“ਅੱਜ ਦੇ ਹਾਲਾਤ ਵਿੱਚ ਇਹ ਵੀ ਨੋਟ ਕਰਨ ਵਾਲੀ ਹੈ ਕਿ ਇੱਥੇ ਹਰ ਗੱਲ ਉਸ ਦੇ ਪ੍ਰਸੰਗ ਨਾਲੋਂ ਤੋੜ ਕੇ ...”
(21 ਮਾਰਚ 2024)
ਇਸ ਸਮੇਂ ਪਾਠਕ: 585.
ਪੁਰਾਣਾਂ ਦੀ ਕਥਾ ਅਨੁਸਾਰ ਇੱਕ ਵਾਰੀ ਦੇਵਤਿਆਂ ਅਤੇ ਦੈਂਤਾਂ ਨੇ ਖੀਰ ਸਮੁੰਦਰ ਰਿੜਕਿਆ ਸੀ। ਖੀਰ-ਸਮੁੰਦਰ ਦਾ ਅਰਥ ਦੁੱਧ ਦਾ ਸਮੁੰਦਰ ਹੁੰਦਾ ਹੈ। ਏਡੇ ਵੱਡੇ ਸਮੁੰਦਰ ਨੂੰ ਰਿੜਕਣ ਲਈ ਮਧਾਣੀ ਛੋਟੀ ਨਹੀਂ ਸੀ ਕੰਮ ਆਉਣੀ ਅਤੇ ਏਸੇ ਕਾਰਨ ਸੁਮੇਰ ਪਰਬਤ ਨੂੰ ਦੁੱਧ ਦੀ ਚਾਟੀ ਬਣੇ ਸਮੁੰਦਰ ਵਿੱਚ ਟਿਕਾ ਕੇ ਫਿਰ ਏਡੀ ਮਧਾਣੀ ਘੁਮਾਉਣ ਲਈ ਰੱਸੀ ਦਾ ਕੰਮ ਦੇਣ ਲਈ ਸ਼ੇਸ਼ ਨਾਗ ਨੂੰ ਨੇਤਰੇ ਵਾਂਗ ਵਰਤਿਆ ਸੀ। ਮਧਾਣਾ ਬਣੇ ਸੁਮੇਰ ਪਰਬਤ ਨੂੰ ਘੁੰਮਾਉਣ ਵਾਸਤੇ ਇੱਕ ਪਾਸਿਉਂ ਸ਼ੇਸ਼ ਨਾਗ ਨੂੰ ਦੇਵਤੇ ਖਿੱਚਦੇ ਤੇ ਦੂਸਰੇ ਪਾਸਿਉਂ ਦੈਂਤ ਖਿੱਚ ਕੇ ਚੱਕਰ ਪੂਰਾ ਕਰਦੇ ਸਨ। ਦੁਵੱਲੀ ਖਿੱਚੋਤਾਣ ਦੇ ਨਾਲ ਖੀਰ ਸਮੁੰਦਰ ਰਿੜਕ ਕੇ ਕੋਈ ਚੌਦਾਂ ਰਤਨ ਲੱਭੇ ਸਨ, ਜਿਨ੍ਹਾਂ ਦਾ ਜ਼ਿਕਰ ਅੱਜ ਵੀ ਬੜੇ ਧਾਰਮਿਕ ਸਮਾਗਮਾਂ ਵਿੱਚ ਹੁੰਦਾ ਰਹਿੰਦਾ ਹੈ। ਅਸੀਂ ਉਨ੍ਹਾਂ ਕਥਾਵਾਂ ਨੂੰ ਮੰਨੀਏ ਜਾਂ ਨਾ ਮੰਨੀਏ, ਭਾਰਤੀ ਰਾਜਨੀਤੀ ਦੇ ਪੁਰਾਤਨ ਅਤੇ ਅਜੋਕੇ ਹਾਲਾਤ ਨੂੰ ਸਮਝਣਾ ਹੋਵੇ ਤਾਂ ਬਹੁਤ ਵਾਰੀ ਉਨ੍ਹਾਂ ਵਿੱਚੋਂ ਕੁਝ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ।
ਇਸ ਵਕਤ ਭਾਰਤ ਦੀ ਰਾਜਨੀਤੀ ਦਾ ਮਹਾਂ-ਕੁੰਭ ਮੰਨੀ ਜਾਂਦੀ ਲੋਕ ਸਭਾ ਚੋਣ ਲਈ ਅਖਾੜੇ ਵਿੱਚ ਮੁਢਲਾ ਭੜਥੂ ਪੈਣਾ ਸ਼ੁਰੂ ਹੋ ਚੁੱਕਾ ਹੈ। ਪੁਰਾਣੀ ਦੁਕਾਨਦਾਰੀ ਦਾ ਨਿਯਮ ਇਹ ਸੀ ਕਿ ਆਪਣੀ ਦੁਕਾਨ ਉੱਤੇ ਏਨਾ ਚੰਗਾ ਮਾਲ ਰੱਖਿਆ ਜਾਵੇ ਕਿ ਗ੍ਰਾਹਕ ਦਾ ਧਿਆਨ ਦੂਸਰਿਆਂ ਤੋਂ ਵੱਧ ਇਸ ਦੁਕਾਨ ਵੱਲ ਰਹੇ, ਪਰ ਅੱਜ ਦੀ ਦੁਕਾਨਦਾਰੀ ਇਸ ਨਵੇਂ ਅਸੂਲ ਉੱਪਰ ਆਧਾਰਤ ਵੱਧ ਸਫਲ ਮੰਨੀ ਜਾਂਦੀ ਹੈ ਕਿ ਆਪਣੀ ਦੁਕਾਨ ਦਾ ਘੱਟ ਅਤੇ ਮੁਕਾਬਲੇ ਦੇ ਦੁਕਾਨਦਾਰ ਵੱਲ ਧਿਆਨ ਵੱਧ ਰੱਖੋ ਤੇ ਆਪਣੀ ਦੁਕਾਨ ਸੁਧਾਰਨ ਦੀ ਥਾਂ ਉਸ ਦੀ ਦੁਕਾਨ ਬੰਦ ਕਰਨ ਉੱਤੇ ਜ਼ੋਰ ਲਾ ਦਿਉ। ਭਾਰਤੀ ਪਾਰਲੀਮੈਂਟ ਦੇ ਹੇਠਲੇ ਸਦਨ ਲੋਕ ਸਭਾ ਨੂੰ ਬੇਸ਼ੱਕ ਲੋਕਤੰਤਰ ਦਾ ਸਭ ਤੋਂ ਵੱਡਾ ਮੰਦਰ ਕਿਹਾ ਜਾਂਦਾ ਹੈ, ਪਰ ਜਿਸ ਪਵਿੱਤਰਤਾ ਬਾਰੇ ਆਸ ਧਾਰਮਿਕ ਸ਼ਬਦਾਵਲੀ ਵਿੱਚ ਮੰਦਰ ਕਹੇ ਜਾਂਦੇ ਭਵਨ ਤੋਂ ਰੱਖੀ ਜਾ ਸਕਦੀ ਹੈ, ਉਹ ਲੋਕਤੰਤਰ ਦੇ ਇਸ ਮੰਦਰ ਤੋਂ ਰੱਖਣੀ ਫਜ਼ੂਲ ਬਣ ਚੁੱਕੀ ਹੈ। ਹਰ ਕਿਸਮ ਦੇ ਗੰਦੇ ਧੰਦੇ ਕਰਨ ਵਾਲੇ ਵੋਟਾਂ ਨਾਲ ਚੁਣ ਕੇ ਇੱਥੇ ਪਹੁੰਚ ਜਾਂਦੇ ਹਨ ਤੇ ਹਰ ਕੋਈ ਦੂਸਰਿਆਂ ਬਾਰੇ ਹਰ ਮੂੰਹ ਆਈ ਭੱਦੀ ਤੋਂ ਭੱਦੀ ਗੱਲ ਕਹਿੰਦਾ ਸੁਣ ਸਕਦਾ ਹੈ, ਆਪਣੇ ਬਾਰੇ ਸਿੱਧੀ ਸਚਾਈ ਵਾਲੀ ਗੱਲ ਵੀ ਮੰਨਣ ਨੂੰ ਤਿਆਰ ਨਹੀਂ ਹੁੰਦਾ। ਜਦੋਂ ਇੱਦਾਂ ਦੇ ਲੋਕਤੰਤਰੀ ਮੰਦਰ ਦੀ ਨਵੀਂ ਚੋਣ ਵਾਸਤੇ ਨਗਾਰਾ ਵੱਜਦਾ ਸੁਣਨ ਲੱਗ ਪਿਆ ਹੈ ਤਾਂ ਸੰਬੰਧਤ ਲੋਕਤੰਤਰ ਦੀ ਅਸਲੀ ਨੀਂਹ ਮੰਨੇ ਜਾਂਦੇ ਲੋਕਾਂ ਨੂੰ ਕੋਈ ਆਸ ਹੀ ਨਹੀਂ ਹੋਣੀ। ਉਹ ਪੰਜਾਬੀ ਦਾ ਇਹ ਮੁਹਾਵਰਾ ਸੱਚ ਮੰਨੀ ਬੈਠੇ ਹਨ ਕਿ ‘ਲੰਡਿਆ ਤੈਨੂੰ ਚੋਰ ਲੈ ਜਾਣ’ ਤੇ ਉਸ ਨੇ ਅੱਗੋਂ ਕਿਹਾ ਸੀ; ‘ਪੱਠੇ ਪਾਉਣਗੇ ਅਤੇ ਤੇਰੇ ਵਾਂਗ ਕੰਮ ਕਰਵਾਉਣਗੇ, ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਣਾ।’ ਭਾਰਤ ਦੇ ਲੋਕ ਚੰਗੇ ਭਵਿੱਖ ਦੀ ਕਿਸੇ ਆਸ ਦੀ ਥਾਂ ਇੱਦਾਂ ਕਿਉਂ ਸੋਚਣ ਲੱਗ ਪਏ, ਇਸ ਬਾਰੇ ਕੋਈ ਆਗੂ ਪ੍ਰਵਾਹ ਹੀ ਨਹੀਂ ਕਰਦਾ।
ਆਪਣੀ ਦੁਕਾਨ ਚਮਕਾਉਣ ਜਾਂ ਕੁਝ ਨਵਾਂ ਪੇਸ਼ ਕਰ ਕੇ ਗ੍ਰਾਹਕ ਨੂੰ ਖਿੱਚਣ ਦੀ ਥਾਂ ਸੜਕ ਦੇ ਦੂਸਰੇ ਪਾਸੇ ਵਾਲੀ ਦੁਕਾਨ ਜਾਂ ਆਪਣੇ ਗਵਾਂਢੀ ਦਾ ਭੱਠਾ ਬਿਠਾਉਣ ਦੀ ਰਾਜਨੀਤੀ ਨੇ ਅੱਜ ਸ਼ਾਇਦ ਹੀ ਕਿਸੇ ਆਗੂ ਦੇ ਪੱਲੇ ਕੁਝ ਛੱਡਿਆ ਹੋਵੇ। ਇਸ ਦੇ ਬਾਵਜੂਦ ਇੱਥੇ ਚੋਣਾਂ ਵੀ ਹੋਣੀਆਂ ਹਨ ਅਤੇ ਚੋਣ ਮੌਕੇ ਵੋਟਾਂ ਪਾਉਣ ਵੀ ਦੋ-ਤਿਹਾਈ ਤੋਂ ਵੱਧ ਲੋਕਾਂ ਨੇ ਵੋਟਿੰਗ ਬੂਥਾਂ ਉੱਤੇ ਚਲੇ ਜਾਣਾ ਹੈ। ਜਿਸ ਦਿਨ ਨਤੀਜਾ ਆਵੇਗਾ, ਉਹ ਇਹ ਗੱਲ ਘੱਟ ਵੇਖਣਗੇ ਕਿ ਦੇਸ਼ ਦਾ ਕੀ ਬਣੇਗਾ ਅਤੇ ਇਹ ਗੱਲ ਵੱਧ ਵੇਖਣਗੇ ਕਿ ਸਾਡੀ ਵੋਟ ਵਾਲਾ ਆਗੂ ਜਿੱਤਿਆ ਕਿ ਨਹੀਂ। ਬੇਸ਼ੱਕ ਉਨ੍ਹਾਂ ਦੀ ਵੋਟਾ ਵਾਲਾ ਜਿੱਤਿਆ ਹੋਵੇ, ਥੋੜ੍ਹੇ ਦਿਨਾਂ ਪਿੱਛੋਂ ਉਹ ਉਸ ਦੇ ਬਾਰੇ ਵੀ ਕੌੜਾ-ਫਿੱਕਾ ਬੋਲਦੇ ਸੁਣ ਜਾਣਗੇ ਅਤੇ ਫਿਰ ਗੱਲ ਇੱਥੇ ਮੁਕਾਉਣਗੇ ਕਿ ਸਾਡੀ ਕਿਹੜਾ ਕੋਈ ਸੁਣਦਾ ਹੈ, ਸਭ ਲੀਡਰਾਂ ਅਤੇ ਲੁੱਟ ਦੇ ਮਾਲ ਦੀ ਖੇਡ ਹੈ। ਜਦੋਂ ਆਜ਼ਾਦੀ ਮਿਲਣ ਦੇ ਪੰਝੱਤਰ ਸਾਲਾਂ ਬਾਅਦ ਆਮ ਲੋਕਾਂ ਦਾ ਰੋਟੀ ਦਾ ਸੌ ਮੁੱਦਿਆਂ ਦਾ ਮੁੱਦਾ ਹੀ ਹੱਲ ਨਹੀਂ ਹੋ ਸਕਿਆ ਤਾਂ ਹੋਰ ਉਹ ਕੀ ਸੋਚਣਗੇ! ਭਾਰਤ ਦੇ ਲੱਖਾਂ ਲੋਕ ਅੱਜ ਤੱਕ ਸਿਰ ਉੱਤੇ ਛੱਤ ਦੀ ਆਸ ਵਿੱਚ ਭਟਕਦੇ ਫਿਰਦੇ ਹਨ ਅਤੇ ਲੀਡਰਾਂ ਦੀਆਂ ਦੌਲਤਾਂ ਛੜੱਪੇ ਮਾਰ ਕੇ ਵਧੀ ਜਾਂਦੀਆਂ ਹਨ। ਕੋਈ ਵਿਰਲਾ ਆਗੂ ਹੀ ਹੈ, ਜਿਸ ਦੀ ਦੌਲਤ ਵਧਣ ਦੀ ਥਾਂ ਰੁਕ ਗਈ ਜਾਂ ਘਟੀ ਹੋ ਸਕਦੀ ਹੈ।
ਇਸ ਦੇਸ਼ ਦੀ ਰਾਜਨੀਤੀ ਵਿੱਚ ਦੈਂਤ ਕਹੇ ਜਾਂਦੇ ਆਗੂ ਹੋਣ ਜਾਂ ਆਪਣੇ ਆਪ ਨੂੰ ਦੇਵਤੇ ਵਜੋਂ ਪੇਸ਼ ਕਰਨ ਵਾਲੇ ਹੋਣ, ਰਾਜਨੀਤਕ ਸ਼ਬਦਾਵਲੀ ਵਿੱਚ ਦੂਸ਼ਣ ਅਤੇ ਗਾਲ੍ਹਾਂ ਦਾ ਗੱਫਾ ਇੰਜ ਲਪੇਟ ਕੇ ਪੇਸ਼ ਕਰਦੇ ਹਨ ਕਿ ਰਾਜਨੀਤੀ ਚੱਲੀ ਜਾਂਦੀ ਹੈ ਅਤੇ ਇਹੋ ਜਿਹੀ ਖੇਡ ਖੇਡਣ ਵਾਲੇ ਆਪਣੇ ਸਿਰ ਵਿਗਾੜ ਦੀ ਜ਼ਿੰਮੇਵਾਰੀ ਵੀ ਨਹੀਂ ਆਉਣ ਦੇਂਦੇ। ਕੇਂਦਰ ਵਿੱਚ ਸਰਕਾਰ ਚਲਾ ਰਹੀ ਪਾਰਟੀ ਨੂੰ ਇਸ ਗੱਲ ਦਾ ਲਾਭ ਹੁੰਦਾ ਹੈ ਕਿ ਉਹ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਰੋਧੀਆਂ ਉੱਤੇ ਹਰ ਕਿਸਮ ਦੇ ਭੱਦੇ ਦੋਸ਼ ਲਵਾਉਣ ਨਾਲ ਉਨ੍ਹਾਂ ਨੂੰ ਬੱਦੂ ਕਰ ਸਕਦੀ ਹੈ, ਪਰ ਉਹ ਆਪਣੇ ਵਿੱਚ ਆ ਚੁੱਕੇ ਅਤੇ ਘੇਸਲ ਮਾਰ ਕੇ ਲੁਕਾਏ ਐਬਾਂ ਨੂੰ ਵਰਤਣ ਦੀ ਕੋਸ਼ਿਸ਼ ਕਰਦੀ ਹੈ। ਇਹ ਦੋਸ਼ ਪਹਿਲਾਂ ਕਾਂਗਰਸੀ ਆਗੂਆਂ ਉੱਤੇ ਲੱਗਦਾ ਰਿਹਾ ਹੈ, ਅੱਜਕੱਲ੍ਹ ਭਾਰਤੀ ਜਨਤਾ ਪਾਰਟੀ ਵਾਲਿਆਂ ਉੱਤੇ ਲੱਗਦਾ ਹੈ ਤੇ ਇੰਜ ਜਾਪਦਾ ਹੈ ਕਿ ਕਾਂਗਰਸੀ ਓਨੀ ਚੁਸਤੀ ਨਾਲ ਇਹ ਕੰਮ ਕਦੇ ਨਹੀਂ ਸਨ ਕਰ ਸਕੇ, ਜਿੰਨੀ ਤਿਖੇਰੀ ਤੇ ਚੁਸਤ ਚਾਲ ਨਾਲ ਭਾਜਪਾ ਆਗੂ ਅਤੇ ਉਨ੍ਹਾਂ ਨਾਲ ਜੁੜੀ ਹੋਈ ਸਾਬਕਾ ਅਫਸਰਸ਼ਾਹਾਂ ਦੀ ਟੀਮ ਕਰਦੀ ਹੈ। ਰਾਜਾਂ ਵਿੱਚ ਸਰਕਾਰ ਚਲਾਉਂਦੀਆਂ ਪਾਰਟੀਆਂ ਦੇ ਆਗੂ ਵੀ ਆਪਣੇ ਵੱਲੋਂ ਕਸਰ ਨਹੀਂ ਛੱਡਣਾ ਚਾਹੁੰਦੇ, ਪਰ ਉਨ੍ਹਾਂ ਦੀ ਪੇਸ਼ ਨਹੀਂ ਜਾਂਦੀ ਅਤੇ ਸੂਬਾਈ ਅਫਸਰਾਂ ਦਾ ਇੱਕ ਵੱਡਾ ਹਿੱਸਾ ਕਿਸੇ ਆਪਣੇ ਨੁਕਸ ਨੂੰ ਢਕਣ ਜਾਂ ਭਵਿੱਖ ਦੀ ਕੋਈ ਕੁੜਿੱਕੀ ਪੈਣ ਦੇ ਡਰ ਹੇਠ ਕੇਂਦਰ ਵਾਲੀਆਂ ਏਜੰਸੀਆਂ ਦੇ ਅਫਸਰਾਂ ਦਾ ਹੱਥ-ਠੋਕਾ ਬਣ ਤੁਰਦਾ ਹੈ ਤੇ ਰਾਜਾਂ ਵਾਲੇ ਆਗੂਆਂ ਦੀ ਕੋਈ ਚਾਲ ਸਿਰੇ ਨਹੀਂ ਚੜ੍ਹਨ ਦੇਂਦਾ।
