JatinderPannu7ਇਨ੍ਹਾਂ ਸਥਿਤੀਆਂ ਦੇ ਕਾਰਨ ਪੰਜਾਬ ਦੀ ਇਸ ਵਾਰ ਦੀ ਵਿਧਾਨ ਸਭਾ ਚੋਣ ਅਸਲੋਂ ਨਵੇਂ ਰੰਗ ਦਿਖਾਉਣ ਵਾਲੀ 
(16 ਜਨਵਰੀ 2022)

 

ਪੰਜਾਬ ਸਮੇਤ ਪੰਜਾਂ ਰਾਜਾਂ ਦੀਆਂ ਚੋਣਾਂ ਵਿੱਚ ਕਿਹੜੇ ਰਾਜ ਵਿੱਚ ਕਿਹੜੀ ਧਿਰ ਦੀ ਜਿੱਤ ਹੋਵੇਗੀ, ਇਸ ਗੱਲ ਦੀ ਭਵਿੱਖਬਾਣੀ ਤੇ ਸਰਵੇਖਣੀ ਅੰਦਾਜ਼ੇ ਲਾਉਣ ਵਾਲੇ ਅਗੇਤੇ ਸਰਗਰਮ ਹੋਣ ਲੱਗ ਪਏ ਹਨਹਾਲਾਤ ਹਰ ਰਾਜ ਲਈ ਉੱਥੋਂ ਦੀਆਂ ਸਮੱਸਿਆਵਾਂ ਮੁਤਾਬਕ ਜਿਸ ਟਕਰਾਅ ਦੇ ਸੰਕੇਤ ਸਭ ਥਾਂ ਵੱਖੋ-ਵੱਖ ਦੇ ਰਹੇ ਹਨ, ਉੱਥੋਂ ਸਾਫ ਜਾਪਦਾ ਹੈ ਕਿ ਇਸ ਵਾਰੀ ਕੇਂਦਰ ਵਿੱਚ ਰਾਜ ਕਰਦੀ ਭਾਜਪਾ ਦਾ ‘ਮੋਦੀ ਹੈ ਤੋਂ ਮੁਮਕਿਨ ਹੈ’ ਵਾਲਾ ਨਾਅਰਾ ਪਹਿਲਾਂ ਵਾਂਗ ਨਹੀਂ ਚੱਲਣਾ ਅਤੇ ਨਤੀਜੇ ਅਸਲੋਂ ਹੈਰਾਨ ਕਰਨ ਵਾਲੇ ਨਿਕਲ ਸਕਦੇ ਹਨਫਿਰ ਵੀ ਇਹ ਗੱਲ ਇਨ੍ਹਾਂ ਸਾਰੇ ਰਾਜਾਂ ਵਿਚਲੇ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਬੈਠੇ ਹੋਏ ਕਈ-ਕਈ ਚੋਣਾਂ ਦੇ ਤਜਰਬੇ ਵਾਲੇ ਪੱਤਰਕਾਰ ਆਪਸੀ ਗੱਲਬਾਤ ਵਿੱਚ ਮੰਨ ਰਹੇ ਹਨ ਕਿ ਹਰ ਥਾਂ ਆਮ ਲੋਕਾਂ ਵਿਚਲੀ ਬੇਚੈਨੀ ਇਸ ਵਾਰੀ ਕਿਸੇ ਇੱਕੋ ਧਿਰ ਦੇ ਪੱਖ ਵਿੱਚ ਭੁਗਤਣ ਵਾਲੀ ਨਹੀਂ ਦਿਸਦੀ ਤੇ ਬਹੁਤੇ ਥਾਂਈਂ ਵੰਡਵੇਂ ਫਤਵੇ ਦੇ ਸਕਦੀ ਹੈਸਾਡੇ ਪੰਜਾਬ ਵਿੱਚ ਹਾਲਾਤ ਕਈ ਲੋਕਾਂ ਨੂੰ ਇੱਦਾਂ ਦੇ ਨਹੀਂ ਜਾਪਦੇ ਅਤੇ ਉਹ ਇੱਕ ਖਾਸ ਧਿਰ ਦੇ ਪੱਖ ਵਿੱਚ ਆਮ ਲੋਕਾਂ ਵਿੱਚ ਰੁਝਾਨ ਵੇਖਣ ਦੀ ਗੱਲ ਕਹਿੰਦੇ ਹਨ, ਜਦ ਕਿ ਕੁਝ ਹੋਰ ਸੱਜਣ ਉਲਟੇ ਪਾਸੇ ਨੂੰ ਵਹਿਣ ਦੀ ਗੱਲ ਵੀ ਕਹਿੰਦੇ ਹਨ, ਇਸ ਲਈ ਅਜੇ ਇੱਥੇ ਵੀ ਕੋਈ ਸਾਫ ਪ੍ਰਭਾਵ ਨਹੀਂ ਮਿਲਦਾ

ਕਾਰਨ ਇਸਦਾ ਇਹ ਹੈ ਕਿ ਪੰਜਾਬ ਦੀ ਰਿਵਾਇਤੀ ਰਾਜਨੀਤੀ ਦੀਆਂ ਦੋਵੇਂ ਵੱਡੀਆਂ ਧਿਰਾਂ ਕਾਂਗਰਸ ਅਤੇ ਅਕਾਲੀ ਦਲ ਪਹਿਲਾਂ ਵਾਲੀ ਪੁਜ਼ੀਸ਼ਨ ਵਿੱਚ ਨਹੀਂ ਹਨ ਅਤੇ ਦੋਵਾਂ ਮੂਹਰੇ ਅੜਿੱਕੇ ਬਹੁਤ ਜ਼ਿਆਦਾ ਹਨਅਕਾਲੀ ਲੀਡਰਸ਼ਿੱਪ ਨੂੰ ਇਸ ਗੱਲੋਂ ਤਸੱਲੀ ਜਿਹੀ ਹੈ ਕਿ ਉਨ੍ਹਾਂ ਦਾ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਕਈ ਦਿਨ ਲੁਕਿਆ ਰਹਿਣ ਦੇ ਬਾਅਦ ਹਾਈ ਕੋਰਟ ਤੋਂ ਜ਼ਮਾਨਤ ਲੈਣ ਪਿੱਛੋਂ ਰਾਜਨੀਤੀ ਦੇ ਮੈਦਾਨ ਵਿੱਚ ਆਉਣ ਜੋਗਾ ਹੋ ਗਿਆ ਹੈ, ਪਰ ਉਸ ਦੇ ਕੇਸ ਨਾਲ ਉਸ ਦੇ ਘੇਰੇ ਵਿੱਚ ਸਵਾਲਾਂ ਦੀ ਵਾਛੜ ਇੰਨੀ ਵੱਡੀ ਹੋ ਸਕਦੀ ਹੈ ਕਿ ਉਸ ਨੂੰ ਥਾਂ-ਥਾਂ ਸਫਾਈਆਂ ਦੇਣ ਦੀ ਲੋੜ ਪੈਣੀ ਹੈਫਿਰ ਵੀ ਉਸ ਨੇ ਪਹਿਲੇ ਕੁਝ ਬਿਆਨਾਂ ਵਿੱਚ ਜਿੱਦਾਂ ਦੀ ਚਾਂਦਮਾਰੀ ਪੰਜਾਬ ਦੀ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕੀਤੀ ਹੈ, ਉਸ ਨਾਲ ਅਕਾਲੀ ਦਲ ਦੇ ਲੋਕਾਂ ਤੋਂ ਵੀ ਵੱਧ ਕਾਂਗਰਸ ਅੰਦਰ ਸਿੱਧੂ ਵਿਰੋਧੀ ਮੰਨੇ ਜਾਂਦੇ ਕਈ ਆਗੂ ਤੇ ਉਨ੍ਹਾਂ ਕਾਂਗਰਸੀਆਂ ਦੇ ਧੜੇ ਮਜੀਠੀਏ ਦੀ ਸਰਗਰਮੀ ਤੋਂ ਵਾਹਵਾ ਖੀਵੇ ਹੋਏ ਪਏ ਹਨਅਕਾਲੀ ਦਲ ਬਿਕਰਮ ਸਿੰਘ ਮਜੀਠੀਏ ਨੂੰ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਲੜਾਵੇ ਜਾਂ ਨਾ, ਪਰ ਇੱਕ ਗੱਲ ਪੱਕੀ ਹੈ ਕਿ ਇਸ ਬਹਾਨੇ ਉਸ ਨੇ ਉਸ ਹਲਕੇ ਵੱਲ ਸਾਰਿਆਂ ਦੀਆਂ ਨਜ਼ਰਾਂ ਘੁਮਾ ਦਿੱਤੀਆਂ ਹਨਇਸ ਕਾਰਨ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਵਿੱਚ ਬੁਰੀ ਤਰ੍ਹਾਂ ਫਸ ਸਕਦਾ ਹੈ ਤੇ ਉਸ ਦੀ ਬਾਕੀ ਪੰਜਾਬ ਵਿੱਚ ਘੱਟ ਹਾਜ਼ਰੀ ਦਾ ਲਾਭ ਉਸ ਦੇ ਨਾਲ ਵਿਰੋਧ ਵਾਲੇ ਕਾਂਗਰਸੀ ਆਗੂਆਂ ਨੂੰ ਚੋਣਾਂ ਤੋਂ ਬਾਅਦ ਦੀ ਸਫਬੰਦੀ ਲਈ ਮਿਲ ਸਕਦਾ ਹੈ

ਕਾਂਗਰਸ ਪਾਰਟੀ ਪਿਛਲੇ ਸਾਢੇ ਤਿੰਨ ਮਹੀਨਿਆਂ ਦੀ ਨਵੀਂ ਸਰਕਾਰ ਦੀ ਹੋਂਦ ਨਾਲ ਆਮ ਲੋਕਾਂ ਦਾ ਕੋਈ ਭਲਾ ਤਾਂ ਕਰ ਸਕੀ ਦਿਸਦੀ ਨਹੀਂ, ਪਰ ਇੱਕ ਕੰਮ ਇਸ ਦੌਰਾਨ ਹੋ ਗਿਆ ਹੈ ਕਿ ਲੋਕ ਪਿਛਲੇ ਸਾਢੇ ਚਾਰ ਸਾਲਾਂ ਦੀ ਅਸਲੋਂ ਬੇਹਰਕਤੀ ਦੀ ਚਰਚਾ ਛੱਡ ਕੇ ਹੋਰ ਮੁੱਦਿਆਂ ਦੇ ਬਾਰੇ ਗੱਲਾਂ ਕਰਨ ਲੱਗੇ ਹਨਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੋਵੇਂ ਜਣੇ ਮਿਲ ਕੇ ਚੱਲਦੇ ਤਾਂ ਇਸਦਾ ਲਾਭ ਲੈ ਸਕਦੇ ਸਨ, ਪਰ ਆਪਸੀ ਖਹਿਬਾਜ਼ੀ ਕਾਰਨ ਉਹ ਇਸਦਾ ਲਾਭ ਲੈਣ ਵਾਲੀ ਕੋਈ ਕਾਰਗੁਜ਼ਾਰੀ ਪੇਸ਼ ਨਹੀਂ ਕਰ ਸਕੇਉਲਟਾ ਲਗਭਗ ਹਰ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਦੇ ਉਮੀਦਵਾਰਾਂ ਵਿੱਚੋਂ ਕੋਈ ਨਵਜੋਤ ਸਿੰਘ ਸਿੱਧੂ ਦਾ ਤੇ ਕੋਈ ਚਰਨਜੀਤ ਸਿੰਘ ਚੰਨੀ ਦਾ ਚੇਲਾ ਮੰਨਿਆ ਜਾਣ ਕਾਰਨ ਇੱਦਾਂ ਦੇ ਹਾਲਾਤ ਬਣਨ ਲੱਗੇ ਹਨ ਕਿ ਵਿਰੋਧੀਆਂ ਨਾਲ ਜਿੱਤ-ਹਾਰ ਬਾਰੇ ਸੋਚਣ ਦੀ ਥਾਂ ਦੂਸਰੇ ਧੜੇ ਦੇ ਲੀਡਰ ਨੂੰ ਉਖਾੜਨ ਦੇ ਮੁੱਦੇ ਨੂੰ ਪਹਿਲ ਦਿੱਤੀ ਜਾ ਰਹੀ ਹੈਇਹੋ ਹਾਲਤ ਰਹੀ ਤਾਂ ਪਾਰਟੀ ਭੱਲ ਖੱਟਣ ਦੀ ਥਾਂ ਮਾਰ ਖਾ ਸਕਦੀ ਹੈ

ਪਿਛਲੀ ਵਾਰੀ ਚੋਣਾਂ ਵਿੱਚ ਮੁੱਖ ਵਿਰੋਧੀ ਧਿਰ ਵਜੋਂ ਸਾਹਮਣੇ ਆਈ ਆਮ ਆਦਮੀ ਪਾਰਟੀ ਇਸ ਵਾਰੀ ਸੰਭਲ ਕੇ ਚੱਲ ਰਹੀ ਹੈ, ਪਰ ਕਿਸਾਨ ਸੰਘਰਸ਼ ਜਿੱਤਣ ਪਿੱਛੋਂ ਚੋਣ ਮੈਦਾਨ ਵੱਲ ਆਏ ਕਿਸਾਨ ਲੀਡਰਾਂ ਦੇ ਇੱਕ ਧੜੇ ਨਾਲ ਸਿਰੇ ਲਗਦੀ ਗੱਲ ਟੁੱਟ ਜਾਣ ਨਾਲ ਉਸ ਅੱਗੇ ਮੁਸ਼ਕਲਾਂ ਇਸੇ ਕਿਸਾਨ ਧਿਰ ਦੇ ਕਾਰਨ ਵਧ ਸਕਦੀਆਂ ਹਨਉਸ ਕਿਸਾਨ ਧੜੇ ਦੇ ਪੱਲੇ ਕੀ ਪੈਂਦਾ ਹੈ, ਬਾਕੀ ਦੀਆਂ ਕਿਸਾਨ ਧਿਰਾਂ ਇਸ ਧੜੇ ਨਾਲ ਕਿੱਦਾਂ ਵਿਹਾਰ ਕਰਦੀਆਂ ਹਨ, ਇਹ ਗੱਲਾਂ ਅਜੇ ਸਾਫ ਨਹੀਂ ਹੋਈਆਂ ਤੇ ਪ੍ਰਭਾਵ ਇਹ ਮਿਲਦਾ ਹੈ ਕਿ ਚੋਣਾਂ ਤੋਂ ਲਾਂਭੇ ਬੈਠੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸੂਈ ਇੱਥੇ ਟਿਕੀ ਹੋਈ ਹੈ ਕਿ ਅਸੀਂ ਚੋਣ ਨਹੀਂ ਲੜਨੀ ਤਾਂ ਇਨ੍ਹਾਂ ਨੂੰ ਵੀ ਸੌਖੇ ਨਹੀਂ ਲੜਨ ਦੇਣੀਜਟਕਾ ਸ਼ਰੀਕੇ ਦੀ ਰਿਵਾਇਤ ਵੀ ਹੈ ਕਿ ਜੇ ਆਪਣੇ ਮੁੰਡੇ ਨੂੰ ਸਾਕ ਨਾ ਹੁੰਦਾ ਹੋਵੇ ਤਾਂ ਸ਼ਰੀਕ ਦਾ ਮੁੰਡਾ ਵੀ ਵਿਆਹਿਆ ਜਾਂਦਾ ਵੇਖਣਾ ਔਖਾ ਹੁੰਦਾ ਹੈਇਹ ਸੁਭਾਅ ਇਨ੍ਹਾਂ ਚੋਣਾਂ ਵਿੱਚ ਕੁੱਦ ਚੁੱਕੇ ਕਿਸਾਨ ਲੀਡਰਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ

ਪੰਜਾਬ ਵਿੱਚ ਪਹਿਲੀ ਵਾਰੀ ਚੁਣੌਤੀ ਦੇਣ ਦਾ ਦਾਅਵਾ ਕਰਨ ਵਾਲੀ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਤੋਂ ਟੁੱਟੇ ਹੋਏ ਸੁਖਦੇਵ ਸਿੰਘ ਢੀਂਡਸੇ ਨਾਲ ਮਿਲ ਕੇ ਮੈਦਾਨ ਵਿੱਚ ਆਈ ਕੇਂਦਰ ਵਿੱਚ ਰਾਜ ਚਲਾ ਰਹੀ ਭਾਰਤੀ ਜਨਤਾ ਪਾਰਟੀ ਬਹੁਤ ਹੁਲਾਰੇ ਵਿੱਚ ਹੋਣ ਦਾ ਪ੍ਰਭਾਵ ਦਿੰਦੀ ਹੈਉਸ ਦੀ ਸਰਗਰਮੀ ਹਾਲ ਦੀ ਘੜੀ ਪੰਜਾਬ ਦੀ ਹਰ ਪਾਰਟੀ ਵਿੱਚੋਂ ਚੋਣਵੇਂ ਚਿਹਰਿਆਂ ਨੂੰ ਆਪਣੇ ਵੱਲ ਖਿੱਚਣ ਅਤੇ ਇੱਕ ਸੌ ਸਤਾਰਾਂ ਸੀਟਾਂ ਦੇ ਉਮੀਦਵਾਰ ਭਾਲਣ ਦੀ ਹੈਭਾਜਪਾ ਦੀ ਕੇਂਦਰੀ ਲੀਡਰਸ਼ਿੱਪ ਜਾਣਦੀ ਹੈ ਕਿ ਪੰਜਾਬ ਵਿੱਚ ਉਸ ਦਾ ਕੋਈ ਖਾਸ ਹੈਸੀਅਤ ਵਾਲਾ ਆਗੂ ਇਹੋ ਜਿਹਾ ਨਹੀਂ, ਜਿਹੜਾ ਪੁਰਾਣੇ ਸਮੇਂ ਵਾਲੇ ਡਾਕਟਰ ਬਲਦੇਵ ਪ੍ਰਕਾਸ਼, ਬਲਰਾਮਜੀ ਦਾਸ ਟੰਡਨ ਜਾਂ ਕਿਸੇ ਹਿਤ ਅਭਿਲਾਸ਼ੀ ਵਰਗੀ ਹਸਤੀ ਦਾ ਮਾਲਕ ਹੋਵੇਲੱਖ ਮੱਤਭੇਦਾਂ ਦੇ ਬਾਵਜੂਦ ਉਨ੍ਹਾਂ ਸਾਰੇ ਲੀਡਰਾਂ ਦਾ ਪੰਜਾਬ ਦੇ ਲੋਕਾਂ ਵਿੱਚ ਸਤਿਕਾਰ ਵੀ ਹੁੰਦਾ ਸੀ ਤੇ ਉਹ ਹਾਲਾਤ ਨੂੰ ਮੋੜਾ ਦੇਣ ਦੇ ਵੀ ਸਮਰੱਥ ਸਨ, ਪਰ ਅਕਾਲੀ-ਭਾਜਪਾ ਰਾਜ ਦੇ ਪੰਜ ਸਾਲ ਪਹਿਲੇ ਅਤੇ ਦਸ ਸਾਲ ਬਾਅਦ ਵਾਲੇ ਜਿੱਦਾਂ ਭਾਜਪਾ ਲੀਡਰਸ਼ਿੱਪ ਨੇ ਬਾਦਲ ਬਾਪ-ਬੇਟੇ ਦੀ ਹਰ ਸਲਾਹ ਮੰਨੀ ਅਤੇ ਆਪਣੀ ਪਾਰਟੀ ਦੇ ਲੀਡਰਾਂ ਨੂੰ ਥੱਲੇ ਲਾਈ ਰੱਖਿਆ ਸੀ, ਉਸ ਨਾਲ ਬਹੁਤ ਨੁਕਸਾਨ ਹੋ ਚੁੱਕਾ ਹੈਅੱਜ ਪੰਜਾਬ ਵਿੱਚ ਇਸ ਪਾਰਟੀ ਕੋਲ ਕੋਈ ਇਹੋ ਜਿਹਾ ਆਗੂ ਨਹੀਂ ਦਿੱਸਦਾ, ਜਿਹੜਾ ਇਸ ਰਾਜ ਦੀ ਭਾਜਪਾ ਦੇ ਆਮ ਵਰਕਰਾਂ ਨੂੰ ਪ੍ਰਭਾਵਤ ਕਰਨ ਜੋਗਾ ਦਿਖਾਈ ਦਿੰਦਾ ਹੋਵੇਜਿਹੜੇ ਕੁਝ ਸਿੱਖ ਚਿਹਰੇ ਇਸ ਪਾਰਟੀ ਨੇ ਏਧਰ-ਓਧਰ ਤੋਂ ਖਿੱਚੇ ਤੇ ਲੀਡਰੀਆਂ ਦੇ ਅਹੁਦੇ ਉਨ੍ਹਾਂ ਨੂੰ ਦਿੱਤੇ ਹਨ, ਸਾਲਾਂ-ਬੱਧੀ ਸਿੱਖਾਂ ਸਣੇ ਸਾਰੀਆਂ ਘੱਟ-ਗਿਣਤੀਆਂ ਦੇ ਵਿਰੋਧ ਦੀ ਰਾਜਨੀਤੀ ਚਲਾਈ ਹੋਈ ਹੋਣ ਕਾਰਨ ਭਾਜਪਾ ਦੇ ਉਨ੍ਹਾਂ ਸਿੱਖ ਚਿਹਰਿਆਂ ਨੂੰ ਭਾਜਪਾ ਅੰਦਰਲੇ ਹਿੰਦੂਤੱਵੀ ਆਗੂ ਅਜੇ ਤਕ ਕੋਈ ਮਾਨਤਾ ਨਹੀਂ ਦੇ ਰਹੇ

ਇਨ੍ਹਾਂ ਸਥਿਤੀਆਂ ਦੇ ਕਾਰਨ ਪੰਜਾਬ ਦੀ ਇਸ ਵਾਰ ਦੀ ਵਿਧਾਨ ਸਭਾ ਚੋਣ ਅਸਲੋਂ ਨਵੇਂ ਰੰਗ ਦਿਖਾਉਣ ਵਾਲੀ ਹੋ ਸਕਦੀ ਹੈ, ਪਰ ਇਹ ਰੰਗ ਕਿਸ ਦੇ ਖਿਲਾਫ ਜਾਂ ਹੱਕ ਵਿੱਚ ਜਾਣਗੇ, ਇਸਦਾ ਅੰਦਾਜ਼ਾ ਸ਼ਾਇਦ ਚੋਣ ਦੇ ਅਖੀਰ ਤਕ ਵੀ ਲਾਉਣਾ ਔਖਾ ਹੋਵੇਗਾਦਿੱਲੀ ਦੇ ਇੱਕ ਸੀਨੀਅਰ ਪੱਤਰਕਾਰ ਦਾ ਕਹਿਣਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਬੀਤੇ ਚਾਲੀ ਸਾਲਾਂ ਤੋਂ ਕੰਮ ਕਰਦਾ ਰਿਹਾ ਹੈ, ਪਰ ਇਸ ਵਾਰੀ ਦ੍ਰਿਸ਼ ਅਸਲੋਂ ਅਲੋਕਾਰ ਜਾਪਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3285)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author