UjagarSingh7ਸਿਆਸਤਦਾਨਾਂ ਦੀਆਂ ਆਪਹੁਦਰੀਆਂ ਬਾਰੇ ਨਿਧੜਕ ਹੋ ਕੇ ਲਿਖਣਾ ...
(10 ਦਸੰਬਰ 2017)

 

BookSabandani2ਡਾ. ਤੇਜਵੰਤ ਮਾਨ ਪੰਜਾਬੀ ਦਾ ਬਹੁਪੱਖੀ, ਪ੍ਰਗਤੀਸ਼ੀਲ, ਇਨਕਲਾਬੀ ਅਤੇ ਯਥਾਰਥਵਾਦੀ ਸਾਹਿਤਕਾਰ ਹੈ। ਉਸਨੇ ਹੁਣ ਤੱਕ 14 ਪੁਸਤਕਾਂ ਪੰਜਾਬੀ ਬੋਲੀ ਦੀ ਝੋਲੀ ਪਾਈਆਂ ਹਨ। ਉਸਨੇ ਸਾਹਿਤ ਦੇ ਹਰ ਰੂਪ ’ਤੇ ਬੜੀ ਸਫਲਤਾ ਨਾਲ ਆਪਣੀ ਕਲਮ ਅਜ਼ਮਾਈ ਕੀਤੀ ਹੈ। ਉਹ ਸੱਚ ਉਪਰ ਪਹਿਰਾ ਦੇਣ ਵਾਲਾ ਲੇਖਕ ਹੈ। ਉਸ ਦੀ ਕਹੀ ਜਾਂ ਲਿਖੀ ਗੱਲ ਭਾਵੇਂ ਕਿਸੇ ਦੇ ਗੋਡੇ ਤੇ ਗਿੱਟੇ ਲੱਗੇ, ਉਹ ਨਿਧੜਕ ਹੋ ਕੇ ਬਾਖੂਬੀ ਨਾਲ ਆਪਣੀ ਕਲਮ ਅਜ਼ਮਾਈ ਕਰਦਾ ਜਾ ਰਿਹਾ ਹੈ। ਅਨੇਕਾਂ ਸਾਹਿਤਕ ਝੱਖੜ ਝੁੱਲੇ ਅਤੇ ਕਈ ਸਾਹਿਤਕ ਲਹਿਰਾਂ ਚੱਲੀਆਂ ਪ੍ਰੰਤੂ ਉਹ ਡਾ. ਤੇਜਵੰਤ ਮਾਨ ਦੀ ਵਿਚਾਰਧਾਰਾ ਅਤੇ ਲੇਖਣੀ ਉੱਪਰ ਕੋਈ ਪ੍ਰਭਾਵ ਨਹੀਂ ਪਾ ਸਕੀਆਂ। ਤੇਕਵੰਤ ਮਾਨ ਆਪਣੀ ਧੁਨ ਨਾਲ ਚਲਦਾ ਰਿਹਾ। ਜਿਸ ਵਿਚਾਰਧਾਰਾ ਉੱਪਰ ਉਹ ਵਿਸ਼ਵਾਸ਼ ਕਰਦਾ ਹੈ, ਉਸ ਉੱਪਰ ਲਗਾਤਾਰ ਪਹਿਰਾ ਦੇ ਰਿਹਾ ਹੈ। ਸਮਾਜ ਵਿਚ ਜੋ ਵਾਪਰ ਰਿਹਾ ਹੈ, ਉਸ ਨੂੰ ਉਹ ਹੂਬਹੂ ਲਿਖ ਦਿੰਦਾ ਹੈ। ਉਸਦੀ ਕਮਾਲ ਇਸ ਗੱਲ ਵਿਚ ਹੈ ਕਿ ਕਈ ਵਾਰ ਉਹ ਇੱਕ ਵਾਕ ਵਿਚ ਹੀ ਸਾਰੀ ਕਹਾਣੀ ਕਹਿ ਦਿੰਦਾ ਹੈ ਅਤੇ ਕਈ ਵਾਰ ਇਕ ਕਹਾਣੀ ਵਿਚ ਅਨੇਕਾਂ ਵਿਸ਼ਿਆਂ ਉੱਪਰ ਗੱਲ ਕਰਦਾ ਹੋਇਆ ਕਈ ਕਹਾਣੀਆਂ ਲਿਖ ਦਿੰਦਾ ਹੈ। ਵਿਸ਼ੇ ਵੀ ਅਜਿਹੇ ਚੁਣਦਾ ਹੈ ਜੋ ਵਿਲੱਖਣ ਕਿਸਮ ਦੇ ਹੁੰਦੇ ਹਨ। ਉਹ ਆਪਣੀਆਂ ਕਹਾਣੀਆਂ ਨੂੰ ਰੌਚਕ ਬਣਾਉਣ ਲਈ ਕੋਈ ਮੁਲ੍ਹੰਮਾ ਨਹੀਂ ਚਾੜ੍ਹਦਾ ਪ੍ਰੰਤੂ ਜਿਹੜੀ ਗੱਲ ਉਹ ਕਹਿਣੀ ਚਾਹੁੰਦਾ ਹੈ ਬੇਝਿਜਕ ਹੋ ਕੇ ਲਿਖ ਦਿੰਦਾ ਹੈ। ਅਜਿਹੀ ਦਲੇਰੀ ਬਹੁਤ ਘੱਟ ਲੇਖਕਾਂ ਵਿਚ ਹੁੰਦੀ ਹੈ। ਸਮਾਜਿਕ ਘਟਨਾਵਾਂ ਨੂੰ ਵੇਖਕੇ ਇਨਾਮ ਲੈਣ ਦੇ ਮੰਤਵ ਨਾਲ ਉਹ ਅੱਖਾਂ ਨਹੀਂ ਮੀਟਦਾ ਅਤੇ ਨਾ ਹੀ ਕਲਪਨਾ ਦਾ ਮੁਲ੍ਹੰਮਾ ਚਾੜ੍ਹਦਾ ਹੈ। ਸਮਾਜਕ ਤਾਣਾ ਬਾਣਾ, ਇਸ ਸਮੇਂ ਜਿਹੜੀਆਂ ਸਮੱਸਿਆਵਾਂ ਕਰਕੇ ਪ੍ਰਭਾਵਤ ਹੋ ਰਿਹਾ ਹੈ, ਉਹ ਉਨ੍ਹਾਂ ਬਾਰੇ ਬੜੀ ਦਲੇਰੀ ਨਾਲ ਵਿਅੰਗ ਹੀ ਨਹੀਂ ਕਰਦਾ, ਸਗੋਂ ਅਜਿਹੀ ਟਕੋਰ ਮਾਰਦਾ ਹੈ ਕਿ ਪੜ੍ਹਨ ਵਾਲੇ ਨੂੰ ਕੁਰੇਦ ਕੇ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਉਸ ਦੀਆਂ ਸਾਰੀਆਂ ਕਹਾਣੀਆਂ ਹੀ ਵਿਅੰਗਾਤਮਕ ਹਨ। ਇੰਨਾ ਦਲੇਰ ਲੇਖਕ ਅੱਜ ਕਲ੍ਹ ਵੇਖਣ ਨੂੰ ਵੀ ਨਹੀਂ ਮਿਲਦਾ। ਵਿਰਲਾ ਕੰਮ ਡਾ. ਤੇਜਵੰਤ ਮਾਨ ਦੇ ਹਿੱਸੇ ਹੀ ਆਇਆ ਹੈ।

ਕਈ ਆਲੋਚਕ ਉਸਦੇ ਯਥਾਰਥਵਾਦੀ ਢੰਗ ਨੂੰ ਚੰਗਾ ਨਹੀਂ ਸਮਝਦੇ ਕਿਉਂਕਿ ਉਹ ਕਲਪਨਾ ਦਾ ਪੱਲਾ ਫੜਕੇ ਸਹਾਰਾ ਨਹੀਂ ਲੈਂਦਾ, ਪ੍ਰੰਤੂ ਤੇਜਵੰਤ ਮਾਨ ਦੀ ਸਾਹਿਤਕ ਸਿਹਤ ਉਪਰ ਕੋਈ ਅਸਰ ਨਹੀਂ ਪੈਂਦਾ। ਵੈਸੇ ਮੇਰੇ ਵਰਗੇ ਸਾਹਿਤ ਦੇ ਵਿਦਿਆਰਥੀ ਲਈ ਡਾ. ਤੇਜਵੰਤ ਮਾਨ ਵਰਗੇ ਬਹੁਪੱਖੀ ਸਰਬਕਲਾ ਸੰਪੂਰਨ ਵਿਦਵਾਨ ਸਾਹਿਤਕਾਰ ਦੇ ਸਾਹਿਤਕ ਯੋਗਦਾਨ ਬਾਰੇ ਲਿਖਣਾ ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗੱਲ ਹੈ ਪ੍ਰੰਤੂ ਫਿਰ ਵੀ ਮੈਂ ਮਹਿਸੂਸ ਕਰਦਾ ਹਾਂ ਕਿ ਉਨ੍ਹਾਂ ਦੀ ਲੇਖਣੀ ਦੀ ਕਾਬਲੀਅਤ ਬਾਰੇ ਪੜ੍ਹਕੇ ਅਤੇ ਲਿਖਕੇ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਜਦੋਂ ਸਾਅਦਤ ਹਸਨ ਮੰਟੋ ਸਮਾਜ ਵਿਚ ਵਾਪਰ ਰਹੇ ਚਿੱਕੜ ਬਾਰੇ ਹੂਬਹੂ ਲਿਖਦਾ ਸੀ ਤਾਂ ਉਸਨੂੰ ਗੰਦ-ਮੰਦ ਲਿਖਣ ਵਾਲਾ ਲੇਖਕ ਕਿਹਾ ਜਾਂਦਾ ਸੀ ਪ੍ਰੰਤੂ ਅੱਜ ਉਸੇ ਮੰਟੋ ਨੂੰ ਸਰਵੋਤਮ ਕਹਾਣੀਕਾਰ ਕਿਹਾ ਜਾਂਦਾ ਹੈ। ਇਸ ਪੁਸਤਕ ਦੀਆਂ ਕਹਾਣੀਆਂ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਡਾ.ਤੇਜਵੰਤ ਮਾਨ ਦੀ ਲੇਖਣੀ ਵੀ ਮੰਟੋ ਨਾਲ ਮਿਲਦੀ ਜੁਲਦੀ ਹੈ।

ਡਾ. ਤੇਜਵੰਤ ਮਾਨ ਦੀ ਕਹਾਣੀਆਂ ਦੀ ਪੁਸਤਕ ‘ਸਾਬਣਦਾਨੀ’ ਵਿਚ ਕੁੱਲ ਸਿਰਲੇਖਾਂ ਦੇ ਹਿਸਾਬ ਨਾਲ 33 ਕਹਾਣੀਆਂ ਹਨ ਪ੍ਰੰਤੂ ਅਸਲ ਵਿਚ ਇਕ-ਇਕ ਕਹਾਣੀ ਵਿਚ ਅਨੇਕਾਂ ਕਹਾਣੀਆਂ ਹਨ। ਇਨ੍ਹਾਂ ਵਿੱਚੋਂ 23 ਛੋਟੀਆਂ ਕਹਾਣੀਆਂ ਹਨ ਪ੍ਰੰਤੂ ਅਖ਼ੀਰ ਵਾਲੀਆਂ 10 ਵੱਡੀਆਂ ਕਹਾਣੀਆਂ ਹਨ। ਇਹ 104 ਪੰਨਿਆਂ ਦੀ ਪੁਸਤਕ ਸੰਗਮ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ। ਇਸਦੀ ਪਹਿਲੀ ਹੀ ਕਹਾਣੀ ‘ਸਾਬਣਦਾਨੀ’ ਵਿਚ 6 ਘਟਨਾਵਾਂ ਨੂੰ ਲੈ ਕੇ 6 ਵਿਸ਼ਿਆਂ ਬਾਰੇ ਬੜੀ ਦਲੇਰੀ ਨਾਲ ਵਿਅੰਗ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸਮਾਜ ਵਿਚ ਲੋਕ ਵਿਚਰਦੇ ਅਤੇ ਸੋਚਦੇ ਹਨ। ਅਸੰਭਵ ਭੋਗ, ਖੋਲ, ਪਿਸਤੌਲ, ਪਰਿਵਰਤਨ, ਇਹ ਤਾਂ ਲਾਸ਼ ਹੈ, ਹੈਮਲਟ, ਬੁਲਬੁਲ ਦਾ ਗੀਤ, ਚੌਥੀ ਦੀਵਾਰ ਉੱਤੇ ਲਟਕਦਾ ਚਿਤ੍ਰ, ਸ਼ਰਾਰਤ ਪਸੰਦ ਅਤੇ ਕੰਟੈਂਪਟ ਆਫ ਕੋਰਟ ਕਹਾਣੀਆਂ ਵੀ ਸਮਾਜਿਕ ਕੁਰੀਤੀਆਂ ਉੱਪਰ ਤਿੱਖਾ ਵਿਅੰਗ ਕਰਦੀਆਂ ਹਨ। ਸੱਚੋ ਸੱਚ ਲਿਖਣਾ ਔਖਾ ਤਾਂ ਹੈ ਹੀ, ਪੜ੍ਹਨ ਵਾਲੇ ਨੂੰ ਪਚਾਉਣਾ ਵੀ ਮੁਸ਼ਕਿਲ ਲੱਗਦਾ ਹੈ। ਕਮੀਨੇ ਲੋਕਾਂ ਦੀਆਂ ਕਮੀਨਗੀਆਂ ਅਤੇ ਗ਼ਰੀਬ ਲੋਕਾਂ ਦੀ ਬੇਬਸੀ ਦਾ ਲਾਭ ਉਠਾਉਣ ਵਾਲੇ ਅਖੌਤੀ ਅਮੀਰਾਂ ਦੀਆਂ ਦੁਰਾਚਾਰੀਆਂ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਅਣਜੋੜ ਵਿਆਹ, ਅਨੈਤਿਕਤਾ, ਨਜਾਇਜ਼ ਸਰੀਰਕ ਸੰਬੰਧ ਅਤੇ ਅਯਾਸ਼ੀ ਕਰਨ ਵਾਲੇ ਲੋਕ ਆਪਣੀਆਂ ਕਾਲੀਆਂ ਕਰਤੂਤਾਂ ਨੂੰ ਅਣਡਿੱਠ ਕਰਕੇ ਦੂਜਿਆਂ ਉੱਪਰ ਕਿੰਤੂ ਪ੍ਰੰਤੂ ਕਰਦੇ ਹਨ ਪ੍ਰੰਤੂ ਆਪਣੀਆਂ ਪੀੜ੍ਹੀਆਂ ਹੇਠ ਸੋਟਾ ਨਹੀਂ ਫੇਰਦੇ।

ਕਿਸਾਨੀ ਕਰਜ਼ਾ, ਵਹਿਮ ਭਰਮ, ਪੁਲਿਸ ਦੀਆਂ ਕਰਤੂਤਾਂ, ਪੁਲਿਸ ਵੱਲੋਂ ਝੂਠੇ ਕੇਸ ਬਣਾਉਣ, ਰਿਸ਼ਵਤਖ਼ੋਰੀ, ਧਰਮ ਦੀ ਆੜ ਵਿਚ ਗ਼ਲਤ ਕੰਮ, ਨੌਕਰੀਆਂ ਵਿਚ ਮੈਰਿਟ ਦੀ ਅਣਵੇਖੀ, ਸਿਆਸਤਦਾਨਾਂ ਦੀ ਵਿਧਾਨ ਸਭਾ ਵਿਚਲੀ ਕਾਰਗੁਜ਼ਾਰੀ, ਧਰਨੇ, ਜਲਸੇ, ਜਲੂਸ ਅਤੇ ਅਖ਼ਬਾਰਾਂ ਵੱਲੋਂ ਸਹੀ ਖ਼ਬਰਾਂ ਨੂੰ ਨਾ ਲਗਾਉਣਾ ਆਦਿ ਨੂੰ ਵਿਸ਼ੇ ਬਣਾਕੇ ਕਹਾਣੀਆਂ ਲਿਖੀਆਂ ਗਈਆਂ ਹਨ। ਉਹ ਤਾਂ ਨਿਆਇਕ ਪ੍ਰਣਾਲੀ ਨੂੰ ਵੀ ਨਹੀਂ ਬਖ਼ਸ਼ਦਾ। ਜੇਕਰ ਗੰਭੀਰਤਾ ਨਾਲ ਕਹਾਣੀਆਂ ਪੜ੍ਹੀਆਂ ਜਾਣ ਤਾਂ ਪਤਾ ਲਗਦਾ ਹੈ ਕਿ ਲੇਖਕ ਦੇ ਵਿਸ਼ੇ ਮਾਨਵਤਾ ਨੂੰ ਝੰਜੋੜਨ ਵਾਲੇ ਹਨ।

ਅਜਿਹੇ ਪੱਖਾਂ ਉੱਪਰ ਕਹਾਣੀਆਂ ਲਿਖੀਆਂ ਗਈਆਂ ਹਨ, ਜਿਨ੍ਹਾਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਇਹ ਕਮਾਲ ਡਾ. ਤੇਜਵੰਤ ਮਾਨ ਦਾ ਹੀ ਹੈ ਕਿ ਵਰਤਮਾਨ ਧਾਰਮਿਕ ਕੱਟੜਤਾ ਵਾਲੇ ਵਰਤਾਰੇ ਨੂੰ ਸਾਫ਼ ਲਫ਼ਜਾਂ ਵਿਚ ਲਿਖਕੇ ਲੋਕਾਂ ਨੂੰ ਕੱਟੜਪੰਥੀਆਂ ਵਿਰੁੱਧ ਲਾਮਬੰਦ ਹੋਣ ਲਈ ਪ੍ਰੇਰਿਆ ਗਿਆ ਹੈ। ਕਈ ਸਾਹਿਤਕਾਰ ਇਸ ਨੂੰ ਪ੍ਰਚਾਰ ਵੀ ਕਹਿੰਦੇ ਹਨ ਪ੍ਰੰਤੂ ਜੇਕਰ ਸਰਕਾਰ ਦੀ ਸ਼ਹਿ ਉੱਪਰ ਹੋ ਰਹੀਆਂ ਜ਼ੋਰ ਜ਼ਬਰਦਸਤੀਆਂ ਬਾਰੇ ਲਿਖਣਾ ਹੈ ਤਾਂ ਅਜਿਹੇ ਦੋਸ਼ ਲੱਗਣਗੇ ਹੀ।

ਸਿਆਸਤਦਾਨਾਂ ਦੀਆਂ ਆਪਹੁਦਰੀਆਂ ਬਾਰੇ ਨਿਧੜਕ ਹੋ ਕੇ ਲਿਖਣਾ ਦਲੇਰ ਸਾਹਿਤਕਾਰ ਦਾ ਹੀ ਕੰਮ ਹੁੰਦਾ ਹੈ, ਜਿਸਨੇ ਕਿਸੇ ਇਨਾਮ ਕਨਾਮ ਦੀ ਝਾਕ ਨਹੀਂ ਰੱਖਣੀ ਹੁੰਦੀ। ਵਿੱਦਿਅਕ ਪ੍ਰਣਾਲੀ ਦੀਆਂ ਤਰੁੱਟੀਆਂ ਕਰਕੇ ਹੀ ਬੇਰੋਜ਼ਗਾਰੀ ਬਣੀ ਹੋਈ ਹੈ। ਇਸ ਪ੍ਰਣਾਲੀ ਵਿਚ ਤਬਦੀਲੀ ਤੋਂ ਬਿਨਾਂ ਸਮਾਜਿਕ ਜਾਗ੍ਰਤੀ ਅਸੰਭਵ ਹੈ। ਗੁਪਤਚਰ ਏਜੰਸੀਆਂ ਦੀ ਕਾਰਗੁਜ਼ਾਰੀ ਉੱਪਰ ਵੀ ਸਵਾਲੀਆ ਨਿਸ਼ਾਨ ਲਗਾਇਆ ਗਿਆ ਹੈ। ਨੌਜਵਾਨ ਲੜਕੇ ਅਤੇ ਲੜਕੀਆਂ ਵੱਲੋਂ ਪਿਆਰ ਦੀ ਆੜ ਵਿਚ ਜਿਨਸੀ ਸ਼ੋਸ਼ਣ ਦੇ ਨੰਗੇ ਨਾਚ ਤੋਂ ਪਰਦਾ ਉਠਾਇਆ ਗਿਆ ਹੈ। ਜਹਾਦ ਦੇ ਨਾਮ ਉੱਪਰ ਕੀਤੀ ਜਾਂਦੀ ਨਸਲਕੁਸ਼ੀ ਨੂੰ ਵੀ ਦਰਸਾਇਆ ਗਿਆ ਹੈ। ਰਜਵਾੜਿਆਂ ਦੀਆਂ ਕਰਤੂਤਾਂ ਨੂੰ ਵੀ ਨੰਗਿਆਂ ਕੀਤਾ ਗਿਆ ਹੈ। ਖ਼ੂਨ ਦਾ ਰਿਸ਼ਤਾ ਕਹਾਣੀ ਪ੍ਰਤੀਕਾਤਮਕ ਹੈ, ਜਿਸ ਵਿਚ ਬਾਬਿਆਂ, ਸਿਆਸਤਦਾਨਾਂ ਅਤੇ ਧਰਮ ਦੇ ਠੇਕਦਾਰਾਂ ਦੇ ਵਿਵਹਾਰ ਉੱਪਰ ਕਿੰਤੂ ਪ੍ਰੰਤੂ ਕਰਦਿਆਂ ਲਿਖਿਆ ਗਿਆ ਹੈ ਕਿ ਗੁਰੂ ਨਾਨਕ, ਰਾਮ ਅਤੇ ਬੁੱਧ ਦੀ ਵਿਚਾਰਧਾਰਾ ਤੋਂ ਕੁਝ ਤਾਂ ਸਿੱਖ ਲਵੋ। ਲੰਗਰ ਲਾ ਕੇ ਪ੍ਰਚਾਰ ਕਰਵਾਉਣ ਵਾਲਿਆਂ ਨੂੰ ਵੀ ਝੰਜੋੜਿਆ ਗਿਆ ਹੈ।

ਤਵਾਇਫ਼ ਅਤੇ ਰਿਕਸ਼ਾ ਚਾਲਕ ਦੀ ਤੁਲਨਾ ਕਰਕੇ ਦੋਹਾਂ ਨੂੰ ਬਰਾਬਰ ਹੀ ਕਿਹਾ ਗਿਆ ਹੈ ਕਿਉਂਕਿ ਦੋਵੇਂ ਪੈਸੇ ਪਿੱਛੇ ਪੇਸ਼ਾ ਕਰਦੇ ਹਨ। ਕਾਲਾ ਤਿਲ ਕਹਾਣੀ ਵਿਚ ਪੁਲਿਸ ਦੇ ਝੂਠੇ ਮੁਕਾਬਲਿਆਂ, ਗ਼ਰੀਬ, ਵਿਧਵਾ ਅਤੇ ਬੇਸਹਾਰਾ ਔਰਤਾਂ ਦੀ ਮਜਬੂਰੀ ਦਾ ਪੁਲਿਸ ਲਾਭ ਉਠਾਉਂਦੀ ਦਾ ਵਿਵਰਣ ਦਿੱਤਾ ਗਿਆ ਹੈ। ਮਹਾਂਕਵੀ ਨਾਂ ਦੀ ਕਹਾਣੀ ਸਿਫਾਰਸ਼ੀ ਇਨਾਮ ਲੈਣ ਵਾਲੇ ਲੇਖਕਾਂ ਦੀ ਨੈਤਿਕਤਾ ਦਾ ਪ੍ਰਗਟਾਵਾ ਕਰਦੀ ਹੈ।

ਕਹਾਣੀ ਦਾ ਚੌਥਾ ਹਿੱਸਾ ਅਮੀਰ ਲੋਕਾਂ ਦੇ ਚੋਜਾਂ ਦੀ ਜਾਣਕਾਰੀ ਦਿੰਦੀ ਹੋਈ ਗ਼ੈਰ ਇਖਲਾਕੀ ਕੰਮਾਂ ਨੂੰ ਵੇਖ ਕੇ ਅੱਖਾਂ, ਕੰਨ ਅਤੇ ਅੱਖਾਂ ਬੰਦ ਕਰਨ ਵਾਲੇ ਲੋਕਾਂ ਦੀ ਨੁਕਤਾਚੀਨੀ ਕਰਦੀ ਹੈ। ‘ਰਾਣੀ ਖਾਂ ਦਾ ਸਾਲਾ’ ਸਾਡੇ ਸਮਾਜ ਵਿਚਲੇ ਭ੍ਰਿਸ਼ਟਾਚਾਰ ਦੀ ਮੂੰਹ ਬੋਲਦੀ ਤਸਵੀਰ ਹੈ। ‘ਗੰਦਲਾਂ ਦਾ ਭਾਂਬੜ’ ਕਹਾਣੀ ਦੇਸ਼ ਦੀ ਵੰਡ ਸਮੇਂ ਆਪਸੀ ਸੰਬੰਧਾਂ ਵਿਚ ਆਈ ਖੜੋਤ ਦਾ ਵਾਸਤਾ ਪਾਉਂਦੀ ਹੈ। ਡਾ. ਤੇਜਵੰਤ ਮਾਨ ਦੀਆਂ ਸਾਰੀਆਂ ਕਹਾਣੀਆਂ ਦੇ ਵਿਸ਼ੇ ਲਗਪਗ ਆਪਸ ਵਿਚ ਮਿਲਦੇ ਜੁਲਦੇ ਹਨ। ‘ਕਹਾਣੀ ਦਾ ਚੌਥਾ ਹਿੱਸਾ’ ਅਤੇ ‘ਮੇਰੇ ਕੰਨਾਂ ’ਚ ਮੋਮ ਢਲ ਗਈ’ ਦੋਵੇਂ ਕਹਾਣੀਆਂ ਆਪਸ ਵਿਚ ਰਲਗਡ ਹਨ, ਦੋਹਾਂ ਵਿਚ ਦੁਹਰਾਓ ਹੈ। ਅਨੈਤਿਕ ਸੰਬੰਧਾਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਹਨ, ਲਗਪਗ ਹਰ ਕਹਾਣੀ ਵਿਚ ਅਜਿਹਾ ਕੁਝ ਵਿਖਾਇਆ ਗਿਆ ਹੈ, ਜਿਸ ਤੋਂ ਪਤਾ ਲਗਦਾ ਹੈ ਸਮਾਜਿਕ ਤਾਣੇ ਬਾਣੇ ਵਿਚ ਗਿਰਾਵਟ ਆ ਗਈ ਹੈ, ਜਿਸ ਕਰਕੇ ਮਾਨਸਿਕ ਤਣਾਓ ਵਧ ਗਿਆ ਹੈ। ਹੋਟਲਾਂ ਅਤੇ ਦਫਤਰਾਂ ਵਿਚ ਅਨੈਤਿਕ ਕੰਮ ਆਮ ਹੋ ਰਹੇ ਹਨ। ਭਾਵਨਾਵਾਂ ਅਮੀਰ ਅਤੇ ਗ਼ਰੀਬ ਔਰਤਾਂ ਦੀਆਂ ਇੱਕੋ ਜਹੀਆਂ ਹੁੰਦੀਆਂ ਹਨ, ਹਾਰ ਸ਼ਿੰਗਾਰ ਲਾਉਣ ਅਤੇ ਘਰੋਂ ਭੱਜਣ ਵਿਚ ਬਰਾਬਰ ਹਨ, ਇਸ ਨੂੰ ਵੀ ਕਈ ਕਹਾਣੀਆਂ ਦਾ ਵਿਸ਼ਾ ਬਣਾਇਆ ਗਿਆ ਹੈ।

 ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਡਾ. ਤੇਜਵੰਤ ਮਾਨ ਪ੍ਰੌੜ੍ਹ ਵਿਦਵਾਨ ਸਾਹਿਤਕਾਰ ਹੈ। ਉਸਦੀ ਬੌਧਿਕਤਾ ਅਕਾਦਮਿਕ ਵੀ ਹੈ ਅਤੇ ਇਹ ਆਮ ਲੋਕਾਂ ਦੀ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਦਰਸਾ ਕੇ ਲੋਕਾਂ ਦੀ ਬੋਲੀ ਵਿਚ ਸ਼ਪਸ਼ਟ ਹੁੰਦੀ ਹੈ। ਉਸਦੀ ਕਾਬਲੀਅਤ ਇਸ ਗੱਲ ਵਿਚ ਹੈ ਕਿ ਉਹ ਆਪਣੀ ਗੱਲ ਬਹੁਤ ਥੋੜ੍ਹੇ ਸ਼ਬਦਾਂ ਵਿਚ ਸਿੱਧੀ ਹੀ ਲਿਖ ਦਿੰਦਾ ਹੈ। ਕੋਈ ਗੋਲਮੋਲ ਗੱਲ ਨਹੀਂ ਕਰਦਾ। ਉਸਦੀ ਇਹ ਕਹਾਣੀਆਂ ਦੀ ਪੁਸਤਕ ਆਮ ਰਵਾਇਤੀ ਕਹਾਣੀਆਂ ਵਰਗੀ ਨਹੀਂ ਸਗੋਂ ਵਿਲੱਖਣ ਤਰ੍ਹਾਂ ਦੀ ਹੈ, ਹੋ ਸਕਦਾ ਸਥਾਪਤ ਕਹਾਣੀਕਾਰ ਇਸ ਪੁਸਤਕ ਦੀਆਂ ਕਹਾਣੀਆਂ ਨੂੰ ਸਮਝ ਹੀ ਨਾ ਸਕਣ ਕਿਉਂਕਿ ਇਹ ਅਖੌਤੀ ਬੌਧਿਕਤਾ ਵਾਲੀਆਂ ਕਹਾਣੀਆਂ ਨਹੀਂ ਹਨ। ਉਮੀਦ ਕਰਦੇ ਹਾਂ ਕਿ ਇਸ ਨਵੀਂ ਪਿਰਤ ਤੋਂ ਉੱਭਰਦੇ ਕਹਾਣੀਕਾਰ ਅਗਵਾਈ ਲੈਣ ਦੀ ਕੋਸ਼ਿਸ਼ ਕਰਨਗੇ।

*****

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author