“ਜਿਸ ਕਿਸੇ ਵੀ ਦੇਸ਼ ਦੀ ਸਰਕਾਰ ਜਾਂ ਫੌਜ ਨੂੰ ਐਟਮੀ ਸ਼ਕਤੀ ਮਿਲ ਜਾਂਦੀ ਹੈ, ਉਹ ਫਿਰ ਬਾਕੀ ...”
(13 ਫਰਵਰੀ 2023)
ਇਸ ਸਮੇਂ ਪਾਠਕ: 224.
ਪਿਛਲੇ ਦਿਨੀਂ ਅਮਰੀਕੀ ਕੰਢਿਆਂ ਨੇੜਲੇ ਸਮੁੰਦਰ ਉੱਤੇ ਉੱਡਦਾ ਚੀਨ ਦਾ ਇੱਕ ਗੁਬਾਰਾ ਅਮਰੀਕਾ ਦੀ ਫੌਜ ਨੇ ਮਿਜ਼ਾਈਲ ਮਾਰ ਕੇ ਡੇਗਿਆ ਹੈ। ਅਮਰੀਕਾ ਨੇ ਇਸ ਮਾਮਲੇ ਵਿੱਚ ਦੋਸ਼ ਲਾਇਆ ਹੈ ਕਿ ਚੀਨ ਨੇ ਉਹ ਗੁਬਾਰਾ ਜਾਸੂਸੀ ਕਰਨ ਵਾਸਤੇ ਇਸ ਪਾਸੇ ਭੇਜਿਆ ਸੀ। ਚੀਨ ਨੇ ਜਾਸੂਸੀ ਦੇ ਦੋਸ਼ਾਂ ਦਾ ਪਹਿਲਾਂ ਖੰਡਨ ਨਹੀਂ ਸੀ ਕੀਤਾ, ਇਸਦੇ ਥਾਂ ਇਹ ਕਿਹਾ ਸੀ ਕਿ ਅਮਰੀਕੀ ਕਾਰਵਾਈ ਨੂੰ ਉਹ ਬਰਦਾਸ਼ਤ ਨਹੀਂ ਕਰੇਗਾ, ਪਰ ਬਾਅਦ ਵਿੱਚ ਉਸ ਨੇ ਸਪਸ਼ਟ ਸ਼ਬਦਾਂ ਵਿੱਚ ਇਹ ਗੱਲ ਕਹਿ ਦਿੱਤੀ ਕਿ ਇਹ ਗੁਬਾਰਾ ਜਾਸੂਸੀ ਕਰਨ ਵਾਸਤੇ ਨਹੀਂ ਗਿਆ, ਸਮੁੰਦਰਾਂ ਦੀ ਖੋਜ ਦਾ ਕੰਮ ਕਰਦਾ ਪਿਆ ਸੀ ਤੇ ਗਲਤ ਦੋਸ਼ ਲਾ ਕੇ ਅਮਰੀਕਾ ਵਾਲਿਆਂ ਨੇ ਡੇਗਿਆ ਹੈ। ਅਮਰੀਕਾ ਨੇ ਇਹ ਦਲੀਲ ਨਹੀਂ ਸੀ ਮੰਨੀ। ਬਾਅਦ ਵਿੱਚ ਇਸਦੇ ਉਲਟ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਕਿ ਚੀਨ ਨੇ ਇੱਦਾਂ ਸਿਰਫ ਅਮਰੀਕਾ ਦੀ ਜਾਸੂਸੀ ਕਰਨ ਤਕ ਸੀਮਤ ਨਾ ਰਹਿ ਕੇ ਭਾਰਤ ਸਮੇਤ ਕਈ ਦੇਸ਼ਾਂ ਦੇ ਖਿਲਾਫ ਇਸ ਤਰ੍ਹਾਂ ਦਾ ਕੰਮ ਕਰਨਾ ਸ਼ੁਰੂ ਕਰ ਰੱਖਿਆ ਸੀ।
ਲਗਾਤਾਰ ਦੁਵੱਲਾ ਤਣਾਉ ਰਹਿਣ ਕਾਰਨ ਭਾਰਤ ਦੇ ਲੋਕ ਚੀਨ ਬਾਰੇ ਸੁਣੀ ਇੱਦਾਂ ਦੀ ਗੱਲ ਵੱਲ ਧਿਆਨ ਵੀ ਛੇਤੀ ਕਰ ਲੈਂਦੇ ਹਨ ਤੇ ਚੀਨ ਦਾ ਵਿਹਾਰ ਵੀ ਇੱਦਾਂ ਦਾ ਹੈ ਕਿ ਉਸ ਉੱਤੇ ਲੱਗਾ ਹਰ ਦੋਸ਼ ਪਿਛਲੇ ਹਾਲਾਤ ਕਾਰਨ ਸਹੀ ਜਾਪਣ ਲੱਗ ਜਾਂਦਾ ਹੈ। ਇਸ ਵਾਰ ਵੀ ਅਮਰੀਕਾ ਵੱਲੋਂ ਚੀਨ ਉੱਤੇ ਲਾਇਆ ਦੋਸ਼ ਦੁਨੀਆ ਭਰ ਦੇ ਲੋਕਾਂ ਨੂੰ ਆਮ ਕਰ ਕੇ ਸਹੀ ਜਾਪਦਾ ਹੈ ਅਤੇ ਇਹ ਗੱਲ ਸੱਚ ਵੀ ਹੋ ਸਕਦੀ ਹੈ। ਦੂਸਰੇ ਪਾਸੇ ਸੰਸਾਰ ਭਰ ਦੇ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਪੁਰਾਣੇ ਰਾਜਿਆਂ ਦੇ ਸਮੇਂ ਤੋਂ ਹਰ ਸਰਕਾਰ ਆਪਣੇ ਵਿਰੋਧੀਆਂ ਦੀ ਜਾਸੂਸੀ ਕਰਾਉਂਦੀ ਰਹੀ ਹੈ ਅਤੇ ਇੱਦਾਂ ਦੀ ਜਾਸੂਸੀ ਆਪਣੇ ਦੇਸ਼ ਦੇ ਅੰਦਰਲੇ ਵਿਰੋਧੀਆਂ ਦੀ ਵੀ ਕਰਵਾਉਣ ਦਾ ਰਿਵਾਜ ਹੈ। ਵਿਰੋਧੀ ਦੇਸ਼ ਦੀ ਜਾਸੂਸੀ ਕਰਵਾਉਣ ਦੇ ਕਈ ਕਿੱਸੇ ਮਸ਼ਹੂਰ ਹਨ। ਕਈ ਸਰਕਾਰਾਂ ਇਹੋ ਜਿਹੀ ਜਾਸੂਸੀ ਖੁਦ ਆਪਣੇ ਬੰਦਿਆਂ ਜਾਂ ਆਪਣੇ ਨਾਲ ਨੇੜ ਰੱਖਦੇ ਦੇਸ਼ਾਂ ਦੇ ਖਿਲਾਫ ਵੀ ਕਰਾ ਲੈਂਦੀਆਂ ਹਨ, ਤਾਂ ਕਿ ਪਤਾ ਲੱਗਦਾ ਰਹੇ ਕਿ ਓਥੇ ਕੋਈ ਵਿਰੋਧੀ ਧਾਰਾ ਨਾ ਬਣਦੀ ਜਾ ਰਹੀ ਹੋਵੇ, ਜਿਹੜੀ ਕੱਲ੍ਹ ਨੂੰ ਵੱਡਾ ਸੰਕਟ ਬਣ ਜਾਵੇ। ਅਮਰੀਕਾ ਅਤੇ ਰੂਸ ਠੰਢੀ ਜੰਗ ਦੇ ਦਿਨਾਂ ਵਿੱਚ ਕਈ ਵਾਰ ਇਸ ਗੱਲ ਉੱਤੇ ਭਿੜ ਜਾਂਦੇ ਰਹੇ ਸਨ ਕਿ ਦੂਸਰੀ ਧਿਰ ਉਨ੍ਹਾਂ ਦੀ ਜਾਸੂਸੀ ਕਰਾਉਂਦੀ ਪਈ ਹੈ, ਪਰ ਇਹ ਕੰਮ ਦੋਵੇਂ ਦੇਸ਼ ਕਰਦੇ ਹੋਏ ਵੀ ਆਪਣਾ ਦੋਸ਼ ਮੰਨਣ ਦੀ ਥਾਂ ਦੂਸਰੇ ਦੇਸ਼ ਉੱਤੇ ਦੋਸ਼ ਥੱਪਦੇ ਸਨ। ਇਸ ਲਈ ਇਸ ਵਾਰੀ ਜਦੋਂ ਚੀਨ ਦੀ ਸਰਕਾਰ ਉੱਤੇ ਗੁਬਾਰਿਆਂ ਨਾਲ ਜਾਸੂਸੀ ਕਰਨ ਦਾ ਦੋਸ਼ ਲੱਗਾ ਹੈ ਤਾਂ ਆਮ ਲੋਕਾਂ ਨੂੰ ਗਲਤ ਨਹੀਂ ਜਾਪਦਾ।
ਅਸੀਂ ਇਸ ਘਟਨਾ ਤਕ ਸੀਮਤ ਨਾ ਰਹਿ ਕੇ ਇੱਕ ਪੁਰਾਣੀ ਘਟਨਾ ਦਾ ਚੇਤਾ ਕਰਾਉਣਾ ਚਾਹੁੰਦੇ ਹਾਂ, ਜਿਸ ਨਾਲ ਇੱਕ ਵਾਰੀ ਵੱਡਾ ਟਕਰਾਅ ਹੁੰਦਾ ਮਸਾਂ ਟਲਿਆ ਸੀ ਅਤੇ ਉਸ ਨੂੰ ਵੇਖੀਏ ਤਾਂ ਚੀਨ-ਅਮਰੀਕਾ ਦਾ ਅਜੋਕਾ ਤਣਾਉ ਚੰਗਾ ਨਹੀਂ। ਬਹੁਤੇ ਲੋਕਾਂ ਨੂੰ ਚੇਤਾ ਨਹੀਂ ਕਿ ਇੱਕ ਵਾਰੀ ਰੂਸ ਉੱਤੋਂ ਲੰਘਦਾ ਇੱਕ ਦੱਖਣੀ ਕੋਰੀਆਈ ਜਹਾਜ਼ ਰੂਸੀ ਜਹਾਜ਼ਾਂ ਨੇ ਘੇਰਨ ਦਾ ਯਤਨ ਕੀਤਾ ਤਾਂ ਓਨੀ ਦੇਰ ਤਕ ਉਹ ਸਮੁੰਦਰੀ ਹੱਦ ਤਕ ਚਲਾ ਗਿਆ ਸੀ। ਰੂਸੀ ਜਹਾਜ਼ਾਂ ਨੇ ਹਮਲਾ ਕਰ ਕੇ ਡੇਗ ਦਿੱਤਾ ਤਾਂ ਜਹਾਜ਼ ਦੇ ਕਰਿਊ ਮੈਂਬਰਾਂ ਸਣੇ ਦੋ ਸੌ ਉਨੱਤਰ ਲੋਕ ਮਾਰੇ ਗਏ ਸਨ। ਇਸ ਘਟਨਾ ਨਾਲ ਸੰਸਾਰ ਭਰ ਵਿੱਚ ਤਣਾਉ ਬਣ ਗਿਆ ਸੀ। ਅਮਰੀਕੀ ਧਿਰ ਵਾਲੇ ਦੇਸ਼ ਇਹ ਕਹਿੰਦੇ ਸਨ ਕਿ ਰੂਸੀਆਂ ਨੇ ਸਧਾਰਨ ਮੁਸਾਫਰ ਹਵਾਈ ਜਹਾਜ਼ ਡੇਗ ਕੇ ਇੰਨੇ ਬੇਗੁਨਾਹ ਲੋਕ ਮਾਰ ਦਿੱਤੇ ਹਨ ਤੇ ਰੂਸ ਕਹਿੰਦਾ ਸੀ ਕਿ ਮਰਨ ਵਾਲੇ ਮੁਸਾਫਰ ਬੇਗੁਨਾਹ ਸਨ, ਉਹ ਜਹਾਜ਼ ਰੂਸ ਦੀ ਜਾਸੂਸੀ ਦੇ ਮਿਸ਼ਨ ਉੱਤੇ ਸੀ ਅਤੇ ਜਿਹੜੇ ਇਲਾਕਿਆਂ ਤੋਂ ਉਸ ਨੂੰ ਲੰਘਣ ਤੋਂ ਰੋਕਿਆ ਸੀ, ਓਧਰ ਦੀ ਲੰਘਿਆ ਸੀ। ਇਹ ਵੀ ਗੱਲ ਸਾਹਮਣੇ ਆਈ ਸੀ ਕਿ ਉਸ ਜਹਾਜ਼ ਨੂੰ ਕੰਟਰੋਲ ਟਾਵਰਾਂ ਤੋਂ ਚਿਤਾਵਣੀ ਦੇਣ ਦਾ ਯਤਨ ਕੀਤਾ ਗਿਆ ਤਾਂ ਅੱਗੋਂ ਪਾਇਲਟ ਜਵਾਬ ਨਹੀਂ ਸੀ ਦਿੰਦੇ ਤੇ ਜਦੋਂ ਹੁੰਗਾਰਾ ਨਾ ਦੇਣ ਨੂੰ ਫਰੀਕੁਐਂਸੀ ਦਾ ਨੁਕਸ ਮੰਨ ਕੇ ਇੰਟਰਨੈਸ਼ਨਲ ਫਰੀਕੁਐਂਸੀ ਵਿੱਚ ਦੱਸਣ ਲਈ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫਿਰ ਵੀ ਹੁੰਗਾਰਾ ਨਹੀਂ ਸੀ ਭਰਿਆ। ਜਹਾਜ਼ ਡੇਗੇ ਜਾਣ ਦੇ ਕਈ ਚਿਰ ਪਿੱਛੋਂ ਇਹ ਗੱਲ ਨਿਕਲੀ ਸੀ ਕਿ ਅਸਲ ਵਿੱਚ ਇੱਕੋ ਕਿਸਮ ਦੇ ਦੋ ਜਹਾਜ਼ ਉਸ ਵੇਲੇ ਉਸ ਥਾਂ ਉੱਡਦੇ ਸਨ, ਇੱਕ ਅਮਰੀਕਾ ਦਾ ਫੌਜੀ ਜਹਾਜ਼ ਜਾਸੂਸੀ ਦੇ ਕੰਮ ਲਈ ਓਧਰ ਗਿਆ ਸੀ ਅਤੇ ਦੂਸਰਾ ਕੋਰੀਆ ਦਾ ਇੱਕ ਸਿਵਲੀਅਨ ਜਹਾਜ਼ ਸੀ ਤੇ ਦੋਵਾਂ ਦਾ ਤਾਲਮੇਲ ਸੀ। ਅਮਰੀਕਾ ਵਾਲੇ ਜਹਾਜ਼ ਨੂੰ ਮੁਸਾਫਰਾਂ ਵਾਲੀ ਉਡਾਣ ਦੇ ਸਮੇਂ ਨਾਲ ਜੋੜਿਆ ਅਤੇ ਇੰਜ ਚਲਾਇਆ ਗਿਆ ਸੀ ਕਿ ਉੱਪਰ-ਹੇਠਾਂ ਉੱਡਦੇ ਦੋਵੇਂ ਜਹਾਜ਼ ਉਸ ਵਕਤ ਦੇ ਪ੍ਰਬੰਧਾਂ ਵਾਲੇ ਰਾਡਾਰ ਤੋਂ ਵੇਖਣ ਨਾਲ ਅਸਲ ਵਿੱਚ ਇੱਕੋ ਜਹਾਜ਼ ਜਾਪਦੇ ਸਨ। ਉਸ ਪਿੱਛੋਂ ਇੱਕ ਵਾਰੀ ਯੂਕਰੇਨ ਤੋਂ ਵੀ ਇੱਦਾਂ ਦੀ ਮਾੜੀ ਖਬਰ ਆਈ ਸੀ, ਜਦੋਂ ਉਸ ਦੇ ਗੜਬੜ ਵਾਲੇ ਖੇਤਰ ਵਿੱਚ ਇੱਕ ਮੁਸਾਫਰ ਜਹਾਜ਼ ਨੂੰ ਕਿਸੇ ਪਾਸੇ ਤੋਂ ਆ ਵੱਜੀ ਮਿਜ਼ਾਈਲ ਨੇ ਡੇਗਿਆ ਤਾਂ ਸਰਕਾਰ ਤੇ ਉਸ ਦੇ ਵਿਰੁੱਧ ਲੜਨ ਵਾਲੇ ਬਾਗੀ ਦੋਵੇਂ ਧਿਰਾਂ ਇਸਦੀ ਜ਼ਿੰਮੇਵਾਰੀ ਲੈਣ ਦੀ ਥਾਂ ਇੱਕ ਦੂਸਰੇ ਨੂੰ ਦੋਸ਼ੀ ਦੱਸਦੇ ਰਹੇ ਸਨ। ਜਿਹੜੀ ਮਿਜ਼ਾਈਲ ਮਾਰੀ ਗਈ, ਉਹ ਰੂਸੀ ਫੌਜੀਆਂ ਕੋਲ ਵੀ ਸੀ, ਯੂਕਰੇਨੀ ਫੌਜਾਂ ਕੋਲ ਵੀ ਅਤੇ ਯੂਕਰੇਨ ਤੋਂ ਬਾਗੀ ਹੋਏ ਟੋਲਿਆਂ ਕੋਲ ਵੀ ਉਹੀ ਮਿਜ਼ਾਈਲਾਂ ਸਨ। ਇੱਦਾਂ ਦੀ ਹਰ ਘਟਨਾ ਤੋਂ ਭਵਿੱਖ ਲਈ ਸਬਕ ਸਿੱਖੇ ਜਾਣੇ ਚਾਹੀਦੇ ਹਨ, ਪਰ ਸੰਸਾਰ ਦੀ ਸਰਦਾਰੀ ਦਾ ਜਨੂੰਨ ਜਿਨ੍ਹਾਂ ਲੋਕਾਂ ਦੇ ਸਿਰਾਂ ਨੂੰ ਚੜ੍ਹਿਆ ਹੋਵੇ, ਉਹ ਅਮਰੀਕਾ ਦੇ ਹਾਕਮ ਹੋਣ, ਚੀਨ ਦੇ ਜਾਂ ਕੋਈ ਹੋਰ, ਉਹ ਕਦੇ ਆਮ ਲੋਕਾਂ ਦੇ ਮਰਨ ਦੀ ਚਿੰਤਾ ਨਹੀਂ ਕਰਦੇ।
ਇਸ ਵਾਰੀ ਅਮਰੀਕਾ ਨੇ ਇੱਕ ਗੁਬਾਰਾ ਡੇਗਿਆ ਹੈ। ਜੇ ਸਿਰਫ ਗੁਬਾਰੇ ਦੀ ਗੱਲ ਹੁੰਦੀ ਤਾਂ ਕੋਈ ਫਿਕਰ ਨਹੀਂ ਸੀ, ਮਾਮਲਾ ਕਿਉਂਕਿ ਦੋ ਧਿਰਾਂ ਵਿਚਾਲੇ ਚੱਲ ਰਹੇ ਤਣਾਉ ਅਤੇ ਜਾਸੂਸੀ ਦੇ ਦੋਸ਼ਾਂ ਨਾਲ ਜੁੜਦਾ ਹੈ, ਇਸ ਲਈ ਸੰਸਾਰ ਭਰ ਵਿੱਚ ਇੱਕ ਹੋਰ ਸੰਸਾਰ ਜੰਗ ਦੇ ਖਦਸ਼ਿਆਂ ਦੀ ਚਰਚਾ ਛਿੜ ਪਈ ਹੈ। ਇਸ ਵਕਤ ਸੰਸਾਰ ਜੰਗ ਛਿੜ ਜਾਣ ਵਾਲੇ ਸਿੱਧੇ ਸੰਕੇਤ ਨਹੀਂ, ਪਰ ਸੰਸਾਰ ਵਿੱਚ ਇੱਦਾਂ ਦੀ ਕਿਸੇ ਮੰਦ-ਭਾਵੀ ਦੀ ਚਰਚਾ ਹੋਣ ਦੇ ਕਾਰਨ ਪਹਿਲਾਂ ਵੀ ਮੌਜੂਦ ਸਨ ਤੇ ਇਸ ਵਕਤ ਵੀ ਬਹੁਤ ਹਨ। ਅਮਰੀਕਾ ਮਹਾਂ-ਸ਼ਕਤੀ ਹੈ, ਪਰ ਇਸ ਵਕਤ ਉਹਦੇ ਵਾਂਗ ਮਹਾਂ-ਸ਼ਕਤੀ ਹੋਣ ਦਾ ਦਾਅਵਾ ਕਰਨ ਵਾਲੇ ਦੋ ਦੇਸ਼ ਰੂਸ ਅਤੇ ਚੀਨ ਵੀ ਹਨ। ਚੀਨ ਨਾਲ ਤਾਂ ਅਮਰੀਕਾ ਦਾ ਤਣਾਉ ਇਸ ਇੱਕ ਗੁਬਾਰੇ ਦੇ ਕਾਰਨ ਵਧ ਗਿਆ ਹੋ ਸਕਦਾ ਹੈ, ਪਰ ਰੂਸ ਨਾਲ ਸਦਾ ਤੋਂ ਚੱਲਦਾ ਆਇਆ ਹੈ। ਪਿਛਲੇ ਸਾਲ ਰੂਸ ਤੇ ਯੂਕਰੇਨ ਵਿਚਾਲੇ ਛਿੜੀ ਜੰਗ ਨੇ ਇਹ ਹੋਰ ਵਧਾ ਦਿੱਤਾ ਸੀ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੀਤੇ ਦਿਨੀਂ ਇਹ ਭੇਦ ਖੋਲ੍ਹਿਆ ਸੀ ਕਿ ਜਦੋਂ ਰੂਸ ਨੂੰ ਯੂਕਰੇਨ ਜੰਗ ਤੋਂ ਰੋਕਣ ਲਈ ਉਸ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕਿਹਾ ਕਿ ਜੰਗ ਲੱਗੀ ਤਾਂ ਅਸੀਂ ਸਾਰੇ ਯੂਕਰੇਨ ਦਾ ਸਾਥ ਦੇਵਾਂਗੇ ਤਾਂ ਪੂਤਿਨ ਨੇ ਇਸਦੇ ਜਵਾਬ ਵਿੱਚ ਐਟਮੀ ਮਿਜ਼ਾਈਲ ਵਾਲੀ ਧਮਕੀ ਦੇ ਦਿੱਤੀ ਸੀ। ਜ਼ਰੂਰ ਇਹ ਧਮਕੀ ਦਿੱਤੀ ਹੋਵੇਗੀ, ਪਰ ਯੂਕਰੇਨ ਨਾਲ ਖੜੋਣ ਦੀ ਗੱਲ ਕਹਿ ਕੇ ਉਸ ਨੂੰ ਪਹਿਲੀ ਧਮਕੀ ਤਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਖੁਦ ਦਿੱਤੀ ਸੀ। ਇੱਦਾਂ ਦੀਆਂ ਉਕਸਾਹਟਾਂ ਦਾ ਦੌਰ ਚਿਰਾਂ ਤੋਂ ਚੱਲਦਾ ਹੈ ਅਤੇ ਅੱਜਕੱਲ੍ਹ ਚੀਨ ਨਾਲ ਅਮਰੀਕਾ ਦੀ ਇਹੋ ਜਿਹੀ ਖਹਿਬੜ ਜਿਸ ਤਰ੍ਹਾਂ ਵਧਦੀ ਜਾਂਦੀ ਹੈ, ਉਸ ਨੇ ਸੰਸਾਰ ਪੱਧਰ ਦਾ ਤਣਾਉ ਹੋਰ ਵੀ ਵਧਣ ਦੇ ਬਹੁਤ ਸਾਰੇ ਸੰਕੇਤ ਦੇ ਦਿੱਤੇ ਹਨ ਅਤੇ ਪਤਾ ਨਹੀਂ ਇਹ ਸੰਕੇਤ ਕਿੱਥੋਂ ਤਕ ਜਾਣਗੇ।
ਪਹਿਲੀ ਤੇ ਦੂਸਰੀ ਸੰਸਾਰ ਜੰਗ ਵੇਲੇ ਤਕ ਅਜੇ ਐਟਮ ਬੰਬ ਨਹੀਂ ਸਨ ਬਣੇ। ਦੂਸਰੀ ਸੰਸਾਰ ਜੰਗ ਦੇ ਆਖਰੀ ਦਿਨ ਆਉਂਦੇ ਜਾਪਣ ਲੱਗੇ ਤਾਂ ਅਮਰੀਕਾ ਨੇ ਤਾਜ਼ੇ-ਤਾਜ਼ੇ ਬਣਾਏ ਦੋ ਬੰਬ ਜਾਪਾਨ ਦੇ ਦੋ ਸ਼ਹਿਰਾਂ ਉੱਤੇ ਸੁੱਟ ਕੇ ਤਬਾਹੀ ਮਚਾ ਦਿੱਤੀ ਸੀ। ਜੰਗ ਮੁੱਕਦੇ ਸਾਰ ਰੂਸ ਨੇ ਕਹਿ ਦਿੱਤਾ ਕਿ ਉਸ ਨੇ ਵੀ ਐਟਮ ਬੰਬ ਬਣਾ ਲਏ ਹਨ। ਓਦੋਂ ਬਾਅਦ ਕਈ ਦੇਸ਼ਾਂ ਵਿੱਚ ਇਹੋ ਜਿਹੇ ਬੰਬ ਬਣ ਚੁੱਕੇ ਹਨ। ਹੋਰ ਤਾਂ ਹੋਰ, ਦੀਵਾਲੀਆ ਹੋਣ ਕੰਢੇ ਪੁੱਜਿਆ ਪਾਕਿਸਤਾਨ ਵੀ ਐਟਮ ਬੰਬ ਚੁੱਕੀ ਫਿਰਦਾ ਹੈ। ਅੱਜਕੱਲ੍ਹ ਕਈ ਦੇਸ਼ਾਂ ਕੋਲ ਇੱਦਾਂ ਦੇ ਬੰਬ ਹਨ। ਜਿਸ ਕਿਸੇ ਵੀ ਦੇਸ਼ ਦੀ ਸਰਕਾਰ ਜਾਂ ਫੌਜ ਨੂੰ ਐਟਮੀ ਸ਼ਕਤੀ ਮਿਲ ਜਾਂਦੀ ਹੈ, ਉਹ ਫਿਰ ਬਾਕੀ ਸਾਰੀ ਦੁਨੀਆਂ ਨੂੰ ਅੱਖਾਂ ਵਿਖਾਉਣ ਲੱਗ ਜਾਂਦਾ ਹੈ।
ਇਸ ਕਰ ਕੇ ਅਮਰੀਕਾ ਹੋਵੇ ਜਾਂ ਚੀਨ, ਸੰਸਾਰ ਦੇ ਹਰ ਦੇਸ਼ ਨੂੰ ਸੋਚ ਕੇ ਚੱਲਣਾ ਚਾਹੀਦਾ ਹੈ ਕਿ ਐਟਮੀ ਸ਼ਕਤੀ ਨੇ ਸੰਸਾਰ ਦੀਆਂ ਸ਼ਕਤੀਆਂ ਦਾ ਸੰਤੁਲਨ ਇੰਨਾ ਬਦਲ ਦਿੱਤਾ ਹੈ ਕਿ ਦੂਸਰਿਆਂ ਨੂੰ ਮਾਰ ਕੇ ਖੁਦ ਬਚੇ ਰਹਿਣ ਦੀ ਗਾਰੰਟੀ ਅੱਜ ਦੇ ਦੌਰ ਵਿੱਚ ਕੋਈ ਦੇਸ਼ ਵੀ ਆਪਣੇ ਨਾਗਰਿਕਾਂ ਨੂੰ ਨਹੀਂ ਦੇ ਸਕਦਾ। ਦੂਸਰੀ ਵੱਡੀ ਜੰਗ ਦੇ ਵਕਤ ਵਾਲਾ ਸਮਾਂ ਵੀ ਅੱਜਕੱਲ੍ਹ ਨਹੀਂ। ਓਦੋਂ ਜਾਪਾਨੀ ਸ਼ਹਿਰਾਂ ਉੱਤੇ ਐਟਮ ਬੰਬ ਸੁੱਟਣ ਲਈ ਅਮਰੀਕਾ ਨੂੰ ਆਪਣੇ ਫੌਜੀ ਜਹਾਜ਼ ਓਥੋਂ ਤਕ ਉਡਾਉਣੇ ਪਏ ਸਨ, ਅੱਜਕੱਲ੍ਹ ਆਪਣੇ ਦੇਸ਼ ਵਿੱਚ ਬੈਠਿਆਂ ਵੀ ਐਟਮੀ ਮਿਜ਼ਾਈਲ ਕੋਈ ਦੇਸ਼ ਕਿਸੇ ਹੋਰ ਦੇਸ਼ ਦੇ ਕਿਸੇ ਵੀ ਸ਼ਹਿਰ ਤਕ ਸੁੱਟ ਸਕਦਾ ਹੈ। ਸਾਇੰਸ ਨੇ ਸੁਖ ਬਹੁਤ ਦਿੱਤਾ ਹੈ, ਖਤਰੇ ਵੀ ਇੰਨੇ ਸਾਰੇ ਪੈਦਾ ਕਰ ਦਿੱਤੇ ਹਨ ਕਿ ਜਿਸ ਕਿਸੇ ਵਿਅਕਤੀ ਨੂੰ ਆਪਣੀ ਸੁੱਖ ਚਾਹੀਦੀ ਹੈ, ਉਸ ਨੂੰ ਸਾਰੇ ਸੰਸਾਰ ਦੀ ਸੁੱਖ ਮੰਗਣੀ ਚਾਹੀਦੀ ਹੈ ਤੇ ਇਹ ਹੀ ਗੱਲ ਹੈ, ਜਿਹੜੀ ਮਹਾਂਸ਼ਕਤੀ ਅਖਵਾਉਣ ਜਾਂ ਮਹਾਂਸ਼ਕਤੀ ਬਣਨ ਦੇ ਚਾਹਵਾਨ ਦੇਸ਼ਾਂ ਦੇ ਹਾਕਮ ਮੰਨਣ ਨੂੰ ਤਿਆਰ ਨਹੀਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3795)
(ਸਰੋਕਾਰ ਨਾਲ ਸੰਪਰਕ ਲਈ: