UjagarSingh7ਅੱਜ ਉਹ ਆਪਣੇ ਖੇਤਾਂ ਨੂੰ ਵੀ ਮੋਟਰ ਸਾਈਕਲਕਾਰਟਰੈਕਟਰ ਜਾਂ ਸਕੂਟਰ ਤੋਂ ਬਿਨਾਂ ਨਹੀਂ ਜਾਂਦਾ ...
(19 ਅਗਸਤ 2017)

 

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਇਕੱਲੇ ਕਰਜ਼ੇ ਮੁਆਫ਼ ਕਰਨਾ ਖ਼ੁਦਕਸ਼ੀਆਂ ਦਾ ਸਥਾਈ ਹੱਲ ਨਹੀਂ। ਕਿਸਾਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ, ਜਿਵੇਂ ਵਿਆਹਾਂ, ਭੋਗਾਂ, ਕਾਰਾਂ, ਕੋਠੀਆਂ ਅਤੇ ਐਸ਼ੋ ਇਸ਼ਰਤ ਦੇ ਕੰਮਾਂ ’ਤੇ ਫ਼ਜ਼ੂਲ ਖ਼ਰਚੀ ਆਦਿ। ਕਿਸਾਨਾਂ ਦੇ ਪੁੱਤਰ ਵਿਹਲੇ ਮੋਟਰ ਸਾਈਕਲਾਂ ਅਤੇ ਕਾਰਾਂ ਤੇ ਦਗੜ-ਦਗੜ ਕਰਦੇ ਫਿਰਦੇ ਹਨ। ਮਾਂ ਬਾਪ ਦੇ ਗਲ ਗੂਠਾ ਦੇ ਕੇ ਫ਼ਜ਼ੂਲ ਖ਼ਰਚੀ ਕਰਦੇ ਹਨ। ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਵਿਚ ਉਨ੍ਹਾਂ ਦੇ ਲੜਕੇ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਉਹ ਆਧੁਨਿਕ ਢੰਗਾਂ ਨਾਲ ਪੋਲੀ ਹਾਊਸ ਬਣਾਕੇ ਪਰਿਵਾਰਾਂ ਲਈ ਆਮਦਨ ਵਧਾ ਸਕਦੇ ਹਨ।

ਪੰਜਾਬ ਦੇ ਮਾੜੇ ਦਿਨਾਂ ਵਿਚ ਹੋ ਰਹੀਆਂ ਘਟਨਾਵਾਂ ਵਿਚ ਸ਼ਰਾਰਤੀ ਅਨਸਰ ਸ਼ਾਮਲ ਹੋ ਕੇ ਲੁੱਟਾਂ ਖੋਹਾਂ ਅਤੇ ਜਬਰ ਜਨਾਹ ਦੀਆਂ ਘਟਨਾਵਾਂ ਕਰ ਰਹੇ ਸਨ, ਉਸੇ ਤਰ੍ਹਾਂ ਇਸ ਸਮੇਂ ਕਿਸਾਨਾਂ ਦੀ ਦੁਰਦਸ਼ਾ ਦਾ ਲਾਭ ਉਠਾਉਂਦਿਆਂ ਕੁਝ ਲੋਕ ਕਿਸਾਨ ਜਥੇਬੰਦੀਆਂ ਵਿਚ ਘੁਸਪੈਠ ਕਰ ਗਏ ਹਨ ਅਤੇ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਯਤਨ ਕਰ ਰਹੇ ਹਨ। ਕਿਸਾਨ ਬੇਬਸ ਹਨ ਜਥੇਬੰਦੀਆਂ ਦਾ ਇਹ ਵੀ ਕੰਮ ਹੈ ਕਿ ਉਹ ਕਿਸਾਨਾਂ ਨੂੰ ਸਹੀ ਦਿਸ਼ਾ ਨਿਰਦੇਸ਼ ਦੇ ਕੇ ਫ਼ਜੂਲ ਖ਼ਰਚੀ ਕਰਨ ਤੋਂ ਰੋਕਣ। ਆਪਣੇ ਹੱਕਾਂ ਲਈ ਲੜਨਾ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਆਪਣੇ ਪਰਿਵਾਰਾਂ ਅਤੇ ਸਮਾਜ ਪ੍ਰਤੀ ਫਰਜ਼ਾ ਬਾਰੇ ਜਾਗਰੂਕ ਹੋਣਾ ਵੀ ਜ਼ਰੂਰੀ ਹੈ। ਖ਼ੁਦਕੁਸ਼ੀਆਂ ਤੋਂ ਬਾਅਦ ਪਰਿਵਾਰ ਰੁਲਦੇ ਰਹਿੰਦੇ ਹਨ। ਸਰਕਾਰਾਂ ਵਿਰੁੱਧ ਧਰਨੇ ਅਤੇ ਅੰਦੋਲਨ ਕਿਸੇ ਸਮੱਸਿਆ ਦਾ ਹੱਲ ਨਹੀਂ ਹਨ। ਅੰਦੋਲਨਾਂ ਅਤੇ ਧਰਨਿਆਂ ਉੱਪਰ ਹੋਣ ਵਾਲਾ ਖ਼ਰਚ ਵੀ ਕਿਸਾਨ ਦਾ ਕਚੂੰਮਰ ਕੱਢਦਾ ਹੈ, ਨਤੀਜਾ ਕੋਈ ਨਹੀਂ ਨਿੱਕਲਦਾ।

ਸਰਕਾਰਾਂ ਕਿਸਾਨਾਂ ਨੂੰ ਕਰਜ਼ਿਆਂ ਦੀਆਂ ਸਹੂਲਤਾਂ ਦਿੰਦੀਆਂ ਹਨ, ਉਹ ਕਰਜ਼ੇ ਲੈਣ ਲਈ ਮਜਬੂਰ ਨਹੀਂ ਕਰਦੀਆਂ। ਬੈਂਕਾਂ ਦਾ ਰੋਲ ਵੀ ਚੰਗਾ ਨਹੀਂ। ਉਹ ਨਿਸ਼ਚਤ ਮਾਪ ਦੰਡਾਂ ਤੋਂ ਜ਼ਿਆਦਾ ਕਰਜ਼ੇ ਕਿਉਂ ਦਿੰਦੀਆਂ ਹਨ ਜਦੋਂ ਉਨ੍ਹਾਂ ਨੂੰ ਪਤਾ ਹੈ ਕਿ ਕਿਸਾਨ ਉਨ੍ਹਾਂ ਨੂੰ ਮੋੜ ਨਹੀਂ ਸਕਦਾ? ਕਿਸਾਨ ਸਮੁੱਚੇ ਦੇਸ਼ ਵਿਚ ਖ਼ੁਦਕਸ਼ੀਆਂ ਦੇ ਰਾਹ ਪੈ ਗਏ ਹਨ। ਇਹ ਤਾਂ ਠੀਕ ਹੈ ਕਿ ਕਿਸਾਨਾਂ ਦੀਆਂ ਫਸਲਾਂ ਦੇ ਉਨ੍ਹਾਂ ਨੂੰ ਯੋਗ ਮੁੱਲ ਨਾ ਮਿਲਣ ਕਰਕੇ ਉਨ੍ਹਾਂ ਦੀ ਆਰਥਿਕ ਹਾਲਤ ਗੰਭੀਰ ਹੈ ਪ੍ਰੰਤੂ ਖ਼ੁਦਕੁਸ਼ੀ ਅਜਿਹੀ ਸਥਿਤੀ ਦਾ ਕੋਈ ਹੱਲ ਨਹੀਂ। ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨ ਤੋਂ ਸਰਕਾਰ ਆਨਾਕਾਨੀ ਕਰ ਰਹੀ ਹੈ। ਖੁਦਕੁਸ਼ੀ ਕਰ ਕੇ ਕਿਸਾਨ ਆਪਣੇ ਪਰਿਵਾਰਾਂ ਨੂੰ ਜ਼ੋਖ਼ਮ ਵਿਚ ਪਾ ਜਾਂਦੇ ਹਨ, ਜਿਹੜੇ ਮਗਰੋਂ ਜ਼ਿੰਦਗੀ ਜਿਉਣ ਲਈ ਜੱਦੋਜਹਿਦ ਕਰਦੇ ਰਹਿੰਦੇ ਹਨ।

ਖ਼ੁਦਕੁਸ਼ੀਆਂ, ਕਰਜ਼ੇ ਅਤੇ ਫ਼ਜ਼ੂਲ ਖ਼ਰਚੀ ਪੰਜਾਬੀ ਵਿਰਾਸਤ ਦਾ ਹਿੱਸਾ ਨਹੀਂ ਹਨ। ਪੰਜਾਬੀਆਂ ਨੂੰ ਜੁਝਾਰੂਆਂ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ’ਤੇ ਪੰਜਾਬੀਆਂ ਦਾ ਅਕਸ ਇਕ ਅਣਖ਼ੀ, ਗ਼ੈਰਤਮੰਦ, ਮਿਹਨਤੀ, ਸਿਰੜੀ, ਦਲੇਰ ਅਤੇ ਸਰਬੱਤ ਦੇ ਭਲੇ ਦੇ ਮੁਦਈ ਦੇ ਤੌਰ ’ਤੇ ਬਣਿਆ ਹੋਇਆ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਕਿਸੇ ਇਨਸਾਨ ’ਤੇ ਭੀੜ ਪਈ ਹੁੰਦੀ ਸੀ ਜਾਂ ਕੋਈ ਖ਼ਤਰੇ ਵਾਲੀ ਗੱਲ ਹੁੰਦੀ ਸੀ, ਤੇ ਉਸ ਸਮੇਂ ਕੋਈ ਪੰਜਾਬੀ ਬਹੁੜ ਪੈਂਦਾ ਸੀ ਤਾਂ ਸਾਰੇ ਇਹ ਸਮਝਦੇ ਸਨ ਕਿ ਹੁਣ ਉਹ ਸੁਰੱਖਿਅਤ ਹਨ। ਗਊ ਗ਼ਰੀਬ ਦੇ ਰਾਖੇ ਦੇ ਤੌਰ ’ਤੇ ਵੀ ਪੰਜਾਬੀਆਂ ਦੀ ਭੱਲ ਬਣੀ ਹੋਈ ਹੈ। ਜਦੋਂ ਵਿਦੇਸ਼ੀ ਧਾੜਵੀਆਂ ਨੇ ਧੀਆਂ-ਭੈਣਾਂ ਨੂੰ ਅਗਵਾ ਕਰਕੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬੀਆਂ ਨੇ ਧੀਆਂ-ਭੈਣਾਂ ਦੀ ਬਾਂਹ ਫੜੀ ਅਤੇ ਜ਼ਾਲਮਾਂ ਕੋਲੋਂ ਛੁਡਵਾਇਆ ਅਤੇ ਜੱਸ ਖੱਟਿਆ।

ਅਜ਼ਾਦੀ ਦੀ ਜੱਦੋਜਹਿਦ ਵਿਚ ਵੀ ਪੰਜਾਬੀਆਂ ਨੇ ਬੰਗਾਲੀਆਂ ਦੇ ਨਾਲ ਮੋਹਰੀ ਦੀ ਭੂਮਿਕਾ ਨਿਭਾਈ ਪ੍ਰੰਤੂ ਸਾਦਗੀ ਦਾ ਪੱਲਾ ਨਹੀਂ ਛੱਡਿਆ। ਪੰਜਾਬੀ ਕਿਸਾਨ ਰੁੱਖੀ ਮਿੱਸੀ ਰੋਟੀ ਖਾ ਕੇ ਸਬਰ ਅਤੇ ਸੰਤੋਖ ਨਾਲ ਆਪਣੇ ਪਰਿਵਾਰ ਪਾਲਦਾ ਰਿਹਾ ਹੈ। ਜੇ ਸਰਹੱਦਾਂ ’ਤੇ ਲੋੜ ਪਈ ਤਾਂ ਪਾਸਾ ਨਹੀਂ ਵੱਟਿਆ ਸਗੋਂ ਹਰ ਫਰੰਟ ’ਤੇ ਮਹੱਤਵਪੂਰਨ ਯੋਗਦਾਨ ਪਾਇਆ। ਜਦੋਂ ਦੇਸ ਉੱਪਰ ਅਨਾਜ ਦੀ ਥੁੜ੍ਹ ਦੀ ਸਮੱਸਿਆ ਆਈ ਤਾਂ ਪੰਜਾਬੀ ਕਿਸਾਨ ਨੇ ਦੇਸ ਨੂੰ ਆਤਮ ਨਿਰਭਰ ਬਣਾਇਆ। ਹੁਣ ਇਹ ਪੰਜਾਬੀ ਕਿਸਾਨ ਕਰਜ਼ੇ ਦੇ ਚੱਕਰ ਵਿਚ ਕਿਉਂ ਅਤੇ ਕਿਵੇਂ ਪੈ ਗਿਆ? ਇਸਦੇ ਕਾਰਨਾਂ ਦਾ ਪਤਾ ਲਗਾਉਣਾ ਪਵੇਗਾ, ਕਿਉਂਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਨਾਲ ਖ਼ੁਦਕੁਸ਼ੀਆਂ ਬੰਦ ਨਹੀਂ ਹੋ ਸਕਦੀਆਂ। ਖ਼ੁਦਕਸ਼ੀਆਂ ਤਦ ਹੀ ਬੰਦ ਹੋਣਗੀਆਂ ਜੇਕਰ ਕਿਸਾਨ ਆਪਣੇ ਖ਼ਰਚੇ ਘਟਾਉਣਗੇ। ਫ਼ਜੂਲ ਖ਼ਰਚੀ ਬੰਦ ਕਰਨਗੇ। ਜੇਕਰ ਇਕ ਵਾਰ ਕਰਜ਼ੇ ਮੁਆਫ਼ ਕਰ ਦਿੱਤੇ ਜਾਂਦੇ ਹਨ ਤਾਂ ਕਿਸਾਨ ਫਿਰ ਕਰਜ਼ੇ ਲੈ ਲੈਣਗੇ ਅਤੇ ਹਰੇਕ ਸਰਕਾਰ ਤੋਂ ਇਹ ਆਸ ਰੱਖਣਗੇ ਕਿ ਉਹ ਉਨ੍ਹਾਂ ਦੇ ਕਰਜ਼ੇ ਮੁਆਫ਼ ਕਰ ਦੇਵੇਗੀ। ਇਸ ਲਈ ਕਰਜ਼ੇ ਮੁਆਫ ਕਰਨ ਨਾਲ ਕਿਸਾਨਾਂ ਦੀ ਸਮੱਸਿਆ ਦਾ ਸਥਾਈ ਹੱਲ ਨਹੀਂ ਹੋਵੇਗਾ।

