JatinderPannu7ਆਮ ਲੋਕ ਕਈ ਵਾਰੀ ਉਪ ਚੋਣਾਂ ਨੂੰ ਵੱਡੇ ਧੜਵੈਲਾਂ ਅੱਗੇ ਸਪੀਡ ਬਰੇਕਰ ਵਜੋਂ ਵਰਤਦੇ ਜਾਪਦੇ ਹਨ। ਉੱਤਰਾਖੰਡ ਵਿੱਚ ...
(16 ਜੁਲਾਈ 2024)
ਇਸ ਸਮੇਂ ਪਾਠਕ: 550.


ਪਾਠਕਾਂ ਲਈ ਇਸ ਹਫਤੇ ਦੀ ਲਿਖਤ ਲਿਖਣ ਤਕ ਪੰਜਾਬ ਦੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਦਾ ਨਤੀਜਾ ਨਿਕਲ ਚੁੱਕਾ ਅਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਮਹਿੰਦਰ ਭਗਤ ਜਿੱਤ ਚੁੱਕਾ ਹੈ
ਲੋਕ ਸਭਾ ਚੋਣਾਂ ਹੁੰਦੇ ਸਾਰ ਕਿਉਂਕਿ ਖਬਰ ਆ ਗਈ ਸੀ ਕਿ ਜਲੰਧਰ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਾਲਿਆਂ ਕੋਲ ਜਾ ਪਹੁੰਚੇ ਵਿਧਾਇਕ ਸੀਤਲ ਅੰਗੁਰਾਲ ਦਾ ਅਸਤੀਫਾ ਵਿਧਾਨ ਸਭਾ ਸਪੀਕਰ ਨੇ ਪ੍ਰਵਾਨ ਕਰ ਲਿਆ ਹੈ, ਇਸ ਲਈ ਇੱਥੇ ਹੋਣ ਵਾਲੀ ਉਪ ਚੋਣ ਦੀ ਉਡੀਕ ਹਰ ਕਿਸੇ ਨੂੰ ਸੀਫਿਰ ਵੀ ਇਹ ਚੋਣ ਇੰਨੀ ਕਾਹਲੀ ਵਿੱਚ ਕਰਵਾਈ ਜਾਵੇਗੀ, ਇਸਦੀ ਸੰਭਾਵਨਾ ਕਿਸੇ ਨੇ ਨਹੀਂ ਸੀ ਵੇਖੀ, ਪਰ ਚੋਣ ਕਮਿਸ਼ਨ ਨੇ ਬਹੁਤੇ ਦਿਨ ਲੰਘਾਉਣ ਤੋਂ ਪਹਿਲਾਂ ਇਸ ਉਪ ਚੋਣ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾਸਿਰਫ ਇਸੇ ਸੀਟ ਲਈ ਨਹੀਂ, ਕੁਝ ਹੋਰ ਰਾਜਾਂ ਵਿੱਚ ਵੀ ਜਿਨ੍ਹਾਂ ਸੀਟਾਂ ਤੋਂ ਅਸਤੀਫੇ ਦਿੱਤੇ ਗਏ ਤੇ ਪ੍ਰਵਾਨੇ ਜਾ ਚੁੱਕੇ ਸਨ, ਉੱਥੇ ਦੀਆਂ ਉਪ ਚੋਣਾਂ ਜਲੰਧਰ ਪੱਛਮੀ ਦੀ ਉਪ ਚੋਣ ਦੇ ਨਾਲ ਹੀ ਕਰਾਉਣ ਦਾ ਐਲਾਨ ਹੋ ਗਿਆ ਸੀਇਸ ਨਾਲ ਉਪ ਚੋਣ ਵਾਲੇ ਹਰ ਰਾਜ ਵਿੱਚ ਲੋਕ ਸਭਾ ਚੋਣਾਂ ਦਾ ਗੇੜ ਖਤਮ ਹੁੰਦੇ ਸਾਰ ਇੱਕ ਹੋਰ ਗੇੜ ਚੱਲ ਪਿਆ ਅਤੇ ਚੋਣ ਜ਼ਾਬਤੇ ਕਾਰਨ ਰੁਕੇ ਕੰਮ ਫਿਰ ਰੁਕੇ ਰਹਿ ਗਏ ਸਨਹਰ ਰਾਜ ਦੀ ਸਰਕਾਰ ਚਲਾ ਰਹੀ ਪਾਰਟੀ ਇਨ੍ਹਾਂ ਚੋਣਾਂ ਵਿੱਚ ਲੋਕਾਂ ਦਾ ਫਤਵਾ ਲੈਣ ਅਤੇ ਵਿਰੋਧੀ ਧਿਰ ਦੀ ਹਰ ਪਾਰਟੀ ਹਰ ਰਾਜ ਦੀ ਸਰਕਾਰ ਚਲਾ ਰਹੀ ਪਾਰਟੀ ਨੂੰ ਝਟਕਾ ਦੇਣ ਲਈ ਗਲੀਆਂ-ਬਾਜ਼ਾਰਾਂ ਵਿੱਚ ਨਿਕਲ ਤੁਰੀਆਂ ਸਨ

ਜਲੰਧਰ ਪੱਛਮੀ ਹਲਕੇ ਦਾ ਨਤੀਜਾ ਕਈਆਂ ਨੂੰ ਇਸ ਗੱਲੋਂ ਹੈਰਾਨ ਕਰ ਸਕਦਾ ਹੈ ਕਿ ਰਾਜ ਸਰਕਾਰ ਚਲਾ ਰਹੀ ਪਾਰਟੀ ਦੇ ਪੱਖ ਵਿੱਚ ਆਮ ਲੋਕਾਂ ਦੀ ਹਿਮਾਇਤ ਅਜੇ ਵੀ ਇੰਨੀ ਤਕੜੀ ਹੈ ਕਿ ਸਾਰੀਆਂ ਧਿਰਾਂ ਨੂੰ ਜਿੰਨੀਆਂ ਵੋਟਾਂ ਪਈਆਂ ਹਨ, ਉਸ ਦੇ ਡਿਉਢੇ ਦੇ ਲਗਭਗ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਕੱਲੇ ਨੂੰ ਪੈ ਗਈਆਂਅਜੇ ਸਵਾ ਕੁ ਮਹੀਨਾ ਪਹਿਲਾਂ ਜਦੋਂ ਲੋਕ ਸਭਾ ਚੋਣ ਹੋਈ ਤਾਂ ਇਸੇ ਹਲਕੇ ਵਿੱਚ ਆਮ ਆਦਮੀ ਪਾਰਟੀ ਦੀਆਂ ਵੋਟਾਂ ਸਾਢੇ ਪੰਦਰਾਂ ਹਜ਼ਾਰ ਮਸਾਂ ਟੱਪੀਆਂ ਸਨ, ਜਦੋਂ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਤਾਲੀ ਹਜ਼ਾਰ ਤੋਂ ਵੱਧ ਤੇ ਭਾਜਪਾ ਉਮੀਦਵਾਰ ਨੂੰ ਬਤਾਲੀ ਹਜ਼ਾਰ ਤੋਂ ਵੱਧ ਮਿਲ ਗਈਆਂ ਸਨ ਇੰਨੇ ਥੋੜ੍ਹੇ ਸਮੇਂ ਵਿੱਚ ਹਾਕਮ ਪਾਰਟੀ ਦੀਆਂ ਵੋਟਾਂ ਪੰਦਰਾਂ ਹਜ਼ਾਰ ਤੋਂ ਵਧ ਕੇ ਪਚਵੰਜਾ ਹਜ਼ਾਰ ਨੂੰ ਟੱਪ ਗਈਆਂ ਅਤੇ ਕਾਂਗਰਸ ਨੂੰ ਅਠਾਰਾਂ ਤੋਂ ਹੇਠਾਂ ਤੇ ਭਾਜਪਾ ਨੂੰ ਸਤਾਰਾਂ ਹਜ਼ਾਰ ਤੋਂ ਘੱਟ ਪਈਆਂ ਹਨ, ਜਿਸਦਾ ਅਰਥ ਹੈ ਕਿ ਦੋਵੇਂ ਅੱਧ ਤੋਂ ਵੀ ਹੇਠ ਆ ਗਈਆਂ ਹਨਸਰਕਾਰ ਦੀ ਅਗਵਾਈ ਕਰਦੀ ਪਾਰਟੀ ਦਾ ਉਮੀਦਵਾਰ ਜਿੱਤਣ ਦੀ ਗੱਲ ਤਾਂ ਕਈ ਜਣੇ ਕਹਿੰਦੇ ਸਨ, ਪਰ ਇੱਡੀ ਵੱਡੀ ਜਿੱਤ ਦੀ ਗੱਲ ਕਦੀ ਕਿਸੇ ਨਹੀਂ ਸੀ ਕੀਤੀ ਅਤੇ ਇਹੋ ਜਿਹਾ ਕੋਈ ਸਿੱਧਾ ਸੰਕੇਤ ਮੀਡੀਆ ਰਿਪੋਰਟਾਂ ਵਿੱਚੋਂ ਵੀ ਨਹੀਂ ਸੀ ਲੱਭਦਾ

ਉਂਜ ਇਹ ਸਿਰਫ ਪੰਜਾਬ ਦੀ ਜਲੰਧਰ ਪੱਛਮੀ ਹਲਕੇ ਵਾਲੀ ਚੋਣ ਵਿੱਚ ਨਹੀਂ ਹੋਇਆ, ਸਾਡੇ ਗਵਾਂਢ ਹਿਮਾਚਲ ਪ੍ਰਦੇਸ਼ ਵਿੱਚ ਵੀ ਇੱਦਾਂ ਦਾ ਪ੍ਰਗਟਾਵਾ ਹੋਇਆ ਹੈਉਸ ਰਾਜ ਦੀਆਂ ਤਿੰਨ ਉਪ ਚੋਣਾਂ ਵਿੱਚੋਂ ਦੋ ਉੱਤੇ ਕਾਂਗਰਸ ਪਾਰਟੀ ਜਿੱਤ ਗਈ ਅਤੇ ਲੋਕ ਸਭਾ ਚੋਣਾਂ ਮੌਕੇ ਅੱਗੇ ਰਹਿਣ ਲੈਣ ਵਾਲੀ ਭਾਜਪਾ ਸਿਰਫ ਇੱਕ ਸੀਟ ਜਿੱਤ ਸਕੀ ਹੈਉੱਤਰਾ ਖੰਡ ਵਿੱਚ ਸਰਕਾਰ ਭਾਜਪਾ ਦੀ ਹੈ, ਕੇਂਦਰ ਸਰਕਾਰ ਵੀ ਉਨ੍ਹਾਂ ਦੀ ਹੈ, ਪਰ ਜਿਹੜੀਆਂ ਦੋ ਸੀਟਾਂ ਵਾਸਤੇ ਉਪ ਚੋਣ ਕਰਵਾਈ ਗਈ, ਦੋਵਾਂ ਉੱਤੇ ਕਾਂਗਰਸ ਨੇ ਭਾਜਪਾ ਨੂੰ ਭਾਜੜ ਪਾਈ ਰੱਖੀ ਹੈਪੱਛਮੀ ਬੰਗਾਲ ਵਿੱਚ ਭਾਜਪਾ ਸਾਰਾ ਤਾਣ ਲਾਉਣ ਦੇ ਬਾਵਜੂਦ ਤ੍ਰਿਣਮੂਲ ਕਾਂਗਰਸ ਨੂੰ ਠਿੱਬੀ ਲਾਉਣ ਜੋਗੀ ਸਾਬਤ ਨਹੀਂ ਹੋ ਸਕੀਨਤੀਜਿਆਂ ਦੇ ਵੇਰਵੇ ਤੋਂ ਲੋਕ ਇਹ ਸੋਚਣ ਲਈ ਮਜਬੂਰ ਹਨ ਕਿ ਜੇ ਰਾਜ ਕਰਦੀ ਪਾਰਟੀ ਨੇ ਹੀ ਹਰ ਥਾਂ ਜਿੱਤਣਾ ਹੈ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਜਿੱਤ ਗਈ, ਹਿਮਾਚਲ ਪ੍ਰਦੇਸ਼ ਬਾਰੇ ਵੀ ਇਹੋ ਕਿਹਾ ਜਾ ਸਕਦਾ ਹੈ, ਪਰ ਉੱਤਰਾਖੰਡ ਵਿੱਚ ਭਾਜਪਾ ਦੀ ਸਰਕਾਰ ਹੁੰਦਿਆਂ ਉੱਥੇ ਭਾਜਪਾ ਨੂੰ ਪਸੀਨੇ ਕਿਉਂ ਆ ਗਏ ਹਨਕਾਰਨ ਇਸਦਾ ਇਹੋ ਜਾਪਦਾ ਹੈ ਕਿ ਲੋਕ ਸਿਰਫ ਮੌਕੇ ਦੀ ਰਾਜ ਸਰਕਾਰ ਵੇਖ ਕੇ ਵੋਟਾਂ ਨਹੀਂ ਪਾਓਂਦੇ, ਉਹ ਇਸ ਸੋਚ ਉੱਤੇ ਚੱਲ ਪਏ ਹਨ ਕਿ ਕੇਂਦਰ ਦੀ ਵੋਟ ਪਾਉਣ ਮੌਕੇ ਇਹ ਸੋਚਣਾ ਹੈ ਕਿ ਦੇਸ਼ ਦੀ ਵਾਗ ਸੌਂਪਣ ਲਈ ਫਲਾਣੀ ਪਾਰਟੀ ਠੀਕ ਅਤੇ ਰਾਜ ਵਿੱਚ ਫਲਾਣੀ ਪਾਰਟੀ ਸਾਡੇ ਲਈ ਵੱਧ ਠੀਕ ਰਹੇਗੀਪਹਿਲਾਂ ਇਹ ਸਿਰਫ ਦਿੱਲੀ ਵਿੱਚ ਹੁੰਦਾ ਰਿਹਾ ਸੀ ਕਿ ਸ਼ੀਲਾ ਦੀਕਸ਼ਤ ਮੁੱਖ ਮੰਤਰੀ ਹੁੰਦੀ ਸੀ ਤਾਂ ਲੋਕ ਵੋਟਾਂ ਪਾ ਕੇ ਲਗਭਗ ਹਰ ਵਾਰ ਪੂਰਨ ਬਹੁਮਤ ਨਾਲ ਉਸ ਨੂੰ ਜਿਤਾ ਦਿਆ ਕਰਦੇ ਸਨ, ਪਰ ਕੇਂਦਰੀ ਸੱਤਾ ਲਈ ਸਾਰੀਆਂ ਸੱਤ ਸੀਟਾਂ ਭਾਜਪਾ ਦੀ ਝੋਲੀ ਪਾ ਦਿਆ ਕਰਦੇ ਸਨਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦੀ ਅਗਵਾਈ ਦਾ ਵਕਤ ਆਇਆ ਤਾਂ ਰਾਜ ਵਿਧਾਨ ਸਭਾ ਵਿੱਚ ਵੱਧ ਸੀਟਾਂ ਆਮ ਆਦਮੀ ਪਾਰਟੀ ਨੂੰ ਦੇਣ ਲੱਗ ਪਏ ਅਤੇ ਕੇਂਦਰ ਸਰਕਾਰ ਦੀ ਮਜ਼ਬੂਤੀ ਲਈ ਆਪਣੀਆਂ ਵੋਟਾਂ ਭਾਜਪਾ ਨੂੰ ਪਾਉਂਦੇ ਰਹੇਇਹ ਰੁਝਾਨ ਹੌਲੀ-ਹੌਲੀ ਭਾਰਤ ਦੇ ਰਾਜਾਂ ਵਿੱਚ ਦਿਖਾਈ ਦੇਣ ਲੱਗਾ ਹੈ ਕਿ ਲੋਕ ਪਾਰਲੀਮੈਂਟ ਜਾਂ ਵਿਧਾਨ ਸਭਾ ਦੀ ਵੋਟ ਦੇਣ ਸਮੇਂ ਵੱਖੋ-ਵੱਖ ਢੰਗ ਨਾਲ ਸੋਚਦੇ ਹਨ, ਜਿਸ ਨੂੰ ਨੋਟ ਕਰਨ ਤੋਂ ਸਿਆਸੀ ਪਾਰਟੀਆਂ ਬਹੁਤਾ ਕਰਕੇ ਨਾਕਾਮ ਰਹੀਆਂ ਹਨਵੋਟਰ ਦਾ ਇੱਦਾਂ ਦਾ ਰੁਝਾਨ ਆਪਣੇ ਆਪ ਨੂੰ ਰਾਜਨੀਤੀ ਦੇ ਮਹਾਰਥੀ ਸਮਝਣ ਵਾਲੇ ਆਗੂਆਂ ਲਈ ਭਵਿੱਖ ਵਾਸਤੇ ਇੱਕ ਸਬਕ ਸਾਬਤ ਹੋ ਸਕਦਾ ਹੈ

ਦੂਸਰੀ ਗੱਲ ਇਹ ਕਿ ਭਾਰਤ ਦੀ ਰਾਜਨੀਤੀ ਵਿੱਚ ਹਰ ਚੋਣ ਵੇਲੇ ਜ਼ਿੰਦਗੀ-ਮੌਤ ਦਾ ਸਵਾਲ ਬਣਾ ਲੈਣਾ ਵੀ ਠੀਕ ਨਹੀਂਅਸੀਂ ਬਹੁਤ ਵਾਰੀ ਵੇਖਿਆ ਹੈ ਕਿ ਕਿਸੇ ਰਾਜ ਦੀ ਸਰਕਾਰ ਚਲਾ ਰਹੀ ਪਾਰਟੀ ਆਪਣੇ ਅਧਿਕਾਰ ਖੇਤਰ ਦੀ ਹਰ ਛੋਟੀ-ਵੱਡੀ ਚੋਣ ਨੂੰ ਜਿੱਤਣ ਲਈ ਸਾਰਾ ਕੁਝ ਝੋਕ ਦਿੰਦੀ ਹੈ ਅਤੇ ਜਦੋਂ ਨਤੀਜੇ ਉਸ ਦੀ ਇੱਛਾ ਅਨੁਸਾਰ ਨਾ ਆਉਣ ਤਾਂ ਵਿਰੋਧੀ ਧਿਰਾਂ ਉਸ ਦਾ ਅਸਤੀਫਾ ਮੰਗਣ ਲੱਗ ਜਾਂਦੀਆਂ ਹਨਚੋਣ ਤਾਂ ਚੋਣ ਹੋਇਆ ਕਰਦੀ ਹੈ, ਵੋਟਰ ਕਿਸੇ ਵੀ ਆਗੂ ਜਾਂ ਪਾਰਟੀ ਨੂੰ ਜਿਤਾ ਸਕਦੇ ਹਨ, ਅਗੇਤਾ ਇਹ ਨਹੀਂ ਸੋਚਣਾ ਚਾਹੀਦਾ ਕਿ ਵੋਟਰ ਫਲਾਣੇ ਪਿੱਛੇ ਹੀ ਜਾਵੇਗਾ ਤੇ ਇਹ ਵੀ ਨਹੀਂ ਸੋਚਣਾ ਚਾਹੀਦਾ ਕਿ ਉਸ ਦੀ ਇੱਛਾ ਦਾ ਪ੍ਰਗਟਾਵਾ ਕਿਸੇ ਉਪ ਚੋਣ ਵਿੱਚ ਜਿੱਦਾਂ ਹੋਇਆ ਹੈ, ਰਾਜ ਸਰਕਾਰ ਦੀ ਹੋਂਦ ਬਾਰੇ ਉਹ ਇੱਕ ਫਤਵਾ ਹੀ ਆਇਆ ਹੈ ਇੱਦਾਂ ਦੀਆਂ ਕਈ ਚੋਣਾਂ ਦੇ ਦੌਰਾਨ ਨਤੀਜਾ ਰਾਜ ਸਰਕਾਰਾਂ ਦੇ ਵਿਰੁੱਧ ਆਉਂਦਾ ਰਿਹਾ ਹੈ, ਸਰਕਾਰਾਂ ਫਿਰ ਵੀ ਚਲਦੀਆਂ ਰਹੀਆਂ, ਕਿਸੇ ਚੋਣ ਨਤੀਜੇ ਨਾਲ ਟੁੱਟਦੀਆਂ ਨਹੀਂ ਵੇਖੀਆਂ

ਅਸੀਂ ਬਹੁਤ ਸਮਾਂ ਪਹਿਲਾਂ ਪਹਿਲੀ ਉਪ ਚੋਣ ਗਿਆਨੀ ਜ਼ੈਲ ਸਿੰਘ ਦੇ ਰਾਜ ਵਿੱਚ ਹੁੰਦੀ ਵੇਖੀ ਸੀ ਉਦੋਂ ਆਮ ਚੋਣਾਂ ਮੌਕੇ ਡਕਾਲਾ ਹਲਕੇ ਤੋਂ ਅਕਾਲੀ ਦਲ ਦੀ ਜਿੱਤ ਹੋਈ, ਪਰ ਮਸਾਂ ਤਿੰਨ ਸਾਲ ਪਿੱਛੋਂ ਉਸ ਵਿਧਾਇਕ ਦਾ ਦੇਹਾਂਤ ਹੋ ਗਿਆ ਅਤੇ ਉਪ-ਚੋਣ ਕਰਵਾਉਣੀ ਪਈ ਸੀਵਿਧਾਇਕ ਦੀ ਜਿੱਤ ਵੇਲੇ ਕਾਂਗਰਸ ਦੀ ਜਿਹੜੀ ਬੀਬੀ ਨੇ ਚੋਣ ਲੜੀ ਅਤੇ ਹਾਰੀ ਸੀ, ਕਾਂਗਰਸ ਨੇ ਫਿਰ ਉਸੇ ਨੂੰ ਟਿਕਟ ਦਿੱਤੀ ਤੇ ਅਕਾਲੀ ਦਲ ਨੇ ਵਿਧਾਇਕ ਦੀ ਪਤਨੀ ਨੂੰ ਟਿਕਟ ਦੇ ਦਿੱਤੀ ਸੀਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਉਦੋਂ ਅੱਧਾ ਮਹੀਨਾ ਉਸ ਚੋਣ ਲਈ ਖੁਦ ਪ੍ਰਚਾਰ ਦੀ ਅਗਵਾਈ ਕਰਦੇ ਰਹੇ ਸਨ, ਪਰ ਜਦੋਂ ਨਤੀਜਾ ਨਿਕਲਿਆ ਤਾਂ ਕਾਂਗਰਸ ਉਮੀਦਵਾਰ ਹਾਰ ਗਈ ਤੇ ਅਕਾਲੀ ਦਲ ਨੇ ਸੀਟ ਫਿਰ ਜਿੱਤ ਲਈਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜ ਦੌਰਾਨ ਤਿੰਨ ਸੀਟਾਂ ਲਈ ਉਪ ਚੋਣਾਂ ਹੋਈਆਂ ਤਾਂ ਦੋ ਸੀਟਾਂ ਅਜਨਾਲਾ ਅਤੇ ਗਿੱਦੜਬਾਹਾ ਅਕਾਲੀ ਦਲ ਨੇ ਜਿੱਤ ਲਈਆਂ ਸਨ ਤੇ ਕਾਂਗਰਸ ਨੂੰ ਸਿਰਫ ਨਕੋਦਰ ਸੀਟ ਮਿਲੀ ਸੀਅਗਲੀ ਵਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸਨ ਤਾਂ ਇੱਕ ਮੰਤਰੀ ਸਰੂਪ ਸਿੰਘ ਦੇ ਦੇਹਾਂਤ ਕਾਰਨ ਆਦਮਪੁਰ ਦੀ ਵਿਧਾਨ ਸਭਾ ਸੀਟ ਲਈ ਉਪ ਚੋਣ ਕਰਾਉਣੀ ਪੈ ਗਈ ਸੀ, ਜਿਸ ਲਈ ਬਾਦਲ ਸਾਹਿਬ ਖੁਦ ਇੱਕ ਮਹੀਨੇ ਦੇ ਕਰੀਬ ਉਸ ਹਲਕੇ ਦੇ ਹਰ ਇੱਕ ਪਿੰਡ ਵਿੱਚ ਫਿਰਦੇ ਰਹੇ ਸਨਨਤੀਜਾ ਨਿਕਲਿਆ ਤਾਂ ਅਕਾਲੀ ਦਲ ਨੂੰ ਛੇ ਵੋਟਾਂ ਨਾਲ ਹਰਾ ਕੇ ਕਾਂਗਰਸ ਦੇ ਕੰਵਲਜੀਤ ਸਿੰਘ ਲਾਲੀ ਨੇ ਜਿੱਤ ਪ੍ਰਾਪਤ ਕਰ ਲਈਇਹੋ ਜਿਹੇ ਕਿਸੇ ਸਮੇਂ ਵੀ ਚਾਰ ਦਿਨ ਰੌਲਾ ਪਿਆ ਤੇ ਫਿਰ ਸਭ ਜ਼ਿੰਦਗੀ ਆਮ ਵਾਂਗ ਚੱਲਣ ਲੱਗ ਪੈਂਦੀ ਸੀ, ਉਸ ਚੋਣ ਦੇ ਨਤੀਜੇ ਨਾਲ ਕਿਸੇ ਤਰ੍ਹਾਂ ਕੋਈ ਵੱਡਾ ਫਰਕ ਪਿਆ ਨਹੀਂ ਸੀ ਦਿਸਿਆ

ਪੰਜਾਬ ਦੀ ਮੌਜੂਦਾ ਸਰਕਾਰ ਦੌਰਾਨ ਇਹੋ ਜਿਹੀ ਤੀਸਰੀ ਉਪ ਚੋਣ ਹੁੰਦੀ ਵੇਖੀ ਗਈ ਹੈ, ਜਿਸ ਲਈ ਸਾਰਾ ਤਾਣ ਹਾਕਮ ਪਾਰਟੀ ਨੇ ਵੀ ਲਾਇਆ ਅਤੇ ਵਿਰੋਧੀ ਧਿਰਾਂ ਨੇ ਵੀ ਕਸਰ ਨਹੀਂ ਛੱਡੀਪਹਿਲੀ ਉਪ ਚੋਣ ਵਿਧਾਨ ਸਭਾ ਦੀ ਨਹੀਂ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਛੱਡੀ ਗਈ ਸੰਗਰੂਰ ਲੋਕ ਸਭਾ ਸੀਟ ਲਈ ਹੋਈ ਸੀ, ਜਿਹੜੀ ਸਰਕਾਰ ਬਣਨ ਦੇ ਮਸਾਂ ਦੋ ਮਹੀਨੇ ਬਾਅਦ ਹੋ ਗਈ ਤੇ ਬਾਨਵੇਂ ਵਿਧਾਨ ਸਭਾ ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਉਹ ਸੀਟ ਗੁਆ ਬੈਠੀ ਸੀਚਾਰ ਦਿਨ ਰੌਲਾ ਪਿਆ ਤੇ ਫਿਰ ਗੱਲ ਆਮ ਲੋਕਾਂ ਨੂੰ ਭੁੱਲ ਗਈ ਅਤੇ ਜਦੋਂ ਪਿਛਲੇ ਸਾਲ ਜਲੰਧਰ ਵਾਲੀ ਲੋਕ ਸਭਾ ਚੋਣ ਇਸ ਪਾਰਟੀ ਨੇ ਜਿੱਤ ਲਈ ਤਾਂ ਪਹਿਲੀ ਸੰਗਰੂਰ ਵਾਲੀ ਹਾਰ ਦੀ ਚਰਚਾ ਵੀ ਬੰਦ ਹੋ ਗਈ ਸੀ ਐਤਕੀਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਜਦੋਂ ਤੇਰਾਂ ਵਿੱਚੋਂ ਮਸਾਂ ਤਿੰਨ ਸੀਟਾਂ ਜਿੱਤ ਸਕੀ ਤਾਂ ਜਲੰਧਰ ਵਿਧਾਨ ਸਭਾ ਉਪ ਚੋਣ ਇੱਥੋਂ ਦੀ ਸਰਕਾਰ ਚਲਾ ਰਹੀ ਧਿਰ ਅਤੇ ਵਿਰੋਧੀ ਧਿਰਾਂ ਲਈ ਵਕਾਰ ਦਾ ਮੁੱਦਾ ਸਮਝੀ ਜਾਣ ਲੱਗੀ ਸੀ ਇੱਦਾਂ ਵਕਾਰ ਦਾ ਮੁੱਦਾ ਸਿਰਫ ਪੰਜਾਬ ਵਿੱਚ ਨਹੀਂ, ਹੋਰਨਾਂ ਰਾਜਾਂ ਵਿੱਚ ਵੀ ਬਣਦਾ ਹੈ ਅਤੇ ਕਦੀ ਸਰਕਾਰ ਚਲਾ ਰਹੀ ਪਾਰਟੀ ਅਤੇ ਕਦੇ ਵਿਰੋਧੀ ਧਿਰ ਨੂੰ ਜਿੱਤਦੇ ਵੇਖਿਆ ਹੈ ਹਿਮਾਚਲ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਪਛਾੜ ਲੈਣ ਮਗਰੋਂ ਭਾਜਪਾ ਉੱਥੇ ਹੋ ਰਹੀਆਂ ਤਿੰਨੇ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦੇ ਸੁਪਨੇ ਵੇਖਦੀ ਸੀ, ਇੱਕ ਸੀਟ ਮਸਾਂ ਜਿੱਤ ਸਕੀ ਅਤੇ ਕਾਂਗਰਸ ਦੀ ਸਰਕਾਰ ਤੋੜਨ ਦੇ ਉਸ ਦੇ ਸੁਪਨੇ ਕਾਰਨ ਲੋਕਾਂ ਨੇ ਵਿਰੋਧ ਵਿੱਚ ਵੋਟਾਂ ਪਾ ਕੇ ਉਸ ਨੂੰ ਸਬਕ ਸਿੱਖਣ ਲਈ ਮੌਕਾ ਦੇ ਦਿੱਤਾ ਹੈ ਇੱਦਾਂ ਹੀ ਪੱਛਮੀ ਬੰਗਾਲ ਦੀਆਂ ਚਾਰ ਸੀਟਾਂ ਲਈ ਉਪ ਚੋਣ ਹੋਈ ਤਾਂ ਤ੍ਰਿਣਮੂਲ ਕਾਂਗਰਸ ਦੀ ਝੋਲੀ ਸਾਰੀਆਂ ਸੀਟਾਂ ਪਾ ਕੇ ਆਮ ਲੋਕਾਂ ਨੇ ਭਾਜਪਾ ਦੇ ਕੇਂਦਰੀ ਦਖਲ ਵਿਰੁੱਧ ਆਪਣਾ ਰੋਸ ਪੇਸ਼ ਕਰ ਦਿੱਤਾ ਹੈ

ਆਮ ਲੋਕ ਕਈ ਵਾਰੀ ਉਪ ਚੋਣਾਂ ਨੂੰ ਵੱਡੇ ਧੜਵੈਲਾਂ ਅੱਗੇ ਸਪੀਡ ਬਰੇਕਰ ਵਜੋਂ ਵਰਤਦੇ ਜਾਪਦੇ ਹਨਉੱਤਰਾਖੰਡ ਵਿੱਚ ਇੱਕ ਵਾਰੀ ਇੱਕ ਆਗੂ ਨੇ ਮੁੱਖ ਮੰਤਰੀ ਬਣਾਉਣ ਜਾਂ ਪਾਰਟੀ ਛੱਡਣ ਦੀ ਧਮਕੀ ਦੇ ਦਿੱਤੀ ਤਾਂ ਇਸ ਦਬਾਅ ਨਾਲ ਮੁੱਖ ਮੰਤਰੀ ਉਹ ਬੇਸ਼ਕ ਬਣ ਗਿਆ, ਛੇ ਮਹੀਨੇ ਵਿੱਚ ਵਿਧਾਇਕ ਬਣਨ ਦੀ ਸ਼ਰਤ ਪੂਰੀ ਕਰਨ ਵਾਸਤੇ ਕਰਵਾਈ ਉਪ ਚੋਣ ਵਿੱਚ ਲੋਕਾਂ ਨੇ ਮੁੱਖ ਮੰਤਰੀ ਹੁੰਦਿਆਂ ਵੀ ਉਸ ਨੂੰ ਹਰਾ ਦਿੱਤਾ ਸੀਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਬਣ ਕੇ ਯੋਗੀ ਆਦਿੱਤਿਆਨਾਥ ਨੇ ਜਦੋਂ ਆਪਣੀ ਪਾਰਲੀਮੈਂਟ ਸੀਟ ਛੱਡੀ ਤਾਂ ਉੱਥੇ ਹੋਈ ਉਪ ਚੋਣ ਵਿੱਚ ਭਾਜਪਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਛੱਡੀ ਗਈ ਸੰਗਰੂਰ ਸੀਟ ਵਾਂਗ ਸੀਟ ਗੁਆ ਬੈਠੀ ਇੱਦਾਂ ਕਈ ਵਾਰੀ ਕਈ ਥਾਂਈਂ ਹੋ ਚੁੱਕਾ ਹੈ ਅਤੇ ਭਵਿੱਖ ਵਿੱਚ ਵੀ ਹੁੰਦਾ ਰਹੇਗਾ, ਇਸ ਨੂੰ ਵੋਟਰਾਂ ਦਾ ਸਬਕ ਸਿਖਾਉਣ ਵਾਲਾ ਇੱਕ ਫਤਵਾ ਸਮਝ ਲੈਣਾ ਚਾਹੀਦਾ ਹੈ ਅਤੇ ਚੋਣਾਂ ਨੂੰ ਵਕਾਰ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ, ਜਿੱਦਾਂ ਹਰ ਵਾਰੀ ਬਣਾ ਲਿਆ ਜਾਂਦਾ ਹੈ

ਚੋਣਾਂ ਲੋਕਤੰਤਰੀ ਪ੍ਰਕਿਰਿਆ ਹਨ, ਇਨ੍ਹਾਂ ਨੂੰ ਇਸੇ ਭਾਵਨਾ ਨਾਲ ਲੈਣਾ ਚਾਹੀਦਾ ਹੈ, ਸਿਆਸੀ ਦੂਸ਼ਣਬਾਜ਼ੀ ਅਤੇ ਚਿੱਕੜ ਸੁੱਟਣ ਲਈ ਕਿਸੇ ਨਾਟਕ ਦੀ ਝਾਕੀ ਨਹੀਂ ਬਣਾ ਦੇਣਾ ਚਾਹੀਦਾਲੀਡਰ ਤਾਂ ਚੋਣਾਂ ਪਿੱਛੋਂ ਆਪਣੇ ਹੋਰ ਕੰਮਾਂ ਵਿੱਚ ਰੁੱਝ ਜਾਂਦੇ ਹਨ ਅਤੇ ਜਿਹੜੇ ਲੋਕ ਚੋਣ ਹਲਕਿਆਂ ਵਿੱਚ ਇਨ੍ਹਾਂ ਲੀਡਰਾਂ ਪਿੱਛੇ ਸਥਾਨਕ ਪੱਧਰ ਦੀ ਦੁਸ਼ਮਣੀ ਪਾ ਬੈਠਦੇ ਹਨ, ਉਹ ਦੁਸ਼ਮਣੀ ਫਿਰ ਪੀੜ੍ਹੀਆਂ ਤਕ ਚਲਦੀ ਵੇਖੀ ਜਾਂਦੀ ਹੈ ਚੋਣਾਂ ਨੂੰ ਲੋਕਾਂ ਲਈ ਇੱਕ ਰਾਏ ਪ੍ਰਗਟਾਵੇ ਦਾ ਮੌਕਾ ਦੇਣ ਦੀ ਸੋਚ ਦੀ ਥਾਂ ਪੁਰਾਣੇ ਰਾਜਿਆਂ ਦੀਆਂ ਕਿਲ੍ਹਿਆਂ ਉੱਤੇ ਕਬਜ਼ਿਆਂ ਦੀਆਂ ਜੰਗਾਂ ਬਣਾਉਣ ਦਾ ਰੁਝਾਨ ਬਹੁਤ ਮਾੜਾ ਹੈਬਦਕਿਸਮਤੀ ਨਾਲ ਇਹ ਰੁਝਾਨ ਅੱਜਕੱਲ੍ਹ ਭਾਰਤ ਵਿੱਚ ਦਿਨੋ ਦਿਨ ਭਾਰੂ ਹੁੰਦਾ ਜਾ ਰਿਹਾ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5136)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author