“ਘਾਗ ਕਾਂਗਰਸੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਰਾਹ ਵਿੱਚ ਅਸਿੱਧੇ ਰੋੜੇ ਅਟਕਾਉਣੋਂ ਬਾਜ਼ ਨਹੀਂ ਆਉਣਾ ਕਿਉਂਕਿ ...”
(20 ਜੁਲਾਈ 2021)
ਆਖ਼ਰਕਾਰ ਲੰਬੀ ਜੱਦੋਜਹਿਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਹਥਿਆਉਣ ਵਿੱਚ ਸਫਲ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਟਕਸਾਲੀ ਪਰਿਵਾਰਾਂ ਨੇ ਉਸਦੇ ਰਾਹ ਵਿੱਚ ਰੋੜੇ ਅਟਕਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਹ ਪ੍ਰਧਾਨ ਤਾਂ ਬਣ ਗਏ ਪ੍ਰੰਤੂ ਕਾਂਗਰਸ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਵੰਗਾਰਾਂ ਬਹੁਤ ਵੱਡੀਆਂ ਹਨ। ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਦੇ ਬਰਾਬਰ ਹੈ। ਅਨੇਕਾਂ ਵੰਗਾਰਾਂ ਪਹਾੜ ਦੀ ਤਰ੍ਹਾਂ ਉਨ੍ਹਾਂ ਅੱਗੇ ਮੂੰਹ ਅੱਡੀ ਖੜ੍ਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਸਦੇ ਨਵਜੋਤ ਸਿੰਘ ਸਿੱਧੂ ਲਈ ਦਰਵਾਜ਼ੇ ਸਦਾ ਲਈ ਬੰਦ ਹੋ ਗਏ ਹਨ, ਕਿਉਂਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਉੱਪਰ ਸਵਾਲ ਉਠਾਉਂਦੇ ਸਨ। ਸਭ ਤੋਂ ਪਹਿਲਾਂ ਆਪਣੇ ਕੱਟੜ ਵਿਰੋਧੀ ਰਹੇ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ਵਾਸ ਜਿੱਤਣਾ ਅਤਿਅੰਤ ਜ਼ਰੂਰੀ ਹੋਵੇਗਾ ਕਿਉਂਕਿ ਕਾਂਗਰਸੀ ਵਰਕਰ ਉਨ੍ਹਾਂ ਕੋਲ ਅਨੇਕਾਂ ਸਮੱਸਿਆਵਾਂ ਲੈ ਕੇ ਆਉਣਗੇ। ਉਨ੍ਹਾਂ ਦਾ ਹੱਲ ਸਰਕਾਰ ਹੀ ਕਰ ਸਕਦੀ ਹੈ। ਉਹ ਤਾਂ ਹੀ ਹੋ ਸਕੇਗਾ ਜੇਕਰ ਕੈਪਟਨ ਅਮਰਿੰਦਰ ਸਿੰਘ ਚਾਹੁਣਗੇ।
ਨਵਜੋਤ ਸਿੰਘ ਸਿੱਧੂ ਦਾ ਆਪਣਾ ਕੋਈ ਧੜਾ ਨਹੀਂ ਪ੍ਰੰਤੂ ਉਨ੍ਹਾਂ ਨੂੰ ਸਾਰੇ ਧੜਿਆਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਪਵੇਗਾ। ਉਨ੍ਹਾਂ ਨੂੰ ਆਪਣੀ ਕਾਰਜਸ਼ੈਲੀ ਵੀ ਬਦਲਣੀ ਪਵੇਗੀ ਕਿਉਂਕਿ ਉਹ ਸਿਰਫ ਭਾਸ਼ਣ ਦੇਣ ਅਤੇ ਟਵੀਟ ਕਰਨ ਦੇ ਮਾਹਿਰ ਹਨ, ਆਮ ਲੋਕਾਂ ਵਿੱਚ ਵਿਚਰਣਾ ਉਨ੍ਹਾਂ ਦਾ ਸੁਭਾਆ ਨਹੀਂ। ਭਾਵੇਂ ਉਨ੍ਹਾਂ ਨੇ ਪ੍ਰਧਾਨਗੀ ਦੇ ਐਲਾਨ ਤੋਂ ਪਹਿਲਾਂ ਹੀ ਕਾਂਗਰਸ ਦੇ ਨੇਤਾਵਾਂ ਅਤੇ ਵਿਧਾਨਕਾਰਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਸੀ ਪ੍ਰੰਤੂ ਇਹ ਸਰਗਰਮੀ ਲਗਾਤਾਰ ਜਾਰੀ ਰੱਖਣੀ ਪਵੇਗੀ। ਦੂਜੀ ਗੱਲ, ਜਿਹੜੇ ਮੁੱਦੇ ਉਠਾ ਕੇ ਉਹ ਪੰਜਾਬ ਦੇ ਲੋਕਾਂ ਦੇ ਚਹੇਤੇ ਬਣੇ ਹਨ, ਕੀ ਉਨ੍ਹਾਂ ਮੁੱਦਿਆਂ ਨੂੰ ਸਰਕਾਰ ਤੋਂ ਹੱਲ ਕਰਵਾ ਸਕਣਗੇ? ਉਹ ਵੀ ਬਾਦਲਾਂ ਨੂੰ ਆੜ੍ਹੇ ਹੱਥੀਂ ਲੈਣ ਕਰਕੇ ਹੀ ਲੋਕਾਂ ਦੇ ਹਰਮਨ ਪਿਆਰੇ ਬਣੇ ਹਨ, ਜਿਵੇਂ ਕੈਪਟਨ ਅਮਰਿੰਦਰ ਸਿੰਘ 2017 ਵਿੱਚ ਆਮ ਲੋਕਾਂ ਦੀ ਆਵਾਜ਼ ਬਣ ਕੇ ਹਰਮਨ ਪਿਆਰੇ ਹੋਏ ਸਨ। ਪੰਜਾਬੀਆਂ ਦੇ ਕੁਝ ਮੁੱਦੇ ਜਿਨ੍ਹਾਂ ਵਿੱਚ ਬੇਅਦਬੀ, ਨਸ਼ਿਆਂ ਅਤੇ ਰੇਤ ਮਾਫ਼ੀਆ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਕਰਕੇ ਹੀ ਉਨ੍ਹਾਂ ਦੀ ਹਰਮਨਪਿਆਰਤਾ ਵਿੱਚ ਵਾਧਾ ਹੋਇਆ ਸੀ। ਜੇ ਇਹ ਮੁੱਦੇ ਜਿਉਂ ਦੀ ਤਿਉਂ ਖੜ੍ਹੇ ਰਹੇ ਫਿਰ ਨਵਜੋਤ ਸਿੱਧੂ ਕੀ ਕਰਨਗੇ?
ਇੱਕ ਹੋਰ ਸਭ ਤੋਂ ਵੱਡਾ ਮਸਲਾ ਕਿਸਾਨ ਅੰਦੋਲਨ ਦੇ ਲੋਕਾਂ ਉੱਪਰ ਪਏ ਪ੍ਰਭਾਵ ਦਾ ਹੋਵੇਗਾ। ਸਾਰਾ ਪੰਜਾਬ ਕਿਸਾਨੀ ਦੀ ਪਿੱਠ ਪਿੱਛੇ ਖੜ੍ਹਾ ਹੈ ਪ੍ਰੰਤੂ ਕਿਸਾਨ ਕਿਸੇ ਵੀ ਸਿਆਸੀ ਪਾਰਟੀ ਦੇ ਨੇਤਾ ਨੂੰ ਅੰਦੋਲਨ ਵਿੱਚ ਫਟਕਣ ਨਹੀਂ ਦੇ ਰਹੇ। ਜੇ ਕਿਸਾਨ ਅੰਦੋਲਨ ਦੇ ਨੇਤਾਵਾਂ ਨੇ ਕਿਸੇ ਹੋਰ ਪਾਰਟੀ ਨੂੰ ਵੋਟਾਂ ਪਾਉਣ ਦੀ ਸਲਾਹ ਦੇ ਦਿੱਤੀ ਤਾਂ ਉਸਦਾ ਅਸਰ ਵੀ ਕਾਂਗਰਸ ’ਤੇ ਮਾੜਾ ਪਵੇਗਾ ਹਾਲਾਂਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚਲੀ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ। ਇਸ ਤੋਂ ਵੀ ਮਹੱਤਵਪੂਰਨ ਪੰਜਾਬ ਸਰਕਾਰ ਵਿਰੁੱਧ ਹੋ ਰਹੇ ਅੰਦੋਲਨ ਵੀ ਵੋਟਾਂ ਉੱਪਰ ਗਹਿਰਾ ਪ੍ਰਭਾਵ ਪਾ ਰਹੇ ਹਨ। ਉਨ੍ਹਾਂ ਦੇ ਮਸਲੇ ਸਰਕਾਰ ਤੋਂ ਹੱਲ ਕਰਵਾਉਣਾ ਵੀ ਜ਼ਰੂਰੀ ਹੋਵੇਗਾ।
ਨਵਜੋਤ ਸਿੰਘ ਸਿੱਧੂ ਦੇ ਨਾਲ 4 ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਣੀ, ਪਵਨ ਕੁਮਾਰ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਵੀ ਨਿਯੁਕਤ ਕਰ ਦਿੱਤੇ ਗਏ ਹਨ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਪ੍ਰਧਾਨ ਉੱਪਰ ਅੰਕੁਸ਼ ਰੱਖਣ ਲਈ ਇੰਨੇ ਕਾਰਜਕਾਰੀ ਪ੍ਰਧਾਨ ਲਗਾਏ ਗਏ ਹਨ। ਕਾਂਗਰਸ ਹਾਈ ਕਮਾਂਡ ਨੇ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਹਿੰਦੂਆਂ ਵਿੱਚ ਸਮਤੋਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਚਾਰਾਂ ਵਿੱਚੋਂ ਨਵਜੋਤ ਸਿੰਘ ਸਿੱਧੂ ਅਤੇ ਕੁਲਜੀਤ ਸਿੰਘ ਨਾਗਰਾ ਜੱਟ ਸਿੱਖ, ਸੰਗਤ ਸਿੰਘ ਗਿਲਜੀਆਂ ਪਛੜੀਆਂ ਸ਼੍ਰੇਣੀਆਂ, ਸੁਖਵਿੰਦਰ ਸਿੰਘ ਡੈਣੀ ਅਨੁਸੂਚਿਤ ਜਾਤੀਆਂ ਅਤੇ ਪਵਨ ਕੁਮਾਰ ਗੋਇਲ ਹਿੰਦੂ ਵਰਗ ਵਿੱਚੋਂ ਹਨ। ਇਨ੍ਹਾਂ ਪੰਜਾਂ ਵਿੱਚੋਂ ਚਾਰ ਵਿਧਾਨਕਾਰ ਹਨ, ਇਸਦਾ ਅਰਥ ਇਹ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਵਿਧਾਨਕਾਰਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੀ ਰਾਹੁਲ ਗਾਂਧੀ ਦੀ ਟੀਮ ਹੈ। ਪੰਜਾਬ ਦੇ ਸੰਸਦ ਮੈਂਬਰਾਂ ਵਿੱਚੋਂ ਪਹਿਲਾਂ ਹੀ ਮਨੀਸ਼ ਤਿਵਾੜੀ ਅਤੇ ਰਵਨੀਤ ਸਿੰਘ ਬਿੱਟੂ ਨੂੰ ਲੋਕ ਸਭਾ ਵਿੱਚ ਵਿੱਪ ਨਿਯੁਕਤ ਕਰਕੇ ਅਡਜਸਟ ਕੀਤਾ ਜਾ ਚੁੱਕਾ ਹੈ। ਮਾਝੇ, ਦੁਆਬੇ ਅਤੇ ਮਾਲਵੇ ਨੂੰ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਹੈ। ਇਨ੍ਹਾਂ ਪੰਜੇ ਨਿਯੁਕਤੀਆਂ ਤੋਂ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਅਹੁਦੇ ਲੈਣ ਲਈ ਟਕਸਾਲੀ ਕਾਂਗਰਸੀ ਹੋਣਾ ਜ਼ਰੂਰੀ ਨਹੀਂ, ਸਗੋਂ ਮੌਕਾਪ੍ਰਸਤੀ ਨੂੰ ਪਹਿਲ ਦਿੱਤੀ ਗਈ ਹੈ।
ਨਵਜੋਤ ਸਿੰਘ ਸਿੱਧੂ ਦੇ ਪਿਤਾ ਭਗਵੰਤ ਸਿੰਘ ਸਿੱਧੂ ਭਾਵੇਂ ਟਕਸਾਲੀ ਕਾਂਗਰਸੀ ਸਨ ਪ੍ਰੰਤੂ ਨਵਜੋਤ ਸਿੰਘ ਸਿੱਧੂ ਅਜੇ ਪੰਜ ਸਾਲ ਪਹਿਲਾਂ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਨ। ਸੰਗਤ ਸਿੰਘ ਗਿਲਜੀਆਂ ਵੀ ਪਹਿਲੀ ਵਾਰੀ ਆਜ਼ਾਦ ਵਿਧਾਇਕ ਬਣੇ ਸਨ, ਫਿਰ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਸੀ। ਸੁਖਵਿੰਦਰ ਸਿੰਘ ਡੈਣੀ ਸਾਬਕ ਮੰਤਰੀ ਸਰਦੂਲ ਸਿੰਘ ਦੇ ਸਪੁੱਤਰ, ਪਵਨ ਕੁਮਾਰ ਗੋਇਲ ਮਰਹੂਮ ਸਾਬਕਾ ਮੰਤਰੀ ਲਾਲ ਭਗਵਾਨ ਦਾਸ, ਜਿਨ੍ਹਾਂ ਨੂੰ ਅੱਤਵਾਦੀਆਂ ਨੇ ਸ਼ਹੀਦ ਕਰ ਦਿੱਤਾ ਸੀ ਦੇ ਸਪੁੱਤਰ ਅਤੇ ਕੁਲਜੀਤ ਸਿੰਘ ਨਾਗਰਾ ਟਕਸਾਲੀ ਕਾਂਗਰਸੀ ਪਰਿਵਾਰਾਂ ਵਿੱਚੋਂ ਹਨ।
ਲਗਭਗ ਦੋ ਮਹੀਨੇ ਤੋਂ ਸਰਬ ਭਾਰਤੀ ਕਾਂਗਰਸ ਕਮੇਟੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੜਾਈ ਨੂੰ ਸੁਲਝਾਉਣ ਦੇ ਨਵੇਂ ਫਾਰਮੂਲੇ ਬਣਾਉਣ ਲਈ ਵਿਚਾਰ ਵਟਾਂਦਰਾ ਕਰ ਰਹੀ ਸੀ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਪਾਰਟੀ ਨੇ ਪੰਜਾਬ ਤੋਂ ਸਾਰੇ ਵਿਧਾਨਕਾਰ, ਐੱਮ ਪੀ, ਸਾਬਕਾ ਪੀ ਪੀ ਸੀ ਸੀ ਪ੍ਰਧਾਨਾਂ, ਸਾਬਕਾ ਵਿਧਾਨਕਾਰਾਂ ਅਤੇ ਐੱਮ ਪੀਜ਼ ਨਾਲ ਨਵਾਂ ਪ੍ਰਧਾਨ ਬਣਾਉਣ ਲਈ ਉਨ੍ਹਾਂ ਦੇ ਵਿਚਾਰ ਸੁਣੇ ਹਨ। ਕਾਂਗਰਸ ਪਾਰਟੀ ਦੇ ਹੁਣ ਤਕ ਦੇ ਇਤਿਹਾਸ ਵਿੱਚ ਅਜਿਹੀ ਐਕਸਰਸਾਈਜ਼ ਨਹੀਂ ਹੋਈ। ਸਗੋਂ ਕਾਂਗਰਸ ਦੇ ਦਿੱਲੀ ਦਰਬਾਰ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਾਉਣ ਤੋਂ ਪਹਿਲਾਂ ਕਦੀ ਵੀ ਕਿਸੇ ਨੇਤਾ ਨੂੰ ਪੁੱਛਦੇ ਹੀ ਨਹੀਂ ਸਨ। ਇਸ ਤੋਂ ਇਹ ਵੀ ਸਾਫ਼ ਹੈ ਕੇਂਦਰੀ ਕਾਂਗਰਸ ਕਮਜ਼ੋਰ ਹੈ। ਹਮੇਸ਼ਾ ਮਨਮਰਜ਼ੀ ਨਾਲ ਨੇਤਾ ਥੋਪ ਦਿੰਦੇ ਸਨ। ਇੰਜ ਕਿਹਾ ਜਾ ਸਕਦਾ ਹੈ ਕਿ ਪਹਿਲੀ ਵਾਰ ਨੇਤਾਵਾਂ ਨੂੰ ਸੁਣਿਆ ਗਿਆ ਹੈ। ਹਾਲਾਂਕਿ ਅਸਿੱਧੇ ਤੌਰ ’ਤੇ ਇਹ ਫ਼ੈਸਲਾ ਵੀ ਹਾਈ ਕਮਾਂਡ ਦਾ ਹੀ ਹੈ, ਕਿਉਂਕਿ ਉਨ੍ਹਾਂ ਨੇ ਜੋ ਸਰਵੇ ਕਰਵਾਇਆ ਸੀ, ਉਸਨੇ ਨਵਜੋਤ ਸਿੰਘ ਸਿੱਧੂ ਦੀ ਸਾਰੇ ਨੇਤਾਵਾਂ ਤੋਂ ਵੱਧ ਪ੍ਰਸ਼ੰਸਾ ਕੀਤੀ ਸੀ।
ਨੇਤਾਵਾਂ ਉੱਪਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਵਾਨ ਕਰਨ ਲਈ ਜ਼ੋਰ ਪਾਇਆ ਗਿਆ ਹੈ। ਹੁਣ ਤਕ ਨਵਜੋਤ ਸਿੰਘ ਸਿੱਧੂ ਵੀ ਸਾਰੇ ਕਾਂਗਰਸੀ ਨੇਤਾਵਾਂ ਨੂੰ ਕਾਂਗਰਸ ਪਾਰਟੀ ਦੇ ਦਿੱਲੀ ਦਰਬਾਰ ਦੀ ਧੌਂਸ ਕਰਕੇ ਟਿੱਚ ਸਮਝਦੇ ਰਹੇ ਸਨ। ਪ੍ਰੰਤੂ ਜਦੋਂ ਸਾਰੇ ਕਾਂਗਰਸੀ ਨੇਤਾਵਾਂ ਨੇ ਵਿਰੋਧ ਕਰ ਦਿੱਤਾ ਤਾਂ ਉਨ੍ਹਾਂ ਨੂੰ ਸੀਨੀਅਰ ਅਤੇ ਟਕਸਾਲੀ ਕਾਂਗਰਸੀ ਨੇਤਾਵਾਂ ਦੀ ਸਰਦਲ ’ਤੇ ਜਾ ਕੇ ਮਨਾਉਣਾ ਪਿਆ ਹੈ। ਆਪਣੇ ਟਵੀਟਾਂ ਅਤੇ ਪ੍ਰੈੱਸ ਬਿਆਨਾਂ ਨਾਲ ਰਾਜਨੀਤੀ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਜ਼ਮੀਨ ’ਤੇ ਆਉਣਾ ਪਿਆ ਹੈ। ਜ਼ਮੀਨੀ ਹਕੀਕਤਾਂ ਨੂੰ ਜਾਣੇ ਬਿਨਾ ਸਿਆਸਤ ਨਹੀਂ ਹੋ ਸਕਦੀ। ਭਾਵੇਂ ਸੀਨੀਅਰ ਨੇਤਾਵਾਂ ਨੂੰ ਰਜ਼ਾਮੰਦ ਕਰਨ ਵਿੱਚ ਉਹ ਸਫ਼ਲ ਹੋ ਗਏ ਹਨ ਪ੍ਰੰਤੂ ਛੇਤੀ ਕੀਤਿਆਂ ਘਾਗ ਕਾਂਗਰਸੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਰਾਹ ਵਿੱਚ ਅਸਿੱਧੇ ਰੋੜੇ ਅਟਕਾਉਣੋਂ ਬਾਜ਼ ਨਹੀਂ ਆਉਣਾ ਕਿਉਂਕਿ ਥੋੜ੍ਹਾ ਸਮਾਂ ਪਹਿਲਾਂ ਆ ਕੇ ਕਾਂਗਰਸ ਪਾਰਟੀ ਦਾ ਮੁਖੀ ਬਣਨਾ, ਉਨ੍ਹਾਂ ਨੂੰ ਰੜਕਦਾ ਰਹੇਗਾ। ਅੰਦਰਖਾਤੇ ਵਿਰੋਧ ਦੀ ਧੂਣੀ ਕਾਂਗਰਸੀਆਂ ਵਿੱਚ ਧੁਖਦੀ ਰਹੇਗੀ।
ਇਹ ਵੀ ਵੇਖਣ ਵਾਲੀ ਗੱਲ ਹੈ ਕਿ ਸ਼ਾਹੀ ਪਰਿਵਾਰ ਦੇ ਵਾਰਿਸ ਕੈਪਟਨ ਅਮਰਿੰਦਰ ਸਿੰਘ, ਜਿਹੜੇ ਨਵਜੋਤ ਸਿੰਘ ਸਿੱਧੂ ਲਈ ਛੇ ਮਹੀਨੇ ਪਹਿਲਾਂ ਦਰਵਾਜ਼ੇ ਬੰਦ ਕਰ ਚੁੱਕੇ ਸਨ, ਕੀ ਹੁਣ ਉਨ੍ਹਾਂ ਦੇ ਦਰਵਾਜ਼ੇ ਖੁੱਲ੍ਹ ਸਕਣਗੇ? ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਪੁਰਾਣੇ ਟਕਸਾਲੀ ਕਾਂਗਰਸੀ ਪਰਿਵਾਰਾਂ ਵਿੱਚ ਬਗਾਵਤ ਦੀ ਅੱਗ ਧੁਖਣ ਲੱਗ ਗਈ ਹੈ। ਜੇ ਉਨ੍ਹਾਂ ਨੂੰ ਮਨਾਇਆ ਨਾ ਗਿਆ ਤਾਂ ਧੁਖਦੀ ਅੱਗ ਦਾ ਧੂੰਆਂ ਜਲਦੀ ਹੀ ਬਾਹਰ ਆਉਣ ਲੱਗ ਜਾਵੇਗਾ। ਇਹ ਸੁਲਗਦੀ ਅੱਗ ਭਾਂਬੜ ਬਣ ਕੇ ਕਾਂਗਰਸ ਪਾਰਟੀ ਦੇ ਭਵਿੱਖ ਨੂੰ ਵੀ ਤਬਾਹ ਕਰ ਸਕਦੀ ਹੈ। ਦਿੱਲੀ ਵਿਚਲੇ ਕਾਂਗਰਸੀ ਸੀਨੀਅਰ ਸਿਆਸੀ ਧੁਰੰਧਰਾਂ ਵੱਲੋਂ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਹੱਲਾਸ਼ੇਰੀ ਦੇ ਕੇ ਆਪਸ ਵਿੱਚ ਲੜਾਉਣ ਦੇ ਨਤੀਜੇ ਵਜੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਪੋਜੀਸ਼ਨ ਹਾਸੋਹੀਣੀ ਹੋ ਗਈ ਸੀ। ਹੱਥਾਂ ਨਾਲ ਦਿੱਤੀਆਂ ਗੰਢਾਂ ਹੁਣ ਉਨ੍ਹਾਂ ਨੂੰ ਦੰਦਾਂ ਨਾਲ ਖੋਲ੍ਹਣੀਆਂ ਪਈਆਂ ਹਨ।