ਸਬਰ, ਸੰਤੋਖ, ਸਾਦਗੀ ਅਤੇ ਹੱਡ ਭੰਨਵੀਂ ਮਿਹਨਤ ਕਰਨ ਵਾਲਾ ਕਿਸਾਨ ਸਰਕਾਰੀ ਸਹੂਲਤਾਂ ਦੇ ਚੱਕਰ ਵਿਚ ਪੈ ਕੇ ਪਤਾ ਨਹੀਂ ਕਿਉਂ ਆਪਣੀ ਵਿਰਾਸਤ ਨੂੰ ਭੁੱਲ ਕੇ ਫੂ-ਫਾਂ ਦੇ ਗੇੜ ਵਿਚ ਗੁਮਰਾਹ ਹੋ ਗਿਆ। ਜਿਹੜਾ ਕਿਸਾਨ ਪੈਦਲ ਤੁਰਕੇ ਸੈਂਕੜੇ ਮੀਲਾਂ ਦਾ ਪੈਂਡਾ ਤੈਅ ਕਰ ਲੈਂਦਾ ਸੀ ਅੱਜ ਉਹ ਆਪਣੇ ਖੇਤਾਂ ਨੂੰ ਵੀ ਮੋਟਰ ਸਾਈਕਲ, ਕਾਰ, ਟਰੈਕਟਰ ਜਾਂ ਸਕੂਟਰ ਤੋਂ ਬਿਨਾਂ ਨਹੀਂ ਜਾਂਦਾ। ਕਿਸੇ ਸਮੇਂ ਜਿਸ ਕਿਸਾਨ ’ਤੇ ਪੂਰੇ ਦੇਸ ਨਿਰਭਰ ਕਰਦਾ ਸੀ, ਅੱਜ ੳੁਹ ਕਿਸਾਨ ਪਰਵਾਸੀ ਮਜ਼ਦੂਰਾਂ ਉੱਪਰ ਨਿਰਭਰ ਹੋ ਗਿਆ ਹੈ। ਕਿਸਾਨ ਦਾ ਪੁੱਤਰ ਆਪ ਪਰਵਾਸੀ ਬਣਕੇ ਵਿਦੇਸ਼ਾਂ ਦੀ ਆਰਥਿਕਤਾ ਮਜ਼ਬੂਤ ਕਰ ਰਿਹਾ ਹੈ। ਕਿਸਾਨ ਦਾ ਪੁੱਤਰ ਜਿਹੜਾ ਵਿੱਦਿਆ ਪ੍ਰਾਪਤ ਕਰਕੇ ਆਪਣੇ ਬਜ਼ੁਰਗਾਂ ਦੀ ਸਹਾਇਤਾ ਕਰਨ ਵਿਚ ਕਾਰਜ਼ਸ਼ੀਲ ਹੋਣਾ ਚਾਹੀਦਾ ਸੀ, ਉਹ ਵਾਈਟ ਕਾਲਰ ਨੌਕਰੀਆਂ ਦੇ ਝਾਂਸੇ ਵਿਚ ਪੈ ਕੇ ਬਜ਼ੁਰਗਾਂ ਦਾ ਸਹਾਇਕ ਬਣਨ ਦੀ ਥਾਂ ਫ਼ਜੂਲ ਖ਼ਰਚੀ ਦੇ ਚੱਕਰ ਵਿਚ ਪੈ ਗਿਆ ਹੈ ਅਤੇ ਆਪਣੇ ਮਾਪਿਆਂ ਨੂੰ ਕਰਜ਼ੇ ਦੇ ਜਾਲ ਵਿਚ ਫਸਾ ਰਿਹਾ ਹੈ। ਜਿਹੜਾ ਕਿਸਾਨ ਆਪ ਨੌਕਰ ਰੱਖਦਾ ਸੀ ਅੱਜ ਉਸਦਾ ਪੁੱਤਰ ਨੌਕਰ ਬਣਨ ਵਿਚ ਖ਼ੁਸ਼ੀ ਮਹਿਸੂਸ ਕਰ ਰਿਹਾ ਹੈ।

ਅੰਤਰਰਾਸ਼ਟਰੀ ਪੈਟਰਨ ਉੱਪਰ ਹੁਣ ਸਰਕਾਰੀ ਨੌਕਰੀਆਂ ਵੀ ਪਹਿਲਾਂ ਵਰਗੀਆਂ ਨਹੀਂ ਹਨ। ਹੁਣ ਤਾਂ ਸਾਰਾ ਕੰਮ ਹੀ ਠੇਕੇਦਾਰੀ ਪ੍ਰਬੰਧ ਰਾਹੀਂ ਹੋ ਰਿਹਾ ਹੈ। ਨੌਕਰੀਆਂ ਵੀ ਕੰਟਰੈਕਟ ’ਤੇ ਹੋ ਗਈਆਂ ਹਨ। ਠੇਕੇਦਾਰ ਜਾਂ ਸਰਕਾਰੀ ਅਧਿਕਾਰੀ ਠੋਕ ਕੇ ਕੰਮ ਲੈਂਦੇ ਹਨ, ਇਸ ਲਈ ਕਿਸਾਨਾਂ ਦੇ ਪੁੱਤਰਾਂ ਨੂੰ ਕਿਸੇ ਦਾ ਨੌਕਰ ਬਣਨ ਦੀ ਥਾਂ ਆਪ ਆਪਣੇ ਹੱਥੀਂ ਆਪਣਾ ਕੰਮ ਕਰਨਾ ਚਾਹੀਦਾ ਹੈ। ਜੇਕਰ ਉਹ ਆਪਣਾ ਭਵਿੱਖ ਸੁਨਹਿਰਾ ਬਣਾਉਣਾ ਚਾਹੁੰਦੇ ਹਨ ਤਾਂ ਕੰਮ ਦੀ ਕਦਰ ਕਰਨੀ ਸਿੱਖਣ। ਬਾਹਰਲੇ ਸੂਬਿਆਂ ਵਿੱਚੋਂ ਪਰਵਾਸੀ ਆ ਕੇ ਪੰਜਾਬ ਵਿੱਚ ਕੰਮ ਕਰਦੇ ਹਨ। ਸਾਡੇ ਬੱਚੇ ਹੱਥ ’ਤੇ ਹੱਥ ਧਰੀ ਬੈਠੇ ਹਨ। ਵਾਹਵਾ-ਸ਼ਾਹਵਾ ਅਤੇ ਵਿਖਾਵੇ ਵਿਚ ਕੁਝ ਨਹੀਂ ਪਿਆ। ਕਿਸਾਨ ਨੇ ਅਜ਼ਾਦੀ ਦੀਆਂ ਬਰਕਤਾਂ ਵਿੱਚੋਂ ਕੀ ਖੱਟਿਆ? ਆਪਣੀਆਂ ਲੋੜਾਂ ਵਧਾ ਲਈਆਂ, ਕਰਜ਼ੇ ਲੈਣੇ ਸ਼ੁਰੂ ਕਰ ਦਿੱਤੇ।

ਸਰਕਾਰ ਕਿਸਾਨਾਂ ਦੀਆਂ ਫ਼ਸਲਾਂ ਦੇ ਮੰਡੀਕਰਨ ਦਾ ਪ੍ਰਬੰਧ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਵੇ, ਉਪਜ ਦਾ ਵਾਜਬ ਮੁੱਲ ਦੇਵੇ। ਫਸਲਾਂ ਦੀ ਕਾਸ਼ਤ ਉੱਪਰ ਲਾਗਤ ਘਟਾਈ ਜਾਵੇ। ਖਾਦਾਂ, ਡੀਜ਼ਲ ਅਤੇ ਕੀਟਨਾਸ਼ਕ ਦਵਾਈਆਂ ਦੀਆਂ ਕੀਮਤਾਂ ਘਟਾਈਆਂ ਜਾਣ ਅਤੇ ਇਨ੍ਹਾਂ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ। ਖੇਤੀ ਨਾਲ ਸੰਬੰਧਤ ਸੰਦਾਂ ਦੀਆਂ ਕੀਮਤਾਂ ਵੀ ਨਿਸਚਤ ਕੀਤੀਆਂ ਜਾਣ। ਸਰਕਾਰ ਖੇਤੀਬਾੜੀ ਨੂੰ ਉਦਯੋਗ ਦੇ ਬਰਾਬਰ ਸਹੂਲਤਾਂ ਦੇਵੇ। ਜੇ ਸਨਅਤਕਾਰਾਂ ਦੇ ਕਰਜ਼ੇ ਥੋਕ ਵਿਚ ਮੁਆਫ਼ ਹੋ ਸਕਦੇ ਹਨ ਤਾਂ ਕਿਸਾਨਾਂ ਦੇ ਕਿਉਂ ਨਹੀਂ? ਵੈਸੇ ਕਰਜ਼ੇ ਲੈਣ ਤੋਂ ਗੁਰੇਜ਼ ਕੀਤਾ ਜਾਵੇ, ਜੇ ਕਰਜ਼ਾ ਲੈਣਾ ਜ਼ਰੂਰੀ ਹੋਵੇ ਤਾਂ ਆੜ੍ਹਤੀਏ ਤੋਂ ਕਰਜ਼ਾ ਹਰਗਿਜ਼ ਨਾ ਲਿਆ ਜਾਵੇ ਕਿਉਂਕਿ ਉਸਦੇ ਵਿਆਜ ਦੀ ਦਰ ਜ਼ਿਆਦਾ ਹੁੰਦੀ ਹੈ। ਬੈਂਕਾਂ ਤੋਂ ਕਰਜ਼ਾ ਲਿਆ ਜਾਵੇ ਪ੍ਰੰਤੂ ਜਿਸ ਮੰਤਵ ਲਈ ਕਰਜ਼ਾ ਲਿਆ ਹੈ, ਉਸ ਉੱਪਰ ਹੀ ਖ਼ਰਚਿਆ ਜਾਵੇ। ਵਿਆਹ ਅਤੇ ਭੋਗਾਂ ਉੱਪਰ ਖ਼ਰਚ ਕਰਜ਼ਾ ਲੈ ਕੇ ਨਾ ਕੀਤਾ ਜਾਵੇ। ਵਿਆਹ ਸਾਦੇ ਕੀਤੇ ਜਾਣ।

ਕਰਜ਼ਾ ਲੈ ਕੇ ਸਕੂਟਰ, ਮੋਟਰ ਸਾਈਕਲ, ਅਤੇ ਕਾਰ ਨਾ ਖਰੀਦੀ ਜਾਵੇ ਕਿਉਂਕਿ ਉਸ ਤੋਂ ਕੋਈ ਆਮਦਨ ਨਹੀਂ ਹੋਣੀ, ਕਰਜ਼ਾ ਕਿਵੇਂ ਮੋੜਿਆ ਜਾਵੇਗਾ? ਫ਼ਸਲਾਂ ਲਈ ਲਿਆ ਕਰਜ਼ਾ ਫ਼ਸਲਾਂ ਉੱਪਰ ਹੀ ਖਰਚਿਆ ਜਾਵੇ। ਐਸ਼ੋ ਆਰਾਮ ਵਾਲੀ ਕਿਸੇ ਵਸਤੂ ਲਈ ਕਰਜ਼ਾ ਨਾ ਲਿਆ ਜਾਵੇ। ਜਦੋਂ ਕਿਸਾਨ ਆਰਥਿਕ ਤੌਰ ’ਤੇ ਮਜ਼ਬੂਤ ਹੋ ਜਾਵੇ, ਤਦ ਅਜਿਹੀਆਂ ਵਸਤਾਂ ਖਰੀਦੀਆਂ ਜਾਣ। ਇਕ ਦੂਜੇ ਨੂੰ ਵੇਖ ਕੇ ਐਸ਼ੋ ਆਰਾਮ ਦੀਆਂ ਵਸਤਾਂ ਕਤਈ ਨਾ ਖਰੀਦੀਆਂ ਜਾਣ ਕਿਉਂਕਿ ਮਨੁੱਖੀ ਜੀਵਨ ਬੜਾ ਕੀਮਤੀ ਹੈ, ਇਸ ਨੂੰ ਅਜਾਈਂ ਖ਼ੁਦਕੁਸ਼ੀਆਂ ਨਾਲ ਬਰਬਾਦ ਨਾ ਕੀਤਾ ਜਾਵੇ। ਸਰਕਾਰਾਂ ਨੂੰ ਵੀ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਵਾਰਸਾਂ ਨੂੰ ਸਹੂਲਤਾਂ ਦੇ ਕੇ ਉਤਸ਼ਾਹਤ ਨਹੀਂ ਕਰਨਾ ਚਾਹੀਦਾ। ਰਾਜਨੀਤਕ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਚੋਣ ਮਨੋਰਥ ਪੱਤਰਾਂ ਵਿਚ ਅਜਿਹੇ ਵਾਅਦੇ ਕਰਕੇ ਕਿਸਾਨਾਂ ਦਾ ਭਵਿੱਖ ਨਾ ਉਲਝਾਉਣ।

*****

(802)

ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author