JatinderPannu7ਇੱਕ ਧਰਮ-ਨਿਰਪੱਖਤਾ ਪੰਡਿਤ ਨਹਿਰੂ ਦੇ ਸਮੇਂ ਹੁੰਦੀ ਸੀ, ਜਿਸ ਵਿੱਚ ਫਿਰਕੂ ਤਾਕਤਾਂ ਨਾਲ ...
(1 ਮਾਰਚ 2021)
(
ਸ਼ਬਦ: 1170)


ਭਾਰਤ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ ਉੱਤੇ ਜਦੋਂ ਕਿਸਾਨਾਂ ਦਾ ਧਰਨਾ ਚੱਲਦਾ ਪਿਆ ਹੈ ਅਤੇ ਇਸ ਵਿੱਚ ਡਟੇ ਹੋਏ ਲੋਕਾਂ ਦੀ ਗਿਣਤੀ ਕਦੀ ਥੋੜ੍ਹੀ ਘਟਣ ਤੇ ਅਗਲੇ ਦਿਨ ਉਸ ਤੋਂ ਵਧਣ ਦੀ ਖਬਰ ਆ ਜਾਂਦੀ ਹੈ
, ਐਨ ਉਦੋਂ ਭਾਰਤ ਦੇ ਪੰਜ ਰਾਜਾਂ ਲਈ ਚੋਣਾਂ ਦਾ ਐਲਾਨ ਹੋ ਗਿਆ ਹੈਇਨ੍ਹਾਂ ਵਿੱਚ ਚਾਰ ਰਾਜ ਤੇ ਪੰਜਵਾਂ ਕੇਂਦਰੀ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਹੈ, ਜਿਸ ਦੀ ਸਰਕਾਰ ਉਸ ਦੇ ਆਪਣੇ ਵਿਧਾਇਕਾਂ ਵੱਲੋਂ ਅਸਤੀਫੇ ਦੇਣ ਕਾਰਨ ਹਾਲੇ ਇਸੇ ਹਫਤੇ ਬਹੁ-ਮੱਤ ਨਾ ਹੋਣ ਕਾਰਨ ਡਿੱਗੀ ਹੈਉਸ ਦੀ ਮਿਆਦ ਅਜੇ ਦੋ ਮਹੀਨੇ ਰਹਿੰਦੀ ਸੀ, ਪਰ ਡੇਗੀ ਇਸ ਕਰ ਕੇ ਗਈ ਹੈ ਕਿ ਉਸ ਦੀ ਥਾਂ ਲੈਫਟੀਨੈਂਟ ਗਵਰਨਰ ਦੇ ਹੱਥ ਸਰਕਾਰੀ ਮਸ਼ੀਨਰੀ ਦੀ ਕਮਾਨ ਦੇ ਕੇ ਅਗਲੀਆਂ ਵਿਧਾਨ ਸਭਾ ਚੋਣਾਂ ਵੇਲੇ ਉਸ ਦੀ ਦੁਰਵਰਤੋਂ ਕੀਤੀ ਜਾ ਸਕੇ ਇੱਦਾਂ ਪਹਿਲਾਂ ਵੀ ਕਈ ਥਾਂਈਂ ਹੋ ਚੁੱਕਾ ਹੈਛੋਟਾ ਜਿਹਾ ਰਾਜ ਹੋਣ ਕਾਰਨ ਉਸ ਦੀ ਚੋਣ ਵੱਲ ਬਹੁਤੇ ਲੋਕਾਂ ਦਾ ਧਿਆਨ ਨਹੀਂ ਜਾ ਰਿਹਾ ਤੇ ਤਾਮਿਲ ਨਾਡੂ ਵਿੱਚ ਜੈਲਿਲਤਾ ਅਤੇ ਕਰੁਣਾਨਿਧੀ ਦੋਵਾਂ ਦੀ ਮੌਤ ਮਗਰੋਂ ਹੋਣ ਵਾਲੀ ਪਹਿਲੀ ਚੋਣ ਵਿੱਚ ਕੌਣ ਕਿੰਨੇ ਪਾਣੀ ਵਿੱਚ ਲੱਭਦਾ ਹੈ, ਇਸ ਵੱਲ ਵੀ ਬਹੁਤੇ ਲੋਕਾਂ ਦਾ ਧਿਆਨ ਨਹੀਂਆਸਾਮ ਦੇ ਮਾਮਲੇ ਵਿੱਚ ਪਿਛਲੀ ਵਾਰੀ ਭਾਜਪਾ ਨੇ ਕਈ ਸਾਲ ਕਾਂਗਰਸ ਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਸਰਬਾਨੰਦ ਸੋਨਵਾਲ ਨੂੰ ਅੱਗੇ ਲਾ ਕੇ ਜਿਹੜਾ ਦਾਅ ਖੇਡ ਲਿਆ ਸੀ, ਉਸ ਕਾਰਨ ਉੱਥੇ ਭਾਜਪਾ ਖਤਰਾ ਮਹਿਸੂਸ ਨਹੀਂ ਕਰਦੀਭਾਜਪਾ ਦਾ ਸਮੁੱਚਾ ਧਿਆਨ, ਅਤੇ ਦੇਸ਼ ਦੇ ਲੋਕਾਂ ਦਾ ਸਾਰਾ ਧਿਆਨ ਵੀ, ਸਿਰਫ ਦੋ ਰਾਜਾਂ ਪੱਛਮੀ ਬੰਗਾਲ ਤੇ ਕੇਰਲ ਵੱਲ ਲੱਗਾ ਹੋਇਆ ਹੈ

ਕੇਰਲਾ ਵਿੱਚ ਆਜ਼ਾਦੀ ਤੋਂ ਬਾਅਦ ਕਦੀ ਖੱਬੀ ਧਿਰ ਤੇ ਕਦੀ ਕਾਂਗਰਸ ਦੀ ਅਗਵਾਈ ਵਾਲਾ ਮੋਰਚਾ ਰਾਜ ਕਰਦਾ ਰਿਹਾ ਸੀਨਰਿੰਦਰ ਮੋਦੀ ਦੇ ਵਕਤ ਇੱਕ ਧਰਮ ਦੀ ਚੜ੍ਹਤ ਦੇ ਨਾਅਰੇ ਨਾਲ ਜਿਹੜੀ ਉਠਾਣ ਸ਼ੁਰੂ ਹੋਈ, ਕੇਰਲਾ ਉਸ ਦੇ ਪ੍ਰਭਾਵ ਤੋਂ ਬਚ ਨਹੀਂ ਸਕਿਆ ਤੇ ਪੰਜ ਸਾਲ ਪਹਿਲਾਂ ਦੀ ਵਿਧਾਨ ਸਭਾ ਚੋਣ ਵੇਲੇ ਉਸ ਰਾਜ ਵਿੱਚ ਪਹਿਲੀ ਵਾਰ ਭਾਜਪਾ ਦਾ ਇੱਕ ਉਮੀਦਵਾਰ ਜਿੱਤਣ ਵਿੱਚ ਕਾਮਯਾਬ ਹੋ ਗਿਆ ਸੀਇਹ ਉਸ ਰਾਜ ਵਿੱਚ ਭਾਜਪਾ ਦੇ ਉਸ ਸੁਪਨੇ ਦਾ ਆਗਾਜ਼ ਸੀ, ਜਿਹੜਾ ਸਾਰੇ ਦੇਸ਼ ਵਿੱਚ ਇੱਕੋ ਪਾਰਟੀ ਭਾਜਪਾ ਦਾ ਰਾਜ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਚਿਰ ਤੋਂ ਲੈ ਰਿਹਾ ਸੀਇਸ ਵਾਰ ਵੀ ਉਹ ਇਸ ਸੁਪਨੇ ਵਿੱਚ ਕਾਮਯਾਬ ਨਹੀਂ ਹੋ ਸਕਣੇ ਕਿ ਸਭ ਤੋਂ ਵੱਧ ਪੜ੍ਹੇ-ਲਿਖੇ ਲੋਕਾਂ ਵਾਲੇ ਕੇਰਲਾ ਰਾਜ ਵਿੱਚ ਸਰਕਾਰ ਬਣਾ ਲੈਣ ਜਾਂ ਮੁੱਖ ਵਿਰੋਧੀ ਧਿਰ ਬਣ ਸਕਣ, ਪਰ ਆਪਣੀਆਂ ਸੀਟਾਂ ਵਧਾਉਣ ਲਈ ਉਹ ਆਪਣੇ ਵੱਲੋਂ ਕਸਰ ਨਹੀਂ ਰਹਿਣ ਦੇਣਾ ਚਾਹੁੰਦੇਚੁਸਤ ਚਾਲਾਂ ਚੱਲਣ ਦੀ ਮਾਹਰ ਭਾਜਪਾ ਲੀਡਰਸ਼ਿੱਪ ਨੇ ਇਸ ਮਕਸਦ ਲਈ ਭਾਰਤ ਵਿੱਚ ਜ਼ਮੀਨਦੋਜ਼ ਰੇਲਵੇ ਲਾਈਨਾਂ ਵਾਲੇ ਮੀਟਰੋ ਪ੍ਰਾਜੈਕਟਾਂ ਨੂੰ ਸਿਰੇ ਚਾੜ੍ਹਨ ਦੇ ਮਾਹਰ ਨੂੰ ਟੋਹਿਆ ਅਤੇ ਉਸ ਨੇ ਕੇਰਲਾ ਦੇ ਲੋਕਾਂ ਨੂੰ ਤਕਨੀਕ ਦੇ ਪੱਖ ਤੋਂ ਤਰੱਕੀ ਵੱਲ ਲਿਜਾਣ ਦੇ ਸੁਪਨੇ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ

ਸਭ ਤੋਂ ਤਿੱਖੀ ਲੜਾਈ ਇਸ ਵੇਲੇ ਪੱਛਮੀ ਬੰਗਾਲ ਵਿੱਚ ਚੱਲਦੀ ਪਈ ਹੈ, ਜਿੱਥੇ ਕਮਿਊਨਿਸਟ ਰਾਜ ਲੰਮਾ ਸਮਾਂ ਰਿਹਾ ਸੀ, ਪਰ ਤ੍ਰਿਣਮੂਲ ਕਾਂਗਰਸ ਨੂੰ ਕਾਂਗਰਸ ਦੀ ਸਿੱਧੀ ਹਮਾਇਤ ਤੇ ਭਾਜਪਾ ਦੀ ਅੰਦਰ-ਖਾਤੇ ਦੀ ਮਦਦ ਨਾਲ ਉਸ ਦਾ ਕਈ ਧਿਰਾਂ ਨੇ ਰਲ-ਮਿਲ ਕੇ ਅੰਤ ਕੀਤਾ ਸੀਅੱਜ ਕਮਿਊਨਿਸਟ ਉੱਥੇ ਇੱਡੀ ਤਾਕਤ ਨਹੀਂ ਕਿ ਰਾਜ-ਸੱਤਾ ਦੇ ਲਈ ਵੱਡੀਆਂ ਦਾਅਵੇਦਾਰ ਧਿਰਾਂ ਵਿੱਚ ਗਿਣੇ ਜਾਣ, ਸਗੋਂ ਭਾਜਪਾ ਦੀ ਮਦਦ ਨਾਲ ਉਨ੍ਹਾਂ ਨੂੰ ਹਰਾਉਣ ਵਾਲੀ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਵੀ ਇਸ ਵਕਤ ਬੜੇ ਮੁਸ਼ਕਲ ਹਾਲਾਤ ਵਿੱਚ ਹੈਇੱਕ ਵੇਲੇ ਕਮਿਊਨਿਸਟ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ ਸਾਹਮਣੇ ਉਸੇ ਦੀ ਸਰਕਾਰ ਦੇ ਚੀਫ ਸੈਕਟਰੀ ਰਹਿ ਚੁੱਕੇ ਸਾਬਕਾ ਅਫਸਰ ਨੂੰ ਆਪਣਾ ਉਮੀਦਵਾਰ ਬਣਾ ਕੇ ਮਮਤਾ ਬੈਨਰਜੀ ਨੇ ਜਿਹੜਾ ਦਾਅ ਖੇਡਿਆ ਸੀ, ਇਸ ਵਾਰੀ ਉਹੋ ਦਾਅ ਭਾਜਪਾ ਉਸ ਦੇ ਰਾਜ ਵਾਲੇ ਅਫਸਰਾਂ ਨੂੰ ਖੜ੍ਹੇ ਕਰ ਕੇ ਖੇਡਣ ਲਈ ਚੱਕਾ ਬੰਨ੍ਹ ਚੁੱਕੀ ਹੈਮਮਤਾ ਦੀ ਚੜ੍ਹਤ ਵੇਲੇ ਕਮਿਊਨਿਸਟਾਂ ਵਿਚਲੇ ਕਈ ਫਸਲੀ ਬਟੇਰੇ ਉਸ ਵੱਲ ਉਡਾਰੀਆਂ ਲਾਉਂਦੇ ਮਮਤਾ ਨੂੰ ਚੰਗੇ ਲੱਗਦੇ ਸਨ ਤੇ ਇਸ ਵਕਤ ਉਸ ਦੀ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਅਸਤੀਫੇ ਦੇ ਕੇ ਭਾਜਪਾ ਵੱਲ ਉਸੇ ਝਾਕ ਵਿੱਚ ਦੌੜਾਂ ਲਾ ਰਹੇ ਹਨ, ਜਿਹੜੀ ਝਾਕ ਉਨ੍ਹਾਂ ਨੂੰ ਮਮਤਾ ਵੱਲ ਲੈ ਕੇ ਗਈ ਸੀਮੁਕਾਬਲਾ ਵੱਡਾ ਹੋਵੇ ਜਾਂ ਛੋਟਾ, ਉਸ ਵਿੱਚ ਇਹ ਗੱਲ ਅਸਰ ਪਾਉਂਦੀ ਹੈ ਕਿ ਮੈਚ ਦਾ ਰੈਫਰੀ ਕਿੰਨਾ ਨਿਰਪੱਖ ਹੈ ਅਤੇ ਜਿਹੜਾ ਕੁਝ ਕਮਿਊਨਿਸਟਾਂ ਦੇ ਰਾਜ ਦਾ ਭੱਠਾ ਬਿਠਾਉਣ ਲਈ ਉਦੋਂ ਦੇ ਚੋਣ ਅਧਿਕਾਰੀਆਂ ਨੇ ਕੀਤਾ ਸੀ, ਲੱਗਦਾ ਹੈ ਕਿ ਉਹੋ ਕੁਝ ਇਸ ਵਾਰ ਚੋਣ ਕਮਿਸ਼ਨ ਦੀ ਟੀਮ ਮਮਤਾ ਬੈਨਰਜੀ ਦੇ ਖਿਲਾਫ ਕਰਨ ਲਈ ਤਿਆਰ ਹੈਚੋਣ ਤਰੀਕਾਂ ਦਾ ਐਲਾਨ ਇਹ ਦੱਸਣ ਲਈ ਕਾਫੀ ਹੈ ਕਿ ਭਾਜਪਾ ਨੇ ਆਪਣੇ ਆਗੂਆਂ ਦੇ ਜਲਸੇ ਕਰਵਾਉਣ ਲਈ ਜਿਹੜੇ ਦਿਨ ਪਹਿਲਾਂ ਤੈਅ ਕਰ ਲਏ ਸਨ, ਚੋਣ ਤਰੀਕਾਂ ਉਨ੍ਹਾਂ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪੈਣ ਦਿੰਦੀਆਂਇਸੇ ਤੋਂ ਕਈ ਲੋਕ ਇਹ ਗੱਲ ਕਹਿਣ ਤਕ ਚਲੇ ਜਾਂਦੇ ਹਨ ਕਿ ਜਿਵੇਂ ਅਰਨਬ ਗੋਸਵਾਮੀ ਨੂੰ ਭਾਰਤ ਸਰਕਾਰ ਵੱਲੋਂ ਇੱਕ ਦਿਨ ਪਿੱਛੋਂ ਚੁੱਕਣ ਵਾਲੇ ਕਦਮਾਂ ਦਾ ਇੱਕ ਦਿਨ ਪਹਿਲਾਂ ਪਤਾ ਹੁੰਦਾ ਸੀ, ਚੋਣ ਕਮਿਸ਼ਨ ਤੇ ਭਾਜਪਾ ਲੀਡਰਸ਼ਿੱਪ ਵਿੱਚ ਵੀ ਉੱਦਾਂ ਦੀ ਲੁਕਵੀਂ ਸਮਝਦਾਰੀ ਹੋ ਸਕਦੀ ਹੈਇਸ ਲਈ ਮਮਤਾ ਨੂੰ ਮੁਕਾਬਲਾ ਭਾਜਪਾ ਦੇ ਨਾਲ-ਨਾਲ ਚੋਣ-ਮੈਚ ਦੇ ਰੈਫਰੀ ਨਾਲ ਵੀ ਕਰਨਾ ਪਵੇਗਾ

ਰਿਕਾਰਡ ਦੱਸਦਾ ਹੈ ਕਿ ਕਮਿਊਨਿਸਟ ਆਗੂ ਬੁੱਧਦੇਵ ਭੱਟਾਚਾਰੀਆ ਦੀ ਬੇੜੀ ਡੋਬਣ ਲਈ ਨੰਦੀਗ੍ਰਾਮ ਦਾ ਗੋਲੀ ਕਾਂਡ ਗਿਣ-ਮਿਥ ਕੇ ਕੀਤਾ ਗਿਆ ਅਤੇ ਉਸ ਦੇ ਸਿਰ ਥੱਪਿਆ ਗਿਆ ਸੀ, ਜਿਸ ਦੀ ਬਾਅਦ ਦੀ ਪੜਤਾਲ ਤੋਂ ਸਾਬਤ ਹੋ ਗਿਆ ਕਿ ਉਸ ਵਿੱਚ ਕਮਿਊਨਿਸਟ ਮੁੱਖ ਮੰਤਰੀ ਦੀ ਝੂਠੀ ਬਦਨਾਮੀ ਕੀਤੀ ਗਈ ਸੀਉਸ ਪਾਪ ਵਿੱਚ ਉਦੋਂ ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਦੇ ਆਗੂਆਂ ਨਾਲ ਭਾਜਪਾ ਦੇ ਆਗੂ ਵੀ ਸ਼ਾਮਲ ਸਨ ਤੇ ਮਮਤਾ ਇਸ ਨਾਲ ਹੋਈ ਸੱਤਾ ਤਬਦੀਲੀ ਤੋਂ ਖੁਸ਼ ਸੀ, ਪਰ ਅੱਜ ਖੁਦ ਆਪਣੇ ਖਿਲਾਫ ਇਹੋ ਕੁਝ ਹੁੰਦਾ ਵੇਖ ਕੇ ਉਹ ਦੇਸ਼ ਦੇ ਲੋਕਾਂ ਮੂਹਰੇ ਦੁਹੱਥੜਾਂ ਮਾਰਨ ਵਰਗੀ ਦੁਹਾਈ ਪਾਉਂਦੀ ਫਿਰਦੀ ਹੈਇੱਕ ਧਰਮ-ਨਿਰਪੱਖਤਾ ਪੰਡਿਤ ਨਹਿਰੂ ਦੇ ਸਮੇਂ ਹੁੰਦੀ ਸੀ, ਜਿਸ ਵਿੱਚ ਫਿਰਕੂ ਤਾਕਤਾਂ ਨਾਲ ਸਮਝੌਤੇ ਦੀ ਗੁੰਜਾਇਸ਼ ਨਹੀਂ ਸੀਦੂਸਰੀ ਅਰਧ-ਨਿਰਪੱਖਤਾ ਇੰਦਰਾ ਗਾਂਧੀ ਦੇ ਵਕਤ ਸੀ, ਜਿਸ ਵਿੱਚ ਲੋੜ ਜੋਗੀ ਫਿਰਕਾਪ੍ਰਸਤੀ ਨੂੰ ਕਾਇਮ ਰੱਖ ਕੇ ਰਾਜਨੀਤੀ ਲਈ ਵਰਤਣ ਦਾ ਕੰਮ ਸ਼ੁਰੂ ਹੋਇਆ ਸੀਤੀਸਰੀ ਲੀਹੋਂ ਲੱਥੀ ਰਾਜਨੀਤੀ ਰਾਜੀਵ ਗਾਂਧੀ ਦੀ ਸੀ, ਜਿਸ ਨੇ ਥੋੜ੍ਹ-ਚਿਰੇ ਲਾਭਾਂ ਲਈ ਇਸ ਕਿਸਮ ਦੇ ਤੱਤਾਂ ਨੂੰ ਆਪਣੇ ਨਾਲ ਲਾਇਆ ਅਤੇ ਵਰਤਿਆ ਸੀ, ਜਿਹੜੇ ਬਾਅਦ ਵਿੱਚ ਉਸ ਦੀ ਔਲਾਦ ਅਤੇ ਉਸ ਦੀ ਪਾਰਟੀ ਵਾਸਤੇ ਵੀ ਜੜ੍ਹਾਂ ਨੂੰ ਲੱਗੀ ਸਿਉਂਕ ਸਾਬਤ ਹੋਏ ਸਨਮਮਤਾ ਬੈਨਰਜੀ ਕਿਉਂਕਿ ਰਾਜੀਵ ਗਾਂਧੀ ਦੇ ਦੌਰ ਵਾਲੀ ਰਾਜਨੀਤੀ ਦੌਰਾਨ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹੀ ਸੀ, ਇਸ ਕਾਰਨ ਉਹ ਵੀ ਸੱਤਾ ਖਾਤਰ ਰਾਜੀਵ ਗਾਂਧੀ ਵਾਲੀ ਲੀਹੇ ਪਈ ਰਹੀ, ਪਰ ਜਦੋਂ ਉਸ ਰਾਜ ਦੀ ਸੱਤਾ ਸੰਭਾਲਣ ਦੇ ਬਾਅਦ ਖੁਦ ਉਸ ਨੂੰ ਉਹੀ ਤਾਕਤਾਂ ਅੱਖਾਂ ਦਿਖਾਉਣ ਲੱਗ ਪਈਆਂ ਤਾਂ ਉਨ੍ਹਾਂ ਦੇ ਟਾਕਰੇ ਲਈ ਉਨ੍ਹਾਂ ਕਮਿਊਨਿਸਟਾਂ ਨੂੰ ਵੀ ਹਾਕਾਂ ਮਾਰਨ ਲੱਗ ਪਈ ਸੀ, ਜਿਨ੍ਹਾਂ ਨਾਲ ਕਦੀ ਉਸ ਨੇ ਭਲੀ ਨਹੀਂ ਸੀ ਗੁਜ਼ਾਰੀ

ਅੱਜ ਦੇ ਦੌਰ ਵਿੱਚ ਜਦੋਂ ਸਾਰੇ ਦੇਸ਼ ਦੇ ਲੋਕਾਂ ਦਾ ਧਿਆਨ ਪੱਛਮੀ ਬੰਗਾਲ ਵਿਚਲੇ ਚੋਣ ਘੋਲ ਵੱਲ ਲੱਗਾ ਹੋਇਆ ਹੈ, ਬਹੁਤ ਸਾਰੇ ਲੋਕ ਇਸ ਘੋਲ ਵਿੱਚ ਮਮਤਾ ਦੀ ਜਿੱਤ ਇਸ ਕਾਰਨ ਚਾਹੁੰਦੇ ਹਨ ਕਿ ਉਹ ਭਾਜਪਾ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ, ਪਰ ਜਿਸ ਘੁੰਮਣਘੇਰੀ ਵਿੱਚ ਮਮਤਾ ਨੇ ਖੁਦ ਨੂੰ ਫਸਾ ਲਿਆ ਹੈ, ਉਹ ਵੀ ਸਾਰਿਆਂ ਨੂੰ ਪਤਾ ਹੈਬਿਹਾਰ ਦੇ ਲੋਕਾਂ ਨੇ ਇੱਕ ਸਮੇਂ ਨਿਤੀਸ਼ ਕੁਮਾਰ ਨੂੰ ਧਰਮ-ਨਿਰਪੱਖਤਾ ਦਾ ਝੰਡਾ-ਬਰਦਾਰ ਹੋਣ ਦਾ ਮਾਣ ਬਖਸ਼ਿਆ ਸੀ, ਉਹ ਇਸਦੇ ਕਾਬਲ ਨਹੀਂ ਨਿਕਲਿਆ ਤੇ ਭਾਜਪਾ ਦਾ ਪਿਛਲੱਗ ਬਣ ਕੇ ਰਹਿ ਗਿਆ ਸੀਸੱਤਾ ਖਾਤਰ ਜਿਸ ਨੇ ਵੀ ਕਦੇ ਇੱਦਾਂ ਦੀ ਟਪੂਸੀ ਮਾਰੀ ਹੈ, ਉਸ ਨਾਲ ਭਲੀ ਨਹੀਂ ਗੁਜ਼ਰੀਮਮਤਾ ਦਾ ਕੀ ਹੋਵੇਗਾ, ਕਹਿ ਸਕਣਾ ਔਖਾ ਹੈਕਹਿੰਦੇ ਹਨ ਕਿ ਬੰਦਾ ਪ੍ਰਾਪਤੀਆਂ ਤੋਂ ਵੱਧ ਗਲਤੀਆਂ ਅਤੇ ਭੁੱਲਾਂ ਤੋਂ ਸਿੱਖਦਾ ਹੈ, ਪਰ ਸਿੱਖਣ ਲਈ ਖੁਦ ਗਲਤੀਆਂ ਕਰਨਾ ਜ਼ਰੂਰੀ ਨਹੀਂ ਹੁੰਦਾਨਿਤੀਸ਼ ਵਰਗਿਆਂ ਦੀ ਗਲਤੀ ਤੋਂ ਮਮਤਾ ਸਿੱਖ ਸਕਦੀ ਸੀ, ਪਰ ਅਫਸੋਸ ਕਿ ਉਹ ਸਿੱਖ ਨਹੀਂ ਸਕੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2615)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author