“ਆਜ਼ਾਦੀ ਮਿਲਣ ਤੋਂ ਬਾਅਦ ਲੰਮਾ ਸਮਾਂ ਭਾਰਤ ਦੁਨੀਆ ਵਿੱਚ ਇੱਕ ਜਾਂ ਦੂਸਰੀ ਵੱਡੀ ਤਾਕਤ ਦਾ ਪਿਛਲੱਗ ਬਣਨ ਦੀ ਥਾਂ ...”
(31 ਅਕਤੂਬਰ 2023)
ਦੁਨੀਆ ਭਰ ਵਿੱਚ ਇਹੋ ਜਿਹੇ ਬਹੁਤ ਲੋਕ ਮਿਲ ਸਕਦੇ ਹਨ, ਜਿਹੜੇ ਕਹਿੰਦੇ ਹਨ ਕਿ ਅੱਗ ਨਾਲ ਖੇਡਣਾ ਆਖਰ ਨੂੰ ਚੰਗਾ ਸਾਬਤ ਨਹੀਂ ਹੋਇਆ ਕਰਦਾ। ਇਤਿਹਾਸ ਦੀ ਤ੍ਰਾਸਦੀ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਸੰਸਾਰ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਅੱਗ ਨਾਲ ਖੇਡਣਾ ਮਾੜਾ ਹੁੰਦਾ ਹੈ, ਉਹੋ ਜਿਹੇ ਕਈ ਲੋਕ ਇਹ ਗੱਲ ਕਹਿਣ ਤੋਂ ਬਾਅਦ ਜਾਂ ਕਹਿਣ ਤੋਂ ਪਹਿਲਾਂ ਖੁਦ ਅੱਗ ਨਾਲ ਖੇਡ ਕੇ ਵੇਖ ਚੁੱਕੇ ਜਾਂ ਖੇਡਣ ਦਾ ਸ਼ੌਕ ਪੂਰਾ ਕਰਨ ਚੱਲ ਪੈਂਦੇ ਰਹੇ ਸਨ। ਸਮਰਾਟ ਅਸ਼ੋਕ ਨੂੰ ਸ਼ਾਂਤੀ ਦਾ ਪੁਜਾਰੀ ਕਿਹਾ ਜਾਂਦਾ ਹੈ, ਪਰ ਕਾਲਿੰਗਾ ਦੀ ਜੰਗ ਦਾ ਇਤਿਹਾਸ ਪੜ੍ਹਿਆ ਜਾਵੇ ਤਾਂ ਇਹ ਸਮਝ ਪੈਂਦੀ ਹੈ ਕਿ ਜਦੋਂ ਦੂਸਰਿਆਂ, ਮਾੜਿਆਂ-ਧੀੜਿਆਂ ਤੇ ਕਮਜ਼ੋਰ ਰਿਆਸਤਾਂ ਵਾਲਿਆਂ ਨੂੰ ਕੁੱਟ ਲਿਆ ਤਾਂ ਉਨ੍ਹਾਂ ਸਭਨਾਂ ਨੂੰ ਵਿਰੋਧ ਕਰਨ ਜੋਗੇ ਨਾ ਛੱਡਣ ਮਗਰੋਂ ਉਹ ਸ਼ਾਂਤੀ ਦਾ ਪੁਜਾਰੀ ਬਣ ਗਿਆ ਸੀ। ਇਤਿਹਾਸ ਦਾ ਇਹ ਬਿਰਤਾਂਤ ਸਦੀਆਂ ਦੇ ਪੈਂਡੇ ਗਾਹੁਣ ਪਿੱਛੋਂ ਵੀ ਜਾਰੀ ਹੈ, ਮੋਰਚੇ ਬਦਲਦੇ ਅਤੇ ਮੋਰਚਿਆਂ ਦੇ ਸਿਪਾਹੀ ਬਦਲਦੇ ਹਨ, ਜੰਗਾਂ ਦੀ ਲੜੀ ਨਹੀਂ ਟੁੱਟਦੀ।
ਸਾਡੀ ਪੀੜ੍ਹੀ ਦੇ ਲੋਕਾਂ ਵੱਲੋਂ ਸੁਰਤ ਸੰਭਾਲਣ ਤਕ ਇਹ ਚਰਚਾ ਸੁਣਨ ਨੂੰ ਮਿਲਦੀ ਸੀ ਕਿ ਬਸਰੇ ਦੀ ਲਾਮ ਜਦੋਂ ਲੱਗ ਗਈ ਤਾਂ ਪਿੰਡਾਂ ਵਿੱਚੋਂ ਪੱਗ-ਬੰਨ੍ਹ ਗੱਭਰੂਆਂ ਨੂੰ ਧੱਕੋ-ਧੱਕੀ ਭਰਤੀ ਕਰ ਕੇ ਉਸ ਲਾਮ ਦੇ ਮੋਰਚੇ ਉੱਤੇ ਲੜਨ ਅਤੇ ਮਰਨ ਲਈ ਭੇਜਿਆ ਜਾਂਦਾ ਰਿਹਾ ਸੀ। ਉਨ੍ਹਾਂ ਦੇ ਜਾਣ ਵੇਲੇ ਘਰ ਮੁੜ ਕੇ ਆਉਣ ਦਾ ਯਕੀਨ ਨਹੀਂ ਸੀ ਹੁੰਦਾ ਅਤੇ ਉਦੋਂ ਜੰਗ ਵਿੱਚ ਮਰਨ ਵਾਲਿਆਂ ਦੀਆਂ ਲਾਸ਼ਾਂ ਵੀ ਅੱਜ ਵਾਂਗ ਘਰ ਨਹੀਂ ਸੀ ਭੇਜੀਆਂ ਜਾਂਦੀਆਂ। ਸਿਰਫ ਸੁਨੇਹਾ ਮਿਲਦਾ ਹੁੰਦਾ ਸੀ ਕਿ ਫਲਾਣਾ ਬੰਦਾ ਫਲਾਣੇ ਮੋਰਚੇ ਉੱਤੇ ਮਾਰਿਆ ਗਿਆ। ਵਾਰਸ ਦਿਲ ਕਰੜਾ ਕਰ ਕੇ ਜਰ ਲੈਂਦੇ ਹੁੰਦੇ ਸਨ। ਉਹ ਤਾਂ ਹਾਲਾਤ ਅਸੀਂ ਸਿਰਫ ਸੁਣੇ ਸਨ, ਪਾਕਿਸਤਾਨ ਨਾਲ ਪਹਿਲੀ ਜੰਗ ਦਾ ਮਾੜਾ-ਮੋਟਾ ਜਿਹਾ ਚੇਤਾ ਹੈ, ਦੂਸਰੀ ਜੰਗ ਦੌਰਾਨ ਬੰਗਲਾ ਦੇਸ਼ ਜਦੋਂ ਬਣਿਆ, ਉਦੋਂ ਅਸੀਂ ਪੂਰੀ ਹੋਸ਼ ਵਿੱਚ ਸਾਂ। ਜੰਗਾਂ ਵਿੱਚ ਚੱਲਦੇ ਗੋਲਿਆਂ ਦਾ ਖੜਾਕ ਚੇਤੇ ਹੈ ਤੇ ਜੰਗੀ ਕੈਦੀਆਂ ਦੀਆਂ ਗੱਡੀਆਂ ਲੰਘੀਆਂ ਦਾ ਵੀ ਚੇਤਾ ਹੈ। ਜਿਹੜੇ ਭਾਰਤੀ ਫੌਜੀ ਪਾਕਿਸਤਾਨ ਦੀ ਕੈਦ ਵਿੱਚ ਚਲੇ ਗਏ, ਉਨ੍ਹਾਂ ਦੇ ਪਰਿਵਾਰਾਂ ਵਿੱਚੋਂ ਕੁਝ ਨੂੰ ਮਿਲਣ ਦਾ ਸਬੱਬ ਉਦੋਂ ਵੀ ਬਣਿਆ ਸੀ ਤੇ ਉਸ ਔਰਤ ਨੂੰ ਵੀ ਕੁਝ ਸਾਲ ਪਹਿਲਾਂ ਮਿਲਿਆ ਸਾਂ, ਜਿਸਦਾ ਪਤੀ ਉਸ ਜੰਗ ਵਿੱਚ ਗੁੰਮ ਹੋ ਗਿਆ ਸੀ ਅਤੇ ਅੱਜ ਬਵੰਜਾ ਸਾਲ ਬਾਅਦ ਵੀ ਗੁਮਨਾਮ ਚਿੱਠੀਆਂ ਮਿਲਣ ਤੋਂ ਪਤਾ ਲੱਗਦਾ ਹੈ ਕਿ ਉਹ ਜਿੰਦਾ ਹੈ। ਪਾਕਿਸਤਾਨੀ ਫੌਜ ਨੇ ਉਦੋਂ ਬੇਈਮਾਨੀ ਕੀਤੀ, ਭਾਰਤ ਦੇ ਸਾਰੇ ਜੰਗੀ ਕੈਦੀ ਦੇਣ ਦੀ ਥਾਂ ਉੱਥੋਂ ਦੇ ਜਰਨੈਲਾਂ ਨੇ ਕੁਝ ਸਖਤ ਜੁੱਸੇ ਵਾਲਿਆਂ ਨੂੰ ਬਾਹਰੋਂ-ਬਾਹਰ ਆਪਣੇ ਖੇਤੀ ਫਾਰਮਾਂ ਵਿੱਚ ਪਹੁੰਚਾਇਆ ਸੀ ਤੇ ਅੱਜ ਤਕ ਬੰਧੂਆ ਮਜ਼ਦੂਰ ਬਣਾ ਕੇ ਉਨ੍ਹਾਂ ਤੋਂ ਕੰਮ ਕਰਾਈ ਜਾਂਦੇ ਹਨ। ਜਦੋਂ ਕੋਈ ਭਾਰਤੀ ਕੈਦੀ ਉੱਥੋਂ ਛੁੱਟਦਾ ਹੈ ਤਾਂ ਬਹੁਤ ਕੁਝ ਦੱਸਦਾ ਹੈ, ਪਰ ਭਾਰਤ ਸਰਕਾਰ ਦੇ ਦਖਲ ਦੇ ਬਾਵਜੂਦ ਪਾਕਿਸਤਾਨ ਸਰਕਾਰ ਇਸ ਸੱਚ ਨੂੰ ਨਹੀਂ ਮੰਨਦੀ।
ਅਸੀਂ ਉਨ੍ਹਾਂ ਲੋਕਾਂ ਵਿੱਚੋਂ ਹਾਂ, ਜਿਹੜੇ ਸਰਕਾਰਾਂ ਦੇ ਕੰਮਾਂ ਵਿੱਚ ਦਖਲ ਨਹੀਂ ਦੇ ਸਕਦੇ, ਪਰ ਇਹੋ ਜਿਹੇ ਭਾਣੇ ਨੂੰ ਜਾਂ ਤਾਂ ਭੁਗਤਦੇ ਹਨ ਜਾਂ ਭੁਗਤਣ ਤੋਂ ਬਚੇ ਰਹਿਣ ਤਾਂ ਜੰਗਾਂ ਦੀ ਗੰਭੀਰਤਾ ਜਾਣਦੇ ਅਤੇ ਇਸ ਗੱਲ ਲਈ ਆਵਾਜ਼ ਚੁੱਕਦੇ ਹਨ ਕਿ ਇਹ ਕੁਝ ਮੁੜ-ਮੁੜ ਨਹੀਂ ਹੋਣਾ ਚਾਹੀਦਾ। ਸਾਨੂੰ ਜਦੋਂ ਬਚਪਨ ਵਿੱਚ ਬਸਰੇ ਦੀ ਲਾਮ ਬਾਰੇ ਦੱਸਿਆ ਜਾਂਦਾ ਸੀ, ਉਦੋਂ ਪਹਿਲੀ ਤੇ ਦੂਸਰੀ ਸੰਸਾਰ ਜੰਗ ਦਾ ਪਤਾ ਨਹੀਂ ਸੀ ਤੇ ਜਦੋਂ ਜੰਗਾਂ ਦਾ ਪਤਾ ਲੱਗਾ ਤਾਂ ਬਹੁਤ ਕੁਝ ਹੋਰ ਇਹੋ ਜਿਹਾ ਸਮਝ ਦਾ ਹਿੱਸਾ ਬਣਿਆ, ਜਿਹੜਾ ਦੱਸਦਾ ਸੀ ਕਿ ਆਪਣੇ ਆਪ ਨੂੰ ਸੱਭਿਅਕ ਕਹਾਉਣ ਵਾਲਾ ਮਨੁੱਖ ਜਦੋਂ ਵਹਿਸ਼ੀਪੁਣੇ ਉੱਤੇ ਆ ਜਾਵੇ ਤਾਂ ਕਿਸੇ ਵੀ ਹੱਦ ਤਕ ਜਾ ਸਕਦਾ ਹੈ। ਹਿਟਲਰ ਤੇ ਉਸ ਦੇ ਜੰਗਬਾਜ਼ ਸਾਥੀਆਂ ਨੇ ਜਿਹੜਾ ਵਹਿਸ਼ੀਪੁਣਾ ਕੀਤਾ ਸੀ, ਉਹ ਜਿਹੜੇ ਲੋਕਾਂ ਨੇ ਭੁਗਤਿਆ, ਉਹ ਸਾਰੀ ਉਮਰ ਉਸ ਦਾ ਚੇਤਾ ਕਰ ਕੇ ਕੰਬ ਜਾਂਦੇ ਰਹੇ ਸਨ, ਪਰ ਉਨ੍ਹਾਂ ਪੀੜਤਾਂ ਦੀ ਅਗਲੀ ਪੀੜ੍ਹੀ ਵੀ ਅਜੋਕੇ ਹਾਲਾਤ ਵਿੱਚ ਉਦੋਂ ਦੇ ਸਬਕ ਸਿੱਖਣ ਤੇ ਸਮਝ ਕੇ ਚੱਲਣ ਦੀ ਥਾਂ ਜਾਂ ਹਿਟਲਰ ਦੇ ਪੈਰੋਕਾਰ ਬਣੀ ਜਾਂ ਉਨ੍ਹਾਂ ਦੇ ਬਦਲੇ ਦੀ ਅੱਗ ਵਿੱਚ ਸੜ ਰਹੀ ਹੈ। ਇਹੋ ਕਾਰਨ ਹੈ ਕਿ ਦੋ ਸੰਸਾਰ ਜੰਗਾਂ ਦੀ ਤਬਾਹੀ ਹੋਈ ਵੇਖਣ ਮਗਰੋਂ ਜਿਹੜੀ ਦੁਨੀਆ ਅੱਗੋਂ ਵਾਸਤੇ ਅਮਨ ਲਈ ਆਸ ਕਰਨ ਲੱਗ ਪਈ ਸੀ, ਨਵੇਂ ਹਾਲਾਤ ਵਿੱਚ ਫਿਰ ਉਸੇ ਤਰ੍ਹਾਂ ਦੇ ਸੰਸਿਆਂ ਅਤੇ ਸ਼ੰਕਿਆਂ ਦੇ ਵਲਾਵੇਂ ਵਿੱਚ ਆਉਂਦੀ ਦਿਸ ਰਹੀ ਹੈ। ਰੂਸ ਅਤੇ ਯੂਕਰੇਨ ਦੀ ਜੰਗ ਇਸਦਾ ਪਹਿਲਾ ਚੰਗਿਆੜਾ ਸੀ ਤੇ ਇਸਰਾਈਲ-ਫਲਸਤੀਨ ਜੰਗ ਦੂਸਰਾ ਚੰਗਿਆੜਾ ਬਣਦੀ ਲਗਦੀ ਹੈ।
ਵੱਡੀਆਂ ਤਾਕਤਾਂ ਨੂੰ ਇਨ੍ਹਾਂ ਜੰਗਾਂ ਦੀ ਚਿੰਤਾ ਨਹੀਂ, ਉਹ ਸਿਰਫ ਚਿੰਤਾ ਦਾ ਵਿਖਾਵਾ ਕਰਦੀਆਂ ਹਨ। ਅਸਲ ਵਿੱਚ ਉਨ੍ਹਾਂ ਲਈ ਇਹ ਜੰਗਾਂ ਵੀ ਮੁਨਾਫੇ ਦਾ ਸੌਦਾ ਹਨ। ਜਿਹੜੀ ਧਿਰ ਦੀ ਮਦਦ ਕਰਨੀ ਹੈ, ਉਸ ਨੂੰ ਕੁਝ ਹਥਿਆਰ ਭੇਜ ਕੇ ਸੰਸਾਰ ਦੇ ਬਾਕੀ ਦੇਸ਼ਾਂ ਅੱਗੇ ਉਨ੍ਹਾਂ ਹਥਿਆਰਾਂ ਨੂੰ ਚੱਲਦੇ ਵਿਖਾ ਕੇ ਪ੍ਰਦਰਸ਼ਨੀ ਕਰਨੀ ਹੈ ਤਾਂ ਕਿ ਉਨ੍ਹਾਂ ਦਾ ਮਾਰੂ-ਪੁਣਾ ਸਮਝਣ ਦੇ ਬਾਅਦ ਉਹ ਦੇਸ਼ ਇਸ ਮਾਲ ਨੂੰ ਖਰੀਦਣ ਲਈ ਆਪਣੇ ਲੋਕਾਂ ਦੀ ਕਮਾਈ ਦੀ ਛੱਲੀ-ਪੂਣੀ ਦਾਅ ਉੱਤੇ ਲਾਈ ਜਾਣ। ਯੂਕਰੇਨੀ ਲੋਕ ਮੌਤ ਦੇ ਮੂੰਹ ਆਏ ਤਾਂ ਇਨ੍ਹਾਂ ਤਾਕਤਾਂ ਨੇ ਹਥਿਆਰਾਂ ਦੀ ਪ੍ਰਦਰਸ਼ਨੀ ਦਾ ਚੋਖਾ ਕੰਮ ਕਰ ਲਿਆ, ਰਹਿੰਦਾ ਕੰਮ ਇਸਰਾਈਲ ਦੀ ਜੰਗ ਵਿੱਚ ਚੱਲਦੇ ਹਥਿਆਰਾਂ ਦੀਆਂ ਸੀਡੀਜ਼ ਵਿਖਾ ਕੇ ਹੋ ਜਾਣਾ ਹੈ। ਪ੍ਰਚਾਰਿਆ ਇਹ ਜਾਂਦਾ ਹੈ ਕਿ ਆਰਾਮ ਨਾਲ ਵਸਦੇ ਇਸਰਾਈਲ ਉੱਤੇ ਹਮਾਸ ਵਾਲਿਆਂ ਨੇ ਐਵੇਂ ਹਮਲਾ ਕਰ ਦਿੱਤਾ ਤੇ ਇਸਰਾਈਲ ਆਪਣੇ ਬਚਾ ਦੀ ਲੜਾਈ ਲੜ ਰਿਹਾ ਹੈ, ਪਰ ਜਿਹੜੇ ਅਰਬ ਦੇਸ਼ਾਂ ਨਾਲ ਦੁਨੀਆ ਦੀ ਇਕਲੌਤੀ ਮਹਾਂਸ਼ਕਤੀ ਅਖਵਾਉਂਦੇ ਅਮਰੀਕਾ ਦਾ ਬਾਹਲਾ ਨੇੜ ਹੋ ਚੁੱਕਾ ਸੀ, ਉਹ ਝਾਂਸੇ ਵਿੱਚ ਨਹੀਂ ਆਏ। ਉਨ੍ਹਾਂ ਵਿੱਚੋਂ ਕੁਝ ਦੇਸ਼ ਖੁੱਲ੍ਹੇ ਰੂਪ ਵਿੱਚ ਅਤੇ ਕੁਝ ਚੁੱਪ ਰਹਿ ਕੇ ਵੀ ਉਸ ਧਿਰ ਦੀ ਮਦਦ ਕਰਦੇ ਹਨ, ਜਿਹੜੀ ਇਸ ਵਕਤ ਮਾਰ ਹੇਠ ਹੈ। ਸੰਸਾਰ ਦੀ ਪੰਚਾਇਤ ਦਾ ਰੂਪ ਸਮਝੀ ਜਾਂਦੀ ਯੂ ਐੱਨ ਓ ਦੇ ਸੈਕਟਰੀ ਜਨਰਲ ਨੇ ਇਸਰਾਈਲ ਵੱਲੋਂ ਤਾਕਤ ਦੀ ਬੇਲਗਾਮ ਵਰਤੋਂ ਦੀ ਨਿੰਦਾ ਕੀਤੀ ਤਾਂ ਇਸ ਨੂੰ ਵੀ ਇਸਰਾਈਲ ਦੇ ਜੰਗਬਾਜ਼ਾਂ ਨੇ ਆਪਣੇ ਖਿਲਾਫ ‘ਹਮਲਾਵਰ ਧਿਰ’ ਦੀ ਮਦਦ ਕਰਨਾ ਮੰਨ ਕੇ ਸੰਸਾਰ ਦੀ ਇਸ ਸਰਬ ਸਾਂਝੀ ਜਥੇਬੰਦੀ ਦੇ ਅਹੁਦੇਦਾਰਾਂ ਅਤੇ ਕਰਮਚਾਰੀਆਂ ਲਈ ਵੀਜ਼ੇ ਦੇਣੇ ਬੰਦ ਕਰ ਦਿੱਤੇ ਹਨ। ਪਿੰਡਾਂ ਵਿੱਚ ਇਸ ਤਰ੍ਹਾਂ ਦੀ ਹਰਕਤ ਨੂੰ ‘ਵਿਹੁ’ ਵਿੱਚ ਆਉਣਾ ਅਤੇ ਸਮੁੱਚੇ ਪਿੰਡ ਨੂੰ ‘ਟਿੱਚ ਜਾਣਨਾ’ ਕਹਿੰਦੇ ਹਨ। ਇੱਦਾਂ ਦਾ ਕੰਮ ਕਰਨ ਵਾਲੇ ਬੰਦੇ ਦੀ ਪਿੱਠ ਉੱਤੇ ਕਿਸੇ ਵੱਡੀ ਧਿਰ ਦੀ ਸ਼ਹਿ ਹੁੰਦੀ ਹੈ। ਇਸਰਾਈਲ ਕਿਹੜੀ ਖਾਸ ਧਿਰ ਦੀ ਸ਼ਹਿ ਉੱਤੇ ਇੱਡੀ ਹਮਲਾਵਰੀ ਕਰਦਾ ਹੈ ਜਾਂ ਕਿਸ ਦੀ ਸ਼ਹਿ ਉੱਤੇ ਸੰਸਾਰ ਦੀ ਪੰਚਾਇਤ ਨੂੰ ਅੱਖਾਂ ਵਿਖਾਉਂਦਾ ਹੈ, ਸਾਰੀ ਦੁਨੀਆ ਜਾਣਦੀ ਹੈ।