ਦੂਸਰੀ ਗੱਲ ਅੱਜ ਦੇ ਹਾਲਾਤ ਵਿੱਚ ਇਹ ਵੀ ਨੋਟ ਕਰਨ ਵਾਲੀ ਹੈ ਕਿ ਇੱਥੇ ਹਰ ਗੱਲ ਉਸ ਦੇ ਪ੍ਰਸੰਗ ਨਾਲੋਂ ਤੋੜ ਕੇ, ਅਸਲੋਂ ਵਿਗਾੜ ਕੇ ਇੰਜ ਪੇਸ਼ ਕੀਤੀ ਜਾਂਦੀ ਹੈ ਕਿ ਸੁਣਨ ਵਾਲੇ ਲੋਕਾਂ ਦਾ ਬਹੁਤ ਵੱਡਾ ਹਿੱਸਾ ਗੁੰਮਰਾਹ ਹੋ ਜਾਂਦਾ ਹੈ। ਮਿਸਾਲ ਵਜੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇੱਕ ਵਾਰ ਇਹ ਕਿਹਾ ਸੀ ਕਿ ਫਲਾਣਾ ਆਗੂ ਬਹੁਤ ਨੀਵੇਂ ਪੱਧਰ ਦੀ ਰਾਜਨੀਤੀ ਕਰਦਾ ਹੈ। ਉਸ ਆਗੂ ਨੇ ਅਗਲੇ ਦਿਨ ਦੁਹਾਈ ਚੁੱਕ ਲਈ ਕਿ ਵੇਖੋ, ਕਾਂਗਰਸ ਪਾਰਟੀ ਦੀ ਪ੍ਰਧਾਨ ਮੇਰੀ ਜਾਤ ਨੂੰ ਨੀਚ ਜਾਤ ਆਖਦੀ ਹੈ। ਇਸੇ ਤਰ੍ਹਾਂ ਜਦੋਂ ਇੱਕ ਆਗੂ ਨੇ ਕਿਹਾ ਕਿ ਬਜਰੰਗ ਦਲ ਵਰਗੇ ਜਿਹੜੇ ਵੀ ਸੰਗਠਨ ਭਾਰਤੀ ਸਮਾਜ ਵਿੱਚ ਵੰਡੀਆਂ ਪਾਉਂਦੇ ਹਨ, ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਸ਼ਬਦ ਵਿਗਾੜ ਕੇ ‘ਬਜਰੰਗ ਦਲ’ ਦੀ ਥਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਇਹ ਲੋਕ ਤਾਂ ‘ਬਜਰੰਗ ਬਲੀ’ ਅਰਥਾਤ ਹਨੂਮਾਨ ਜੀ ਉੱਤੇ ਪਾਬੰਦੀ ਲਾ ਦੇਣਾ ਚਾਹੁੰਦੇ ਹਨ। ਇਸ ਤਰ੍ਹਾਂ ਦੀਆਂ ਖੇਡਾਂ ਖੇਡਣ ਲਈ ਵਾਟਸਐਪ ਸਮੇਤ ਕਈ ਸੋਸ਼ਲ ਮੀਡੀਆ ਸਾਈਟਾਂ ਆਪਣੇ ਸਾਰੇ ਜ਼ੋਰ ਨਾਲ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਉਣ ਦੇ ਕੰਮ ਵਿੱਚ ਰੁੱਝੀਆਂ ਹੋਈਆਂ ਹਨ। ਉਨ੍ਹਾਂ ਨਾਲ ਜੁੜੇ ਲੱਖਾਂ ਲੋਕ ਆਪਣੇ ਆਪ ਨੂੰ ‘ਸੋਸ਼ਲ ਮੀਡੀਆ ਇਨਫਲੂਐਂਸਰ’ ਵਜੋਂ ਪੇਸ਼ ਕਰਦੇ ਹਨ, ਪਰ ਅਸਲ ਵਿੱਚ ਉਹ ਮਾਸੂਮ ਮੇਮਣੇ ਦੀ ਖੱਲ ਲਪੇਟ ਕੇ ਬਘਿਆੜ ਵਾਂਗ ਸਮਾਜ ਦੇ ਭਾਈਚਾਰਕ ਤਾਣੇ ਦੀ ਹਰ ਜੜ੍ਹ ਟੁੱਕ ਦੇਣ ਲੱਗੇ ਹੋਏ ਹਨ। ਕੋਈ ਖਬਰ ਉਸ ਧਾੜ ਦੇ ਇੱਕ ਦਫਤਰ ਵਿੱਚ ਘੜੀ ਜਾਂਦੀ ਅਤੇ ਸੋਸ਼ਲ ਮੀਡੀਆ ਉੱਤੇ ਜਦੋਂ ਕਦੀ ਪਾਈ ਜਾਂਦੀ ਹੈ ਤਾਂ ਉਨ੍ਹਾਂ ਦੀ ਸੌੜੀ ਸੋਚ ਦੀ ਸਕੀਰੀ ਵਾਲਾ ਸਾਰਾ ਲਾਣਾ ਉਸ ਨੂੰ ਅੱਗੇ ਤੋਂ ਅੱਗੇ ਭੇਜ ਕੇ ਲੋਕਾਂ ਦੇ ਮੋਬਾਈਲ ਫੋਨਾਂ ਅਤੇ ਦੂਸਰੇ ਪ੍ਰਬੰਧਾਂ ਦਾ ਧੂੰਆ ਜਿਹਾ ਕੱਢ ਦੇਂਦਾ ਹੈ। ਜਦੋਂ ਤੱਕ ਉਸ ਗੰਦੀ ਖੇਡ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ, ਉਦੋਂ ਨੂੰ ਪਿੱਛਾ ਕਰਦੀ ਭੀੜ ਵੱਲੋਂ ਫੜੇ ਜਾਣ ਤੋਂ ਪਹਿਲਾਂ ਭੱਜ ਨਿਕਲਦੇ ਚੋਰ ਵਾਂਗ ਗੰਦਗੀ ਫੈਲਾਉਣ ਵਾਲੀ ਇਹ ਸਾਰੀ ਧਾੜ ਕਿਸੇ ਹੋਰ ਸ਼ਰਾਰਤੀ ਅਤੇ ਘਾਤਕ ਚੁਆਤੀ ਲਾਉਣ ਵਾਸਤੇ ਸਰਗਰਮ ਹੋਈ ਹੁੰਦੀ ਹੈ।
ਇਸ ਵਕਤ ਭਾਰਤੀ ਲੋਕਤੰਤਰ ਦਾ ਸਭ ਤੋਂ ਵੱਡਾ ਮੰਦਰ ਕਹੀ ਜਾਂਦੀ ਲੋਕ ਸਭਾ ਦੀ ਅਗਲੀ ਚੋਣ ਲਈ ਅਖਾੜਾ ਭਖ ਚੁੱਕਾ ਹੈ ਅਤੇ ਆਮ ਲੋਕ ਇੱਕ ਵਾਰ ਫਿਰ ਭਵਿੱਖ ਦੀ ਕਿਸੇ ਆਸ ਦੀ ਤੰਦ ਦੀ ਭਾਲ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਬਦਕਿਸਮਤੀ ਹੈ ਕਿ ਉਹ ਸਿਆਸਤ ਦੀ ਧੂੜ ਵਿੱਚ ਭਵਿੱਖ ਦੀ ਆਸ ਦੇ ਹੀਰੇ ਭਾਲਣਗੇ। ਬਹੁਤ ਸਾਰੇ ਚਿੰਤਕ ਇਹ ਗੱਲ ਕਹਿਣ ਤੋਂ ਝਿਜਕਦੇ ਹਨ, ਪਰ ਆਪਸੀ ਗੱਲਬਾਤ ਵਿੱਚ ਮੰਨ ਲੈਂਦੇ ਹਨ ਕਿ ਜਿੱਦਾਂ ਅੱਜ ਤੱਕ ਦੀਆਂ ਚੋਣਾਂ ਨੇ ਇਸ ਦੇਸ਼ ਦੇ ਲੋਕਾਂ ਪੱਲੇ ਬਹੁਤਾ ਕੁਝ ਨਹੀਂ ਸੀ ਪਾਇਆ, ਇਸ ਵਾਰ ਵੀ ਬਹੁਤੀ ਝਾਕ ਨਹੀਂ ਰੱਖਣੀ ਚਾਹੀਦੀ। ਸਾਡੀ ਪੰਜਾਬੀਅਤ ‘ਜੀਵੇ ਆਸਾ ਤੇ ਮਰੇ ਨਿਰਾਸਾ’ ਦੇ ਦਿਲਾਸਾ ਦੇਊ ਸੰਦੇਸ਼ ਉੱਤੇ ਟੇਕ ਰੱਖਦੀ ਹੈ, ਇਸ ਲਈ ਜਦੋਂ ਲੋਕ ਧੂੜ ਦੇ ਗੁਬਾਰ ਵਿੱਚੋਂ ਵੀ ਕਿਸੇ ਭਲੇ ਦੀ ਆਸ ਰੱਖਦੇ ਹਨ ਤਾਂ ਉਨ੍ਹਾਂ ਨੂੰ ਗਲਤ ਨਹੀਂ ਕਿਹਾ ਜਾ ਸਕਦਾ। ਗਲਤ ਤਾਂ ਸਦਾ ਤੋਂ ਆਗੂ ਸਨ, ਪਰ ਉਨ੍ਹਾਂ ਨੇ ਕਦੀ ਆਪਣੇ ਆਪ ਨੂੰ ਨਾ ਗਲਤ ਮੰਨਿਆ ਤੇ ਨਾ ਮੰਨਣਗੇ, ਸਗੋਂ ਭਾਰਤੀ ਰਾਜਨੀਤੀ ਦੇ ਇਸ ਅਸੂਲ ਨਾਲ ਆਪਸੀ ਮੁਕਾਬਲੇਬਾਜ਼ੀ ਦਾ ਇੱਕ ਹੋਰ ਦੌਰ ਸਾਡੇ ਪੱਲੇ ਪਾ ਦੇਣਗੇ ਕਿ ਜਿਹੜਾ ਜਿੱਤ ਗਿਆ, ਆਪਣੇ ਆਪ ਨੂੰ ਸਿਕੰਦਰ ਆਖੇਗਾ ਅਤੇ ਜਿਹੜੇ ਜਿੱਤ ਨਾ ਸਕੇ, ਉਹ ਅਗਲੀ ਵਾਰੀ ਦੇ ਕੂੜ-ਕੁਪੱਤ ਦੀ ਤਿਆਰੀ ਵਿੱਚ ਲੱਗ ਜਾਣਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4824)
(ਸਰੋਕਾਰ ਨਾਲ ਸੰਪਰਕ ਲਈ: (