“ਅੱਗ ਲਾਈ ਡੱਬੂ ਕੰਧ ’ਤੇ ਵਾਲੀ ਗੱਲ ਹੈ ...”
(18 ਅਕਤੂਬਰ 2018)
ਸਿੱਖ ਕੌਮ ਸੰਸਾਰ ਵਿਚ ਬਹਾਦਰ, ਦੇਸ ਭਗਤ, ਗ਼ਰੀਬ ਅਤੇ ਗਊ ਗਰੀਬ ਦੀ ਰੱਖਿਅਕ, ਸਰਬਤ ਦਾ ਭਲਾ ਮੰਗਣ ਵਾਲੀ, ਮਨੁੱਖੀ ਹੱਕਾਂ ਦੀ ਪਹਿਰੇਦਾਰ, ਹੱਕ ਸੱਚ ਦੀ ਮੁੱਦਈ, ਸੰਗਤ ਤੇ ਪੰਗਤ ਵਿਚ ਵਿਸ਼ਵਾਸ ਰੱਖਣ ਵਾਲੀ, ਮਿਹਨਤੀ, ਮਾਨਵਤਾ ਦੇ ਦੁੱਖ ਸੁਖ ਦਾ ਸਾਥ ਦੇਣ ਵਾਲੀ ਅਤੇ ਵੰਡ ਕੇ ਛੱਕਣ ਵਾਲੀ ਦੇ ਤੌਰ ’ਤੇ ਜਾਣੀ ਜਾਂਦੀ ਹੈ। ਭਾਰਤ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਮੁਗਲਾਂ ਨੇ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਦੋਂ ਸਿੱਖ ਭਾਈਚਾਰੇ ਨੇ ਮੋਹਰੀ ਦੀ ਭੂਮਿਕਾ ਨਿਭਾਉਂਦਿਆਂ, ਉਨ੍ਹਾਂ ਲੜਕੀਆਂ ਨੂੰ ਸਿਰਫ ਜ਼ਾਲਮਾਂ ਦੇ ਚੁੰਗਲ ਵਿੱਚੋਂ ਛੁਡਵਾਕੇ ਹੀ ਨਹੀਂ ਲਿਆਂਦਾ ਸਗੋਂ ਮੁਗਲਾਂ ਦੇ ਦੰਦ ਖੱਟੇ ਕਰਕੇ ਭਜਾਇਆ। ਸ੍ਰੀ ਗੁਰੂ ਤੇਗ ਬਹਾਦਰ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ। ਜੇ ਗੁਰੂ ਤੇਗ ਬਹਾਦਰ ਕੁਰਬਾਨੀ ਨਾ ਦਿੰਦੇ ਤਾਂ ਸਮੁੱਚੇ ਭਾਰਤ ਵਿਚ ਰਾਜ ਉਸ ਕੌਮ ਦਾ ਹੁੰਦਾ, ਜਿਸ ਤੋਂ ਉਨ੍ਹਾਂ ਦੀਆਂ ਧੀਆਂ ਭੈਣਾਂ ਸਿੱਖਾਂ ਨੇ ਬਚਾਈਆਂ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਂਦਿਆਂ ਮੁਗਲਾਂ ਦੀਆਂ ਵਧੀਕੀਆਂ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਚਿਣਕੇ ਸ਼ਹੀਦ ਕਰਨ ਦਾ ਬਦਲਾ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਿਆ। ਦੇਸ ਭਗਤੀ ਦਾ ਸਬੂਤ ਦਿੰਦਿਆਂ ਮੁਗਲਾਂ ਨਾਲ ਲੜਾਈਆਂ ਲੜੀਆਂ ਅਤੇ ਸ਼ਹਾਦਤ ਦੇ ਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੀ ਮਾਲਕੀਅਤ ਦੇ ਹੱਕ ਦਿਵਾਏ।
ਦੇਸ ਦੀ ਆਜ਼ਾਦੀ ਦੀ ਪਹਿਲੀ ਲੜਾਈ ਸਿੱਖਾਂ ਨੇ ਲੜੀ। ਗਦਰੀ ਬਾਬਿਆਂ ਨੇ ਆਜ਼ਾਦੀ ਦੀ ਲੜਾਈ ਵਿਚ ਮੋਹਰੀ ਦੀ ਭੂਮਿਕਾ ਨਿਭਾਉਂਦਿਆਂ ਕੁਰਬਾਨੀਆਂ ਦਿੱਤੀਆਂ। ਭਾਰਤ ਦੇ ਇਤਿਹਾਸ ਵਿਚ ਦਰਜ ਹੈ ਕਿ ਆਜ਼ਾਦੀ ਦੇ ਸੰਗਰਾਮ ਵਿਚ ਸਭ ਤੋਂ ਵੱਧ ਸਿੱਖ ਜੇਲ੍ਹਾਂ ਵਿਚ ਡੱਕੇ ਗਏ ਅਤੇ ਸ਼ਹੀਦੀਆਂ ਦਿੱਤੀਆਂ, ਫਿਰ ਸਿੱਖ ਕੌਮ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ? ਜਦੋਂ ਕਿਸੇ ਵਿਅਕਤੀ ਨਾਲ ਕੋਈ ਜ਼ਿਆਦਤੀ ਹੁੰਦੀ ਸੀ, ਜੇਕਰ ਸਿੱਖ ਆ ਜਾਂਦਾ ਤਾਂ ਕਿਹਾ ਜਾਂਦਾ ਸੀ ਕਿ ਹੁਣ ਕਿਸੇ ਨੂੰ ਕੋਈ ਖ਼ਤਰਾ ਨਹੀਂ। ਸਿੱਖ ਬਚਾਓ ਦੀ ਛਤਰੀ ਗਿਣਿਆ ਜਾਂਦਾ ਸੀ। ਹੁਣ ਅਜ਼ਾਦ ਭਾਰਤ ਵਿਚ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਅਣਡਿੱਠ ਕਿਉਂ ਕੀਤਾ ਜਾਂਦਾ ਹੈ? ਉਹੀ ਲੋਕ ਜਿਨ੍ਹਾਂ ਦੀਆਂ ਧੀਆਂ ਭੈਣਾਂ ਨੂੰ ਸਿੱਖਾਂ ਨੇ ਬਚਾਇਆ, ਉਹੀ ਉਨ੍ਹਾਂ ਦੇ ਦੁਸ਼ਮਣ ਕਿਉਂ ਬਣੇ ਬੈਠੇ ਹਨ? ਇਸ ਬਾਰੇ ਸਿੱਖ ਕੌਮ ਨੂੰ ਸੰਵਾਦ ਕਰਨਾ ਚਾਹੀਦਾ ਹੈ ਕਿ ਗ਼ਲਤੀ ਕਿੱਥੇ ਹੋਈ ਹੈ ਕਿ ਸਿੱਖਾਂ ਦਾ ਸਤਿਕਾਰ ਤੇ ਮਾਣ ਕਿਉਂ ਘਟਿਆ ਹੈ? ਸਿੱਖ ਧਰਮ ਦਾ ਪਰਚਾਰ ਅਤੇ ਪਾਸਾਰ ਕਰਨ ਲਈ ਸੰਵਿਧਾਨਿਕ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਨੇਕਾਂ ਸੰਤ, ਬਾਬੇ, ਡੇਰੇ ਅਤੇ ਧਾਰਮਿਕ ਸੰਸਥਾਵਾਂ ਕੰਮ ਕਰ ਰਹੀਆਂ ਹਨ। ਫਿਰ ਸਿੱਖਾਂ ਦੇ ਵਕਾਰ ਨੂੰ ਆਂਚ ਕਿਵੇਂ ਅਤੇ ਕਿਉਂ ਆਈ? ਇੱਥੋਂ ਤੱਕ ਕਿ ਸਿੱਖਾਂ ਨੂੰ ਦੇਸ ਵਿਰੋਧੀ ਅਤੇ ਅੱਤਵਾਦੀ ਕਿਉਂ ਕਿਹਾ ਜਾਣ ਲੱਗਿਆ ਹੈ? ਕਿਤੇ ਨਾ ਕਿਤੇ ਕੋਈ ਗੜਬੜ ਤਾਂ ਹੈ। ਕੁਝ ਸਿੱਖਾਂ ਦਾ ਵੀ ਕਸੂਰ ਹੋ ਸਕਦਾ ਹੈ। ਜਦੋਂ ਦੇਸ ਅਜ਼ਾਦ ਹੋਇਆ ਸੀ, ਉਸ ਸਮੇਂ ਸਿੱਖ ਕੌਮ ਨੇ ਜੋ ਫੈਸਲਾ ਭਾਰਤ ਵਿਚ ਰਹਿਣ ਦਾ ਕੀਤਾ ਸੀ, ਉਹ ਸਮਾਂ ਸੋਚ ਸਮਝ ਕੇ ਫੈਸਲਾ ਕਰਨ ਦਾ ਸੀ। ਸਿੱਖ ਲੀਡਰਸ਼ਿਪ ਨੇ ਜੋ ਵੀ ਫੈਸਲਾ ਕੀਤਾ, ਸਹੀ ਜਾਂ ਗ਼ਲਤ, ਹੁਣ ਉਸ ਉੱਤੇ ਕਿੰਤੂ ਪ੍ਰੰਤੂ ਕਰਨ ਦੀ ਲੋੜ ਨਹੀਂ, ਈਦ ਮਗਰੋਂ ਰੋਜੇ ਰੱਖਣ ਦੀ ਕੋਈ ਤੁਕ ਨਹੀਂ, ਸਗੋਂ ਸਿੱਖ ਕੌਮ ਨੂੰ ਉਸ ’ਤੇ ਫੁੱਲ ਚੜ੍ਹਾਉਣੇ ਚਾਹੀਦੇ ਹਨ। ਅਜਿਹੇ ਫੈਸਲੇ ਕੋਈ ਬੱਚਿਆਂ ਦੀ ਖੇਡ ਨਹੀਂ ਹੁੰਦੇ।
ਅਸਲ ਵਿਚ ਕੁਝ ਲੋਕਾਂ ਨੇ ਸਿੱਖ ਕੌਮ ਵਿਚ ਘੁਸਪੈਠ ਕਰਕੇ ਸਿੱਖ ਭਾਈਚਾਰੇ ਨੂੰ ਨੁਕਸਾਨ ਪਹੁੰਚਾਇਆ ਹੈ। ਸਿੱਖ ਭਾਈਚਾਰਾ ਬਹੁਤ ਜਲਦੀ ਭਾਵਨਾਤਮਿਕ ਹੋ ਜਾਂਦਾ ਹੈ। ਧਰਮ ਦੇ ਨਾਂ ’ਤੇ ਨੇਤਾਵਾਂ ਵੱਲੋਂ ਗ਼ਲਤ ਬਿਆਨੀ ਕਰਨ ਨਾਲ ਗੁਮਰਾਹ ਹੋ ਜਾਂਦਾ ਹੈ। ਕੁਝ ਧਾਰਮਿਕ ਅਤੇ ਰਾਜਨੀਤਕ ਨੇਤਾ ਲੋਕ ਭਾਵਨਾਤਮਕ ਭਾਸ਼ਣ ਦੇ ਕੇ ਸਿੱਖ ਕੌਮ ਨੂੰ ਗ਼ਲਤ ਬਿਆਨੀ ਕਰਨ ਲਈ ਉਤਸ਼ਾਹਤ ਕਰ ਜਾਂਦੇ ਹਨ। ਇਸ ਬਾਰੇ ਸਿੱਖ ਵਿਦਵਾਨਾਂ ਨੂੰ ਗੰਭੀਰਤਾ ਨਾਲ ਸੰਵਾਦ ਕਰਨਾ ਚਾਹੀਦਾ ਹੈ, ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਸੰਵਾਦ ਕਰਕੇ, ਉਨ੍ਹਾਂ ਨੂੰ ਸਿੱਧੇ ਰਸਤੇ ਪਾਇਆ ਸੀ। ਦੁੱਖ ਇਸ ਗੱਲ ਦਾ ਹੈ ਕਿ ਸਾਡੇ ਵਿਦਵਾਨ ਇਕੱਠੇ ਹੋ ਕੇ ਨਹੀਂ ਬੈਠਦੇ ਸਗੋਂ ਆਪੋ ਆਪਣੀ ਡਫਲੀ ਵਜਾਉਂਦੇ ਹਨ। ਉਹ ਇੱਕ ਦੂਜੇ ਨਾਲੋਂ ਆਪਣੇ ਆਪ ਨੂੰ ਜ਼ਿਆਦਾ ਗਿਆਨਵਾਨ ਸਮਝਦੇ ਹਨ। ਸਿੱਖ ਕੌਮ ਨੂੰ ਹਓਮੈ ਤੋਂ ਖਹਿੜਾ ਛੁਡਾਉਣਾ ਪਵੇਗਾ ਤਾਂ ਕਿਤੇ ਜਾ ਕੇ ਅਸੀਂ ਮਿਲ ਬੈਠ ਸਕਾਂਗੇ।
ਜਦੋਂ ਭਾਰਤ ਦਾ ਸੰਵਿਧਾਨ ਬਣਾਇਆ ਗਿਆ ਤਾਂ ਸਿੱਖ ਮੈਂਬਰਾਂ ਨੇ ਦਸਤਖਤ ਨਹੀਂ ਕੀਤੇ। ਚਾਹੀਦਾ ਤਾਂ ਇਹ ਸੀ ਕਿ ਦਲੀਲਾਂ ਨਾਲ ਸੰਵਿਧਾਨ ਬਣਾਉਣ ਵਾਲੀ ਕਮੇਟੀ ਨੂੰ ਆਪਣੀ ਗੱਲ ਮਨਾਉਂਦੇ। ਕਿਸੇ ਵੀ ਫੈਸਲੇ ਨਾਲ ਸਹਿਮਤ ਨਾ ਹੋਣ ’ਤੇ ਵਾਕ ਆਊਟ ਕਰਨਾ ਕਿਸੇ ਸਮੱਸਿਆ ਦਾ ਕੋਈ ਹੱਲ ਨਹੀਂ ਹੁੰਦਾ। ਜਦੋਂ ਅਸੀਂ ਅਹੁਦਿਆਂ ਦੀ ਪ੍ਰਾਪਤੀ ਲਈ ਭਾਰਤ ਦੇ ਸੰਵਿਧਾਨ ਨੂੰ ਮੰਨ ਹੀ ਲਿਆ ਫਿਰ ਕਿੰਤੂ ਪ੍ਰੰਤੂ ਕਾਹਦਾ। ਜਾਂ ਫਿਰ ਸੰਵਿਧਾਨ ਵਿਚ ਤਰਮੀਮ ਕਰਵਾਈ ਜਾਵੇ। ਤਰਮੀਮ ਦੋ ਤਿਹਾਈ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋ ਸਕਦੀ। ਸਿੱਖ ਦੇਸ ਵਿਚ ਘੱਟ ਗਿਣਤੀ ਵਿਚ ਹਨ। ਤਰਮੀਮ ਕਰਵਾਉਣ ਦੀ ਸਮਰੱਥਾ ਵਿਚ ਨਹੀਂ ਹਨ। ਇਸ ਲਈ ਸਿੱਖਾਂ ਦੇ ਜੋ ਧੜੇ ਲੋੜ ਤੋਂ ਵੱਧ ਗ਼ਲਤ ਬਿਆਨੀ ਕਰਦੇ ਹਨ, ਉਨ੍ਹਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ।
