JatinderPannu7“... ਪਰ ਇਹੋ ਮਾਣ ਵਾਲੀ ਗੱਲ ਚਿੰਤਾ ਵੀ ਪੈਦਾ ਕਰਦੀ ਹੈ। ਪੰਜਾਬ ਪਹਿਲਾਂ ਬਾਰਾਂ ਸਾਲਾਂ ਤੋਂ ਵੱਧ ...
(27 ਦਸੰਬਰ 2020)

 

ਸਿਰਫ ਦੋ ਵੱਡੇ ਕਾਰੋਬਾਰੀ ਘਰਾਣਿਆਂ ਖਾਤਰ ਸਾਰੇ ਦੇਸ਼ ਦੇ ਕਿਸਾਨਾਂ ਦੇ ਜੜ੍ਹੀਂ ਤੇਲ ਦੇਣ ਵਾਲੇ ਭਾਰਤ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਿਵੇਂ ਇਸ ਵਕਤ ਸਿਖਰਾਂ ਛੋਹ ਰਿਹਾ ਹੈ, ਅੱਗੇ ਕਦੀ ਵੇਖਿਆ ਹੀ ਨਹੀਂ ਸੀ ਗਿਆਇਸ ਕਿਸਾਨ ਦੀ ਅਗਵਾਈ ਕਰਦੇ ਲੋਕਾਂ ਵਿੱਚ ਉੱਭਰਵੇਂ ਆਗੂ ਬਲਬੀਰ ਸਿੰਘ ਰਾਜੋਵਾਲ ਨੇ ਠੀਕ ਕਿਹਾ ਹੈ ਕਿ ਇਹ ਸਿਰਫ ਭਾਰਤ ਦੇ ਕਿਸਾਨਾਂ ਦਾ ਸੰਘਰਸ਼ ਨਹੀਂ ਰਿਹਾ, ਸੰਸਾਰ ਭਰ ਦੇ ਕਿਸਾਨਾਂ ਦੇ ਇਰਾਦੇ ਨੂੰ ਟੁੰਬਣ ਕਾਰਨ ਸੰਸਾਰ ਪੱਧਰ ਦੀ ਲਹਿਰ ਦਾ ਦਰਜਾ ਧਾਰਨ ਕਰ ਗਿਆ ਹੈ ਉਨ੍ਹਾਂ ਨੇ ਇੱਕ ਭਾਸ਼ਣ ਦੌਰਾਨ ਕਿਹਾ ਹੈ ਕਿ ਦੱਖਣੀ ਅਫਰੀਕਾ ਤਕ ਦੇ ਕਿਸਾਨਾਂ ਨੇ ਭਾਰਤ ਦੇ ਕਿਸਾਨਾਂ ਦੇ ਸੰਘਰਸ਼ ਤੋਂ ਸੇਧ ਲੈ ਕੇ ਸੰਘਰਸ਼ ਕਰਨ ਲਈ ਕਮਰਕੱਸੇ ਕਰਨ ਦਾ ਸੰਕੇਤ ਦੇ ਦਿੱਤਾ ਹੈਇਹ ਇਸ ਲਹਿਰ ਦਾ ਬਹੁਤ ਵੱਡਾ ਹਾਂ-ਪੱਖੀ ਪ੍ਰਭਾਵ ਹੈਅਗਲੇ ਸਾਲਾਂ ਦੌਰਾਨ ਭਾਰਤ ਦੇ ਇਸ ਕਿਸਾਨ ਮੋਰਚੇ ਦੇ ਰੰਗ ਵਿੱਚ ਰੰਗੀਆਂ ਲਹਿਰਾਂ ਕਈ ਹੋਰ ਦੇਸ਼ਾਂ ਵਿੱਚ ਉੱਠ ਸਕਦੀਆਂ ਹਨ, ਪਰ ਇਸ ਤਰ੍ਹਾਂ ਹੋਰ ਕੋਈ ਨਵੀਂ ਲਹਿਰ ਉੱਠਣਾ ਇਸ ਮੋਰਚੇ ਦੇ ਉਸ ਆਖਰੀ ਪੜਾਅ ਉੱਤੇ ਨਿਰਭਰ ਕਰੇਗਾ, ਜਿਸਦਾ ਹਾਲ ਦੀ ਘੜੀ ਇਹ ਪਤਾ ਨਹੀਂ ਕਿ ਕਿਸ ਤਰ੍ਹਾਂ ਦਾ ਹੋਵੇਗਾ, ਕਿਉਂਕਿ ਹਾਲੇ ਤਕ ਭਾਰਤ ਸਰਕਾਰ ਦੀ ਮਨਸ਼ਾ ਵਿੱਚ ਇਮਾਨਦਾਰੀ ਨਹੀਂ ਲੱਭਦੀ

ਮੋਰਚੇ ਦੇ ਪਹਿਲੇ ਪੜਾਵਾਂ ਤੋਂ ਬਾਅਦ ਅਸੀਂ ਜਦੋਂ ਕਿਸਾਨਾਂ ਦੇ ਦਿੱਲੀ ਮਾਰਚ ਦੀਆਂ ਪਹਿਲੀਆਂ ਖਬਰਾਂ ਸੁਣੀਆਂ ਤਾਂ ਉਹ ਦਿੱਲੀ ਦੇ ਬਾਰਡਰਾਂ ਉੱਤੇ ਧਰਨੇ ਮਾਰ ਕੇ ਬੈਠ ਜਾਣ ਵਾਲੀਆਂ ਨਹੀਂ ਸਨ ਉਦੋਂ ਇਹੋ ਕਿਹਾ ਗਿਆ ਸੀ ਕਿ ਉੱਥੇ ਜਾਣਾ ਅਤੇ ਛੱਬੀ-ਸਤਾਈ ਨਵੰਬਰ ਦੇ ਦੋ ਦਿਨ ਧਰਨਾ ਮਾਰਨਾ ਹੈਜਦੋਂ ਕਿਸਾਨ ਜਥੇ ਜਾਣੇ ਸ਼ੁਰੂ ਹੋਏ ਤਾਂ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਦੇ ਵਿਰੁੱਧ ਪੁਲਸੀਆ ਸਖਤੀ ਨਾਲ ਮਾਹੌਲ ਵਿਗਾੜਨ ਦੀ ਪਹਿਲ ਕੀਤੀ ਤੇ ਫਿਰ ਕੇਂਦਰ ਦੇ ਇਸ਼ਾਰੇ ਉੱਤੇ ਦਿੱਲੀ ਪੁਲਿਸ ਨੇ ਹਾਈਵੇਜ਼ ਨੂੰ ਕਰੇਨਾਂ ਨਾਲ ਉਖਾੜ ਕੇ ਚੌੜੀਆਂ ਖਾਲੀਆਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ, ਜਿਵੇਂ ਕਿਸਾਨਾਂ ਨੂੰ ਨਹੀਂ, ਚੜ੍ਹੇ ਆਉਂਦੇ ਟੈਂਕਾਂ ਨੂੰ ਰੋਕਣ ਦਾ ਇਰਾਦਾ ਹੋਵੇ ਉਦੋਂ ਕਿਸਾਨਾਂ ਨੂੰ ਦਿੱਲੀ ਵਿੱਚ ਨਾ ਜਾਣ ਦਿੱਤਾ ਤਾਂ ਉਹ ਧਰਨੇ ਮਾਰ ਕੇ ਉੱਥੇ ਬੈਠ ਗਏ ਅਤੇ ਫਿਰ ਪੱਕੇ ਕੈਂਪ ਲੱਗ ਗਏ ਸਨਕਸੂਰ ਤਾਂ ਹਰਿਆਣੇ ਅਤੇ ਕੇਂਦਰ ਦੀਆਂ ਸਰਕਾਰਾਂ ਦਾ ਸੀ, ਭੁਗਤਣਾ ਕਿਸਾਨਾਂ ਨੂੰ ਜਾਂ ਉਸ ਇਲਾਕੇ ਦੇ ਲੋਕਾਂ ਨੂੰ ਪਿਆ ਹੈਇਹ ਮਸਲਾ ਫਿਰ ਦੇਸ਼ ਦੀ ਸੁਪਰੀਮ ਕੋਰਟ ਵਿੱਚ ਵੀ ਗਿਆ ਤੇ ਉੱਥੇ ਇਹ ਗੱਲ ਸਾਫ ਹੋ ਗਈ ਕਿ ਕਿਸਾਨਾਂ ਦਾ ਰਾਹ ਦਿੱਲੀ ਪੁਲਿਸ ਵੱਲੋਂ ਰੋਕਣ ਦੇ ਕਾਰਨ ਇਸ ਸੰਕਟ ਵਾਲੀ ਹਾਲਤ ਬਣੀ ਹੈ, ਕਿਸਾਨਾਂ ਨੇ ਕਾਨੂੰਨ ਤੋੜਨ ਵਾਲਾ ਕੋਈ ਕੰਮ ਕੀਤਾ ਹੀ ਨਹੀਂ

ਜਦੋਂ ਵੇਖਿਆ ਕਿ ਕਿਸਾਨਾਂ ਦੇ ਖਿਲਾਫ ਹੋਰ ਕੋਈ ਹਰਬਾ ਕੰਮ ਨਹੀਂ ਆਇਆ ਤੇ ਇਹ ਵੀ ਵੇਖਿਆ ਕਿ ਕਿਸਾਨਾਂ ਦੀ ਸਾਂਝੀ ਸੰਘਰਸ਼ ਕਮੇਟੀ ਵਿੱਚ ਸ਼ਾਮਲ ਚਾਲੀ ਸੰਗਠਨਾਂ ਵਿੱਚੋਂ ਬੱਤੀ ਇਕੱਲੇ ਪੰਜਾਬ ਵਾਲੇ ਹਨ ਤਾਂ ਕੇਂਦਰ ਸਰਕਾਰ ਤੇ ਹਰਿਆਣਾ ਵਾਲੀ ਦੋਵਾਂ ਸਰਕਾਰਾਂ ਦੇ ਮੋਹਰੀਆਂ ਦੀ ਬੋਲੀ ਪੰਜਾਬ ਵਿਰੋਧੀ ਰੰਗ ਫੜਨ ਲੱਗ ਪਈਹਰਿਆਣੇ ਵਾਲਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਸ ਕੰਮ ਵਿੱਚ ਸਭ ਤੋਂ ਵੱਧ ਭੱਦਾ ਪੈਂਤੜਾ ਵਰਤ ਰਿਹਾ ਹੈਕਦੇ ਕਾਂਗਰਸ ਦੇ ਮੁੱਖ ਮੰਤਰੀ ਭਜਨ ਲਾਲ ਨੇ ਪੰਜਾਬੀਆਂ ਦੇ ਖਿਲਾਫ ਹਰਿਆਣੇ ਦੇ ਲੋਕਾਂ ਨੂੰ ਭੜਕਾਇਆ ਸੀ, ਇਸ ਵਾਰੀ ਮਨੋਹਰ ਲਾਲ ਖੱਟਰ ਇੱਦਾਂ ਦਾ ਕੰਮ ਕਰਦਾ ਦਿਸ ਰਿਹਾ ਹੈਜਦੋਂ ਦਿੱਲੀ ਨੂੰ ਕਿਸਾਨਾਂ ਨੇ ਜਾਣਾ ਸੀ, ਪੰਜਾਬ ਦੇ ਕਿਸਾਨ ਛੱਬੀ ਨਵੰਬਰ ਦੇ ਦਿਨ ਜਾਣ ਵਾਲੇ ਸਨ, ਹਰਿਆਣੇ ਦੇ ਕਿਸਾਨ ਆਪਣੇ ਪੰਜਾਬੀ ਭਰਾਵਾਂ ਦਾ ਅਗੇਤਾ ਦਸਤਾ ਬਣ ਕੇ ਪਹਿਲਾਂ ਤੁਰੇ ਸਨ ਅਤੇ ਉਨ੍ਹਾਂ ਨੂੰ ਜਾਣ ਤੋਂ ਰੋਕਣ ਲਈ ਹਰਿਆਣਾ ਪੁਲਿਸ ਨੇ ਆਪਣੇ ਰਾਜ ਵਿੱਚ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕਰੀਬ ਚਾਰ ਦਿਨ ਪਹਿਲਾਂ ਸ਼ੁਰੂ ਕਰ ਦਿੱਤੀਆਂ ਸਨਜਦੋਂ ਪੰਜਾਬ ਤੋਂ ਇੱਕ ਦਿਨ ਪਹਿਲਾਂ ਹਰਿਆਣਾ ਦੇ ਕਿਸਾਨਾਂ ਨੇ ਉੱਥੋਂ ਦੀ ਪੁਲਿਸ ਦੇ ਲਾਏ ਨਾਕੇ ਤੋੜੇ ਅਤੇ ਇੱਕ ਨੌਜਵਾਨ ਨੇ ਕਿਸਾਨਾਂ ਵੱਲ ਪਾਣੀ ਦੀ ਧਾਰ ਸੁੱਟਣ ਵਾਲੀ ਪਾਈਪ ਦਾ ਮੂੰਹ ਮੋੜ ਕੇ ਉਲਟਾ ਪੁਲਿਸ ਵੱਲ ਨੂੰ ਕਰ ਦਿੱਤਾ ਤਾਂ ਕੇਸ ਹਰਿਆਣੇ ਦੇ ਕਿਸਾਨਾਂ ਉੱਤੇ ਦਰਜ ਹੋਏ ਸਨ, ਪਰ ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਕਿਹਾ ਕਿ ਹਰਿਆਣੇ ਵਿੱਚ ਕੋਈ ਸਮੱਸਿਆ ਨਹੀਂ, ਪੁਲਿਸ ਦੇ ਨਾਕੇ ਤਾਂ ਪੰਜਾਬ ਵਾਲਿਆਂ ਨੇ ਤੋੜੇ ਹਨਫਿਰ ਹਾਈ ਕੋਰਟ ਵਿੱਚ ਕੇਸ ਚਲਾ ਗਿਆ ਤਾਂ ਉੱਥੇ ਹਰਿਆਣਾ ਪੁਲਿਸ ਦੇ ਇੱਕ ਅਧਿਕਾਰੀ ਨੇ ਮੰਨਿਆ ਕਿ ਅਸੀਂ ਹਰਿਆਣੇ ਦੇ ਕਿਸਾਨਾਂ ਦੀ ਫੜੋ-ਫੜੀ ਵੀ ਕੀਤੀ ਸੀ ਤੇ ਨਾਕੇ ਵੀ ਹਰਿਆਣੇ ਦੇ ਕਿਸਾਨਾਂ ਨੇ ਟੱਪੇ ਹਨ, ਜਿਸ ਬਾਰੇ ਉਨ੍ਹਾਂ ਉੱਤੇ ਕੇਸ ਦਰਜ ਕੀਤਾ ਹੈ, ਪਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਫਿਰ ਵੀ ਪੰਜਾਬੀਆਂ ਦੇ ਖਿਲਾਫ ਹੀ ਕੌੜੇ ਬੋਲ ਬੋਲਦਾ ਰਿਹਾਹੱਦ ਤਾਂ ਉਸ ਵੇਲੇ ਹੋ ਗਈ, ਜਦੋਂ ਅੰਬਾਲੇ ਵਿੱਚ ਕਿਸਾਨਾਂ ਨੇ ਮਨੋਹਰ ਲਾਲ ਖੱਟਰ ਨੂੰ ਕਾਲੇ ਝੰਡੇ ਵਿਖਾਏ ਤੇ ਪੁਲਿਸ ਨੇ ਹਰਿਆਣਾ ਦੇ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ, ਪਰ ਮਨੋਹਰ ਲਾਲ ਖੱਟਰ ਨੇ ਫਿਰ ਇਹੋ ਕਹਿ ਦਿੱਤਾ ਕਿ ਕਾਲੇ ਝੰਡੇ ਵਿਖਾਉਣ ਦਾ ਕੰਮ ਪੰਜਾਬ ਵੱਲੋਂ ਆਏ ਕਿਸਾਨਾਂ ਨੇ ਕੀਤਾ ਹੈ, ਹਰਿਆਣੇ ਵਿੱਚ ਤਾਂ ਬਿਲਕੁਲ ਕੋਈ ਸਮੱਸਿਆ ਹੀ ਨਹੀਂ

ਪੰਜਾਬੀਆਂ ਦੇ ਖਿਲਾਫ ਹਰਿਆਣਾ ਦੇ ਲੋਕਾਂ ਨੂੰ ਭੜਕਾਉਣ ਦੀ ਖੇਡ ਇੱਥੇ ਵੀ ਨਹੀਂ ਰੁਕੀ ਤੇ ਅਗਲੇ ਕਦਮ ਵਜੋਂ ਉੱਥੋਂ ਦੇ ਇੱਕ ਮੰਤਰੀ ਨੇ ਉੱਥੋਂ ਦੇ ਕਿਸਾਨਾਂ ਨੂੰ ਸੱਦਾ ਦੇ ਦਿੱਤਾ ਕਿ ਕਾਨੂੰਨਾਂ ਵਿਰੁੱਧ ਲੜਾਈ ਲੜਦੇ ਵਕਤ ਤੁਸੀਂ ਪਹਿਲੀ ਮੰਗ ਪੰਜਾਬ ਤੋਂ ਸਤਲੁਜ-ਯਮਨਾ ਨਹਿਰ ਰਾਹੀਂ ਪਾਣੀ ਦਿਵਾਉਣ ਦੀ ਉਠਾਓਹਰਿਆਣੇ ਦੇ ਕਿਸਾਨਾਂ ਨੇ ਇਸ ਕੁਵੇਲੇ ਦੀ ਬਾਂਗ ਦਾ ਹੁੰਗਾਰਾ ਨਹੀਂ ਭਰਿਆ ਤੇ ਸਾਰੇ ਭਾਰਤ ਦੇ ਕਿਸਾਨਾਂ ਦੇ ਭਵਿੱਖ ਦੀ ਸਾਂਝੀ ਲੜਾਈ ਦੌਰਾਨ ਇਹ ਮੰਗ ਉਠਾਉਣ ਦੀ ਥਾਂ ਦਿੱਲੀ ਬਾਰਡਰ ਉੱਤੇ ਇਕੱਠੇ ਬੈਠੇ ਦਿੱਸੇ ਤਾਂ ਹਰਿਆਣੇ ਦੇ ਮੁੱਖ ਮੰਤਰੀ ਦੇ ਸੰਕੇਤ ਉੱਤੇ ਸਤਲੁਜ-ਯਮਨਾ ਨਹਿਰ ਵਾਲੇ ਮੁੱਦੇ ਵਾਸਤੇ ਲਾਮਬੰਦੀ ਕਰਨ ਲਈ ਉੱਥੋਂ ਦੇ ਭਾਜਪਾ ਆਗੂ ਨਿਕਲ ਤੁਰੇਇੱਕ-ਦੋ ਥਾਂਈਂ ਇੱਦਾਂ ਦੀ ਡਰਾਮੇਬਾਜ਼ੀ ਕਰਦੇ ਵਕਤ ਭਾਜਪਾ ਆਗੂਆਂ ਨੂੰ ਹਰਿਆਣਾ ਦੇ ਕਿਸਾਨਾਂ ਨੇ ਖਦੇੜਿਆ ਵੀ, ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਆਉਣ ਲਈ ਬਣਾਇਆ ਹੈਲੀਪੈਡ ਵੀ ਕਿਸਾਨਾਂ ਨੇ ਤੋੜ ਦਿੱਤਾ, ਪਰ ਉੱਥੋਂ ਦੀ ਭਾਜਪਾ ਅਜੇ ਤਕ ਵੀ ਇਸ ਮੁੱਦੇ ਨੂੰ ਚੁੱਕ ਕੇ ਧਰਨਿਆਂ ਦੀ ਨੌਟੰਕੀ ਕਰੀ ਜਾਂਦੀ ਹੈ, ਜਿਸਦਾ ਸਾਰਾ ਰੌਂ ਪੰਜਾਬ ਵਿਰੋਧੀ ਪ੍ਰਚਾਰ ਵਾਲਾ ਹੁੰਦਾ ਹੈ ਉੱਥੋਂ ਦੇ ਮੰਤਰੀ ਖੁਦ ਜਾ ਕੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਪੰਜਾਬ ਵਿਰੋਧੀ ਭਾਸ਼ਣ ਕਰ ਰਹੇ ਹਨਜਿਹੜੀ ਭਾਜਪਾ ਸਾਰੇ ਦੇਸ਼ ਦੀ ਅਖੰਡਤਾ ਤੇ ਏਕਤਾ ਦੀਆਂ ਡੀਂਗਾਂ ਮਾਰਦੀ ਹੈ, ਉਸ ਦੀ ਹਰਿਆਣਾ ਦੀ ਟੀਮ ਇਹ ਕੁਝ ਉਸ ਦੀ ਹਾਈ ਕਮਾਂਡ ਦੀ ਮਰਜ਼ੀ ਦੇ ਬਗੈਰ ਕਰਦੀ ਨਹੀਂ ਹੋ ਸਕਦੀਫਿਰ ਕੀ ਸਮਝਿਆ ਜਾਵੇ ਕਿ ਪੰਜਾਬ ਦੇ ਖਿਲਾਫ ਇੱਕ ਮਾਹੌਲ ਸਿਰਜਿਆ ਜਾ ਰਿਹਾ ਹੈ

