JatinderPannu7ਜੇ ਇਤਿਹਾਸ ਦੇ ਸਬਕ ਸਿੱਖੇ ਜਾਂਦੇ ਤਾਂ ਇੰਨੇ ਦੁਖਾਂਤ ਪੰਜਾਬ ਦੀ ਝੋਲੀ ਨਹੀਂ ਸੀ ਪੈਣੇ। ਰਾਜ ਮਹਿਲਾਂ ਅਤੇ ...
(27 ਫਰਵਰੀ 2023)
ਇਸ ਸਮੇਂ ਪਾਠਕ: 735.


ਇਤਿਹਾਸ ਆਪਣੇ ਆਪ ਨੂੰ ਕਈ ਵਾਰ ਦੁਹਰਾਉਂਦਾ ਹੈ
, ਪਰ ਹਰ ਵਾਰੀ ਨਵੇਂ ਰੰਗ ਵਿੱਚ ਪੇਸ਼ ਹੁੰਦਾ ਹੈਪੰਜਾਬ ਦੇ ਨਸੀਬ ਵਿੱਚ ਇਤਿਹਾਸ ਦੁਹਰਾਉਣ ਦੇ ਦੌਰ ਕੁਝ ਜ਼ਿਆਦਾ ਹੀ ਆਏ ਲੱਗਦੇ ਹਨਭਾਰਤ ਦੀ ਆਜ਼ਾਦੀ ਅਤੇ ਇਸਦੇ ਨਾਲ ਦੇਸ਼ ਦੀ ਵੰਡ ਕਾਰਨ ਸਾਡੇ ਪੰਜਾਬ ਦੀ ਬੇਹੂਦਾ ਵੰਡ ਹੋਈ ਅਤੇ ਇਸਦੇ ਵਿਚਾਲੇ ਉਹ ਸਰਹੱਦੀ ਰੇਖਾ ਵਗਦੀ ਵੇਖੀ ਗਈ, ਜਿਹੜੀ ਅਸਲ ਵਿੱਚ ਪੰਜਾਬ ਦੇ ਭਵਿੱਖ ਲਈ ਸੇਹ ਦਾ ਤੱਕਲਾ ਬਣ ਗਈਉਦੋਂ ਇਹ ਤਾਂ ਪਤਾ ਨਹੀਂ ਸੀ ਕਿ ਜਾਣ ਵੇਲੇ ਅੰਗਰੇਜ਼ਾਂ ਵੱਲੋਂ ਕੀਤੀ ਸ਼ਰਾਰਤ ਕਾਰਨ ਇੱਕ ਤੋਂ ਦੋ ਬਣਾ ਦਿੱਤੇ ਗਏ ਦੇਸ਼ਾਂ ਦਾ ਫਿਰ ਆਪਸ ਵਿੱਚ ਜੰਗਾਂ ਦੇ ਸਿੱਧੇ ਅਤੇ ਅਸਿੱਧੇ ਦੌਰ ਚੱਲਣ ਦਾ ਚੱਕਰ ਚੱਲ ਪੈਣਾ ਹੈ, ਪਰ ਵੰਡ ਵੇਲੇ ਹੋਈ ਮਾਰ-ਧਾੜ ਨੇ ਖੜ੍ਹੇ ਪੈਰ ਹੀ ਪੰਜ ਲੱਖ ਤੋਂ ਵੱਧ ਪੰਜਾਬੀਆਂ ਦੀ ਜਾਨ ਲੈ ਕੇ ਮਾੜੇ ਭਵਿੱਖ ਦੇ ਸੰਕੇਤ ਉਸੇ ਵੇਲੇ ਦੇ ਦਿੱਤੇ ਸਨਉਸ ਪਿੱਛੋਂ ਦੋ ਦੇਸ਼ਾਂ ਦੇ ਚਾਰ ਫੌਜੀ ਭੇੜ ਹੋਏ ਤਾਂ ਦੋ ਜੰਗਾਂ ਹੋਰਨਾਂ ਥਾਂਵਾਂ ਦੇ ਨਾਲ ਇਸ ਧਰਤੀ ਉੱਤੇ ਵੀ ਲੜੀਆਂ ਗਈਆਂ ਤੇ ਅਸਿੱਧੀ ਜੰਗ ਦੇ ਸਿੱਟੇ ਪੌਣੀ ਸਦੀ ਲੰਘ ਜਾਣ ਦੇ ਬਾਵਜੂਦ ਸਾਡਾ ਪੰਜਾਬ ਤੇ ਗਵਾਂਢ ਦਾ ਜੰਮੂ-ਕਸ਼ਮੀਰ ਦੋਵੇਂ ਰਾਜ ਅੱਜ ਤਕ ਭੁਗਤਦੇ ਪਏ ਹਨਜਿਹੜਾ ਪੰਜਾਬ ਪਾਕਿਸਤਾਨ ਦੇ ਹਿੱਸੇ ਆਇਆ, ਉਹ ਸਾਰੇ ਦੇਸ਼ ਵਿੱਚ ਵੱਡਾ ਹੋਣ ਕਾਰਨ ਉੱਥੋਂ ਵਾਲੀ ਪਾਰਲੀਮੈਂਟਰੀ ਰਾਜਨੀਤੀ ਉੱਤੇ ਵੀ ਭਾਰੂ ਹੈ, ਫੌਜੀ ਤੇ ਸਿਵਲ ਅਹੁਦੇਦਾਰੀਆਂ ਵਿੱਚ ਵੀ, ਪਰ ਭਾਰਤੀ ਪੰਜਾਬ ਦਾ ਨਸੀਬ ਇਸ ਤੋਂ ਉਲਟ ਬੇਗਾਨੀ ਰਾਜਨੀਤੀ ਤੇ ਦਿੱਲੀ ਤੋਂ ਹੁੰਦੀਆਂ ਸ਼ਰਾਰਤਾਂ ਵਿੱਚ ਉਲਝ ਗਿਆਇਸ ਪੌਣੀ ਸਦੀ ਸਮੇਂ ਵਿੱਚ ਕਦੀ ਵੀ ਅਸੀਂ ਚੈਨ ਨਾਲ ਚਾਰ ਦਿਨ ਨਹੀਂ ਕੱਟ ਸਕੇ ਤੇ ਜਦੋਂ ਕਦੀ ਚੈਨ ਦੇ ਚਾਰ ਦਿਨ ਨਸੀਬ ਹੋਣ ਲੱਗੇ ਤਾਂ ਜਿਨ੍ਹਾਂ ਨੇ ਪਹਿਲਾਂ ਪੁਆੜੇ ਪਾਏ ਸਨ, ਉਹ ਕਦੀ ਆਪਸ ਵਿੱਚ ਇਕੱਠੇ ਹੋ ਜਾਂਦੇ ਅਤੇ ਕਦੀ ਆਪੋ ਵਿੱਚ ਲੜ ਕੇ ਪੰਜਾਬੀਆਂ ਵਾਸਤੇ ਨਵੇਂ ਪੁਆੜੇ ਪਾਉਣ ਲਈ ਸਬੱਬ ਬਣਨ ਲੱਗ ਪਏਪੰਜਾਬ ਦੇ ਲੋਕ ਨਾ ਕਦੀ ਰਾਜਨੀਤੀ ਦੀ ਇਹ ਗੰਦੀ ਖੇਡ ਸਮਝਣ ਜੋਗੇ ਹੋ ਸਕੇ ਅਤੇ ਨਾ ਉਨ੍ਹਾਂ ਨੂੰ ਕਦੀ ਇਹ ਪਤਾ ਲੱਗ ਸਕਿਆ ਕਿ ‘ਮਾਂ ਨਾਲੋਂ ਹੇਜਲੀ ਫੱਫੇਕੁੱਟਣੀ’ ਹੁੰਦੀ ਹੈ

ਇੱਕ ਵਕਤ ਪੰਜਾਬ ਵਿੱਚ ਪੰਜਾਬੀ ਬੋਲੀ ਦਾ ਸੂਬਾ ਬਣਾਉਣ ਲਈ ਮੋਰਚਾ ਲੱਗਾ ਸੀ ਅਤੇ ਇਸਦਾ ਕਾਰਨ ਇਹ ਸੀ ਕਿ ਜਦੋਂ ਸਾਰੇ ਭਾਰਤ ਵਿੱਚ ਸਥਾਨਕ ਬੋਲੀਆਂ ਦੇ ਮੁਤਾਬਕ ਸੂਬੇ ਬਣਾਏ ਜਾ ਰਹੇ ਸਨ, ਪੰਜਾਬੀਆਂ ਲਈ ਪੰਜਾਬੀ ਦੇ ਪਸਾਰ ਵਾਲਾ ਆਪਣਾ ਸੂਬਾ ਦੇਣ ਦੀ ਗੱਲ ਨਹੀਂ ਸੀ ਮੰਨੀ ਗਈਇੱਕ ਪਾਸੇ ਕਾਂਗਰਸ ਪਾਰਟੀ ਇਸ ਮੰਗ ਨੂੰ ਰੌਲੇ ਵਿੱਚ ਰੋਲ ਦੇਣਾ ਚਾਹੁੰਦੀ ਸੀ ਤੇ ਦੂਸਰੇ ਪਾਸੇ ਅੱਜ ਦੀ ਭਾਜਪਾ ਦਾ ਪੁਰਾਣਾ ਰੂਪ ਭਾਰਤੀ ਜਨ ਸੰਘ ਦੇ ਲੀਡਰ ਇਸਦਾ ਰਾਹ ਰੋਕਣ ਲਈ ਮੈਦਾਨ ਵਿੱਚ ਉੱਤਰ ਆਏ ਅਤੇ ਪੰਜਾਬੀ ਨੂੰ ਪੰਜਾਬ ਦੀ ਭਾਸ਼ਾ ਮੰਨਣ ਦੀ ਥਾਂ ਇੱਥੇ ਵੀ ਹਿੰਦੀ ਦੀ ਸਰਦਾਰੀ ਥੋਪ ਦੇਣਾ ਚਾਹੁੰਦੇ ਸਨਨਤੀਜੇ ਵਜੋਂ ਦੋ ਮੋਰਚੇ ਲੱਗੇ ਸਨ, ਇੱਕ ਪਾਸੇ ਅਕਾਲੀ ਆਗੂਆਂ ਨੇ ਪੰਜਾਬੀ ਬੋਲੀ ਦੇ ਸੂਬੇ ਦੀ ਮੰਗ ਲਈ ਲਾਇਆ ਮੋਰਚਾ ਇੱਕ ਧਰਮ ਦਾ ਮੁੱਦਾ ਬਣਾ ਦਿੱਤਾ ਅਤੇ ਇਨ੍ਹਾਂ ਦੇ ਵੱਡੇ ਆਗੂ ਇਸ ਮੰਗ ਲਈ ਮਰਨ ਵਰਤ ਰੱਖਣ-ਛੱਡਣ ਦਾ ਪਾਖੰਡ ਕਰਨ ਲੱਗੇ ਪਏ ਤੇ ਦੂਸਰੇ ਪਾਸੇ ਮੁਕਾਬਲੇਬਾਜ਼ੀ ਵਿੱਚ ਭਾਰਤੀ ਜਨ ਸੰਘ ਦੇ ਆਗੂ ਵੀ ਮਰਨ ਵਰਤ ਰੱਖਣ ਵਾਸਤੇ ਅੰਮ੍ਰਿਤਸਰ ਵਿੱਚ ਤੰਬੂ ਗੱਡ ਬੈਠੇ ਸਨਉਦੋਂ ਸਿੱਖ ਧਰਮ ਅਸਥਾਨਾਂ ਵਿੱਚ ਸਿਗਰਟਾਂ-ਬੀੜੀਆਂ ਦੇ ਸੁੱਟੇ ਜਾਣ ਦਾ ਰੌਲਾ ਮੁੜ-ਮੁੜ ਪੈਂਦਾ ਅਤੇ ਹਿੰਦੂ ਧਰਮ ਅਸਥਾਨਾਂ ਵਿੱਚ ਮਾਸ ਸੁੱਟੇ ਜਾਣ ਦੀਆਂ ਖਬਰਾਂ ਵੀ ਆਮ ਲੋਕਾਂ ਨੂੰ ਅਵਾਜ਼ਾਰ ਕਰਦੀਆਂ ਸਨਜਦੋਂ ਪੰਜਾਬੀ ਬੋਲੀ ਦਾ ਸੂਬਾ ਬਣਾਉਣ ਦੀ ਮੰਗ ਮੰਨਣੀ ਪਈ ਤਾਂ ਆਪੋ ਵਿੱਚ ਇੱਕ ਦੂਜੇ ਵਿਰੁੱਧ ਮੋਰਚੇ ਲਾਉਣ ਵਾਲੀਆਂ ਦੋ ਕੱਟੜ ਵਿਰੋਧੀ ਧਿਰਾਂ ਅਕਾਲੀ ਦਲ ਤੇ ਜਨ ਸੰਘ ਦੇ ਆਗੂ ਪਹਿਲੀਆਂ ਚੋਣਾਂ ਪਿੱਛੋਂ ਸਾਂਝੀ ਸਰਕਾਰ ਬਣਾ ਕੇ ਇਹ ਕਹਿੰਦੇ ਸੁਣੇ ਜਾਣ ਲੱਗੇ ਸਨ ਕਿ ਪੰਜਾਬੀਆਂ ਦਾ ਮਸਾਂ ਏਕਾ ਹੋਇਆ ਹੈ, ਕਿਤੇ ਗਾਂਧੀ ਦੀ ਬੱਕਰੀ ਇਸਦੀਆਂ ਕਰੂੰਬਲਾਂ ਨਾ ਚੱਬ ਜਾਵੇਜਦੋਂ ਫਿਰ ਆਪੋ ਵਿੱਚ ਨਾ ਨਿਭੀ ਤਾਂ ਦੋਸ਼ ਆਪਣੇ ਸਿਰ ਨਹੀਂ ਸੀ ਲਿਆ, ਮੁੜ ਕੇ ਜੁੜਨ ਦਾ ਲੁਕਵਾਂ ਰਾਹ ਰੱਖ ਲਿਆ ਅਤੇ ਐਮਰਜੈਂਸੀ ਦੇ ਬਾਅਦ ਬਣੀ ਸਰਕਾਰ ਵਿੱਚ ਫਿਰ ਵਜ਼ੀਰੀ ਮਾਨਣ ਦੇ ਲਈ ਇਕੱਠੇ ਹੋ ਗਏ ਸਨਤਿੰਨ ਸਾਲ ਬਾਅਦ ਜਦੋਂ ਉਸ ਸਰਕਾਰ ਦਾ ਭੋਗ ਪੈ ਗਿਆ ਅਤੇ ਅਗਲੀ ਚੋਣ ਵਿੱਚ ਦੋਵੇਂ ਧਿਰਾਂ ਹਾਰ ਗਈਆਂ ਤਾਂ ਪੰਜਾਬ ਫਿਰ ਮੋਰਚੇਬੰਦੀ ਦੇ ਰਾਹ ਪੈ ਗਿਆ ਅਤੇ ਅਕਾਲੀ ਤੇ ਜਨਸੰਘੀ ਇੱਕ ਦੂਜੇ ਨਾਲ ਅੱਖ ਵਿੱਚ ਅੱਖ ਪਾ ਕੇ ਵੀ ਗੱਲ ਕਰਨ ਤੋਂ ਕਤਰਾਉਂਦੇ ਜਾਪਦੇ ਸਨਇਸ ਦੌਰ ਵਿੱਚ ਇੱਕ ਵਾਰ ਫਿਰ ਪੰਜਾਬ ਵਿੱਚ ਧਰਮ ਸਥਾਨਾਂ ਵਿੱਚ ਵਰਜਿਤ ਚੀਜ਼ਾਂ ਸਿਗਰਟਾਂ-ਬੀੜੀਆਂ ਅਤੇ ਗਾਵਾਂ ਦੀਆਂ ਪੂਛਾਂ ਡਿਗਣ ਦਾ ਸਿਲਸਿਲਾ ਚੱਲਿਆ ਤੇ ਪੰਜਾਬ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਦੁਖਾਂਤ ਵੇਖਣੇ ਅਤੇ ਭੁਗਤਣੇ ਪਏ ਸਨਹਾਲਾਤ ਜਦੋਂ ਕੁਝ ਸੁਧਰਦੇ ਵੇਖੇ ਤਾਂ ਉਹੀ ਦੋਵੇਂ ਧਿਰਾਂ ਫਿਰ ਰਾਜ-ਸੁਖ ਮਾਨਣ ਲਈ ਇਕੱਠੀਆਂ ਹੋ ਗਈਆਂ ਅਤੇ ਇਸ ਨੂੰ ਹਿੰਦੂ-ਸਿੱਖ ਏਕਤਾ ਆਖਦੀਆਂ ਸੁਣਨ ਲੱਗੀਆਂ ਸਨ

ਅੰਗਰੇਜ਼ੀ ਦੀ ਕਹਾਣੀ ਫੌਕਸ ਐਂਡ ਕਰੋਅ (ਲੂੰਬੜੀ ਤੇ ਕਾਂ) ਦੱਸਦੀ ਹੈ ਕਿ ਸੁਭਾਅ ਨਾ ਮਿਲਣ ਦੇ ਬਾਵਜੂਦ ਦੋ ਜਣੇ ਸਾਂਝ ਪਾਉਂਦੇ ਹਨ ਤਾਂ ਉਹ ਸਾਂਝ ਭਲੇ ਲਈ ਨਹੀਂ ਹੁੰਦੀ, ਦਿਲੋਂ ਦੋਵੇਂ ਦਾਅ ਉੱਤੇ ਹੁੰਦੇ ਹਨਪੰਜਾਬ ਦੇ ਕੇਸ ਵਿੱਚ ਵੀ ਹਿੰਦੂ-ਸਿੱਖ ਏਕਤਾ ਦੇ ਵਿਖਾਵੇ ਦੀ ਇਹ ਸਾਂਝ ਕਦੀ ‘ਦਿਲੀ ਸਾਂਝ’ ਨਹੀਂ ਸੀ ਬਣਦੀ, ਪੰਜਾਬ ਅਤੇ ਕੇਂਦਰ ਦੀ ਸੱਤਾ ਦਾ ਸੁਖ ਭੋਗਣ ਤਕ ਦੀ ਨੀਤ ਵਾਲੀ ਨੀਂਹ ਉੱਤੇ ਟਿਕੀ ਹੁੰਦੀ ਸੀਜਦੋਂ ਦੋਵਾਂ ਧਿਰਾਂ ਦੇ ਹਿਤਾਂ ਦਾ ਟਕਰਾਅ ਹੁੰਦਾ ਸੀ ਤਾਂ ਬਹੁਤਾ ਕਰ ਕੇ ਡੰਗ-ਟਪਾਈ ਕਰਦੇ ਸਨਜਨਤਕ ਰੌਂ ਦੇ ਦਬਾਅ ਹੇਠ ਇਸ ਵਾਰੀ ਜਦੋਂ ਦੋਵਾਂ ਧਿਰਾਂ ਨੂੰ ਵੱਖੋ-ਵੱਖ ਰਾਹ ਫੜਨੇ ਪਏ ਤਾਂ ਪੰਜਾਬ ਦੇ ਹਾਲਾਤ ਵਿੱਚ ਫਿਰ ਚੁਆਤੀਆਂ ਦਾ ਕੰਮ ਸ਼ੁਰੂ ਹੋ ਗਿਆਜਿਹੋ ਜਿਹੇ ਦੌਰ ਵਿੱਚ ਪੰਜਾਬ ਇਸ ਵਕਤ ਮੁੜ ਕੇ ਦਾਖਲ ਹੁੰਦਾ ਜਾਪਦਾ ਹੈ, ਬਹੁਤ ਸਾਰੇ ਸੂਝਵਾਨ ਲੋਕਾਂ ਦੀ ਰਾਏ ਹੈ ਕਿ ਇਸਦੇ ਸਿੱਟੇ ਵਜੋਂ ਪੰਜਾਬ ਇੱਕ ਵਾਰ ਫਿਰ ਉਸ ਅੰਨ੍ਹੀ ਗਲੀ ਵਿੱਚ ਗੁਆਚ ਸਕਦਾ ਹੈ, ਜਿਸ ਵਿੱਚੋਂ ਇਹ ਆਪਣੇ ਪੰਝੀ ਹਜ਼ਾਰ ਤੋਂ ਵੱਧ ਲੋਕਾਂ ਦੀ ਬਲੀ ਦੇ ਕੇ ਨਿਕਲਿਆ ਸੀਓਦੋਂ ਮਰਨ ਵਾਲਿਆਂ ਵਿੱਚ ਕੌਣ ਕਿਸ ਪਾਸੇ ਖੜ੍ਹਾ ਸੀ, ਇਹ ਸੋਚਣ ਦੀ ਥਾਂ ਸੋਚ ਦਾ ਵਿਸ਼ਾ ਅੱਜ ਇਹ ਹੋਣਾ ਚਾਹੀਦਾ ਹੈ ਕਿ ਵੱਡੀ ਗਿਣਤੀ ਉਹ ਲੋਕ ਉਦੋਂ ਜਾਨਾਂ ਗੁਆ ਬੈਠੇ ਸਨ, ਜਿਹੜੇ ਇਹ ਵੀ ਨਹੀਂ ਸਨ ਜਾਣਦੇ ਕਿ ਲੜਾਈ ਕਿਸ ਦੀ ਕਿਸ ਦੇ ਨਾਲ ਤੇ ਕਾਹਦੇ ਲਈ ਹੋ ਰਹੀ ਹੈ! ਜਿਨ੍ਹਾਂ ਲੋਕਾਂ ਦੇ ਕਾਰਨ ਇਸ ਤਰ੍ਹਾਂ ਦੇ ਵਿਗੜੇ ਹੋਏ ਹਾਲਾਤ ਬਣੇ ਸਨ ਕਿ ਇੰਨੇ ਲੋਕ ਮਾਰੇ ਗਏ ਸਨ, ਉਹ ਫਿਰ ਗੁੱਝੀਆਂ ਚਾਲਾਂ ਚੱਲਦੇ ਦਿਖਾਈ ਦਿੰਦੇ ਹਨ

ਇਨ੍ਹਾਂ ਖੇਡਾਂ ਦੇ ਪਿੱਛੇ ਰਾਜਨੀਤੀ ਦਾ ਚੰਦਰਾਪਣ ਵੀ ਛੁਪਿਆ ਹੁੰਦਾ ਹੈਪਹਿਲਾਂ ਕਿਹਾ ਜਾਂਦਾ ਸੀ ਕਿ ਰਾਜ ਮਹਿਲਾਂ ਤੇ ਕਿਲਿਆਂ ਉੱਤੇ ਕਬਜ਼ਾ ਕਰਨ ਲਈ ਕਈ ਵਾਰੀ ਲਾਸ਼ਾਂ ਦੀ ਪੌੜੀ ਬਣਾਉਣੀ ਪੈਂਦੀ ਹੈਵੋਟਾਂ ਦੇ ਜ਼ਮਾਨੇ ਵਿੱਚ ਲਾਸ਼ਾਂ ਦੀ ਪੌੜੀ ਨਹੀਂ ਸੀ ਬਣਨੀ ਚਾਹੀਦੀ, ਪਰ ਬਦਕਿਸਮਤੀ ਨਾਲ ਅੱਜ ਵੀ ਬਣਾਈ ਜਾਂਦੀ ਹੈਸਿਰਸੇ ਡੇਰੇ ਦਾ ਮੁਖੀ ਜਿਹੜੇ ਵਿਵਾਦਾਂ ਦਾ ਕੇਂਦਰ ਬਣਿਆ ਸੀ, ਉਸ ਦੇ ਪਿੱਛੇ ਵੀ ਵੋਟਾਂ ਦੀ ਇਹੋ ਰਾਜਨੀਤੀ ਕੰਮ ਕਰਦੀ ਸੀਚੋਣਾਂ ਵਾਲੇ ਇੱਕ ਗੇੜ ਵਿੱਚ ਉੇਹ ਕਾਂਗਰਸ ਨੂੰ ਵੋਟਾਂ ਦਾ ਪਰਾਗਾ ਪਾਉਂਦਾ ਸੀ ਤੇ ਪੰਜਾਬ ਦੇ ਅਗਲੇ ਚੋਣ ਗੇੜ ਦੌਰਾਨ ਅਕਾਲੀਆਂ ਵੱਲ ਭੁਗਤ ਜਾਂਦਾ ਸੀਉਸ ਨੂੰ ਆਪਣਾ ਪੱਕਾ ਪਿਛਲੱਗ ਬਣਾਉਣ ਲਈ ਇੱਕ ਧਿਰ ਇਹੋ ਜਿਹੀ ਖੇਡ ਖੇਡਣ ਦਾ ਕਦਮ ਪੁੱਟ ਬੈਠੀ, ਜਿਹੜਾ ਬਾਅਦ ਵਿੱਚ ਉਸ ਤੋਂ ਸੰਭਾਲਿਆ ਨਹੀਂ ਸੀ ਗਿਆਅੰਤ ਨੂੰ ਘਟਨਾਵਾਂ ਦਾ ਸਿਲਸਿਲਾ ਇੱਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੁਖਾਂਤ ਅਤੇ ਉਸ ਦੇ ਬਾਅਦ ਰੋਸ ਕਰਦੀ ਸਿੱਖ ਸੰਗਤ ਉੱਤੇ ਪੁਲਿਸ ਦੀ ਗੋਲੀ ਚੱਲਣ ਦੀਆਂ ਦੋ ਘਟਨਾਵਾਂ ਤਕ ਪਹੁੰਚ ਗਿਆਅੱਠ ਸਾਲ ਉਸ ਗੋਲੀ ਕਾਂਡ ਦੀ ਜਾਂਚ ਦਾ ਨਿਆਂ ਮੰਗਣ ਤੇ ਨਿਆਂ ਦੇਣ ਦੀਆਂ ਕਹਾਣੀਆਂ ਸੁਣਨ ਮਗਰੋਂ ਬੀਤੀ ਚੌਵੀ ਫਰਵਰੀ ਨੂੰ ਉਸ ਕੇਸ ਵਿੱਚ ਇੱਕ ਚਾਰਜਸ਼ੀਟ ਪੇਸ਼ ਹੋਈ ਹੈ ਤਾਂ ਇਸ ਵਿੱਚ ਉਦੋਂ ਵਾਲੇ ਮੁੱਖ ਮੰਤਰੀ ਤੇ ਉਸ ਦੇ ਡਿਪਟੀ ਮੁੱਖ ਮੰਤਰੀ ਪੁੱਤਰ ਦੇ ਨਾਲ ਓਦੋਂ ਦੇ ਪੰਜਾਬ ਪੁਲਿਸ ਦੇ ਮੁਖੀ ਦਾ ਨਾਂਅ ਵੀ ਦਰਜ ਹੈਬਹੁਤ ਸਾਰੇ ਲੋਕ ਸਮਝਦੇ ਹਨ ਕਿ ਇਨਸਾਫ ਹੋਣ ਲੱਗਾ ਹੈ, ਪਰ ਸਾਡੀ ਸਮਝ ਹੈ ਕਿ ਅਦਾਲਤੀ ਕਾਰਵਾਈ ਦਾ ਚੱਕਰ ਨਾ ਤਾਂ ਛੋਟਾ ਹੋਣਾ ਹੈ ਤੇ ਨਾ ਸੁਖਾਲਾ, ਸਗੋਂ ਇਸ ਨਾਲ ਕਈ ਜ਼ਖਮ ਫਿਰ ਹਰੇ ਹੋ ਸਕਦੇ ਹਨ ਤੇ ਪੰਜਾਬ ਦੇ ਭਵਿੱਖ ਉੱਤੇ ਇਸ ਨਾਲ ਕਿਸ ਤਰ੍ਹਾਂ ਦਾ ਅਸਰ ਪਵੇਗਾ, ਇਸ ਬਾਰੇ ਦੱਸਣ ਵਾਲਾ ਸਿਆਣਾ ਇਸ ਵੇਲੇ ਕੋਈ ਨਹੀਂ ਲੱਭਦਾ

ਪੰਜਾਬ! ਤੂੰ ਬੀਤੇ ਸਮਿਆਂ ਵਿੱਚ ਬਹੁਤ ਦੁਖਾਂਤ ਝੱਲੇ ਹੋਏ ਹਨ ਅਤੇ ਬਹੁਤਾ ਕਰ ਕੇ ਤੇਰੇ ਆਪਣਿਆਂ ਨੇ ਹੀ ਤੇਰੇ ਨਾਲ ਹਮਦਰਦੀ ਦੇ ਪਰਦੇ ਹੇਠ ਇਹੋ ਜਿਹੇ ਕੰਡੇ ਬੀਜੇ ਹਨ, ਜਿਨ੍ਹਾਂ ਨੇ ਪੰਜਾਬੀਅਤ ਲਹੂ-ਲੁਹਾਣ ਕੀਤੀ ਹੈਸਾਰੇ ਕਹਿੰਦੇ ਹਨ ਕਿ ਇਤਿਹਾਸ ਦੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈਇਹ ਵੀ ਕਹਿਣ ਦੀਆਂ ਗੱਲਾਂ ਨੇਜੇ ਇਤਿਹਾਸ ਦੇ ਸਬਕ ਸਿੱਖੇ ਜਾਂਦੇ ਤਾਂ ਇੰਨੇ ਦੁਖਾਂਤ ਪੰਜਾਬ ਦੀ ਝੋਲੀ ਨਹੀਂ ਸੀ ਪੈਣੇਰਾਜ ਮਹਿਲਾਂ ਅਤੇ ਸ਼ਾਹੀ ਕਿਲਿਆਂ ਦੀਆਂ ਪੌੜੀਆਂ ਚੜ੍ਹਨ ਦੇ ਚਾਹਵਾਨਾਂ ਨੇ ਨਾ ਬੀਤੇ ਵਿੱਚ ਕਦੀ ਭਲੀ ਗੁਜ਼ਾਰੀ ਹੈ ਤੇ ਨਾ ਉਨ੍ਹਾਂ ਤੋਂ ਅੱਜ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਸੱਤਾ ਦੇ ਲਾਲਚ ਨੂੰ ਲਾਂਭੇ ਰੱਖ ਕੇ ਸੋਚਣਗੇਅਸੀਂ ਸਿਰਫ ਸੁੱਖ ਮੰਗ ਸਕਦੇ ਹਾਂਆਉ, ਸੁੱਖ ਮੰਗੀਏ ਪੰਜਾਬ ਦੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3819)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author