UjagarSingh7ਜੇ ਹੁਣ ਬੋਲੇ ਨਹੀਂ ਤਾਂਫਿਰ ਕਿਸੇ ਬੋਲਣ ਨਹੀਂ ਦੇਣਾ, ... ਤੇ ਉਸ ਤੋਂ ਬਾਦ ਫਿਰ ਬੋਲਣ ਲਈ ਕੁਝ ਵੀ ਨਹੀਂ ਰਹਿਣਾ। ...SurinderKPakhokeBookA3
(23 ਮਾਰਚ 2021)
(ਸ਼ਬਦ: 1490)


SurinderKPakhokeBookA1ਦੇਸ਼ ਵਿੱਚ ਜਿੰਨੀਆਂ ਵੀ ਲਹਿਰਾਂ ਚੱਲੀਆਂ ਹਨ
, ਉਨ੍ਹਾਂ ਲਹਿਰਾਂ ਸਮੇਂ ਸਾਹਿਤਕਾਰਾਂ ਨੇ ਜਿਹੜਾ ਸਾਹਿਤ ਰਚਿਆ, ਉਹ ਇਤਿਹਾਸ ਦਾ ਅਟੁੱਟ ਅੰਗ ਬਣ ਗਿਆ ਹੈ, ਬਸ਼ਰਤੇ ਕਿ ਉਸ ਸਾਹਿਤ ਨੂੰ ਪੁਸਤਕ ਦਾ ਰੂਪ ਦਿੱਤਾ ਗਿਆ ਹੋਵੇ। ਉਸ ਪੁਸਤਕ ਤੋਂ ਆਉਣ ਵਾਲੀਆਂ ਨਸਲਾਂ ਨੂੰ ਆਪਣੀ ਵਿਰਾਸਤ ਵਿੱਚ ਹੋਏ ਉਤਰਾਅ ਚੜ੍ਹਾ ਬਾਰੇ ਜਾਣਕਾਰੀ ਮਿਲਦੀ ਰਹੇਗੀ। ਕਿਸਾਨ ਅੰਦੋਲਨ ਦੌਰਾਨ ਵੀ ਬਹੁਤ ਸਾਰਾ ਸਾਹਿਤ ਰਚਿਆ ਗਿਆ ਹੈ। ਇਸ ਅੰਦੋਲਨ ਦੌਰਾਨ ਸੁਰਿੰਦਰ ਕੌਰ ਪੱਖੋਕੇ ਨੇ ਇੱਕ ਪੁਸਤਕ ‘ਕਿਸਾਨ ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਸੰਪਾਦਿਤ ਕੀਤੀ ਹੈ। ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਸ਼ਾਂਤਮਈ ਕਿਸਾਨ ਅੰਦੋਲਨ ਦੀ ਪੀੜ ਦੀ ਹੂਕ ਸੰਸਾਰ ਦੇ ਕੋਨੇ ਕੋਨੇ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬੀ, ਉੱਦਮੀ, ਮਿਹਨਤੀ, ਸਿਰੜੀ ਅਤੇ ਦਲੇਰ ਗਿਣੇ ਜਾਂਦੇ ਹਨ। ਕਿਸਾਨ ਅੰਦੋਲਨ ਸ਼ੁਰੂ ਕਰਨ ਵਿੱਚ ਵੀ ਪੰਜਾਬੀ ਕਿਸਾਨਾਂ ਨੇ ਅਜਿਹੀ ਪਹਿਲ ਕਦਮੀ ਕੀਤੀ, ਜਿਸਦੇ ਸਿੱਟੇ ਵਜੋਂ ਸਭ ਤੋਂ ਪਹਿਲਾਂ ਪੁਰਾਣਾ ਪੰਜਾਬ ਮੁੜ ਇਕਸੁਰ ਹੋ ਗਿਆ। ਹਰਿਆਣਾ, ਜਿਹੜਾ 1966 ਤੋਂ ਪਹਿਲਾਂ ਪੰਜਾਬ ਦਾ ਹਿੱਸਾ ਹੁੰਦਾ ਸੀ, ਉਹ ਮੁੜ ਆਪਣੇ ਭਰਾਵਾਂ ਨਾਲ ਖੜ੍ਹਾ ਹੋ ਗਿਆ, ਜਿਸਦੇ ਸਿੱਟੇ ਵਜੋਂ ਇਹ ਅੰਦੋਲਨ ਦੇਸ਼ ਵਿਆਪੀ ਹੋ ਗਿਆ ਹੈ। ਸੰਸਾਰ ਦੇ ਜਿਸ ਖਿੱਤੇ ਵਿੱਚ ਵੀ ਪੰਜਾਬੀ ਅਤੇ ਭਾਰਤੀ ਵਸੇ ਹੋਏ ਹਨ, ਸਾਰੇ ਹੀ ਆਪਣੀ ਮਾਤ ਭੂਮੀ ਦੇ ਜਾਇਆਂ, ਕਿਸਾਨਾਂ ਨਾਲ ਖੜ੍ਹੇ ਹੋ ਗਏ ਹਨ। ਸਾਹਿਤਕਾਰ, ਖਾਸ ਤੌਰ ’ਤੇ ਕਵੀ ਅਤੇ ਕਵਿੱਤਰੀਆਂ ਕੋਮਲ ਭਾਵਨਾਵਾਂ ਵਾਲੇ ਹੁੰਦੇ ਹਨ। ਇਸ ਲਈ ਉਹ ਕਿਸਾਨਾਂ ਦੀ ਪੀੜ ਨੂੰ ਜ਼ਿਆਦਾ ਮਹਿਸੂਸ ਕਰ ਰਹੇ ਹੁੰਦੇ ਹਨ, ਜਿਸ ਕਰਕੇ ਉਨ੍ਹਾਂ ਨੇ ਆਪਣੀਆਂ ਕਲਮਾਂ ਚੁੱਕ ਕੇ ਕਿਸਾਨੀ ਦੇ ਹੱਕ ਵਿੱਚ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਹ ਆਪਣੀ ਅਤੇ ਆਪਣੇ ਪੁਰਖਿਆਂ ਦੀ ਵਿਰਾਸਤ ਨਾਲ ਗੜੁੱਚ ਹਨ। ਪੰਜਾਬ ਦਾ ਦਰਦ ਉਨ੍ਹਾਂ ਦਾ ਆਪਣਾ ਦਰਦ ਬਣ ਗਿਆ ਹੈ, ਜੋ ਉਨ੍ਹਾਂ ਦੀਆਂ ਕਵਿਤਾਵਾਂ ਵਿੱਚੋਂ ਝਲਕ ਮਾਰ ਰਿਹਾ ਹੈ। ਕਵਿਤਾਵਾਂ ਕਿਉਂਕਿ ਘੱਟ ਸ਼ਬਦਾਂ ਨਾਲ ਸਿੱਧਾ ਦਿਲ ’ਤੇ ਅਸਰ ਕਰਦੀਆਂ ਹਨ, ਇਸ ਲਈ ਉਨ੍ਹਾਂ ਦੀਆਂ ਕਵਿਤਾਵਾਂ ਨੇ ਸੋਸ਼ਲ ਮੀਡੀਆ ’ਤੇ ਕਿਸਾਨਾਂ ਦੇ ਹੱਕ ਵਿੱਚ ਲਹਿਰ ਖੜ੍ਹੀ ਕਰ ਦਿੱਤੀ। ਉਸ ਲਹਿਰ ਵਿੱਚੋਂ ਪਰਵਾਸੀਆਂ ਦੀਆਂ ਕਵਿਤਾਵਾਂ ਦੀ ਚੋਣ ਕਰਕੇ ਸੁਰਿੰਦਰ ਕੌਰ ਪੱਖੋਕੇ ਯੂ ਐੱਸ ਏ ਦੀ ਸੰਪਾਦਕੀ ਵਿੱਚ ਇੱਕ ਪੁਸਤਕ ‘ਕਿਸਾਨ ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪ੍ਰਕਾਸ਼ਤ ਕਰਵਾਈ ਹੈ। ਸੁਰਿੰਦਰ ਕੌਰ ਪੱਖੋਕੇ ਮਾਨਸਿਕ ਤੌਰ ’ਤੇ ਕਿਸਾਨ ਅੰਦੋਲਨ ਨਾਲ ਅੰਦਰੋਂ ਜੁੜੇ ਹੋਏ ਹਨ ਕਿਉਂਕਿ ਉਨ੍ਹਾਂ ਦਾ ਹੋਣਹਾਰ ਸਪੁੱਤਰ ਡਾ. ਸਵੈਮਾਨ ਸਿੰਘ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਅਮਰੀਕਾ ਤੋਂ ਜਾ ਕੇ ਦਿੱਲੀ ਦੀ ਸਰਹੱਦ ’ਤੇ ਟਿਕਰੀ ਵਿਖੇ ਇੱਕ ਹਸਪਤਾਲ ਖੋਲ੍ਹਕੇ ਕਿਸਾਨਾਂ ਦੇ ਇਲਾਜ ਕਰ ਰਹੇ ਹਨ। ਪੁਸਤਕਾਂ ਦਾ ਲੰਗਰ ਲਗਾਇਆ ਹੋਇਆ ਹੈ ਅਤੇ ਇਸਤਰੀਆਂ ਦੇ ਰਹਿਣ ਲਈ ਰੈਣ ਬਸੇਰਾ ਸਥਾਪਤ ਕੀਤਾ ਹੋਇਆ ਹੈਇਸ ਪੁਸਤਕ ਵਿਚਲੀਆਂ ਕਵਿਤਾਵਾਂ ਕਿਉਂਕਿ ਅਮਰੀਕਾ, ਕੈਨੇਡਾ, ਆਸਟਰੇਲੀਆ, ਇੰਗਲੈਂਡ, ਬੈਲਜੀਅਮ ਅਤੇ ਹੋਰ ਦੇਸਾਂ ਦੇ ਕਵੀਆਂ ਅਤੇ ਕਵਿੱਤਰੀਆਂ ਦੀਆਂ ਹਨ, ਇਸ ਲਈ ਇਨ੍ਹਾਂ ਦੀ ਚੋਣ ਕਰਨ ਵਿੱਚ ਸੁਰਿੰਦਰ ਕੌਰ ਪੱਖੋਕੇ ਨਾਲ ਤਿੰਨ ਸਹਿ ਸੰਪਾਦਕ ਰਵਿੰਦਰ ਸਹਿਰਾਅ ਯੂ ਐੱਸ ਏ, ਪ੍ਰੀਤਪਾਲ ਅਟਵਾਲ ਪੂਨੀ ਕੈਨੇਡਾ ਅਤੇ ਕੁਲਦੀਪ ਕਿੱਟੀ ਬੱਲ ਯੂ ਕੇ ਹਨ।

ਇਹ 168 ਪੰਨਿਆਂ ਅਤੇ 200 ਰੁਪਏ ਕੀਮਤ ਵਾਲੀ ਪੁਸਤਕ ਤਰਕ ਭਾਰਤੀ ਪਬਲੀਕੇਸ਼ਨ ਬਰਨਾਲਾ ਨੇ ਪ੍ਰਕਾਸ਼ਤ ਕੀਤੀ ਹੈ। ਸੁਰਿੰਦਰ ਕੌਰ ਪੱਖੋਕੇ ਯੂ ਐੱਸ ਏ ਦੀਆਂ ਇਸ ਤੋਂ ਪਹਿਲਾਂ ਦੋ ਕਹਾਣੀਆਂ ਦੀਆਂ ਪੁਸਤਕਾਂ ਰਿਸਦੇ ਜ਼ਖ਼ਮ ਅਤੇ ਦੁੱਖਾਂ ਦੇ ਗੋਹੜੇ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਪੁਸਤਕ ਵਿੱਚ 90 ਕਵਿਤਾਵਾਂ, ਗ਼ਜ਼ਲਾਂ ਅਤੇ ਗੀਤ ਸ਼ਾਮਲ ਹਨ। ਇਹ ਸਾਰੀਆਂ ਰਚਨਾਵਾਂ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਕਿਸਾਨਾਂ ਨੂੰ ਹੌਸਲਾ ਦੇ ਰਹੀਆਂ ਹਨ। ਅੰਦੋਲਨ ਕਿਉਂਕਿ ਪੂਰਨ ਤੌਰ ’ਤੇ ਸ਼ਾਂਤਮਈ ਹੈ, ਇਸ ਲਈ ਇਸ ਲੜਾਈ ਵਿੱਚ ਸ਼ਬਦ ਸੰਵਾਦ ਅਰਥਾਤ ਕਵਿਤਾਵਾਂ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦੀਆਂ ਹਨ। ਇਹ ਸਮਝਿਆ ਵੀ ਜਾਂਦਾ ਹੈ ਕਿ ਸ਼ਬਦਾਂ ਦੇ ਵਾਰ ਤਲਵਾਰ ਦੇ ਵਾਰਾਂ ਨਾਲੋਂ ਜ਼ਿਆਦਾ ਅਸਰ ਕਰਦੇ ਹਨ। ਇਸ ਪੁਸਤਕ ਵਿਚਲੇ ਗੀਤ, ਕਵਿਤਾਵਾਂ ਅਤੇ ਗ਼ਜ਼ਲਾਂ ਕਿਸਾਨਾਂ ਵਿੱਚ ਵੀ ਜੋਸ਼ ਪੈਦਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੀਆਂ। ਇਨ੍ਹਾਂ ਕਵਿਤਾਵਾਂ ਵਿੱਚ ਅੰਦੋਲਨ ਦੇ ਰੰਗ ਵਿੱਚ ਰੰਗੇ ਕਿਸਾਨਾਂ ਦੀ ਸਿਆਣਪ, ਸੂਝ, ਦਲੇਰੀ ਅਤੇ ਸਹਿਣਸ਼ੀਲਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਵੈਸੇ ਤਾਂ ਸਾਰੀਆਂ ਰਚਨਾਵਾਂ ਹੀ ਬਿਹਤਰੀਨ ਹਨ ਪ੍ਰੰਤੂ ਕੁਝ ਕੁ ਕਵੀਆਂ ਅਤੇ ਕਵਿੱਤਰੀਆਂ ਦੀਆਂ ਰਚਨਾਵਾਂ ਦੀਆਂ ਵੰਨਗੀਆਂ ਦੇ ਰਿਹਾ ਹਾਂ। ਡਾ. ਅਮਰ ਜਿਓਤੀ ਯੂ ਕੇ ਸਨਦ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦੇ ਹਨ ਕਿ ਜ਼ਮੀਨ ਕਿਸਾਨ ਦੀ ਮਾਂ ਦੇ ਬਰਾਬਰ ਹੁੰਦੀ ਹੈ ਪ੍ਰੰਤੂ ਮਾਂ ਨੂੰ ਕਿਸਾਨ ਕਿਵੇਂ ਵਿਕਣ ਦੇਵੇਗਾ-

ਜ਼ਮੀਨ ਨੂੰ ਦਾਸੀ ਬਣਾ ਵਪਾਰੀ ਬਾਜ਼ਾਰ ਵਿੱਚ ਵੇਚਣ ਤੁਰੇ,
ਮਾਂ ਦੀ ਇੱਜ਼ਤ ਖ਼ਾਤਰ ਸੂਰਮੇ ਆਪਣੇ ਹੌਸਲੇ ਮੇਚਣ ਤੁਰੇ।

ਬੁੱਕਲ ਮਾਰ ਇਰਾਦਿਆਂ ਦੀ ਨਿਕਲ ਪਏ ਉਹ ਘਰਾਂ ਵਿੱਚੋਂ,
ਕਿ ਹੱਕ ਦਾ ਰੌਸ਼ਨ ਚਿਰਾਗ਼ ਸਦੀਆਂ ਤਕ ਰੌਸ਼ਨ ਰਹੇ।

ਅਜੇ ਤਨਵੀਰ ਯੂ ਐੱਸ ਏ ਆਪਣੀ ਗ਼ਜ਼ਲ ਵਿੱਚ ਕਹਿੰਦੇ ਹਨ ਕਿ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਜਬੂਰ ਨਾ ਸਮਝੇ, ਲੋੜ ਪੈਣ ’ਤੇ ਇਹ ਤਲਵਾਰ ਵੀ ਫੜ ਸਕਦੇ ਹਨ-

ਪਸੀਨਾ ਡੋਲ੍ਹ ਕੇ ਹੁਣ, ਫਸਲ ਰੀਝਾਂ ਦੀ ਹੈ ਮਹਿਕਾਣੀ।
ਅਸੀਂ ਮਜ਼ਦੂਰ ਮਿਹਨਤਕਸ਼ ਕਿਤੇ ਮਜਬੂਰ ਨਾ ਜਾਣੀ।

ਕਦੇ ਖ਼ੰਜਰ, ਕਦੇ ਤਲਵਾਰ ’ਤੇ ਨੱਚੇ ਇਸੇ ਕਾਰਨ,
ਅਸੀਂ ਇਹ ਫੈਸਲਾ ਕਰਨਾ ਕਿਸੇ ਤੋਂ ਮਾਤ ਨਾ ਖਾਣੀ।

ਇੰਦਰਜੀਤ ਚੁਗਾਵਾਂ ਯੂ ਐੱਸ ਏ ਇਤਿਹਾਸ ਨੂੰ ਯਾਦ ਕਰਵਾਉਂਦਾ ਲਿਖਦਾ ਹੈ ਕਿ ਸਬਰ ਦਾ ਇਮਤਿਹਾਨ ਨਾ ਸਰਕਾਰ ਲਵੇ। ‘ਸਬਰ ਦੀ 21’ ਸਿਰਲੇਖ ਕਵਿਤਾ ਵਿੱਚ ਬਦਲਾ ਕਿਵੇਂ ਤੇ ਕਦੋਂ ਲਿਆ ਜਾ ਸਕਦਾ ਹੈ-

21ਦੀ ਕੀਮਤ ਯਾਦ ਐ ਨਾ ਇਹ ਹੈ ਸਾਡੇ ਸਬਰ ਦੀ ਉਮਰ।
ਸਬਰ ਰੱਖ ਜ਼ਬਤ ਵਿੱਚ ਰਹਿ ਕੇ ਅਸੀਂ ਕਦੇ ਜਾ ਪਹੁੰਚੇ ਸੀ ਕੈਕਸਟਨ ਹਾਲ।
ਪੂਰੇ 21 ਸਾਲ ਬਾਅਦ।

ਸਰਬਜੀਤ ਸਿੰਘ ਸੋਹੀ ਆਸਟਰੇਲੀਆ ‘ਤੁਹਾਡੀ ਜਿੱਤ’ ਸਿਰਲੇਖ ਵਿੱਚ ਲਿਖਦੇ ਹਨ ਕਿ ਸਰਕਾਰ ਦਾ ਜਬਰ ਕਿਸਾਨਾਂ ਦੇ ਹੌਸਲੇ ਢਾਹ ਨਹੀਂ ਸਕਦਾ-

ਪਾਣੀ ਦੀਆਂ ਬੁਛਾੜਾਂ ਵਿੱਚ, ਮਘਦੇ ਹੋਏ ਹੌਸਲੇ ਪਸਤ ਨਹੀਂ ਹੁੰਦੇ।
ਜ਼ਿੰਦਗੀ ਦੀ ਲੋਰ ਵਿੱਚ ਕਦਮ-ਤਾਲ ਕਰਦੇ ਕਦਮ, ਮੌਤ ਦੀ ਪ੍ਰਵਾਹ ਨਹੀਂ ਕਰਦੇ।

ਇਹ ਵਹਿਮ ਹੈ ਦਿੱਲੀ ਨੂੰ ਕਿ ਉਸਦਾ ਹਰ ਹੁਕਮ ਤਾਮੀਲ ਹੋਵੇਗਾ।
ਕਿ ਉਸਦਾ ਹਰ ਸ਼ਬਦ ਕਾਨੂੰਨ ਵਿੱਚ ਤਬਦੀਲ ਹੋਵੇਗਾ।

ਸੁਖਬਿੰਦਰ ਕੰਬੋਜ਼ ‘ਸੁੱਤਾ ਰਾਜਾ’ ਵਿੱਚ ਲਿਖਦੇ ਹਨ ਕਿ ਇਹ ਲਹਿਰ ਇੱਕ ਦਿਨ ਵਿੱਚ ਨਹੀਂ ਬਣੀ ਸਗੋਂ ਬੜੀ ਦੇਰ ਦੇ ਸੁਲਗਦਾ ਲਾਵਾ ਭਾਂਬੜ ਬਣ ਉੱਠਿਆ ਹੈ-

ਇਹ ਜੋ ਸਦੀਆਂ ਦਾ ਉਬਾਲ ਹੈ,
ਇਹ ਇੱਕ ਦਿਨ ਵਿੱਚ ਨਹੀਂ ਉੱਠਿਆ।
ਇਹਦੇ ਪਿੱਛੇ ਸਦੀਆਂ ਦੀ ਚੀਸ
ਤੇ ਹਰ ਰੋਜ਼ ਖ਼ੁਦਕਸ਼ੀਆਂ ਦੀ ਲੰਮੀ ਪੀੜ ਹੈ।

ਸੁਰਿੰਦਰ ਕੌਰ ਪੱਖੋਕੇ ਵੇਦਨਾ ਨਾਂ ਦੀ ਕਵਿਤਾ ਵਿੱਚ ਲਿਖਦੇ ਹਨ ਕਿ ਕਿਸਾਨੀ ਕੌਮ ਮੌਤ ਤੋਂ ਡਰਦੀ ਨਹੀਂ, ਸਗੋਂ ਇਹ ਤਾਂ ਜਿਉਂਦੀ ਹੀ ਮਰ ਕੇ ਹੈ-

ਵੱਡੇ ਵੇਲੇ ਦੇ ਤਾਰਿਆ, ਗੱਲ ਸੁਣ ਕੰਨ ਧਰ ਕੇ।
ਹਾਕਮਾ, ਤੂੰ ਜਾਣਦਾਂ, ਅਸੀਂ ਜਿਉਂਦੇ ਹਾਂ ਮਰ ਕੇ।

ਹਰਕੀਰਤ ਕੌਰ ਚਹਿਲ ਲਿਖਦੇ ਹਨ ਕਿ ਹਾਕਮਾ ਕੋਈ ਅਕਲ ਦੀ ਗੱਲ ਕਰ-

ਕਾਲੇ ਕਾਨੂੰਨ ਪਾੜ ਕੇ ਹੱਥ ਅਕਲਾਂ ਨੂੰ ਮਾਰ ਲੈ।
ਸੜਕਾਂ ’ਤੇ ਰੁਲਦਾ ਕਿਰਤੀ ਜਾਹ ਉੱਠ ਕੇ ਸਾਰ ਲੈ।

ਮੱਥੇ ’ਤੇ ਲੱਗੀ ਕਾਲਖ ਸਦੀਆਂ ਤਕ ਲਹਿਣੀ ਨਾ।
ਤੇਰੀ ਬਦਨੀਤੀ ਜ਼ਾਲਮਾ ਖ਼ਲਕਤ ਨੇ ਸਹਿਣੀ ਨਾ।

ਧਰਤੀ ਦੀ ਹਿੱਕ ਵਿੱਚੋਂ ਉਗਮੇ ਸੂਰਜ ਕਦੇ ਉੱਕਦੇ ਨੀਂ।

ਕੁਲਦੀਪ ਕਿੱਟੀ ਬੱਲ ਲਿਖਦੇ ਹਨ ਕਿ ਕਿਸਾਨ ਦੀ ਦਲੇਰੀ ਦਾ ਤੈਨੂੰ ਅੰਦਾਜ਼ਾ ਨਹੀਂ-

ਐਵੇਂ ਨਾ ਸਮਝੀਂ ਮੈਂਨੂੰ ਪੁੱਤ ਅਣਜਾਣ ਦਾ,
ਪੱਕਾ ਨਿਸ਼ਾਨਚੀ ਮੈਂ ਪੁੱਤ ਕਿਰਸਾਨ ਦਾ।
ਲੈ ਆਢਾ ਮੈਂ ਤੇਰੀ ਹਿੱਕ ’ਤੇ ਲਾਇਆ ਏ,

ਕੱਕਰ ਤੇ ਪਾਲਾ ਵੇਖ ਮੈਂਨੂੰ ਨਾ ਠਾਰਦੇ।
ਬਾਹਰ ਤੂੰ ਨਿਕਲ ਤੈਨੂੰ ਸ਼ੇਰ ਵੰਗਾਰਦੇ
ਧੁੱਪਾਂ ਦਾ ਸੇਕ ਮੈਂ ਪਿੰਡੇ ਹੰਢਾਇਆ ਏ।
ਜਾ ਦਿੱਲੀਏ, ਪੁੱਤ ਜੱਟ ਦਾ ਆਇਆ ਏ।

ਕਵਿੰਦਰ ਚਾਂਦ ਕਿਸਾਨਾਂ ਨੂੰ ਤਾਕੀਦ ਕਰਦੇ ਹਨ ਕਿ ਸਮੇਂ ਦੀ ਨਜ਼ਾਕਤ ਸਮਝੋ-

ਜੇ ਹੁਣ ਬੋਲੇ ਨਹੀਂ ਤਾਂ, ਫਿਰ ਕਿਸੇ ਬੋਲਣ ਨਹੀਂ ਦੇਣਾ,
ਤੇ ਉਸ ਤੋਂ ਬਾਦ ਫਿਰ ਬੋਲਣ ਲਈ ਕੁਝ ਵੀ ਨਹੀਂ ਰਹਿਣਾ।

ਜ਼ੁਬਾਨਾਂ ਵਾਲਿਓ ਗੁੰਗਿਓ, ਤੁਸਾਂ ਜੇ ਅੱਜ ਵੀ, ਇਹ ਧੁੰਧੂਕਾਰ ਸਾਫ਼ ਨਹੀਂ ਕਰਨਾ।
ਤਾਂ ਫਿਰ ਇਤਿਹਾਸ ਨੇ ਸਾਨੂੰ ਤੁਹਾਨੂੰ ਮੁਆਫ਼ ਨਹੀਂ ਕਰਨਾ।
ਸਮਾਂ ਬੋਲਣ ਦਾ ਹੈ ਬੋਲੋ।

ਗੁਰਿੰਦਰਜੀਤ ਸਿੰਘ ਲਿਖਦੇ ਹਨ ਕਿ ਕਿਸਾਨਾਂ ਨਾਲ ਹੀ ਹਿੰਦੋਸਤਾਨ ਦੀ ਸ਼ਾਨ ਹੈ-

ਇਹ ਰੱਤ ਜੋ ਕਿਸਾਨ ਦੀ, ਹੈ ਪੱਤ ਹਿੰਦੋਸਤਾਨ ਦੀ।
ਪਸੀਨਾ ਮੇਰੇ ਬਾਪ ਦਾ, ਤੇਰੀ ਅੱਤ ਨੂੰ ਸਰਾਪਦਾ।

ਕੰਵਲਜੀਤ ਦੋਸਾਂਝ ਨੱਤ ਲਿਖਦੇ ਹਨ ਕਿਸਾਨ ਆਪਣੇ ਹੱਕਾਂ ਬਾਰੇ ਜਾਗਰੂਕ ਹਨ-

ਅਸੀਂ ਹੱਕ ਆਪਣੇ ਬੱਸ ਮੰਗਦੇ ਹਾਂ, ਕੋਈ ਭੀਖ ਨਹੀਂ ਅਸੀਂ ਚਾਹੁੰਦੇ ਹਾਂ।
ਅਜੇ ਵੀ ਗੱਲਾਂ ਨਾਲ ਸਮਝਾਉਂਦੇ ਹਾਂ, ਨਾ ਖ਼ੂਨ-ਖ਼ਰਾਬਾ ਚਾਹੁੰਦੇ ਹਾਂ।

ਡਾ. ਗੁਰਮਿੰਦਰ ਸਿੱਧੂ ਲਿਖਦੇ ਹਨ ਕਿ ਹਾਕਮਾਂ ਦੀਆਂ ਬਦਨੀਤਾਂ ਨੇ ਕਿਸਾਨਾਂ ਨੂੰ ਮਜਬੂਰ ਕੀਤਾ ਹੈ-

ਤਾਰਿਆਂ ਦੀ ਝਾਂਜਰ ਹੈ ਟੁੱਟੀ, ਰਾਤਾਂ ਨੂੰ ਵੀ ਦੰਦਲ ਪੈ ਗਈ।
ਹਾਕਮ ਦੀ ਕੁਲੱਛਣੀ ਦਾਤੀ, ਵੱਢ ਕੇ ਰੂਹ ਲੈ ਗਈ।

ਖ਼ੂਨ ਰਗਾਂ ਵਿੱਚ ਛੱਲ੍ਹਾਂ ਮਾਰੇ ਹੋਰ ਜਬਰ ਹੁਣ ਕਰਨ ਨਾ ਦੇਣਾ।
ਧਰਤੀ ਮਾਂ ਦੇ ਪਿੰਡੇ ਉੱਤੇ, ਪੈਰ ਕਿਸੇ ਨੂੰ ਧਰਨ ਨਾ ਦੇਣਾ।

ਪ੍ਰਕਾਸ਼ ਸੋਹਲ ਲਿਖਦੇ ਹਨ ਕਿ ਸਰਕਾਰ ਲੋਟੂਆਂ ਦੇ ਟੋਲੇ ਨਾਲ ਮਿਲ ਗਈ ਹੈ-

ਲੋਕਾਂ ਦੀ ਸਰਕਾਰ ਹੁੰਦੀ, ਹਰ ਇੱਕ ਦੇ ਹਿਤ ਲਈ,
ਇੱਥੇ ਹਰ ਨੇਤਾ ਸ਼ਾਹੂਕਾਰੀ ਵੱਲ ਭੱਜਦਾ ਹੈ।

ਸਰਮਾਏਦਾਰੀ ਹੈ ਬਹੁਤ ਜ਼ਰੂਰੀ, ਉੱਨਤ ਹੋਣ ਲਈ।
ਦੁੱਖ ਹੁੰਦਾ ਜਦ ਇਹ ਟੋਲਾ, ਜਨਤਾ ਨੂੰ ਠੱਗਦਾ ਹੈ।

ਦਰਸ਼ਨ ਬੁਲੰਦਵੀ ਲਿਖਦੇ ਹਨ ਕਿ ਕਿਸਾਨ ਸਿਰਫ ਆਪਣੇ ਹੱਕ ਮੰਗਦੇ ਹਨ-

ਹੱਕਾਂ ਦੀ ਆਵਾਜ਼ ਅਸੀਂ, ਹਵਾ ਵਿੱਚ ਘੋਲ ਦਿੱਤੀ,
ਹਵਾ ਮੂਹਰੇ ਹੋਣੀ ਨਹੀਂ, ਦੀਵਾਰ ਤੇਰੀ ਹਾਕਮਾ।

ਡੁੱਲ੍ਹੇ ਲਹੂ ਵਿੱਚੋਂ ਸਦਾ, ਚੜ੍ਹਨਾ ਏ ਸੂਰਜਾਂ ਨੇ,
ਲੁੱਟੀ ਨਹੀਉਂ ਜਾਣੀ ਲੋਅ, ਤੜਕੇ ਦੀ ਹਾਕਮਾ।

ਜੀਤ ਸੁਰਜੀਤ ਲਿਖਦੇ ਹਨ ਕਿ ਸਰਕਾਰ ਨੇ ਪੰਜਾਬੀਆਂ ਦੀ ਅਣਖ਼ ਹੱਥ ਪਾਇਆ ਹੈ-

ਸਾਨੂੰ ਅਣਖ ਪਿਆਰੀ ਆ
ਤਾਂਹੀ ਤੇਰੀ ਤਾਨਾਸ਼ਾਹੀ ਦੀ,
ਹੁਣ ਆ ਗਈ ਵਾਰੀ ਆ।

ਜੱਗਾ ਗਿੱਲ ਲਿਖਦੇ ਹਨ ਕਿ ਹਿਟਲਰ ਦੀ ਨਕਲ ਦੇ ਨਤੀਜੇ ਸਰਕਾਰ ਨੂੰ ਭੁਗਤਣੇ ਪੈਣਗੇ-

ਹਿਟਲਰ ਬਣ ਬੈਠਾ ਮੋਦੀ,
ਬੁੱਚੜ ਚੜ੍ਹ ਕੇ ਬੈਠਾ ਗੋਦੀ।
ਚਾਲ ਜ਼ਾਲਮਾਂ ਚੱਲੀ ਕੋਝੀ,
ਹੱਕ ਲੋਕਾਂ ਦੇ ਖਾਣੇ ਨੂੰ।

ਲਾਣੇਦਾਰ ਲੱਗ ਅੱਗੇ ਤੁਰਿਆ
ਪਿੱਛੇ ਲਾ ਲਿਆ ਲਾਣੇ ਨੂੰ।

ਪ੍ਰੀਤਪਾਲ ਅਟਵਾਲ ਪੂੰਨੀ ਲਿਖਦੇ ਹਨ ਕਿ ਜ਼ਮੀਨ ਕਿਸਾਨ ਦੀ ਜਾਨ ਹੁੰਦੀ ਹੈ-

ਕਾਹਤੋਂ ਘੋਲਦਾਂ ਹਵਾਵਾਂ ਵਿੱਚ ਜ਼ਹਿਰ ਹਾਕਮਾ,
ਵੇ ਹੁੰਦਾ ਅੱਤ ਤੇ ਖ਼ੁਦਾ ਦਾ ਸਦਾ ਵੈਰ ਹਾਕਮਾ।

ਅਣਖ਼ਾਂ ਦੀ ਵੱਖਰੀ ਹੀ ਸ਼ਾਨ ਹੁੰਦੀ ਏ,
ਜ਼ਮੀਨ ਤਾਂ ਕਿਸਾਨ ਦੀ ਵੇ ਜਾਨ ਹੁੰਦੀ ਏ।

ਰਵਿੰਦਰ ਸਹਿਰਾਅ ਲਿਖਦੇ ਹਨ ਕਿ ਕਿਸਾਨ ਅੰਦੋਲਨ ਵਿੱਚ ਬੱਚੀਆਂ ਵੀ ਪਿੱਛੇ ਨਹੀਂ ਰਹੀਆਂ-

ਮਾਂ ਦੀ ਮਮਤਾ ਤੇ ਪਿਓ ਦੇ ਮੋਹ ਦੀ ਅਜੇ ਤਾਂ ਇਸ ਨੂੰ ਲੋੜ ਬੜੀ ਹੈ,
ਪਰ ਫ਼ਸਲਾਂ ਨਾ ਰੁਲ ਜਾਣ ਕਿਧਰੇ ਤਾਹੀਂਉਂ ਨੱਕੇ ਮੋੜ ਰਹੀ ਹੈ।
ਹੱਥ ਵਿੱਚ ਕਹੀ ਤੇ ਪੈਂਟ ਨੂੰ ਟੰਗ ਕੇ, ਵਗਦੇ ਹੋਏ ਖਾਲ ਵਿੱਚ ਖੜ੍ਹੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2663)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author