UjagarSingh7ਉਨ੍ਹਾਂ ਦੇ ਬੱਚੇ ਵਿਲਕਦੇ ਹਨ। ਤਿੰਨ ਹਫਤੇ ਕਿਵੇਂ ਲੰਘਣਗੇ? ...
(30 ਮਾਰਚ 2020)

 

ਇੱਕ ਕਹਾਵਤ ਹੈ ਕਿ ਰੱਬ ਨੇੜੇ ਕਿ ਘਸੁੰਨ? ਰੱਬ ਤਾਂ ਕਿਸੇ ਨੇ ਵੇਖਿਆ ਨਹੀਂ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ, ਘਸੁੰਨ ਤਾਂ ਸਭ ਤੋਂ ਨੇੜੇ ਹੁੰਦਾ ਹੈ। ਇਹ ਪੰਜਾਬ ਪੁਲਿਸ ਦਾ ਘਸੁੰਨ ਤਾਂ ਜਦੋਂ ਕੋਈ ਪੇਟ ਦੀ ਭੁੱਖ ਮਿਟਾਉਣ ਲਈ ਘਰੋਂ ਬਾਹਰ ਨਿਕਲਦਾ ਹੈ, ਉਸ ਲਈ ਪ੍ਰੋਸਿਆ ਜਾਂਦਾ ਹੈ। ਖਾਸ ਤੌਰ ਉੱਤੇ ਦਿਹਾੜੀਦਾਰਾਂ ਨੂੰ ਇਹ ਘਸੁੰਨ ਰੱਬ ਤੋਂ ਪਹਿਲਾਂ ਮਿਲਦਾ ਹੈ। ਕਿਉਂਕਿ ਕਰੋਨਾ ਵਾਇਰਸ ਦੇ ਚੱਲਦਿਆਂ ਕਰਫਿਉੂ ਸਮੇਂ ਜਦੋਂ ਕੋਈ ਬਾਹਰ ਨਿਕਲਦਾ ਹੈ ਤਾਂ ਸਭ ਤੋਂ ਪਹਿਲਾਂ ਪੁਲਿਸ ਦਾ ਘਸੁੰਨ ਪੈਂਦਾ ਹੈ। ਅੱਜ ਦੇ ਦਿਨ ਸਮਾਜ ਅਤੇ ਸਰਕਾਰਾਂ ਵੱਲੋਂ ਉਨ੍ਹਾਂ ਦਿਹਾੜੀਦਾਰਾਂ ਅਤੇ ਮਜ਼ਦਰੂਾਂ, ਜਿਨ੍ਹਾਂ ਨੇ ਕੜਕਦੀ ਧੁੱਪ ਅਤੇ ਦਿਲ ਕੰਬਾਉੂ ਠੰਢ ਵਿੱਚ ਸਖਤ ਮਿਹਨਤ ਕਰਕੇ ਮਨੁੱਖੀ ਜੀਵਨ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਉਨ੍ਹਾਂ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ। ਜਿਹੜੇ ਘਰਾਂ ਵਿੱਚ ਅਸੀਂ ਰਹਿ ਰਹੇ ਹਾਂ ਅਤੇ ਜਿਨ੍ਹਾਂ ਵਿਓਪਾਰਕ ਇਮਾਰਤਾਂ ਵਿੱਚ ਅਰਬਾਂ ਖਰਬਾਂ ਦੇ ਵਿਓਪਾਰ ਹੋ ਰਹੇ ਹਨ, ਉਨ੍ਹਾਂ ਨੂੰ ਉਸਾਰਨ ਵਿੱਚ ਇਨ੍ਹਾਂ ਦਾ ਯੋਗਦਾਨ ਅਣਡਿੱਠ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਨੇ ਹੀ ਸਮਾਜ ਲਈ ਆਨੰਦਮਈ ਜੀਵਨ ਬਸਰ ਕਰਨ ਲਈ ਹਾਲਤ ਪੈਦਾ ਕੀਤੇ ਹਨ। ਇਹ ਕੁਦਰਤੀ ਆਫਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪ੍ਰੰਤੂ ਇਨ੍ਹਾਂ ਗ਼ਰੀਬ ਲੋਕਾਂ ਦੀਆਂ ਅਸੀਸਾਂ ਤਾਂ ਹੀ ਮਿਲਣਗੀਆਂ, ਜੇਕਰ ਉਨ੍ਹਾਂ ਦੇ ਯੋਗਦਾਨ ਦਾ ਇਨਸਾਨ ਯੋਗ ਮੁੱਲ ਪਾ ਕੇ ਪੇਟ ਦੀ ਅੱਗ ਬੁਝਾਉਣ ਲਈ ਖਾਣ ਨੂੰ ਰੋਟੀ ਮੁਹੱਈਆ ਕਰੇਗਾ। ਜੇਕਰ ਉਹ ਢਿਡੋਂ ਭੁੱਖੇ ਰਹਿਣਗੇ ਤਾਂ ਉਨ੍ਹਾਂ ਵੱਲੋਂ ਉਸਾਰੇ ਗਏ ਮਹਿਲਾਂ ਵਿੱਚ ਰਹਿਣ ਵਾਲੇ ਆਪਣੇ ਆਪ ਨੂੰ ਵੱਡੇ ਕਹਾਉਣ ਦੇ ਹੱਕਦਾਰ ਨਹੀਂ, ਸਗੋਂ ਉਹ ਬੌਣੇ ਹੋ ਜਾਣਗੇ।

ਕਰੋਨਾ ਵਾਇਰਸ ਨੇ ਇਸ ਵੇਲੇ ਸੰਸਾਰ ਵਿੱਚ ਕੋਹਰਾਮ ਮਚਾ ਰੱਖਿਆ ਹੈ, ਜਿਸ ਨਾਲ ਇਨਸਾਨੀ ਜ਼ਿੰਦਗੀ ਵਿੱਚ ਖੜੋਤ ਆ ਗਈ ਹੈ। ਲਾਕ ਡਾਉੂਨ ਨੇ ਸਾਰੇ ਕਾਰੋਬਾਰ ਬੰਦ ਕਰ ਦਿੱਤੇ ਹਨ। ਗ਼ਰੀਬ ਦਿਹਾੜੀਦਾਰ ਅਤੇ ਮਜ਼ਦੂਰ, ਜਿਹੜੇ ਹਰ ਰੋਜ਼ ਕਮਾਈ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਸਨ, ਉਨ੍ਹਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਪੰਜਾਬ ਵਿੱਚ ਲਗਭਗ 8 ਲੱਖ ਖੇਤ ਮਜ਼ਦੂਰ ਪਰਿਵਾਰ ਹਨ। ਅੰਦਾਜ਼ਨ ਇੰਨੇ ਹੀ ਦਿਹਾੜੀਦਾਰ ਪਰਿਵਾਰ ਹਨ। ਜਿਹੜੇ ਲੋਕ ਹਰ ਰੋਜ਼ ਕੰਮ ਕਰਕੇ ਆਪਣੇ ਪਰਿਵਾਰ ਪਾਲਦੇ ਹਨ, ਉਹ ਤਾਂ ਤਰਾਹ ਤਰਾਹ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਕੰਮ ਬਿਲਕੁਲ ਹੀ ਬੰਦ ਹੋ ਗਏ ਹਨ। ਜਦੋਂ ਆਮਦਨ ਹੀ ਬੰਦ ਹੋ ਗਈ ਤਾਂ ਪਰਿਵਾਰਾਂ ਦੇ ਖਾਣ ਪੀਣ ਦੇ ਰਸਤੇ ਬੰਦ ਹੋ ਜਾਂਦੇ ਹਨ। ਖ਼ਰਚੇ ਕਰਨੇ ਅਸੰਭਵ ਬਣ ਜਾਂਦੇ ਹਨ। ਇਨ੍ਹਾਂ ਵਿੱਚ ਰਿਕਸ਼ਾ ਚਾਲਕ, ਰੇੜ੍ਹੀਆਂ ਲਾ ਕੇ ਸਾਮਾਨ ਵੇਚਣ ਵਾਲੇ, ਰੱਦੀ ਇਕੱਠੀ ਕਰਨ ਵਾਲੇ, ਭੱਠਿਆਂ ਦੀ ਲੇਬਰ, ਸਬਜੀਆਂ ਤੋੜਨ ਵਾਲੇ, ਆਲੂਆਂ ਦੀ ਪੁਟਾਈ ਵਾਲੇ, ਬਾਗਾਂ ਵਿੱਚ ਕੰਮ ਕਰਨ ਵਾਲੇ, ਇਮਾਰਤਾਂ ਦੀ ਉਸਾਰੀ ਨਾਲ ਸੰਬੰਧਤ ਮਜ਼ਦੂਰ, ਜਿਨ੍ਹਾਂ ਵਿੱਚ ਮਿਸਤਰੀ, ਕਾਰਪੈਂਟਰ, ਇਲੈਕਟਰੀਸ਼ਨ, ਰੰਗ ਰੋਗਨ ਅਤੇ ਸੈਨੇਟਰੀ ਦਾ ਕੰਮ ਕਰਨ ਵਾਲੇ ਆਦਿ ਸ਼ਾਮਲ ਹਨ, ਉਨ੍ਹਾਂ ਉੱਪਰ ਤਾਂ ਆਫਤ ਆ ਗਈ ਹੈ। ਇਨ੍ਹਾਂ ਲੋਕਾਂ ਕੋਲ ਤਾਂ ਪੈਸਾ ਵੀ ਨਹੀਂ ਹੁੰਦਾ ਕਿ ਉਹ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦਾ ਲਾਭ ਉਠਾ ਸਕਣ। ਇੱਕ ਹਫ਼ਤਾ ਦਿਹਾੜੀਦਾਰਾਂ ਦੇ ਪਰਿਵਾਰਾਂ ਦਾ ਭੁੱਖਿਆਂ ਦਾ ਲੰਘ ਗਿਆ ਹੈ। ਨਰੇਗਾ ਦੇ ਪੈਸੇ ਵੀ ਉਨ੍ਹਾਂ ਦੇ ਬਕਾਇਆ ਪਏ ਹਨ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੇ ਹੁਣ ਨਰੇਗਾ ਦੇ ਪੈਸਿਆਂ ਦਾ ਬਕਾਇਆ ਦੇਣ ਲਈ ਕਿਹਾ ਹੈ। ਈਦ ਮਗਰੋਂ ਰੋਜੇ ਰੱਖਣ ਦਾ ਕੀ ਲਾਭ? ਹੁਣ ਤਾਂ ਜੇ ਉਨ੍ਹਾਂ ਦੇ ਪੈਸੇ ਖਾਤਿਆਂ ਵਿੱਚ ਜਮ੍ਹਾਂ ਵੀ ਕਰਵਾਏ ਜਾਣ ਤਾਂ ਉਹ ਘਰੋਂ ਬਾਹਰ ਜਾ ਹੀ ਨਹੀਂ ਸਕਦੇ। ਜੇ ਉਹ ਘਰੋਂ ਬਾਹਰ ਨਿਕਲਦੇ ਹਨ ਤਾਂ ਪੁਲਿਸ ਦੀ ਮਾਰ ਖਾਣੀ ਪੈਂਦੀ ਹੈ। ਉਨ੍ਹਾਂ ਦੇ ਬੱਚੇ ਵਿਲਕਦੇ ਹਨ। ਤਿੰਨ ਹਫਤੇ ਕਿਵੇਂ ਲੰਘਣਗੇ? ਕਰੋਨਾ ਮਾਰੇ ਚਾਹੇ ਨਾ ਮਾਰੇ ਪ੍ਰੰਤੂ ਉਸ ਤੋਂ ਪਹਿਲਾਂ ਭੁੱਖ ਨਾਲ ਮਰ ਜਾਣਗੇ।

ਇਨ੍ਹਾਂ ਗ਼ਰੀਬ ਲੋਕਾਂ ਕੋਲ ਖਾਣ ਪੀਣ ਦਾ ਰਾਸ਼ਨ ਘਰਾਂ ਵਿੱਚ ਜਮ੍ਹਾਂ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਕੋਲ ਇੰਨਾ ਸਰਮਾਇਆ ਹੀ ਨਹੀਂ ਹੁੰਦਾ ਕਿ ਉਹ ਮਹੀਨੇ ਦਾ ਰਾਸ਼ਨ ਖਰੀਦ ਸਕਣ। ਕੇਂਦਰ ਸਰਕਾਰ ਨੇ ਵੀ ਭਾਰਤ ਦੇ 80 ਕਰੋੜ ਦਿਹਾੜੀਦਾਰਾਂ ਨੂੰ ਤਿੰਨ ਮਹੀਨੇ ਦਾ ਰਾਸ਼ਨ ਦੇਣ ਦਾ ਫੈਸਲਾ ਕੀਤਾ ਹੈ। ਇਹ ਰਾਸ਼ਨ 7 ਕਿਲੋ ਦੇ ਹਿਸਾਬ ਨਾਲ ਮਦਦ ਦੇਣ ਦਾ ਐਲਾਨ ਕੀਤਾ ਹੈ। ਇਹ ਤਾਂ ਅਜੇ ਐਲਾਨ ਹੀ ਹੈ, ਕਦੋਂ ਪਹੁੰਚੇਗਾ ਕੋਈ ਪਤਾ ਨਹੀਂ। ਇਹ ਸਰਕਾਰਾਂ ਦੇ ਐਲਾਨ ਹੀ ਹਨ, ਅਮਲ ਵਿੱਚ ਲਿਆਉਣਾ ਸੌਖਾ ਕੰਮ ਨਹੀਂ। ਰਾਸ਼ਨ ਤਾਂ ਲਾਕਡਾਉੂਨ ਦਰਮਿਆਨ ਚਾਹੀਦਾ ਹੈ ਕਿਉਂਕਿ ਉਹ ਘਰੋਂ ਬਾਹਰ ਨਹੀਂ ਨਿਕਲ ਸਕਦੇ। ਬਾਅਦ ਵਿੱਚ ਤਾਂ ਉਹ ਮਜ਼ਦੂਰੀ ਕਰਕੇ ਗੁਜ਼ਾਰਾ ਕਰ ਲੈਣਗੇ।

ਪੰਜਾਬ ਸਰਕਾਰ ਨੇ ਵੀ ਦਿਹਾੜੀਦਾਰਾਂ ਨੂੰ 10 ਲੱਖ ਪੈਕਟ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ 10-10 ਕਿਲੋ ਆਟਾ, 2-2 ਕਿਲੋ ਦਾਲ ਅਤੇ 2-2 ਕਿਲੋ ਚੀਨੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਹ ਵੀ ਸੁਣਿਆ ਹੈ ਕਿ 12000-12000 ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਵੀ ਕਰਵਾਏ ਜਾਣਗੇ। ਚੰਗੀ ਗੱਲ ਹੈ ਜੇਕਰ ਅਮਲੀ ਰੂਪ ਵਿੱਚ ਕੋਈ ਗੜਬੜ ਨਾ ਹੋਈ। ਪੰਜਾਬ ਸਰਕਾਰ ਘਰ ਘਰ ਰਾਸ਼ਨ ਪਹੁੰਚਾ ਰਹੀ ਹੈ। ਇਹ ਵੀ ਮੁਹੱਲਿਆਂ ਵਿੱਚ ਉਨ੍ਹਾਂ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ, ਜਿਹੜੇ ਪੈਸਾ ਖਰਚਕੇ ਖਰੀਦ ਸਕਦੇ ਹਨ। ਸਰਕਾਰ ਨੇ ਲੋਕਾਂ ਨੂੰ ਦੱਸੇ ਟੈਲੀਫੋਨ ਨੰਬਰਾਂ ’ਤੇ ਆਪਣੀ ਜ਼ਰੂਰਤ ਲਿਖਾਉਣ ਲਈ ਕਿਹਾ ਜਾਂਦਾ ਹੈ। ਇਹ ਗ਼ਰੀਬ ਲੋਕ ਇੰਜ ਨਹੀਂ ਕਰ ਸਕਦੇ ਕਿਉਂਕਿ ਇਨ੍ਹਾਂ ਕੋਲ ਤਾਂ ਸਾਧਨ ਹੀ ਨਹੀਂ। ਪੈਸਾ ਵੀ ਹੈ ਨਹੀਂ, ਗੱਲ ਤਾਂ ਸਾਰੀ ਪੈਸੇ ਦੀ ਹੈ। ਪੈਸੇ ਵਾਲੇ ਲੋਕ ਤਾਂ ਹਰ ਹੀਲਾ ਕਰ ਲੈਂਦੇ ਹਨ। ਜਿਹੜੇ ਲੋਕ ਦੂਰ ਦੁਰਾਡੇ ਇਲਾਕਿਆਂ ਵਿੱਚ ਭੱਠਿਆਂ ਤੇ ਕੰਮ ਕਰਦੇ ਹਨ, ਉਹ ਕਿੱਥੋਂ ਰਾਸ਼ਨ ਲੈਣ ਕਿਉਂਕਿ ਉਹ ਦੂਰ ਉਜਾੜ ਵਿੱਚ ਬੈਠੇ ਹਨ। ਉਨ੍ਹਾਂ ਦੇ ਬੱਚੇ ਭੁੱਖੇ ਮਰਦੇ ਹਨ। ਪਿੰਡਾਂ ਵਿੱਚੋਂ ਲੋਕ ਹਰ ਰੋਜ਼ ਦਿਹਾੜੀ ਕਰਨ ਲਈ ਸ਼ਹਿਰਾਂ ਵਿੱਚ ਆਉਂਦੇ ਹਨ। ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਲੇਬਰ ਚੌਕ ਬਣੇ ਹੋਏ ਹਨ। ਉੱਥੇ ਉਹ ਹਰ ਰੋਜ਼ ਚਾਹੇ ਮੀਂਹ ਹੋਵੇ ਚਾਹੇ ਝੱਖੜ ਹੋਵੇ, ਉਹ ਆ ਕੇ ਖੜ੍ਹ ਜਾਂਦੇ ਹਨ। ਲੋਕ ਲੋੜ ਅਨੁਸਾਰ ਉਨ੍ਹਾਂ ਨੂੰ ਦਿਹਾੜੀ ਤੇ ਲੈ ਜਾਂਦੇ ਹਨ। ਉਨ੍ਹਾਂ ਦੇ ਥਾਂ ਟਿਕਾਣੇ ਤਾਂ ਪਤਾ ਨਹੀਂ, ਉਨ੍ਹਾਂ ਦੀ ਪਹਿਚਾਣ ਕਿਵੇਂ ਹੋਵੇਗੀ?

ਝੁੱਗੀਆਂ ਝੌਂਪੜੀਆਂ ਵਾਲੇ ਸਿਕਲੀਗਰ ਵੀ ਅਜਿਹੇ ਹੀ ਕੰਮ ਕਰਦੇ ਹਨ। ਉਨ੍ਹਾਂ ਕੋਲ ਤਾਂ ਕਿਸੇ ਕਿਸਮ ਦਾ ਕੋਈ ਸਾਧਨ ਨਹੀਂ ਹੁੰਦਾ। ਅਸਲ ਵਿੱਚ ਕਰੋਨਾ ਵਾਇਰਸ ਦੀ ਬਿਪਤਾ ਤਾਂ ਉਨ੍ਹਾਂ ਗ਼ਰੀਬਾਂ ਉੱਤੇ ਆਈ ਹੈ। ਹੁਣ ਉਨ੍ਹਾਂ ਨੂੰ ਰਾਸ਼ਨ ਕੌਣ ਦੇਵੇ। ਇੱਕ ਦੋ ਦਿਨ ਤਾਂ ਪਿੰਡਾਂ ਦੇ ਲੋਕ ਦੇ ਦਿੰਦੇ ਹਨ। ਉਸ ਤੋਂ ਬਾਅਦ ਉਹ ਕੀ ਕਰਨ। ਲੋਕ ਪਦਾਰਥਵਾਦੀ ਅਤੇ ਖੁਦਗਰਜ ਹੋ ਗਏ ਹਨ। ਉਨ੍ਹਾਂ ਵਿੱਚੋਂ ਇਨਸਾਨੀਅਤ ਅਲੋਪ ਹੁੰਦੀ ਜਾ ਰਹੀ ਹੈ। ਪਹਿਲਾਂ ਗੁਰਦੁਆਰੇ ਲੰਗਰ ਲਾ ਦਿੰਦੇ ਸਨ, ਹੁਣ ਕਰੋਨਾ ਤੋਂ ਡਰਦਿਆਂ ਕੋਈ ਹਿੰਮਤ ਨਹੀਂ ਕਰਦਾ। ਗੁਰਦੁਆਰਿਆਂ ਨੂੰ ਵੀ ਬੰਦ ਕਰਨ ਦੇ ਹੁਕਮ ਮਿਲ ਗਏ ਹਨ। ਸਵੈਇੱਛਤ ਸੰਸਥਾਵਾਂ ਵੀ ਜਿਹੜੇ ਲੋਕ ਸਰਦੇ ਪੁੱਜਦੇ ਹਨ, ਉਨ੍ਹਾਂ ਤੋਂ ਵਾਹਵਾ ਸ਼ਾਹਵਾ ਲੈਣ ਲਈ ਉਨ੍ਹਾਂ ਕੋਲ ਹੀ ਜਾ ਰਹੀਆਂ ਹਨ। ਜਿਹੜੀਆਂ ਕੁਝ ਸੰਸਥਾਵਾਂ ਅਤੇ ਲੋਕ ਗ਼ਰੀਬਾਂ ਦੀ ਮਦਦ ਕਰਨ ਜਾਂਦੇ ਹਨ, ਉਹ ਤਾਂ ਅਖਬਾਰਾਂ ਅਤੇ ਸੋਸ਼ਲ ਮੀਡੀਆ ਉੱਪਰ ਫੋਟੋਆਂ ਪਾਉਣ ਲਈ ਜਾਂਦੇ ਹਨ। ਸਾਮਾਨ ਥੋੜ੍ਹਾ ਦਿੰਦੇ ਹਨ, ਪ੍ਰਚਾਰ ਜ਼ਿਆਦਾ ਕਰਦੇ ਹਨ। ਇੱਕ ਕਿਸਮ ਨਾਲ ਗ਼ਰੀਬਾਂ ਨੂੰ ਉਨ੍ਹਾਂ ਦੀਆਂ ਤਸਵੀਰਾਂ ਅਖਬਾਰਾਂ ਵਿੱਚ ਲਗਾਕੇ ਜ਼ਲੀਲ ਕਰਦੇ ਹਨ। ਗ਼ਰੀਬ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕੁਝ ਮਿਲ ਨਹੀਂ ਰਿਹਾ, ਐਲਾਨ ਹੀ ਜ਼ਿਆਦਾ ਹੋ ਰਹੇ ਹਨ।

ਅਜਿਹੀਆਂ ਕੁਦਰਤੀ ਆਫਤਾਂ ਮੌਕੇ ਨਿਰਾ ਪੁਰਾ ਸਰਕਾਰ ਉੱਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਸਰਕਾਰ ਹਰ ਕੰਮ ਨਹੀਂ ਕਰ ਸਕਦੀ। ਅਜਿਹੇ ਮੌਕੇ ਤੇ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵੀ ਮਨੁੱਖਤਾ ਦੀ ਸੇਵਾ ਲਈ ਵੱਧ ਚੜ੍ਹਕੇ ਆਪਣਾ ਯੋਗਦਾਨ ਪਾਵੇ। ਇਸ ਸੇਵਾ ਨੂੰ ਦੋ ਭਾਗਾਂ ਵਿੱਚ ਵੰਡ ਲਿਆ ਜਾਵੇ ਤਾਂ ਬਿਹਤਰ ਹੋਵੇਗਾ। ਪਿੰਡਾਂ ਅਤੇ ਸ਼ਹਿਰਾਂ ਨੂੰ ਦੋ ਭਾਗਾਂ ਵਿੱਚ ਵੰਡਕੇ ਮਨੁੱਖਤਾ ਦਾ ਭਲਾ ਕੀਤਾ ਜਾਵੇ। ਪਿੰਡਾਂ ਲਈ ਪਿੰਡਾਂ ਦੇ ਲੋਕ ਸੇਵਾ ਕਰਨ। ਪਿੰਡਾਂ ਦੇ ਲੋਕਾਂ ਵਿੱਚ ਭਾਈਚਾਰਕ ਸਾਂਝ ਕੁਝ ਜ਼ਿਆਦਾ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਆਪੋ ਆਪਣੇ ਪਿੰਡ ਵਿੱਚ ਰਹਿ ਰਹੇ ਦਿਹਾੜੀਦਾਰਾਂ ਅਤੇ ਗ਼ਰੀਬ ਲੋਕਾਂ ਦੀ ਖਾਣ ਪੀਣ ਦਾ ਸਾਮਾਨ ਦੇਣ ਦੀ ਜ਼ਿੰਮੇਵਾਰੀ ਲੈ ਲੈਣੀ ਚਾਹੀਦੀ ਹੈ। ਇਸ ਤੋਂ ਵੱਡਾ ਮਾਨਵਤਾ ਦੀ ਸੇਵਾ ਕਰਨ ਦਾ ਹੋਰ ਵਧੀਆ ਮੌਕਾ ਨਹੀਂ ਮਿਲਣਾ। ਤੁਸੀਂ ਪਰਮਾਤਮਾ ਦੇ ਨੁਮਾਇੰਦੇ ਬਣਕੇ ਅੱਗੇ ਆਓ ਅਤੇ ਵਾਹਿਗੁਰੂ ਦਾ ਅਸ਼ੀਰਵਾਦ ਲਓ। ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਆਪਣੀ ਆਮਦਨ ਵਿੱਚੋਂ 5-5 ਹਜ਼ਾਰ ਰੁਪਇਆ ਹਰ ਰੋਜ਼ ਦੇ ਹਿਸਾਬ ਨਾਲ ਖਰਚਣ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਪੰਚਾਇਤਾਂ ਵੀ ਗ਼ਰੀਬਾਂ ਦੀ ਮਦਦ ਕਰਨ ਲਈ ਅੱਗੇ ਆ ਸਕਦੀਆਂ ਹਨ। ਕਈ ਪੰਚਾਇਤਾਂ ਤਾਂ ਸ਼ਲਾਘਾਯੋਗ ਕੰਮ ਕਰ ਵੀ ਰਹੀਆਂ ਹਨ। ਇਸੇ ਤਰ੍ਹਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਵੈਇੱਛਤ ਸੰਸਥਾਵਾਂ ਜੋ ਖੁੰਬਾਂ ਵਾਂਗੂੰ ਪੈਦਾ ਹੋਈਆਂ ਹਨ, ਉਨ੍ਹਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਮੁਹੱਲਿਆਂ ਵਿੱਚ ਵਸ ਰਹੇ ਅਜਿਹੇ ਗ਼ਰੀਬ ਲੋਕਾਂ ਨੂੰ ਘਰੋ ਘਰੀ ਜਾ ਕੇ ਖਾਣਾ ਮੁਹੱਈਆ ਕਰਵਾਇਆ ਜਾਵੇ। ਇਸ ਮੰਤਵ ਲਈ ਸਰਕਾਰ ਤੱਕ ਪਹੁੰਚ ਕਰਕੇ ਪਾਸ ਬਣਵਾ ਲਏ ਜਾਣ। ਸ਼ਹਿਰਾਂ ਅਤੇ ਕਸਬਿਆਂ ਵਿੱਚ ਵਾਰਡਵਾਈਜ਼ ਸੇਵਾ ਵੰਡ ਲੈਣੀ ਚਾਹੀਦੀ ਹੈ। ਜੇਕਰ ਵੰਡ ਕੇ ਸੇਵਾ ਕਰਾਂਗੇ ਤਾਂ ਸੌਖਾ ਰਹੇਗਾ। ਇਹ ਸੇਵਾ ਕਰਦਿਆਂ ਕਰੋਨਾ ਵਾਇਰਸ ਤੋਂ ਬਚਣ ਦੇ ਸਾਰੇ ਉਪਾਅ ਵਰਤੇ ਜਾਣ ਤਾਂ ਜੋ ਉਸਦੇ ਕਹਿਰ ਤੋਂ ਬਚਿਆ ਜਾ ਸਕੇ। ਹੁਣ ਇੱਕ ਦੂਜੇ ਦੀ ਦੇਖਾ ਦੇਖੀ ਪੁਲਿਸ, ਰਾਜਨੀਤਕ ਪਾਰਟੀਆਂ, ਸਵੈਇੱਛਤ ਸੰਸਥਾਵਾਂ ਅਤੇ ਪੰਚਾਇਤਾਂ ਗਰੀਬ ਦਿਹਾੜੀਦਾਰਾਂ ਅਤੇ ਝੁਗੀ ਝੌਂਪੜੀ ਵਾਲਿਆਂ ਦੀ ਮਦਦ ਲਈ ਅੱਗੇ ਆਈਆਂ ਹਨ, ਜੋ ਕਿ ਸ਼ੁਭ ਸ਼ਗਨ ਹੈ। ਸਿਆਸੀ ਪਾਰਟੀਆਂ ਜਿਨ੍ਹਾਂ ਵਿੱਚ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਇੱਕ ਦੂਜੇ ਤੋਂ ਅੱਗੇ ਹੋ ਕੇ ਅਖ਼ਬਾਰਾਂ ਵਿੱਚ ਖ਼ਬਰਾਂ ਲਗਵਾਉਣ ਲਈ ਲੋੜਮੰਦਾਂ ਦੀ ਮਦਦ ਕਰਨ ਲਈ ਆਪਣੀਆਂ ਕਾਰਵਾਈਆਂ ਪਾ ਰਹੇ ਹਨ। ਰਾਜਨੀਤਕ ਪਾਰਟੀਆਂ ਸਿਆਸੀ ਲਾਹਾ ਲੈਣ ਲਈ ਜ਼ੋਰ ਸ਼ੋਰ ਨਾਲ ਗ਼ਰੀਬਾਂ ਨੂੰ ਰਾਸ਼ਨ ਵੰਡ ਰਹੀਆਂ ਹਨ।

ਕਰਫਿਉੂ ਲਾਗੂ ਕਰਵਾਉਣ ਦੀ ਆੜ ਵਿੱਚ ਕੁਝ ਪੁਲਿਸ ਕਰਮਚਾਰੀਆਂ ਨੇ ਲੋਕਾਂ ਉੱਤੇ ਤਸ਼ੱਦਦ ਕੀਤਾ, ਜਿਸਦੀਆਂ ਵੀਡੀਓ ਵਾਇਰਲ ਹੋਣ ਨਾਲ ਪੁਲਿਸ ਦੀ ਬਦਨਾਮੀ ਹੋਈ। ਮੁੱਖ ਮੰਤਰੀ ਦੀ ਘੁਰਕੀ ਤੋਂ ਬਾਅਦ ਬਦਨਾਮੀ ਦਾ ਧੱਬਾ ਮਿਟਾਉਣ ਲਈ ਹੁਣ ਸਮੁੱਚੇ ਪੰਜਾਬ ਵਿੱਚ ਪੁਲਿਸ ਨੇ ਗ਼ਰੀਬਾਂ ਨੂੰ ਰਾਸ਼ਨ ਵੰਡਣਾ ਵੱਡੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਦਿਹਾੜੀਦਾਰਾਂ ਅਤੇ ਮਜ਼ਦੂਰਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਫੈਕਟਰੀਆਂ ਦਾ ਕਾਰੋਬਾਰ ਸ਼ੁਰੂ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਪ੍ਰੰਤੂ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਕਰੋਨਾ ਤੋਂ ਬਚਾ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਅਣਗਹਿਲੀ ਨਹੀਂ ਕਰਨੀ ਚਾਹੀਦੀ। ਅਜੇ ਤੱਕ ਤਾਂ ਪੰਜਾਬ ਵਿੱਚ ਬਚਾ ਹੈ ਪ੍ਰੰਤੂ ਥੋੜ੍ਹੀ ਜਿਹੀ ਢਿੱਲ ਦੌਰਾਨ ਅਦਗਹਿਲੀ ਵਿਕਰਾਲ ਰੂਪ ਧਾਰ ਸਕਦੀ ਹੈ। ਇਸ ਲਈ ਪਬਲਿਕ ਅਤੇ ਸਰਕਾਰ ਨੂੰ ਅਵੇਸਲਾ ਨਹੀਂ ਹੋਣਾ ਚਾਹੀਦਾ। ਅਜਿਹੀਆਂ ਬਿਮਾਰੀਆਂ ਅਸਥਾਈ ਹੁੰਦੀਆਂ ਹਨ। ਗ਼ਰੀਬਾਂ ਦੀ ਮਦਦ ਕਰਦਿਆਂ ਸਾਰੀਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2028)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author