JatinderPannu7‘ਅਖੰਡ ਭਾਰਤ’ ਨਾਂਅ ਦਾ ਇਹ ਨਕਸ਼ਾ ਉਸ ਪੁਰਾਣੇ ਭਾਰਤ ਦੇਸ਼ ਦਾ ਦੱਸਿਆ ਜਾਂਦਾ ਹੈ, ਜਦੋਂ ਇਸ ਦੇਸ਼ ਦੀਆਂ ਹੱਦਾਂ ...
(13 ਜੂਨ 2023)
ਇਸ ਸਮੇਂ ਪਾਠਕ: 353.


ਬਿਨਾਂ ਕਿਸੇ ਖਾਸ ਲੋੜ ਤੋਂ ਅਤੇ ਪਹਿਲੀ ਬਿਲਡਿੰਗ ਨਾਲ ਬੁੱਤਾ ਸਰਦਾ ਹੋਣ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਬਣਾਈ ਗਈ ਪਾਰਲੀਮੈਂਟ ਦੀ ਨਵੀਂ ਬਿਲਡਿੰਗ ‘ਸੈਂਟਰਲ ਵਿਸਟਾ’ ਦਾ ਵਿਵਾਦ ਅਜੇ ਰੁਕਿਆ ਨਹੀਂ ਸੀ ਕਿ ਇਸ ਵਿੱਚ ਲਾਏ ਇੱਕ ਨਕਸ਼ੇ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਹਿੰਦੀ ਅਤੇ ਹਿੰਦੂਤੱਵ ਦੀ ਧਾਰਨਾ ਨੂੰ ਮੰਨਦੀ ਪਾਰਟੀ ਦੀ ਅੰਗਰੇਜ਼ੀ ਨਾਲ ਮੋਹ ਵਾਲੀ ਜਿਸ ਟੀਮ ਨੇ ਨਵੀਂ ਬਿਲਡਿੰਗ ਲਈ ਇਹ ਖਾਸ ਨਾਮ ਚੁਣਿਆ ਹੈ
, ਜੇ ਉਨ੍ਹਾਂ ਲੋਕਾਂ ਨੇ ਹਿੰਦੀ ਸ਼ਬਦਾਂ ਦੇ ਪ੍ਰਮੁੱਖ ਸ਼ਬਦ-ਕੋਸ਼ ਫੋਲ ਲਏ ਹੁੰਦੇ ਤਾਂ ਇਹ ਨਾਮ ਕਦੀ ਨਾ ਰੱਖਦੇ। ਅੰਗਰੇਜ਼ੀ ਦਾ ਸ਼ਬਦ ‘ਵਿਸਟਾ’ ਕਿਸੇ ਉੱਚੀ ਥਾਂ ਤੋਂ ਵੇਖੇ ਗਏ ਕਿਸੇ ਵੱਡੇ ਸਾਰੇ ਦ੍ਰਿਸ਼ ਦਾ ਪ੍ਰਤੀਕ ਹੋ ਸਕਦਾ ਹੈ, ਪਰ ਹਿੰਦੀ ਅਤੇ ਸੰਸਕ੍ਰਿਤ ਵਿੱਚ ਇਸ ਸ਼ਬਦ ਦਾ ਅਰਥ ਚੰਗਾ ਨਹੀਂ ਦੱਸਿਆ ਗਿਆ ਤੇ ਉਹ ਅਰਥ ਅਸੀਂ ਏਥੇ ਦੱਸਣਾ ਨਹੀਂ ਚਾਹੁੰਦੇ, ਜਿਨ੍ਹਾਂ ਕਿਸੇ ਦੀ ਖਾਹਿਸ਼ ਹੋਵੇ, ਉਹ ਗੁਰਬਾਣੀ ਵਿੱਚ ਵਾਰ-ਵਾਰ ਆਏ ‘ਵਿਸਟਾ’ ਸ਼ਬਦ ਦੇ ਅਰਥ ਵੇਖ ਕੇ ਹਿੰਦੀ ਵਾਲੇ ਅਰਥ ਵੀ ਜਾਣ ਸਕਦਾ ਹੈ।

ਇਸ ਨਵੀਂ ਇਮਾਰਤ ਦੀ ਲੋੜ, ਇਸ ਵਿੱਚ ਰੱਖੇ ਗਏ ਸੇਂਗੋਲ ਨਾਲ ਜੋੜੀਆਂ ਗਈਆਂ ਕੁਝ ਕਲਪਿਤ ਕਹਾਣੀਆਂ ਅਤੇ ਪੇਸ਼ ਕੀਤੇ ਗਏ ਕਿੱਸੇ ਦੀ ਚਰਚਾ ਸਭ ਪਿੱਛੇ ਰਹਿ ਗਏ ਤੇ ਜੂਨ ਦੇ ਦੂਸਰੇ ਹਫਤੇ ਇਸ ਦੀ ਥਾਂ ਨਵੀਂ ਬਿਲਡਿੰਗ ਵਿੱਚ ਲਾਏ ਗਏ ਇੱਕ ਪੁਰਾਣੇ ਨਕਸ਼ੇ ਦਾ ਵੱਡਾ ਵਿਵਾਦ ਛਿੜ ਗਿਆ ਹੈ। ‘ਅਖੰਡ ਭਾਰਤ’ ਨਾਂਅ ਦਾ ਇਹ ਨਕਸ਼ਾ ਉਸ ਪੁਰਾਣੇ ਭਾਰਤ ਦੇਸ਼ ਦਾ ਦੱਸਿਆ ਜਾਂਦਾ ਹੈ, ਜਦੋਂ ਇਸ ਦੇਸ਼ ਦੀਆਂ ਹੱਦਾਂ ਬਹੁਤ ਦੂਰ, ਪਾਕਿਸਤਾਨ ਜਾਂ ਬੰਗਲਾ ਦੇਸ਼, ਨੇਪਾਲ ਜਾਂ ਭੁਟਾਨ, ਸ੍ਰੀਲੰਕਾ ਜਾਂ ਸਮੁੰਦਰ ਵਿਚਲੇ ਮਾਲਦੀਵ ਤੱਕ ਹੀ ਨਹੀਂ ਸੀ ਜਾਂਦੀਆਂ, ਚੀਨ ਵਿੱਚ ਤਿੱਬਤ ਅਤੇ ਅਫਗਾਨਿਸਤਾਨ ਤੱਕ ਨੂੰ ਭਾਰਤੀ ਵਿਰਾਸਤ ਦੀ ਬੁੱਕਲ ਵਿੱਚ ਲੈਂਦੀਆਂ ਸਨ। ਇਸ ਨਕਸ਼ੇ ਦੀ ਪੇਸ਼ਕਾਰੀ ਕਰਨ ਦੀ ਲੋੜ ਕਿਉਂ ਪਈ ਅਤੇ ਇਹ ਕਿਸ ਚੁਸਤ ਦਿਮਾਗ ਦਾ ਫਤੂਰ ਸੀ, ਇਹ ਤਾਂ ਪਤਾ ਨਹੀਂ, ਪਰ ਇਸ ਕਾਰਨ ਭਾਰਤ ਦੇ ਕੁਝ ਮਿੱਤਰ ਦੇਸ਼, ਨੇਪਾਲ, ਭੁਟਾਨ ਅਤੇ ਬੰਗਲਾ ਦੇਸ਼ ਆਦਿ ਵੀ ਗਹਿਰੀ ਨਾਰਾਜ਼ਗੀ ਜ਼ਾਹਰ ਕਰਦੇ ਪਏ ਹਨਇਨ੍ਹਾਂ ਵਿੱਚੋਂ ਗਵਾਂਢ ਦੇ ਮਿੱਤਰ ਦੇਸ਼ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਮੇਅਰ ਨੇ ਇਸ ਭਾਰਤੀ ਨਕਸ਼ੇ ਦੇ ਜਵਾਬ ਵਿੱਚ ‘ਗਰੇਟਰ ਨੇਪਾਲ’ ਦਾ ਨਕਸ਼ਾ ਕੱਢ ਲਿਆਂਦਾ ਹੈ, ਜਿਸ ਵਿੱਚ ਭਾਰਤ ਦੇ ਕਈ ਇਲਾਕੇ ਵਿਖਾ ਕੇ ਦੱਸਿਆ ਕਿ ਇਹ ਨੇਪਾਲ ਵਿੱਚ ਹੋਇਆ ਕਰਦੇ ਸਨ। ਚੀਨ ਪਹਿਲਾਂ ਹੀ ਭਾਰਤ ਦੇ ਅਰੁਣਾਚਲ ਪ੍ਰਦੇਸ਼ ਵਰਗੇ ਕਈ ਇਲਾਕਿਆਂ ਉੱਤੇ ਦਾਅਵਾ ਕਰਦਾ ਪਿਆ ਸੀ, ਜਦੋਂ ਉਸ ਵਿਚਲੇ ਤਿੱਬਤ ਨੂੰ ਭਾਰਤੀ ਨਕਸ਼ੇ ਵਿੱਚ ‘ਕਿਸੇ ਸਮੇਂ ਸਾਡਾ ਰਹਿ ਚੁੱਕਾ’ ਦੱਸਿਆ ਹੈ ਤਾਂ ਉਹ ਵੀ ਇਸ ਤੋਂ ਰਿੱਝਦਾ ਹੋ ਸਕਦਾ ਹੈ ਅਤੇ ਜਿਹੜੇ ਸ੍ਰੀਲੰਕਾ ਨੂੰ ਪਿਛਲੇ ਸਾਲ ਆਰਥਿਕ ਪੱਖੋਂ ਡੁੱਬਣ ਵੇਲੇ ਭਾਰਤ ਨੇ ਓੜਕਾਂ ਦੀ ਮਦਦ ਦਿੱਤੀ ਤੇ ਤਬਾਹ ਹੋਣ ਤੋਂ ਬਚਾਇਆ ਸੀ, ਉਸ ਵਿੱਚ ਵੀ ਇਸ ਨਕਸ਼ੇ ਕਾਰਨ ਕਈ ਤਰ੍ਹਾਂ ਦੀ ਚਰਚਾ ਛਿੜ ਗਈ ਸੁਣੀਂਦੀ ਹੈ। ਗਵਾਂਢ ਦੇ ਇਨ੍ਹਾਂ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਲੋਕਾਂ ਨੂੰ ਇਸ ਨਕਸ਼ੇ ਨਾਲ ਇੱਕ ਤਰ੍ਹਾਂ ਦੀ ਚੋਭ ਲੱਗੀ ਮਹਿਸੂਸ ਹੋ ਰਹੀ ਹੈ, ਜਿਸ ਦਾ ਕੋਈ ਜਾਇਜ਼ ਕਾਰਨ ਨਾ ਹੋਣ ਦੇ ਬਾਵਜੂਦ ਭਾਰਤ ਸਰਕਾਰ ਨੇ ਐਵੇਂ ਬੇਸੁਰੀ ਛੇੜ ਜਿਹੀ ਛੇੜ ਲਈ ਹੈ।

‘ਅਖੰਡ ਭਾਰਤ’ ਦੇ ਇਸ ਨਕਸ਼ੇ ਉੱਤੇ ਮਾਣ ਮਹਿਸੂਸ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਨਵੀਂ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਵੱਡੇ-ਵਡੇਰੇ ਕਿੱਥੋਂ ਤੱਕ ਰਾਜ ਕਰਦੇ ਰਹੇ ਸਨ ਤੇ ਉਸ ਦੇ ਮਨ ਵਿੱਚ ਸੁਫਨਾ ਹੋਣਾ ਚਾਹੀਦਾ ਹੈ ਕਿ ਏਦਾਂ ਦੇ ਭਾਰਤ ਦੀ ਉਸਾਰੀ ਕਰਨੀ ਹੈ, ਜਿਸ ਨਾਲ ਵਡੇਰਿਆਂ ਦੇ ਪੈਰੋਕਾਰ ਬਣ ਸਕੀਏ। ਇਸ ਤਰ੍ਹਾਂ ਵਡੇਰੇ ਅਤੇ ਜਠੇਰੇ ਪੂਜਣ ਦੀ ਸੋਚ ਵਾਲਿਆਂ ਨੂੰ ਇਹ ਗੱਲ ਪਤਾ ਨਹੀਂ ਕਿ ਭਾਰਤ ਇਕੱਲਾ ਦੇਸ਼ ਨਹੀਂ, ਜਿਸ ਕੋਲ ਏਨੇ ਦੇਸ਼ਾਂ ਉੱਤੇ ਕਿਸੇ ਸਮੇਂ ਰਾਜ ਕੀਤੇ ਹੋਣ ਦੀ ਵਿਰਾਸਤ ਹੈ, ਕਈ ਹੋਰ ਦੇਸ਼ ਇਸ ਤੋਂ ਵੱਡੇ ਤੇ ਬਹੁਤ ਵੱਡੇ ਨਕਸ਼ੇ ਆਪਣੇ ਕਬਾੜਖਾਨੇ ਵਿੱਚ ਸੰਭਾਲੀ ਬੈਠੇ ਹੋ ਸਕਦੇ ਹਨ। ਮਿਸਾਲ ਵਜੋਂ ਦੋ ਸਦੀਆਂ ਦੇ ਕਰੀਬ ਜਿਨ੍ਹਾਂ ਅੰਗਰੇਜ਼ਾਂ ਨੇ ਭਾਰਤ ਉੱਤੇ ਕਬਜ਼ਾ ਕਰੀ ਰੱਖਿਆ ਸੀ, ਉਨ੍ਹਾਂ ਦਾ ਇਤਹਾਸ ਸੋਚ ਲੈਣਾ ਚਾਹੀਦਾ ਹੈ। ਦੂਸਰੀ ਸੰਸਾਰ ਜੰਗ ਲੱਗਣ ਤੋਂ ਪਹਿਲਾਂ ਤੱਕ ਉਨ੍ਹਾਂ ਕੋਲ ਸਾਰੀ ਦੁਨੀਆ ਦੀ ਪੰਝੀ ਫੀਸਦੀ ਆਬਾਦੀ ਤੇ ਤੀਹ ਫੀਸਦੀ ਧਰਤੀ ਹੋਇਆ ਕਰਦੀ ਸੀ, ਅੱਜ ਉਸ ਬ੍ਰਿਟੇਨ ਕੋਲ ਜਿੰਨੀ ਧਰਤੀ ਦੀ ਮਾਲਕੀ ਹੈ, ਉਹ ਸਾਰੇ ਸੰਸਾਰ ਦਾ ਪੌਣਾ ਫੀਸਦੀ ਤੋਂ ਘੱਟ ਬਣਦੀ ਹੈ। ਭਾਰਤ ਦੇ ਸੁਫਨੇ-ਸਾਜ਼ ‘ਅਖੰਡ ਭਾਰਤ’ ਦੇ ਨਾਂਅ ਉੱਤੇ ਜਦੋਂ ਇਹ ਕਹਿਣਗੇ ਕਿ ਅਗਲੀ ਪੀੜ੍ਹੀ ਦੇ ਮਨਾਂ ਵਿੱਚ ਪੁਰਾਣੇ ਭਾਰਤ ਦਾ ਸੁਫਨਾ ਰੱਖਣ ਦੀ ਇੱਛਾ ਹੈ, ਜਿਸ ਵਿੱਚ ਕਿਸੇ ਸਮੇਂ ਅਫਗਾਨਿਸਤਾਨ ਵੀ ਹੁੰਦਾ ਸੀ ਤਾਂ ਇਹੋ ਸੋਚ ਕਿਸੇ ਹੋਰ ਮਨ ਵਿੱਚ ਵੀ ਉੱਠ ਸਕਦੀ ਹੈ। ਇਸ ਦੁਨੀਆ ਨੇ ਬੜੇ ਸਾਮਰਾਜ ਹੰਢਾਏ ਅਤੇ ਭੁਗਤੇ ਹੋਏ ਹਨ, ਉਹ ਏਦਾਂ ਹੀ ਇਤਹਾਸ ਵਿੱਚ ਦੱਬੇ ਰਹਿਣ ਤਾਂ ਚੰਗਾ ਹੈ।

ਅਜੋਕੇ ਸਮਿਆਂ ਵਿੱਚ ਇਹ ਧਾਰਨਾ ਪ੍ਰਚਾਰੀ ਜਾਂਦੀ ਹੈ ਕਿ ਆਜ਼ਾਦੀ ਮਿਲਣ ਵੇਲੇ ਪਾਕਿਸਤਾਨ ਬਣਾਏ ਜਾਣ ਲਈ ਫਲਾਣਾ ਜ਼ਿੰਮੇਵਾਰ ਸੀ ਤੇ ਫਲਾਣੇ ਦੀ ਗੱਲ ਨਹੀਂ ਮੰਨੀ ਗਈ। ਏਦਾਂ ਦੀਆਂ ਕਹਾਣੀਆਂ ਲਿਖਣ ਵਾਲਿਆਂ ਨੂੰ ਜਦੋਂ ਪਤਾ ਹੈ ਕਿ ਉਨ੍ਹਾਂ ਦੀ ਕਹੀ ਗੱਲ ਸਾਰੇ ਦੇਸ਼ ਦੇ ਕੌਮੀ ਮੀਡੀਏ ਨੇ ‘ਅਣਹੋਈ’ ਤੋਂ ਸਚਮੁੱਚ ‘ਹੋਈ’ ਬਣਾ ਕੇ ਪੇਸ਼ ਕਰਨ ਦਾ ਪੂਰਾ ਤਾਣ ਲਾ ਦੇਣਾ ਤੇ ਸੱਚਾਈ ਨੂੰ ਕਬਾੜ ਹੇਠ ਦੱਬਣ ਲਈ ਤਿਆਰ ਰਹਿਣਾ ਹੈ ਤਾਂ ਉਨ੍ਹਾਂ ਨੂੰ ਸ਼ੋਸ਼ੇ ਛੱਡਣ ਤੋਂ ਕੋਈ ਝਿਜਕ ਨਹੀਂ ਹੋ ਸਕਦੀ। ਸੱਚਾਈ ਇਹ ਹੈ ਕਿ ਉਸ ਵੇਲੇ ਮੁਹੰਮਦ ਅਲੀ ਜਿਨਾਹ, ਜਿਹੜਾ ਪੱਕੇ ਮੁਸਲਮਾਨਾਂ ਵਾਂਗ ਖੁਦ ਬੰਧੇਜ ਵਾਲਾ ਜੀਵਨ ਨਹੀਂ ਸੀ ਗੁਜ਼ਾਰਦਾ, ਆਪਣੇ ਭਾਈਚਾਰੇ ਲਈ ਵੱਖਰਾ ਦੇਸ਼ ਮੰਗਦਾ ਸੀ ਤਾਂ ਹਿੰਦੂਤੱਵ ਦੇ ਧਾਰਨੀਆਂ ਵਿੱਚੋਂ ਵੀ ਕਈ ਆਗੂਆਂ ਦੀ ਇਹੋ ਸੋਚ ਸੀ, ਮੁਸਲਮਾਨ ਇਸ ਦੇਸ਼ ਤੋਂ ਨਿਕਲ ਹੀ ਜਾਣ ਤਾਂ ਚੰਗਾ ਹੈ। ਨਤੀਜੇ ਵਜੋਂ ਪਾਕਿਸਤਾਨ ਬਣ ਗਿਆ ਤਾਂ ਉਸ ਪਾਸਿਉਂ ਕਈ ਵਾਰ ਭਾਰਤ ਦੇ ਕੌਮੀ-ਗੀਤ ‘ਜਨ ਗਣ ਮਨ’ ਬਾਰੇ ਵਿਰੋਧ ਦੀਆਂ ਸੁਰਾਂ ਨਿਕਲਦੀਆਂ ਰਹੀਆਂ ਹਨ ਕਿ ਸਿੰਧ ਜਦੋਂ ਅਜੋਕੇ ਭਾਰਤ ਕੋਲ ਹੈ ਹੀ ਨਹੀਂ, ਉਹ ਪਾਕਿਸਤਾਨ ਵਿੱਚ ਸ਼ਾਮਲ ਹੋ ਗਿਆ ਹੈ ਤਾਂ ਭਾਰਤ ਦੇ ਕੌਮੀ-ਗੀਤ ਵਿੱਚ ਨਹੀਂ ਹੋਣਾ ਚਾਹੀਦਾ। ਆਜ਼ਾਦੀ ਸੰਗਰਾਮ ਦੇ ਦਿਨਾਂ ਤੋਂ ਜਿਹੜਾ ਗੀਤ ਭਾਰਤੀ ਲੋਕ ਗਾਉਂਦੇ ਆਏ ਹਨ, ਉਹ ਅੱਜ ਵੀ ਗਾਉਂਦੇ ਹਨ ਤੇ ਜਦੋਂ ਸਾਡਾ ਪ੍ਰਧਾਨ ਮੰਤਰੀ ਜਾਂ ਕੋਈ ਹੋਰ ਵੱਡਾ ਆਗੂ ਪਾਕਿਸਤਾਨ ਜਾਂਦਾ ਹੈ ਤਾਂ ਡਿਪਲੋਮੈਟਿਕ ਰਿਵਾਇਤ ਦੇ ਅਨੁਸਾਰ ਓਥੋਂ ਦੀ ਸਰਕਾਰ ਨੂੰ ਭਾਰਤੀ ਆਗੂ ਦੇ ਸਵਾਗਤ ਵਾਸਤੇ ਉਸੇ ਗੀਤ ਵਾਲੀ ਧੁਨ ਵਜਾਉਣੀ ਤੇ ਉਹ ਹੀ ਗੀਤ ਗਾਉਣਾ ਪੈਂਦਾ ਹੈ, ਜਿਹੜਾ ਉਨ੍ਹਾਂ ਨੂੰ ਪਸੰਦ ਨਹੀਂ। ਭਾਰਤ ਨੂੰ ਵੀ ਅੱਜ ਦੇ ਆਚਾਰ-ਵਿਹਾਰ ਦੀ ਰਿਵਾਇਤ ਮੁਤਾਬਕ ਉਹ ਪੁਰਾਣਾ ਨਕਸ਼ਾ ਇਸ ਵਕਤ ਪੇਸ਼ ਨਹੀਂ ਸੀ ਕਰਨਾ ਬਣਦਾ।

ਇੱਕ ਸਵਾਲ ਇਹ ਉੱਠਦਾ ਹੈ ਕਿ ਉਹ ਨਕਸ਼ਾ ਜਿਸ ਪੁਰਾਣੇ ਸਮੇਂ ਦਾ ਹੈ, ਉਸ ਵਕਤ ਭਾਰਤ ਦੀਆਂ ਹੱਦਾਂ ਫੈਲ ਕੇ ਏਡੀ ਦੂਰ ਤੱਕ ਕਿਵੇਂ ਚਲੇ ਗਈਆਂ ਸਨ! ‘ਅਖੰਡ ਭਾਰਤ’ ਦੇ ਪ੍ਰਚਾਰਕ ਇਹ ਕਹਿੰਦੇ ਹਨ ਕਿ ਭਾਰਤ ਨੇ ਇਹ ਮਾਣ ਸਮਰਾਟ ਅਸ਼ੋਕ ਦੇ ਵਕਤ ਹਾਸਲ ਕੀਤਾ ਸੀ, ਪਰ ਉਹ ਸਿਰਫ ਇਹੋ ਚੇਤਾ ਰੱਖਦੇ ਹਨ ਕਿ ਅਫਗਾਨਿਸਤਾਨ ਤੱਕ ਭਾਰਤ ਦਾ ਰਾਜ ਹੁੰਦਾ ਸੀ, ਇਹ ਚੇਤਾ ਰੱਖਣ ਦੀ ਲੋੜ ਨਹੀਂ ਸਮਝਦੇ ਕਿ ਖੁਦ ਭਾਰਤ ਦੇ ਦੱਖਣ ਵਾਲਾ ਅਜੋਕਾ ਤਾਮਿਲ ਨਾਡੂ ਸਮਰਾਟ ਅਸ਼ੋਕ ਦੇ ਰਾਜ ਵਿੱਚ ਸ਼ਾਮਲ ਨਹੀਂ ਸੀ। ਉਨ੍ਹਾਂ ਵਕਤਾਂ ਵਿੱਚ ਹਰ ਨਵੇਂ ਰਾਜੇ ਦੀ ਆਮਦ ਨਾਲ ਜੰਗਾਂ ਲੱਗਦੀਆਂ ਤੇ ਹੱਦਾਂ ਫੈਲਦੀਆਂ-ਸੁੰਗੜਦੀਆਂ ਸਨ, ਅੱਜ ਦੇ ਦੌਰ ਵਿੱਚ ਓਦਾਂ ਦੀਆਂ ਜੰਗਾਂ ਨਹੀਂ ਲੜੀਆਂ ਜਾ ਸਕਦੀਆਂ। ਕਹਿਣ ਦੀ ਗੱਲ ਵੱਖਰੀ ਹੈ ਕਿ ਅਸੀਂ ਪਾਕਿਸਤਾਨ ਤੋਂ ਕਸ਼ਮੀਰ ਦਾ ਉਹ ਹਿੱਸਾ ਛੁਡਾ ਲੈਣਾ ਹੈ, ਜਿਹੜਾ ਉਸ ਨੇ ਦੇਸ਼ ਦੀ ਵੰਡ ਵੇਲੇ ਅੰਗਰੇਜ਼ਾਂ ਦੀ ਸਾਜ਼ਿਸ਼ੀ ਹਮਾਇਤ ਸਦਕਾ ਮੱਲ ਲਿਆ ਸੀ। ਇਸ ਦੇ ਉਲਟ ਪਾਕਿਸਤਾਨ ਵਿੱਚ ਇਹ ਗੱਲ ਪ੍ਰਚਾਰੀ ਜਾਂਦੀ ਹੈ ਕਿ ਭਾਰਤ ਤੋਂ ਸਾਰਾ ਕਸ਼ਮੀਰ ਖੋਹ ਲੈਣਾ ਹੈ। ਅਜੋਕੇ ਦੌਰ ਵਿੱਚ ਨਾ ਤਾਂ ਪਾਕਿਸਤਾਨ ਹੀ ਭਾਰਤ ਤੋਂ ਕਸ਼ਮੀਰ ਖੋਹ ਸਕਦਾ ਹੈ ਤੇ ਨਾ ਭਾਰਤ ਨੇ ਕਦੀ ਦੱਬਿਆ ਹੋਇਆ ਕਸ਼ਮੀਰੀ ਇਲਾਕਾ ਪਾਕਿਸਤਾਨ ਤੋਂ ਛੁਡਵਾ ਸਕਣਾ ਹੈ।

ਸਮਰਾਟ ਅਸ਼ੋਕ ਵਾਂਗ ਭਾਰਤ ਦੀਆਂ ਹੱਦਾਂ ਦਾ ਖਿਲਾਰਾ ਵਧਾਉਣ ਦੀ ਗੱਲ ਕਰਨ ਵਾਲਿਆਂ ਨੂੰ ਜੰਗਾਂ ਦੀ ਚਰਚਾ ਕਰਨੀ ਚੰਗੀ ਲੱਗਦੀ ਹੈ, ਪਰ ਜੰਗਾਂ ਦੀ ਭਿਆਨਕਤਾ ਦਾ ਪਤਾ ਨਹੀਂ ਜਾਂ ਸੋਚਣਾ ਨਹੀਂ ਚਾਹੁੰਦੇ। ਜਿਹੜੇ ਸਮਰਾਟ ਅਸ਼ੋਕ ਵੱਲੋਂ ਭਾਰਤ ਦੀਆਂ ਹੱਦਾਂ ਅਫਗਾਨਿਸਤਾਨ ਤੱਕ ਫੈਲਾਉਣ ਦੀਆਂ ਗੱਲਾਂ ਚੱਲਦੀਆਂ ਹਨ, ਉਸ ਨੇ ਉਸ ਵਕਤ ਉਹ ਜੰਗਾਂ ਰਿਵਾਇਤੀ ਹਥਿਆਰਾਂ ਨਾਲ ਲੜੀਆਂ ਸਨ, ਤੋਪਾਂ-ਬੰਦੂਕਾਂ ਅਜੇ ਨਹੀਂ ਸੀ ਬਣੀਆਂ, ਪਰ ਅੱਜ ਦੇ ਯੁੱਗ ਵਿੱਚ ਛੋਟੇ-ਛੋਟੇ ਦੇਸ਼ ਵੀ ਐਟਮੀ ਮਿਜ਼ਾਈਲਾਂ ਚੁੱਕੀ ਫਿਰਦੇ ਹਨ। ਕਾਲਿੰਗਾ ਦੀ ਜੰਗ ਦਾ ਜ਼ਿਕਰ ਬੜੇ ਮਾਣ ਅਤੇ ਜੋਸ਼ ਨਾਲ ਕੀਤਾ ਜਾਂਦਾ ਹੈ, ਪਰ ਉਸ ਜੰਗ ਵਿੱਚ ਸੱਤਰ ਹਜ਼ਾਰ ਫੌਜੀ ਸਮਰਾਟ ਅਸ਼ੋਕ ਦੇ ਮਾਰੇ ਗਏ ਸਨ ਅਤੇ ਉਸ ਵਿਰੁੱਧ ਲੜਨ ਵਾਲੀ ਧਿਰ ਦੇ ਵੀ ਇੱਕ ਲੱਖ ਤੋਂ ਵੱਧ ਫੌਜੀ ਮਾਰੇ ਗਏ ਸਨ, ਜਦੋਂ ਸਾਰੇ ਸੰਸਾਰ ਦੀ ਆਬਾਦੀ ਹਾਲੇ ਅੱਧਾ ਕਰੋੜ ਨਹੀਂ ਸੀ ਗਿਣੀ ਜਾਂਦੀ। ਏਡੀ ਖੂਨੀ ਜੰਗ ਲੜ ਕੇ ਮੱਲ ਲਿਆ ਅਫਗਾਨਿਸਤਾਨ ਫਿਰ ਵੀ ਭਾਰਤ ਕੋਲ ਸਦਾ ਵਾਸਤੇ ਨਹੀਂ ਸੀ ਰਿਹਾ, ਉਸ ਨੂੰ ਭਾਰਤ ਕੋਲੋਂ ਖੋਹਣ ਤੇ ਅੱਗੇ ਵਧ ਕੇ ਦਿੱਲੀ ਉੱਤੇ ਕਬਜ਼ਾ ਕਰਨ ਵਾਲੇ ਵੀ ਇਤਹਾਸ ਨੇ ਪੇਸ਼ ਕਰ ਦਿੱਤੇ ਸਨ। ਇਸ ਲਈ ਇਹੋ ਜਿਹੇ ਵਹਿਮ ਪਾਲਣ ਅਤੇ ਪ੍ਰਚਾਰਨ ਨਾਲ ਭਾਰਤ ਦਾ ਕੋਈ ਫਾਇਦਾ ਨਹੀਂ ਹੋ ਸਕਣਾ।

ਹਾਂ, ਇੱਕ ਗੱਲ ਹੋ ਸਕਦੀ ਹੈ ਤੇ ਉਹ ਰਾਜਪੂਤਾਨੇ ਦੇ ਇਤਹਾਸ ਤੋਂ ਨਿਕਲੀ ਮਿਸਾਲ ਤੋਂ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਉਸ ਰਾਜ ਦੇ ਇੱਕ ਖਾਸ ਭਾਈਚਾਰੇ ਦੇ ਲੋਕ ਅੱਜਕੱਲ੍ਹ ਸੋਹਣੇ ਘਰਾਂ ਅਤੇ ਕੋਠੀਆਂ ਵਿੱਚ ਰਹਿੰਦੇ ਹਨਬਿਸਤਰੇ ਵੀ ਉਨ੍ਹਾਂ ਦੇ ਨਵੇਂ ਯੁੱਗ ਮੁਤਾਬਕ ਡਬਲ-ਬੈੱਡ ਵਾਲੇ ਹੁੰਦੇ ਹਨ, ਪਰ ਸਿਰਹਾਣੇ ਹੇਠ ਘਾਹ ਦੀਆਂ ਤਿੜ੍ਹਾਂ ਰੱਖਦੇ ਹਨ। ਦੱਸਦੇ ਹਨ ਕਿ ਉਹ ਆਪਣੇ ਆਪ ਨੂੰ ਇੱਕ ਖਾਸ ਬਹਾਦਰ ਰਾਜੇ ਦੇ ਵਾਰਸ ਮੰਨਦੇ ਹਨ ਤੇ ਕਹਿੰਦੇ ਹਨ ਕਿ ਉਸ ਨੇ ਕਿਹਾ ਸੀ ਕਿ ਜਦੋਂ ਤੱਕ ਓਦੋਂ ਵਾਲਾ ਰਾਜ ਵਾਪਸ ਨਹੀਂ ਮਿਲਦਾ, ਸਾਡੇ ਲੋਕ ਘਾਹ ਉੱਤੇ ਸੌਣਗੇ। ਉਹ ਸੋਹਣੇ ਘਰ ਬਣਾ ਕੇ ਉਨ੍ਹਾਂ ਦੇ ਵਿੱਚ ਮੌਜੂਦ ਅਜੋਕੇ ਸਮੇਂ ਦੀ ਹਰ ਸਹੂਲਤ ਮਾਣਦੇ ਹਨ, ਪਰ ਵਡੇਰਿਆਂ ਦਾ ਕਿਹਾ ਮੰਨਣ ਲਈ ਅਜੇ ਵੀ ਸਿਰਹਾਣੇ ਹੇਠ ਘਾਹ ਦੀਆਂ ਤਿੜ੍ਹਾਂ ਰੱਖਦੇ ਹਨ ਅਤੇ ਘਾਹ ਦੀਆਂ ਇਹ ਤਿੜ੍ਹਾਂ ਕੁਝ ਖਾਸ ਦੁਕਾਨਾਂ ਉੱਤੇ ਮਹਿੰਗੇ ਭਾਅ ਮਿਲਦੀਆਂ ਹਨ। ਮੈਨੂੰ ਪੱਕਾ ਪਤਾ ਨਹੀਂ ਕਿ ਉਸ ਭਾਈਚਾਰੇ ਦੇ ਲੋਕ ਸਚਮੁੱਚ ਇਸ ਤਰ੍ਹਾਂ ਕਰਦੇ ਹਨ ਕਿ ਸਿਰਫ ਇੱਕ ਕਹਾਣੀ ਘੜੀ ਗਈ ਹੈ, ਪਰ ਇਸ ਮਿਸਾਲ ਨਾਲ ਇਹ ਗੱਲ ਕਹੀ ਜਾ ਸਕਦੀ ਹੈ ਕਿ ‘ਅਖੰਡ ਭਾਰਤ’ ਦੇ ਸੁਫਨੇ ਦਾ ਦੌਰ ਅੱਜ ਨਹੀਂ ਰਿਹਾ, ਉਂਜ ਨਕਸ਼ਾ ਸਿਰਹਾਣੇ ਰੱਖ ਕੇ ਹੁਸੀਨ ਸੁਫਨੇ ਲੈਣ ਨੂੰ ਦਿਲ ਕਰਦਾ ਹੋਵੇ ਤਾਂ ਕੋਈ ਵੀ ਲੈ ਸਕਦਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4029)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author