“ਉਸ ਨੂੰ ਡਰ ਪੈ ਗਿਆ ਲਗਦਾ ਹੈ ਕਿ 2024 ਵਿੱਚ ਜੇਕਰ ਐੱਨ.ਡੀ.ਏ. ਜਿੱਤ ਗਈ ਤਾਂ ਕਿਤੇ ਉਸ ਦੀ ...”
(31 ਜਨਵਰੀ 2024)
ਇਸ ਸਮੇਂ ਪਾਠਕ: 445.
ਇੱਕ ਕਹਾਵਤ ਹੈ ‘ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ’ ਨਿਤੀਸ਼ ਕੁਮਾਰ ਇਸ ਕਹਾਵਤ ਨੂੰ ਝੁਠਲਾ ਕੇ ਆਪਣੇ ਸਿਆਸੀ ਗੁਰੂ ਜੈ ਪ੍ਰਕਾਸ਼ ਨਰਾਇਣ ਦੀ ਵਿਚਾਰਧਾਰਾ ਨੂੰ ਹੀ ਠਿੱਬੀ ਮਾਰ ਗਿਆ। ਨਿਤੀਸ਼ ਕੁਮਾਰ ਵਿਦਿਆਰਥੀ ਜੀਵਨ ਵਿੱਚ ਜੈ ਪ੍ਰਕਾਸ਼ ਨਰਾਇਣ ਨੂੰ ਆਪਣਾ ਮਾਰਗ ਦਰਸ਼ਕ ਬਣਾਕੇ ਸੋਸ਼ਲਿਸਟ ਵਿਚਾਰਧਾਰਾ ਨੂੰ ਅਪਣਾ ਕੇ ਸਿਆਸਤ ਵਿੱਚ ਆਇਆ ਸੀ। ਪ੍ਰੰਤੂ ਹੁਣ ਨਿਤੀਸ਼ ਕੁਮਾਰ ਜੈ ਪ੍ਰਕਾਸ਼ ਨਰਾਇਣ ਦੀ ਵਿਚਾਰਧਾਰਾ ਦੇ ਵਿਰੁੱਧ ਸਰਗਰਮੀ ਨਾਲ ਸਿਆਸਤ ਕਰ ਰਿਹਾ ਹੈ। ਖੁਰਮੀ ਸਮੁਦਾਇ ਦਾ ਇਹ ਨੌਜਵਾਨ ਸਿਆਸਤਦਾਨ ਮੰਡਲ ਕਮਿਸ਼ਨ ਦੀ ਸਿਆਸਤ ਦੌਰਾਨ ਉੱਭਰਿਆ, ਪ੍ਰੰਤੂ ਨਿਸ਼ਾਨੇ ਦੀ ਪ੍ਰਾਪਤੀ ਤੋਂ ਪਹਿਲਾਂ ਹੀ ਰਸਤੇ ਤੋਂ ਭਟਕ ਗਿਆ ਹੈ। ਸਿਆਸੀ ਪਾਰਟੀਆਂ ਨਾਲ ਗਠਜੋੜ ਬਦਲਕੇ ਮੁੱਖ ਮੰਤਰੀ ਬਣਨਾ ਨਿਤੀਸ਼ ਕੁਮਾਰ ਲਈ ਕੋਈ ਨਵੀਂ ਗੱਲ ਨਹੀਂ, ਸਿਆਸੀ ਪਲਟੀਆਂ ਮਾਰਨ ਦਾ ਉਸ ਨੂੰ ਮਾਹਿਰ ਗਿਣਿਆ ਜਾਂਦਾ ਹੈ। ਉਹ ਸਿਆਸੀ ਮੌਕਾ-ਪ੍ਰਸਤੀ ਦਾ ਉਸਤਾਦ ਹੈ, ਜਿਸ ਨੇ ਸਿਆਸਤ ਨੂੰ ਦਾਗ਼ੀ ਕਰ ਦਿੱਤਾ ਹੈ। ਉਸ ਨੇ ਪਲਟੀਆਂ ਮਾਰ ਕੇ ਸਿਆਸੀ ਸਦਾਚਾਰ ਨੂੰ ਗਹਿਰੀ ਢਾਹ ਲਾਈ ਹੈ।
1966 ਤੋਂ ਬਾਅਦ ਨਵੇਂ ਬਣੇ ਹਰਿਆਣਾ ਸੂਬੇ ਵਿੱਚ 1967 ਵਿੱਚ ਬਣੀ ਪਹਿਲੀ ਵਿਧਾਨ ਸਭਾ ਦੇ ਵਿਧਾਨਕਾਰ ਗਯਾ ਰਾਮ ਨੇ 9 ਘੰਟਿਆਂ ਵਿੱਚ ਤਿੰਨ ਵਾਰ ਪਾਰਟੀਆਂ ਬਦਲਕੇ ‘ਆਇਆ ਰਾਮ ਗਯਾ ਰਾਮ’ ਦਾ ਇਤਿਹਾਸ ਸਿਰਜਿਆ ਸੀ। ਪ੍ਰੰਤੂ ਨਿਤੀਸ਼ ਕੁਮਾਰ ਤਾਂ ‘ਆਇਆ ਰਾਮ ਗਯਾ ਰਾਮ’ ਦਾ ਵੀ ਗੁਰੂ ਨਿਕਲਿਆ। ਬਿਹਾਰ ਦੇ ਦਿਗਜ਼ ਸਿਆਸਤਦਾਨ ਨਿਤੀਸ਼ ਕੁਮਾਰ ਨੇ ਆਪਣੇ ਸਿਆਸੀ ਜੀਵਨ ਵਿੱਚ 1994 ਤੋਂ ਹੁਣ ਤਕ 8 ਵਾਰ ਵੱਖ-ਵੱਖ ਪਾਰਟੀਆਂ ਲੋਕ ਦਲ, ਜਨਤਾ ਦਲ, ਰਾਸ਼ਟਰੀ ਜਨਤਾ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨਾਲ ਮੁੱਖ ਮੰਤਰੀ ਬਣਿਆ ਰਹਿਣ ਲਈ ਗਠਜੋੜ ਬਣਾਇਆ ਅਤੇ ਤੋੜਿਆ। ਨਿਤੀਸ਼ ਕੁਮਾਰ ਦੇ ਜਨਤਾ (ਯੂ) ਜਾਂ ਕਿਸੇ ਹੋਰ ਪਾਰਟੀ ਨੂੰ ਕਦੀ ਵੀ ਸਰਕਾਰ ਬਣਾਉਣ ਲਈ ਬਹੁਮਤ ਨਹੀਂ ਮਿਲਿਆ, ਹਰ ਵਾਰ ਗਠਜੋੜ ਦੀ ਸਰਕਾਰ ਬਣਦੀ ਰਹੀ ਪ੍ਰੰਤੂ ਨਿਤੀਸ਼ ਕੁਮਾਰ ਹਰ ਵਾਰ ਗਠਜੋੜ ਬਣਨ ਸਮੇਂ ਮੁੱਖ ਮੰਤਰੀ ਬਣਦਾ ਰਿਹਾ। ਗਠਜੋੜ ਵਾਲੀਆਂ ਪਾਰਟੀਆਂ ਸਰਕਾਰ ਦੀ ਮਿਆਦ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਅੱਧਾ-ਅੱਧਾ ਸਮਾਂ ਮੁੱਖ ਮੰਤਰੀ ਬਣਨ ਦਾ ਸਮਝੌਤਾ ਕਰਦੇ ਸਨ ਪ੍ਰੰਤੂ ਨਿਤੀਸ਼ ਕੁਮਾਰ ਪਹਿਲੇ ਢਾਈ ਸਾਲ ਲਈ ਮੁੱਖ ਮੰਤਰੀ ਬਣਨ ਨੂੰ ਤਰਜੀਹ ਦਿੰਦਾ ਸੀ ਆਪਣੇ ਢਾਈ ਸਾਲ ਪੂਰੇ ਹੋਣ ਤੋਂ ਬਾਅਦ ਜਦੋਂ ਦੂਜੀ ਪਾਰਟੀ ਦਾ ਮੁੱਖ ਮੰਤਰੀ ਬਣਨਾ ਹੁੰਦਾ ਤਾਂ ਉਹ ਗਠਜੋੜ ਤੋੜ ਕੇ ਕਿਸੇ ਹੋਰ ਪਾਰਟੀ ਨਾਲ ਗਠਜੋੜ ਬਣਾ ਕੇ ਫਿਰ ਮੁੱਖ ਮੰਤਰੀ ਬਣ ਜਾਂਦਾ। ਇਸ ਕਰਕੇ ਬਿਹਾਰ ਵਿੱਚ ਉਸ ਨੂੰ ਸਿਆਸੀ ਪਲਟੀਮਾਰ ਸਿਆਸਤਦਾਨ ਕਹਿੰਦੇ ਹਨ। ਉਹ ਅਜਿਹੇ ਗਠਜੋੜਾਂ ਨਾਲ 8 ਵਾਰ ਪਲਟੀ ਮਾਰ ਕੇ 9 ਵਾਰ ਮੁੱਖ ਮੰਤਰੀ ਬਣਿਆ ਪ੍ਰੰਤੂ 9 ਵਿੱਚੋਂ ਸਿਰਫ ਇੱਕ ਵਾਰ ਪੰਜ ਸਾਲ ਦੀ ਪੂਰੀ ਮਿਆਦ ਕਰ ਸਕਿਆ। 2000 ਵਿੱਚ ਤਾਂ ਸਿਰਫ 7 ਦਿਨ ਮੁੱਖ ਮੰਤਰੀ ਰਿਹਾ।
ਬਿਹਾਰ ਵਿੱਚ ਨਿਤੀਸ਼ ਕੁਮਾਰ ਹੋਰ ਕਿਸੇ ਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਬੈਠਣ ਨਹੀਂ ਦੇਣਾ ਚਾਹੁੰਦਾ। ਉਹ ਸਮਝਦਾ ਹੈ ਕਿ ਉਹ ਹੀ ਬਿਹਾਰ ਦਾ ਮੁੱਖ ਮੰਤਰੀ ਬਣਨ ਦੇ ਕਾਬਲ ਹੈ। ਪ੍ਰੰਤੂ ਹੁਣ ਬਿਹਾਰ ਦੇ ਲੋਕ ਸੋਚਣ ਲਈ ਮਜਬੂਰ ਹੋਣਗੇ। ਜਦੋਂ ਉਹ ਕਿਸੇ ਪਾਰਟੀ ਨਾਲ ਤੋੜ ਵਿਛੋੜਾ ਕਰਦਾ ਹੈ ਤਾਂ ਉਸ ਪਾਰਟੀ ਬਾਰੇ ਅਜਿਹੀ ਬਿਆਨਬਾਜ਼ੀ ਕਰਦਾ ਹੈ ਕਿ ਇਉਂ ਲਗਦਾ ਹੁੰਦਾ ਹੈ ਕਿ ਮੁੜ ਕੇ ਉਸ ਪਾਰਟੀ ਨਾਲ ਗਠਜੋੜ ਕਰੇਗਾ ਹੀ ਨਹੀਂ ਪ੍ਰੰਤੂ ਫਿਰ ਉਸ ਪਾਰਟੀ ਨਾਲ ਜੱਫੀ ਪਾ ਲੈਂਦਾ ਹੈ। ਕਈ ਵਾਰ ਤਾਂ ਇੱਥੋਂ ਤਕ ਕਹਿ ਦਿੰਦਾ ਹੈ ਕਿ ਉਸ ਪਾਰਟੀ ਨਾਲ ਗਠਜੋੜ ਕਰਨ ਦੀ ਥਾਂ ਤਾਂ ਆਤਮ ਹੱਤਿਆ ਕਰ ਲੈਣੀ ਚਾਹੀਦੀ ਹੈ। ਗਿਰਗਟ ਦੇ ਰੰਗ ਬਦਲਣ ਦੀਆਂ ਤਾਂ ਕਹਾਵਤਾਂ ਬਣੀਆਂ ਹੋਈਆਂ ਹਨ ਪ੍ਰੰਤੂ ਨਿਤੀਸ਼ ਕੁਮਾਰ ਨੇ ਤਾਂ ਰੰਗ ਬਦਲਣ ਵਿੱਚ ਗਿਰਗਟ ਨੂੰ ਵੀ ਮਾਤ ਦੇ ਦਿੱਤੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਪਾਰਟੀਆਂ ਨਾਲੋਂ ਤੋੜ ਵਿਛੋੜਾ ਅਤੇ ਗਠਜੋੜ ਕਰਨ ਦੀ ਕਿਸੇ ਨੂੰ ਭਿਣਕ ਤਕ ਨਹੀਂ ਪੈਣ ਦਿੰਦਾ।
ਨਿਤੀਸ਼ ਕੁਮਾਰ ਦੀਆਂ ਪਲਟੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਹੁਣ ਸਿਆਸਤ ਅਸੂਲਾਂ ਦੀ ਨਹੀਂ, ਸਗੋਂ ਮੌਕਾ ਪ੍ਰਸਤੀ ਦੀ ਰਹਿ ਗਈ ਹੈ। ਪਹਿਲੀ ਵਾਰ 1994 ਵਿੱਚ ਆਪਣੇ ਪੁਰਾਣੇ ਸਾਥੀ ਲਾਲੂ ਪ੍ਰਸਾਦ ਯਾਦਵ ਨਾਲੋਂ ਤੋੜ ਵਿਛੋੜਾ ਕਰ ਲਿਆ ਅਤੇ ਜਾਰਜ ਫਰਨਾਡੇਜ਼ ਨਾਲ ਰਲਕੇ ਆਪਣੀ ਨਵੀਂ ਸਮਤਾ ਪਾਰਟੀ ਬਣਾ ਲਈ। ਜਦੋਂ 1995 ਵਿੱਚ ਬਿਹਾਰ ਵਿਧਾਨ ਸਭਾ ਦੀ ਚੋਣ ਹੋਈ ਤਾਂ ਲਾਲੂ ਪ੍ਰਸਾਦ ਦੀ ਪਾਰਟੀ ਤੋਂ ਨਿਤੀਸ਼ ਕੁਮਾਰ ਤੇ ਜਾਰਜ ਫਰਨਾਡੇਜ਼ ਦੀ ਸਮਤਾ ਪਾਰਟੀ ਬੁਰੀ ਤਰ੍ਹਾਂ ਹਾਰ ਗਈ। ਫਿਰ 1996 ਵਿੱਚ ਨਿਤੀਸ਼ ਕੁਮਾਰ ਨੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰ ਲਿਆ। ਇਸ ਵਾਰ ਵੀ ਨਿਤੀਸ਼ ਕੁਮਾਰ ਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਬੁਰੀ ਤਰ੍ਹਾਂ ਹਾਰ ਗਿਆ। 2003 ਵਿੱਚ ਸਮਤਾ ਪਾਰਟੀ ਨੂੰ ਜਨਤਾ ਦਲ ਯੂਨਾਈਟਡ (ਯੂ) ਵਿੱਚ ਬਦਲ ਲਿਆ ਪ੍ਰੰਤੂ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਬਰਕਰਾਰ ਰੱਖਿਆ।
2005 ਵਿੱਚ ਨਿਤੀਸ਼ ਕੁਮਾਰ ਦੇ ਜਨਤਾ ਦਲ (ਯੂ) ਨੇ ਭਾਰਤੀ ਜਨਤਾ ਪਾਰਟੀ ਨਾਲ ਰਲਕੇ ਚੋਣ ਲੜੀ ਅਤੇ ਲਾਲੂ ਪ੍ਰਸਾਦ ਦੇ 15 ਸਾਲਾਂ ਦੇ ਰਾਜ ਦਾ ਅੰਤ ਕਰਕੇ ਨਿਤੀਸ਼ ਕੁਮਾਰ ਮੁੱਖ ਮੰਤਰੀ ਬਣ ਗਿਆ। ਇਹ ਦੋਵੇਂ ਪਾਰਟੀਆਂ ਦਾ ਗਠਜੋੜ 2014 ਤਕ ਬਰਕਰਾਰ ਰਿਹਾ। 2014 ਵਿੱਚ ਬਿਹਾਰ ਦੀਆਂ 40 ਲੋਕ ਸਭਾ ਸੀਟਾਂ ਵਿੱਚੋਂ ਸਿਰਫ ਦੋ ਸੀਟਾਂ ਜਿੱਤ ਸਕਿਆ ਤਾਂ ਇਸ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਪਣੇ ਵਿਸ਼ਵਾਸ਼ ਪਾਤਰ ਜਿਤਿਨ ਰਾਮ ਮਾਂਝੀ ਨੂੰ ਮੁੱਖ ਮੰਤਰੀ ਬਣਵਾ ਲਿਆ। 2015 ਵਿੱਚ ਫਿਰ ਨਿਤੀਸ਼ ਕੁਮਾਰ ਨੇ ਲਾਲੂ ਪ੍ਰਸਾਦਿ ਯਾਦਵ ਦੇ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨਾਲ ਗਠਜੋੜ ਬਣਾ ਲਿਆ। ਇਹ ਤਿੰਨਾਂ ਪਾਰਟੀਆਂ ਦਾ ਗਠਜੋੜ ਚੋਣਾਂ ਜਿੱਤ ਗਿਆ ਤੇ ਫਿਰ ਜਿਤਿਨ ਰਾਮ ਮਾਂਝੀ ਨੂੰ ਹਟਾ ਕੇ ਨਿਤੀਸ਼ ਕੁਮਾਰ ਮੁੱਖ ਮੰਤਰੀ ਬਣ ਗਿਆ।
2015 ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾ ਦਿੱਤਾ ਤਾਂ ਇਸਦੇ ਵਿਰੋਧ ਵਿੱਚ ਨਿਤੀਸ਼ ਕੁਮਾਰ ਨੇ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜ ਲਿਆ ਕਿਉਂਕਿ ਨਿਤੀਸ਼ ਕੁਮਾਰ ਐੱਨ.ਡੀ.ਏ. ਦਾ ਪ੍ਰਧਾਨ ਮੰਤਰੀ ਦਾ ਸਾਂਝਾ ਉਮੀਦਵਾਰ ਬਣਨਾ ਚਾਹੁੰਦਾ ਸੀ। ਅਸਲ ਵਿੱਚ ਨਿਤੀਸ਼ ਕੁਮਾਰ ਨੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਇਸ ਇਰਾਦੇ ਨਾਲ ਕੀਤਾ ਸੀ ਕਿ ਭਾਰਤੀ ਜਨਤਾ ਪਾਰਟੀ ਉਸ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨ ਕਰੇਗੀ ਪ੍ਰੰਤੂ ਹੋਇਆ ਉਸ ਦੇ ਇਰਾਦੇ ਦੇ ਉਲਟ। ਦੋ ਸਾਲ ਰਾਜ ਕਰਨ ਤੋਂ ਬਾਅਦ ਜਦੋਂ 2017 ਵਿੱਚ ਰਾਸ਼ਟਰੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣਨ ਦੀ ਵਾਰੀ ਆਈ ਤਾਂ ਨਿਤੀਸ਼ ਕੁਮਾਰ ਨੇ ਪਾਲਾ ਬਦਲ ਕੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰ ਲਿਆ। ਫਿਰ ਨਿਤੀਸ਼ ਕੁਮਾਰ ਮੁੱਖ ਮੰਤਰੀ ਬਣ ਗਿਆ ਜਦੋਂ ਕਿ ਭਾਰਤੀ ਜਨਤਾ ਪਾਰਟੀ ਨੇ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਤੋਂ ਵਿਧਾਨ ਸਭਾ ਦੀਆਂ ਵਧੇਰੇ ਸੀਟਾਂ ਜਿੱਤੀਆਂ ਸਨ। 2019 ਦੀਆਂ ਲੋਕ ਸਭਾ ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨਾਲ ਲੜੀਆਂ ਅਤੇ ਦੋਵਾਂ ਚੋਣਾਂ ਵਿੱਚ ਐੱਨ.ਡੀ.ਏ. ਨੇ ਜਿੱਤ ਪ੍ਰਾਪਤ ਕੀਤੀ। 2020 ਵਿੱਚ ਨਿਤੀਸ਼ ਕੁਮਾਰ ਫਿਰ ਮੁੱਖ ਮੰਤਰੀ ਬਣ ਗਿਆ। ਪ੍ਰੰਤੂ ਇਹ ਗਠਜੋੜ ਵੀ ਬਹੁਤਾ ਸਮਾਂ ਚੱਲ ਨਾ ਸਕਿਆ। ਅਗਸਤ 2022 ਵਿੱਚ ਨਿਤੀਸ਼ ਕੁਮਾਰ ਫਿਰ ਪਲਟੀ ਮਾਰ ਗਿਆ ਅਤੇ ਮਹਾਂਗਠਬੰਧਨ ਵਿੱਚ ਸ਼ਾਮਲ ਹੋ ਗਿਆ ਅਤੇ ਨਿਤੀਸ਼ ਕੁਮਾਰ ਮੁੱਖ ਮੰਤਰੀ ਬਣ ਗਏ, ਹਾਲਾਂਕਿ ਰਾਸ਼ਟਰੀ ਜਨਤਾ ਦਲ 79 ਵਿਧਾਨਕਾਰ ਅਤੇ ਜਨਤਾ ਦਲ (ਯੂ) ਦੇ ਸਿਰਫ 45 ਵਿਧਾਨਕਾਰ ਸਨ।
28 ਜਨਵਰੀ 2024 ਨੂੰ ਫਿਰ ਤਿੰਨਾਂ ਪਾਰਟੀਆਂ ਨਾਲੋਂ ਵੱਖ ਹੋ ਕੇ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾਕੇ ਨਿਤੀਸ਼ ਕੁਮਾਰ ਦੁਬਾਰਾ ਮੁੱਖ ਮੰਤਰੀ ਬਣ ਗਏ ਹਨ, ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ 78 ਵਿਧਾਨਕਾਰ ਅਤੇ ਜਨਤਾ ਦਲ (ਯੂ) ਦੇ ਸਿਰਫ 45 ਹੀ ਹਨ। ਚਾਰ ਸਾਲਾਂ ਵਿੱਚ ਨਿਤੀਸ਼ ਕੁਮਾਰ ਨੇ ਤਿੰਨ ਵਾਰੀ ਪਲਟੀ ਮਾਰਨ ਕਰਕੇ ਮੁੱਖ ਮੰਤਰੀ ਦੀ ਸਹੁੰ ਚੁੱਕੀ ਹੈ।
2025 ਵਿੱਚ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ, ਉਦੋਂ ਪਤਾ ਨਹੀਂ ਨਿਤੀਸ਼ ਕੁਮਾਰ ਕਿਹੜੀ ਪਾਰਟੀ ਨਾਲ ਗਠਜੋੜ ਕਰੇਗਾ। ਪਾਰਟੀ ਭਾਵੇਂ ਕੋਈ ਹੋਵੇ, ਸਿਧਾਂਤਾਂ ਦੀ ਗੱਲ ਨਹੀਂ, ਗੱਲ ਤਾਂ ਮੁੱਖ ਮੰਤਰੀ ਦੀ ਕੁਰਸੀ ਹੈ। ਇੰਡੀਆ ਗਠਜੋੜ ਦੀ ਮੀਟਿੰਗ ਵਿੱਚ ਮਮਤਾ ਬੈਨਰਜੀ ਅਤੇ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਕ ਅਰਜਨ ਖੜਗੇ ਨੂੰ ਇੰਡੀਆ ਗਠਜੋੜ ਦਾ ਕਨਵੀਨਰ ਬਣਾਉਣ ਦੀ ਤਜਵੀਜ਼ ਪੇਸ਼ ਕਰ ਦਿੱਤੀ, ਜਿਸ ਗੱਲ ਤੋਂ ਨਿਤੀਸ਼ ਕੁਮਾਰ ਨਰਾਜ਼ ਹੋ ਗਿਆ ਕਿਉਂਕਿ ਉਸ ਦੀ ਇੱਛਾ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ ਸੀ। ਹਾਲਾਂਕਿ ਸਭ ਤੋਂ ਪਹਿਲਾਂ ਨਿਤੀਸ਼ ਕੁਮਾਰ ਨੇ 23 ਜੂਨ 2023 ਨੂੰ ਆਪਣੇ ਘਰ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਲੋਕ ਸਭਾ ਦੀਆਂ ਚੋਣਾਂ ਲੜਨ ਲਈ ਗਠਜੋੜ ਬਣਾਉਣ ਲਈ ਮੀਟਿੰਗ ਕੀਤੀ ਸੀ। ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਨਹੀਂ ਬਣਾਇਆ, ਇਸ ਕਰਕੇ ਉਸ ਨੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਬਣਾ ਲਿਆ ਹੈ, ਉਸ ਨੂੰ ਡਰ ਪੈ ਗਿਆ ਲਗਦਾ ਹੈ ਕਿ 2024 ਵਿੱਚ ਜੇਕਰ ਐੱਨ.ਡੀ.ਏ. ਜਿੱਤ ਗਈ ਤਾਂ ਕਿਤੇ ਉਸ ਦੀ ਮੁੱਖ ਮੰਤਰੀ ਦੀ ਕੁਰਸੀ ਹੀ ਨਾ ਖੁਸ ਜਾਵੇ। ਸਿਆਸੀ ਤਾਕਤ ਵਿੱਚ ਰਹਿਣਾ ਨਿਤੀਸ਼ ਕੁਮਾਰ ਦੀ ਕਮਜ਼ੋਰੀ ਹੈ। ਬਿਹਾਰ ਦੇ ਲੋਕਾਂ ਨੂੰ ਨਿਤੀਸ਼ ਕੁਮਾਰ ਉੱਤੇ ਬਹੁਤ ਸਾਰੀਆਂ ਆਸਾਂ ਸਨ ਪ੍ਰੰਤੂ ਉਸ ਨੇ ਬਿਹਾਰ ਦੇ ਲੋਕਾਂ ਨਾਲ ਧ੍ਰੋਹ ਕਰਕੇ ਆਪਣੀ ਸਾਖ਼ ਖੁਦ ਗੁਆ ਲਈ ਹੈ। ਵੇਖਦੇ ਹਾਂ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਿੰਨੀ ਦੇਰ ਚਲਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4687)
(ਸਰੋਕਾਰ ਨਾਲ ਸੰਪਰਕ ਲਈ: (