“ਭਾਰਤ ਦੇ ਲੋਕਾਂ ਨੇ ਇਸਦਾ ਹੱਲ ਕੱਢਣਾ ਹੈ ਤਾਂ ਇਸਦੇ ਲਈ ਸਿਰਫ ਇੱਕ ਮਿਸਾਲ ਮਿਲ ਸਕਦੀ ਹੈ ਅਤੇ ਉਹ ਹੈ ...”
(1 ਮਈ 2023)
ਇਸ ਸਮੇਂ ਪਾਠਕ: 192.
ਭਾਰਤ ਦੇ ਲੋਕ ਖੁਸ਼ ਬੜਾ ਛੇਤੀ ਹੁੰਦੇ ਹਨ ਅਤੇ ਦਾਅਵਾ ਜਾਂ ਵਾਅਦਾ ਭਾਵੇਂ ਨਿਰਾ ਝੂਠਾ ਹੋਵੇ, ਇਸ ਨਾਲ ਇੰਨੀ ਛੇਤੀ ਪ੍ਰਭਾਵਤ ਹੁੰਦੇ ਹਨ ਕਿ ਜਿਹੜਾ ਕੋਈ ਇਸ ਨੁਸਖੇ ਦਾ ਅਸਰ ਸਮਝ ਜਾਵੇ, ਉਸ ਦਾ ਰਾਜ ਜਾਂ ਹੈਸੀਅਤ ਵੱਡੀ ਹੋਵੇ ਤਾਂ ਪੂਰੇ ਭਾਰਤ ਦੇ ਲੋਕਾਂ ਨੂੰ ਮਰਜ਼ੀ ਮੁਤਾਬਕ ਤੋਰ ਸਕਦਾ ਹੈ। ਇਹੋ ਕਾਰਨ ਹੈ ਕਿ ਜਦੋਂ ਇੰਦਰਾ ਗਾਂਧੀ ਨੇ ਭਾਰਤ ਦੇ ਲੋਕਾਂ ਨੂੰ ਕਿਹਾ ਸੀ ਕਿ ਦੇਸ਼ ਵਿੱਚੋਂ ਗਰੀਬੀ ਖਤਮ ਕਰ ਦੇਣੀ ਹੈ ਤਾਂ ਲੋਕ ਔਂਸੀਆਂ ਪਾ ਕੇ ਉਸ ਦਿਨ ਨੂੰ ਉਡੀਕਣ ਲੱਗੇ ਸਨ, ਜਦੋਂ ਇਹ ਕਰਾਮਾਤ ਹੁੰਦੀ ਆਪਣੀਆਂ ਅੱਖਾਂ ਨਾਲ ਵੇਖਣੀ ਸੀ। ਉਹ ਘੜੀ ਕਦੀ ਨਹੀਂ ਸੀ ਆਈ। ਭਾਰਤ ਦੇ ਲੋਕਾਂ ਲਈ ਤਾਂ ਇਸ ਨਾਅਰੇ ਨੇ ਠੱਗੀ ਤੋਂ ਬਿਨਾਂ ਕਦੇ ਕੁਝ ਦਿੱਤਾ ਨਹੀਂ, ਪਰ ਜਿਨ੍ਹਾਂ ਲੀਡਰਾਂ ਨੂੰ ਇਹ ਸਮਝ ਆ ਗਿਆ, ਉਨ੍ਹਾਂ ਨੇ ਇਹੋ ਨੁਸਖੇ ਵਰਤ ਕੇ ਆਪਣੀ ਤਕਦੀਰ ਬਦਲ ਲਈ ਸੀ। ਲੋਕ ਇੰਨੇ ਸਿੱਧੜ ਨਿਕਲੇ ਕਿ ਜਦੋਂ ਇੱਕ ਲੀਡਰ ਨੇ ਇਹ ਆਖਿਆ ਕਿ ਹਰ ਨਾਗਰਿਕ ਦੇ ਖਾਤੇ ਵਿੱਚ ਤਿੰਨ ਲੱਖ ਤੇ ਪੰਜ ਜੀਆਂ ਦੇ ਪਰਿਵਾਰ ਦੇ ਖਾਤੇ ਵਿੱਚ ਪੰਦਰਾਂ ਲੱਖ ਰੁਪਏ ਪਾ ਦਿਆਂਗਾ, ਉਸ ਦੇ ਰਾਜਸੀ ਵਾਅਦੇ ਪਿੱਛੇ ਵੀ ਭੁਗਤ ਗਏ ਸਨ। ਬਾਅਦ ਵਿੱਚ ਉਸ ਲੀਡਰ ਨੇ ਸਾਫ ਹੀ ਕਹਿ ਦਿੱਤਾ ਕਿ ਉਹ ਵਾਅਦਾ ਨਹੀਂ ਸੀ, ਸਿਰਫ ਚੋਣ-ਜੁਮਲਾ ਸੀ, ਵਿਚਾਰੇ ਲੋਕ ਨਾਰਾਜ਼ ਹੋਣ ਦੀ ਥਾਂ ਇਸ ਨੂੰ ‘ਅਪਰੈਲ ਫੂਲ’ ਦੀ ਇੱਕ ਭਾਰਤੀ ਵੰਨਗੀ ਮੰਨ ਕੇ ਇਸ ਭੁਚਲਾਵੇ ਪਿੱਛੇ ਵੀ ਤਾੜੀਆਂ ਮਾਰਦੇ ਰਹੇ ਸਨ। ਜਿਹੜੇ ਦੇਸ਼ ਵਿੱਚ ਸਮੁੱਚੇ ਤੌਰ ਉੱਤੇ ਲੋਕ ਇੰਨੇ ਸਿੱਧੇ ਹੋਣ, ਉਸ ਵਿੱਚ ਸਿਆਸਤ ਤੋਂ ਬਾਹਰਲੇ ਛੱਤੀ ਕਿਸਮ ਦੇ ਠੱਗ ਵੀ ਇੱਦਾਂ ਦੇ ਦਾਅ ਲਾ ਜਾਂਦੇ ਹਨ।
ਅੱਜਕੱਲ੍ਹ ਭਾਰਤ ਵਿੱਚ ਅਚਾਨਕ ਤੇਜ਼ੀ ਨਾਲ ਉੱਭਰੇ ਅਤੇ ਦੇਸ਼ ਦੀ ਸਿਆਸਤ ਦੀ ਸਿਖਰ ਤਕ ਪਹੁੰਚ ਗਏ ਇੱਕ ਠੱਗ ਸੰਜੇ ਸ਼ੇਰਪੁਰੀਆ ਦੀ ਚਰਚਾ ਹੁੰਦੀ ਪਈ ਹੈ। ਵੱਡੇ ਘਪਲਿਆਂ ਵਿੱਚੋਂ ਛੁਟਕਾਰਾ ਭਾਲਦੇ ਲੋਕਾਂ ਕੋਲੋਂ ਕਰੋੜਾਂ ਦੀਆਂ ਰਕਮਾਂ ਮੰਗਣ ਦੇ ਦੋਸ਼ ਉਸ ਦੇ ਖਿਲਾਫ ਲੱਗਦੇ ਹਨ ਤੇ ਜਦੋਂ ਉਸ ਦੇ ਖਿਲਾਫ ਇੱਦਾਂ ਦੀ ਚਰਚਾ ਚੱਲ ਪਈ ਤਾਂ ਉਸ ਦੀ ਉਠਾਣ ਅਤੇ ਸਿਖਰਾਂ ਤਕ ਪਹੁੰਚ ਦੇ ਕਿੱਸੇ ਵੀ ਹੈਰਾਨ ਕਰਨ ਵਾਲੇ ਨਿਕਲੇ ਹਨ। ਹੇਠਲੇ ਪੱਧਰ ਤੋਂ ਸ਼ੁਰੂ ਕਰ ਕੇ ਭਾਰਤ ਦੇ ਪ੍ਰਧਾਨ ਮੰਤਰੀ ਤਕ ਨਾਲ ਉਸ ਦੀਆਂ ਤਸਵੀਰਾਂ ਇੱਦਾਂ ਦੀਆਂ ਨਿਕਲੀਆਂ, ਸਿਰਫ ਤਸਵੀਰਾਂ ਦੀ ਕੀ ਗੱਲ, ਵੀਡੀਓ ਵੀ ਬਹੁਤ ਸਾਰੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਕਿੰਨੀ ਉੱਚੀ ਪਹੁੰਚ ਸੀ। ਭਾਰਤੀ ਲੋਕ ਇੱਦਾਂ ਦੀ ਪਹੁੰਚ ਦੇ ਵਿਖਾਵੇ ਨਾਲ ਛੇਤੀ ਝਾਂਸੇ ਵਿੱਚ ਆ ਜਾਂਦੇ ਹਨ, ਫਿਰ ਉਨ੍ਹਾਂ ਨੂੰ ਕੋਈ ਵੀ ਠੱਗ ਸਕਦਾ ਹੈ। ਹਾਲੇ ਕੁਝ ਹਫਤੇ ਪਹਿਲਾਂ ਜੰਮੂ-ਕਸ਼ਮੀਰ ਵਿੱਚ ਗੁਜਰਾਤੀ ਮੂਲ ਦਾ ਇੱਕ ਠੱਗ ਕਿਰਨ ਪਟੇਲ ਅਚਾਨਕ ਫੜਿਆ ਗਿਆ ਤੇ ਉਸ ਦੇ ਬਾਰੇ ਆਈ ਖਬਰ ਸਾਰੇ ਦੇਸ਼ ਦੇ ਲੋਕਾਂ ਨੂੰ ਹੈਰਾਨ ਕਰਨ ਵਾਲੀ ਸੀ। ਪਤਾ ਲੱਗਾ ਕਿ ਉਹ ਪਿਛਲੇ ਸਾਲ ਤੋਂ ਦੇਸ਼ ਦੇ ਇਸ ਨਾਜ਼ਕ ਰਾਜ ਵਿੱਚ ਜਾਂਦਾ ਤੇ ਪ੍ਰਧਾਨ ਮੰਤਰੀ ਦਫਤਰ ਤੋਂ ਆਏ ਵਿਸ਼ੇਸ਼ ਦੂਤ ਵਜੋਂ ਅਫਸਰਾਂ ਨਾਲ ਬੈਠਕਾਂ ਕਰਦਾ ਰਿਹਾ ਸੀ ਅਤੇ ਰਾਜ ਸਰਕਾਰ ਤੋਂ ਮਿਲੀ ਵਿਸ਼ੇਸ਼ ਕਮਾਂਡੋਜ਼ ਵਾਲੀ ਸਕਿਓਰਟੀ ਅਤੇ ਸਟਾਫ ਨਾਲ ਸਰਹੱਦੀ ਖੇਤਰ ਦੇ ਦੌਰੇ ਵੀ ਕਰੀ ਜਾਂਦਾ ਸੀ। ਉਹ ਆਪਣੇ ਪਰਿਵਾਰਕ ਜੀਆਂ ਨੂੰ ਗੁਜਰਾਤ ਤੋਂ ਲਿਆ ਕੇ ਜੰਮੂ-ਕਸ਼ਮੀਰ ਦੀ ਸੈਰ ਵੀ ਕਰਵਾ ਚੁੱਕਾ ਸੀ ਅਤੇ ਜਦੋਂ ਫੜਿਆ ਗਿਆ, ਉਦੋਂ ਵੀ ਉਸ ਦੇ ਨਾਲ ਗੁਜਰਾਤੀ ਦੋਸਤਾਂ ਦਾ ਇੱਕ ਗਰੁੱਪ ਵੀ ਆਈ ਪੀ ਸਹੂਲਤ ਵਾਲੇ ਸੈਰ-ਸਪਾਟੇ ਮਾਣਨ ਲਈ ਇੱਥੇ ਪਹੁੰਚਣ ਵਾਲਾ ਸੀ। ਅਚਾਨਕ ਇੱਕ ਅਫਸਰ ਨੂੰ ਕੁਝ ਸ਼ੱਕ ਪੈ ਗਿਆ ਤੇ ਦਿੱਲੀ ਤੋਂ ਉਸ ਨੇ ਪੁੱਛਗਿੱਛ ਕਰ ਲਈ। ਫਿਰ ਇਹ ਪਤਾ ਲੱਗਾ ਕਿ ਕਿਰਨ ਪਟੇਲ ਨਾਂਅ ਦਾ ਕੋਈ ਅਫਸਰ ਪ੍ਰਧਾਨ ਮੰਤਰੀ ਦਫਤਰ ਵਿੱਚ ਹੈ ਹੀ ਨਹੀਂ। ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਸਾਰੀ ਸਰਕਾਰੀ ਮਸ਼ੀਨਰੀ ਨੂੰ ਬੁੱਧੂ ਕਿਵੇਂ ਬਣਾਉਂਦਾ ਰਿਹਾ!
ਇੱਕ ਪੁਰਾਣਾ ਕਿੱਸਾ ਵੀ ਸਾਨੂੰ ਯਾਦ ਹੈ, ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਮੇਂ ਮਨਮੋਹਨ ਸਿੰਘ ਦੇ ਨਾਂਅ ਵਾਲਾ ਇੱਕ ਬੰਦਾ ਪ੍ਰਧਾਨ ਮੰਤਰੀ ਦਫਤਰ ਦਾ ਖਾਸ ਦੂਤ ਬਣ ਗਿਆ ਸੀ ਅਤੇ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਪ੍ਰਸ਼ਾਸਨ ਨੂੰ ਕਈ ਦਿਨ ਉਂਗਲਾਂ ਉੱਤੇ ਨਚਾਉਂਦਾ ਰਿਹਾ ਸੀ। ਫਿਰ ਉਹ ਆਪਣੇ ਪਰਿਵਾਰ ਸਮੇਤ ਜੰਮੂ-ਕਸ਼ਮੀਰ ਵੱਲ ਤੀਰਥ-ਯਾਤਰਾ ਲਈ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਉਸ ਠੱਗ ਦਾ ਪਰਦਾ ਚਾਕ ਹੋ ਕੇ ਫੜਿਆ ਗਿਆ ਸੀ।
ਬੀਤੇ ਮਹੀਨਿਆਂ ਵਿੱਚ ਜੰਮੂ-ਕਸ਼ਮੀਰ ਵਿੱਚ ‘ਪ੍ਰਧਾਨ ਮੰਤਰੀ ਦਫਤਰ ਦਾ ਵਿਸ਼ੇਸ਼ ਅਫਸਰ’ ਬਣ ਕੇ ਘੁੰਮਣ ਤੇ ਸਾਰੇ ਪ੍ਰਸ਼ਾਸਨ ਨੂੰ ਘੁਮਾਣੀ ਦੇਣ ਪਿੱਛੋਂ ਫੜੇ ਗਏ ਕਿਰਨ ਪਟੇਲ ਅਤੇ ਪਿਛਲੇ ਹਫਤੇ ਚਰਚਿਆਂ ਵਿੱਚ ਆਉਣ ਵਾਲੇ ਸੰਜੇ ਸ਼ੇਰਪੁਰੀਆ ਵਿੱਚ ਇੱਕ ਗੱਲ ਸਾਂਝੀ ਹੈ। ਦੋਵਾਂ ਜਣਿਆਂ ਕੋਲ ਪ੍ਰਧਾਨ ਮੰਤਰੀ ਤਕ ਨਾਲ ਖਿਚਵਾਈਆਂ ਫੋਟੋ ਅਤੇ ਵੀਡੀਓ ਸਨ, ਜਿਨ੍ਹਾਂ ਤੋਂ ਹਰ ਕੋਈ ਪ੍ਰਭਾਵਤ ਹੋ ਸਕਦਾ ਸੀ, ਪਰ ਭਾਰਤ ਵਿੱਚ ਤਾਂ ਇਸ ਤੋਂ ਬਿਨਾਂ ਵੀ ਬਹੁਤ ਕੁਝ ਹੋ ਜਾਂਦਾ ਰਿਹਾ ਸੀ ਤੇ ਉਸ ਦੀਆਂ ਧੁੰਮਾਂ ਅੱਜ ਤਕ ਪੈ ਰਹੀਆਂ ਹਨ। ਇਸ ਤੋਂ ਪਹਿਲਾਂ ਸਾਧਾਂ ਅਤੇ ਯੋਗੀਆਂ ਦੇ ਭੇਸ ਵਿੱਚ ਵੀ ਭਾਰਤ ਵਿੱਚ ਕਈ ਕੁਝ ਹੁੰਦਾ ਰਿਹਾ ਸੀ। ਇਸਦੀ ਸ਼ੁਰੂਆਤ ਕਦੋਂ ਹੋਈ, ਸ਼ਾਇਦ ਕੋਈ ਨਹੀਂ ਜਾਣਦਾ ਹੋਵੇਗਾ, ਪਰ ਜਿਹੜਾ ਮਾਮਲਾ ਸਭ ਤੋਂ ਪਹਿਲਾਂ ਚਰਚਾ ਵਿੱਚ ਆਇਆ, ਉਹ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਹੋਣ ਦੌਰਾਨ ਧੀਰੇਂਦਰ ਬ੍ਰਹਮਚਾਰੀ ਦੀ ਚੜ੍ਹਤ ਅਤੇ ਉਸ ਦੇ ਇਸ਼ਾਰਿਆਂ ਉੱਤੇ ਸਰਕਾਰੀ ਤੰਤਰ ਦੇ ਘੁੰਮਣ ਦਾ ਕਿਹਾ ਜਾਂਦਾ ਹੈ। ਐਮਰਜੈਂਸੀ ਦੇ ਦੌਰ ਵਿੱਚ ਜਦੋਂ ਸੰਜੇ ਗਾਂਧੀ ਅਤੇ ਉਸ ਦੀ ਜੁੰਡੀ ਦੇ ਲੋਕ ਭਾਰਤ ਵਿੱਚ ਉੱਧੜਧੁੰਮੀ ਮਚਾਈ ਜਾਂਦੇ ਸਨ, ਉਦੋਂ ਹਰ ਪਾਸੇ ਇਹ ਚਰਚਾ ਵੀ ਹੁੰਦੀ ਸੀ ਕਿ ਯੋਗ ਵਿੱਚ ਵਿਸ਼ਵਾਸ ਰੱਖਣ ਵਾਲੀ ਇੰਦਰਾ ਗਾਂਧੀ ਕਿਸੇ ਵੀ ਗੱਲ ਵਿੱਚ ਧੀਰੇਂਦਰ ਬ੍ਰਹਮਚਾਰੀ ਕੋਲੋਂ ਪੁੱਛੇ ਬਿਨਾਂ ਕੁਝ ਨਹੀਂ ਕਰਦੀ। ਸਮਾਂ ਬਦਲਿਆ, ਐਮਰਜੈਂਸੀ ਦੇ ਬਾਅਦ ਧੀਰੇਂਦਰ ਬ੍ਰਹਮਚਾਰੀ ਦੇ ਖਿਲਾਫ ਕਈ ਗੱਲਾਂ ਬਾਰੇ ਰੌਲਾ ਪੈ ਗਿਆ, ਅਤੇ ਰਾਜਨੀਤੀ ਦੇ ਦ੍ਰਿਸ਼ ਤੋਂ ਉਹ ਪਿੱਛੇ ਹਟਣ ਲੱਗ ਪਿਆ। ਮੋਰਾਰਜੀ ਡਿਸਾਈ ਦੀ ਸਰਕਾਰ ਵੇਲੇ ਉਸ ਦੇ ਖਿਲਾਫ ਕੁਝ ਕੇਸਾਂ ਦੀ ਜਾਂਚ ਵੀ ਸ਼ੁਰੂ ਹੋਈ, ਪਰ ਜਦੋਂ ਸਰਕਾਰ ਬਦਲ ਗਈ ਤੇ ਫਿਰ ਇੰਦਰਾ ਗਾਂਧੀ ਦੀ ਸਰਕਾਰ ਆ ਗਈ ਤਾਂ ਧੀਰੇਂਦਰ ਬ੍ਰਹਮਚਾਰੀ ਦੇ ਸਾਰੇ ਕੇਸ ਅਤੇ ਕਿੱਸੇ ਵੀ ਠੱਪ ਹੋਣ ਲੱਗ ਪਏ ਸਨ।
ਫਿਰ ਅਸੀਂ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੇ ਰਾਜ ਵਿੱਚ ਚੰਦਰਾ ਸਵਾਮੀ ਨਾਂਅ ਦਾ ਇੱਕ ਹੋਰ ਠੱਗ ਯੋਗੀ ਇਸੇ ਤਰ੍ਹਾਂ ਭਾਰਤ ਦੀ ਸੱਤਾ ਦੇ ਸਿਖਰ ਤਕ ਪਹੁੰਚਦਾ ਡਿੱਠਾ ਸੀ। ਇੱਕ ਐੱਨ ਆਰ ਆਈ ਲੱਖੂ ਭਾਈ ਨਾਲ ਲੱਖਾਂ ਡਾਲਰਾਂ ਦੀ ਠੱਗੀ ਦੇ ਕੇਸ ਵਿੱਚ ਜਦੋਂ ਉਹ ਫਸਿਆ ਤਾਂ ਉਸ ਦੇ ਖਿਲਾਫ ਚੱਲ ਰਹੀ ਕਾਰਵਾਈ ਫਿਰ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੂੰ ਫਸਾਉਣ ਤਕ ਪਹੁੰਚ ਗਈ ਸੀ। ਚੰਦਰਾ ਸਵਾਮੀ ਬਾਰੇ ਵੀ ਕਿਹਾ ਜਾਂਦਾ ਸੀ ਕਿ ਉਹ ਨਰਸਿਮਹਾ ਰਾਓ ਦੇ ਰਾਜ ਵਿੱਚ ਇੰਨੀ ਵੱਡੀ ਸ਼ਕਤੀ ਗਿਣਿਆ ਜਾਂਦਾ ਸੀ ਕਿ ਉਸ ਦੀ ਮਰਜ਼ੀ ਬਿਨਾਂ ਕੋਈ ਫੈਸਲਾ ਨਹੀਂ ਸੀ ਹੁੰਦਾ। ਜਦੋਂ ਉਹ ਫਸ ਗਿਆ ਤਾਂ ਅਦਾਲਤੀ ਕਾਰਵਾਈ ਵਿੱਚ ਇਹ ਭੇਦ ਖੁੱਲ੍ਹ ਗਿਆ ਕਿ ਸਾਧ ਬਣਿਆ ਹੀ ਇਸ ਕਰ ਕੇ ਸੀ ਕਿ ਉਹ ਕਈ ਕੇਸਾਂ ਵਿੱਚ ਫਸ ਗਿਆ ਸੀ ਤੇ ਉਨ੍ਹਾਂ ਤੋਂ ਛੁਟਕਾਰਾ ਚਾਹੁੰਦਾ ਸੀ। ਉਸ ਨੂੰ ਅਦਾਲਤ ਵਿੱਚ ਜਦੋਂ ਪੁੱਛਿਆ ਗਿਆ ਕਿ ਯੋਗੀ ਬਣਨ ਤੋਂ ਪਹਿਲਾਂ ਕੀ ਕਰਦਾ ਸੀ ਤਾਂ ਉਸ ਨੇ ਕਿਹਾ ਕਿ ਜਦੋਂ ਅਸੀਂ ਲੋਕ ਸਾਧੂ ਬਣਦੇ ਹਾਂ ਤਾਂ ਪਿਛਲਾ ਸਾਰਾ ਜੀਵਨ ਵੀ ਭੁੱਲ ਜਾਂਦੇ ਹਾਂ। ਵਕੀਲ ਨੇ ਕਿਹਾ ਕਿ ਤੈਨੂੰ ਭਾਵੇਂ ਭੁੱਲ ਗਿਆ ਹੋਵੇ, ਕਾਨੂੰਨ ਦੀਆਂ ਫਾਈਲਾਂ ਦੱਸੀ ਜਾਂਦੀਆਂ ਹਨ ਕਿ ਤੇਰੇ ਕੀਤੇ ਹੋਏ ਕੁਝ ਜੁਰਮਾਂ ਦੇ ਕੇਸ ਅਦਾਲਤਾਂ ਵਿੱਚ ਇਸ ਲਈ ਰੁਕ ਗਏ ਸਨ ਕਿ ਤੂੰ ਲੱਭਾ ਨਹੀਂ ਸੀ। ਚੰਦਰਾ ਸਵਾਮੀ ਦੇ ਚਿਹਰੇ ਦਾ ਰੰਗ ਉੱਡ ਗਿਆ ਅਤੇ ਫਿਰ ਉਸ ਦੇ ਜੀਵਨ ਦੀਆਂ ਪਰਤਾਂ ਗੰਢੇ ਦੀਆਂ ਛਿੱਲਾਂ ਵਾਂਗ ਲੱਥ ਗਈਆਂ ਸਨ, ਪਰ ਸਾਧਗਿਰੀ ਦੇ ਚੋਲ਼ੇ ਓਹਲੇ ਕੀਤੇ ਪਾਪਾਂ ਤੋਂ ਬਚਣ ਵਾਸਤੇ ਰਾਹ ਉਸ ਨੇ ਫੇਰ ਵੀ ਪਤਾ ਨਹੀਂ ਕਿੱਦਾਂ ਲੱਭ ਲਏ ਸਨ। ਇਹ ਰਾਹ ਇਸ ਲਈ ਨਿਕਲ ਆਏ ਕਿ ਉਸ ਦੇ ਪਿੱਛੇ ਸਿਰਫ ਨਰਸਿਮਹਾ ਰਾਓ ਨਹੀਂ, ਕਈ ਹੋਰ ਵੱਡੇ ਲੋਕ ਦਿਸਦੇ ਸਨ। ਦੋ ਸਾਬਕਾ ਪ੍ਰਧਾਨ ਮੰਤਰੀਆਂ ਵੀ ਪੀ ਸਿੰਘ ਅਤੇ ਚੰਦਰ ਸ਼ੇਖਰ ਨਾਲ ਵੀ ਉਸ ਦੀ ਚੋਖੀ ਨੇੜਤਾ ਹੁੰਦੀ ਸੀ ਤੇ ਇਸ ਨੇੜਤਾ ਦਾ ਲਾਭ ਲੈ ਕੇ ਉਸ ਨੇ ਲੱਖੂ ਭਾਈ ਵਰਗੇ ਸੰਸਾਰ ਦੇ ਕਈ ਪ੍ਰਮੁੱਖ ਕਾਰੋਬਾਰੀਆਂ ਨੂੰ ਠੱਗਿਆ ਹੋਇਆ ਸੀ ਅਤੇ ਤਾਕਤਵਰ ਇੰਨਾ ਸੀ ਕਿ ਰਾਜੀਵ ਗਾਂਧੀ ਕਤਲ ਕੇਸ ਵਿੱਚ ਨਾਂਅ ਹੋਣ ਕਾਰਨ ਵਿਦੇਸ਼ ਜਾਣ ਉੱਤੇ ਲੱਗੀਆਂ ਪਾਬੰਦੀਆਂ ਵੀ ਹਟਵਾਉਣ ਵਿੱਚ ਕਾਮਯਾਬ ਹੋ ਗਿਆ ਸੀ। ਕਾਰਨ ਇਸਦਾ ਇਹ ਸੀ ਕਿ ਜੇ ਉਹ ਫਸਦਾ ਤਾਂ ਕਈ ਹੋਰ ਲੋਕ ਫਸ ਜਾਣੇ ਸਨ, ਇਸ ਲਈ ਭਾਰਤ ਦੇ ਸਮੁੱਚੇ ਤੰਤਰ ਨੇ ਉਸ ਦੇ ਨਿਕਲਣ ਲਈ ਆਸਾਨੀ ਨਾਲ ਰਾਹਾਂ ਦੀ ਲੜੀ ਬੱਝਦੀ ਜਾਣ ਦਿੱਤੀ ਸੀ।
ਇਸ ਹਫਤੇ ਅਸੀਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਆਈ ਪੀ ਇਲਾਕੇ ਦੀ ਸੜਕ ‘ਰੇਸ ਕੋਰਸ ਰੋਡ’, ਜਿਸ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਹੈ, ਦੇ ਇੱਕ ਆਲੀਸ਼ਾਨ ਬੰਗਲੇ ਵਿੱਚ ਰਹਿ ਕੇ ਠੱਗੀਆਂ ਦਾ ਧੰਦਾ ਕਰਦੇ ਸੰਜੇ ਸ਼ੇਰਪੁਰੀਆ ਦੀ ਚਰਚਾ ਸੁਣੀ ਹੈ। ਪਿਛਲੇ ਹਫਤਿਆਂ ਵਿੱਚ ਗੁਜਰਾਤ ਤੋਂ ਆਏ ਕਿਰਨ ਪਟੇਲ ਦੇ ਜੰਮੂ-ਕਸ਼ਮੀਰ ਵਿੱਚ ‘ਪ੍ਰਧਾਨ ਮੰਤਰੀ ਦਫਤਰ ਦਾ ਅਧਿਕਾਰੀ’ ਬਣ ਕੇ ਸਾਰੇ ਪ੍ਰਸ਼ਾਸਨ ਨੂੰ ਉਂਗਲਾਂ ਉੱਤੇ ਨਚਾਉਣ ਦੇ ਮਾਮਲੇ ਨੂੰ ਸੁਣ ਕੇ ਹੈਰਾਨ ਹੋਏ ਸਾਂ। ਉਦੋਂ ਪਹਿਲਾਂ ਕਦੀ ਚੰਦਰਾ ਸਵਾਮੀ ਅਤੇ ਕਦੀ ਧੀਰੇਂਦਰ ਬ੍ਰਹਮਚਾਰੀ ਵਰਗੇ ਯੋਗੀ ਬਣੇ ਹੋਏ ਸੱਤਾ ਦੀ ਘੁੰਮਣਘੇਰੀ ਦੇ ਕੇਂਦਰ ਬਿੰਦੂਆਂ ਦੀ ਚਰਚਾ ਸੁਣਦੇ ਰਹੇ ਸਾਂ। ਨਾ ਉਹ ਪਹਿਲੇ ਠੱਗ ਸਨ, ਸਗੋਂ ਉਨ੍ਹਾਂ ਤੋਂ ਪਹਿਲੇ ਵੀ ਕਈ ਹੋਰ ਇਹੋ ਜਿਹੇ ਧਨੰਤਰ ਹੋ ਚੁੱਕੇ ਹੋਣਗੇ, ਨਾ ਕਿਰਨ ਪਟੇਲ ਅਤੇ ਸੰਜੇ ਸ਼ੇਰਪੁਰੀਆ ਆਖਰੀ ਹਨ, ਭਵਿੱਖ ਦੀ ਕੁੱਖ ਵਿੱਚ ਇਹੋ ਜਿਹੇ ਹੋਰ ਕਿੰਨੇ ਧਨੰਤਰ ਪਲਦੇ ਪਏ ਹਨ, ਸਾਡੇ ਵਿੱਚੋਂ ਕੋਈ ਨਹੀਂ ਜਾਣਦਾ। ਹੈਰਾਨੀ ਦੀ ਗੱਲ ਹੈ ਕਿ ਭਾਰਤ ਦੀ ਜਿਹੜੀ ਸਰਕਾਰ ਦੇਸ਼ ਦੇ ਕੋਨੇ-ਕੋਨੇ ਵਿੱਚ ਹੁੰਦੀ ਹਰ ਗੱਲ ਨੂੰ ਜਾਣਨ ਦਾ ਦਾਅਵਾ ਕਰਦੀ ਹੈ, ਉਹ ਆਪਣੇ ਪ੍ਰਛਾਵੇਂ ਹੇਠ ਬੈਠੇ ਹੋਏ ਇਹੋ ਜਿਹੇ ਲੋਕਾਂ ਬਾਰੇ ਕਦੀ ਵੀ ਵੇਲੇ ਸਿਰ ਨਹੀਂ ਜਾਣ ਸਕੀ। ਹੈ ਨਾ ਕਮਾਲ ਦੀ ਗੱਲ!
ਫਿਰ ਵਿਗੜੀ ਹੋਈ ਤਾਣੀ ਸੁਧਾਰਨ ਲਈ ਕੀਤਾ ਕੀ ਜਾਵੇ? ਇਸਦਾ ਇੱਕ ਤੋੜ ਕਿਸੇ ਵੇਲੇ ਅੰਨਾ ਹਜ਼ਾਰੇ ਵਾਲੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਨੇ ਪੇਸ਼ ਕੀਤਾ ਸੀ ਕਿ ਕੇਂਦਰੀ ਪੱਧਰ ਤੋਂ ਲੈ ਕੇ ਹਰ ਰਾਜ ਵਿੱਚ ਇੱਕ ਲੋਕਪਾਲ ਦਾ ਅਹੁਦਾ ਕਾਇਮ ਕੀਤਾ ਜਾਵੇ, ਜਿਹੜਾ ਹਰ ਮਾੜੇ ਕੰਮ ਉੱਤੇ ਅੱਖ ਰੱਖਿਆ ਕਰੇ। ਅੰਨ੍ਹਾ ਹਜ਼ਾਰੇ ਦਾ ਮਹਾਰਾਸ਼ਟਰ ਵਿੱਚ ਰਿਕਾਰਡ ਸੀ ਕਿ ਉਸ ਨੇ ਭ੍ਰਿਸ਼ਟਾਚਾਰ ਵਿਰੁੱਧ ਮੁੜ-ਮੁੜ ਮਰਨ-ਵਰਤ ਰੱਖ ਕੇ ਕਈ ਮੰਤਰੀਆਂ ਦੇ ਅਸਤੀਫਾ ਦਿਵਾਏ ਹੋਏ ਸਨ ਤੇ ਉਸ ਨੇ ਦਿੱਲੀ ਵਿੱਚ ਵੀ ਆਪਣੇ ਅੰਦੋਲਨ ਦੌਰਾਨ ਇੱਦਾਂ ਦਾ ਮਰਨ-ਵਰਤ ਰੱਖ ਲਿਆ ਸੀ। ਇਸਦੇ ਪ੍ਰਭਾਵ ਹੇਠ ਜਦੋਂ ਅੱਧੀ ਰਾਤ ਤਕ ਪਾਰਲੀਮੈਂਟ ਬੈਠੀ ਅਤੇ ਇੱਕ ਮਤਾ ਪਾਸ ਕਰ ਕੇ ਉਸ ਦੀਆਂ ਮੰਗਾਂ ਮੰਨ ਲੈਣ ਦਾ ਐਲਾਨ ਕਰਨ ਲਈ ਇੱਕ ਕੇਂਦਰੀ ਮੰਤਰੀ ਨੂੰ ਉਸ ਦੀ ਸਟੇਜ ਉੱਤੇ ਭੇਜਿਆ ਗਿਆ ਤਾਂ ਲੋਕਾਂ ਨੂੰ ਮਸਲਾ ਹੱਲ ਹੋ ਗਿਆ ਜਾਪਿਆ ਸੀ। ਪਿੱਛੋਂ ਇਸਦਾ ਵੀ ਕੋਈ ਖਾਸ ਸਿੱਟਾ ਨਹੀਂ ਨਿਕਲਿਆ, ਕਿਉਂਕਿ ਬਹੁਤੀਆਂ ਰਾਜ ਸਰਕਾਰਾਂ ਨੇ ਲੋਕਪਾਲ ਜਾਂ ਲੋਕਾਯੁਕਤ ਦੇ ਅਹੁਦੇ ਬਣਾ ਲਏ, ਪਰ ਉਨ੍ਹਾਂ ਉੱਤੇ ਕਿਸੇ ਜੱਜ ਦੀ ਨਿਯੁਕਤੀ ਕਦੇ ਨਹੀਂ ਸੀ ਕੀਤੀ ਤੇ ਜਿਹੜੀਆਂ ਰਾਜ ਸਰਕਾਰਾਂ ਇਹ ਨਿਯੁਕਤੀ ਕਰਨ ਤਕ ਗਈਆਂ, ਅਗਲੀ ਕਾਰਵਾਈ ਉਨ੍ਹਾਂ ਨੇ ਵੀ ਲੋਕਪਾਲ ਨੂੰ ਨਹੀਂ ਸੀ ਕਰਨ ਦਿੱਤੀ।
ਭਾਰਤ ਦੇ ਲੋਕਾਂ ਨੇ ਇਸਦਾ ਹੱਲ ਕੱਢਣਾ ਹੈ ਤਾਂ ਇਸਦੇ ਲਈ ਸਿਰਫ ਇੱਕ ਮਿਸਾਲ ਮਿਲ ਸਕਦੀ ਹੈ ਅਤੇ ਉਹ ਹੈ ਹਾਂਗ ਕਾਂਗ ਦਾ ‘ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕੁਰੱਪਸ਼ਨ।’ ਅੱਜ ਤੋਂ ਪੰਜਾਹ ਸਾਲ ਪਹਿਲਾਂ ਤਕ ਉਸ ਦੇਸ਼ ਵਿੱਚ ਭ੍ਰਿਸ਼ਟਾਚਾਰ ਇੰਨਾ ਜ਼ਿਆਦਾ ਸੀ ਕਿ ਉਸ ਨੂੰ ਦੁਨੀਆ ਭਰ ਦੇ ਸਭ ਤੋਂ ਵਿਗੜੇ ਦੇਸ਼ਾਂ ਵਿੱਚ ਗਿਣਿਆ ਜਾਂਦਾ ਸੀ, ਪਰ ਜਦੋਂ ਲੋਕ ਉੱਠ ਪਏ ਤਾਂ ਉਹੀ ਹਾਂਗ ਕਾਂਗ ਸਭ ਤੋਂ ਘੱਟ ਭ੍ਰਿਸ਼ਟਾਚਾਰ ਵਾਲੇ ਅੱਠ ਦੇਸ਼ਾਂ ਵਿੱਚ ਗਿਣਿਆ ਜਾਣ ਲੱਗਾ ਸੀ। ਲੋਕਾਂ ਦੀ ਲਹਿਰ ਦੇ ਦਬਾਅ ਹੇਠ ਬਣਿਆ ਉਹ ਕਮਿਸ਼ਨ ਵੀ ਸੌਖਾ ਨਹੀਂ ਸੀ ਚੱਲ ਸਕਿਆ, ਉਸ ਵਿੱਚ ਲਾਲਚੀ ਲੋਕ ਆ ਗਏ ਅਤੇ ਇੱਕ ਵਾਰੀ ਕਮਿਸ਼ਨ ਦੇ ਸਿਖਰਲੇ ਅਹੁਦੇਦਾਰਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਪਈ ਸੀ। ਅਜੋਕੇ ਹਾਂਗ ਕਾਂਗ ਦਾ ਚੀਨ ਦੀ ਚੌਧਰ ਦੇ ਹੇਠ ਕੀ ਹਾਲ ਹੈ, ਇਸਦੀ ਪੂਰੀ ਜਾਣਕਾਰੀ ਨਹੀਂ ਮਿਲਦੀ, ਪਰ ਇਸਦੀ ਲੋੜ ਸਾਨੂੰ ਹੈ ਵੀ ਨਹੀਂ, ਭਾਰਤ ਦੀ ਲੋੜ ਇਹੋ ਹੈ ਕਿ ਓਦਾਂ ਦੀ ਲਹਿਰ ਇਸ ਦੇਸ਼ ਦੇ ਲੋਕਾਂ ਵਿੱਚ ਫੈਲ ਜਾਵੇ ਕਿ ਭ੍ਰਿਸ਼ਟਾਚਾਰ ਦੇ ਕਿਸੇ ਵੀ ਪੱਧਰ ਨੂੰ ਬਰਦਾਸ਼ਤ ਕਰਨਾ ਪਾਪ ਸਮਝਣ ਲੱਗ ਜਾਣ। ਸੁਪਨਾ ਤਾਂ ਸੁਹਾਵਣਾ ਹੈ, ਪਰ ਜਿਸ ਦੇਸ਼ ਵਿੱਚ ਵਾਰ-ਵਾਰ ਕਦੀ ਕੋਈ ਧੀਰੇਂਦਰ ਬ੍ਰਹਮਚਾਰੀ, ਕਦੀ ਚੰਦਰਾ ਸਵਾਮੀ, ਕਦੀ ਕਿਰਨ ਪਟੇਲ ਤੇ ਕਦੀ ਸੰਜੇ ਸ਼ੇਰਪੁਰੀਆ ਉੱਠਣ ਦਾ ਰਿਵਾਜ ਪੱਕਾ ਪੈ ਚੁੱਕਾ ਹੋਵੇ, ਉਸ ਦੇਸ਼ ਵਿੱਚ ਇੱਦਾਂ ਦੀ ਪ੍ਰਵਿਰਤੀ ਆਮ ਲੋਕਾਂ ਵਿੱਚ ਪੈਦਾ ਹੋਣੀ ਅਜੇ ਬਹੁਤ ਦੂਰ ਦੀ ਗੱਲ ਜਾਪਦੀ ਹੈ ਅਤੇ ਇਹੋ ਗੱਲ ਇਸ ਦੇਸ਼ ਵਿੱਚ ਰਾਜ ਕਰਦੇ ਹਰ ਰੰਗ ਦੇ ਆਗੂਆਂ ਨੂੰ ਲਾਹੇਵੰਦੀ ਸਾਬਤ ਹੁੰਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3944)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)