ਪੰਜਾਬ ਕਾਂਗਰਸ ਦੀ ਆਪਸੀ ਖਿਚੋਤਾਣ ਕੋਈ ਨਵੀਂ ਗੱਲ ਨਹੀਂ। ਸਥਾਪਤ ਲੀਡਰਸ਼ਿੱਪ ਵਿਰੁੱਧ ਹਮੇਸ਼ਾ ਹੀ ਅਜਿਹੀ ਘੁਸਰ ਮੁਸਰ ਹੁੰਦੀ ਰਹਿੰਦੀ ਹੈ। ਵਿਧਾਨਕਾਰਾਂ ਅਤੇ ਵੱਡੇ ਨੇਤਾਵਾਂ ਦੇ ਗਿਲੇ ਸ਼ਿਕਵੇ ਵੀ ਆਮ ਜਿਹੀ ਗੱਲ ਹੈ ਕਿਉਂਕਿ ਜੇਕਰ ਉਹ ਗਿਲੇ ਸ਼ਿਕਵੇ ਨਾ ਕਰਨ ਤਾਂ ਉਨ੍ਹਾਂ ਦੀ ਸਰਕਾਰੇ ਦਰਬਾਰੇ ਪੁੱਛ ਪ੍ਰਤੀਤ ਘਟ ਜਾਂਦੀ ਹੈ। ਹੋ ਸਕਦਾ ਉਨ੍ਹਾਂ ਦੇ ਜਾਇਜ਼ ਨਜਾਇਜ਼ ਕੰਮ ਨਾ ਹੁੰਦੇ ਹੋਣ। ਚੁਣੇ ਹੋਏ ਨੁਮਾਇੰਦੇ ਆਪੋ ਆਪਣੇ ਹਲਕਿਆਂ ਦੇ ਲੋਕਾਂ ਨੂੰ ਜਵਾਬਦੇਹ ਹੁੰਦੇ ਹਨ। ਜੇਕਰ ਉਨ੍ਹਾਂ ਦੇ ਕੰਮ ਨਹੀਂ ਹੋਣਗੇ ਤਾਂ ਲੋਕ ਉਨ੍ਹਾਂ ਤੋਂ ਮੂੰਹ ਮੋੜ ਲੈਣਗੇ।
ਗਿਆਨੀ ਜ਼ੈਲ ਸਿੰਘ ਤੋਂ ਲੈ ਕੇ ਵਰਤਮਾਨ ਸਰਕਾਰ ਤਕ ਵਿਰੋਧੀ ਸੁਰਾਂ ਉੱਠਦੀਆਂ ਰਹੀਆਂ ਹਨ। ਵਿਰੋਧੀ ਸੁਰਾਂ ਉੱਠਣਾ ਕੋਈ ਮਾੜੀ ਗੱਲ ਵੀ ਨਹੀਂ। ਜੇ ਵਿਰੋਧ ਨਾ ਹੋਵੇ ਤਾਂ ਕਈ ਵਾਰ ਮੁੱਖ ਮੰਤਰੀ ਮਨਮਾਨੀਆਂ ਕਰਨ ਲੱਗ ਜਾਂਦੇ ਹਨ। ਹੁਣ ਤਕ ਵਿਰੋਧੀ ਸੁਰਾਂ ਉੱਠਣ ’ਤੇ ਸਿਰਫ ਦੋ ਵਾਰ ਮੁੱਖ ਮੰਤਰੀਆਂ ਨੂੰ ਬਦਲਿਆ ਗਿਆ ਹੈ। ਪਹਿਲੀ ਵਾਰ ਪ੍ਰਤਾਪ ਸਿੰਘ ਕੈਰੋਂ ਨੂੰ ਬਦਲ ਕੇ ਗੋਪੀ ਚੰਦ ਭਾਰਗਵ ਨੂੰ ਮੁੱਖ ਮੰਤਰੀ ਬਣਾਇਆ ਸੀ, ਦੂਜੀ ਵਾਰ ਹਰਚਰਨ ਸਿੰਘ ਬਰਾੜ ਨੂੰ ਬਦਲ ਕੇ ਬਾਗੀਆਂ ਦੀ ਲੰਬੀ ਜੱਦੋਜਹਿਦ ਤੋਂ ਬਾਅਦ ਰਾਜਿੰਦਰ ਕੌਰ ਭੱਠਲ ਮੁੱਖ ਮੰਤਰੀ ਬਣੇ ਸਨ। ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਪਾਰੀ ਵਿੱਚ ਵੀ ਵਿਰੋਧੀ ਸੁਰਾਂ ਉੱਠੀਆਂ ਸਨ। ਉਦੋਂ ਰਾਜਿੰਦਰ ਕੌਰ ਭੱਠਲ ਉਪ ਮੁੱਖ ਮੰਤਰੀ ਬਣਾ ਕੇ ਚੁੱਪ ਕਰਾ ਦਿੱਤੇ ਸਨ। ਵੇਖਣ ਵਾਲੀ ਗੱਲ ਹੈ ਕਿ ਐਨੀ ਜੱਦੋਜਹਿਦ ਤੋਂ ਬਾਅਦ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਫ਼ਲ ਹੁੰਦੇ ਹਨ ਕਿ ਨਹੀਂ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2906)
(ਸਰੋਕਾਰ ਨਾਲ ਸੰਪਰਕ ਲਈ: