“ਮੁੱਦਤ ਬਾਅਦ ਪਾਕਿਸਤਾਨ ਵੱਲੋਂ ਠੰਢੀ ਹਵਾ ਆਉਣ ਦੀ ਉਮੀਦ ...”
(27 ਅਗਸਤ 2018)
ਪੰਜਾਬ ਭਾਰਤ ਦੀ ਖੜਗਭੁਜਾ ਹੈ। ਜੇਕਰ ਪਾਕਿਸਤਾਨ ਵੱਲੋਂ ਠੰਢੀ ਹਵਾ ਦਾ ਬੁੱਲਾ ਆਵੇਗਾ ਤਾਂ ਪੰਜਾਬ ਵਿਚ ਸ਼ਾਂਤੀ ਰਹੇਗੀ ਪ੍ਰੰਤੂ ਜੇਕਰ ਗਰਮ ਹਵਾ ਆਵੇਗੀ ਤਾਂ ਪੰਜਾਬ ਦੀ ਧਰਤੀ ਜੰਗ ਦਾ ਅਖਾੜਾ ਬਣੇਗੀ। ਨੁਕਸਾਨ ਦੇਸ਼ ਨੂੰ ਤਾਂ ਹੋਵੇਗਾ ਹੀ ਪ੍ਰੰਤੂ ਸਭ ਤੋਂ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਪੰਜਾਬੀਆਂ ਦਾ ਹੋਵੇਗਾ। ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਇੱਕ ਦੋਸਤ ਦੇ ਤੌਰ ’ਤੇ ਸ਼ਾਮਲ ਹੋਣਾ ਬਿਨਾਂ ਵਜਾਹ ਵਾਦ-ਵਿਵਾਦ ਅਤੇ ਚੁੰਝ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੁੱਦਤ ਬਾਅਦ ਪਾਕਿਸਤਾਨ ਵੱਲੋਂ ਠੰਢੀ ਹਵਾ ਆਉਣ ਦੀ ਉਮੀਦ ਜਾਗੀ ਹੈ। ਨਵਜੋਤ ਸਿੰਘ ਸਿੱਧੂ ਵਿਰੁੱਧ ਰਾਮ ਰੌਲਾ ਪਾਉਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਵਰਕਰ ਹੀ ਹਨ, ਜਿਨ੍ਹਾਂ ਨੇ ਨਾ ਤਾਂ ਦੇਸ਼ ਦੀ ਵੰਡ ਦਾ ਸੰਤਾਪ ਹੰਢਾਇਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਸਿੱਖਾਂ ਦੀ ਭਾਵਨਾਵਾਂ ਦੀ ਕਦਰ ਅਤੇ ਸਮਝ ਹੈ। ਉਹ ਅਜਿਹੇ ਬਿਆਨ ਦੇ ਕੇ ਸਿੱਖ ਮਾਨਸਿਕਤਾ ਨੂੰ ਠੋਕਰ ਮਾਰ ਰਹੇ ਹਨ। ਜੇਕਰ ਨਵਜੋਤ ਸਿੰਘ ਸਿੱਧੂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਨੇ ਇਜਾਜ਼ਤ ਦਿੱਤੀ ਤਾਂ ਹੀ ਉਹ ਪਾਕਿਸਤਾਨ ਜਾ ਸਕਿਆ ਹੈ। ਜਦੋਂ ਉੱਥੇ ਜਾਣ ਦੀ ਪਰਵਾਨਗੀ ਕੇਂਦਰ ਸਰਕਾਰ ਨੇ ਦੇ ਦਿੱਤੀ ਤਾਂ ਉੱਥੇ ਗਏ ਨੂੰ ਤਾਂ ਸਮਾਗਮ ਵਿਚ ਕੋਈ ਵੀ ਵਿਅਕਤੀ ਮਿਲ ਸਕਦਾ ਹੈ। ਮੌਕੇ ’ਤੇ ਮਿਲਣ ਵਾਲੇ ਵਿਅਕਤੀਆਂ ਨੂੰ ਉਹ ਜਵਾਬ ਥੋੜ੍ਹੇ ਦੇ ਸਕਦਾ ਸੀ। ਇਹ ਤਾਂ ਸ਼ਿਸ਼ਟਾਚਾਰ ਅਤੇ ਸਲੀਕੇ ਦੀ ਗੱਲ ਹੁੰਦੀ ਹੈ। ਜੇਕਰ ਦੁਸ਼ਮਣ ਵੀ ਅਚਾਨਕ ਤੁਹਾਨੂੰ ਮਿਲ ਜਾਵੇ ਤੇ ਉਹ ਤੁਹਾਡੇ ਨਾਲ ਪਿਆਰ ਦਾ ਹੱਥ ਵਧਾ ਲਵੇ ਤਾਂ ਹੱਥ ਮਿਲਾਉਣਾ ਕੋਈ ਗ਼ਲਤ ਨਹੀਂ ਹੰਦਾ ਕਿਉਂਕਿ ਹੱਥ ਮਿਲਾਉਣ ਨਾਲ ਸਦਭਾਵਨਾ ਦਾ ਮਾਹੌਲ ਬਣ ਸਕਦਾ ਹੈ। ਨਾਲੇ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਜਨਰਲ ਕਮਰ ਜੁਵੈਦ ਬਾਜਵਾ ਤਾਂ ਨਵਜੋਤ ਸਿੰਘ ਸਿੱਧੂ ਦੇ ਕੋਲ ਆਪ ਚਲਕੇ ਆਇਆ ਸੀ। ਨਵਜੋਤ ਸਿੰਘ ਸਿੱਧੂ ਉਸਨੂੰ ਵਿਸ਼ੇਸ ਤੌਰ ’ਤੇ ਮਿਲਣ ਨਹੀਂ ਗਿਆ। ਜਦੋਂ ਜਨਰਲ ਬਾਜਵਾ ਨੇ ਸਿੱਧੂ ਨੂੰ ਇਹ ਕਿਹਾ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਦੇ ਮੌਕੇ ’ਤੇ ਖੋਹਲਣ ਬਾਰੇ ਵਿਚਾਰ ਕਰ ਰਹੀ ਹੈ ਤਾਂ ਸਿੱਧੂ ਭਾਵੁਕ ਹੋ ਗਿਆ ਅਤੇ ਉਸ ਤੋਂ ਰਿਹਾ ਨਹੀਂ ਗਿਆ। ਇਹ ਹੈ ਵੀ ਕੁਦਰਤੀ ਕਿ ਜਦੋਂ ਪਿਛਲੇ ਲੰਮੇ ਸਮੇਂ ਦੀ ਸਿੱਖਾਂ ਦੀ ਮੰਗ ਪੂਰੀ ਹੋਣ ਜਾ ਰਹੀ ਹੋਵੇ ਤਾਂ ਇਕ ਸਿੱਖ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ। ਸਿੱਧੂ ਇਸ ਖ਼ੁਸ਼ੀ ਨੂੰ ਕਾਬੂ ਨਹੀਂ ਕਰ ਸਕਿਆ। ਜਦੋਂ ਦੋਂਹ ਦੇਸਾਂ ਦੇ ਹਿਤਾਂ ਅਤੇ ਸੰਬੰਧਾਂ ਦਾ ਮਸਲਾ ਹੋਵੇ ਤਾਂ ਕਿਸੇ ਵੀ ਸਿਆਸੀ ਨੇਤਾ ਨੂੰ ਬਿਆਨ ਨਹੀਂ ਦੇਣਾ ਚਾਹੀਦਾ। ਕੂਟਨੀਤਕ ਸੰਬੰਧਾਂ ਬਾਰੇ ਤਾਂ ਅਧਿਕਾਰਤ ਅਧਿਕਾਰੀਆਂ ਨੂੰ ਹੀ ਬੋਲਣਾ ਬਣਦਾ ਹੈ। ਸਿਆਸੀ ਪਾਰਟੀਆਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਧਿਆਨ ਰੱਖਦਿਆਂ ਦੂਸ਼ਣਬਾਜ਼ੀ ਨਹੀਂ ਕਰਨੀ ਚਾਹੀਦੀ। ਸਿਆਸੀ ਲੋਕਾਂ ਨੂੰ ਸਿਆਸਤ ਕਰਨ ਲਈ ਹੋਰ ਬਥੇਰੇ ਮੌਕੇ ਹੁੰਦੇ ਹਨ। ਇੱਥੇ ਨਵਜੋਤ ਸਿੰਘ ਸਿੱਧੂ ਥੋੜ੍ਹੀ ਗ਼ਲਤੀ ਕਰ ਗਿਆ, ਉਸਨੂੰ ਇੰਨੀ ਜਲਦੀ ਜਨਰਲ ਬਾਜਵਾ ਨਾਲ ਹੋਈ ਗੱਲ ਨੂੰ ਪ੍ਰੈੱਸ ਵਿਚ ਦੱਸਣਾ ਨਹੀਂ ਬਣਦਾ ਸੀ। ਜੇ ਉਹ ਪ੍ਰੈੱਸ ਨੂੰ ਨਾ ਦੱਸਦਾ ਤਾਂ ਇਹ ਰਾਮ ਰੌਲਾ ਪੈਣਾ ਹੀ ਨਹੀਂ ਸੀ। ਅਜਿਹਾ ਬਿਆਨ ਤਾਂ ਦੋਵੇਂ ਸਰਕਾਰਾਂ ਦੇ ਮਨੋਨੀਤ ਅਧਿਕਾਰੀਆਂ ਵੱਲੋਂ ਆਉਣਾ ਚਾਹੀਦਾ ਸੀ। ਅਸਲ ਵਿਚ ਨਵਜੋਤ ਸਿੰਘ ਸਿੱਧੂ ਖ਼ੁਸ਼ੀ ਦੇ ਆਲਮ ਵਿਚ ਜਲਦੀ ਕਰ ਗਿਆ ਕਿਉਂਕਿ ਇਹ ਕਰਤਾਰਪੁਰ ਦੇ ਲਾਂਘੇ ਦੀ ਤਾਂ ਚਿਰੋਕਣੀ ਮੰਗ ਲਟਕਦੀ ਆ ਰਹੀ ਸੀ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਇਸ ਸੰਬੰਧੀ ਪਹਿਲਾਂ ਹੀ ਚਿੱਠੀਆਂ ਲਿਖੀਆਂ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵਾਜ਼ ਸ਼ਰੀਫ ਦੇ ਜਨਮ ਦਿਨ ’ਤੇ ਬਿਨ ਬੁਲਾਏ ਵਧਾਈ ਦੇਣ ਅਤੇ ਬਰਿਆਨੀ ਖਾਣ ਲਈ ਪਾਕਿਸਤਾਨ ਪਹੁੰਚ ਗਏ ਸਨ। ਉਦੋਂ ਤਾਂ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਦੇ ਪਾਕਿਸਤਾਨ ਜਾ ਕੇ ਨਵਾਜ਼ ਸ਼ਰੀਫ ਨੂੰ ਜੱਫੀ ਪਾਉਣ ਨੂੰ ਸਦਭਾਵਨਾ ਦਾ ਵਾਤਾਵਰਨ ਪੈਦਾ ਕਰਨ ਦੀ ਗੱਲ ਕਹੀ ਸੀ, ਹੁਣ ਕਿਹੜੀ ਬਿੱਲੀ ਛਿੱਕ ਮਾਰ ਗਈ? ਸਿੱਧੂ ਵੀ ਸਦਭਾਵਨਾ ਲਈ ਹੀ ਗਿਆ ਸੀ। ਅਟਲ ਬਿਹਾਰੀ ਵਾਜਪਾਈ ਸਾਜਗਾਰ ਸੰਬੰਧ ਬਣਾਉਣ ਦੇ ਇਰਾਦੇ ਨਾਲ ਆਪ ਬਸ ਲੈ ਕੇ ਲਾਹੌਰ ਗਏ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਜਨਾਬ ਇਮਰਾਨ ਖ਼ਾਨ ਨੂੰ ਚਿੱਠੀ ਲਿਖਕੇ ਗੁਆਂਢੀਆਂ ਨਾਲ ਸਾਰਥਕ ਤੇ ਉਸਾਰੂ ਗੱਲਬਾਤ ਦਾ ਸੱਦਾ ਦਿੱਤਾ ਹੈ, ਜਿਸਦਾ ਖੁਲਾਸਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕੀਤਾ ਹੈ। ਇਮਰਾਨ ਖਾਨ ਨੇ ਵੀ ਕਿਹਾ ਹੈ ਕਿ ਨਵਜੋਤ ਸਿੱਧੂ ਸ਼ਾਂਤੀ ਦਾ ਦੂਤ ਬਣਕੇ ਆਇਆ ਸੀ, ਜਿਹੜੇ ਲੋਕ ਸਿੱਧੂ ਬਾਰੇ ਵਾਵਰੋਲਾ ਖੜ੍ਹਾ ਕਰਕੇ ਨਿੰਦਿਆ ਕਰ ਰਹੇ ਹਨ, ਉਹ ਲੋਕ ਇਸ ਖਿੱਤੇ ਦੀ ਸ਼ਾਂਤੀ ਦੇ ਦੁਸ਼ਮਣ ਹਨ ਕਿਉਂਕਿ ਸ਼ਾਂਤੀ ਤੋਂ ਬਿਨਾਂ ਵਿਕਾਸ ਨਹੀਂ ਹੋ ਸਕਦਾ।
ਪੰਜਾਬੀਆਂ ਨੂੰ ਯਾਦ ਹੋਵੇਗਾ ਕਿ ਉਨ੍ਹਾਂ ਨੇ ਅਸ਼ਾਂਤ ਵਾਤਾਵਰਨ ਦਾ ਸੇਕ ਹੰਢਾਇਆ ਹੈ। ਇੱਥੇ ਹੀ ਬੱਸ ਨਹੀਂ, ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ ਦਸੰਬਰ 1999 ਦੇ ਅਖੀਰ ਵਿਚ ਭਾਰਤੀ ਵਿਦੇਸ਼ ਮੰਤਰੀ ਜਸਵੰਤ ਸਿੰਘ ਭਾਰਤੀ ਜੇਲ੍ਹਾਂ ਵਿਚ ਬੰਦ ਤਿੰਨ ਖੂੰਖਾਰ ਅੱਤਵਾਦੀਆਂ ਮੌਲਾਨਾ ਮਸੂਦ ਅਜਹਰ, ਸ਼ੇਖ਼ ਉਮਰ ਅਤੇ ਮੁਸ਼ਤਾਕ ਜਰਗਰ ਨੂੰ ਵਿਸ਼ੇਸ਼ ਜਹਾਜ ਲੈ ਕੇ ਕੰਧਾਰ ਛੱਡਣ ਗਿਆ ਸੀ ਅਤੇ ਵੱਡੀ ਰਕਮ ਵੀ ਦਿੱਤੀ ਸੀ, ਉਦੋਂ ਤਾਂ ਕਿਸੇ ਨੇਤਾ ਨੂੰ ਕੋਈ ਪੀੜ ਨਹੀਂ ਹੋਈ। ਹੁਣ ਭਾਰਤੀ ਜਨਤਾ ਪਾਰਟੀ ਦੇ ਨੇਤਾ ਬਾਤ ਦਾ ਬਤੰਗੜ ਬਣਾ ਰਹੇ ਹਨ। ਨਵਜੋਤ ਸਿੰਘ ਸਿੱਧੂ ਤਾਂ ਭਾਈਚਾਰਕ ਤੌਰ ’ਤੇ ਗਿਆ ਸੀ, ਉਸ ਨੂੰ ਬੁਲਾਇਆ ਗਿਆ ਸੀ। ਭਾਰਤੀ ਜਨਤਾ ਪਾਰਟੀ ਦੇ ਨੇਤਾ ਤਾਂ ਬਿਨ ਬੁਲਾਏ ਮਹਿਮਾਨ ਬਣਦੇ ਰਹੇ।
ਅਸਲ ਵਿਚ ਨਵਜੋਤ ਸਿੰਘ ਸਿੱਧੂ ਦੀ ਭਾਰਤੀਆਂ, ਪੰਜਾਬੀਆਂ ਅਤੇ ਖਾਸ ਕਰਕੇ ਪੰਜਾਬ ਦੇ ਸਿੱਖਾਂ ਵਿਚ ਵਾਅਵਾ-ਸ਼ਾਹਵਾ ਹੋ ਗਈ। ਇਹ ਪ੍ਰਸ਼ੰਸਾ ਭਾਰਤੀ ਜਨਤਾ ਪਾਰਟੀ ਨੂੰ ਪਚਦੀ ਨਹੀਂ। ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਨੂੰ ਛੱਡਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਬੈਠਾ, ਜਿਸ ਕਰਕੇ ਉਹ ਬੁਖਲਾਏ ਹੋਏ ਹਨ। ਇਸੇ ਕਰਕੇ ਬਹੁਤ ਸਾਰੇ ਲੋਕ ਸਿੱਧੂ ਨੂੰ ਮੌਕਾ ਪ੍ਰਸਤ ਕਹਿ ਰਹੇ ਹਨ। ਇਸ ਵਿਚ ਥੋੜ੍ਹੀ ਸਚਾਈ ਵੀ ਹੈ, ਪ੍ਰੰਤੂ ਸਿਆਸਤਦਾਨ ਹੁੰਦੇ ਹੀ ਮੌਕਾ ਪ੍ਰਸਤ ਹਨ। ਸਿਆਸਤ ਤਾਂ ਤਿਗੜਬਾਜ਼ੀ ਦਾ ਦੂਜਾ ਨਾਮ ਹੈ। ਹਰ ਸਿਆਸੀ ਵਿਅਕਤੀ ਆਪਣੇ ਅੰਦਰ ਝਾਤੀ ਮਾਰਕੇ ਵੇਖੇ, ਉਹ ਸਿਆਸਤ ਵਿਚ ਕੁਰਸੀ ਕਰਕੇ ਹੀ ਆਉਂਦਾ ਹੈ। ਸਿੱਧੂ ਤੇ ਖਾਹਮਖਾਹ ਕਿੰਤੂ ਪ੍ਰੰਤੂ ਕਰਨ ਦੀ ਲੋੜ ਨਹੀਂ।
ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਿੱਖ ਸੰਗਤਾਂ ਲਈ ਸਭ ਤੋਂ ਮੁਕੱਦਸ ਅਤੇ ਪਵਿੱਤਰ ਸਥਾਨ ਹੈ, ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 17 ਸਾਲ ਰਹੇ, ਖੇਤੀ ਕੀਤੀ, ਨਾਮ ਜਪੋ, ਕਿਰਤ ਕਰੋ ਅਤੇ ਵੰਡਕੇ ਛਕੋ ਦਾ ਸਿਧਾਂਤ ਦਿੱਤਾ ਅਤੇ ਉੱਥੇ ਹੀ ਜੋਤੀ ਜੋਤ ਸਮਾਏ। ਇਹ ਗੁਰੂ ਘਰ ਗੁਰਦਾਸਪੁਰ ਜ਼ਿਲ੍ਹੇ ਵਿਚ ਬਾਬਾ ਬਕਾਲਾ ਦੇ ਕੋਲ ਰਾਵੀ ਦਰਿਆ ਦੇ ਕੰਢੇ ’ਤੇ ਭਾਰਤ ਪਾਕਿ ਸਰਹੱਦ ਤੋਂ ਪਾਕਿਸਤਾਨ ਵਾਲੇ ਪਾਸੇ 4 ਕਿਲੋਮੀਟਰ ਦੂਰ ਹੈ। ਸਿੱਖ ਸੰਗਤਾਂ ਹਿੰਦ ਪਾਕਿ ਸਰਹੱਦ ਤੋਂ ਖੜ੍ਹਕੇ ਇਸ ਗੁਰੂ ਘਰ ਦੇ ਦਰਸ਼ਨ ਕਰਦੀਆਂ ਹਨ। ਇਸ ਦੀ ਮਹੱਤਤਾ ਨੂੰ ਵੇਖਕੇ ਬਾਰਡਰ ਸਕਿਉਰਿਟੀ ਫੋਰਸ ਨੇ 6 ਮਈ 2001 ਨੂੰ ਬਾਬਾ ਨਾਨਕ ਸੈਕਟਰ ਵਿਚ ਕੰਡਿਆਲੀ ਤਾਰ ਦੇ ਨਜ਼ਦੀਕ ‘ਕਰਤਾਰਪਰ ਦਰਸ਼ਨ ਅਸਥਾਨ’ ਬਣਾ ਦਿੱਤਾ, ਜਿੱਥੋਂ ਖੜ੍ਹਕੇ ਗੁਰਦੁਆਰਾ ਸਾਹਿਬ ਕਰਤਾਰਪੁਰ ਦੇ ਦਰਸ਼ਨ ਹੋ ਸਕਣ। ਹਰ ਮੱਸਿਆ, ਪੁੰਨਿਆਂ ਅਤੇ ਸੰਗਰਾਂਦ ਵਾਲੇ ਦਿਨ ਸੰਗਤਾਂ ਕਰਤਾਰਪੁਰ ਦਰਸ਼ਨ ਅਸਥਾਨ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਇੱਥੇ ਖੜ੍ਹਕੇ ਦਰਸ਼ਨ ਕਰਨ ਆਉਂਦੀਆਂ ਹਨ।
ਗੁਰਦੁਆਰਾ ਕਰਤਾਰਪੁਰ ਲਾਂਘੇ ਦੀ ਮੰਗ ਨੇ 2001 ਵਿਚ ਉਦੋਂ ਜ਼ੋਰ ਫੜਨਾ ਸ਼ੁਰੂ ਕੀਤਾ ਜਦੋਂ ਅਕਾਲੀ ਲੀਡਰ ਸਵਰਗਵਾਸੀ ਕੁਲਦੀਪ ਸਿੰਘ ਵਡਾਲਾ ਨੇ ‘ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ’ ਬਣਾਕੇ ਉਦੋਂ ਤੋਂ ਹੁਣ ਤੱਕ ਲਗਾਤਾਰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਰਦਾਸ ਇਸ ਥਾਂ ’ਤੇ ਆ ਕੇ ਕਰਨੀ ਸ਼ੁਰੂ ਕਰ ਦਿੱਤੀ। ਹਰ ਗੁਰਦੁਆਰਾ ਸਾਹਿਬ ਵਿਚ ਅਰਦਾਸ ਸਮੇਂ ਭਾਰਤ ਤੋਂ ਬਾਹਰ ਰਹਿ ਗਏ, ਇਨ੍ਹਾਂ ਗੁਰਧਾਮਾਂ ਦੇ ਦਰਸ਼ਨ ਦੀਦਾਰ ਦੀ ਅਰਦਾਸ ਕੀਤੀ ਜਾਂਦੀ ਹੈ। ਜਦੋਂ ਇਹ ਅਰਦਾਸ ਪੂਰੀ ਹੋਣ ’ਤੇ ਆਈ ਤਾਂ ਭਾਰਤੀ ਜਨਤਾ ਪਾਰਟੀ ਨੇ ਅੜਿੱਕਾ ਅਟਕਾਉਣਾ ਸ਼ੁਰੂ ਕਰ ਦਿੱਤਾ। ਪੰਜਾਬ ਅਤੇ ਪਾਕਿਸਤਾਨ ਦੇ ਲੋਕ ਖਾਸ ਤੌਰ ’ਤੇ ਸਾਹਿਤਕ ਸਮਾਜਿਕ, ਸਭਿਆਚਾਰਕ ਅਤੇ ਸਵੈ ਇੱਛਤ ਸੰਸਥਾਵਾਂ, ਜਿਨ੍ਹਾਂ ਵਿਚ ਹਿੰਦ ਪਾਕਿ ਦੋਸਤੀ ਮੰਚ, ਫੋਕ ਲੋਰ ਰਿਸਰਚ ਅਕਾਡਮੀ ਅੰਮ੍ਰਿਤਸਰ, ਪਾਕਿਸਤਾਨ ਇੰਡੀਆ ਪੀਪਲਜ਼ ਫੋਰਮ, ਪੀਸ ਐਂਡ ਡੈਮੋਕਰੇਸੀ ਅਤੇ ਪੰਜਾਬ ਜਾਗ੍ਰਤੀ ਮੰਚ ਭਾਰਤ ਪਾਕਿ ਵਿਚ ਸਦਭਾਵਨਾ ਪੈਦਾ ਕਰਨ ਲਈ ਉਪਰਾਲੇ ਕਰ ਰਹੇ ਹਨ। ਉਨ੍ਹਾਂ ਸਿੱਧੂ ਦੇ ਇਸ ਕਦਮ ਦਾ ਸਵਾਗਤ ਵੀ ਕੀਤਾ ਹੈ। ਹਿੰਦ ਪਾਕਿ ਦੋਸਤੀ ਮੰਚ ਤਾਂ ਹਰ ਸਾਲ ਸਰਹੱਦ ਤੇ ਸਾਹਿਤਕਾਰਾਂ ਅਤੇ ਪਤਵੰਤੇ ਲੋਕਾਂ ਨਾਲ ਜਾ ਕੇ ਮੋਮਬੱਤੀਆਂ ਜਲਾ ਕੇ ਦੋਸਤੀ ਦਾ ਸੰਦੇਸ਼ ਦਿੰਦਾ ਹੈ।
ਮੈਂ ਨਵਜੋਤ ਸਿੰਘ ਸਿੱਧੂ ਨੂੰ ਬਚਪਨ ਤੋਂ ਜਾਣਦਾ ਹਾਂ, ਜਦੋਂ ਉਹ ਬਾਰਾਂਦਰੀ ਬਾਗ ਪਟਿਆਲਾ ਦੇ ਕਰਿਕਟ ਸਟੇਡੀਅਮ ਵਿਚ ਪ੍ਰੈਕਟਿਸ ਕਰਦਾ ਹੁੰਦਾ ਸੀ। ਉਹ ਭਾਵਨਾਵਾਂ ਵਿਚ ਵਹਿਣ ਵਾਲਾ, ਦਿਲ ਦਾ ਸੱਚਾ ਸੁੱਚਾ, ਪਟਿਆਲਵੀਆਂ ਦਾ ਸ਼ੈਰੀ ਅਤੇ ਖਿਡਾਰੀ ਸਪਿਰਟ ਨਾਲ ਹਰ ਕੰਮ ਕਰਨ ਵਾਲਾ ਹੈ। ਭਾਰਤੀਓ ਭਾਵੇਂ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਨਾਲ ਸਹਿਮਤ ਹੋਵੋ, ਭਾਵੇਂ ਨਾ ਹੋਵੋ ਪ੍ਰੰਤੂ ਜਿਹੜਾ ਸੁਖਦ ਸੁਨੇਹਾ ਉਹ ਸਿੱਖ ਜਗਤ ਲਈ ਪਾਕਿਸਤਾਨ ਤੋਂ ਲੈ ਕੇ ਆਇਆ ਹੈ, ਘੱਟੋ ਘੱਟ ਉਸਦਾ ਸਵਾਗਤ ਕਰਨਾ ਹਰ ਭਾਰਤੀ, ਪੰਜਾਬੀ ਅਤੇ ਖਾਸ ਤੌਰ ਤੇ ਸਿੱਖ ਦਾ ਬਣਦਾ ਹੈ। ਉਸਨੇ ਭਾਵੇਂ ਹੁਣ ਤੱਕ ਸਿਆਸਤ ਵਿਚ ਜਿੰਨੀਆਂ ਵੀ ਗਲਤੀਆਂ ਕੀਤੀਆਂ ਹੋਣ, ਉਸਦੇ ਇਸ ਕਦਮ ਨੇ ਉਹ ਸਾਰੀਆਂ ਧੋ ਦਿੱਤੀਆਂ ਹਨ ਅਤੇ ਸਿੱਖਾਂ ਦੇ ਦਿਲ ਜਿੱਤ ਲਏ ਹਨ। ਜੇਕਰ ਸਰਹੱਦ ’ਤੇ ਸ਼ਾਂਤੀ ਰਹੇਗੀ ਤਾਂ ਫੌਜੀ ਪਰਿਵਾਰ ਸੁਖ ਦਾ ਸਾਹ ਲੈਂਦੇ ਰਹਿਣਗੇ। ਜੇ ਉਹ ਪਰਿਵਾਰ ਸੁਖੀ ਰਹਿਣਗੇ ਤਾਂ ਦੇਸ਼ ਅਤੇ ਪੰਜਾਬ ਵਿਕਾਸ ਦੇ ਰਾਹ ਤੇ ਚਲਦਾ ਰਹੇਗਾ।
ਰਹੀ ਗੱਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਦੀ ਜਨਰਲ ਬਾਜਵਾ ਨਾਲ ਜੱਫੀ ਦੀ ਆਲੋਚਨਾ ਬਾਰੇ, ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਚਿੱਠੀ ਲਿਖਕੇ ਇੱਕ ਕਿਸਮ ਨਾਲ ਸਿੱਧੂ ਦੀ ਸਪੋਰਟ ਕਰ ਦਿੱਤੀ ਹੈ। ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਸਿੱਧੂ ਦੀ ਸਪੋਰਟ ਪਹਿਲਾਂ ਹੀ ਕਰ ਚੁੱਕੇ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਅਟਲ ਬਿਹਾਰੀ ਵਾਜਪਾਈ, ਨਰਿੰਦਰ ਮੋਦੀ, ਜਸਵੰਤ ਸਿੰਘ ਅਤੇ ਪਾਕਿਸਤਾਨ ਤੋਂ ਤੋਹਫੇ ਵਿਚ ਭੇਡੂ ਲੈਣ ਵਾਲੇ ਪਰਕਾਸ਼ ਸਿੰਘ ਬਾਦਲ ਦੇਸ਼ ਧਰੋਹੀ ਨਹੀਂ ਤਾਂ ਨਵਜੋਤ ਸਿੰਘ ਸਿੱਧੂ ਕਿਵੇਂ ਦੇਸ਼ ਧਰੋਹੀ ਬਣ ਗਿਆ? ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਅਜਿਹੇ ਧਾਰਮਿਕ ਮਸਲਿਆਂ ’ਤੇ ਪੰਜਾਬੀਆਂ ਦਾ ਵਿਰੋਧ ਕੀਤਾ ਹੈ। ਭਾਵੇਂ ਬਲਿਊ ਸਟਾਰ ਅਪ੍ਰੇਸ਼ਨ ਹੋਵੇ ਤੇ ਭਾਵੇਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਮੌਕੇ ਗੁਰੂ ਨਾਨਕ ਦੇਵ ਦੇ ਨਾਂ ’ਤੇ ਯੂਨੀਵਰਸਿਟੀ ਦਾ ਨਾਮ ਰੱਖਣ ਦਾ ਮਸਲਾ ਹੋਵੇ। ਯੂਨੀਵਰਸਿਟੀ ਦੇ ਨਾਮ ਰੱਖਣ ਕਰਕੇ ਉਦੋਂ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ਨੇ ਅਸਤੀਫੇ ਦੇ ਦਿੱਤੇ ਸਨ। ਵਿਰੋਧ ਦੇ ਕਰਕੇ ਵਿਰੋਧ ਨਹੀਂ ਸਗੋਂ ਅਸੂਲਾਂ ’ਤੇ ਵਿਰੋਧ ਕਰਨਾ ਚਾਹੀਦਾ ਹੈ।
ਆਸ ਕਰਦੇ ਹਾਂ ਕਿ ਪਾਕਿਸਤਾਨ ਸਰਕਾਰ ਦਾ ਨਵਾਂ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਖੇਡ ਸਪਿਰਟ ਵਿਖਾਉਂਦੇ ਹੋਏ ਪੰਜਾਬੀਆਂ ਅਤੇ ਖਾਸ ਤੌਰ ’ਤੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਮੌਕੇ ’ਤੇ ਕਰਤਾਰਪੁਰ ਲਾਂਘਾ ਖੋਲ੍ਹਕੇ ਪੰਜਾਬੀਆਂ ਦੇ ਦਿਲ ਜਿੱਤ ਲਵੇਗਾ।
*****
(1278)