JatinderPannu7ਇਸ ਹਾਲਾਤ ਵਿੱਚ ਆਮ ਆਦਮੀ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਭਾਰਤ ਦੇ ਇਸ ਲੋਕਤੰਤਰੀ ਦੌਰ ਵਿੱਚ ...
(8 ਮਈ 2023)
ਇਸ ਸਮੇਂ ਪਾਠਕ: 844.


ਅੱਜ ਤੋਂ ਤੀਹ ਕੁ ਸਾਲ ਪਹਿਲਾਂ ਅਸੀਂ ਕਿਸੇ ਸੈਮੀਨਾਰ ਵਿੱਚ ਇਕੱਠੇ ਹੋਏ ਤਾਂ ਜਲੰਧਰ ਦਾ ਇੱਕ ਪੱਤਰਕਾਰ ਦੱਸ ਰਿਹਾ ਸੀ ਕਿ ਬੀ ਐੱਮ ਸੀ ਚੌਕ ਲਾਗੇ ਇੱਕ ਕੋਠੀ ਇੱਕ ਕਰੋੜ ਰੁਪਏ ਤੋਂ ਵੱਧ ਦੀ ਵਿਕ ਗਈ ਹੈ ਤੇ ਇਸ ਸ਼ਹਿਰ ਵਿੱਚ ਪਹਿਲੀ ਵਾਰ ਕੋਈ ਕੋਠੀ ਇੱਕ ਕਰੋੜ ਤੋਂ ਵੱਧ ਵਿਕਣ ਕਾਰਨ ਹਰ ਕੋਈ ਹੈਰਾਨ ਹੈ
ਅਸੀਂ ਕਿਹਾ ਸੀ ਕਿ ਇਹ ਤਾਂ ਹੱਦ ਹੈ, ਇਸ ਤੋਂ ਵੱਧ ਰੇਟ ਚੜ੍ਹਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾਇੱਕ ਹੋਰ ਪੱਤਰਕਾਰ ਨੇ ਗੱਲ ਕੱਟ ਕੇ ਕਿਹਾ ਸੀ ਕਿ ਇਹ ਵੀ ਕੋਈ ਆਖਰੀ ਹੱਦ ਨਹੀਂ, ਅਗਲੇ ਦਿਨਾਂ ਵਿੱਚ ਏਦੂੰ ਵੱਧ ਰੇਟ ਚੜ੍ਹਦੇ ਵੇਖ ਲਵੋਗੇ ਅਤੇ ਸ਼ਹਿਰੀ ਜਾਇਦਾਦਾਂ ਦੇ ਰੇਟ ਚੜ੍ਹਦੇ ਹੋਏ ਕਿੱਥੋਂ ਤਕ ਚਲੇ ਜਾਣਗੇ, ਇਸ ਬਾਰੇ ਕੋਈ ਸੋਚ ਵੀ ਨਹੀਂ ਸਕਦਾਫਿਰ ਗੱਲ ਰਾਜਨੀਤੀ ਬਾਰੇ ਚੱਲਣ ਲੱਗੀ ਤਾਂ ਉਦੋਂ ਦੀ ਨਰਸਿਮਹਾ ਰਾਉ ਸਰਕਾਰ ਵਿੱਚ ਹੋਏ ਘਪਲਿਆਂ ਅਤੇ ਸ਼ੇਅਰ ਬਾਜ਼ਾਰ ਦੇ ਸਕੈਂਡਲਾਂ ਉੱਤੇ ਆ ਗਈ। ਮੈਥੋਂ ਫਿਰ ਇਹ ਗੱਲ ਕਹੀ ਗਈ ਕਿ ਇੰਨੇ ਸਕੈਂਡਲ ਵੀ ਇੱਕ ਰਿਕਾਰਡ ਹਨ, ਇਨ੍ਹਾਂ ਨੂੰ ਅੱਗੋਂ ਕੋਈ ਸ਼ਾਇਦ ਤੋੜ ਨਹੀਂ ਸਕੇਗਾਉਹ ਪਹਿਲਾ ਪੱਤਰਕਾਰ ਹੱਸ ਕੇ ਕਹਿਣ ਲੱਗਾ, ਤੁਸੀਂ ਥੋੜ੍ਹੀ ਦੇਰ ਪਹਿਲਾਂ ਜਾਇਦਾਦਾਂ ਬਾਰੇ ਸੁਣਿਆ ਸੀ, ਜਿਵੇਂ ਜਾਇਦਾਦਾਂ ਦੇ ਭਾਅ ਵਧਣ ਤੋਂ ਨਹੀਂ ਰੁਕਣੇ, ਓਦਾਂ ਰਾਜਨੀਤੀ ਦੇ ਸਕੈਂਡਲਾਂ ਦੀ ਕੋਈ ਹੱਦ ਮਿਥਣ ਵਾਲੀ ਗੱਲ ਵੀ ਕਦੀ ਨਹੀਂ ਹੋ ਸਕਦੀਮੈਂ ਉਨ੍ਹਾਂ ਸਾਰਿਆਂ ਸਾਹਮਣੇ ਆਪਣੇ ਆਪ ਨੂੰ ਫਸਿਆ ਸੋਚਦਾ ਸਾਂ ਤੇ ਉਹ ਪੱਤਰਕਾਰੀ ਦੇ ਪਿੜ ਵਿੱਚ ਮੇਰੇ ਨਾਲੋਂ ਪਹਿਲਾਂ ਦੇ ਹੋਣ ਕਾਰਨ ਉਨ੍ਹਾਂ ਦੀ ਗੱਲ ਵਿੱਚ ਰਾਜਨੀਤੀ ਦਾ ਅਮਲੀ ਤਜਰਬਾ ਝਲਕਦਾ ਸੀਅੱਜ ਤੀਹ ਸਾਲ ਲੰਘ ਜਾਣ ਪਿੱਛੋਂ ਜਲੰਧਰ ਸ਼ਹਿਰ ਵਿੱਚ ਇੱਕ ਕੋਠੀ ਨਹੀਂ, ਮਾਡਲ ਟਾਊਨ ਮਾਰਕੀਟ ਵਿੱਚ ਇੱਕ ਮਰਲਾ ਜਗ੍ਹਾ ਵੀ ਇੱਕ ਕਰੋੜ ਰੁਪਏ ਤੋਂ ਵੱਧ ਮੁੱਲ ਉੱਤੇ ਵਿਕ ਰਹੀ ਦੱਸੀ ਜਾਂਦੀ ਹੈ, ਤੇ ਇਹੋ ਹਾਲ ਰਾਜਨੀਤੀ ਦੇ ਸਕੈਂਡਲਾਂ ਦਾ ਹੈ

ਨਰਸਿਮਹਾ ਰਾਉ ਦੇ ਰਾਜ ਵਿੱਚ ਹੁੰਦੇ ਰਹੇ ਸਰਬ ਪੱਖੀ ਭ੍ਰਿਸ਼ਟਾਚਾਰ ਦੀ ਬਦਨਾਮੀ ਉਦੋਂ ਹੀ ਬੌਣੀ ਹੋ ਗਈ, ਜਦੋਂ ਬਹੁਤ ਇਮਾਨਦਾਰ ਗਿਣਿਆ ਜਾਂਦਾ ਡਾਕਟਰ ਮਨਮੋਹਨ ਸਿੰਘ ਸਿਆਸੀ ਘਟਨਾਵਾਂ ਦੇ ਵਾਵਰੋਲੇ ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਬਣ ਗਿਆ ਸੀਮਨਮੋਹਨ ਸਿੰਘ ਇਮਾਨਦਾਰ ਸੀ, ਇਮਾਨਦਾਰ ਉਹ ਅੱਜ ਵੀ ਕਿਹਾ ਜਾ ਸਕਦਾ ਹੈ, ਪਰ ਦੂਸਰਾ ਪੱਖ ਇਹ ਹੈ ਕਿ ਜਿਹੜੀਆਂ ਦੋ ਸਰਕਾਰਾਂ ਦੀ ਉਸ ਨੇ ਦਸ ਸਾਲ ਅਗਵਾਈ ਕੀਤੀ, ਭਾਰਤ ਦੇ ਉਦੋਂ ਤੀਕਰ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਭ੍ਰਿਸ਼ਟਾਚਾਰ ਦੇ ਵਹਿਣ ਵਾਲੀਆਂ ਸਾਬਤ ਹੋਈਆਂ ਸਨ ਉਸੇ ਸਰਕਾਰ ਦੌਰਾਨ ਕਾਮਨਵੈਲਥ ਖੇਡਾਂ ਦੇ ਸੱਤਰ ਹਜ਼ਾਰ ਕਰੋੜ ਰੁਪਏ ਦੇ ਘੋਟਾਲੇ ਦਾ ਰੌਲਾ ਪਿਆ ਤੇ ਉਸੇ ਰਾਜ ਵਿੱਚ ਟੈਲੀਕਾਮ ਦੇ ਟੂ-ਜੀ ਸਪੈਕਟਰਮ ਅਲਾਟ ਕਰਨ ਵਿੱਚ ਪੌਣੇ ਦੋ ਲੱਖ ਕਰੋੜ ਰੁਪਏ ਵਾਲਾ ਘਪਲਾ ਹੋਇਆ ਸੀਸਾਰੇ ਲੋਕ ਕਹਿੰਦੇ ਸਨ ਕਿ ਪੌਣੇ ਦੋ ਲੱਖ ਕਰੋੜ ਰੁਪਏ ਦਾ ਇੱਕ ਘਪਲਾ ਹੋਣ ਦੇ ਬਾਅਦ ਏਦੂੰ ਵੱਡਾ ਘਪਲਾ ਕੋਈ ਹੋ ਨਹੀਂ ਸਕਦਾ, ਪਰ ਮਨਮੋਹਨ ਸਿੰਘ ਦੇ ਰਾਜ ਵਿੱਚ ਹੀ ਦਸ ਲੱਖ ਕਰੋੜ ਦਾ ਕੋਲਾ ਘੋਟਾਲਾ ਵੀ ਵਾਪਰ ਗਿਆ ਤਾਂ ਹਰ ਕੋਈ ਮੂੰਹ ਵਿੱਚ ਉਂਗਲਾਂ ਦੇਈ ਫਿਰਦਾ ਸੀ

ਇਹ ਉਹ ਵਕਤ ਸੀ, ਜਦੋਂ ਭਾਰਤੀ ਜਨਤਾ ਪਾਰਟੀ ਅਗਲੀ ਲੋਕ ਸਭਾ ਚੋਣ ਲਈ ਆਪਣਾ ਪਹਿਲਾ ਵੱਡਾ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਲਾਂਭੇ ਕਰ ਕੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਿਆਸੀ ਭੇੜ ਲਈ ਮੈਦਾਨ ਵਿੱਚ ਆਈ ਸੀਨਵਾਂ ਆਗੂ ਕਹਿੰਦਾ ਸੀ ਕਿ ‘ਮੈਂ ਨਾ ਖਾਊਂਗਾ, ਨਾ ਕਿਸੇ ਨੂੰ ਖਾਣ ਦੇਊਂਗਾ’ ਉਦੋਂ ਭ੍ਰਿਸ਼ਟਾਚਾਰ ਤੋਂ ਸਤਾਏ ਹੋਏ ਭਾਰਤੀ ਲੋਕਾਂ ਨੇ ਉਸ ਦਾ ਵਿਸ਼ਵਾਸ ਕੀਤਾ ਤੇ ਉਸ ਦੇ ਹੱਥ ਅਗਵਾਈ ਆ ਗਈਫਿਰ ਜੋ ਭਾਰਤ ਵਿੱਚ ਹੋਇਆ, ਉਸ ਦੀ ਲੰਮੀ ਗਾਥਾ ਲਿਖਣ ਦੀ ਖੇਚਲ ਕਰਨ ਦੀ ਲੋੜ ਨਹੀਂ, ਮਾਮਲਾ ਤਾਜ਼ਾ ਹੋਣ ਕਾਰਨ ਦੇਸ਼ ਦੇ ਬੱਚੇ-ਬੱਚੇ ਨੂੰ ਉਂਜ ਵੀ ਪਤਾ ਹੈਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣ ਜਾਣ ਦੇ ਬਾਅਦ ਇਸ ਗਾਥਾ ਦਾ ਸਭ ਤੋਂ ਚਰਚਿਤ ਪਾਤਰ ਉਦਯੋਗਪਤੀ ਗੌਤਮ ਅਡਾਨੀ ਤੇਜ਼ੀ ਨਾਲ ਉੱਭਰ ਕੇ ਸੰਸਾਰ ਵਿੱਚ ਛਾ ਗਿਆਉਹ ਸੰਸਾਰ ਦੇ ਵੱਡੇ ਤਿੰਨ ਉਦਯੋਗਪਤੀਆਂ ਵਿੱਚ ਆ ਗਿਆ, ਪਰ ਹਿੰਡਨਬਰਗ ਰਿਪੋਰਟ ਦੇ ਇੱਕ ਝਟਕੇ ਨਾਲ ਉਹ ਨਾ ਤਿੰਨਾਂ ਵਿੱਚ ਤੇ ਨਾ ਤੇਰ੍ਹਾਂ ਵਿੱਚ ਰਹਿ ਗਿਆ, ਅੱਜ ਕੱਲ੍ਹ ਤੇਈਵੇਂ ਨੰਬਰ ਤੋਂ ਹੇਠਾਂ ਡਿੱਗਾ ਸੁਣੀਂਦਾ ਹੈਉਸ ਦੀ ਚੜ੍ਹਤ ਵਿੱਚ ਭਾਰਤ ਦੀ ਮੌਜੂਦਾ ਸਰਕਾਰ, ਜਿਹੜੀ ਅੱਜਕੱਲ੍ਹ ‘ਡਬਲ ਇੰਜਨ ਦੀ ਸਰਕਾਰ’ ਦਾ ਨਾਅਰਾ ਰੋਹਬ ਨਾਲ ਚੁੱਕਦੀ ਹੈ, ਨੇ ਇੱਦਾਂ ਰਾਤ-ਦਿਨ ਸਾਥ ਦਿੱਤਾ ਕਿ ਡਬਲ ਇੰਜਨ ਹੀ ਨਹੀਂ, ਪੰਜ-ਛੇ ਇੰਜਣਾਂ ਵਾਲੀ ਸਪੀਡ ਫੜੀ ਰੱਖੀਫਿਰ ਜਦੋਂ ਅਡਾਨੀ ਦੇ ਖਿਲਾਰੇ ਦਾ ਰੌਲਾ ਪੈ ਗਿਆ, ਦੁਨੀਆ ਭਰ ਵਿੱਚ ਕਿਹਾ ਜਾਣ ਲੱਗ ਪਿਆ ਕਿ ਉਸ ਦੇ ਉੱਖੜੇ ਪੈਰ ਦੋਬਾਰਾ ਨਹੀਂ ਲੱਗ ਸਕਣੇ ਤਾਂ ਉਸ ਵੇਲੇ ਵੀ ਭਾਰਤ ਸਰਕਾਰ ਨੇ ਆਪਣਾ ਸਾਰਾ ਤਾਣ ਅਡਾਨੀ ਗਰੁੱਪ ਨੂੰ ਹੋਰ ਗਰਕਣ ਤੋਂ ਬਚਾ ਕੇ ਫਿਰ ਬਾਕੀ ਸਾਰਿਆਂ ਦਾ ਬਾਪ ਬਣਾਉਣ ਉੱਤੇ ਲਾਈ ਰੱਖਿਆ ਅਤੇ ਕਾਫੀ ਹੱਦ ਤਕ ਇਸ ਵਿੱਚ ਕਾਮਯਾਬ ਵੀ ਰਹੀ ਹੈਭਾਰਤ ਦੇ ਲੋਕ ਬੜੇ ਖੁੱਲ੍ਹ-ਦਿਲੇ ਸੁਭਾਅ ਵਾਲੇ ਹਨ, ਕਾਂਗਰਸ ਦਾ ਭ੍ਰਿਸ਼ਟਾਚਾਰ ਵੀ ਬਰਦਾਸ਼ਤ ਕਰਦੇ ਰਹੇ ਸਨ, ਅਡਾਨੀ ਦੀ ਸਰਪ੍ਰਸਤੀ ਕਰਨ ਵਾਲਿਆਂ ਦਾ ਸਭ ਕੁਝ ਹੁੰਦਾ ਵੇਖ ਕੇ ਵੀ ਉਹਦਾ ਵਿਰੋਧ ਕਰਨ ਦੀ ਥਾਂ ‘ਜਿਹੜਾ ਕਰੂਗਾ, ਆਪੇ ਭਰੂਗਾ, ਸਾਨੂੰ ਕੀ’ ਦੀ ਨੀਤੀ ਵਰਤ ਰਹੇ ਹਨ

ਇੱਧਰ ਸਾਡਾ ਪੰਜਾਬ ਵੀ ਇਸ ਮਰਜ਼ ਤੋਂ ਬਚਿਆ ਹੋਇਆ ਨਹੀਂਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜ ਵਿੱਚ ਆਮ ਲੋਕ ਕਹਿੰਦੇ ਸਨ ਕਿ ਇੰਨਾ ਭ੍ਰਿਸ਼ਟਾਚਾਰ ਹੋ ਗਿਆ ਹੈ ਕਿ ਇਸਦੀ ਸੜ੍ਹਿਆਂਦ ਸਾਡੇ ਸਾਹ ਘੁੱਟਦੀ ਪਈ ਹੈ, ਪਰ ਇਸ ਸਰਕਾਰ ਵਿੱਚ ਇੱਕ ਈਮਨਦਾਰ ਬੰਦਾ ਹਰਚਰਨ ਸਿੰਘ ਬਰਾੜ ਹੈਬੇਅੰਤ ਸਿੰਘ ਦੇ ਕਤਲ ਪਿੱਛੋਂ ਉਸ ‘ਈਮਾਨਦਾਰ’ ਬੰਦੇ ਦੇ ਹੱਥ ਪੰਜਾਬ ਦੀ ਕਮਾਨ ਆਈ ਤਾਂ ਭ੍ਰਿਸ਼ਟਾਚਾਰ ਦਾ ਵਹਿਣ ਹੋਰ ਗੰਦਾ ਤੇ ਹੋਰ ਤੇਜ਼ ਰਫਤਾਰ ਨਾਲ ਵਗਣ ਵਾਲਾ ਹੋ ਗਿਆਇਸ ਨੂੰ ਰੋਕਣ ਦੇ ਵਾਅਦੇ ਨਾਲ ਅਕਾਲੀ-ਭਾਜਪਾ ਦੀ ਪਹਿਲੀ ਸਰਕਾਰ ਬਣੀ ਤੇ ਆਉਂਦੇ ਸਾਰ ਇਹ ਐਲਾਨ ਕਰ ਦਿੱਤਾ ਕਿ ਜਿਹੜਾ ਕੋਈ ਬੰਦਾ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਫੜਾਵੇਗਾ, ਉਸ ਨੂੰ ਪੰਝੀ ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾਜਿਸ ਨੇ ਭ੍ਰਿਸ਼ਟਾਚਾਰ ਦਾ ਪਹਿਲਾ ਦੋਸ਼ੀ ਫੜਾਇਆ, ਉਸ ਨੂੰ ਵੀ ਇਨਾਮ ਮਿਲ ਗਿਆ, ਦੂਸਰਾ ਫੜਾਉਣ ਵਾਲੇ ਨੂੰ ਵੀ, ਪਰ ਜਦੋਂ ਤੀਸਰਾ ਫੜਾਇਆ ਤੇ ਉਹ ਤੀਸਰਾ ਮੁੱਖ ਮੰਤਰੀ ਬਾਦਲ ਦੇ ਆਪਣੇ ਚੋਣ ਹਲਕੇ ਦਾ ਜੰਮਪਲ ਅਫਸਰ ਸੀ ਤਾਂ ਉਸ ਦੇ ਬਾਅਦ ਕਿਸੇ ਨੂੰ ਵੀ ਭ੍ਰਿਸ਼ਟਾਚਾਰ ਦੇ ਕੇਸ ਫੜਾਉਣ ਦਾ ਇਨਾਮ ਕਦੀ ਦੇਣ ਦੀ ਲੋੜ ਹੀ ਨਹੀਂ ਸੀ ਰਹਿ ਗਈਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਸ ਦੇ ਹੱਥ ਕਮਾਨ ਆਈ ਤਾਂ ਭ੍ਰਿਸ਼ਟਾਚਾਰ ਦਾ ਵਹਿਣ ਬੰਦ ਕਰਵਾ ਦੇਵੇਗਾ, ਪਰ ਉਹ ਪਹਿਲੇ ਚਾਰ-ਛੇ ਮਹੀਨੇ ਇਸ ਲੀਹ ਉੱਤੇ ਚੱਲ ਕੇ ਚੁੱਪ ਹੋ ਗਿਆ ਤੇ ਫਿਰ ਉਸ ਦੀ ਜੁੰਡੀ ਨੇ ਪਹਿਲੇ ਕਾਂਗਰਸੀਆਂ ਦਾ ਵੀ ਅਤੇ ਅਕਾਲੀਆਂ ਵਾਲਾ ਵੀ ਰਿਕਾਰਡ ਤੋੜ ਦਿੱਤਾਪੰਜਾਂ ਸਾਲ ਬਾਅਦ ਬਾਦਲ ਸਰਕਾਰ ਫਿਰ ਆ ਗਈ ਅਤੇ ਲਗਾਤਾਰ ਦਸ ਸਾਲ ਭ੍ਰਿਸ਼ਟਾਚਾਰ ਦੇ ਨਾਲ ਹਰ ਕਿਸਮ ਦੇ ਮਾੜੇ ਧੰਦਿਆਂ ਦੀ ਇਹੋ ਜਿਹੀ ਹਨੇਰੀ ਲਿਆਂਦੀ ਸੀ ਕਿ ਲੋਕਾਂ ਨੇ ਕੰਨਾਂ ਨੂੰ ਹੱਥ ਲਾ ਲਏਬਦਕਿਸਮਤੀ ਨਾਲ ਫਿਰ ਅਮਰਿੰਦਰ ਸਿੰਘ ਦੀ ਸਰਕਾਰ ਬਣ ਗਈ ਤੇ ਜਿਹੜੀ ਕੁਝ ਕਸਰ ਉਸ ਦੇ ਬੰਦਿਆਂ ਤੋਂ ਪਿਛਲੀ ਵਾਰੀ ਬਾਕੀ ਰਹਿ ਗਈ ਸੀ, ਉਹ ਵੀ ਇੰਨੀ ਤੇਜ਼ ਰਫਤਾਰ ਦੇ ਨਾਲ ਕੱਢਣ ਲੱਗ ਪਏ ਕਿ ਲੋਕ ਉਸ ਨੂੰ ਇੱਕ ਨਵਾਂ ਜਾਂ ਅੰਤਲਾ ਰਿਕਾਰਡ ਮੰਨਣ ਨੂੰ ਮਜਬੂਰ ਹੋ ਗਏ ਸਨਉਸ ਰਾਜ ਵਿੱਚ ਇੱਕ ਗੱਲ ਨਵੀਂ ਹੋਈ ਕਿ ਕਾਂਗਰਸੀ ਅਗਵਾਈ ਹੇਠ ਜਾਂਚ ਕਰਵਾ ਕੇ ਪਹਿਲਾਂ ਅਕਾਲੀ ਰਾਜ ਵੇਲੇ ਦੇ ਘਪਲੇ ਫੋਲ ਕੇ ਸਬੂਤ ਲੱਭੇ ਜਾਂਦੇ ਤੇ ਫਿਰ ਉਨ੍ਹਾਂ ਦਾ ਪ੍ਰਚਾਰ ਕਰ ਕੇ ਅੰਤ ਵਿੱਚ ਅਕਾਲੀ ਆਗੂਆਂ ਨਾਲ ਸੌਦੇਬਾਜ਼ੀ ਹੁੰਦੀ ਸੀ ਕਿ ਜੋ ਕੁਝ ਤੁਸੀਂ ਛਕਿਆ ਹੋਇਆ ਸੀ, ਉਸ ਦਾ ਬਣਦਾ ਹਿੱਸਾ ਦੇ ਦੇਵੋ, ਕਲੀਨ ਚਿੱਟ ਖੜ੍ਹੇ ਪੈਰ ਮਿਲ ਜਾਵੇਗੀਨਤੀਜਾ ਇਹ ਨਿਕਲਿਆ ਕਿ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੇ ਗੱਦੀ ਛੱਡਣ ਤਕ ਭ੍ਰਿਸ਼ਟਾਚਾਰ ਦੀ ਓੜਕ ਹੋ ਗਈ

ਇਹੋ ਜਿਹਾ ਮਾਹੌਲ ਸੀ, ਜਿਸ ਵਿੱਚ ਪੰਜਾਬ ਦੇ ਲੋਕ ਕੋਈ ਤੀਸਰਾ ਤੇ ਇਨ੍ਹਾਂ ਸਭਨਾਂ ਤੋਂ ਅਲੋਕਾਰ ਬਦਲ ਲੱਭਣ ਲਈ ਸੋਚਣ ਲੱਗ ਪਏ ਅਤੇ ਇਸ ਸੋਚ-ਧਾਰਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈਉਹ ਸਮਾਂ ਆਇਆ ਮੈਂ ਅਜੇ ਨਹੀਂ ਕਹਿੰਦਾ, ਜਿੱਥੇ ਜਾ ਕੇ ਅਕਾਲੀਆਂ ਤੇ ਕਾਂਗਰਸੀਆਂ, ਦੋਵਾਂ ਦੇ ਬਣਾਏ ਰਿਕਾਰਡ ਟੁੱਟ ਗਏ ਮੰਨੇ ਜਾਣ, ਪਰ ਭ੍ਰਿਸ਼ਟਾਚਾਰ ਦੇ ਵਿਰੋਧ ਦਾ ਜਿਹੜਾ ਪ੍ਰਭਾਵ ਬਣਾਇਆ ਸੀ, ਉਹ ਵੀ ਨਹੀਂ ਰਿਹਾਪਹਿਲਾਂ ਸਰਕਾਰ ਦਾ ਅਜੇ ਮਹੀਨਾ ਵੀ ਪੂਰਾ ਨਹੀਂ ਸੀ ਹੋਇਆ ਕਿ ਖੁਦ ਮੁੱਖ ਮੰਤਰੀ ਨੇ ਇਸਦੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਪੁਲੀਸ ਦੇ ਹਵਾਲੇ ਕੀਤਾ ਤੇ ਮੰਤਰੀ ਮੰਡਲ ਵਿੱਚੋਂ ਕੱਢਿਆ ਸੀਫਿਰ ਇਸਦੇ ਇੱਕ ਮੰਤਰੀ ਫੌਜਾ ਸਿੰਘ ਸਰਾਰੀ ਦਾ ਮੁੱਦਾ ਉੱਭਰ ਪਿਆ, ਪਰ ਉਸ ਵੇਲੇ ਵਿਜੇ ਸਿੰਗਲਾ ਵਾਲੀ ਸਖਤੀ ਨਹੀਂ ਸੀ ਕੀਤੀ ਜਾ ਸਕੀਉਸ ਤੋਂ ਬਾਅਦ ਕਈ ਹੋਰਨਾਂ ਦੀ ਚਰਚਾ ਵੀ ਸੁਣੀਂਦੀ ਸੀ, ਪਰ ਵੱਡਾ ਮਾਮਲਾ ਬਠਿੰਡੇ ਦੀ ਦੇਹਾਤੀ ਸੀਟ ਵਾਲੇ ਵਿਧਾਇਕ ਅਮਿਤ ਰਤਨ ਦਾ ਨਿਕਲ ਪਿਆ ਅਤੇ ਸਬੂਤ ਇੰਨੇ ਨਿੱਗਰ ਸਨ ਕਿ ਉਸ ਨੂੰ ਗ੍ਰਿਫਤਾਰ ਕਰਨਾ ਪਿਆਉਸ ਤੋਂ ਬਾਅਦ ਜਲਾਲਾਬਾਦ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਹਰਾ ਕੇ ਜਿੱਤੇ ਹੋਏ ਜਗਦੀਪ ਕੰਬੋਜ ਗੋਲਡੀ ਦੇ ਬਾਪ ਦੀ ਗ੍ਰਿਫਤਾਰੀ ਦੀ ਨੌਬਤ ਆ ਗਈ ਅਤੇ ਕਹਾਣੀ ਇੱਥੇ ਵੀ ਰੁਕਦੀ ਨਹੀਂ ਜਾਪਦੀ, ਕਈ ਹੋਰਨਾਂ ਬਾਰੇ ਇੱਦਾਂ ਦੇ ਚਰਚੇ ਚੱਲਦੇ ਸੁਣੇ ਜਾਣ ਲੱਗ ਪਏ ਹਨ ਕਿ ਪਿਛਲਿਆਂ ਦੇ ਭ੍ਰਿਸ਼ਟਾਚਾਰ ਦੀਆਂ ਗੱਲਾਂ ਆਮ ਲੋਕਾਂ ਨੂੰ ਫਾਲਤੂ ਜਾਪਣ ਲੱਗ ਪਈਆਂ ਹਨਕਮਾਲ ਦੀ ਗੱਲ ਇਹ ਕਿ ਬੀਤੇ ਸਾਲਾਂ ਦੌਰਾਨ ਜਿਹੜੇ ਭ੍ਰਿਸ਼ਟਾਚਾਰ ਦੀਆਂ ਹਨੇਰੀਆਂ ਲਿਆਈ ਗਏ ਸਨ ਅਤੇ ਜਿਨ੍ਹਾਂ ਦੇ ਕੇਂਦਰ ਵਾਲੇ ਰਾਜ ਵਿੱਚ ਅੱਜ ਵੀ ਬਿਨਾਂ ਕਿਸੇ ਓਹਲੇ ਤੋਂ ਭ੍ਰਿਸ਼ਟਾਚਾਰ ਦੀ ਸਿਖਰ ਹੋਈ ਪਈ ਹੈ, ਉਹ ਵੀ ਅਜੋਕੇ ਰਾਜ ਦੀ ਚਰਚਾ ਛੇੜਦੇ ਅਤੇ ਬਾਅਦ ਵਿੱਚ ਇਹ ਗੱਲ ਕਹਿ ਕੇ ਤੋੜਾ ਝਾੜ ਦਿੰਦੇ ਹਨ ਕਿ ਅਸੀਂ ਮਾੜੇ ਸਾਂ, ਆਹ ਸੱਚੇ-ਸੁੱਚੇ ਲਿਆ ਕੇ ਵੇਖ ਲਉ ਕਿਹੜਾ ਚੰਦ ਚਾੜ੍ਹਨ ਦੇ ਰਾਹ ਪੈ ਗਏ ਹਨਇਹ ਗੱਲ ਤਾਂ ਉਹ ਕਹਿਣ ਜੋਗੇ ਨਹੀਂ ਕਿ ਉਨ੍ਹਾਂ ਨੇ ਕੋਈ ਮਾੜਾ ਕੰਮ ਨਹੀਂ ਸੀ ਕੀਤਾ, ਪਰ ਲੋਕਾਂ ਵੱਲੋਂ ਨਵੇਂ ਚੁਣੇ ਗਏ ਆਗੂਆਂ ਦਾ ਕਿੱਸਾ ਖੋਲ੍ਹ ਕੇ ਲੋਕਾਂ ਅੱਗੇ ਰੱਖੀ ਜਾਂਦੇ ਹਨਇੱਕੋ ਚੰਗੀ ਗੱਲ ਇਹ ਹੈ ਕਿ ਮਨਮੋਹਨ ਸਿੰਘ ਵਾਂਗ ਅਜੇ ਤਕ ਕਿਸੇ ਨੇ ਭਗਵੰਤ ਮਾਨ ਉੱਤੇ ਇਹੋ ਜਿਹੀ ਸਿੱਧੀ ਉਂਗਲ ਨਹੀਂ ਉਠਾਈ, ਪਰ ਇਹ ਕਾਫੀ ਨਹੀਂਉਸ ਨੂੰ ਆਪਣੇ ਮੰਤਰੀਆਂ ਵਾਲੀ ਟੀਮ ਤੇ ਬਾਕੀ ਧਾੜ ਕਾਬੂ ਵਿੱਚ ਰੱਖਣੀ ਔਖੀ ਹੋਈ ਜਾਪਦੀ ਹੈ‘ਭੰਡਾ-ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ’ ਵਾਲਾ ਹਾਲ ਬਣਿਆ ਪਿਆ ਹੈਇਸ ਹਾਲਾਤ ਵਿੱਚ ਆਮ ਆਦਮੀ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਭਾਰਤ ਦੇ ਇਸ ਲੋਕਤੰਤਰੀ ਦੌਰ ਵਿੱਚ ਵੀ ਉਸ ਦੀ ਕਿਸਮਤ ਵਿੱਚ ਇਹੀ ਲਿਖਿਆ ਸੀ

ਗੱਲ ਫਿਰ ਪਹਿਲੀਆਂ ਸਤਰਾਂ ਵਾਲੇ ਥਾਂ ਆ ਜਾਂਦੀ ਹੈ ਕਿ ਉਦੋਂ ਅਸੀਂ ਇਹ ਸੋਚ ਕੇ ਗਲਤ ਸਾਂ ਕਿ ਇੱਕ ਕਰੋੜ ਦੀ ਕੋਠੀ ਵਿਕਣ ਦਾ ਰਿਕਾਰਡ ਕੌਣ ਤੋੜੇਗਾ ਜਾਂ ਨਰਸਿਮਹਾ ਰਾਓ ਰਾਜ ਵਾਲੇ ਭ੍ਰਿਸ਼ਟਾਚਾਰ ਦਾ ਰਿਕਾਰਡ ਤੋੜਨ ਵਰਗਾ ਕੌਣ ਨਿਕਲੇਗਾ ਅਤੇ ਅਸੀਂ ਉਹ ਸਭ ਰਿਕਾਰਡ ਟੁੱਟਦੇ ਅੱਖੀਂ ਵੇਖ ਲਏ ਸਨਅੱਜ ਜਿਹੜੇ ਹਾਲਾਤ ਵਿੱਚ ਦੇਸ਼ ਵੀ ਅਤੇ ਪੰਜਾਬ ਵੀ ਪਹੁੰਚ ਗਿਆ ਹੈ, ਅਸੀਂ ਇਹ ਕਹਿਣ ਦੀ ਲੋੜ ਨਹੀਂ ਸਮਝਦੇ ਕਿ ਅੱਜ ਭਾਰਤ ਜਾਂ ਪੰਜਾਬ ਦੀਆਂ ਸਰਕਾਰਾਂ ਦੇ ਰਥਵਾਨਾਂ ਦੇ ਨੱਕ ਹੇਠ ਜੋ ਵਹਿਣ ਵਗ ਰਿਹਾ ਹੈ, ਇਸਦਾ ਰਿਕਾਰਡ ਕਿਸੇ ਤੋਂ ਨਹੀਂ ਟੁੱਟਣਾਇੱਕ ਵਾਰੀ ਭਾਰਤ ਦੇ ਪ੍ਰਸਿੱਧ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਬਣਾਏ ਰਿਕਾਰਡ ਕਿਸੇ ਤੋਂ ਨਹੀਂ ਟੁੱਟਣੇ ਤਾਂ ਉਸ ਨੇ ਹੱਸ ਕੇ ਕਿਹਾ ਸੀ: ਰਿਕਾਰਡ ਬਣਦੇ ਹੀ ਟੁੱਟਣ ਲਈ ਹਨਭਾਰਤ ਦੇਸ਼ ਦੀ ਬਦਕਿਸਮਤੀ ਹੈ ਕਿ ਇੱਥੇ ਭ੍ਰਿਸ਼ਟਾਚਾਰ ਦੇ ਰਿਕਾਰਡ ਵੀ ਸਥਾਈ ਨਹੀਂ, ਇਹ ਟੁੱਟਦੇ ਜਾਣ ਵਾਸਤੇ ਹੀ ਬਣਦੇ ਜਾਪਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3957)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author