ਸਾਰੇ ਭਾਰਤ ਦੇ ਕਿਸਾਨਾਂ ਦੀ ਆਪਣਾ ਭਵਿੱਖ ਬਚਾਉਣ ਦੀ ਲੜਾਈ ਵਿੱਚ ਪੰਜਾਬੀਆਂ ਦਾ ਸਥਾਨ ਮੋਹਰੀ ਹੈ, ਪਰ ਇਸ ਵਿੱਚ ਉਨ੍ਹਾਂ ਨਾਲ ਹਰਿਆਣਾ ਦੇ ਕਿਸਾਨ ਵੀ ਹਨ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾ ਖੰਡ ਦੇ ਬਾਅਦ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਦੇ ਕਿਸਾਨ ਵੀ ਨਾਲ ਆਣ ਰਲੇ ਹਨਸਾਰੇ ਰਾਜਾਂ ਦੇ ਕਿਸਾਨਾਂ ਦੇ ਇਸ ਸਾਂਝੇ ਘੋਲ ਵਿੱਚ ਪੰਜਾਬੀਆਂ ਦਾ ਜੋਸ਼ ਅਤੇ ਇਸ ਘੋਲ ਦੀ ਅਗਵਾਈ ਵਿੱਚ ਪੰਜਾਬੀ ਆਗੂਆਂ ਦਾ ਮੋਹਰੀ ਹੋਣਾ ਪੰਜਾਬ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ, ਪਰ ਇਹੋ ਮਾਣ ਵਾਲੀ ਗੱਲ ਚਿੰਤਾ ਵੀ ਪੈਦਾ ਕਰਦੀ ਹੈਪੰਜਾਬ ਪਹਿਲਾਂ ਬਾਰਾਂ ਸਾਲਾਂ ਤੋਂ ਵੱਧ ਅੰਨ੍ਹੀ ਗਲ਼ੀ ਵਿੱਚ ਫਸਿਆ ਰਿਹਾ ਸੀਉਸ ਦੌਰ ਦੇ ਮੁੱਢਲੇ ਦਿਨਾਂ ਵਿੱਚ ਵੀ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੇ ਹਰਿਆਣਾ ਦੇ ਲੋਕਾਂ ਨੂੰ ਪੰਜਾਬੀਆਂ ਵਿਰੁੱਧ ਉਕਸਾਇਆ ਸੀਅੱਜ ਹਰਿਆਣੇ ਦੇ ਲੋਕ ਬਹੁਤ ਸਿਆਣੇ ਹਨਕਿਸੇ ਵੀ ਚੁਸਤ ਸਿਆਸਤਦਾਨ ਵੱਲੋਂ ਦੋ ਰਾਜਾਂ ਦੇ ਲੋਕਾਂ ਨੂੰ ਇੱਕ ਦੂਸਰੇ ਵਿਰੁੱਧ ਖੜ੍ਹੇ ਕਰਨ ਦੀਆਂ ਚਾਲਾਂ ਸਮਝਦੇ ਹਨ, ਪਰ ਜਿਸ ਤਰ੍ਹਾਂ ਦੀਆਂ ਚਾਲਾਂ ਬਦਲ-ਬਦਲ ਕੇ ਚੱਲੀਆਂ ਜਾ ਰਹੀਆਂ ਹਨ, ਇਨ੍ਹਾਂ ਵਿੱਚੋਂ ਖਾਸ ਤਰ੍ਹਾਂ ਦੇ ਸਾੜ ਦੀ ਬਦਬੂ ਆ ਰਹੀ ਹੈਇਸ ਬਦਬੂ ਬਾਰੇ ਹਰਿਆਣੇ ਦੇ ਲੋਕਾਂ ਨੂੰ ਹੀ ਨਹੀਂ, ਪੰਜਾਬ ਦੇ ਲੋਕਾਂ ਨੂੰ ਵੀ ਵਾਹਵਾ ਸੁਚੇਤ ਰਹਿਣਾ ਹੋਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2490)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author