ਅਕਤੂਬਰ ਦਾ ਆਖਰੀ ਹਫਤਾ ਤਾਂ ਇੱਕ ਹੋਰ ਪੜਾਅ ਪਾਰ ਕਰਨ ਵਾਲਾ ਸਾਬਤ ਹੋਇਆ ਹੈ। ਅਮਰੀਕਾ ਨੇ ਇਸ ਹਫਤੇ ਦੌਰਾਨ ਅਚਾਨਕ ਸੀਰੀਆ ਉੱਤੇ ਵੀ ਹਵਾਈ ਹਮਲਾ ਜਾ ਕੀਤਾ ਹੈ। ਇਸ ਵੇਲੇ ਇੱਕ ਪਾਸੇ ਉਸ ਦੇ ਇਸ਼ਾਰੇ ਉੱਤੇ ਯੂਕਰੇਨ ਦੀ ਸਰਕਾਰ ਗਵਾਂਢ ਵਿਚਲੀ ਸੰਸਾਰ ਪੱਧਰੀ ਤਾਕਤ ਰੂਸ ਨਾਲ ਆਢਾ ਲਾਈ ਬੈਠੀ ਹੈ। ਦੂਜੇ ਪਾਸੇ ਇਸਰਾਈਲ ਨੂੰ ਇਹ ਥਾਪੜਾ ਦੇ ਰੱਖਿਆ ਹੈ ਕਿ ਫਲਸਤੀਨੀਆਂ ਦੇ ਖਿਲਾਫ ਜੋ ਮਰਜ਼ੀ ਕਰੀ ਜਾਵੇ, ਸੰਸਾਰ ਦੀ ਪੰਚਾਇਤ ਜਦੋਂ ਕਦੀ ਕੋਈ ਮਤਾ ਉਸ ਦੇ ਖਿਲਾਫ ਪਾਸ ਕਰਨ ਲੱਗੇਗੀ, ਭਾਵੇਂ ਅਮਨ ਦੀ ਅਪੀਲ ਹੀ ਹੋਵੇ, ਅਮਰੀਕਾ ਉਸ ਨੂੰ ਪਾਸ ਕਰਨ ਤੋਂ ਰੋਕਣ ਲਈ ਵੀਟੋ ਤਾਕਤ ਵਰਤੋਂ ਕਰੇਗਾ। ਰਹੀ ਕਸਰ ਅਮਰੀਕਾ ਵੱਲੋਂ ਇੱਕ ਹੋਰ ਜੰਗ, ਸੀਰੀਆ ਉੱਤੇ ਹਵਾਈ ਹਮਲੇ ਵਾਲੀ ਜੰਗ, ਵੀ ਪੂਰੀ ਕਰ ਸਕਦੀ ਹੈ ਅਤੇ ਲੱਗਦਾ ਹੈ ਕਿ ਇਹ ਚੋਖੀ ਅੱਗੇ ਵਧ ਸਕਦੀ ਹੈ। ਜੇ ਇਹ ਵਧਦੀ ਗਈ ਤਾਂ ਪਹਿਲੀਆਂ ਚੱਲ ਰਹੀਆਂ ਦੋ ਜੰਗਾਂ ਤੋਂ ਵੀ ਸੰਸਾਰ ਦੇ ਅਮਨ ਲਈ ਵੱਧ ਖਤਰਨਾਕ ਹੋ ਸਕਦੀ ਹੈ। ਅਮਰੀਕਾ ਪਹਿਲਾਂ ਵੀ ਜਦੋਂ ਕਿਸੇ ਜੰਗ ਵਿੱਚ ਕੁੱਦ ਪਵੇ, ਉਹ ਵੀਅਤਨਾਮ ਉੱਤੇ ਕਬਜ਼ੇ ਦੀ ਜੰਗ ਹੋਵੇ ਜਾਂ ਇਰਾਕ ਉੱਤੇ ਕਬਜ਼ੇ ਵਾਲੀ ਤੇ ਜਾਂ ਫਿਰ ਅਫਗਾਨਿਸਤਾਨ ਵਿੱਚ ਜਾ ਵੜਨ ਵਾਲੀ, ਜਿੱਤ ਭਾਵੇਂ ਉਹ ਕਦੇ ਨਹੀਂ ਸਕਿਆ, ਹਰ ਵਾਰੀ ਕੁੱਟ ਖਾਣ ਪਿੱਛੋਂ ਵਾਪਸ ਆਉਣ ਦਾ ਰਾਹ ਲੱਭਦਾ ਰਿਹਾ ਹੈ, ਪਰ ਉਹ ਜੰਗ ਕਦੀ ਛੇਤੀ ਨਹੀਂ ਸਮੇਟੀ ਗਈ, ਲਮਕਵੀਂ ਜੰਗ ਹੁੰਦੀ ਹੈ। ਇਸ ਵਾਰੀ ਉਹ ਜਦੋਂ ਸੀਰੀਆ ਵੱਲ ਗਿਆ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਮੋਰਚਾ ਇਹ ਵੀ ਲੰਮਾ ਹੋ ਸਕਦਾ ਹੈ।
ਇਹ ਵਕਤ ਭਾਰਤ ਅਤੇ ਉਸ ਵਰਗੇ ਹੋਰ ਦੇਸ਼ਾਂ ਲਈ ਬੜਾ ਸੰਭਲ ਕੇ ਚੱਲਣ ਦਾ ਹੈ। ਪਿਛਲੇ ਸਮੇਂ ਵਿੱਚ ਭਾਰਤ ਸਰਕਾਰ ਨੇ ਮੌਜੂਦਾ ਹਕੂਮਤ ਹੇਠ ਹੋਰ ਕਈ ਗੱਲਾਂ ਦੇ ਨਾਲ ਨਾਲ ਅਮਰੀਕਾ ਨਾਲ ਨੇੜਤਾ ਫੌਜੀ ਖੇਤਰ ਵਿੱਚ ਵੀ ਬਹੁਤ ਵਧਾਈ ਹੈ। ਇੱਕ ਦੂਸਰੇ ਦੇ ਹਵਾਈ ਅੱਡੇ ਵਰਤਣ ਤਕ ਦੀ ਸਹਿਮਤੀ ਦੀਆਂ ਗੱਲਾਂ ਸੁਣੀਆਂ ਗਈਆਂ ਹਨ। ਅਮਰੀਕਾ ਜਦੋਂ ਕਦੀ ਏਸ਼ੀਆ ਵਿੱਚ ਕਿਸੇ ਥਾਂ ਰੱਫੜ ਪਾਉਣ ਲਈ ਆਵੇਗਾ, ਉਸ ਨੂੰ ਭਾਰਤ ਦੀ ਲੋੜ ਪੈ ਸਕਦੀ ਹੈ, ਭਾਰਤ ਨੂੰ ਕਦੇ ਵੀ ਉਸ ਦੇ ਗਵਾਂਢ ਵਿੱਚ ਜਾ ਕੇ ਕਿਸੇ ਨਾਲ ਲੜਨ ਦੀ ਲੋੜ ਨਹੀਂ ਪੈਣ ਲੱਗੀ ਤੇ ਅਮਰੀਕੀ ਸਾਂਝ ਵੀ ਇਹੋ ਜਿਹੇ ਸਮੇਂ ਕੰਮ ਨਹੀਂ ਆ ਸਕਦੀ। ਜਦੋਂ ਇਹੋ ਜਿਹਾ ਸਮਾਂ ਕਦੇ ਨਹੀਂ ਆਉਣਾ ਤਾਂ ਇਹ ਸਾਂਝ ਬੇਲੋੜੀ ਹੈ।
ਆਜ਼ਾਦੀ ਮਿਲਣ ਤੋਂ ਬਾਅਦ ਲੰਮਾ ਸਮਾਂ ਭਾਰਤ ਦੁਨੀਆ ਵਿੱਚ ਇੱਕ ਜਾਂ ਦੂਸਰੀ ਵੱਡੀ ਤਾਕਤ ਦਾ ਪਿਛਲੱਗ ਬਣਨ ਦੀ ਥਾਂ ਗੁੱਟ ਨਿਰਪੱਖ ਦੇਸ਼ਾਂ ਦੇ ਗਰੁੱਪ ਦੇ ਮੋਹਰੀ ਵਜੋਂ ਪਛਾਣਿਆ ਜਾਂਦਾ ਰਿਹਾ ਸੀ। ਇਸ ਵਕਤ ਉਸ ਦੀ ਇਹ ਦਿੱਖ ਨਹੀਂ ਰਹੀ। ਦੁਨੀਆ ਦੇ ਬਹੁਤ ਸਾਰੇ ਦੇਸ਼ ਅੱਜ ਉਸੇ ਭਾਰਤ ਨੂੰ ਅਮਰੀਕਾ ਦੀ ਚੁੱਪ ਹਿਮਾਇਤ ਵਾਲਾ ਸਮਝਦੇ ਜਾਪਦੇ ਹਨ। ਇਸਰਾਈਲ-ਫਲਸਤੀਨ ਵਾਲੇ ਮੋਰਚੇ ਬਾਰੇ ਭਾਰਤ ਸਰਕਾਰ ਦਾ ਸਟੈਂਡ ਗੁੱਟ-ਨਿਰਪੱਖਤਾ ਵਾਲਾ ਨਹੀਂ ਦਿਸਦਾ, ਸਗੋਂ ਇਸਰਾਈਲ-ਅਮਰੀਕਾ ਧਿਰ ਵੱਲ ਨੂੰ ਝੁਕਿਆ ਦਿਖਾਈ ਦਿੰਦਾ ਹੈ। ਇਹ ਨਹੀਂ ਸੀ ਹੋਣਾ ਚਾਹੀਦਾ, ਪਰ ਲੋਕ ਸਮਝਦੇ ਹਨ ਕਿ ਇਹ ਹੋ ਰਿਹਾ ਹੈ। ਕੱਲ੍ਹ ਨੂੰ ਇਸ ਸਟੈਂਡ ਦੇ ਕਾਰਨ ਭਾਰਤ ਨਾ ਚਾਹੁੰਦੇ ਹੋਏ ਵੀ ਜੰਗ ਵਿੱਚ ਧੂਹਿਆ ਗਿਆ ਤਾਂ ਭਾਰਤ ਦੇ ਲੋਕ ਦੁਖੀ ਹੋਣਗੇ।
ਸੰਸਾਰ ਇਤਿਹਾਸ ਦੇ ਸਿਆਣੇ ਬੰਦਿਆਂ ਬਾਰੇ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਉਹ ਕਹਿੰਦੇ ਸਨ ਕਿ ਅੱਗ ਨਾਲ ਖੇਡਣਾ ਚੰਗਾ ਨਹੀਂ ਹੋਇਆ ਕਰਦਾ। ਸਮਾਂ ਪਾ ਕੇ ਉਹ ਹੀ ਸਿਆਣੇ ਬੰਦੇ ਅੱਗ ਨਾਲ ਖੇਡ ਵੀ ਲੈਂਦੇ ਸਨ। ਭਾਰਤ ਅੱਜ ਦੇ ਹਾਲਾਤ ਵਿੱਚ ਇਹੋ ਜਿਹੇ ਕਿਸੇ ਸ਼ੌਕ ਤੋਂ ਬਚਿਆ ਰਹੇ ਤਾਂ ਚੰਗਾ ਹੈ। ਸਮਾਜ ਵਿੱਚ ਕੁਝ ਲੋਕਾਂ ਬਾਰੇ ਇਹ ਸੁਣੀਂਦਾ ਹੈ ਕਿ ਉਨ੍ਹਾਂ ਦਾ ਨੇੜ ਵੀ ਮਾੜਾ ਤੇ ਉਨ੍ਹਾਂ ਨਾਲ ਵਿਗਾੜ ਵੀ ਮਾੜਾ ਹੈ। ਇਹੋ ਗੱਲ ਦੁਨੀਆ ਦੇ ਕੁਝ ਵੱਡ-ਤਾਕਤੀ ਵਹਿਮ ਵਾਲੇ ਦੇਸ਼ਾਂ ਬਾਰੇ ਠੀਕ ਮੰਨੀ ਜਾ ਸਕਦੀ ਹੈ। ਇੱਦਾਂ ਦੇ ਲੋਕਾਂ ਦਾ ਚਿਹਰਾ ਅਮਰੀਕਾ ਨੂੰ ਮੰਨਿਆ ਜਾ ਸਕਦਾ ਹੈ। ਭਾਰਤ ਨੂੰ ਇੱਦਾਂ ਦੇ ਦੇਸ਼ਾਂ ਨਾਲ ਦੂਰੀ ਨਹੀਂ ਰੱਖਣੀ ਚਾਹੀਦੀ, ਪਰ ਚੇਤੇ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਦਾ ਨੇੜ ਵੀ ਚੰਗਾ ਨਹੀਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4437)
(ਸਰੋਕਾਰ ਨਾਲ ਸੰਪਰਕ ਲਈ: (