“ਕੁਝ ਕੁ ਸ਼ਰਧਾਲੂਆਂ ਵੱਲੋਂ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਲਈ ਸਾਖੀਆਂ ਵਿੱਚ ਕਰਾਮਾਤਾਂ ...”
(1 ਨਵੰਬਰ 2021)
ਰਵਿੰਦਰ ਸਿੰਘ ਸੋਢੀ ਮੁਢਲੇ ਤੌਰ ’ਤੇ ਵਿੱਦਿਅਕ ਮਾਹਿਰ ਹਨ। ਉਨ੍ਹਾਂ ਹੁਣ ਤਕ 6 ਨਾਟਕ ਦੀਆਂ ਪੁਸਤਕਾਂ, ਇੱਕ ਆਲੋਚਨਾ, ਇੱਕ ਜੀਵਨੀ, ਇੱਕ ਖੋਜ, ਇੱਕ ਕਵਿਤਾ ਅਤੇ ਦੋ ਸਿੱਖ ਧਰਮ ਨਾਲ ਸੰਬੰਧਤ, ਕੁਲ 10 ਪੰਜਾਬੀ ਅਤੇ ਇੱਕ ਹਿੰਦੀ ਵਿੱਚ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ। ,ਜਿੱਥੇ ਬਾਬਾ ਪੈਰ ਧਰੇ’ ਉਨ੍ਹਾਂ ਦਾ ਨਾਟਕ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਲੋਕਾਈ ਦਾ ਸੁਧਾਰ, ਵਹਿਮਾਂ ਭਰਮਾਂ ਵਿੱਚੋਂ ਬਾਹਰ ਕੱਢਣ ਅਤੇ ਕਰਮਾਤਾਂ ਦਾ ਖੰਡਨ ਕਰਕੇ ਉਨ੍ਹਾਂ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਕਰਦਾ ਹੈ। ਨਾਟਕਕਾਰ ਦਾ ਇਹ ਨਾਟਕ ਲਿਖਣ ਦਾ ਮੰਤਵ ਇਨਸਾਨੀਅਤ ਨੂੰ ਚੰਗਿਆਈ ਦਾ ਪੱਲਾ ਫੜਨ ਅਤੇ ਰੱਬ ਦੀ ਰਜ਼ਾ ਵਿੱਚ ਰਹਿੰਦਿਆਂ ਭਾਈਚਾਰਕ ਸਾਂਝ ਬਣਾਉਂਦੇ ਹੋਏ ਧਰਮਾਂ ਦੀਆਂ ਵੰਡੀਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣਾ ਹੈ। ਰਵਿੰਦਰ ਸਿੰਘ ਸੋਢੀ ਦਾ ਇਹ ਨਾਟਕ ਪੜ੍ਹਨ ਤੋਂ ਬਾਅਦ ਇਹ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਦੇ ਕੁਝ ਕੁ ਸ਼ਰਧਾਲੂਆਂ ਵੱਲੋਂ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਲਈ ਸਾਖੀਆਂ ਵਿੱਚ ਕਰਾਮਾਤਾਂ ਸ਼ਾਮਲ ਕੀਤੀਆਂ ਗਈਆਂ ਹਨ, ਅਸਲ ਵਿੱਚ ਉਹ ਸਾਖੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰ ਦੇ ਵਿਰੁੱਧ ਹਨ।
ਰਵਿੰਦਰ ਸਿੰਘ ਸੋਢੀ ਨੇ ਲੋਕਾਂ ਨੂੰ ਗੁਮਰਾਹ ਹੋਣ ਤੋਂ ਬਚਾਉਣ ਲਈ ਇਹ ਨਾਟਕ ਲਿਖ ਕੇ ਚੰਗਾ ਉਪਰਾਲਾ ਕੀਤਾ ਹੈ। ਇਸ ਨਾਟਕ ਨੂੰ 11 ਦ੍ਰਿਸ਼ਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਦ੍ਰਿਸ਼ ਵਿੱਚ ਇੱਕ ਪੰਡਤ ਦੇ ਸਾਹਮਣੇ ਹੀ ਦੋ ਵਿਹਲੜ ਨੌਜਵਾਨ ਤਾਸ਼ ਖੇਡਦੇ ਵਿਖਾਏ ਹਨ। ਪੰਡਤ ਜੀ ਉਨ੍ਹਾਂ ਨੂੰ ਤਾਸ਼ ਖੇਡ ਕੇ ਵਕਤ ਗੁਆਉਣ ਤੋਂ ਰੋਕਣ ਦੀ ਬਜਾਏ ਆਪ ਉਨ੍ਹਾਂ ਨਾਲ ਹਾਸਾ ਠੱਠਾ ਕਰਦੇ ਹਨ। ਉਹ ਨੌਜਵਾਨ ਪੰਡਤ ਜੀ ਦੀ ਇੱਜ਼ਤ ਵੀ ਨਹੀਂ ਕਰਦੇ, ਇਸ ਮੌਕੇ ’ਤੇ ਇੱਕ ਗੁਰਦੁਆਰੇ ਦਾ ਭਾਈ ਸਮਾਜ ਸੁਧਾਰਕ ਦੇ ਰੂਪ ਵਿੱਚ ਆਉਂਦਾ ਹੈ ਜੋ ਨੌਜਵਾਨਾਂ ਨੂੰ ਵੱਡਿਆਂ ਦੀ ਇੱਜ਼ਤ ਕਰਨ ਦੀ ਪ੍ਰੇਰਨਾ ਦਿੰਦਾ ਹੈ ਅਤੇ ਪੰਡਤ ਜੀ ਨੂੰ ਵੀ ਨੌਜਵਾਨਾਂ ਨਾਲ ਵਿਚਰਨ ਤੋਂ ਰੋਕਦੇ ਹਨ। ਭਾਵ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ। ਭਾਈ ਜੀ ਨੌਜਵਾਨਾਂ ਨੂੰ ਕੋਈ ਕਾਰੋਬਾਰ ਕਰਨ ਦੀ ਨਸੀਹਤ ਦਿੰਦੇ ਹਨ। ਜਾਪੀ ਪਾਤਰ ਕਹਿੰਦੇ ਹਨ ਪੜ੍ਹ ਲਿਖਕੇ ਆਪਣੇ ਬਾਪੂ ਨਾਲ ਦਿਹਾੜੀ ਕਰਨ ਜਾਣਾ ਠੀਕ ਨਹੀਂ। ਦੂਜਾ ਪਾਤਰ ਕਰਮਾ ਕਹਿੰਦਾ ਹੈ ਕਿ ਉਸਦਾ ਪਿਤਾ ਜਿਸ ਫ਼ੌਜੀ ਦੇ ਨਾਲ ਸੀਰੀ ਹਨ, ਉਹ ਗਾਲ੍ਹਾਂ ਕੱਢਦੇ ਹਨ। ਭਾਈ ਨੌਜਵਾਨਾਂ ਨੂੰ ਗੁਰਦੁਆਰਾ ਸਾਹਿਬ ਆ ਕੇ ਪਾਠ ਕਰਨ ਲਈ ਮਨਾਉਂਦੇ ਹਨ। ਜਾਪੀ ਕਹਿੰਦੇ ਹਨ ਕਿ ਗੁਰੂ ਜੀ ਦੀਆਂ ਜਨਮ ਸਾਖੀਆਂ ਵਿੱਚ ਕਰਾਮਾਤਾਂ ਵਿਖਾਈਆਂ ਗਈਆਂ ਹਨ, ਇਨ੍ਹਾਂ ਵਿੱਚ ਕਿੰਨੀ ਸਚਾਈ ਹੈ। ਭਾਈ ਜੀ ਦੱਸਦੇ ਹਨ ਕਿ ਗੁਰੂ ਜੀ ਲੋਕਾਂ ਨੂੰ ਅਜਿਹੇ ਵਹਿਮਾਂ ਭਰਮਾਂ ਤੋਂ ਬਾਹਰ ਕੱਢਦੇ ਸਨ। ਸਾਖੀਆਂ ਵਿੱਚ ਕੁਝ ਸ਼ਰਧਾਲੂਆਂ ਨੇ ਗੁਰੂ ਸਾਹਿਬ ਨੂੰ ਰੱਬ ਦਾ ਦਰਜਾ ਦੇ ਦਿੱਤਾ। ਗੁਰੂ ਸਾਹਿਬ ਤਾਂ ਇਨ੍ਹਾਂ ਗੱਲਾਂ ਦੇ ਵਿਰੁੱਧ ਸਨ। ਭਾਈ ਸਾਹਿਬ ਜਾਪੀ ਅਤੇ ਕਰਮੇ ਨੂੰ ਅਸਲੀਅਤ ਤੋਂ ਜਾਣੂ ਕਰਵਾਉਂਦੇ ਹਨ। ਪਹਿਲਾ ਦ੍ਰਿਸ਼ ਖ਼ਤਮ ਹੋ ਜਾਂਦਾ ਹੈ।
ਦੂਜੇ ਦ੍ਰਿਸ਼ ਵਿੱਚ ਮੋਦੀਖਾਨੇ ਵਿੱਚ ਕੰਮ ਕਰਨ ਕਰਕੇ ਕੁਝ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੀ ਨਵਾਬ ਕੋਲ ਸ਼ਿਕਾਇਤ ਕਰ ਦਿੱਤੀ, ਜੋ ਸਰਾਸਰ ਗ਼ਲਤ ਸਾਬਤ ਹੋਈ। ਰਾਏ ਬੁਲਾਰ ਅਤੇ ਗੁਰੂ ਨਾਨਕ ਦੇਵ ਜੀ ਦੇ ਅਧਿਆਪਕਾਂ ਦੇ ਸਾਹਮਣੇ ਨਵਾਬ ਪਛਤਾਵਾ ਕਰ ਰਹੇ ਹਨ ਕਿ ਮੈਂ ਗੁਰੂ ਜੀ ’ਤੇ ਲੋਕਾਂ ਦੇ ਕਹਿਣ ’ਤੇ ਸ਼ੱਕ ਕਰ ਲਈ, ਜਿਸ ਤੋਂ ਬਾਅਦ ਗੁਰੂ ਜੀ ਲੰਬੀ ਉਦਾਸੀ ’ਤੇ ਚਲੇ ਗਏ। ਇਸ ਦ੍ਰਿਸ਼ ਵਿੱਚ ਸਾਰੇ ਪਤਵੰਤੇ ਗਰੂ ਜੀ ਦੀ ਇਨਸਾਨੀਅਤ ਦੀ ਪ੍ਰਵਿਰਤੀ ਦੀ ਤਾਰੀਫ਼ ਕਰਦੇ ਵਿਖਾਏ ਗਏ ਹਨ। ਤੀਜੇ ਦ੍ਰਿਸ਼ ਵਿੱਚ ਮਲਕ ਭਾਗੋ ਗੁਰੂ ਜੀ ਵੱਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਆ ਕੇ ਭੋਜਨ ਕਰਨ ਦੀ ਥਾਂ ਭਾਈ ਲਾਲੋ ਦੇ ਘਰ ਜਾਣ ਨਾਲ ਆਪਣੀ ਹੇਠੀ ਸਮਝਦੇ ਹੋਏ, ਸਿੱਧੇ ਰਸਤੇ ਚੱਲਕੇ ਸੱਚੀ ਸੁੱਚੀ ਕਮਾਈ ਕਰਨ ਦਾ ਪ੍ਰਣ ਕਰਦੇ ਹੋਏ ਆਪਣੀਆਂ ਆਪਹੁਦਰੀਆਂ ’ਤੇ ਪਛਤਾਵਾ ਕਰਦੇ ਵਿਖਾਏ ਹਨ। ਮਲਕ ਭਾਗੋ ਦੀ ਬੇਗਮ ਵਾਰ ਵਾਰ ਸੋਚਣ ਦੀ ਗੱਲ ਕਰਦੇ ਹਨ।
ਦੁਨੀ ਚੰਦ ਦਾ ਪਾਤਰ ਵੀ ਦੋ ਮੁਸਾਫ਼ਰਾਂ ਨੂੰ ਆਪਣੀ ਫ਼ੋਕੀ ਸ਼ੋਹਰਤ ਦੀ ਗ਼ਲਤੀ ਦਾ ਅਹਿਸਾਸ ਕਰਦਾ ਹੋਇਆ ਦੱਸਦਾ ਹੈ ਕਿ ਗੁਰੂ ਜੀ ਨੇ ਮੈਂਨੂੰ ਸਮਝਾ ਦਿੱਤਾ ਹੈ ਕਿ ਮੌਤ ਤੋਂ ਬਾਅਦ ਕੋਈ ਵਸਤੂ ਨਾਲ ਨਹੀਂ ਜਾਣੀ, ਫਿਰ ਇਹ ਧਨ ਕਿਉਂ ਇਕੱਤਰ ਕੀਤਾ ਜਾਵੇ? ਇੱਕ ਸੱਜਣ ਨਾਮ ਦਾ ਪਾਤਰ ਜਿਹੜਾ ਆਪਣੀ ਧਰਮਸ਼ਾਲਾ ਵਿੱਚ ਦੋ ਦਲਾਲਾਂ ਰਸੂਲ ਅਤੇ ਨੂਰਾਂ ਰਾਹੀਂ ਲਿਆਂਦੇ ਮੁਸਾਫਰਾਂ ਨੂੰ ਮਾਰ ਕੇ ਲੁੱਟ ਲੈਂਦਾ ਸੀ। ਜਦੋਂ ਰਸੂਲ ਅਤੇ ਨੂਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨੇ ਨੂੰ ਸੱਜਣ ਦੀ ਧਰਮਸ਼ਾਲਾ ਵਿੱਚ ਲੈ ਕੇ ਜਾਂਦੇ ਹਨ ਤਾਂ ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਸੁਣਕੇ ਸਿੱਧੇ ਰਸਤੇ ਪੈ ਗਿਆ। ਨੂਰਾਂ ਅਤੇ ਰਸੂਲ ਨੂੰ ਸਿੱਧੇ ਰਸਤੇ ਪਾਉਣ ਲਈ ਲੇਖਕ ਨੇ ਇੱਕ ਜੋਤ ਰੌਸ਼ਨੀ ਦੇ ਰੂਪ ਵਿੱਚ ਵਿਖਾ ਕੇ ਉਨ੍ਹਾਂ ਦੋਹਾਂ ਦਾ ਵੀ ਉਧਾਰ ਕੀਤਾ ਹੈ।
ਚੌਥੇ ਦ੍ਰਿਸ਼ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਹਰਿਦੁਆਰ ਵਿਖੇ ਸੂਰਜ ਨੂੰ ਪਾਣੀ ਦੇਣ ਸਮੇਂ ਆਪ ਆਪਣੇ ਖੇਤਾਂ ਨੂੰ ਪਾਣੀ ਦੇਣ ਅਤੇ ਜਿਹੜੇ ਪਿੰਡ ਦੇ ਲੋਕਾਂ ਨੇ ਉਨ੍ਹਾਂ ਨਾਲ ਚੰਗਾ ਵਰਤਾਓ ਨਹੀਂ ਕੀਤਾ ਸੀ, ਉਨ੍ਹਾਂ ਨੂੰ ਵਸਦੇ ਰਹੋ ਕਹਿਣਾ ਅਤੇ ਆਦਰ ਮਾਣ ਕਰਨ ਵਾਲੇ ਪਿੰਡ ਦੇ ਲੋਕਾਂ ਨੂੰ ਉੱਜੜ ਜਾਓ ਕਹਿਣ ਨੂੰ ਬੜੇ ਸੁਚੱਜੇ ਢੰਗ ਨਾਲ ਪਾਂਡਿਆਂ ਵੱਲੋਂ ਲੋਕਾਂ ਨੂੰ ਗੁਮਰਾਹ ਕਰਨ ਅਤੇ ਉਨ੍ਹਾਂ ਦਾ ਸੁਧਾਰ ਕਰਨ ਨੂੰ ਦ੍ਰਿਸ਼ਟਾਂਤਿਕ ਤੌਰ ’ਤੇ ਰੰਗ ਮੰਚ ’ਤੇ ਦਰਸਾ ਕੇ ਕਮਾਲ ਕੀਤੀ ਗਈ ਹੈ। ਪੰਜਵੇਂ ਦ੍ਰਿਸ਼ ਵਿੱਚ ਗੋਪਾਲ ਅਤੇ ਤਰਲੋਕੀ ਪਾਤਰਾਂ ਦੀ ਵਿਚਾਰ ਚਰਚਾ ਗਗਨ ਮੈਂ ਥਾਲ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥ ਦੇ ਦੁਆਲੇ ਘੁੰਮਦੀ ਵਿਖਾਈ ਗਈ ਹੈ, ਜਿਸਦਾ ਭਾਵ ਅਰਥ ਗੁਰੂ ਨੇ ਲੋਕਾਈ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਕੇ ਸਿੱਧੇ ਰਸਤੇ ਪਾਇਆ ਹੈ।
ਛੇਵੇਂ ਦ੍ਰਿਸ਼ ਵਿੱਚ ਬਾਬਰ ਬਾਦਸ਼ਾਹ ਮੰਚ ’ਤੇ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣਦਾ ਹੈ ਕਿ ਉਸਨੇ ਅਨੇਕ ਜ਼ੁਲਮ ਕੀਤੇ ਹਨ ਪ੍ਰੰਤੂ ਉਸ ਨੂੰ ਇੱਕ ਹੋਰ ਆਵਾਜ਼ ਆਉਂਦੀ ਹੈ, ਜਿਸਨੂੰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮਝਦਾ ਹੈ, ਉਹ ਹੀ ਉਸ ਨੂੰ ਸਿੱਧੇ ਰਸਤੇ ’ਤੇ ਚੱਲਣ ਦੀ ਪ੍ਰੇਰਨਾ ਕਰਦੀ ਹੈ। ਇਸ ਦ੍ਰਿਸ਼ ਵਿੱਚ ਬਾਬਰ ਦਾ ਸੁਧਾਰ ਹੁੰਦਾ ਵਿਖਾਇਆ ਜਾਂਦਾ ਹੈ। ਸੱਤਵੇਂ ਦ੍ਰਿਸ਼ ਵਿੱਚ ਨਾਟਕਕਾਰ ਨੇ ਚਰਪਟ ਨਾਥ, ਲੋਹਾਰੀਪਾ ਅਤੇ ਭੰਗਰ ਨਾਥ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਲਣੀ ਤੋਂ ਬਾਅਦ ਆਪਸੀ ਪਰੀਚਰਚਾ ਕਰਵਾਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਰਮ ਕਾਂਡ ਅਤੇ ਯੋਗ ਰਾਹੀਂ ਦੁਨੀਆਂ ਤੋਂ ਦੂਰ ਰਹਿਕੇ ਪ੍ਰਮਾਤਮਾ ਦੀ ਪ੍ਰਾਪਤੀ ਕਰਨਾ ਜਾਇਜ਼ ਨਹੀਂ, ਸਗੋਂ ਸੰਸਾਰੀ ਹੁੰਦਿਆਂ ਵੀ ਪਰਮ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਕਦਾ ਹੈ।
ਅੱਠਵੇਂ ਦ੍ਰਿਸ਼ ਵਿੱਚ ਕਾਜ਼ੀ, ਤਾਜ਼ੂਦੀਨ ਅਤੇ ਜ਼ੈਨੂਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਜਿਸ ਵਿੱਚ ਪ੍ਰਮਾਤਮਾ ਹਰ ਥਾਂ ਚਾਰੇ ਪਾਸੇ ਅਤੇ ਹਰ ਸ਼ੈ ਵਿੱਚ, ਜ਼ਾਤ ਪਾਤ ਤੋਂ ਰਹਿਤ ਸਮਾਜ ਅਤੇ ਧਰਮਾਂ ਦੇ ਕੱਟੜ ਮਜ਼ਹਬੀ ਅਸੂਲ ਲੋਕਾਂ ਦੀ ਬਿਹਤਰੀ ਨਹੀਂ ਕਰ ਸਕਦੇ, ਵਰਗੇ ਸੰਵਾਦ ਕਰਦੇ ਵਿਖਾਏ ਗਏ ਹਨ। ਅਖ਼ੀਰ ਵਿੱਚ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਰਾਹ ਦਸੇਰਾ ਮੰਨਦੇ ਹਨ। ਨੌਂਵੇਂ ਦ੍ਰਿਸ਼ ਵਿੱਚ ਪੀਰ ਦਸਤਗੀਰ, ਅਬਦੁਲ ਅਤੇ ਅਕਰਮ ਦਰਮਿਆਨ ਸੰਵਾਦ ਕਰਵਾਕੇ ਇਹ ਸਾਬਤ ਕਰ ਦਿੱਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਕਹਿੰਦੇ ਹਨ ਪਰਮਾਤਮਾ, ਅੱਲਾ ਤਾਲਾ ਅਤੇ ਖ਼ੁਦਾ ਇੱਕ ਹੀ ਹੈ। ਉਹ ਹੀ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ ਅਤੇ ਖੁਦਾ ਵਿਖਾਈ ਨਹੀਂ ਦਿੰਦਾ ਪ੍ਰੰਤੂ ਹਰ ਵਸਤੂ ਵਿੱਚ ਮੌਜਦ ਹੈ। ਖੁਦਾ ਦੇ ਹੱਥ ਸਭ ਕੁਝ ਹੈ, ਅਰਥਾਤ ਗ਼ਰੀਬ ਨੂੰ ਅਮੀਰ ਅਤੇ ਅਮੀਰ ਨੂੰ ਗ਼ਰੀਬ ਬਣਾ ਸਕਦਾ ਹੈ। ਉਹ ਤਖ਼ਤ ਤਾਜ ’ਤੇ ਬਿਠਾ ਅਤੇ ਉਤਾਰ ਸਕਦਾ ਹੈ।
ਦਸਵੇਂ ਦ੍ਰਿਸ਼ ਵਿੱਚ ਨਾਟਕਕਾਰ ਨੇ ਵਲੀ ਕੰਧਾਰੀ ਅਤੇ ਉਸਦੇ ਨੌਕਰ ਰਾਹੀਂ ਸੰਵਾਦ ਕਰਕੇ ਦਰਸਾਇਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਲੀ ਕੰਧਾਰੀ ਦਾ ਹੰਕਾਰ ਤੋੜ ਕੇ ਉਨ੍ਹਾਂ ਨੂੰ ਇਨਸਾਨੀਅਤ ਦਾ ਪੱਲਾ ਫੜਨ ਲਈ ਆਪਣੀ ਵਿਦਵਤਾ ਦੀ ਚਾਬੀ ਨਾਲ ਸਿੱਧੇ ਰਸਤੇ ਪਾਇਆ ਹੈ। ਗਿਆਰਵੇਂ ਅਤੇ ਆਖ਼ਰੀ ਦ੍ਰਿਸ਼ ਵਿੱਚ ਦਰਵੇਸ਼, ਪਹਿਲਾ ਆਦਮੀ ਅਤੇ ਦੂਜਾ ਆਦਮੀ ਪਾਤਰਾਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਨਸਾਨੀਅਤ, ਜ਼ਾਤ ਪਾਤ, ਵਹਿਮਾਂ ਭਰਮਾਂ, ਇਨਸਾਨੀਅਤ ਦੇ ਦਿਮਾਗਾਂ ਵਿੱਚ ਆਤਮ ਰੌਸ਼ਨੀ ਪੈਦਾ ਕਰਨ, ਧਰਮ ਦੇ ਠੇਕੇਦਾਰਾਂ ਤੋਂ ਬਚਣ ਦੀ ਵਿਚਾਰਧਾਰਾ ’ਤੇ ਪਹਿਰਾ ਦੇਣ ਦਾ ਵਿਚਾਰ ਕਰਦੇ ਵਿਖਾਏ ਗਏ ਹਨ। ਇਨਸਾਨ ਨੂੰ ਸਮਾਜਿਕ, ਧਾਰਮਿਕ, ਭੂਗੋਲਿਕ ਅਤੇ ਪਰਮਾਤਮਾ ਦੀ ਵਿਚਾਰਧਾਰਾ ਦੀਆਂ ਵੰਡੀਆਂ ਪਾਉਣ ਤੋਂ ਗੁਰੇਜ਼ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3118)
(ਸਰੋਕਾਰ ਨਾਲ ਸੰਪਰਕ ਲਈ: