JatinderPannu7ਹਿੰਦੂਤਵ ਦੇ ਨਾਂਅ ਉੱਤੇ ਚੱਲਦੀ ਰਾਜਨੀਤੀ ਦਾ ਇਹੋ ਪੱਖ ਵਿਸ਼ੇਸ਼ ਹੈ ਕਿ ਹਰ ਲੀਡਰ ...
(19 ਦਸੰਬਰ 2021)

 

ਇਸ ਵਕਤ ਜਦੋਂ ਹਰ ਕੋਈ ਚੋਣਾਂ ਦੀ ਗੱਲ ਅਤੇ ਫਿਰ ਅੱਗੋਂ ਸਿਰਫ ਪੰਜਾਬ ਦੀਆਂ ਚੋਣਾਂ ਦੀ ਗੱਲ ਕਹਿੰਦਾ ਅਤੇ ਸੁਣਦਾ ਜਾਪਦਾ ਹੈ ਤਾਂ ਅਸੀਂ ਵੀ ਗੱਲ ਚੋਣਾਂ ਦੀ ਕਰਨੀ ਹੈ, ਪਰ ਭਾਰਤ ਦੇ ਕੌਮੀ ਨਕਸ਼ੇ ਉੱਤੇ ਉੱਭਰਦੇ ਇਸਦੇ ਪ੍ਰਭਾਵ ਅਤੇ ਇਨ੍ਹਾਂ ਚੋਣਾਂ ਪਿੱਛੇ ਛੁਪੇ ਦਾਅ-ਪੇਚਾਂ ਦੀ ਗੱਲ ਕਰਨੀ ਜ਼ਰੂਰੀ ਸਮਝਦੇ ਹਾਂਫਰਵਰੀ ਤੇ ਮਾਰਚ ਦੇ ਦੋ ਮਹੀਨੇ ਚੋਣਾਂ ਦੀ ਪ੍ਰਕਿਰਿਆ ਚੱਲਣੀ ਹੈ, ਜਿਸ ਵਿੱਚ ਪੰਜਾਬ ਸਣੇ ਪੰਜ ਰਾਜਾਂ ਦੀਆਂ ਚੋਣਾਂ ਹੋਣਗੀਆਂਇਨ੍ਹਾਂ ਵਿੱਚੋਂ ਬਾਕੀ ਤਿੰਨ ਰਾਜਾਂ: ਉੱਤਰਾ ਖੰਡ, ਗੋਆ ਜਾਂ ਮਨੀਪੁਰ ਵਿੱਚ ਕਿਸੇ ਬਾਹਰਲੇ ਦੀ ਖਾਸ ਦਿਲਚਸਪੀ ਨਹੀਂ ਹੋਣੀ ਤੇ ਚੌਥੇ ਉੱਤਰ ਪ੍ਰਦੇਸ਼ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਧਿਆਨ ਵੀ ਆਪਣੀਆਂ ਚੋਣਾਂ ਦੇ ਬਾਵਜੂਦ ਵਾਰ-ਵਾਰ ਖਿੱਚਣਾ ਹੈਇਸ ਪਿੱਛੇ ਕਾਰਨ ਸਿਰਫ ਇਹ ਨਹੀਂ ਕਿ ਉੱਤਰ ਪ੍ਰਦੇਸ਼ ਵਿੱਚ ਦੇਸ਼ ਦੀ ਪੰਜ ਸੌ ਤਿਰਤਾਲੀ ਮੈਂਬਰੀ ਲੋਕ ਸਭਾ ਦੀਆਂ ਅੱਸੀ ਸੀਟਾਂ ਇੱਕੋ ਥਾਂ ਹੋਣ ਕਾਰਨ ਭਲਕ ਨੂੰ ਦੇਸ਼ ਦੀ ਉੱਚੀ ਗੱਦੀ ਦੀ ਲੜਾਈ ਵਿੱਚ ਉਸ ਦਾ ਅਹਿਮ ਰੋਲ ਹੋਣਾ ਹੈ, ਸਗੋਂ ਇਹ ਕਾਰਨ ਵੀ ਹੈ ਕਿ ਭਾਜਪਾ ਦੀ ਅਗੇਤ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਸਥਿਤੀ ਉੱਤੇ ਇਸਦਾ ਅਸਰ ਪੈ ਸਕਦਾ ਹੈਭਾਰਤੀ ਜਨਤਾ ਪਾਰਟੀ ਵਿਚਲੀ ਜਿਹੜੀ ਧੜੇਬੰਦੀ ਅਜੇ ਬਾਹਰ ਨਹੀਂ ਆਈ, ਉੱਤਰ ਪ੍ਰਦੇਸ਼ ਵਿੱਚ ਉਹ ਸਰਗਰਮ ਹੋ ਚੁੱਕੀ ਹੈ

ਇੱਕ ਵਕਤ ਹੁੰਦਾ ਸੀ, ਜਦੋਂ ਭਾਜਪਾ ਅੰਦਰ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੋਵੇਂ ਜਣੇ ਇਕੱਠੇ ਹੁੰਦਿਆਂ ਵੀ ਇੱਕ ਦੂਸਰੇ ਦੇ ਅਣ-ਐਲਾਨੇ ਪੱਕੇ ਸ਼ਰੀਕ ਹੁੰਦੇ ਸਨਨਰਸਿਮਹਾ ਰਾਓ ਦੇ ਵਕਤ ਦੀ ਕਾਂਗਰਸ ਦੀ ਮੰਦੀ ਹਾਲਤ ਮੌਕੇ ਜਦੋਂ ਭਾਜਪਾ ਚੜ੍ਹਦੀ ਵੇਖ ਕੇ ਅਮਰੀਕਾ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਨੇ ਭਾਜਪਾ ਨਾਲ ਤਾਲਮੇਲ ਦਾ ਮੁੱਢ ਬੰਨ੍ਹਿਆ ਸੀ, ਉਦੋਂ ਭਾਜਪਾ ਦਾ ਜਨਰਲ ਸੈਕਟਰੀ ਗੋਵਿੰਦਾਚਾਰੀਆ ਅਮਰੀਕੀ ਰਾਜਦੂਤ ਨੂੰ ਮਿਲਣ ਗਿਆ ਤਾਂ ਵੱਡਾ ਪੁਆੜਾ ਪੈ ਗਿਆ ਸੀਅਮਰੀਕੀ ਦੂਤਘਰ ਵਿੱਚੋਂ ਇਹ ਗੱਲ ਲੀਕ ਹੋਈ ਜਾਂ ਕੀਤੀ ਗਈ ਕਿ ਗੋਵਿੰਦਾਚਾਰੀਆ ਨੇ ਉਸ ਮਿਲਣੀ ਮੌਕੇ ਅਮਰੀਕੀ ਰਾਜਦੂਤ ਨੂੰ ਕਿਹਾ ਸੀ ਕਿ ਵਾਜਪਾਈ ਸਾਡਾ ਮੁਖੌਟਾ ਹੈ, ਅਸਲ ਚਿਹਰਾ ਲਾਲ ਕ੍ਰਿਸ਼ਨ ਅਡਵਾਨੀ ਹੈਉਸ ਨੇ ਗਲਤ ਨਹੀਂ ਸੀ ਕਿਹਾ, ਹਕੀਕਤ ਇਹੀ ਸੀਵਾਜਪਾਈ ਨੂੰ ਇਸ ਨਾਲ ਇੰਨੀ ਕੌੜ ਚੜ੍ਹੀ ਕਿ ਪਾਰਟੀ ਪਾਟਕ ਦੇ ਕੰਢੇ ਪਹੁੰਚ ਗਈ ਸੀ ਅਤੇ ਇੱਕ ਸਮਾਗਮ ਵਿੱਚ ਪ੍ਰਧਾਨਗੀ ਕਰਨ ਗਿਆ ਵਾਜਪਾਈ ਇਹ ਕਹਿ ਕੇ ਨਿਕਲ ਆਇਆ ਸੀ ਕਿ ਬਾਕੀ ਦਾ ਸਮਾਗਮ ਤੁਸੀਂ ਆਪੇ ਚਲਾ ਲਿਓ, ਉਂਜ ਵੀ ਮੈਂ ਇਸ ਪਾਰਟੀ ਦਾ ਮੁੱਖ ਨਹੀਂ, ਸਿਰਫ ਮੁਖੌਟਾ ਹੋ ਗਿਆ ਹਾਂਦਿੱਲੀ ਵਿਚਲੀ ਭਾਜਪਾ ਹਾਈ ਕਮਾਨ ਤੋਂ ਨਾਗਪੁਰ ਵਿੱਚ ਬੈਠੇ ਆਰ ਐੱਸ ਐੱਸ ਆਗੂਆਂ ਤਕ ਇਸ ਨਾਲ ਹਿੱਲ ਗਏ ਸਨ ਕਿ ਜੇ ਵਾਜਪਾਈ ਖਿਸਕ ਗਿਆ ਤਾਂ ਬਿਸਤਰਾ ਗੋਲ ਹੋ ਜਾਵੇਗਾਬਹੁਤ ਮੁਸ਼ਕਲ ਉਸ ਨੂੰ ਮਨਾ ਕੇ ਵਾਪਸ ਲਿਆਂਦਾ ਗਿਆ ਸੀ, ਪਰ ਉਸ ਨੂੰ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਨ ਪਿੱਛੋਂ ਵੀ ਬਖੇੜਾ ਖਤਮ ਨਹੀਂ ਸੀ ਹੋਇਆਭਾਜਪਾ ਦੇ ਇੱਕ ਆਗੂ ਨੇ ਜਦੋਂ ਇਹ ਕਹਿ ਦਿੱਤਾ ਕਿ ਸਾਡੇ ਲਈ ਵਾਜਪਾਈ ਅਤੇ ਅਡਵਾਨੀ ਦੋਵੇਂ ਸਤਿਕਾਰਤ ਹਨ ਤੇ ਅਗਲੀ ਚੋਣ ਵਿੱਚ ਦੋਵੇਂ ਮਿਲ ਕੇ ਸਾਨੂੰ ਅਗਵਾਈ ਦੇਣਗੇ ਤਾਂ ਵਾਜਪਾਈ ਨੇ ਫਿਰ ਪਲਟਵਾਂ ਵਾਰ ਕਰ ਕੇ ਇਹ ਕਿਹਾ ਸੀ, ‘ਮੇਰੀ ਕੋਈ ਲੋੜ ਨਹੀਂ, ਅਗਲੀ ਵਾਰੀ ਅਡਵਾਨੀ ਜੀ ਇਕੱਲੇ ਹੀ ਅਗਵਾਈ ਕਰਨਗੇ,’ ਅਤੇ ਇਸ ਹਮਲੇ ਨਾਲ ਭਾਜਪਾ ਇੰਨੀ ਬੌਂਦਲ ਗਈ ਸੀ ਕਿ ਚੋਣਾਂ ਤੋਂ ਚੋਖਾ ਪਹਿਲਾਂ ਵਾਜਪਾਈ ਦੇ ਹੱਥ ਹੀ ਅਗਵਾਈ ਦੇਣ ਦਾ ਐਲਾਨ ਕਰਨਾ ਪਿਆ ਸੀ

ਐਨ ਉਦੋਂ ਵਰਗੀ ਖਿੱਚੋਤਾਣ ਇਸ ਵਕਤ ਭਾਜਪਾ ਵਿੱਚ ਕੌਮੀ ਪੱਧਰ ਉੱਤੇ ਫਿਰ ਛਿੜ ਚੁੱਕੀ ਹੈਨਰਿੰਦਰ ਮੋਦੀ ਦੀ ਜਿਹੜੀ ਕਮਾਂਡ ਕਿਸੇ ਸਮੇਂ ਆਰ ਐੱਸ ਐੱਸ ਅਤੇ ਭਾਜਪਾ ਨੂੰ ਸਭ ਤੋਂ ਵੱਧ ਠੀਕ ਲਗਦੀ ਸੀ, ਉਸ ਦੇ ਬਦਲ ਵਜੋਂ ਅੱਜਕੱਲ੍ਹ ਯੋਗੀ ਆਦਿੱਤਿਆਨਾਥ ਨੂੰ ਪੇਸ਼ ਕੀਤਾ ਜਾਣ ਲੱਗਾ ਹੈਅਜੇ ਤਕ ਭਾਜਪਾ ਨੇ ਉਸ ਨੂੰ ਸਪਸ਼ਟ ਤੌਰ ਉੱਤੇ ਭਾਵੇਂ ਕਿਤੇ ਵੀ ਪੇਸ਼ ਨਾ ਕੀਤਾ ਹੋਵੇ, ਅੰਦਰ-ਖਾਤੇ ਦੀ ਜੰਗ ਵਿੱਚ ਪਿਛਲੇ ਸਤੰਬਰ ਵਿੱਚ ਹਾਲਤ ਇਹ ਬਣੀ ਵੇਖੀ ਗਈ ਸੀ ਕਿ ਨਾਗਪੁਰ ਵਾਲੇ ਆਰ ਐੱਸ ਐੱਸ ਹੈੱਡ ਕੁਆਰਟਰ ਵਰਗਾ ਇੱਕ ਕੇਂਦਰ ਉੱਤਰੀ ਭਾਰਤ ਵਾਸਤੇ ਲਖਨਊ ਵਿੱਚ ਬਣਾਉਣ ਦੀ ਗੱਲ ਸੁਣੀ ਜਾਣ ਲੱਗ ਪਈ ਸੀਉਹ ਸੋਚ ਅਸਲ ਵਿੱਚ ਨਰਿੰਦਰ ਮੋਦੀ ਨੂੰ ਅੱਖਾਂ ਦਿਖਾਉਣ ਅਤੇ ਯੋਗੀ ਨੂੰ ਉਭਾਰਨ ਵਾਸਤੇ ਸੀ, ਜਿਸ ਵਿੱਚ ਮੋਦੀ ਟੀਮ ਕਿਸੇ ਵਕਤ ਦੇ ਵਾਜਪਾਈ ਦੇ ਪੈਂਤੜੇ ਨਾਲ ਯੋਗੀ ਵਾਲੇ ਧੜੇ ਨੂੰ ਪਿਛਾਂਹ ਧੱਕਣ ਵਿੱਚ ਕਾਮਯਾਬ ਰਹੀ, ਪਰ ਖਿੱਚੋਤਾਣ ਹਾਲੇ ਤਕ ਚੱਲੀ ਜਾਂਦੀ ਹੈਕਾਂਵੜੀਆਂ ਉੱਤੇ ਜਹਾਜ਼ਾਂ ਨਾਲ ਫੁੱਲਾਂ ਦੀ ਵਰਖਾ ਕਰਵਾਉਣ ਅਤੇ ਅਯੁੱਧਿਆ ਵਿੱਚ ਰਾਮ-ਲੀਲਾ ਮੌਕੇ ਰਾਮ, ਸੀਤਾ ਅਤੇ ਲਛਮਣ ਬਣੇ ਅਦਾਕਾਰ ਉਚੇਚੇ ਹੈਲੀਕਾਪਟਰ ਵਿੱਚ ਲਿਆ ਕੇ ਆਰਤੀ ਉਤਾਰਨ ਦੇ ਯੋਗੀ ਆਦਿੱਤਿਆਨਾਥ ਦੇ ਪੈਂਤੜੇ ਦੀ ਕਾਟ ਲਈ ਨਰਿੰਦਰ ਮੋਦੀ ਵੀ ਕਾਸ਼ੀ ਜਾ ਕੇ ਸਾਧੂ-ਸੰਤਾਂ ਦੇ ਚਰਨ ਪਰਸਦੇ ਵੇਖੇ ਜਾ ਰਹੇ ਹਨਮਾਮਲਾ ਨਿਰੀ ਸ਼ਰਧਾ ਦਾ ਹੋਵੇ ਤਾਂ ਨਰਿੰਦਰ ਮੋਦੀ ਸਾਹਿਬ ਚੁੱਪ-ਚੁਪੀਤੇ ਵੀ ਇਹ ਸੇਵਾ ਪੂਰੀ ਕਰ ਸਕਦੇ ਹਨ, ਪਰ ਮੀਡੀਆ ਕੈਮਰੇ ਫਿੱਟ ਕਰਵਾਉਣ ਦੇ ਬਾਅਦ ਉੱਥੇ ਜਾਣ ਦਾ ਰਾਜਨੀਤਕ ਮਹੱਤਵ ਕਿਸੇ ਵੀ ਹੋਸ਼ਮੰਦ ਵਿਅਕਤੀ ਨੂੰ ਸਮਝ ਆ ਸਕਦਾ ਹੈਇਸ ਮੁਕਾਬਲੇਬਾਜ਼ੀ ਵਿੱਚ ਦੋਵਾਂ ਧਿਰਾਂ ਦੇ ਲੋਕ ਪੂਰੀ ਤਨਦੇਹੀ ਨਾਲ ਆਪੋ-ਆਪਣੀ ਰਾਜਨੀਤੀ ਵੀ ਕਰੀ ਜਾਂਦੇ ਹਨ ਅਤੇ ਲੋਕਾਂ ਸਾਹਮਣੇ ਏਕੇ ਦਾ ਭਰਮ ਵੀ ਪਾਈ ਜਾ ਰਹੇ ਹਨ

ਅੰਦਰੋਂ ਲੜਦਿਆਂ ਬਾਹਰ ਏਕੇ ਦਾ ਭਰਮ ਪਾਉਣਾ ਵੀ ਭਾਜਪਾ ਦੇ ਇਨ੍ਹਾਂ ਦੋਵਾਂ ਧੜਿਆਂ ਦੇ ਆਗੂਆਂ ਦੀ ਮਜਬੂਰੀ ਬਣਦਾ ਹੈਦਿੱਲੀ ਤੋਂ ਆਈਆਂ ਕਨਸੋਆਂ ਕਹਿੰਦੀਆਂ ਹਨ ਕਿ ਕੇਂਦਰ ਸਰਕਾਰ ਚਲਾ ਰਹੀ ਨਰਿੰਦਰ ਮੋਦੀ ਟੀਮ ਉੱਤਰ ਪ੍ਰਦੇਸ਼ ਵਿੱਚ ਯੋਗੀ ਆਦਿੱਤਿਆਨਾਥ ਦੇ ਪਰ ਕੁਤਰਨਾ ਚਾਹੁੰਦੀ ਹੈ, ਤਾਂ ਕਿ ਉਹ ਦਿੱਲੀ ਨੂੰ ਮੂੰਹ ਕਰਨ ਦੀ ਸਮਰੱਥਾ ਵਾਲਾ ਆਗੂ ਨਾ ਰਹਿ ਜਾਵੇ, ਪਰ ਉਸ ਦੇ ਪਰ ਕੁਤਰਨ ਵੇਲੇ ਇਹ ਵੀ ਚਿੰਤਾ ਹੈ ਕਿ ਜੇ ਉੱਤਰ ਪ੍ਰਦੇਸ਼ ਵਿੱਚ ਰਾਜਸੀ ਚੋਟ ਵੱਡੀ ਲਾ ਬੈਠੇ ਤਾਂ ਅਗਲੀ ਵਾਰੀ ਉਸ ਦਾ ਅਸਰ ਲੋਕ ਸਭਾ ਚੋਣਾਂ ਉੱਤੇ ਪੈ ਸਕਦਾ ਹੈਕੇਂਦਰ ਸਰਕਾਰ ਦੀ ਵਾਗ ਸਾਂਭਣ ਲਈ ਲੋਕ ਸਭਾ ਵਿੱਚ ਜਿਹੜਾ ਬਹੁਮੱਤ ਚਾਹੀਦਾ ਹੈ, ਉਸ ਦੀਆਂ ਅੱਸੀ ਸੀਟਾਂ ਇੱਕੋ ਰਾਜ ਉੱਤਰ ਪ੍ਰਦੇਸ਼ ਵਿੱਚ ਹਨ ਤੇ ਇਸ ਵਕਤ ਇਨ੍ਹਾਂ ਅੱਸੀਆਂ ਵਿੱਚੋਂ ਪੈਂਹਠ ਦੇ ਕਰੀਬ ਨਰਿੰਦਰ ਮੋਦੀ ਦੇ ਨਾਲ ਹਨ ਜੇ ਉਹ ਪੈਂਹਠ ਪਾਸੇ ਰੱਖੋ ਤਾਂ ਕੇਂਦਰ ਵਿੱਚ ਭਾਜਪਾ ਦੀ ਹਾਲਤ ਪਤਲੀ ਹੋਣ ਕਾਰਨ ਉਹ ਭਾਈਵਾਲ ਧਿਰਾਂ ਦੀ ਮਦਦ ਦੀ ਮੁਥਾਜ ਹੋ ਕੇ ਰਹਿ ਜਾਂਦੀ ਹੈਇਸ ਹਾਲਤ ਤੋਂ ਬਚਣ ਲਈ ਨਰਿੰਦਰ ਮੋਦੀ ਟੀਮ ਦੀ ਮਜਬੂਰੀ ਹੈ ਕਿ ਯੋਗੀ ਆਦਿੱਤਿਆਨਾਥ ਨੂੰ ਹੋਰ ਉਭਾਰ ਤੋਂ ਰੋਕਦੇ ਵਕਤ ਵੀ ਇਹ ਖਿਆਲ ਰੱਖਿਆ ਜਾਵੇ ਕਿ ਉਸ ਨੂੰ ਛਾਂਗਣ ਦੀ ਮਾਰ ਕੇਂਦਰ ਸਰਕਾਰ ਲਈ ਹੋਰ ਦੋਂਹ ਸਾਲਾਂ ਨੂੰ ਹੋਣ ਵਾਲੀਆਂ ਚੋਣਾਂ ਤਕ ਨਾ ਪਹੁੰਚ ਜਾਵੇਲਖੀਮਪੁਰ ਖੀਰੀ ਵਾਲੇ ਕੇਸ ਵਿੱਚ ਫਸਿਆ ਅਜੇ ਕੁਮਾਰ ਮਿਸ਼ਰਾ ਇਸੇ ਹਾਲਾਤ ਵਿੱਚ ਇਨ੍ਹਾਂ ਦੋਵਾਂ ਧਿਰਾਂ ਵਿਚਾਲੇ ਰੰਗ ਦਾ ਪੱਤਾ ਬਣਿਆ ਵਜ਼ੀਰੀ ਮਾਣ ਰਿਹਾ ਹੈ, ਕਿਉਂਕਿ ਉਸ ਪਿੱਛੇ ਇੱਕ ਖਾਸ ਭਾਈਚਾਰਾ ਖੜ੍ਹਾ ਹੋਣ ਕਾਰਨ ਉਸ ਦੀ ਨਾਰਾਜ਼ਗੀ ਮਹਿੰਗੀ ਪੈ ਸਕਦੀ ਹੈਜਦੋਂ ਯੋਗੀ ਆਦਿੱਤਿਆਨਾਥ ਦੀ ਟੀਮ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਸਾਹਮਣੇ ਸਾਫ-ਸੁਥਰਾ ਅਕਸ ਲੈ ਕੇ ਜਾਣ ਲਈ ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਦੀ ਬਲੀ ਦੇਣ ਵਾਸਤੇ ਮਨ ਬਣਾਈ ਬੈਠੀ ਜਾਪਦੀ ਹੈ, ਨਰਿੰਦਰ ਮੋਦੀ ਟੀਮ ਇੱਦਾਂ ਹੋਣ ਤੋਂ ਇਸ ਲਈ ਰੋਕਦੀ ਹੈ ਕਿ ਉਸ ਦਾ ਜਾਣਾ ਯੋਗੀ ਲਈ ਕੁਝ ਫਾਇਦੇ ਵਾਲਾ ਹੋਵੇ ਜਾਂ ਨਾ, ਪਾਰਲੀਮੈਂਟ ਚੋਣਾਂ ਦੀ ਜੰਗ ਵਿੱਚ ਭਾਜਪਾ ਦੀ ਬੇੜੀ ਬਹਾ ਸਕਦਾ ਹੈ

ਐਨ ਉਦੋਂ, ਜਦੋਂ ਲੋਕ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਗਲੇ ਪੰਜ ਸਾਲਾਂ ਦੇ ਰਾਜ ਕਰਤੇ ਚੁਣਨ ਦੀ ਚਿੰਤਾ ਕਰ ਰਹੇ ਹਨ, ਦੇਸ਼ ਦੀ ਸਰਕਾਰ ਚਲਾ ਰਹੀ ਪਾਰਟੀ ਭਾਜਪਾ ਦੀ ਲੀਡਰਸ਼ਿੱਪ ਇੱਕ ਵਾਰ ਫਿਰ ਲਾਲ ਕ੍ਰਿਸ਼ਨ ਅਡਵਾਨੀ ਤੇ ਅਟਲ ਬਿਹਾਰੀ ਵਾਜਪਾਈ ਵਾਲੀ ਖਿੱਚੋਤਾਣ ਵਿੱਚ ਫਸੀ ਨਜ਼ਰ ਪੈਂਦੀ ਹੈਉਸ ਵੇਲੇ ਵਾਜਪਾਈ ਧੜੇ ਦੀ ਉਠਾਣ ਨਾਲ ਕੱਟੜਪੰਥੀਆਂ ਦਾ ਅਡਵਾਨੀ ਧੜਾ ਪਿੱਛੇ ਹਟਣ ਲਈ ਮਜਬੂਰ ਹੁੰਦਾ ਸੀ, ਇਸ ਵਾਰ ਉਨ੍ਹਾਂ ਨਾਲੋਂ ਵੱਡੇ ਕੱਟੜਪੰਥੀਆਂ ਦਾ ਨਰਿੰਦਰ ਮੋਦੀ ਧੜਾ ਆਪਣੇ ਤੋਂ ਵੱਡੇ ਕੱਟੜਪੰਥੀ ਯੋਗੀ ਆਦਿੱਤਿਆਨਾਥ ਦੇ ਧੜੇ ਅੱਗੇ ਕਮਜ਼ੋਰ ਪੈਂਦਾ ਜਾਪਦਾ ਹੈ, ਜਿਨ੍ਹਾਂ ਦੀ ਬਿਨਾਂ ਲੁਕਾਈ ਇੱਛਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਹੈਸੰਸਾਰ ਪੱਧਰ ਦੇ ਆਪਣੇ ਅਕਸ ਅਤੇ ਇਸ ਅਕਸ ਨਾਲ ਮਿਲਦੇ ਮਾਣ-ਸਨਮਾਨ ਦੇ ਬੋਝ ਹੇਠ ਨਰਿੰਦਰ ਮੋਦੀ ਉਸ ਕੱਟੜਪੰਥੀ ਧੜੇ ਅੱਗੇ ਇੱਕਦਮ ਝੁਕਣ ਤੋਂ ਇਸ ਵਕਤ ਬਚਦਾ ਅਤੇ ਉਨ੍ਹਾਂ ਦਾ ਰਾਹ ਰੋਕਦਾ ਜਾਪਦਾ ਹੈ, ਪਰ ਇੱਕ ਗੱਲ ਪੱਕੀ ਹੈ ਕਿ ਜੇ ਉਸ ਦੀ ਇਹ ਕੋਸ਼ਿਸ਼ ਕਮਜ਼ੋਰ ਪੈਂਦੀ ਲੱਗੀ ਤਾਂ ਉਹ ਕੱਟੜਪੰਥੀਆਂ ਤੋਂ ਵੱਡਾ ਕੱਟੜਪੰਥੀ ਵੀ ਬਣ ਸਕਦਾ ਹੈਭਾਰਤ ਦੇ ਪੰਜ ਰਾਜਾਂ ਦੀਆਂ ਇਹ ਚੋਣਾਂ ਭਵਿੱਖ ਦੇ ਭਾਰਤ ਨੂੰ ਇੰਨਾ ਬਦਲਣ ਵਾਲੀਆਂ ਵੀ ਹੋ ਸਕਦੀਆਂ ਹਨ ਕਿ ਜੇ ਯੋਗੀ ਧੜਾ ਹੋਰਨਾਂ ਧੜਿਆਂ ਨੂੰ ਕੱਟੜਪੰਥੀ ਠਿੱਬੀ ਲਾ ਗਿਆ ਤਾਂ ਜਿਹੜੇ ਬੁੱਧੀਜੀਵੀ ਅੱਜ ਵਾਜਪਾਈ ਦੇ ਨਾਲ ਅਡਵਾਨੀ ਨੂੰ ਵੀ ਮੋਦੀ ਮੁਕਾਬਲੇ ‘ਕੁਝ ਮਾਡਰੇਟ’ ਕਹਿੰਦੇ ਸੁਣੇ ਜਾਣ ਲੱਗੇ ਹਨ, ਉਹ ਕੁਝ ਸਮਾਂ ਲੰਘਾ ਕੇ ਮੋਦੀ ਬਾਰੇ ਵੀ ਇਹੋ ਕਹਿਣ ਲੱਗ ਜਾਣਗੇਹਿੰਦੂਤਵ ਦੇ ਨਾਂਅ ਉੱਤੇ ਚੱਲਦੀ ਰਾਜਨੀਤੀ ਦਾ ਇਹੋ ਪੱਖ ਵਿਸ਼ੇਸ਼ ਹੈ ਕਿ ਹਰ ਲੀਡਰ ਪਹਿਲਿਆਂ ਤੋਂ ਵੱਧ ਕੱਟੜਪੰਥੀ ਨਿਕਲਦਾ ਹੈਅਗਲੇ ਸਾਲ ਦੀਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਇਹ ਅਲੋਕਾਰ ਪੱਖ ਦੇਸ਼ ਦੀ ਬਹਿਸ ਦਾ ਹਿੱਸਾ ਨਹੀਂ ਬਣ ਰਿਹਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3217)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author