“ਜਿਨ੍ਹਾਂ ਨੇ ਅੰਗਰੇਜ਼ ਹਾਕਮਾਂ ਦੇ ਟੋਡੀ ਬਣ ਕੇ ਦੇਸ਼ਭਗਤਾਂ ਦੇ ਖਿਲਾਫ ਗਵਾਹੀਆਂ ਦਿੱਤੀਆਂ ਸਨ, ਉਹ ਵੀ ...”
(16 ਅਗਸਤ 2021)
ਭਾਰਤ ਦੀ ਆਜ਼ਾਦੀ ਆਪਣੇ ਚੁਹੱਤਰ ਸਾਲ ਪਾਰ ਕਰ ਕੇ ਪੌਣੀ ਸਦੀ ਵਾਲੇ ਸਾਲ ਵਿੱਚ ਦਾਖਲ ਹੁੰਦੇ ਵਕਤ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਤੇ ਜਵਾਬ ਮੰਗਦੇ ਹਨ। ਏਦਾਂ ਦੇ ਸਵਾਲਾਂ ਦੀ ਗੱਲ ਕਰਨ ਤੋਂ ਪਹਿਲਾਂ ਇਹ ਯਾਦ ਕਰਨ ਦੀ ਲੋੜ ਹੈ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ, ਓਦੋਂ ਕਿੱਦਾਂ ਦੀ ਲੀਡਰਸ਼ਿਪ ਸੀ ਤੇ ਚੁਹੱਤਰ ਸਾਲ ਟੱਪਣ ਵੇਲੇ ਦੇਸ਼ ਦੀ ਵਾਗਡੋਰ ਕਿੱਦਾਂ ਦੇ ਲੋਕਾਂ ਦੇ ਹੱਥਾਂ ਵਿੱਚ ਹੈ! ਓਦੋਂ ਪੰਡਿਤ ਜਵਾਹ ਲਾਲ ਨਹਿਰੂ ਵਰਗੇ ਆਗੂ ਦੀ ਰਾਜਨੀਤੀ ਅਤੇ ਆਮ ਨੀਤੀ ਬਾਰੇ ਜਿਨ੍ਹਾਂ ਲੋਕਾਂ ਦੇ ਲੱਖ ਵਿਰੋਧ ਸਨ, ਉਹ ਵੀ ਉਸ ਦੀ ਅਕਲਮੰਦੀ ਤੇ ਉਸ ਦੀ ਪੜ੍ਹਾਈ ਬਾਰੇ ਕਦੀ ਕਿੰਤੂ ਨਹੀਂ ਸਨ ਕਰਦੇ। ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਪੜ੍ਹਾਈ ਦੇ ਮਾਮਲੇ ਵਿੱਚ ਹੀ ਲੋਕਾਂ ਦੀ ਤਸੱਲੀ ਕਰਾਉਣ ਜੋਗਾ ਨਹੀਂ। ਆਪਣੀ ਪੜ੍ਹਾਈ ਦੀਆਂ ਜਿਹੜੀਆਂ ਡਿਗਰੀਆਂ ਉਹ ਆਪ ਦੱਸਦਾ ਹੈ ਜਾਂ ਉਸ ਦੀ ਪਾਰਟੀ ਦੱਸਦੀ ਹੈ, ਉਨ੍ਹਾਂ ਬਾਰੇ ਕਈ ਕਿੰਤੂ ਉੱਠਦੇ ਹਨ ਤੇ ਤਸੱਲੀ ਕਰਾਉਣ ਜੋਗਾ ਜਵਾਬ ਕਿਤੋਂ ਨਹੀਂ ਮਿਲਦਾ। ਨਹਿਰੂ ਦੀ ਟੀਮ ਵਿੱਚ ਹੋਰ ਲੋਕ ਵੀ ਏਨੇ ਉੱਚੇ ਕਿਰਦਾਰ ਵਾਲੇ ਸਨ ਕਿ ਉਨ੍ਹਾਂ ਦੇ ਬਰਾਬਰ ਦਾ ਕੋਈ ਨਹੀਂ ਸੀ ਲੱਭਦਾ। ਸਰਦਾਰ ਵੱਲਭ ਭਾਈ ਪਟੇਲ ਤੋਂ ਖਵਾਜ਼ਾ ਅਬੁਲ ਕਲਾਮ ਆਜ਼ਾਦ ਤੱਕ ਸਾਰੇ ਉੱਚੀ ਸੋਚ ਵਾਲੇ ਮੰਤਰੀ ਸਨ। ਡਾਕਟਰ ਰਾਜਿੰਦਰ ਪ੍ਰਸਾਦ ਤੇ ਰਾਧਾ ਕ੍ਰਿਸ਼ਨਨ ਵਰਗੇ ਵਿਦਵਾਨ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਹੁੰਦੇ ਸਨ। ਅੱਜਕੱਲ੍ਹ ਬੌਣੇ ਕੱਦ ਵਾਲੇ ਆਗੂ ਇਸ ਡਰ ਹੇਠ ਕਿ ਲੋਕਾਂ ਨੂੰ ਸਾਡਾ ਬੌਣਾਪਣ ਦਿੱਸ ਨਾ ਜਾਵੇ, ਪਹਿਲੇ ਆਗੂਆਂ ਦਾ ਕੱਦ ਛਾਂਗਣ ਰੁੱਝੇ ਹੋਏ ਦਿਖਾਈ ਦੇਂਦੇ ਸਨ।
ਉਸ ਵੇਲੇ ਭਾਰਤ ਦੇ ਲੋਕਾਂ ਨੂੰ ਇੱਕ ਪਾਸੇ ਆਜ਼ਾਦੀ ਮਿਲਣ ਦੀ ਖੁਸ਼ੀ ਸੀ, ਦੂਸਰੇ ਪਾਸੇ ਦੇਸ਼ ਦੀ ਵੰਡ ਹੋਣ ਕਾਰਨ ਆਬਾਦੀ ਦੇ ਤਬਾਦਲੇ ਦੌਰਾਨ ਏਥੋਂ ਜਾਂਦੇ ਅਤੇ ਨਵੇਂ ਬਣੇ ਦੇਸ਼ ਤੋਂ ਏਧਰ ਆਉਂਦੇ ਕਾਫਲਿਆਂ ਵਾਲੇ ਲੋਕਾਂ ਦੇ ਕਤਲੇਆਮ ਦਾ ਦਰਦ ਸਹਿਣਾ ਪੈ ਰਿਹਾ ਸੀ। ਲੋਕ ਖੁਸ਼ੀ ਨਾਲ ਖੀਵੇ ਹੋਣ ਜਾਂ ਦੁੱਖ ਨਾਲ ਧਾਹੀਂ ਮਾਰ ਕੇ ਰੋਣ ਦੀ ਹਾਲਤ ਦੇ ਵਿਚਾਲੇ ਫਸੇ ਹੋਏ ਕਿਹੋ ਜਿਹੇ ਦਿਨ ਗੁਜ਼ਾਰਦੇ ਸਨ, ਅੱਜ ਦੇ ਰਾਜ-ਕਰਤਿਆਂ ਨੂੰ ਅੰਦਾਜ਼ਾ ਨਹੀਂ ਹੋ ਸਕਦਾ। ਹਰ ਸਾਲ ਜਦੋਂ ਦੇਸ਼ ਦੀ ਆਜ਼ਾਦੀ ਦਾ ਦਿਨ ਆਉਂਦਾ ਹੈ, ਓਦੋਂ ਉੱਜੜ ਕੇ ਆਏ ਲੋਕਾਂ ਤੋਂ ਉਨ੍ਹਾਂ ਨਾਲ ਹੋਈ-ਬੀਤੀ ਦੇ ਬਿਰਤਾਂਤ ਸਾਡੇ ਵਰਗੇ ਜਿਹੜੇ ਲੋਕਾਂ ਨੇ ਬਚਪਨ ਵਿੱਚ ਸੁਣੇ ਸਨ, ਉਹ ਉਨ੍ਹਾਂ ਲੋਕਾਂ ਵੱਲੋਂ ਹੰਢਾਈ ਪੀੜ ਵੀ ਯਾਦ ਕਰਦੇ ਹਨ। ਆਪਣਾ ਸਭ ਕੁਝ ਓਥੇ ਛੱਡ ਕੇ ਜਾਂ ਰਾਹਾਂ ਵਿੱਚ ਲੁਟਾਉਣ ਪਿੱਛੋਂ ਕੈਂਪਾਂ ਵਿੱਚ ਆਣ ਬੈਠੇ ਲੋਕ ਗਵਾਚੇ ਮਾਲ ਦਾ ਚੇਤਾ ਘੱਟ ਕਰਦੇ ਤੇ ਆਪਣੇ ਨਾਲ ਰਾਹਾਂ ਵਿੱਚ ਹੋਈ ਕੱਟ-ਵੱਢ ਅਤੇ ਧੀਆਂ-ਭੈਣਾਂ ਖੋਹੀਆਂ ਜਾਣ ਦਾ ਚੇਤਾ ਕਰ ਕੇ ਵੱਧ ਰੋਂਦੇ ਹੁੰਦੇ ਸਨ। ਜਿਹੜੇ ਲੋਕਾਂ ਨੇ ਓਧਰ ਜਾਂਦੇ ਕਾਫਲਿਆਂ ਨੂੰ ਲੁੱਟਿਆ ਜਾਂ ਉਨ੍ਹਾਂ ਦੀਆਂ ਧੀਆਂ-ਭੈਣਾਂ ਉਧਾਲ ਲਈਆਂ ਸਨ, ਉਹ ਮਾਣ ਨਾਲ ਸੀਨਾ ਚੌੜਾ ਕਰ ਕੇ ਆਪਣੀ ਅਖੌਤੀ ਬਹਾਦਰੀ ਦੇ ਕਿੱਸੇ ਸੁਣਾਉਂਦੇ ਹੁੰਦੇ ਸਨ, ਪਰ ਉਨ੍ਹਾਂ ਲੋਕਾਂ ਵੱਲੋਂ ਉਧਾਲੀਆਂ ਹੋਈਆਂ ਔਰਤਾਂ ਨੂੰ ਅਸੀਂ ਕਦੀ ਹੱਸਦੀਆਂ ਜਾਂ ਮੁਸਕਰਾਉਂਦੀਆਂ ਨਹੀਂ ਸੀ ਤੱਕਿਆ। ਓਧਰ ਪਾਕਿਸਤਾਨ ਵਿੱਚ ਰਹਿ ਗਈਆਂ ਸਾਡੀਆਂ ਪੱਲੇ ਵੀ ਇਨ੍ਹਾਂ ਵਿਚਾਰੀਆਂ ਵਰਗਾ ਰੋਣਾ ਹੀ ਪਿਆ ਹੋਵੇਗਾ, ਜਿਸ ਦਾ ਚੇਤਾ ਅੱਜ ਕੋਈ ਨਹੀਂ ਕਰਨਾ ਚਾਹੁੰਦਾ।
ਉਹ ਭਾਰਤ ਦਾ ਕੱਲ੍ਹ ਬਣ ਕੇ ਰਹਿ ਗਿਆ ਹੈ, ਬੀਤਿਆ ਹੋਇਆ ਕੱਲ੍ਹ ਦਾ ਸਮਾਂ। ਅੱਜ ਇਸ ਦੇਸ਼ ਵਿੱਚ ਜਿਨ੍ਹਾਂ ਦੇ ਹੱਥਾਂ ਵਿੱਚ ਰਾਜ-ਭਾਗ ਦੀ ਕਮਾਨ ਹੈ, ਉਹ ਉਨ੍ਹਾਂ ਦਿਨਾਂ ਦੀਆਂ ਕਹਾਣੀਆਂ ਸੁਣ ਕੇ ਜਾਂ ਲੋਕਾਂ ਨੂੰ ਚੇਤੇ ਕਰਵਾ ਕੇ ਆਪਣੇ ਉਸ ਨਿਸ਼ਾਨੇ ਤੋਂ ਨਹੀਂ ਭਟਕਣਾ ਚਾਹੁੰਦੇ, ਜਿਹੜਾ ਵੱਖ-ਵੱਖ ਭਾਈਚਾਰਿਆਂ ਦੇ ਪਾਟਣ ਉੱਤੇ ਨਿਰਭਰ ਹੈ। ਜਿਸ ਦਾ ਕਦੇ ਕੋਈ ਆਪਣਾ ਨਹੀਂ ਮਰਿਆ, ਜਿਸ ਨੂੰ ਕਦੀ ਏਦਾਂ ਦੀ ਪੀੜ ਨਹੀਂ ਜਰਨੀ ਪਈ, ਉਸ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਉਸ ਦੀ ਫਿਰਕੇਦਾਰੀ ਭਾਰਤ ਨੂੰ ਮੁੜ-ਮੁੜ ਖੂਨ-ਰੰਗੇ ਦਿਨਾਂ ਵਿੱਚ ਫਸਾ ਰਹੀ ਹੈ। ਉਹ ਇਸ ਦੀ ਥਾਂ ਦੇਸ਼ ਦੇ ਸਿਖਰਲੇ ਤਖਤ ਉੱਤੇ ਕਬਜ਼ਾ ਕਰਨ ਜਾਂ ਕਰ ਲਿਆ ਹੈ ਤਾਂ ਕਾਇਮ ਰੱਖਣ ਬਾਰੇ ਸੋਚੇਗਾ ਤੇ ਉਹ ਇਹ ਵੀ ਜਾਣਦਾ ਹੈ ਕਿ ਰਾਜ ਮਹਿਲ ਉੱਤੇ ਕਬਜ਼ੇ ਕਰਨ ਦੇ ਲਈ ਪੁਰਾਣੇ ਰਾਜਿਆਂ ਵਾਂਗ ਲਾਸ਼ਾਂ ਦੀ ਪੌੜੀ ਵੀ ਬਣਾਉਣੀ ਪਵੇ ਤਾਂ ਇਸ ਨੂੰ ਗਲਤ ਨਹੀਂ ਸਮਝਣਾ ਚਾਹੀਦਾ। ਰਾਜ-ਸੱਤਾ ਅਫਸੋਸ ਨਹੀਂ ਕਰਦੀ ਹੁੰਦੀ ਤੇ ਰਾਜੇ ਅਫਸੋਸ ਨਹੀਂ ਕਰਦੇ ਹੁੰਦੇ। ਅਫਸੋਸ ਕਰਨ ਲੱਗਣ ਤਾਂ ਰਾਜ-ਕਰਤਿਆਂ ਦੀ ਹਾਲਤ ਉਸ ਮੁਹਾਵਰੇ ਵਰਗੀ ਹੋਵੇਗੀ ਕਿ ‘ਘੋੜਾ ਘਾਹ ਨਾਲ ਯਾਰੀ ਪਾ ਲਵੇ ਤਾਂ ਖਾਵੇਗਾ ਕੀ?’ ਲੋਕਾਂ ਦਾ ਦਰਦ ਮਹਿਸੂਸ ਕਰਨ ਤਾਂ ਮਹਿਲਾਂ ਦੀਆਂ ਪੌੜੀਆਂ ਕਿਵੇਂ ਚੜ੍ਹਨਗੇ ਲੋਕਤੰਤਰ ਦੇ ਰਾਜੇ?
ਇੱਕ ਬੜਾ ਮਾਣ-ਮੱਤਾ ਸ਼ਾਇਰ ਹੁੰਦਾ ਸੀ ਬਿਸਮਿਲ ਫਰੀਦਕੋਟੀ, ਜਿਹੜਾ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦਾ ਵੀ ਆਪਣੇ ਦੇਸ਼ ਅਤੇ ਇਸ ਦੇਸ਼ ਦੇ ਲੋਕਾਂ ਲਈ ਲਿਖਿਆ ਕਰਦਾ ਸੀ। ਜਦੋਂ ਦੇਸ਼ ਦੀ ਆਜ਼ਾਦੀ ਕੁਰਾਹੇ ਪੈਣ ਲੱਗੀ ਅਤੇ ਮਸਾਂ ਕੱਢੇ ਵਿਦੇਸ਼ੀ ਹਾਕਮਾਂ ਦੇ ਬਾਟੀ-ਚੱਟ ਇਸ ਰਾਜ ਵਿੱਚ ਆਗੂ ਬਣਨੇ ਸ਼ੁਰੂ ਹੋ ਗਏ ਤਾਂ ਬਿਸਮਿਲ ਫਰੀਦਕੋਟੀ ਨੇ ਇਸ ਦਾ ਦਰਦ ਮਹਿਸੂਸ ਕੀਤਾ ਅਤੇ ਫਿਰ ਉਸ ਦਰਦ ਨੂੰ ਇਸ ਤਰ੍ਹਾਂ ਬਿਆਨਿਆ ਸੀ:
ਅੰਨ੍ਹੇ ਦਿਆਂ ਨੈਣਾਂ ਵਿੱਚ ਖੁਮਾਰ ਆਇਆ ਏ!
ਗੰਜੀ ਨੂੰ ਵੀ ਕੰਘੀ ’ਤੇ ਪਿਆਰ ਆਇਆ ਏ!
ਵੇਚੇ ਸੀ ਜਿਨ੍ਹਾਂ ਆਪਣੇ ਸ਼ਹੀਦਾਂ ਦੇ ਖੱਫਣ,
ਉਨ੍ਹਾਂ ਦਾ ਵਜ਼ੀਰਾਂ ’ਚ ਸ਼ੁਮਾਰ ਆਇਆ ਏ!
ਅੱਜ ਜਦੋਂ ਭਾਰਤ ਦੀ ਆਜ਼ਾਦੀ ਚੁਹੱਤਰ ਸਾਲ ਹੰਢਾ ਕੇ ਪੰਝੱਤਰਵੇਂ ਸਾਲ ਵਿੱਚ ਦਾਖਲ ਹੋਈ ਹੈ, ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਨ੍ਹਾਂ ਨੇ ਇਸ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਸਨ। ਜਿਨ੍ਹਾਂ ਨੇ ਅੰਗਰੇਜ਼ ਹਾਕਮਾਂ ਦੇ ਟੋਡੀ ਬਣ ਕੇ ਦੇਸ਼ਭਗਤਾਂ ਦੇ ਖਿਲਾਫ ਗਵਾਹੀਆਂ ਦਿੱਤੀਆਂ ਸਨ, ਉਹ ਵੀ ਦੇਸ਼ ਦੇ ਆਗੂ ਬਣ ਕੇ ਰਾਜ ਕਰਦੇ ਤੇ ਨਾਲ ਦੀ ਨਾਲ ਆਪਣੀ ਉਸ ਕੁਰਬਾਨੀ ਦੀਆਂ ਕਹਾਣੀਆਂ ਪਾਉਂਦੇ ਹਨ, ਜਿਹੜੀ ਕਦੇ ਕੀਤੀ ਹੀ ਨਹੀਂ ਸੀ। ਅਸੀਂ ਸੁਣਿਆ ਸੀ ਕਿ ਇਤਹਾਸ ਬੜਾ ਬੇਰਹਿਮ ਹੁੰਦਾ ਹੈ, ਉਹ ਹਰ ਕੱਚੇ-ਪਿੱਲੇ ਦਾ ਨਿਬੇੜਾ ਕਰ ਸਕਦਾ ਹੈ, ਪਰ ਸਾਡੇ ਸਮਿਆਂ ਵਿੱਚ ਇਤਹਾਸ ਵੀ ਆਪਣੀ ਮਰਜ਼ੀ ਦਾ ਇਹੋ ਜਿਹਾ ਲਿਖਵਾਇਆ ਅਤੇ ਪੜ੍ਹਾਇਆ ਜਾਣ ਲੱਗਾ ਹੈ, ਜਿਸ ਦਾ ਸਿਰ-ਪੈਰ ਕੋਈ ਨਹੀਂ ਲੱਭਦਾ। ਅਲਿਫ-ਲੈਲਾ ਦੇ ਕਿੱਸਿਆਂ ਵਰਗੀਆਂ ਮਨੋ-ਕਲਪਿਤ ਜਾਂ ਪੁਰਾਣੇ ਗ੍ਰੰਥਾਂ ਵਿਚਲੀਆਂ ਕਹਾਣੀਆਂ ਲੱਭ-ਲੱਭ ਕੇ ਪੜ੍ਹਾਈਆਂ ਜਾ ਰਹੀਆਂ ਹਨ। ਦੇਸ਼ ਦੀ ਆਜ਼ਾਦੀ ਦਾ ਟੀਚਾ ਹਾਸਲ ਕਰਨ ਪਿੱਛੋਂ ਸੰਵਿਧਾਨ ਦੀ ਜਿਹੜੀ ਪਹਿਲੀ ਲਿਖਤ ਪ੍ਰਵਾਨ ਕੀਤੀ ਗਈ, ਉਸ ਵਿੱਚ ਕਿਹਾ ਗਿਆ ਸੀ ਕਿ ਇਸ ਦੇਸ਼ ਦੇ ਲੋਕਾਂ ਦੀ ਵਿਗਿਆਨ ਦੇ ਪੱਖੋਂ ਨਿੱਗਰ ਸੋਚ ਵਿਕਸਤ ਕਰਨ ਲਈ ਸਰਕਾਰ ਯਤਨ ਕਰੇਗੀ। ਅੱਜ ਦੀ ਸਰਕਾਰ ਦੇ ਵਕਤ ਖੁਦ ਪ੍ਰਧਾਨ ਮੰਤਰੀ ਦੇ ਚੋਣ ਹਲਕੇ ਵਿੱਚੋਂ ਇਹ ਖਬਰ ਸੁਣੀ ਜਾ ਚੁੱਕੀ ਹੈ ਕਿ ਓਥੇ ਭੂਤ-ਵਿੱਦਿਆ ਦੀ ਡਿਗਰੀ ਕਰਵਾਉਣ ਲਈ ਇੱਕ ਕਾਲਜ ਦੇ ਵਿੱਚ ਕੋਰਸ ਸ਼ੁਰੂ ਕੀਤਾ ਜਾਣ ਵਾਲਾ ਹੈ। ਇੱਕੀਵੀਂ ਸਦੀ ਦੇ ਭਾਰਤ ਵਿੱਚ ਲੋਕਾਂ ਨੂੰ ਭੂਤ-ਪ੍ਰੇਤ ਦੀ ਪੜ੍ਹਾਈ ਕਰਾਉਣ ਦਾ ਕੰਮ ਕੀਤਾ ਜਾਵੇਗਾ ਅਤੇ ਭਗਤ ਸਿੰਘ ਤੇ ਸੁਭਾਸ਼ ਚੰਦਰ ਬੋਸ ਤੋਂ ਲੈ ਕੇ ਗਦਰ ਪਾਰਟੀ ਤੱਕ ਵਾਲੇ ਮਹਾਨ ਬਾਬਿਆਂ ਦੀ ਜ਼ਿੰਦਗੀ ਬਾਰੇ ਦੱਸਣ ਦੀ ਥਾਂ ਉਨ੍ਹਾਂ ਲੋਕਾਂ ਦੀ ਤੜਕੇ ਲਾ ਕੇ ਸਵਾਦੀ ਬਣਾਈ ਜੀਵਨੀ ਪੜ੍ਹਾਈ ਜਾਵੇਗੀ, ਜਿਹੜੇ ਅੰਗਰੇਜ਼ੀ ਹਾਕਮਾਂ ਦੇ ਕਾਰਿੰਦੇ ਬਣ-ਬਣ ਕੇ ਆਜ਼ਾਦੀ ਦੀ ਲਹਿਰ ਨੂੰ ਢਾਹ ਲਾਉਣ ਦਾ ਕੰਮ ਕਰਦੇ ਰਹੇ ਸਨ। ਏਦਾਂ ਦੇ ਹਾਲਾਤ ਵਿਚ ਆਜ਼ਾਦੀ ਦੀ ਦੇਵੀ ਜੇ ਇਸ ਦੇਸ਼ ਦੀ ਕਿਸੇ ਨੁੱਕਰ ਵਿੱਚ ਛੁਪੀ ਬੈਠੀ ਹੋਈ ਤਾਂ ਗੋਡਿਆਂ ਵਿੱਚ ਸਿਰ ਦੇ ਕੇ ਹਉਕੇ ਲੈਂਦੀ ਹੋਵੇਗੀ। ਹੋਰ ਉਹ ਕਰੇਗੀ ਵੀ ਕੀ, ਜਿਹੜੀ ਨੇਕ ਇੱਛਾ ਨਾਲ ਉਹ ਇਸ ਦੇਸ਼ ਵਿੱਚ ਆਈ ਸੀ, ਉਹ ਇੱਛਾ ਵਾਹਗੇ ਦੀ ਲਕੀਰ ਦੇ ਓਧਰ ਤੇ ਏਧਰ ਲੋਕਾਂ ਦੇ ਤਬਾਦਲੇ ਨੇ ਸ਼ੁਰੂ ਵਿੱਚ ਹੀ ਵਲੂੰਧਰ ਦਿੱਤੀ ਸੀ। ਉਸ ਦੇ ਬਾਅਦ ਜਦੋਂ ਕਦੇ ਜ਼ਖਮਾਂ ਉੱਤੇ ਸਿੱਕੜ ਆਉਣ ਦੀ ਆਸ ਹੁੰਦੀ ਹੈ, ਰਹਿੰਦੀ ਕਸਰ ਕੱਢਣ ਵਾਸਤੇ ਓਦੋਂ ਵਾਲੇ ਕਾਤਲਾਂ ਦੀ ਨਵੀਂ ਪੀੜ੍ਹੀ ਛਵ੍ਹੀਆਂ-ਗੰਡਾਸਿਆਂ ਦੀ ਥਾਂ ਅਜੋਕੇ ਫਿਰਕੂ ਰੂਪ ਵਿੱਚ ਇਹੋ ਜਿਹੇ ਲਲਕਾਰੇ ਮਾਰਦੀ ਸੁਣਦੀ ਹੈ ਕਿ ਆਜ਼ਾਦੀ ਦੀ ਦੇਵੀ ਫਿਰ ਸਹਿਮ ਜਾਂਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2956)
(ਸਰੋਕਾਰ ਨਾਲ ਸੰਪਰਕ ਲਈ: