UjagarSingh7ਡਾ. ਦਲਜੀਤ ਸਿੰਘ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਨੇ ...
(31 ਦਸੰਬਰ 2017)

 
DaljitSinghDr3

 ਡਾਕਟਰ ਦਲਜੀਤ ਸਿੰਘ
11 ਅਕਤੂਬਰ 1934     -      27 ਦਸੰਬਰ 2017

ਅਜੋਕੇ ਪਦਾਰਥਵਾਦੀ ਅਤੇ ਆਧੁਨਿਕਤਾ ਦੇ ਯੁਗ ਦੇ ਅਸਰ ਨਾਲ ਮਨੁੱਖੀ ਕਦਰਾਂ ਕੀਮਤਾਂ ਵਿਚ ਗਿਰਾਵਟ ਆ ਗਈ ਹੈ। ਇਨਸਾਨ ਵਿੱਚੋਂ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ। ਭਾਵੇਂ ਇਨਸਾਨ ਕੋਈ ਵੀ ਕੰਮ ਕਰ ਰਿਹਾ ਹੈ, ਉਹ ਉਸ ਵਿੱਚੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਲਾਲਚ ਪ੍ਰਧਾਨ ਹੋ ਰਿਹਾ ਹੈ। ਹਰ ਕੰਮ ਨੂੰ ਵਿਉਪਾਰ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ। ਖਾਸ ਤੌਰ ’ਤੇ ਮੈਡੀਕਲ ਪ੍ਰੋਫ਼ੈਸ਼ਨ ਵਿਚ ਨਿਘਾਰ ਆ ਗਿਆ ਹੈ। ਇਸ ਪ੍ਰੋਫ਼ੈਸ਼ਨ ਨੂੰ ਵੱਡੇ ਵਪਾਰਕ ਅਦਾਰਿਆਂ ਨੇ ਆਪਣੇ ਹੱਥਾਂ ਵਿਚ ਲੈ ਕੇ ਵਿਉਪਾਰ ਬਣਾ ਲਿਆ ਹੈ, ਇਸ ਲਈ ਗ਼ਰੀਬ ਲੋਕਾਂ ਲਈ ਇਲਾਜ ਕਰਾਉਣਾ ਅਸੰਭਵ ਹੋ ਗਿਆ ਹੈ। ਇਸ ਸੰਸਾਰ ਵਿਚ ਅਨੇਕਾਂ ਪ੍ਰਾਣੀ ਆਉਂਦੇ ਹਨ ਅਤੇ ਆਪਣੀ ਜ਼ਿੰਦਗੀ ਬਸਰ ਕਰਕੇ ਚਲਦੇ ਬਣਦੇ ਹਨ ਪ੍ਰੰਤੂ ਕੁਝ ਇਨਸਾਨ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਜੀਵਨ ਰਹਿੰਦੀ ਦੁਨੀਆਂ ਤੱਕ ਚਾਨਣ ਮੁਨਾਰਾ ਬਣਿਆ ਰਹਿੰਦਾ ਹੈ। ਇਨ੍ਹਾਂ ਵਿੱਚੋਂ ਵਿਸ਼ਵ ਪ੍ਰਸਿੱਧ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਰ ਡਾ. ਦਲਜੀਤ ਸਿੰਘ ਇੱਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਇਨਸਾਨੀਅਤ ਦੀ ਭਲਾਈ ਦੇ ਲੇਖੇ ਲਾ ਦਿੱਤਾ।

ਡਾ. ਦਲਜੀਤ ਸਿੰਘ ਇਨਸਾਨੀ ਰੂਪ ਵਿਚ ਅੱਜ ਕਲ੍ਹ ਦੇ ਪਦਾਰਥਵਾਦੀ ਯੁਗ ਵਿਚ ਫ਼ਰਿਸ਼ਤੇ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸਨ। ਇੱਕ ਧਾਰਮਿਕ ਪਰਿਵਾਰ ਵਿਚ ਜਨਮ ਲੈ ਕੇ ਸਿੱਖ ਧਰਮ ਦੀ ਵਿਚਾਰਧਾਰਾ ‘ਸਰਬਤ ਦਾ ਭਲਾ’ ’ਤੇ ਪਹਿਰਾ ਦੇਣ ਦੀ ਪ੍ਰਵਿਰਤੀ ਉਨ੍ਹਾਂ ਨੂੰ ਵਿਰਸੇ ਵਿੱਚੋਂ ਹੀ ਮਿਲ ਗਈ ਸੀ, ਜਿਸ ਨੂੰ ਡਾ. ਦਲਜੀਤ ਸਿੰਘ ਨੇ ਸਹੀ ਅਰਥਾਂ ਵਿਚ ਪ੍ਰਵਾਨ ਕਰਦਿਆਂ ਅਮਲੀ ਰੂਪ ਦਿੱਤਾ। ਕਹਿਣੀ ਅਤੇ ਕਰਨੀ ਦੇ ਮਾਲਕ ਸਨ। ਸੱਚੇ-ਸੁੱਚੇ ਇਨਸਾਨ, ਪਵਿੱਤਰ ਵਿਚਾਰਾਂ ਵਾਲੇ, ਗ਼ਰੀਬਾਂ ਦੇ ਮੁਦਈ ਅਤੇ ਹਮਦਰਦ ਸਨ। ਇਨਸਾਨੀਅਤ ਉਨ੍ਹਾਂ ਵਿਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਡਾਕਟਰ ਦਲਜੀਤ ਸਿੰਘ ਸ਼ਪਸ਼ਟ ਮੂੰਹ ’ਤੇ ਗੱਲ ਕਹਿਣ ਵਾਲੇ ਵਿਅਕਤੀ ਸਨ। ਕੋਈ ਗੱਲ ਦਿਲ ਵਿਚ ਨਹੀਂ ਰੱਖਦੇ ਸਨ, ਸਗੋਂ ਸਾਫਗੋਈ ਨਾਲ ਕਹਿ ਦਿੰਦੇ ਸਨ, ਭਾਵੇਂ ਕੋਈ ਕਿੰਨਾ ਹੀ ਵੱਡਾ ਵਿਅਕਤੀ ਕਿਉਂ ਨਾ ਹੋਵੇਉਨ੍ਹਾਂ ਲਈ ਗ਼ਰੀਬ ਅਤੇ ਅਮੀਰ ਸਭ ਬਰਾਬਰ ਸਨ ਸਗੋਂ ਉਹ ਗ਼ਰੀਬ ਮਰੀਜਾਂ ਨੂੰ ਪ੍ਰਮੁੱਖਤਾ ਦਿੰਦੇ ਸਨ। ਨਿਮਰਤਾ ਉਨ੍ਹਾਂ ਵਿਚ ਇੰਨੀ ਸੀ ਕਿ ਕਿਸੇ ਮਰੀਜ਼ ਨੂੰ ਨਰਾਜ਼ ਨਹੀਂ ਹੋਣ ਦਿੰਦੇ ਸਨ। ਇਲਾਜ ਭਾਵੇਂ ਅੱਖਾਂ ਦਾ ਕਰਦੇ ਸਨ ਪ੍ਰੰਤੂ ਮਰੀਜਾਂ ਦੇ ਦਿਲਾਂ ’ਤੇ ਰਾਜ ਕਰਦੇ ਸਨ। ਉਹ ਹਰ ਇਨਸਾਨ ਵਲ ਰਹਿਮ ਦਿਲੀ ਅਤੇ ਨਿਮਰਤਾ ਨਾਲ ਵੇਖਦੇ ਹੀ ਨਹੀਂ ਸਨ ਸਗੋਂ ਲੋੜਵੰਦ ਗ਼ਰੀਬਾਂ ਦੀਆਂ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਕਰਕੇ ਉਨ੍ਹਾਂ ਦੀਆਂ ਅੱਖਾਂ ਅਤੇ ਦਿਲਾਂ ਵਿਚ ਮਹਾਨਤਾ ਦੀ ਰੌਸ਼ਨੀ ਪ੍ਰਜਵਲਿਤ ਕਰ ਦਿੰਦੇ ਸਨ। ਮਾਨਵਤਾ ਦੀ ਸੇਵਾ ਕਰਕੇ ਉਨ੍ਹਾਂ ਨੂੰ ਸੰਤੁਸ਼ਟੀ ਮਿਲਦੀ ਸੀ, ਇਸ ਲਈ ਡਾਕਟਰੀ ਪ੍ਰੋਫੈਸ਼ਨ ਉਨ੍ਹਾਂ ਨੂੰ ਮਾਰਗ ਦਰਸ਼ਕ ਦੇ ਤੌਰ ’ਤੇ ਯਾਦ ਕਰਦਾ ਰਹੇਗਾ। ਉਨ੍ਹਾਂ ਡਾਕਟਰੀ ਇਲਾਜ ਨੂੰ ਵਪਾਰ ਨਹੀਂ ਬਣਨ ਦਿੱਤਾ।

ਡਾ. ਦਲਜੀਤ ਸਿੰਘ ਦਾ ਜਨਮ ਸਿੱਖ ਧਰਮ ਦੇ ਵਿਆਖਿਆਕਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਟੀਕਾਕਾਰ ਡਾ. ਸਾਹਿਬ ਸਿੰਘ ਦੇ ਘਰ 11 ਅਕਤੂਬਰ 1934 ਨੂੰ ਅਮ੍ਰਿਤਸਰ ਵਿਖੇ ਹੋਇਆ। ਉਹਨਾਂ ਦੇ 5 ਭਰਾ ਅਤੇ ਇੱਕ ਭੈਣ ਸੀ, ਜੋ ਪ੍ਰੋਫੈਸਰ ਪ੍ਰੀਤਮ ਸਿੰਘ ਨੂੰ ਵਿਆਹੀ ਹੋਈ ਸੀ। ਉਨ੍ਹਾਂ ਦਾ ਭਾਣਜਾ ਜੈਰੂਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਉਪ ਕੁਲਪਤੀ ਅਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦਾ ਕੁਲਪਤੀ ਰਿਹਾ ਹੈ। ਭਾਣਜੀ ਡਾਕਟਰ ਹਰਸ਼ਿੰਦਰ ਕੌਰ ਪ੍ਰਸਿੱਧ ਸਮਾਜ ਸੇਵਕ ਅਤੇ ਭਰੂਣ ਹੱਤਿਆਵਾਂ ਦੇ ਵਿਰੁੱਧ ਲਹਿਰ ਪੈਦਾ ਕਰਨ ਵਾਲੀ ਸ਼ਖ਼ਸੀਅਤ ਹੈ।

ਮੁੱਢਲੀ ਸਿੱਖਿਆ ਤੋਂ ਬਾਅਦ ਡਾ. ਦਲਜੀਤ ਸਿੰਘ ਨੇ  ਪ੍ਰੀ ਮੈਡੀਕਲ ਖਾਲਸਾ ਕਾਲਜ ਅਮ੍ਰਿਤਸਰ ਤੋਂ ਪਾਸ ਕਰਕੇ ਮੈਡੀਕਲ ਕਾਲਜ ਅਮ੍ਰਿਤਸਰ ਵਿਚ ਐੱਮ.ਬੀ.ਬੀ.ਐੱਸ.ਦੀ ਡਿਗਰੀ ਲਈ ਦਾਖ਼ਲਾ ਲੈ ਲਿਆ। 1956 ਵਿਚ ਐੱਮ.ਐੱਮ.ਬੀ.ਬੀ.ਐੱਸ.ਕਰਨ ਤੋਂ ਬਾਅਦ ਦਿਹਾਤੀ ਖੇਤਰ ਵਿਚ ਨੌਕਰੀ ਸ਼ੁਰੂ ਕੀਤੀ ਅਤੇ ਪਿੰਡਾਂ ਦੇ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਰਹੇ। ਫਿਰ ਉਨ੍ਹਾਂ ਨੇ ਮੈਡੀਕਲ ਕਾਲਜ ਅੰਮਿ੍ਰਤਸਰ ਵਿੱਚੋਂ ਹੀ ਅਪਥਾਮੌਲੋਜੀ ਅਰਥਾਤ ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਦੀ ਮਾਸਟਰ ਡਿਗਰੀ 1963 ਵਿਚ ਪਾਸ ਕੀਤੀ। ਮਈ 1964 ਵਿਚ ਮੈਡੀਕਲ ਕਾਲਜ ਅਮ੍ਰਿਤਸਰ ਦੇ ਅੱਖਾਂ ਦੇ ਵਿਭਾਗ ਵਿਚ ਸੀਨੀਅਰ ਲੈਕਚਰਾਰ ਦੀ ਨੌਕਰੀ ਜਾਇਨ ਕਰ ਲਈ। ਉਨ੍ਹਾਂ 23 ਸਾਲ ਪਟਿਆਲਾ ਅਤੇ ਅਮ੍ਰਿਤਸਰ ਮੈਡੀਕਲ ਕਾਲਜਾਂ ਵਿਚ ਨੌਕਰੀ ਕਰਨ ਤੋਂ ਬਾਅਦ ਅਮ੍ਰਿਤਸਰ ਵਿਖੇ ਹੀ ਡਾਕਟਰ ਦਲਜੀਤ ਸਿੰਘ ਅੱਖਾਂ ਦਾ ਹਸਪਤਾਲ ਖੋਲ੍ਹ ਲਿਆ। ਡਾਕਟਰ ਦਲਜੀਤ ਸਿੰਘ ਪਟਿਆਲਾ ਅਤੇ ਅਮ੍ਰਿਤਸਰ ਮੈਡੀਕਲ ਕਾਲਜਾਂ ਦੇ ਪ੍ਰੋਫ਼ੈਸਰ ਆਫ ਅਮੈਰਿਟਸ ਵੀ ਰਹੇ।

ਡਾ. ਦਲਜੀਤ ਸਿੰਘ ਨੇ ਡਾਕਟਰੀ ਕਿਤੇ ਨਾਲ ਸੰਬੰਧਤ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਵਿਚ ਹਿੱਸਾ ਲਿਆ ਅਤੇ ਆਪਣੀ ਧਾਂਕ ਜਮਾਈ। ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਸੰਬੰਧੀ ਉਨ੍ਹਾਂ ਦੀਆਂ ਖੋਜਾਂ ਸਰਬ ਪ੍ਰਮਾਣਿਤ ਹੋਈਆਂ ਹਨ। ਅਜੇ ਉਹ ਇਨ੍ਹਾਂ ਖੋਜਾਂ ਨੂੰ ਹੋਰ ਵਿਕਸਤ ਕਰਨ ਦੀ ਅਗੇਤਰੀ ਖੋਜ ਕਰ ਰਹੇ ਸਨ ਪ੍ਰੰਤੂ ਉਨ੍ਹਾਂ ਦਾ ਇਹ ਸੁਪਨਾ ਅਧੂਰਾ ਹੀ ਰਹਿ ਗਿਆ। ਲਗਪਗ 32 ਸਾਲ ਉਹ ਆਪਣੇ ਹਸਪਤਾਲ ਵਿਚ ਵੀਰਵਾਰ ਵਾਲੇ ਦਿਨ ਗਰੀਬ ਲੋਕਾਂ ਦੀਆਂ ਅੱਖਾਂ ਦਾ ਮੁਫ਼ਤ ਨਿਰੀਖਣ ਅਤੇ ਇਲਾਜ ਕਰਦੇ ਰਹੇ। ਭਾਰਤ ਵਿਚ ਪਹਿਲੀ ਵਾਰ ਅੱਖਾਂ ਦੇ ਲੈਂਜ਼ ਬਦਲਣ ਦੇ ਅਪ੍ਰੇਸ਼ਨ ਕਰਨ ਦਾ ਮਾਣ ਡਾਕਟਰ ਦਲਜੀਤ ਸਿੰਘ ਨੂੰ ਜਾਂਦਾ ਹੈ, ਜਿਸਦੇ ਸਿੱਟੇ ਵਜੋਂ ਉਨ੍ਹਾਂ ਲੱਖਾਂ ਲੋਕਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਕਰਕੇ ਅੱਖਾਂ ਦੀ ਰੌਸ਼ਨੀ ਦਿੱਤੀ।

ਡਾ. ਦਲਜੀਤ ਸਿੰਘ ਅਜਿਹੇ ਪਹਿਲੇ ਭਾਰਤੀ ਸਰਜਨ ਹਨ, ਜਿਨ੍ਹਾਂ ਭਾਰਤ ਵਿਚ ਲੈਂਜ਼ ਖ਼ੁਦ ਬਣਾਉਣੇ ਸ਼ੁਰੂ ਕੀਤੇ ਅਤੇ ਬਾਅਦ ਵਿਚ ਰੋਟਰੀ ਕਲੱਬ ਦੇ ਸਹਿਯੋਗ ਨਾਲ ਲੈਂਜ਼ ਬਣਾਉਣ ਵਾਲੀ ਮਸ਼ੀਨ ਅਮਰੀਕਾ ਤੋਂ ਖਰੀਦ ਕੇ ਲਿਆਂਦੀ ਬਾਹਰਲੇ ਦੇਸ਼ਾਂ ਵਿੱਚੋਂ ਲਿਆ ਕੇ ਲੈਂਜ਼ ਪਾਉਣੇ ਮਹਿੰਗੇ ਪੈਂਦੇ ਸਨ, ਜਿਨ੍ਹਾਂ ਦਾ ਖ਼ਰਚ ਗ਼ਰੀਬ ਲੋਕ ਕਰ ਨਹੀਂ ਸਕਦੇ ਸਨ। ਕਹਿਣ ਤੋਂ ਭਾਵ ਅੱਖਾਂ ਦੀਆਂ ਬਿਮਾਰੀਆਂ ਦਾ ਸਭ ਤੋਂ ਸਸਤਾ ਇਲਾਜ ਭਾਰਤ ਵਿਚ ਦੇਣ ਦਾ ਮਾਣ ਵੀ ਡਾਕਟਰ ਦਲਜੀਤ ਸਿੰਘ ਨੂੰ ਹੀ ਜਾਂਦਾ ਹੈ। ਅੱਖਾਂ ਦੇ ਪਰਦੇ ਦਾ ਅਪ੍ਰੇਸ਼ਨ ਅਤੇ ਇਲਾਜ ਨਾਰਥ ਇੰਡੀਆ ਵਿਚ ਕਰਨ ਵਾਲੇ ਵੀ ਆਪ ਪਹਿਲੇ ਡਾਕਟਰ ਸਨ। ਭਾਰਤ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਨੂੰ ਆਪਨੇ ਲੈਂਜ਼ ਬਦਲਣ ਦੀ ਸਿੱਖਿਆ ਦਿੱਤੀ, ਇਸ ਕਰਕੇ ਆਪ ਨੂੰ ਮੈਡੀਕਲ ਜਗਤ ਦਾ ਭੀਸ਼ਮ ਪਿਤਾਮਾ ਕਿਹਾ ਜਾਂਦਾ ਹੈ।

ਡਾ. ਦਲਜੀਤ ਸਿੰਘ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਨੇ 1987 ਵਿਚ ਪਦਮ ਸ਼੍ਰੀ ਦਾ ਖ਼ਿਤਾਬ ਦੇ ਕੇ ਸਨਮਾਨਿਤ ਕੀਤਾ ਸੀ। ਮੈਡੀਕਲ ਕੌਂਸਲ ਆਫ ਇੰਡੀਆ ਨੇ ਵੀ ਆਪ ਦੇ ਯੋਗਦਾਨ ਨੂੰ ਮੁੱਖ ਰੱਖਦਿਆਂ ਮੈਡੀਕਲ ਖੇਤਰ ਦਾ ਸਰਬਉੱਚ ਡਾ. ਬੀ.ਸੀ. ਰਾਏ ਅਵਾਰਡ 1994 ਵਿਚ ਦੇ ਕੇ ਨਿਵਾਜਿਆ ਸੀ। ਉਹ ਸਮੁੱਚੇ ਭਾਰਤ ਵਿਚ ਅੱਖਾਂ ਦੇ ਸਫ਼ਲ ਸਰਜਨ ਗਿਣੇ ਜਾਂਦੇ ਹਨ। ਆਪ ਗਿਆਨੀ ਜ਼ੈਲ ਸਿੰਘ, ਭਾਰਤ ਦੇ ਰਾਸ਼ਟਰਪਤੀ ਦੇ ਅੱਖਾਂ ਦੇ ਆਨਰੇਰੀ ਸਰਜਨ ਸਨ। ਉਹ ਇੱਕ ਨਿਰ ਵਿਵਾਦ ਸਮਾਜ ਸੇਵਕ ਅਤੇ ਮਾਨਵਤਾ ਦੇ ਪੁਜਾਰੀ ਦੇ ਤੌਰ ’ਤੇ ਜਾਣੇ ਜਾਂਦੇ ਹਨ।

ਡਾ. ਦਲਜੀਤ ਸਿੰਘ ਸਰਬਪੱਖੀ ਸ਼ਖ਼ਸ਼ੀਅਤ ਦੇ ਮਾਲਕ ਸਨ। ਸਾਹਿਤਕ ਖੇਤਰ ਵਿਚ ਵੀ ਆਪਦਾ ਯੋਗਦਾਨ ਮਹੱਤਵਪੂਰਨ ਹੈ। ਆਪਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਲਗਭਗ ਇੱਕ ਦਰਜਨ ਪੁਸਤਕਾਂ ਪਾਈਆਂ ਹਨ, ਜਿਨ੍ਹਾਂ ਵਿਚ ਦੋ ਕਾਵਿ ਸੰਗ੍ਰਹਿ ‘ਧਰਤੀ ਤ੍ਰਿਹਾਈ’ ਅਤੇ ‘ਸਿਧਰੇ ਬੋਲ ਤੇ ਬਾਵਰੇ ਬੋਲ’, ਵਾਰਤਕ ਦੀਆਂ ਚਾਰ: ਦੂਜਾ ਪਾਸਾ, ਸੱਚ ਦੀ ਭਾਲ ਵਿਚ, ਬਦੀ ਦੀ ਜੜ੍ਹ ਅਤੇ ਨਰੋਈ ਅੱਖ ਅਤੇ 3 ਅਨੁਵਾਦ ਦੀਆਂ: ਨਿੱਤ ਡੱਸੇ ਮਾਇਆ ਨਾਗਣ, ਧਰਤੀ ਦੀ ਹਿੱਕ ਵਿਚ ਖ਼ੂਨੀ ਪੰਜਾ ਅਤੇ ਸਦਾ ਮਹਾਨ ਨਿਪੋਲੀਅਨ ਬੀਮਾਰੀ ਦੀ ਹਾਲਤ ਵਿਚ ਅਨੁਵਾਦ ਕੀਤੀਆਂ ਹਨ। ਰੋਜ਼ਾਨਾ ਅਖ਼ਬਾਰਾਂ ਵਿਚ ਚਲੰਤ ਮਸਲਿਆਂ ਉੱਪਰ ਵੀ ਆਪਦੇ ਲੇਖ ਪ੍ਰਕਾਸ਼ਿਤ ਹੁੰਦੇ ਰਹਿੰਦੇ ਸਨ।

ਡਾ. ਦਲਜੀਤ ਸਿੰਘ ਨੇ 2014 ਵਿਚ ਆਮ ਆਦਮੀ ਪਾਰਟੀ ਦੇ ਟਿਕਟ ’ਤੇ ਅਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਲੜੀ ਸੀਉਹ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਇਕਾਈ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਵੀ ਰਹੇ ਹਨ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਗ਼ਲਤ ਫੈਸਲੇ ਕਰਨ ਕਰਕੇ ਉਹ ਪਾਰਟੀ ਤੋਂ ਵੱਖ ਹੋ ਗਏ ਸਨ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ 2016 ਵਿਚ ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਪ੍ਰੰਤੂ ਸਿਆਸਤ ਉਨ੍ਹਾਂ ਨੂੰ ਰਾਸ ਨਾ ਆਈ। ਭਾਵੇਂ ਉਹ ਇੱਕ ਸੁਲਝੇ ਹੋਏ ਵਿਦਵਾਨ ਸਿੱਖ ਸਨ ਪ੍ਰੰਤੂ ਆਪ ਕਮਿਉਨਿਸਟ ਵਿਚਾਰਧਾਰਾ ਦੇ ਵੀ ਸਮਰਥਕ ਸਨ।

ਡਾ. ਦਲਜੀਤ ਸਿੰਘ ਥੋੜ੍ਹਾ ਸਮਾਂ ਬਿਮਾਰ ਰਹਿਣ ਉਪਰੰਤ 27 ਦਸੰਬਰ (ਬੀਤੇ ਬੁੱਧਵਾਰ) ਨੂੰ 83 ਸਾਲ ਦੀ ਉਮਰ ਵਿਚ ਅਮ੍ਰਿਤਸਰ ਵਿਖੇ ਸਵਰਗ ਸਿਧਾਰ ਗਏ। ਆਪ ਦੇ ਦੋਵੇਂ ਸਪੁੱਤਰ ਡਾ. ਰਵੀਜੀਤ ਸਿੰਘ ਅਤੇ ਡਾ. ਕਿਰਨਜੀਤ ਸਿੰਘ ਅਤੇ ਦੋਵੇਂ ਨੂੰਹਾਂ ਡਾ. ਬਿੰਦੂ ਬਾਲਾ ਅਤੇ ਡਾ. ਸੀਮਾ ਅਮ੍ਰਿਤਸਰ ਵਿਖੇ ‘ਡਾਕਟਰ ਦਲਜੀਤ ਸਿੰਘ ਅੱਖਾਂ ਦਾ ਹਸਪਤਾਲ’ ਚਲਾ ਰਹੇ ਹਨ। ਆਪ ਨੇ ਉਨ੍ਹਾਂ ਨੂੰ ਸਿਖਿਆ ਦਿੰਦਿਆਂ ਕਿਹਾ ਸੀ ਕਿ ਪੈਸਾ ਕਮਾਉਣ ਦੀ ਚਿੰਤਾ ਨਾ ਕਰਿਓ, ਸਫਲਤਾ ਤੁਹਾਡੇ ਪੈਰ ਚੁੰਮੇਗੀ। ਡਾਕਟਰ ਦਲਜੀਤ ਸਿੰਘ ਦੋਸਤਾਂ ਦੇ ਦੋਸਤ ਅਤੇ ਯਾਰਾਂ ਦੇ ਯਾਰ ਸਨ। ਦੋਸਤਾਂ ਤੋਂ ਉਹ ਫੀਸ ਨਹੀਂ ਲੈਂਦੇ ਸਨ, ਕੋਲੋਂ ਦਵਾਈ ਮੁਫਤ ਦਿੰਦੇ ਸਨ ਜਦੋਂ ਕਿ ਅੱਜ ਕਲ੍ਹ ਡਾਕਟਰਾਂ ਨੂੰ ਮਿਲਣਾ ਹੀ ਮੁਸ਼ਕਲ ਹੈ, ਪਹਿਲਾਂ ਸਹਾਇਕਾਂ ਨੂੰ ਫੀਸ ਦੇ ਕੇ ਹੀ ਮਿਲਿਆ ਜਾ ਸਕਦਾ ਹੈ। ਇੱਕ ਵਾਰ ਮੇਰਾ ਐਕਸੀਡੈਂਟ ਹੋ ਗਿਆ ਮੇਰੀ ਅੱਖ ਦਾ ਪਰਦਾ ਖ਼ਤਮ ਹੋ ਗਿਆ। ਮੈਂ ਸ਼ੰਕਰ ਨੇਤਰਾਲਯ ਮਦਰਾਸ ਤੋਂ ਇਲਾਜ ਕਰਵਾਇਆ ਪ੍ਰੰਤੂ ਮੇਰਾ ਕਾਮਰੇਡ ਦੋਸਤ ਡਾ. ਚਮਨ ਲਾਲ ਮੈਨੂੰ ਅਮ੍ਰਿਤਸਰ ਡਾਕਟਰ ਦਲਜੀਤ ਸਿੰਘ ਕੋਲ ਲੈ ਗਿਆ। ਸਭ ਤੋਂ ਪਹਿਲਾਂ ਉਨ੍ਹਾਂ ਖਾਣ-ਪੀਣ ਦੀ ਸੇਵਾ ਕੀਤੀ, ਫਿਰ ਚੈੱਕ ਕੀਤਾ। ਅਜਿਹੇ ਮਾਨਵਤਾ ਦੇ ਪੁਜਾਰੀ ਸਨ ਡਾਕਟਰ ਦਲਜੀਤ ਸਿੰਘ।

*****

(949)

ਕੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ? ਸੰਪਰਕ: (This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author