ਅਜ਼ਾਦ ਭਾਰਤ ਵਿਚ ਸਿੱਖ ਹਮੇਸ਼ਾ ਮਹੱਤਵਪੂਰਨ ਅਹੁਦਿਆਂ ’ਤੇ ਰਹੇ, ਜਿਨ੍ਹਾਂ ਵਿਚ ਭਾਰਤ ਦਾ ਪਹਿਲਾ ਡਿਫੈਂਸ ਮਨਿਸਟਰ ਬਲਦੇਵ ਸਿੰਘ ਸਮੇਤ ਅੰਮ੍ਰਿਤ ਕੌਰ, ਹੁਕਮ ਸਿੰਘ, ਗੁਰਦਿਆਲ ਸਿੰਘ ਢਿੱਲੋਂ, ਸਵਰਨ ਸਿੰਘ ਅਤੇ ਬੂਟਾ ਸਿੰਘ ਆਦਿ ਸ਼ਾਮਲ ਹਨ। ਗਿਆਨੀ ਜ਼ੈਲ ਸਿੰਘ ਭਾਰਤ ਦੇ ਰਾਸ਼ਟਰਪਤੀ ਬਣੇ। ਇੱਥੋਂ ਤੱਕ ਕਿ ਭਾਰਤੀ ਫੌਜਾਂ ਦੇ ਮੁਖੀ ਸਿੱਖ ਰਹੇ। ਹੁਣ ਸੋਚੋ ਕਿ ਇਹ ਵਾਦ ਵਿਵਾਦ ਖੜ੍ਹਾ ਕਿਸਨੇ ਕੀਤਾ। ਜਦੋਂ ਤਥਾ ਕਥਿਤ ਖਾਲਿਸਤਾਨ ਦੀ ਮੰਗ ਹੋਣ ਲੱਗੀ ਤਾਂ ਅਕਾਲੀ ਦਲ ਨੇ ਸਿੱਖਾਂ ਵਿਚ ਸਹਿਮਤੀ ਬਣਾਉਣ ਲਈ ਅਕਾਲੀ ਦਲ ਦੇ ਸਾਰੇ ਧੜਿਆਂ ਨਾਲ ਵਿਚਾਰ ਵਟਾਂਦਰਾ ਕੀਤਾ, ਜਿਸਦੇ ਸਿੱਟੇ ਵੱਜੋਂ ਕੁਝ ਵਿਦਵਾਨਾਂ ਵੱਲੋਂ ਮਤਾ ਤਿਆਰ ਕੀਤਾ ਗਿਆ ਜੋ ਆਨੰਦਪੁਰ ਸਾਹਿਬ ਦੇ ਮਤੇ ਦੇ ਨਾਂ ਨਾਲ ਮਸ਼ਹੂਰ ਹੋਇਆ। ਭਾਵੇਂ ਉਸ ਮਤੇ ਨਾਲ ਸਾਰੇ ਧੜੇ ਸਹਿਮਤ ਨਹੀਂ ਸਨ, ਤਾਂ ਵੀ ਕਾਫੀ ਚਰਚਾ ਤੋਂ ਬਾਅਦ ਉਸ ਮਤੇ ’ਤੇ ਇਹ ਸਹਿਮਤੀ ਹੋਈ ਕਿ ਸਿੱਖ ਹੋਮ ਲੈਂਡ ਦੀ ਮੰਗ ਰੱਖੀ ਜਾਵੇ ਪ੍ਰੰਤੂ ਉਹ ਹੋਵੇ ਭਾਰਤ ਦੇ ਸੰਵਿਧਾਨ ਅਧੀਨ ਹੀ। ਖਾਲਿਸਤਾਨ ਦੀ ਥਾਂ ਸਿੱਖ ਹੋਮ ਲੈਂਡ ਕਹਿ ਦਿੱਤਾ। ਸੰਵਿਧਾਨ ਦੇ ਅਧੀਨ ਇਹ ਹੋਮ ਲੈਂਡ ਸੰਭਵ ਨਹੀਂ ਸੀ ਕਿਉਂਕਿ ਆਨੰਦਪੁਰ ਸਾਹਿਬ ਦਾ ਸਮੁੱਚਾ ਮਤਾ ਤਾਂ ਖੁਦਮੁਖਤਿਆਰੀ ਦੀ ਗੱਲ ਕਰਦਾ ਸੀ। ਜਦੋਂ ਸਿੱਖ ਭਾਰਤ ਦੇ ਸੰਵਿਧਾਨ ਵਿਚ ਤਰਮੀਮ ਨਹੀਂ ਕਰਵਾ ਸਕਦੇ ਫਿਰ ਅਜਿਹੀਆਂ ਮੰਗਾਂ ਸੋਚ ਸਮਝਕੇ ਕਰਨੀਆਂ ਚਾਹੀਦੀਆਂ ਹਨ।
ਇਹ ਵੀ ਕਿਹਾ ਜਾਂਦਾ ਹੈ ਕਿ ਇਸ ਮਤੇ ਨੂੰ ਸਰਬ ਪ੍ਰਵਾਣਤ ਸਿੱਖ ਬੁੱਧੀਜੀਵੀ ਵਿਦਵਾਨ, ਜਿਸਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰੋਫੈਸਰ ਆਫ ਸਿੱਖਿਜ਼ਮ ਦਾ ਖ਼ਿਤਾਬ ਦਿੱਤਾ ਸੀ, ਸਿਰਦਾਰ ਕਪੂਰ ਸਿੰਘ ਨੇ ਤਿਆਰ ਕੀਤਾ ਸੀ। ਕੁਝ ਹੋਰ ਵਿਦਵਾਨ, ਜਿਨ੍ਹਾਂ ਵਿਚ ਜਸਵੀਰ ਸਿੰਘ ਆਹਲੂਵਾਲੀਆ ਵੀ ਸ਼ਾਮਲ ਹੈ, ਉਹ ਇਸ ਮਤੇ ਨੂੰ ਬਣਾਉਣ ਦਾ ਸਿਹਰਾ ਆਪਣੇ ਸਿਰ ’ਤੇ ਬੰਨ੍ਹਦੇ ਹਨ। ਜਦੋਂ ਆਨੰਦਪੁਰ ਸਾਹਿਬ ਦਾ ਮਤਾ ਅਕਾਲੀ ਦਲ ਦੇ ਸਾਰੇ ਧੜਿਆਂ ਨੇ ਪਾਸ ਕਰ ਦਿੱਤਾ, ਉਸ ਦਿਨ ਤੋਂ ਬਾਅਦ ਹੀ ਭਾਰਤ ਸਰਕਾਰ ਦੇ ਮਨ ਵਿਚ ਸਿੱਖ ਕੌਮ ਦੀ ਨੀਯਤ ’ਤੇ ਸ਼ੱਕ ਦੀ ਹੋਣ ਲੱਗ ਗਈ। ਸਾਰੇ ਪੁਆੜੇ ਦੀ ਜੜ੍ਹ ਆਨੰਦਪੁਰ ਸਾਹਿਬ ਦਾ ਮਤਾ ਹੀ ਬਣ ਗਿਆ। ਅਸਿੱਧੇ ਤੌਰ ’ਤੇ ਇਹ ਤੁਹਮਤ ਸਿਰਦਾਰ ਕਪੂਰ ਸਿੰਘ ਤੇ ਲਗਾਈ ਜਾਂਦੀ ਹੈ।
ਇਹ ਹਾਲਾਤ ਪੈਦਾ ਕਰਨ ਦਾ ਜ਼ਿੰਮੇਵਾਰ ਕੁਝ ਵਿਦਵਾਨ ਆਨੰਦਪੁਰ ਸਾਹਿਬ ਦੇ ਮਤੇ ਨੂੰ ਸਮਝਦੇ ਹਨ। ਇਸ ਮਤੇ ਤੋਂ ਬਾਅਦ ਸਿੱਖ ਕੌਮ ਨੇ ਖੱਟਿਆ ਕੁਝ ਨਹੀਂ, ਸਗੋਂ ਗੁਆ ਸਭ ਕੁਝ ਲਿਆ ਹੈ। ਹੁਣ ਹਰ ਸਿੱਖ ਵੱਲ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਕੇਂਦਰ ਵਿਚ ਸਰਕਾਰ ਭਾਵੇਂ ਕਿਸੇ ਪਾਰਟੀ ਦੀ ਹੋਵੇ, ਉਹ ਸਿੱਖ ਕੌਮ ਨੂੰ ਹਮੇਸ਼ਾ ਟੇਢੀ ਨਿਗਾਹ ਨਾਲ ਵੇਖਦੀ ਹੈ। ਸਿੱਖਾਂ ’ਤੇ ਵਿਸਾਹ ਹੀ ਨਹੀਂ ਕੀਤਾ ਜਾਂਦਾ। ਕੇਂਦਰੀ ਗੁਪਤਚਰ ਏਜੰਸੀਆਂ ਨੇ ਸਿੱਖਾਂ ਦੀਆਂ ਸਰਗਰਮੀਆਂ ’ਤੇ ਨਜ਼ਰਸਾਨੀ ਕਰਨੀ ਸ਼ੁਰੂ ਕਰ ਦਿੱਤੀ। ਇੱਥੋਂ ਤੱਕ ਕਿ ਗੁਪਤਚਰ ਏਜੰਸੀਆਂ ਨੇ ਆਪਣੇ ਸੂਹੀਏ ਸਿਆਸੀ ਪਾਰਟੀਆਂ ਅਤੇ ਸਿੱਖ ਸੰਸਥਾਵਾਂ ਵਿਚ ਘੁਸਪੈਠ ਕਰਾ ਦਿੱਤੇ। ਇਹ ਏਜੰਸੀਆਂ ਸਿੱਖ ਕੌਮ ਦੀ ਆਭਾ ਨੂੰ ਘਟਾਉਣ ਲਈ ਤਰਕੀਬਾਂ ਸੋਚਣ ਲੱਗ ਗਈਆਂ ਸਨ। ਰਹਿੰਦੀ ਖੂੰਹਦੀ ਕਸਰ ਰਾਸ਼ਟਰੀ ਸਿੱਖ ਸੰਗਤ ਨੇ ਕੱਢ ਦਿੱਤੀ। ਅਖ਼ੀਰ ਵਿਚ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਉੱਪਰ ਫੌਜ ਦਾ ਹਮਲਾ ਇਨ੍ਹਾਂ ਗੁਪਤਚਰ ਏਜੰਸੀਆਂ ਦੀ ਸਾਜਿਸ਼ ਦਾ ਨਤੀਜਾ ਬਣਕੇ ਹੋਇਆ ਸੀ। ਸੋਚਣ ਵਾਲੀ ਗੱਲ ਹੈ ਕਿ ਜਦੋਂ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸੁਰੱਖਿਆ ਏਜੰਸੀਆਂ ਦੇ ਆਦਮੀ ਨਿਯੁਕਤ ਸਨ ਤਾਂ ਅਸਲਾ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਕਿਵੇਂ ਪਹੁੰਚ ਗਿਆ? ਉੱਥੇ ਅੰਦਰ ਅਸਲਾ ਪਹੁੰਚਣ ਤੋਂ ਸਾਫ ਹੋ ਜਾਂਦਾ ਹੈ ਕਿ ਗੁਪਤਚਰ ਏਜੰਸੀਆਂ ਦੀ ਮਿਲੀ ਭੁਗਤ ਨਾਲ ਸਾਰਾ ਘਾਲਾਮਾਲਾ ਹੋਇਆ ਹੈ। ਸਿੱਖਾਂ/ਪੰਜਾਬੀਆਂ ਤੋਂ ਸਿੱਖਾਂ/ਪੰਜਾਬੀਆਂ ਨੂੰ ਮਰਵਾਇਆ ਗਿਆ।
ਹੁਣ ਇਕ ਨਵਾਂ ਸ਼ਗੂਫਾ ਇੰਗਲੈਂਡ ਵਿਚ “ਰਾਇਸ਼ੁਮਾਰੀ 2020” ਦਾ ਨਾਅਰਾ ਲਾ ਕੇ ਛੱਡਿਆ ਗਿਆ। ਜਿਨ੍ਹਾਂ ਲੋਕਾਂ ਨੇ ਨਾ ਭਾਰਤ ਵਿਚ ਆਉਣਾ ਹੈ ਅਤੇ ਨਾ ਹੀ ਭਾਰਤ ਵਿੱਚ ਰਹਿਣਾ ਹੈ, ਉਹ ਰੈਫਰੈਂਡਮ ਦੀ ਗੱਲ ਕਰਦੇ ਹਨ। ਪੰਜਾਬੀਆਂ ਲਈ ਨਵੀਂ ਮੁਸੀਬਤ ਖੜ੍ਹੀ ਕਰਨੀ ਜਾਇਜ਼ ਨਹੀਂ। ਅੱਗ ਲਾਈ ਡੱਬੂ ਕੰਧ ’ਤੇ ਵਾਲੀ ਗੱਲ ਹੈ। ਅੱਸੀਵਿਆਂ ਵਿਚ ਜੋ ਪੰਜਾਬੀਆਂ ਨੇ ਸੰਤਾਪ ਹੰਢਾਇਆ ਹੈ, ਉਹ ਉਹੀ ਜਾਣਦੇ ਹਨ। ਦੂਰ ਦੇ ਢੋਲ ਸੁਹਾਵਣੇ ਹੁੰਦੇ ਹਨ। ਮਰਨ ਵਾਲੇ ਵੀ ਸਿੱਖ/ਪੰਜਾਬੀ ਅਤੇ ਮਾਰਨ ਵਾਲੇ ਵੀ ਸਿੱਖ/ਪੰਜਾਬੀ। ਉਨ੍ਹਾਂ ਲੋਕਾਂ ਤੋਂ ਸੁਚੇਤ ਰਹੋ, ਜਿਨ੍ਹਾਂ ਸਾਡੇ ਗੁਰੂਆਂ ਅਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਦੇਸ਼ ਦੀ ਵੰਡ ਸਮੇਂ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਅਤੇ ਲੁੱਟ ਮਾਰ ਕਰਕੇ ਕਤਲੇਆਮ ਕੀਤਾ। ਵਿਗਾਨੀ ਛਾਹ ’ਤੇ ਮੁੱਛਾਂ ਨਾ ਮੁਨਾਓ। ਦੁਸ਼ਮਣ ਤੇ ਦੋਸਤ ਦਾ ਫਰਕ ਸਮਝੋ। ਦੁਸ਼ਮਣ ਦੋਸਤੀ ਵਿਚ ਵੀ ਦੁਸ਼ਮਣੀ ਕਰਦਾ ਹੈ। ਉਸਦਾ ਦੋਸਤੀ ਲਈ ਵਧਾਇਆ ਹੱਥ ਖ਼ਤਰੇ ਤੋਂ ਖਾਲੀ ਨਹੀਂ ਜਾਵੇਗਾ। ਸ੍ਰੀ ਹਰਿਮੰਦਰ ਸਾਹਿਬ ’ਤੇ ਫੌਜ ਦੇ ਹਮਲੇ ਸਮੇਂ ਪਿੱਠ ਵਿਖਾਉਣ ਵਾਲਿਆਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਸਿੱਖ ਭਰਾਵੋ ਅਤੇ ਭੈਣੋ, ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸ੍ਰੀ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਸਰਦਾਰੀ ਨੂੰ ਬਰਕਰਾਰ ਰੱਖੋ। ਧਰਮ ਦੇ ਠੇਕੇਦਾਰਾਂ ਤੋਂ ਬਚੋ। ਤੁਹਾਡੀਆਂ ਭਾਵਨਾਵਾਂ ਨਾਲ ਖੇਡਣ ਵਾਲਿਆਂ ਦੀ ਪਛਾਣ ਕਰੋ। ਰਾਜ ਭਾਗ ਧਰਮ ਦੀ ਪ੍ਰਫੁੱਲਤਾ ਵਿਚ ਸਹਾਈ ਹੋਣਾ ਚਾਹੀਦਾ ਹੈ। ਰਾਜ ਭਾਗ ਨਾਲ ਆਨੰਦ ਦੀ ਪ੍ਰਾਪਤੀ ਕੋਈ ਮਾਇਨੇ ਨਹੀਂ ਰੱਖਦੀ। ਰਾਜ ਭਾਗ ਤਾਂ ਆਉਂਦੇ ਜਾਂਦੇ ਰਹਿਣਗੇ ਪ੍ੰਤੂ ਵੇਲਾ ਹੱਥੋਂ ਨਿਕਲਿਆ ਹੱਥ ਨਹੀਂ ਆਉਣਾ। ਪਦਾਰਥਵਾਦੀ ਰੁਚੀਆਂ ਦਾ ਤਿਆਗ ਕਰੋ। ਅਧਿਆਤਮਕਤਾ ਦਾ ਪੱਲਾ ਫੜੋ। ਪੰਥਕ ਮੁਖੌਟੇ ਵਿਚਲੇ ਪੰਥ ਵਿਰੋਧੀਆਂ ਦੀਆਂ ਗੁਮਰਾਹਕੁਨ ਚਾਲਾਂ ਤੋਂ ਸੁਚੇਤ ਰਹੋ।
*****
(1349)