂ ਜਾਂ ਫਲਾਈ-ਓਵਰਾਂ ਹੇਠਾਂ ਠੋਡੀ ਨਾਲ ਗੋਡੇ ਜੋੜ ਕੇ ਰਾਤ ਗੁਜ਼ਾਰਨ ਦਾ ਯਤਨ ਕਰਦੇ ਬੇ-ਘਰੇ ਲੋਕਾਂ ਦਾ ਕਿਸੇ ਨੂੰ ਕੋਈ ਖਿਆਲ ਹੀ ਨਹੀਂ ਆਇਆ

ਅਸਲ ਵਿੱਚ ਸਾਡੇ ਲੋਕ ਨਿੱਤ ਦੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਤੋਂ ਇੰਨੇ ਖਿਝੇ ਅਤੇ ਅੱਕੇ ਪਏ ਹਨ ਕਿ ਜਦੋਂ ਵੀ ਕੋਈ ਮੌਕਾ ਮਾਨਣ ਦਾ ਰੌਲਾ ਸੁਣਨ ਤਾਂ ਉਸ ਰੌਲੇ ਦਾ ਹਿੱਸਾ ਬਣ ਕੇ ਦੋ ਪਲ ਖੁਸ਼ ਹੋਣ ਅਤੇ ਗ਼ਮ ਭੁਲਾ ਦੇਣ ਨੂੰ ਤਿਆਰ ਹੋ ਜਾਂਦੇ ਹਨਥੋੜ੍ਹ-ਚਿਰੀ ਇਸ ਖੁਸ਼ੀ ਦਾ ਸਮਾਂ ਲੰਘਦੇ ਸਾਰ ਫਿਰ ਮਜਬੂਰੀਆਂ ਦੀ ਮਾਰ ਹੇਠ ਆ ਜਾਂਦੇ ਹਨ ਤੇ ਅਗਲਾ ਦਿਨ ਗੁਜ਼ਾਰਨ ਦੀ ਚਿੰਤਾ ਉਨ੍ਹਾਂ ਦੀ ਕੁਝ ਚਿਰ ਪਹਿਲਾਂ ਮਨਾਈ ਖੁਸ਼ੀ ਖੂੰਜੇ ਵਿੱਚ ਧੱਕ ਦਿੰਦੀ ਹੈਵਕਤ ਦੀਆਂ ਸਰਕਾਰਾਂ ਚੰਗਾ ਜਾਂ ਮਾੜਾ ਦੀ ਚਿੰਤਾ ਕੀਤੇ ਬਗੈਰ ਅੱਜਕੱਲ੍ਹ ਵਿਕਦਾ ਮਾਲ ਵੇਚਣ ਦੀ ਬਾਜ਼ਾਰੂ ਮਾਨਸਿਕਤਾ ਹੇਠ ਆਪਣੀ ਲੋੜ ਦਾ ਕੋਈ ਨਵਾਂ ਰਾਜਸੀ ਨਾਅਰਾ ਨਵੇਂ ਲਿਸ਼ਕਦੇ ਰੂਪ ਵਿੱਚ ਪੇਸ਼ ਕਰ ਦਿੰਦੀਆਂ ਹਨ ਤੇ ਨਵਾਂ ਸਾਲ ਚੜ੍ਹਦਾ ਵੇਖ ਕੇ ਸਾਰੀਆਂ ਸਰਕਾਰਾਂ ਇੱਦਾਂ ਕਰਦੀਆਂ ਹਨ ਇੱਦਾਂ ਦੇ ਨਾਅਰੇ, ਲਾਰੇ ਅਤੇ ਪੇਸ਼ਕਸ਼ਾਂ ਕਈ ਦਿਨ ਅਤੇ ਕਈ ਹਫਤੇ ਪਹਿਲਾਂ ਉਨ੍ਹਾਂ ਨੇ ਤਿਆਰ ਕਰਵਾ ਕੇ ਸੰਭਾਲੇ ਹੁੰਦੇ ਹਨ, ਨਵੇਂ ਸਾਲ ਮੌਕੇ ਲੋਕਾਂ ਅੱਗ ਪਰੋਸਣ ਦਾ ਕੰਮ ਕਰਨਾ ਬਾਕੀ ਹੁੰਦਾ ਹੈਇਹ ਕੁਝ ਇਸ ਵਾਰੀ ਫਿਰ ਹੁੰਦਾ ਵੇਖ ਲਿਆ ਹੈ, ਸਗੋਂ ਇਸ ਵਾਰੀ ਇਹ ਕੁਝ ਪਹਿਲਾਂ ਨਾਲੋਂ ਵੱਧ ਹੋਇਆ ਹੈ, ਕਿਉਂਕਿ ਚੋਣਾਂ ਦੇ ਦਿਨ ਸਿਰ ਉੱਤੇ ਆਏ ਹੋਣ ਕਾਰਨ ਲੋਕਾਂ ਨੂੰ ਵੇਲੇ ਸਿਰ ਭਰਮਾਉਣ ਦਾ ਇਹ ਕੰਮ ਲੇਟ ਨਹੀਂ ਕੀਤਾ ਜਾ ਸਕਦਾਸੰਸਾਰ ਦੇ ਲੋਕਾਂ ਨੇ ਇਸ ਵਾਰੀ ਨਵਾਂ ਸਾਲ ਮਨਾਉਂਦੇ ਵਕਤ ਇਹ ਵੀ ਨਹੀਂ ਸੋਚਿਆ ਕਿ ਨਵਾਂ ਸਾਲ ਪਤਾ ਨਹੀਂ ਕਿਹੜੇ ਦੇਸ਼ ਦੇ ਲੋਕਾਂ ਲਈ ਕਿਹੋ ਜਿਹਾ ਰਾਜਸੀ ਭਵਿੱਖ-ਨਕਸ਼ਾ ਪੇਸ਼ ਕਰ ਸਕਦਾ ਹੈ! ਨਵਾਂ ਸਾਲ ਸਿਰਫ ਭਾਰਤ ਲਈ ਨਹੀਂ, ਦੁਨੀਆ ਦੇ ਕਈ ਪ੍ਰਮੁੱਖ ਦੇਸ਼ਾਂ ਲਈ ਆਮ ਚੋਣਾਂ ਦਾ ਬੜਾ ਅਹਿਮ ਮੰਨਿਆ ਜਾਂਦਾ ਟਾਈਮ ਟੇਬਲ ਵੀ ਚੁੱਕੀ ਆਉਂਦਾ ਹੈਕਿਸੇ ਨੂੰ ਚੇਤਾ ਹੀ ਨਹੀਂ ਕਿ ਇਸ ਸਾਲ ਸੰਸਾਰ ਦੇ ਲੋਕਤੰਤਰੀ ਦੇਸ਼ਾਂ ਦੀ ਅੱਧੀ ਦੇ ਕਰੀਬ ਆਬਾਦੀ ਚੋਣ-ਨਦੀ ਦੇ ਕੰਢੇ ਖੜ੍ਹੀ ਹੋਣ ਵਾਲੀ ਹੈਜਦੋਂ ਇਹੀ ਪਤਾ ਨਹੀਂ ਤਾਂ ਅਗਲੀ ਗੱਲ ਕਿ ਚੋਣਾਂ ਵਿੱਚੋਂ ਕੀ ਨਿਕਲੇਗਾ, ਕੋਈ ਸੋਚਦਾ ਹੀ ਨਹੀਂ

ਸੰਸਾਰ ਦੇ ਪ੍ਰਮੁੱਖ ਲੋਕਤੰਤਰੀ ਦੇਸ਼ਾਂ ਵਿੱਚੋਂ ਸਾਰਿਆਂ ਤੋਂ ਵੱਡੇ ਦੇਸ਼ ਭਾਰਤ ਵਿੱਚ ਵੀ ਇਸ ਸਾਲ ਪਾਰਲੀਮੈਂਟ ਚੋਣ ਹੋਣੀ ਹੈ, ਜਿਹੜੀ ਹੋਈ ਤਾਂ ਅਠਾਰਾਂ ਵਾਰ ਪਹਿਲਾਂ ਵੀ ਹੈ, ਪਰ ਇਸ ਵਾਰ ਇਹ ਪਹਿਲਾਂ ਵਰਗੀ ਨਹੀਂਜ਼ਿੰਦਗੀ ਦੇ ਆਮ ਮੁੱਦੇ ਇਸ ਵਾਰੀ ਪਿੱਛੇ ਧੱਕ ਕੇ ਦੇਸ਼ ਦੇ ਭਵਿੱਖ ਦੀ ਚੋਣ ਲਈ ਵੱਡਾ ਮੁੱਦਾ ਧਰਮ ਦਾ ਬਣਨ ਦੀ ਜਿਹੜੀ ਸੰਭਾਵਨਾ ਬਣ ਚੁੱਕੀ ਹੈ, ਭਗਵਾਨ ਰਾਮ ਦੇ ਜਨਮ ਸਥਾਨ ਵਾਲੇ ਮੰਦਰ ਦਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਉਸ ਚੋਣ ਦਾ ਇੱਕ ਅੰਗ ਮੰਨਿਆ ਜਾ ਰਿਹਾ ਹੈਇਸ ਲਈ ਇਸ ਵਾਰੀ ਸਾਰਾ ਚੋਣ ਦ੍ਰਿਸ਼ ਬਦਲ ਸਕਦਾ ਹੈਕੇਂਦਰ ਵਿੱਚ ਰਾਜ ਕਰਦੀ ਧਿਰ ਦੇ ਮੁਕਾਬਲੇ ਲਈ ਬਣਾਇਆ ‘ਇੰਡੀਆ’ ਗੱਠਜੋੜ ਅਜੇ ਤਕ ਆਪਣੇ ਨਿੱਕੇ ਤੰਬੂ ਵਿਚਲੇ ਵੱਡੇ-ਵੱਡੇ ਸਿੰਗਾਂ ਵਾਲੇ ਕਈ ਆਗੂਆਂ ਦੀ ਖਹਿਬਾਜ਼ੀ ਤੋਂ ਛੁਟਕਾਰਾ ਨਹੀਂ ਪਾ ਸਕਿਆ ਤੇ ਜਿਹੜੀ ਧਿਰ ਨਾਲ ਪੇਚਾ ਪੈਣਾ ਹੈ, ਉਨ੍ਹਾਂ ਦਾ ਲੀਡਰ ਕੌਣ ਹੋਵੇਗਾ, ਇਹ ਗੱਲ ਪੁੱਛਣ ਦੀ ਕਿਸੇ ਦੀ ਜੁਰਅਤ ਹੀ ਨਹੀਂਸਾਰੀ ਦੁਨੀਆ ਵਿੱਚ ਇੱਕ ਪਾਰਟੀ ਜਾਂ ਪਾਰਟੀ ਦੇ ਪਿੱਛੇ ਖੜ੍ਹੇ ਪਰਿਵਾਰ ਦੀ ਵਿਚਾਰਧਾਰਾ ਦੀ ਚਰਚਾ ਅੱਜਕੱਲ੍ਹ ਨਹੀਂ ਹੁੰਦੀ, ਇਹ ਕੁਝ ਭਾਰਤ ਵਿੱਚ ਪਿੱਛੇ ਰਹਿ ਗਿਆ ਅਤੇ ਸਿਰਫ ਇੱਕ ਵਿਅਕਤੀ ਦੀ ਗਾਰੰਟੀ ਨਾਲ ਅਗਲੀ ਚੋਣ ਜਿੱਤਣ ਦਾ ਦਾਅ ਖੇਡਣ ਦਾ ਮਾਹੌਲ ਬਣ ਗਿਆ ਜਾਪਦਾ ਹੈਦੁਨੀਆ ਦੇ ਲੋਕਤੰਤਰੀ ਦੇਸ਼ ਕਿੱਧਰ ਰਿੜ੍ਹ ਸਕਦੇ ਹਨ, ਇਹ ਵੀ ਚਿੰਤਾ ਕਿਸੇ ਨੂੰ ਨਹੀਂ ਰਹੀ, ਹਾਲਾਂਕਿ ਇਸ ਨਾਲ ਮਨੁੱਖਤਾ ਦਾ ਭਵਿੱਖ ਜੁੜਿਆ ਹੋਇਆ ਹੈਸੁਪਰੀਮ ਕੋਰਟ ਦਾ ਇੱਕ ਵਕੀਲ ਕਹਿੰਦਾ ਹੈ ਕਿ ਇਹ ਚੋਣ ਭਾਰਤ ਦੀ ਅਗਲੀ ਸਰਕਾਰ ਚੁਣਨ ਦੀ ਥਾਂ ਇਸ ਲਈ ਹੋਣ ਵਾਲੀ ਹੈ ਕਿ ਇਸ ਤੋਂ ਬਾਅਦ ਕਿਸੇ ਚੋਣ ਦੀ ਲੋੜ ਰਹੇਗੀ ਜਾਂ ਨਹੀਂ! ਦੇਸ਼ ਦੇ ਲੋਕ ਇਸ ਬਾਰੇ ਨਹੀਂ ਸੋਚਦੇ

ਜਦੋਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਲੋਕ ਅਗਲੀ ਚੋਣ ਲਈ ਤਿਆਰ ਹੋ ਰਹੇ ਹਨ, ਦੁਨੀਆ ਦੀ ਇਕਲੌਤੀ ਮਹਾਂਸ਼ਕਤੀ ਅਖਵਾਉਂਦੇ ਅਮਰੀਕਾ ਦੀ ਚੋਣ ਵੀ ਇਸੇ ਸਾਲ ਹੋਣ ਵਾਲੀ ਹੈ ਤੇ ਉੱਥੇ ਵੀ ਇੱਦਾਂ ਦਾ ਮੁੱਦਾ ਉੱਭਰ ਰਿਹਾ ਹੈ, ਜਿਸ ਬਾਰੇ ਸੋਚਣਾ ਬਣਦਾ ਹੈ, ਪਰ ਲੋਕ ਨਹੀਂ ਸੋਚ ਰਹੇਸਭ ਨੂੰ ਪਤਾ ਹੈ ਕਿ ਪਿਛਲੀ ਵਾਰ ਦੀ ਰਾਸ਼ਟਰਪਤੀ ਚੋਣ ਦੇ ਨਤੀਜੇ ਤੋਂ ਪਹਿਲਾਂ ਡੌਨਾਲਡ ਟਰੰਪ ਨੇ ਬਿਆਨ ਦਾਗਿਆ ਸੀ ਕਿ ਚੋਣ ਹਾਰ ਵੀ ਗਿਆ ਤਾਂ ਕੁਰਸੀ ਕਦੇ ਨਹੀਂ ਛੱਡਾਂਗਾਫਿਰ ਉਸ ਨੇ ਕੁਰਸੀ ਉੱਤੇ ਟਿਕੇ ਰਹਿਣ ਨੂੰ ਜ਼ੋਰ ਵੀ ਲਾਇਆ ਸੀਸਾਰੇ ਦੇਸ਼ ਦੀ ਚੋਣ ਪ੍ਰਕਿਰਿਆ ਨੂੰ ਚੁਣੌਤੀ ਵੀ ਦਿੱਤੀ ਅਤੇ ਗੱਲ ਜਦੋਂ ਪਾਰਲੀਮੈਂਟ ਤੋਂ ਉਸ ਚੋਣ ਦੇ ਨਤੀਜੇ ਦੀ ਤਸਦੀਕ ਹੋਣ ਦੇ ਪੜਾਅ ਤਕ ਪਹੁੰਚੀ ਤਾਂ ਟਰੰਪ ਦੇ ਸਮਰਥਕਾਂ ਦੀ ਭੀੜ ਨੇ ਪਾਰਲੀਮੈਂਟ ਉੱਤੇ ਹਮਲਾ ਕਰ ਦਿੱਤਾ ਸੀਫਿਰ ਜਦੋਂ ਪਾਰਲੀਮੈਂਟ ਨੇ ਚੋਣ ਦਾ ਨਤੀਜਾ ਪ੍ਰਵਾਨ ਕਰ ਲਿਆ ਤਾਂ ਡੌਨਾਲਡ ਟਰੰਪ ਨੂੰ ਗੱਦੀ ਛੱਡਣੀ ਪਈ ਸੀ। ਪਰ ਇਸ ਵਾਰ ਉਸ ਦੇ ਸਮਰਥਕ ਇਹ ਕਹਿਣੋਂ ਬਿਲਕੁਲ ਨਹੀਂ ਝਿਜਕਦੇ ਕਿ ਦੋਬਾਰਾ ਮੌਕਾ ਮਿਲਿਆ ਤਾਂ ਨਤੀਜੇ ਨੂੰ ਪਾਰਲੀਮੈਂਟ ਤੋਂ ਪਾਸ ਕਰਵਾਉਣ ਦਾ ਰਾਹ ਹੀ ਨਹੀਂ ਰਹਿਣ ਦੇਣਾ, ਇਸ ਕਾਰਨ ਚੋਣ ਕਾਨੂੰਨ ਬਦਲਣ ਦੀ ਨੌਬਤ ਆ ਸਕਦੀ ਹੈਇਸ ਨੂੰ ਭਾਰਤ ਦੀ ਅਗਲੀ ਲੋਕ ਸਭਾ ਚੋਣ ਅਤੇ ਉਸੇ ਸੰਬੰਧ ਵਿੱਚ ਸੁਪਰੀਮ ਕੋਰਟ ਦੇ ਇੱਕ ਵਕੀਲ ਵੱਲੋਂ ਕਹੀ ਗਈ ਉਸ ਦੇ ਮਨ ਦੀ ਗੱਲ ਨਾਲ ਜੋੜ ਲਿਆ ਜਾਵੇ ਤਾਂ ਨਵਾਂ ਸਾਲ ਮਨਾਉਣ ਰੁੱਝੀ ਹੋਈ ਦੁਨੀਆ ਨੂੰ ਸੰਸਾਰ ਦੇ ਭਵਿੱਖ ਬਾਰੇ ਨਵੇਂ ਸਿਰਿਉਂ ਸੋਚਣ ਦੀ ਲੋੜ ਪੈ ਸਕਦੀ ਹੈ

ਅਗਲੀ ਗੱਲ ਇਹ ਕਿ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਅਤੇ ਅਜੋਕੇ ਸੰਸਾਰ ਦੀ ਮਹਾਂਸ਼ਕਤੀ ਹੋਣ ਦੇ ਇਕਲੌਤੇ ਦਾਅਵੇਦਾਰ ਦੇਸ਼ ਅਮਰੀਕਾ ਵਿੱਚ ਤਾਂ ਚੋਣਾਂ ਹੋਣੀਆਂ ਹੀ ਹਨ, ਜਿਹੜੇ ਹੋਰ ਦੇਸ਼ਾਂ ਵਿੱਚ ਇਸ ਸਾਲ ਲਈ ਚੋਣ ਕੈਲੰਡਰ ਤਿਆਰ ਹੈ, ਉਨ੍ਹਾਂ ਦੀ ਸਥਿਤੀ ਬਾਰੇ ਵੀ ਸੋਚਣਾ ਚਾਹੀਦਾ ਹੈਸਾਡੇ ਲੋਕਾਂ ਨੂੰ ਆਪਣੇ ਦੇਸ਼ ਤੋਂ ਵੱਧ ਸੋਚਣ ਦੀ ਲੋੜ ਪਵੇ ਤਾਂ ਗਵਾਂਢ ਪਾਕਿਸਤਾਨ ਦੇ ਹਾਲਾਤ ਬਾਰੇ ਸਭ ਤੋਂ ਪਹਿਲਾਂ ਸੋਚਦੇ ਹਨ ਉੱਥੋਂ ਦੀ ਚੋਣ ਅੱਠ ਫਰਵਰੀ ਨੂੰ ਹੋਣੀ ਤੈਅ ਹੋ ਚੁੱਕੀ ਸੀ, ਪਰ ਚਾਰ ਜਨਵਰੀ ਨੂੰ ਪਾਰਲੀਮੈਂਟ ਦੇ ਉੱਪਰਲੇ ਹਾਊਸ ਸੈਨੇਟ ਨੇ ਮਤਾ ਪਾਸ ਕਰ ਦਿੱਤਾ ਕਿ ਚੋਣ ਮੁਲਤਵੀ ਕਰ ਦੇਣੀ ਚਾਹੀਦੀ ਹੈਫਿਰ ਚੋਣ ਦਾ ਕੀ ਹੋਵੇਗਾ, ਇਸ ਬਾਰੇ ਉਸ ਦੇਸ਼ ਵਿੱਚ ਕੋਈ ਨਹੀਂ ਜਾਣਦਾਬਜ਼ੁਰਗ ਵਿਅੰਗਕਾਰ ਅਨਵਰ ਮਕਸੂਦ ਕਈ ਹਫਤੇ ਪਹਿਲਾਂ ਕਹਿ ਚੁੱਕਾ ਹੈ ਕਿ ਚੋਣਾਂ ਹੋਣਗੀਆਂ ਵੀ ਜਾਂ ਨਹੀਂ, ਇਹ ਪਾਕਿਸਤਾਨ ਦੀ ਸਰਕਾਰ ਵੀ ਨਹੀਂ ਜਾਣਦੀ, ਚੋਣ ਕਮਿਸ਼ਨ ਵੀ ਨਹੀਂ ਜਾਣਦਾ, ਸੁਪਰੀਮ ਕੋਰਟ ਵੀ ਨਹੀਂ, ਸਗੋਂ ਅਮਰੀਕਾ ਵੀ ਨਹੀਂ ਅਤੇ ਇੱਥੋਂ ਤਕ ਕਿ ਅੱਲ੍ਹਾ ਵੀ ਨਹੀਂ ਜਾਣਦਾ, ਸਿਰਫ ਫੌਜ ਜਾਣਦੀ ਹੈਉਸ ਦੇ ਇਸ ਵਿਅੰਗ ਦੇ ਬਾਅਦ ਉਸ ਦੇਸ਼ ਬਾਰੇ ਕੁਝ ਕਹਿਣ ਦੀ ਲੋੜ ਕਿਸੇ ਨੂੰ ਨਹੀਂ ਰਹਿੰਦੀਪਿਛਲੀ ਵਾਰੀ ਜਦੋਂ ਇਮਰਾਨ ਖਾਨ ਚੋਣ ਜਿੱਤ ਗਿਆ ਤਾਂ ਉਸ ਦੇ ਸਹੁੰ ਚੁੱਕਣ ਤੋਂ ਕੁਝ ਮਿੰਟ ਪਹਿਲਾਂ ਫੌਜ ਦੇ ਮੁਖੀ ਨੇ ਮਹਿਮਾਨਾਂ ਦੀ ਚੌਥੀ ਕਤਾਰ ਵਿੱਚ ਬੈਠੇ ਭਾਰਤ ਤੋਂ ਉਚੇਚੇ ਗਏ ਨਵਜੋਤ ਸਿੱਧੂ ਨੂੰ ਆਪ ਕੋਲ ਜਾ ਕੇ ਕਿਹਾ ਸੀ: ਸਿੱਧੂ ਸਾਹਿਬ, ਤੁਹਾਨੂੰ ਮੁਬਾਰਕ, ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਹਾਡੇ ਲਈ ਇਸ ਸਾਲ ਖੋਲ੍ਹ ਦੇਣਾ ਹੈਇਹ ਸੁਨੇਹਾ ਨਵਜੋਤ ਸਿੱਧੂ ਵਾਸਤੇ ਨਹੀਂ, ਨਵੀਂ ਸਰਕਾਰ ਦੇ ਮੁਖੀ ਵਾਸਤੇ ਸੀ ਕਿ ਤੂੰ ਪ੍ਰਧਾਨ ਮੰਤਰੀ ਬੇਸ਼ਕ ਬਣਦਾ ਫਿਰ, ਗਵਾਂਢੀ ਦੇਸ਼ ਨਾਲ ਸਰਹੱਦ ਵਿੱਚ ਲਾਂਘਾ ਕੱਢਣ ਦਾ ਫੈਸਲਾ ਕਰਨ ਦਾ ਅਧਿਕਾਰ ਤੈਨੂੰ ਨਹੀਂ, ਸਿਰਫ ਫੌਜ ਨੂੰ ਹੈ ਅਤੇ ਇਸ ਨਾਲ ਇਹ ਸੰਦੇਸ਼ ਵੀ ਦੇ ਦਿੱਤਾ ਕਿ ਆਪਣੀ ਹੱਦ ਵਿੱਚ ਰਹਿਣਾ ਸਿੱਖ ਲਵੀਂ, ਜਦੋਂ ਕਦੇ ਤੂੰ ਹੱਦ ਪਾਰ ਕਰੇਂਗਾ ਤਾਂ ਕੁਰਸੀ ਛੱਡਣੀ ਪੈ ਸਕਦੀ ਹੈਪਿੱਛੋਂ ਇਹੀ ਹੋਇਆ ਸੀ

ਭਾਰਤ, ਅਮਰੀਕਾ ਜਾਂ ਪਾਕਿਸਤਾਨ ਹੀ ਕਿਉਂ, ਇਸ ਨਵੇਂ ਸਾਲ ਵਿੱਚ ਈਰਾਨ ਵਿੱਚ ਵੀ ਚੋਣਾਂ ਹੋਣੀਆਂ ਤੈਅ ਹਨ ਅਤੇ ਉਸ ਦੇਸ਼ ਵਿੱਚ ਕਿੱਦਾਂ ਦੀ ਸਰਕਾਰ ਬਣੇ, ਆਮ ਲੋਕ ਇਸ ਬਾਰੇ ਸੋਚਣ ਜਾਂ ਨਾ ਸੋਚਣ, ਅਮਰੀਕਾ ਵਰਗੇ ਦੁਨੀਆ ਭਰ ਦੇ ਲੋਕਤੰਤਰ ਦੀ ਠੇਕੇਦਾਰੀ ਕਰਨ ਵਾਲਿਆਂ ਨੂੰ ਉਸ ਦੀ ਚਿੰਤਾ ਆਪਣੀ ਚੋਣ ਤੋਂ ਵੱਧ ਰਹਿੰਦੀ ਹੈ ਇਸਦਾ ਕਾਰਨ ਇਹ ਹੈ ਕਿ ਈਰਾਨ ਪਿਛਲੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੱਛਮ ਦੀ ਅਗਵਾਈ ਵਾਲੇ ਸੰਸਾਰਕ ਧੜੇ ਵਿਚਲੇ ਦੇਸ਼ਾਂ ਦੀ ਸਾਂਝੀ ਕਮਾਨ ਲਈ ਹਮੇਸ਼ਾ ਤੋਂ ਅੱਖ ਦਾ ਕੁੱਕਰਾ ਬਣਿਆ ਰਿਹਾ ਹੈਆਹ ਨਵਾਂ ਸਾਲ ਜਦੋਂ ਚੜ੍ਹਿਆ ਤਾਂ ਤੀਸਰੇ ਦਿਨ ਧਮਾਕੇ ਨਾਲ ਉਸ ਦੇਸ਼ ਵਿੱਚ ਸੌ ਦੇ ਕਰੀਬ ਲੋਕ ਮਾਰੇ ਗਏ ਸਨਸੰਸਾਰ ਪੱਧਰ ਦੀ ਇੱਕ ਦਹਿਸ਼ਤਗਰਦ ਜਥੇਬੰਦੀ ਨੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਤਾਂ ਇਸ ਨਾਲ ਨਵੇਂ ਸਾਲ ਵਿੱਚ ਇੱਕ ਖਾਸ ਧਰਮ ਦੇ ਅੰਦਰ ਹੀ ਮੁੱਢਾਂ ਤੋਂ ਚੱਲੀਆਂ ਆਈਆਂ ਦੋ ਧਾਰਾਵਾਂ ਦੇ ਟਕਰਾਅ ਦੀ ਨਵੀਂ ਲਹਿਰ ਦਾ ਸੰਕੇਤ ਮਿਲਿਆ ਹੈਜਿਸ ਜਥੇਬੰਦੀ ਨੇ ਇਹ ਧਮਾਕਾ ਕਰਨ ਦੀ ਜ਼ਿੰਮੇਵਾਰੀ ਲਈ ਹੈ, ਉਹ ਪਹਿਲਾਂ ਇਰਾਕ ਅਤੇ ਇਸ ਨਾਲ ਜੁੜੇ ਲੇਵਾਂਤ ਦੇ ਪੂਰੇ ਖੇਤਰ ਵੱਲੋਂ ਸ਼ੁਰੂ ਹੋ ਕੇ ਸਾਰਾ ਜਹਾਨ ਜਿੱਤਣ ਤਕ ਦੇ ਨਾਅਰੇ ਉਛਾਲ ਚੁੱਕੀ ਹੈ ਅਤੇ ਆਪਣੀ ਜੰਗੀ ਤਾਕਤ ਨਾਲ ਸੰਸਾਰ ਦੀਆਂ ਅਮਰੀਕਾ ਤੋਂ ਰੂਸ ਤਕ ਦੀਆਂ ਸਭ ਪ੍ਰਮੁੱਖ ਤਾਕਤਾਂ ਨੂੰ ਕੰਬਣੀ ਛੇੜ ਚੁੱਕੀ ਹੈਇਹੋ ਜਿਹੇ ਹਾਲਾਤ ਵਿੱਚ ਈਰਾਨ ਵਰਗੇ ਦੇਸ਼ ਵਿੱਚ ਜਦੋਂ ਇਸ ਸਾਲ ਚੋਣਾਂ ਹੋਣੀਆਂ ਹਨ ਤਾਂ ਇਹ ਸਾਧਾਰਨ ਚੋਣਾਂ ਨਾ ਰਹਿ ਕੇ ਕੱਟੜਪੰਥ ਦੇ ਮਾਮਲੇ ਵਿੱਚ ਇੱਕ ਨਵੀਂ ਅਤੇ ਪਹਿਲਾਂ ਤੋਂ ਵੀ ਹੋਰ ਤਿੱਖੀ ਉੱਠਦੀ ਲਹਿਰ ਦਾ ਪੜੁੱਲ ਬਣ ਸਕਦੀਆਂ ਹਨ

ਠੀਕ ਹੈ ਕਿ ਕਹਿਣ ਖਾਤਰ ਅਸੀਂ ਇੱਕ-ਦੂਸਰੇ ਨੂੰ ਨਵੇਂ ਸਾਲ ਲਈ ਸ਼ੁਭ ਕਾਮਨਾਵਾਂ ਦੇਣ ਵਿੱਚ ਕਿਸੇ ਤਰ੍ਹਾਂ ਦੀ ਕਸਰ ਨਹੀਂ ਰੱਖੀ, ਪਰ ਜਿੱਦਾਂ ਦੇ ਸੰਕੇਤ ਮਿਲਦੇ ਹਨ, ਮਨੁੱਖਤਾ ਨੇ ਸਿਰਫ ਕਾਮਨਾਵਾਂ ਦੀ ਕਿਸ਼ਤੀ ਵਿੱਚ ਸਵਾਰ ਹੋ ਕੇ ਪਾਰ ਨਹੀਂ ਲੱਗਣਾਮਾਮਲਾ ‘ਇੱਕ ਨੂੰ ਕੀ ਰੋਨੀ ਏਂ, ਊਤ ਗਿਆ ਈ ਆਵਾ’ ਵਾਲਾ ਬਣ ਚੁੱਕਾ ਹੈਦੁਨੀਆ ਦੇ ਹਰ ਕੋਨੇ ਵਿੱਚ ਜਿੱਦਾਂ ਕੱਟੜਪੰਥ ਦੀ ਉਠਾਣ ਦੇ ਅਵਾੜੇ ਸੁਣਦੇ ਹਨ, ਇਸ ਸੰਸਾਰ ਦੀ ਹੋਂਦ ਵਾਸਤੇ ਉਹ ਕਿਹੋ ਜਿਹੇ ਸਿੱਟੇ ਕੱਢਣ ਵਾਲੇ ਸਾਬਤ ਹੋ ਸਕਦੇ ਹਨ, ਕਹਿਣ ਵਿੱਚ ਝਿਜਕ ਮਹਿਸੂਸ ਹੁੰਦੀ ਹੈਫਿਰ ਵੀ ਹਕੀਕਤ ਤਾਂ ਹਕੀਕਤ ਹੁੰਦੀ ਹੈਜਿੱਦਾਂ ਦੇ ਹਾਲਾਤ ਹੋਣਗੇ, ਵੇਖੇ ਜਾਣਗੇ, ਹਾਲ ਦੀ ਘੜੀ ਆਪਾਂ ਸਾਰੇ ਹੈਪੀ ਨਿਊ ਯੀਅਰ ਕਹੀ ਜਾਈਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4611)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author