JatinderPannu7ਬੀਤੇ ਹਫਤੇ ਭਾਰਤ ਦੇਸ਼ ਦੀ ਇੱਕ ਅਦਾਲਤ ਨੇ ਹੋਰ ਵੀ ਅਜੀਬ ਜਿਹਾ ਫੈਸਲਾ ਸੁਣਾ ਦਿੱਤਾ ਹੈ। ਕੁਝ ਜ਼ੋਰਾਵਰਾਂ ਨੇ ...
(27 ਮਈ 2024)
ਇਸ ਸਮੇਂ ਪਾਠਕ: 380.


ਮੈਂ ਲੋਕਤੰਤਰ ਦਾ ਹਾਮੀ ਰਿਹਾ ਹਾਂ
, ਅਜੇ ਵੀ ਹਾਮੀ ਹਾਂ, ਪਰ ਇਹ ਗੱਲ ਨਹੀਂ ਕਹਿ ਸਕਦਾ ਕਿ ਕਿੰਨਾ ਸਮਾਂ ਹੋਰ ਇਸ ਤੰਤਰ ਦਾ ਹਾਮੀ ਰਹਿ ਸਕਾਂਗਾ! ਕਾਰਨ ਇਸਦਾ ਇਹ ਕਿ ਅੱਜ ਤਕ ਸਮਾਜ ਸਾਹਮਣੇ ਆਏ ਰਾਜ ਪ੍ਰਬੰਧ ਦੇ ਸਾਰੇ ਨਮੂਨਿਆਂ ਵਿੱਚੋਂ ਇਹੋ ਤੰਤਰ ਆਮ ਲੋਕਾਂ ਵਿੱਚ ਸਭ ਤੋਂ ਵੱਧ ਪ੍ਰਵਾਨਤ ਹੋਇਆ ਹੈ, ਬਾਕੀ ਸਾਰਿਆਂ ਦਾ ਕੋਈ ਨਾ ਕੋਈ ਨੁਕਸ ਕੱਢਿਆ ਜਾਂਦਾ ਹੈਨੁਕਸ ਲੋਕਤੰਤਰ ਵਿੱਚ ਵੀ ਹਨ ਤੇ ਥੋੜ੍ਹੇ ਨਹੀਂ, ਬਹੁਤ ਗਿਣਾਏ ਜਾ ਸਕਦੇ ਹਨ, ਪਰ ਨੁਕਸਾਂ ਦੀ ਭਰਮਾਰ ਗਿਣਾਉਣ ਦੇ ਬਾਅਦ ਸਾਡੇ ਮੋਹਰੇ ਇੱਦਾਂ ਦਾ ਕੋਈ ਹੋਰ ਤੰਤਰ ਵੀ ਨਹੀਂ, ਜਿਸ ਨੂੰ ਅੱਜ ਦੀ ਘੜੀ ਇਸਦਾ ਬਦਲ ਕਿਹਾ ਜਾ ਸਕੇਪਿਛਲੀ ਸਦੀ ਵਿੱਚ ਸਮਾਜਵਾਦ ਨੂੰ ਇਸਦੇ ਅਗਲੇ ਪੜਾਅ ਵਜੋਂ ਸੰਸਾਰ ਭਰ ਵਿੱਚ ਪੇਸ਼ ਕੀਤਾ ਗਿਆ, ਪਰ ਇਸ ਨਾਲੋਂ ਥੋੜ੍ਹੇ ਨੁਕਸ ਹੋਣ ਦੇ ਬਾਵਜੂਦ ਉਹ ਬਹੁਤਾ ਹੰਢਣਸਾਰ ਇਸ ਲਈ ਸਾਬਤ ਨਾ ਹੋ ਸਕਿਆ ਕਿ ਜਿਨ੍ਹਾਂ ਦੇ ਹੱਥੀਂ ਕਮਾਨ ਆਈ, ਉਹ ਆਪਣੇ ਆਪ ਨੂੰ ਉਸ ਤੰਤਰ ਵਿੱਚ ਲੋਕਾਂ ਦੇ ਪ੍ਰਤੀਨਿਧ ਮੰਨਣ ਦੀ ਥਾਂ ਨਵੇਂ ਯੁਗ ਦੇ ਰਾਜੇ ਤੇ ਰਾਜਕੁਮਾਰ ਸਮਝ ਬੈਠੇ ਸਨਉਨ੍ਹਾਂ ਵੱਲੋਂ ਕੀਤੀਆਂ ਗਲਤੀਆਂ ‘ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੋਲ੍ਹਣ’ ਵਾਲੇ ਮੁਹਾਵਰੇ ਤੋਂ ਵੀ ਅੱਗੇ ਲੰਘ ਗਈਆਂ ਅਤੇ ਸੰਸਾਰ ਭਰ ਵਿੱਚ ਇਨਕਲਾਬ ਉਡੀਕਦੇ ਕਰੋੜਾਂ ਲੋਕਾਂ ਵਾਸਤੇ ਨਿਰਾਸ਼ਾ ਦਾ ਕਾਰਨ ਬਣ ਗਈਆਂ ਸਨਉਸ ਪ੍ਰਬੰਧ ਦੀ ਮਿਸਾਲ ਬਣ ਕੇ ਇੱਕ ਚੀਨ ਜ਼ਰੂਰ ਅਜੇ ਤਕ ਸੰਸਾਰ ਮੋਹਰੇ ਖੜ੍ਹਾ ਹੈ, ਪਰ ਉਸ ਦੀ ਨੀਤ ਅਤੇ ਨੀਤੀਆਂ ਸੰਸਾਰ ਵਿੱਚ ਇਸ ਤੰਤਰ ਦੀ ਰਵਾਨੀ ਦਾ ਰੂਟ ਨਹੀਂ ਉਲੀਕ ਸਕੀਆਂ

ਅਜੋਕੇ ਸਮੇਂ ਵਿੱਚ ਕਿਉਂਕਿ ਲੋਕਤੰਤਰ ਦਾ ਹੋਰ ਕੋਈ ਬਦਲ ਦਿਖਾਈ ਨਹੀਂ ਦਿੰਦਾ ਅਤੇ ਜਦੋਂ ਤਕ ਕੋਈ ਬਦਲ ਨਹੀਂ, ਮੇਰੇ ਵਰਗੇ ਲੋਕਾਂ ਨੂੰ ਇਹੋ ਸਭ ਤੋਂ ਚੰਗਾ ਜਾਪਦਾ ਹੈ, ਇਸ ਸੋਚ ਨਾਲ ਇਸ ਵਿਚਲੇ ਨੁਕਸਾਂ ਤੋਂ ਅੱਖਾਂ ਮੀਟਣ ਦੀ ਆਦਤ ਨਹੀਂ ਪਾਈ ਜਾ ਸਕਦੀਅਜੋਕਾ ਲੋਕਤੰਤਰ ਨਾ ਸਿਰਫ ਨੁਕਸਾਂ ਨਾਲ ਭਰਪੂਰ ਹੈ, ਸਗੋਂ ਇਸ ਵਿਚਲੇ ਨੁਕਸ ਹਰ ਨਵੇਂ ਦਿਨ ਨਾਲ ਵਧੀ ਜਾਂਦੇ ਹਨ ਤੇ ਜਿਨ੍ਹਾਂ ਰਿਵਾਇਤਾਂ ਨੂੰ ਇਸਦਾ ਗਹਿਣਾ ਕਿਹਾ ਜਾਂਦਾ ਸੀ, ਉਹ ਭਾਰਤ ਵਰਗੇ ਦੇਸ਼ਾਂ ਵਿੱਚ ਹੀ ਨਹੀਂ, ਦੁਨੀਆ ਨੂੰ ਲੋਕਤੰਤਰ ਦਾ ਸਬਕ ਪੜ੍ਹਾਉਣ ਵਾਲੇ ਦੇਸ਼ਾਂ ਦੇ ਆਪਣੇ ਘਰ ਅੰਦਰ ਵੀ ਖੁਰਦੀਆਂ ਜਾਂਦੀਆਂ ਹਨਭਾਰਤ ਵਿੱਚ ਆਪਣਿਆਂ ਨੂੰ ਪਾਲਣ ਅਤੇ ਵਿਰੋਧੀਆਂ ਨੂੰ ਰੋਲਣ ਲਈ ਮੁਕੱਦਮੇ ਬਣਾਉਣ ਦਾ ਜਿਹੜਾ ਰੁਝਾਨ ਕਿਸੇ ਵੇਲੇ ਪ੍ਰਤਾਪ ਸਿੰਘ ਕੈਰੋਂ ਵਰਗਿਆਂ ਦੀ ਧੱਕੜਸ਼ਾਹੀ ਦਾ ਨਮੂਨਾ ਦੱਸ ਕੇ ਬਾਕੀ ਸਭਨਾਂ ਨੂੰ ਕਲੀਨ-ਚਿੱਟ ਦੇ ਦਿੱਤੀ ਜਾਂਦੀ ਸੀ, ਉਹ ਅੱਜ ਦੇ ਭਾਰਤੀ ਲੋਕਤੰਤਰ ਵਿੱਚ ਵੀ ਹਰ ਪਾਸੇ ਦਿਸਦਾ ਹੈ ਤੇ ਅਮਰੀਕਾ ਵਰਗੇ ਦੇਸ਼ ਵਿੱਚ ਵੀ ਗੱਦੀਉਂ ਲੱਥਾ ਰਾਸ਼ਟਰਪਤੀ ਆਪਣੇ ਖਿਲਾਫ ਇਹੋ ਜਿਹੀ ਬਦਲਾਖੋਰੀ ਦਾ ਦੋਸ਼ ਲਾਉਂਦਾ ਹੈਉਹ ਸਿਰਫ ਦੋਸ਼ ਨਹੀਂ ਲਾਉਂਦਾ, ਇਹ ਵੀ ਕਹੀ ਜਾਂਦਾ ਹੈ ਕਿ ਉਸ ਦੀ ਵਾਰੀ ਆ ਗਈ ਤਾਂ ਅਮਰੀਕਾ ਦੇ ਅਜੋਕੇ ਰਾਜ-ਕਰਤਿਆਂ ਨੂੰ ਇੱਦਾਂ ਦਾ ਜਵਾਬ ਦੇਵੇਗਾ ਕਿ ਬਾਕੀ ਉਮਰ ਉਨ੍ਹਾਂ ਨੂੰ ਜੇਲ੍ਹ ਵਿੱਚ ਗੁਜ਼ਾਰਨੀ ਪੈ ਸਕਦੀ ਹੈਇਹੋ ਕੁਝ ਭਾਰਤ ਵਿੱਚ ਹੁੰਦਾ ਹੈਹਰ ਚੋਣ ਵਿੱਚ ਹਰ ਵੱਡਾ ਵਿਰੋਧੀ ਆਗੂ ਸਮੇਂ ਦੇ ਰਾਜ-ਕਰਤਿਆਂ ਨੂੰ ਇਹੋ ਧਮਕੀ ਦਿੰਦਾ ਹੈ ਕਿ ਜ਼ਰਾ ਸਾਡਾ ਵਕਤ ਆਉਣ ਦੇ, ਤੂੰ ਅਤੇ ਤੇਰੀ ਸਾਰੀ ਜੁੰਡੀ ਆਪਣੀ ਬਾਕੀ ਉਮਰ ਜੇਲ੍ਹ ਵਿੱਚ ਅੱਡੀਆਂ ਰਗੜਦੀ ਗੁਜ਼ਾਰੇਗੀ ਅਤੇ ਰਾਜ-ਕਰਤਾ ਇਹ ਕਹਿਣ ਵਿੱਚ ਸ਼ਾਨ ਸਮਝਦਾ ਹੈ ਕਿ ਸੁਪਨੇ ਨਾ ਵੇਖੋ, ਤੁਸੀਂ ਖੁਦ ਜੇਲ੍ਹ ਜਾਣ ਦੀ ਤਿਆਰੀ ਕਰੋ, ਕਾਗਜ਼ ਤਿਆਰ ਕੀਤੇ ਪਏ ਨੇ

ਜਦੋਂ ਇੱਕ ਪਾਸੇ ਰਾਜ ਕਰਨ ਤੇ ਰਾਜ ਖੋਹਣ ਲਈ ਲੜਨ ਵਾਲੇ ਲੀਡਰ ਇਹ ਬੋਲੀ ਬੋਲਦੇ ਸੁਣਾਈ ਦਿੰਦੇ ਹਨ, ਉਦੋਂ ਆਮ ਲੋਕ ਇਹ ਮਹਿਸੂਸ ਕਰਦੇ ਹਨ ਕਿ ਰਾਜ ਕਿਸੇ ਦਾ ਵੀ ਆ ਜਾਵੇ, ਉਨ੍ਹਾਂ ਦੀ ਇਨਸਾਫ ਦੀ ਆਸ ਹਾਲੇ ਤਕ ਸਿਰੇ ਨਹੀਂ ਚੜ੍ਹ ਸਕੀ ਤੇ ਭਵਿੱਖ ਵਿੱਚ ਚੜ੍ਹਨ ਦੀ ਆਸ ਨਹੀਂ ਬੱਝਦੀਜਿਨ੍ਹਾਂ ਲੋਕਾਂ ਵਿਰੁੱਧ ਪਿਛਲੀ ਸਰਕਾਰ ਵੇਲੇ ਕਦੇ ਵੀ ਕੋਈ ਝੂਠਾ ਮੁਕੱਦਮਾ ਕਿਸੇ ਬਦਮਾਸ਼ੀ ਸੋਚ ਅਤੇ ਪਹੁੰਚ ਵਾਲੇ ਰਸੂਖਦਾਰ ਨੇ ਬਣਵਾ ਦਿੱਤਾ ਸੀ ਅਤੇ ਉਸ ਵੇਲੇ ਰਾਜ ਕਰਦੀ ਧਿਰ ਬਦਮਾਸ਼ ਨਾਲ ਖੜ੍ਹੀ ਸੀ, ਰਾਜ ਬਦਲਣ ਪਿੱਛੋਂ ਵੀ ਹਰ ਰਾਜ ਵਿੱਚ ਦੇਸ਼ ਦਾ ਮਾਰ-ਖਾਧਾ ‘ਨਾਗਰਿਕ’ ਮਾਰ ਖਾਂਦਾ ਦਿਸਦਾ ਹੈ ਤੇ ਬਦਮਾਸ਼ਾਂ ਨੂੰ ਨਵੀਂ ਸਰਕਾਰ ਵਿੱਚ ਵੀ ਸਰਪ੍ਰਸਤੀ ਮਿਲ ਜਾਂਦੀ ਹੈਭਾਰਤ ਦਾ ਕੋਈ ਵੀ ਰਾਜ ਹੋਵੇ, ਹੇਠਾਂ ਥਾਣੇ ਅਤੇ ਤਹਿਸੀਲ ਤੋਂ ਇਹ ਕਹਾਣੀ ਤੁਰਦੀ ਅਤੇ ਦੇਸ਼ ਦੀ ਸੁਪਰੀਮ ਕੋਰਟ ਵਿੱਚ ਆਸ ਦਾ ਕਿੰਗਰਾ ਭੁਰਨ ਤਕ ਆਪਣੀ ਰਿਵਾਇਤ ਕਾਇਮ ਰੱਖਦੀ ਹੈ, ਸਰਕਾਰਾਂ ਬਦਲਣ ਨਾਲ ਬਦਮਾਸ਼ਾਂ ਦੀ ਬਦਮਾਸ਼ੀਆਂ ਕਰਨ ਦੀ ਰਿਵਾਇਤ ਕਦੀ ਨਹੀਂ ਬਦਲ ਸਕੀਭ੍ਰਿਸ਼ਟਾਚਾਰ ਵਿਰੁੱਧ ਅਸੀਂ ਪਹਿਲਾਂ-ਪਹਿਲ ਸੁਣਿਆ ਕਰਦੇ ਸਾਂ ਕਿ ਫਲਾਣੇ ਨੇ ਕਿਹਾ ਹੈ ਕਿ ਉਸ ਦਾ ਰਾਜ ਆ ਗਿਆ ਤਾਂ ਇਸ ਬਿਮਾਰੀ ਨੂੰ ਨੱਥ ਪਾ ਦੇਵੇਗਾ, ਫਿਰ ਇਹ ਸੁਣਨ ਲੱਗ ਪਿਆ ਕਿ ਪਹਿਲੇ ਤੋਂ ‘ਕੁਝ ਤਾਂ ਘਟਿਆ ਹੀ ਹੈ’, ਜਦੋਂ ਕਿ ਉਹ ਕਿੰਨਾ ਕੁ ‘ਘਟਿਆ’ ਹੈ, ਸਾਧਾਰਨ ਨਾਗਰਿਕਾਂ ਨੂੰ ਕਦੀ ਨਹੀਂ ਦਿਸਿਆਦੂਸਰੀ ਗੱਲ, ਪਿਛਲੀਆਂ ਪੰਜ-ਸੱਤ ਵਾਰੀਆਂ ਤੋਂ ਇਹ ਚਰਚਾ ਦਾ ਮੁੱਦਾ ਬਣਨ ਲੱਗੀ ਹੈ ਕਿ ਭ੍ਰਿਸ਼ਟਾਚਾਰੀਏ ਵੀ ‘ਆਪਣੇ’ ਅਤੇ ‘ਉਨ੍ਹਾਂ ਦੇ’ ਕਹਿ ਕੇ ਦੋ ਜਮਾਤਾਂ ਵਿੱਚ ਵੰਡੇ ਹੋਏ ਹਨ, ਜਿਸ ਕਾਰਨ ‘ਆਪਣਾ ਬੰਦਾ’ ਬਚਾਉਣਾ ਅਤੇ ਉਸ ਦੇ ਹਿੱਸੇ ਵਾਲਾ ਸਾਰਾ ਭਾਰ ਵੀ ਦੂਸਰਿਆਂ ਦੇ ਹਿਮਾਇਤੀ ਉੱਤੇ ਪਾਉਣਾ ਸ਼ੁਰੂ ਹੋ ਜਾਂਦਾ ਹੈਬਾਹਲੀ ਵੱਡੀ ਬਹਿਸ ਚਲਦੀ ਹੈ ਤਾਂ ਭ੍ਰਿਸ਼ਟਾਚਾਰ ਬਾਰੇ ਇਸ ਯੁਗ ਵਿੱਚ ਇਹ ਕਹਾਵਤ ਸੁਣ ਲਈਦੀ ਹੈ ਕਿ ‘ਮੇਰੀ ਕਮੀਜ਼ ਤੇਰੀ ਕਮੀਜ਼ ਜਿੰਨੀ ਗੰਦੀ ਤਾਂ ਨਹੀਂ ਅਜੋਕਾ ਲੋਕਤੰਤਰ ਇਸ ਪੱਖੋਂ ਭ੍ਰਿਸ਼ਟਾਚਾਰ ਤੋਂ ਬਦਮਾਸ਼ੀ ਤਕ ਹਰ ਗੱਲ ਵਿੱਚ ‘ਤੁਲਨਾਤਮਕ’ ਬਣ ਗਿਆ ਜਾਪਦਾ ਹੈ

ਲੋਕਤੰਤਰ ਲੀਹੋਂ ਲੱਥਦੇ ਦੌਰ ਵਿੱਚ ਵੀ ਇਹ ਗੱਲ ਕਹੀ ਜਾਂਦੀ ਸੀ ਕਿ ਧਰਮ, ਜਾਤ ਜਾਂ ਨਸਲ ਦੇ ਨਾਂਅ ਉੱਤੇ ਇਸ ਵਿੱਚ ਵਿਤਕਰਾ ਨਹੀਂ ਹੁੰਦਾ, ਸਭ ਨੂੰ ਇੱਕੋ ਜਿਹੇ ‘ਨਾਗਰਿਕ’ ਮੰਨਿਆ ਅਤੇ ਵਿਹਾਰ ਕੀਤਾ ਜਾਂਦਾ ਹੈ, ਪਰ ਅਜੋਕੇ ਸਮੇਂ ਵਿੱਚ ਅਸੀਂ ਇਹ ਗੱਲ ਵੀ ਯਕੀਨ ਨਾਲ ਕਹਿਣ ਜੋਗੇ ਨਹੀਂ ਰਹਿ ਗਏਸਾਨੂੰ ਇਤਿਹਾਸ ਦੇ ਪੰਨੇ ਇਹ ਦੱਸਦੇ ਸਨ ਕਿ ਅੰਗਰੇਜ਼ੀ ਰਾਜ ਖਤਮ ਹੋਣ ਅਤੇ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਨਾਲ ਆਜ਼ਾਦੀ ਮਿਲ ਜਾਣ ਦੇ ਬਾਅਦ ਦੇਸ਼ ਵਿੱਚ ਸਰਬ-ਸਾਂਝਾ ਲੋਕਤੰਤਰ ਆ ਗਿਆ ਤੇ ਧਰਮਾਂ, ਜਾਤਾਂ ਅਤੇ ਨਸਲਾਂ ਬਾਰੇ ਸਾਰੇ ਵਿਤਕਰੇ ਖਤਮ ਹੋ ਗਏ ਸਨਫਿਰ ਇਹ ਭਰੋਸਾ ਵੀ ਹੰਢਣਸਾਰ ਸਾਬਤ ਨਹੀਂ ਹੋਇਆ ਤੇ ਭਰਮ ਨਿਕਲਿਆ ਹੈਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਪਾਰਟੀ ਦੀ ਅਗਵਾਈ ਕਰ ਰਿਹਾ ਹੈ, ਉਸ ਦੇ ਲੀਡਰ ਖੁੱਲ੍ਹਮ-ਖੁੱਲ੍ਹਾ ਕਹੀ ਜਾਂਦੇ ਹਨ ਕਿ ‘ਅੱਠ ਸੌ ਸਾਲਾਂ ਬਾਅਦ ਸਾਡਾ ਰਾਜ ਆਇਆ ਹੈ’, ਜਿਸਦਾ ਭਾਵ ਹੈ ਕਿ ਵਿਚਲੇ ਸਮੇਂ ਦੀਆਂ ਹਰ ਦੌਰ ਦੀਆਂ ਸਦੀਆਂ ਹੀ ਨਹੀਂ, ਆਜ਼ਾਦੀ ਮਗਰੋਂ ਦੀ ਪੌਣੀ ਸਦੀ ਵੀ ਉਹ ਭਾਰਤ ਵਿੱਚ ‘ਆਪਣਾ’ ਨਹੀਂ, ਬਿਗਾਨਾ ਰਾਜ ਮੰਨਦੇ ਸਨ‘ਆਪਣਾ’ ਰਾਜ ਦੀ ਜਿਹੜੀ ਵਿਆਖਿਆ ਉਹ ਲੋਕ ਆਪਣੇ ਮੂੰਹੋਂ ਨਹੀਂ ਕਰਦੇ, ਉਹ ਉਨ੍ਹਾਂ ਪਿੱਛੇ ਖੜ੍ਹੇ ਅਤੇ ਮੌਕਾ ਵੇਖ ਕੇ ਕਦੇ-ਕਦਾਈਂ ਅੱਗੇ ਕੀਤੇ ਜਾਣ ਵਾਲੇ ਧਾਰਮਿਕ ਪਹਿਰਾਵੇ ਵਾਲੇ ਲੋਕ ਕਰ ਦਿੰਦੇ ਹਨ ਕਿ ‘ਸਾਡੇ ਧਰਮ ਦਾ ਰਾਜ ਆ ਗਿਆ ਹੈ, ਦੂਸਰੇ ਧਰਮਾਂ ਵਾਲੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਉਨ੍ਹਾਂ ਦਾ ਰਾਜ ਨਹੀਂ, ਇਸ ਲਈ ਹੱਦ ਵਿੱਚ ਰਹਿਣਾ ਸਿੱਖਣ’ ਆਪਣੇ ਅਤੇ ਪਰਾਏ ਦੀ ਇਹ ਸੋਚ ਅੱਗੇ ਵਧਾਉਣ ਲਈ ਉਹ ਬਾਕਾਇਦਾ ਸੰਮੇਲਨ ਕਰਦੇ ਹਨ ਤੇ ਉਨ੍ਹਾਂ ਸੰਮੇਲਨਾਂ ਮੌਕੇ ਦੂਸਰੇ ਧਰਮ ਵਾਲੀ ਧਿਰ ਨੂੰ ਧਮਕੀਆਂ ਦੀ ਸੁਰ ਵਿੱਚ ਆਪਣੇ ਪਿੱਛੇ-ਪਿੱਛੇ ਤੁਰਨ ਵਿੱਚ ਭਲਾਈ ਮੰਨਣ ਲਈ ਕਹਿੰਦੇ ਹਨ

ਇਸ ਤੋਂ ਪਹਿਲਾਂ ਸਾਡੇ ਸਾਹਮਣੇ ਸੰਸਾਰ ਵਿੱਚ ਕੁਝ ਦੇਸ਼ ਕਿਸੇ ਖਾਸ ਧਰਮ ਵਾਲੇ ਲੋਕਤੰਤਰ ਕਹੇ ਅਤੇ ਪ੍ਰਚਾਰੇ ਜਾਂਦੇ ਸਨ, ਭਾਰਤ ਇੱਦਾਂ ਦਾ ਨਹੀਂ ਸੀ, ਪਰ ਅੱਜ ਸੁਣਨ ਨੂੰ ਮਿਲਦਾ ਹੈ ਕਿ ਇਹ ਵੀ ਉਨ੍ਹਾਂ ਦੇਸ਼ਾਂ ਵਾਂਗ ਇੱਕ ਖਾਸ ਧਰਮ ਵਾਲਾ ਲੋਕਤੰਤਰ ਬਣਦਾ ਜਾ ਰਿਹਾ ਹੈਕੱਲ੍ਹ ਨੂੰ ਕੀ ਹੋਵੇਗਾ, ਉਹ ਤਾਂ ਬਾਅਦ ਦੀ ਗੱਲ ਹੈ, ਪਹਿਲੀ ਇਹ ਹੈ ਕਿ ਪਿਛਲੇ ਸਮੇਂ ਵਿੱਚ ਜਦੋਂ ਇਹ ਇੱਕ ਖਾਸ ਧਰਮ ਦੀ ਅਗੇਤ ਵਾਲਾ ਦੇਸ਼ ਕਦੀ ਨਹੀਂ ਸੀ ਕਿਹਾ ਜਾਂਦਾ, ਉਸ ਵੇਲੇ ਆਪਣੇ ਧਰਮ ਦੇ ਅੰਦਰ ਵੀ ਇਸ ਧਰਮ ਦੀਆਂ ਪੁਰਾਤਨ ਮਾਨਤਾ ਵਾਲੀਆਂ ਵੰਡੀਆਂ ਕਾਰਨ ਵਿਤਕਰਾ ਚੱਲਦਾ ਸੀ ਅਤੇ ਅੱਜ ਤਕ ਇਹ ਵਿਤਕਰਾ ਉਸੇ ਤਰ੍ਹਾਂ ਚੱਲੀ ਜਾਂਦਾ ਹੈਜਿਨ੍ਹਾਂ ਲੋਕਾਂ ਨੂੰ ਅੱਜ ਤਕ ਆਪਣੇ ਕਹੇ ਜਾਂਦੇ ਧਰਮ ਅਸਥਾਨਾਂ ਵਿੱਚ ਗਰਭ-ਗ੍ਰਹਿ ਤਕ ਨਹੀਂ ਜਾਣ ਦਿੱਤਾ, ਜਾਤੀ ਦੇ ਨਾਂਅ ਉੱਤੇ ਦੁਰਕਾਰਿਆ ਜਾਂਦਾ ਹੈ, ਕਮਾਲ ਦੀ ਗੱਲ ਇਹ ਹੈ ਕਿ ਉਹ ਵੀ ਇਸ ਭਰਮ ਦੇ ਸ਼ਿਕਾਰ ਹੋਏ ਮਿਲ ਜਾਂਦੇ ਹਨ ਕਿ ‘ਅੱਠ ਸੌ ਸਾਲਾਂ ਬਾਅਦ ਸਾਡਾ ਰਾਜ ਆ ਗਿਆ ਹੈ।’ ਅੱਜ ਵੀ ਭਾਰਤ ਦੇ ਕਿਸੇ ਰਾਜ ਵਿੱਚੋਂ ਇਹ ਖਬਰ ਆ ਜਾਂਦੀ ਹੈ ਕਿ ਉੱਥੇ ਇੱਕ ਦਲਿਤ ਨੂੰ ਇਸ ਲਈ ਕੁੱਟ ਦਿੱਤਾ ਗਿਆ ਕਿ ਉਸ ਨੇ ਵਿਆਹ ਕਰਾਉਣ ਵੇਲੇ ਘੋੜੀ ਚੜ੍ਹਨ ਦੀ ਗੁਸਤਾਖੀ ਕੀਤੀ ਸੀ ਜਾਂ ਸੱਥ ਵਿੱਚ ‘ਉੱਚੀ ਜਾਤ’ ਕਹਾਉਣ ਵਾਲਿਆਂ ਮੋਹਰੇ ਕੋਈ ਗੱਲ ਕਹਿਣ ਦੀ ਹਮਾਕਤ ਕੀਤੀ ਸੀਭਾਰਤ ਨੂੰ ਆਜ਼ਾਦੀ ਮਿਲ ਗਈ, ਪਰ ਇਹ ਆਜ਼ਾਦੀ ਆਪਣੀ ਪੌਣੀ ਸਦੀ ਲੰਘਣ ਤਕ ਵੀ ਉਨ੍ਹਾਂ ਲੋਕਾਂ ਨੂੰ ਇੰਨੀ ਆਜ਼ਾਦੀ ਨਹੀਂ ਦੇ ਸਕੀ ਕਿ ਉਹ ਆਪਣੇ ਆਪ ਨੂੰ ਬਾਕੀਆਂ ਦੇ ਬਰਾਬਰ ਸਮਝ ਲੈਣ, ਆਜ਼ਾਦੀ ਸਿਰਫ ਵੋਟਾਂ ਦੇ ਵਕਤ ਕਿਸੇ ਧੱਕੜਸ਼ਾਹ ਦੇ ਹੱਕ ਵਿੱਚ ਜਾ ਕੇ ਵੋਟ ਪਾ ਆਉਣ ਦੇ ਭਰਮ ਤਕ ਸੀਮਤ ਹੋ ਗਈ ਹੈਵੋਟ ਪਾਉਣ ਵੇਲੇ ਵੀ ਉਨ੍ਹਾਂ ਨੂੰ ਹਰ ਵਕਤ ‘ਰੱਬ ਨੇੜੇ ਕਿ ਘਸੁੰਨ’ ਦੀ ਕਹਾਵਤ ਕੰਨਾਂ ਵਿੱਚ ਗੂੰਜਦੀ ਸੁਣਾਈ ਦਿੰਦੀ ਹੋਵੇਗੀ

ਬੀਤੇ ਹਫਤੇ ਭਾਰਤ ਦੇਸ਼ ਦੀ ਇੱਕ ਅਦਾਲਤ ਨੇ ਹੋਰ ਵੀ ਅਜੀਬ ਜਿਹਾ ਫੈਸਲਾ ਸੁਣਾ ਦਿੱਤਾ ਹੈਕੁਝ ਜ਼ੋਰਾਵਰਾਂ ਨੇ ਇੱਕ ਗਰੀਬ ਦੇ ਘਰ ਆਪਣੀ ਉੱਚੀ ਜਾਤ ਦੇ ਘੁਮੰਡ ਦਾ ਵਿਖਾਵਾ ਕੀਤਾ ਅਤੇ ਕੁੱਟ-ਮਾਰ ਦੇ ਨਾਲ ਉਸ ਦੀ ਜਾਤ ਦਾ ਨਾਂਅ ਲੈ ਕੇ ਵੀ ਮੂੰਹ ਆਇਆ ਸਭ ਕੁਝ ਬਕਦੇ ਗਏਮਸਲਾ ਅਦਾਲਤ ਵਿੱਚ ਗਿਆ ਤਾਂ ਧੱਕੜਸ਼ਾਹ ਬਾਇੱਜ਼ਤ ਰਿਹਾਅ ਹੋ ਗਏ ਅਤੇ ਇਸ ਲਈ ਰਿਹਾਅ ਨਹੀਂ ਹੋਏ ਕਿ ਸਬੂਤ ਨਹੀਂ ਸਨ, ਸਗੋਂ ਇਸ ਲਈ ਕੀਤੇ ਗਏ ਕਿ ਉਨ੍ਹਾਂ ਨੇ ਜੋ ਕੀਤਾ ਸੀ, ਉਹ ਜਨਤਕ ਤੌਰ ਉੱਤੇ ਨਹੀਂ ਕੀਤਾ ਸੀ, ਜਦੋਂ ਤਕ ਜਨਤਕ ਸਥਾਨ ਉੱਤੇ ਇੱਦਾਂ ਨਾ ਕੀਤਾ ਜਾਵੇ, ਅਦਾਲਤ ਇਸ ਪਾਪ ਨੂੰ ਕਾਨੂੰਨ ਦੇ ਮੁਤਾਬਕ ਜੁਰਮ ਨਹੀਂ ਮੰਨ ਸਕਦੀਅੱਜ ਇਹ ਕੁਝ ਉਨ੍ਹਾਂ ਗਰੀਬਾਂ ਨਾਲ ਵੀ ਹੁੰਦਾ ਹੈ, ਜਿਹੜੇ ਇਹ ਸਮਝਦੇ ਹਨ ਕਿ ‘ਅੱਠ ਸੌ ਸਾਲਾਂ ਬਾਅਦ ਸਾਡਾ ਰਾਜ ਆਇਆ ਹੈ’, ਪਰ ਇਹ ਯਾਦ ਨਹੀਂ ਰੱਖਦੇ ਕਿ ‘ਆਪਣਾ ਰਾਜ’ ਵਾਲੇ ਇਸ ਦੌਰ ਵਿੱਚ ਵੀ ਸਦੀਆਂ ਤੋਂ ਨੀਵੀਂ ਗਿਣੀ ਗਈ ਉਨ੍ਹਾਂ ਦੀ ਜਾਤੀ ਕਾਰਨ ਉੱਚੀ ਜਾਤੀ ਦੇ ਵਹਿਮ ਵਾਲੇ ਧਾੜਵੀ ਉਨ੍ਹਾਂ ਨੂੰ ਆਪਣੇ ਬਰਾਬਰ ਦਾ ਨਹੀਂ ਮੰਨ ਸਕਦੇਭਲਕ ਨੂੰ ਇਸ ਲੋਕਤੰਤਰ ਵਿੱਚ ‘ਨਾਗਰਿਕ’ ਦਾ ਦਰਜਾ ਰੱਖਦੇ ਉਨ੍ਹਾਂ ਲੋਕਾਂ ਨਾਲ ਇਹੋ ਹੋਵੇਗਾ, ਜਿਹੜੇ ਇਸ ਦੇਸ਼ ਦੇ ਉਸ ਬਹੁ-ਗਿਣਤੀ ਧਰਮ ਦੇ ਨਹੀਂ, ਜਿਨ੍ਹਾਂ ਲਈ ਇਸ ਦੇਸ਼ ਵਿੱਚ ਅੱਠ ਸੌ ਸਾਲਾਂ ਬਾਅਦ ‘ਆਪਣਾ ਰਾਜ’ ਆਇਆ ਹੈ ਇਸਦੇ ਬਾਵਜੂਦ ਸੰਸਾਰ ਦੀ ਸੱਥ ਮੋਹਰੇ ਭਾਰਤ ਇਹ ਗੱਲ ਮਾਣ ਨਾਲ ਕਹਿੰਦਾ ਹੈ ਕਿ ਦੁਨੀਆ ਦਾ ‘ਸਭ ਤੋਂ ਵੱਡਾ ਲੋਕਤੰਤਰ’ ਇਹੀ ਹੈ, ਪਰ ਇਸ ਲਈ ਸਭ ਤੋਂ ਵੱਡਾ ਨਹੀਂ ਕਿ ਸਿਧਾਂਤ ਪੱਖੋਂ ਅਮਲ ਕਰਨ ਵਿੱਚ ਕੋਈ ਵਡਿਆਈ ਵਿਖਾਈ ਗਈ ਹੈ, ਸਗੋਂ ਇਸ ਲਈ ਵੱਡਾ ਹੈ ਕਿ ਇਸਦੇ ਨਾਗਰਿਕਾਂ, ਅਸਲ ਵਿੱਚ ਵੋਟਰਾਂ ਦੀ ਗਿਣਤੀ ਇੰਨੀ ਵੱਡੀ ਹੈ, ਜਿੰਨੀ ਦੁਨੀਆ ਦੇ ਕਿਸੇ ਵੀ ਹੋਰ ਲੋਕਤੰਤਰੀ ਦੇਸ਼ ਵਿੱਚ ਨਹੀਂ ਮਿਲ ਸਕਦੀ

ਮੇਰੀ ਤੜਕੇ ਉੱਠਣ ਦੀ ਆਦਤ ਅਸਲ ਵਿੱਚ ਆਦਤ ਨਹੀਂ, ਸਿਹਤ ਦੀ ਮਜਬੂਰੀ ਹੈ ਕਿ ਜਦੋਂ ਨੀਂਦ ਨਾ ਆਉਂਦੀ ਹੋਵੇ ਤਾਂ ਉੱਠ ਕੇ ਬੈਠ ਜਾਂਦਾ ਹਾਂ ਅਤੇ ਜਿਹੜੀਆਂ ਮਨਹੂਸ ਖਬਰਾਂ ਲੋਕਾਂ ਨੇ ਦਿਨ ਚੜ੍ਹੇ ਪੜ੍ਹਨੀਆਂ ਹੋਣ, ਮੈਨੂੰ ਉਹ ਸਭ ਦਿਨ ਚੜ੍ਹਨ ਤੋਂ ਪਹਿਲਾਂ ਪੜ੍ਹਨੀਆਂ ਤੇ ਉਨ੍ਹਾਂ ਦੀ ਮਾਨਸਿਕ ਪੀੜ ਭੁਗਤਣੀ ਪੈਂਦੀ ਹੈਪੰਝੀ ਮਈ ਵਾਲੇ ਦਿਨ ਤੜਕਾ ਸੀ, ਜਦੋਂ ‘ਭਾਰਤੀ ਲੋਕਤੰਤਰ ਦੇ ਇੱਕ ਨਾਗਰਿਕ’ ਨੂੰ ਇੱਕ ਟਰੱਕ ਪਿੱਛੇ ਬੰਨ੍ਹ ਕੇ ਘਸੀਟੇ ਜਾਣ ਦੀ ਫੋਟੋ ਪਹਿਲੇ ਸਫੇ ਉੱਤੇ ਛਪੀ ਵੇਖ ਲਈ ਸੀਉਸ ਉੱਤੇ ਕੋਈ ਦੋਸ਼ ਵੀ ਹੋਵੇ, ਸਭ ਤੋਂ ਵੱਡਾ ਦੋਸ਼ ਇਸ ਦੇਸ਼ ਵਿੱਚ ਇਹ ਹੈ ਕਿ ਉਹ ‘ਨਾਗਰਿਕ’ ਤਾਂ ਹੈ, ਪਰ ਬਾਕੀਆਂ ਜਿੰਨਾ ਸਾਹਿਬੇ-ਹੈਸੀਅਤ ਨਹੀਂ, ਗਰੀਬੜਾ ਹੋਣ ਕਰ ਕੇ ਉਹ ਜਾਂ ਉਸੇ ਵਾਂਗ ਕੋਈ ਹੋਰ ਵੀ ਟਰੱਕ ਪਿੱਛੇ ਪਾ ਕੇ ਘਸੀਟਿਆ ਜਾ ਸਕਦਾ ਹੈਇਹ ਖਬਰ ਉਸੇ ਇਲਾਕੇ ਦੀ ਹੈ, ਜਿੱਥੇ ਇੱਕ ਵਾਰੀ ਇੱਕ ਵੱਡੀ ਰਾਜਸੀ ਪਹੁੰਚ ਵਾਲੇ ਸ਼ਰਾਬ ਕਾਰੋਬਾਰੀ ਦੇ ਬੰਦਿਆਂ ਨੇ ਇੱਕ ਗਰੀਬ ਦੀਆਂ ਲੱਤਾਂ-ਬਾਹਾਂ ਵੱਢ ਦਿੱਤੀਆਂ ਤੇ ਉਸ ਦੀ ਮੌਤ ਤਾਂ ਹੋਈ ਹੀ, ਉਸ ਦੇ ਨਾਲ ਵਾਲੇ ਗਰੀਬ ਦੀ ਜ਼ਿੰਦਗੀ ਵੀ ਸਾਰੀ ਉਮਰ ਬਦਨਸੀਬੀ ਨੂੰ ਭੁਗਤਣ ਜੋਗੀ ਹੋ ਗਈ ਸੀ ਇਸਦੇ ਬਾਵਜੂਦ ਭਾਰਤ ਦੇਸ਼ ਨੂੰ ਮਾਣ ਹੈ ਕਿ ਇਸ ਦੇਸ਼ ਵਿੱਚ ਗੰਗਾ ਵਹਿੰਦੀ ਹੈ ਤਾਂ ਕਿਤੇ ਕੋਈ ਗੰਗਾ ਰਾਮ ਵੀ ਰਹਿੰਦਾ ਮਿਲ ਜਾਂਦਾ ਹੈ, ਜਿਹੜਾ ਹਜ਼ਾਰ ਬਦਨਸੀਬੀਆਂ ਭੁਗਤਣ ਦੇ ਬਾਵਜੂਦ ਇਸ ਗੱਲ ਉੱਤੇ ਮਾਣ ਕਰਨ ਦਾ ਹੱਕਦਾਰ ਮੰਨਿਆ ਜਾ ਸਕਦਾ ਹੈ ਕਿ ਉਹ ‘ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਨਾਗਰਿਕ ਹੈ।’ ਚੁੱਕੀ ਫਿਰੋ ਇਹੋ ਜਿਹਾ ਲੋਕਤੰਤਰ!

ਕਿਸੇ ਵੱਡੇ ਬੰਦੇ ਵੱਲੋਂ ਅੰਬ ਖਾਣ ਪਿੱਛੋਂ ਕਾਰਿੰਦਿਆਂ ਮੋਹਰੇ ਸੁੱਟੀ ਗਿਟਕ ਵਰਗਾ ਬਣ ਚੁੱਕਾ ਹੈ ਲੋਕਤੰਤਰ, ਪਰ ਬਦਕਿਸਮਤੀ ਇਹ ਹੈ ਕਿ ਦੁਨੀਆ ਸਾਹਮਣੇ ਲੋਕਤੰਤਰ ਦਾ ਕੋਈ ਨੁਕਸ-ਰਹਿਤ ਬਦਲ ਵੀ ਨਹੀਂ ਦਿਸਦਾ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4999)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author