UjagarSingh7“ਕਾਂਗਰਸੀ ਨੇਤਾ ਖ਼ਾਹਮਖਾਹ ਦੀ ਦੂਸ਼ਣਬਾਜ਼ੀ ਵਿੱਚ ਪਏ ਹੋਏ ਹਨ, ਜਿਸ ਵਿੱਚੋਂ ...”
(26 ਅਗਸਤ 2021)

 

ਪੰਜਾਬ ਪ੍ਰਦੇਸ਼ ਕਾਂਗਰਸ ਖ਼ਾਨਾਜੰਗੀ ਦਾ ਇਤਿਹਾਸ ਦੁਹਰਾ ਰਹੀ ਹੈ ਪੰਜਾਬ ਦੇ ਕਾਂਗਰਸੀਆਂ ਦਾ ਕੁਰਸੀ ਯੁੱਧ ਇਸ ਸਮੇਂ ਚਰਮ ਸੀਮਾ ’ਤੇ ਪਹੁੰਚ ਗਿਆ ਹੈ ਪੰਜਾਬੀ ਅਤੇ ਪੰਜਾਬ ਦਾ ਵਿਕਾਸ ਜਾਵੇ ਢੱਠੇ ਖੂਹ ਵਿੱਚ, ਉਨ੍ਹਾਂ ਨੂੰ ਤਾਂ ਕੁਰਸੀ ਚਾਹੀਦੀ ਹੈ ਉਹ ਪੰਜਾਬੀ ਅਣਡਿੱਠ ਹੋ ਰਹੇ ਹਨ, ਜਿਨ੍ਹਾਂ ਨੇ ਆਪਣੇ ਨੇਤਾਵਾਂ ’ਤੇ ਭਰੋਸਾ ਕਰਕੇ ਉਨ੍ਹਾਂ ਨੂੰ ਤਖ਼ਤੇ ਤਾਊਸ ’ਤੇ ਬਿਠਾਇਆ ਸੀ ਹੁਣ ਉਹ ਦੋਵੇਂ ਧੜੇ ਮੁੱਖ ਮੰਤਰੀ ਦੀ ਕੁਰਸੀ ਦੀਆਂ ਲੱਤਾਂ ਨੂੰ ਆਪੋ ਆਪਣੇ ਪਾਸੇ ਨੂੰ ਖਿੱਚ ਰਹੇ ਹਨ ਪੂਰੀ ਜ਼ੋਰ ਅਜ਼ਮਾਈ ਹੋ ਰਹੀ ਹੈ ਇਹ ਨਾ ਹੋਵੇ ਕਿ ਕੁਰਸੀ ਹੀ ਟੁੱਟ ਜਾਵੇ ਤੇ ਇਹਨਾਂ ਦੋਹਾਂ ਦੇ ਹੱਥ ਛੁਣਛੁਣਾ ਅਰਥਾਤ ਰਾਸ਼ਟਰਪਤੀ ਰਾਜ ਲੱਗ ਜਾਵੇ ਤੇ ਦੋਹਾਂ ਧੜਿਆਂ ਦੇ ਪੱਲੇ ਕੁਝ ਵੀ ਨਾ ਪਵੇ ਇਵੇਂ ਲੱਗਦਾ ਹੈ ਕਿ ਇਹ ਇਸ ਨੀਤੀ ’ਤੇ ਚਲ ਰਹੇ ਹਨ ਕਿਨਾ ਖੇਡਣਾ, ਨਾ ਖੇਡਣ ਦੇਣਾ, ਖੁੱਤੀ ਵਿੱਚ ...’ ਹੈ।

ਜੇਕਰ ਪੰਜਾਬ ਕਾਂਗਰਸ ਦੇ ਇਤਿਹਾਸ ’ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਇਨ੍ਹਾਂ ਦੀ ਧੜੇਬੰਦੀ ਕਰਕੇ ਕੁਰਸੀ ਯੁੱਧ ਹਮੇਸ਼ਾ ਹਰ ਕਾਂਗਰਸ ਦੀ ਸਰਕਾਰ ਸਮੇਂ ਹੁੰਦਾ ਰਿਹਾ ਹੈ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਦੋਂ ਵੀ ਇਨ੍ਹਾਂ ਨੇ ਆਪਣੇ ਮੁੱਖ ਮੰਤਰੀ ਤੋਂ ਕੁਰਸੀ ਹਥਿਆਉਣ ਲਈ ਲੜਾਈ ਲੜੀ ਹੈ, ਉਸ ਤੋਂ ਬਾਅਦ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਮੂਧੇ ਮੂੰਹ ਗਿਰਦੀ ਰਹੀ ਹੈ। ਭਾਵ ਜਿੱਤ ਦੁਬਾਰਾ ਨਸੀਬ ਨਹੀਂ ਹੋਈ ਹੈਰਾਨੀ ਇਸ ਗੱਲ ਦੀ ਹੈ ਕਿ ਫਿਰ ਵੀ ਇਹ ਬਿੱਲੀਆਂ ਦੀ ਤਰ੍ਹਾਂ ਲੜਦੇ ਰਹਿੰਦੇ ਹਨ ਪ੍ਰਤਾਪ ਸਿੰਘ ਕੈਰੋਂ ਦੇ ਵਿਰੁੱਧ ਬਗਾਬਤ ਹੋਈ। ਪਹਿਲਾਂ ਗੋਪੀ ਚੰਦ ਭਾਰਗੋ ਅਤੇ ਫਿਰ ਕਾਮਰੇਡ ਰਾਮ ਕਿਸ਼ਨ ਮੁੱਖ ਮੰਤਰੀ ਬਣੇ ਅਖ਼ੀਰ ਰਾਸ਼ਟਰਪਤੀ ਰਾਜ ਲਾਉਣਾ ਪਿਆ ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਦੀ ਖੁੰਦਕ ਦੇ ਸਿੱਟੇ ਵਜੋਂ ਰਾਸ਼ਟਰਪਤੀ ਰਾਜ, ਦਰਬਾਰਾ ਸਿੰਘ ਅਤੇ ਬੇਅੰਤ ਸਿੰਘ ਦੀ ਲੜਾਈ ਤੋਂ ਬਾਅਦ ਫਿਰ 1983 ਵਿੱਚ ਰਾਸ਼ਟਰਪਤੀ ਰਾਜ ਲਾਉਣਾ ਪਿਆ ਉਸ ਤੋਂ ਬਾਅਦ 1985 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਫਿਰ ਹਾਰ ਪੱਲੇ ਪਈ ਬੇਅੰਤ ਸਿੰਘ ਅਤੇ ਹਰਚਰਨ ਬਰਾੜ ਦਾ ਛੱਤੀ ਦਾ ਅੰਕੜਾ ਰਿਹਾ ਹਰਚਰਨ ਸਿੰਘ ਬਰਾੜ ਅਤੇ ਰਾਜਿੰਦਰ ਕੌਰ ਭੱਠਲ ਦੀ ਲੜਾਈ ਤੋਂ ਬਾਅਦ ਰਾਜਿੰਦਰ ਕੌਰ ਭੱਠਲ ਮੁੱਖ ਮੰਤਰੀ ਬਣੀ ਪ੍ਰੰਤੂ ਫਰਵਰੀ 1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਫਿਰ ਹਾਰ ਗਏ

2002 ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਿੰਦਰ ਕੌਰ ਭੱਠਲ ਦੀ ਲੜਾਈ ਵਿੱਚੋਂ ਭੱਠਲ ਉਪ ਮੁੱਖ ਮੰਤਰੀ ਬਣੀ ਪ੍ਰੰਤੂ 1 ਮਾਰਚ 2007 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਫਿਰ ਹਾਰ ਦਾ ਮੂੰਹ ਵੇਖਣਾ ਪਿਆ ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਨਵਜੋਤ ਸਿੰਘ ਸਿੱਧੂ ਦਾ ਕਲੇਸ਼ ਚੱਲ ਰਿਹਾ ਹੈ, ਜਿਸਦੇ ਮੋਹਰੇ ਕੁਝ ਮੰਤਰੀ ਅਤੇ ਵਿਧਾਇਕ ਹਨ। ਇਸਦਾ ਨਤੀਜਾ ਵੀ ਕਾਂਗਰਸ ਨੂੰ 2022 ਦੀਆਂ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ ਸਭ ਕੁਝ ਪਤਾ ਹੋਣ ਦੇ ਬਾਵਜੂਦ ਫਿਰ ਵੀ ਲੜਾਈ ਜਾਰੀ ਹੈ ਏਥੇ ਕੌਣ ਗ਼ਲਤ ਅਤੇ ਕੌਣ ਸਹੀ ਹੈ, ਇਸ ਗੱਲ ਦਾ ਸਵਾਲ ਨਹੀਂ, ਸਵਾਲ ਤਾਂ ਪੰਜਾਬੀਆਂ ਦੇ ਹਿਤਾਂ ਦਾ ਹੈ ਪੰਜਾਬ ਦੀ ਆਰਥਿਕਤਾ ਨੂੰ ਕਿਵੇਂ ਸਹੀ ਰਸਤੇ ’ਤੇ ਲਿਆਂਦਾ ਜਾ ਸਕਦਾ ਹੈ, ਇਨ੍ਹਾਂ ਮੁੱਦਿਆਂ ’ਤੇ ਵਿਚਾਰ ਚਰਚਾ ਕਰਨ ਦੀ ਥਾਂ ਤੋਹਮਤਾਂ ਲਾਉਣ ਦੀ ਜੰਗ ਚਲ ਰਹੀ ਹੈ

ਪ੍ਰੋ. ਪੂਰਨ ਸਿੰਘ ਵਾਲਾ ਪੰਜਾਬ ਜਿਹੜਾ ਗੁਰਾਂ ਦੇ ਨਾਮ ’ਤੇ ਵਸਦਾ ਸੀ, ਉਸਨੂੰ ਦਾਗਦਾਰ ਕੀਤਾ ਜਾ ਰਿਹਾ ਹੈ ਇਸਦੀ ਭਰਪਾਈ ਨਾ ਤਾਂ ਕਾਂਗਰਸ ਪਾਰਟੀ ਅਤੇ ਨਾ ਹੀ ਪੰਜਾਬੀ ਕਰ ਸਕਣਗੇ ਕਾਂਗਰਸੀਆਂ ਦੀ ਲੜਾਈ ਜਿਸ ਸਟੇਜ ’ਤੇ ਪਹੁੰਚ ਗਈ ਹੈ, ਇਸਨੇ ਕਾਂਗਰਸ ਪਾਰਟੀ ਦੇ ਅਸਤਿਤਵ ਉੱਤੇ ਹੀ ਨਹੀਂ ਸਗੋਂ ਪੰਜਾਬ ਦੇ ਭਵਿੱਖ ਉੱਤੇ ਵੀ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ ਕਿਉਂਕਿ ਪੰਜਾਬ ਦੇ ਸਮਜਿਕ ਸਰੋਕਾਰਾਂ ਨਾਲ ਸੰਬੰਧਤ ਮੁੱਦੇ ਅਤੇ ਵਿਕਾਸ ਅਣਗੌਲੇ ਹੋ ਰਹੇ ਹਨ ਇਉਂ ਲਗਦਾ ਹੈ ਕਿ ਸਿਆਸਤਦਾਨਾਂ ਨੂੰ ਪੰਜਾਬ ਦੀ ਬਿਹਤਰੀ ਦਾ ਕੋਈ ਫ਼ਿਕਰ ਹੀ ਨਹੀਂ, ਉਨ੍ਹਾਂ ਨੂੰ ਤਾਂ ਕੁਰਸੀ ਹੀ ਵਿਖਾਈ ਦਿੰਦੀ ਹੈ ਦੋਵੇਂ ਧੜੇ ਰਾਤ ਨੂੰ ਸੁੱਤੇ ਪਏ ਵੀ ਸੁਪਨੇ ਵਿਚ ਕੁਰਸੀ ਹਾਸਲ ਕਰਨ ਲਈ ਢੰਗ ਤਰੀਕੇ ਲੱਭਦੇ ਰਹਿੰਦੇ ਹਨ

ਕਿਸਾਨ ਅੰਦੋਲਨ ਨੇ ਪੰਜਾਬ ਵਿੱਚ ਇਸ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਹਾਸ਼ੀਏ ’ਤੇ ਕਰ ਦਿੱਤੀਆਂ ਹਨ ਉਨ੍ਹਾਂ ਦਾ ਪਿੰਡਾਂ ਵਿੱਚ ਵੜਨਾ ਅਸੰਭਵ ਹੁੰਦਾ ਜਾ ਰਿਹਾ ਹੈ ਪੰਜਾਬੀਆਂ ਨੂੰ ਥੋੜ੍ਹੀਆਂ ਬਹੁਤੀਆਂ ਆਸਾਂ ਆਮ ਆਦਮੀ ਪਾਰਟੀ ਤੋਂ ਹੀ ਸਨ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਤੀਜੇ ਬਦਲ ਵਜੋਂ ਵੇਖਦੇ ਸਨ ਪ੍ਰੰਤੂ ਉਨ੍ਹਾਂ ਦੀਆਂ ਆਪਣੀਆਂ ਗ਼ਲਤੀਆਂ ਹੀ ਉਨ੍ਹਾਂ ਨੂੰ ਲੈ ਡੁੱਬੀਆਂ ਆਮ ਆਦਮੀ ਪਾਰਟੀ ਖੱਖੜੀਆਂ ਖੱਖੜੀਆਂ ਹੋਈ ਪਈ ਹੈ ਪੰਜਾਬ ਦੇ ਲੋਕਾਂ ਨੂੰ ਇਹ ਵੀ ਉਮੀਦ ਬਣੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਜੇਕਰ ਮਿਲ ਕੇ ਚੱਲਣਗੇ ਤਾਂ ਸ਼ਾਇਦ ਪੰਜਾਬ ਦਾ ਕੁਝ ਬਣ ਸਕੇਗਾ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਇਕ ਇਮਾਨਦਾਰ ਅਤੇ ਬਾਕਮਾਲ ਬੁਲਾਰਾ ਸਮਝਿਆ ਜਾਂਦਾ ਹੈ ਪ੍ਰੰਤੂ ਹੋਇਆ ਬਿਲਕੁਲ ਇਸਦੇ ਉਲਟ। ਇਸ ਸਮੇਂ ਪੰਜਾਬ ਕਾਂਗਰਸ ਦੀ ਲੀਡਰਸ਼ਿੱਪ ਇਕ ਦੂਜੇ ਦੀਆਂ ਲੱਤਾਂ ਨੂੰ ਪਈ ਹੋਈ ਹੈ ਇਹ ਉੱਤਰ ਕਾਟੋ ਮੈਂ ਚੜ੍ਹਾਂ ਦੀ ਖੇਡ ਖੇਡਣਾ ਚਾਹੁੰਦੇ ਹਨ ਕਾਂਗਰਸ ਦੀ ਲੀਡਰਸ਼ਿੱਪ ਖਾਸ ਤੌਰ ’ਤੇ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਤਰਜੀਹ ਦੇਣ ਨੂੰ ਪੰਜਾਬ ਦੇ ਲੋਕ ਸ਼ੁਭ ਸ਼ਗਨ ਸਮਝਦੇ ਸਨ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਵਿੱਚ ਆਸ ਦੀ ਕਿਰਨ ਜਾਗੀ ਸੀ ਪ੍ਰੰਤੂ ਕਾਂਗਰਸ ਪਾਰਟੀ ਦੋ ਮਜ਼ਬੂਤ ਧੜਿਆਂ ਵਿੱਚ ਵੰਡੀ ਜਾ ਚੁੱਕੀ ਹੈ ਕਾਂਗਰਸ ਦੀ ਪੁਰਾਣੀ ਲੀਡਰਸ਼ਿੱਪ ਜਿਨ੍ਹਾਂ ਵਿੱਚੋਂ ਮੁੱਖ ਤੌਰ ’ਤੇ ਪਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਨਾਲ ਕੇ ਖੜ੍ਹ ਗਏ ਹਨ, ਜਦੋਂ ਕਿ ਪਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਦਾ ਮੁੱਖ ਮੰਤਰੀ ਨਾਲ ਛੱਤੀ ਦਾ ਅੰਕੜਾ ਸੀ ਸ਼ਮਸ਼ੇਰ ਸਿੰਘ ਦੂਲੋ ਅਤੇ ਰਾਜਿੰਦਰ ਕੌਰ ਭੱਠਲ ਚੁੱਪ ਕਰਕੇ ਤਮਾਸ਼ਾ ਵੇਖ ਰਹੇ ਹਨ

ਕਾਂਗਰਸੀ ਨੇਤਾ ਖ਼ਾਹਮਖਾਹ ਦੀ ਦੂਸ਼ਣਬਾਜ਼ੀ ਵਿੱਚ ਪਏ ਹੋਏ ਹਨ, ਜਿਸ ਵਿੱਚੋਂ ਕੱਢਣ ਪਾਉਣ ਨੂੰ ਕੁਝ ਵੀ ਨਹੀਂ ਮਿਲਣਾ ਪਾਰਟੀ ਪ੍ਰਧਾਨ ਦਾ ਕੰਮ ਪਾਰਟੀ ਨੂੰ ਮਜ਼ਬੂਤ ਕਰਨਾ ਹੁੰਦਾ ਹੈ ਉਸ ਨੂੰ ਫਰੀ ਹੈਂਡ ਦੇਣਾ ਚਾਹੀਦਾ ਹੈ। ਪ੍ਰੰਤੂ ਉਸ ਨੂੰ ਸਰਕਾਰ ਦੀ ਨੁਕਤਾਚੀਨੀ ਕਰਨ ਦੀ ਥਾਂ ਸਲਾਹ ਦੇਣੀ ਬਣਦੀ ਹੈ ਮੁੱਖ ਮੰਤਰੀ ਨੇ ਉਸ ਦੀ ਸਲਾਹ ਅਨੁਸਾਰ ਪਾਰਟੀ ਦਾ ਚੋਣ ਮਨੋਰਥ ਪੱਤਰ ਲਾਗੂ ਕਰਨਾ ਹੁੰਦਾ ਹੈ ਦੋਹਾਂ ਦੇ ਕਾਰਜ ਖੇਤਰ ਵੱਖਰੇ ਹਨ ਇਸ ਲਈ ਦੋਹਾਂ ਦਾ ਸੁਚਾਰੂ ਤਾਲਮੇਲ ਹੋਣਾ ਅਤਿਅੰਤ ਜ਼ਰੂਰੀ ਹੈ ਜੇਕਰ ਤਾਲਮੇਲ ਨਹੀਂ ਹੋਵੇਗਾ ਤਾਂ ਇਸੇ ਤਰ੍ਹਾਂ ਹੋਵੇਗਾ, ਜਿਵੇਂ ਹੁਣ ਹੋ ਰਿਹਾ ਹੈ ਇਸ ਤਰ੍ਹਾਂ ਦੁਬਾਰਾ ਕਾਂਗਰਸ ਪਾਰਟੀ ਦੇ ਸਰਕਾਰ ਬਣਾਉਣ ’ਤੇ ਸਵਾਲੀਆ ਨਿਸ਼ਾਨ ਲੱਗ ਜਾਵੇਗਾ ਵਿਰੋਧੀ ਪਾਰਟੀਆਂ ਨੂੰ ਮੁੱਦਾ ਕਾਂਗਰਸੀ ਖੁਦ ਆਪ ਦੇ ਰਹੇ ਹਨ ਬੈਲ ਮੁਝੇ ਮਾਰ ਵਾਲੀ ਨੀਤੀ ਅਪਣਾ ਰਹੇ ਹਨ ਦੋਹਾਂ ਧੜਿਆਂ ਨੂੰ ਪੰਜਾਬ ਦੇ ਹਿਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ

ਵਰਤਮਾਨ ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀ ਲੜਾਈ ਦੀ ਮੁੱਖ ਦੋਸ਼ੀ ਕੇਂਦਰੀ ਕਾਂਗਰਸ ਪਾਰਟੀ ਹੈ ਉਹ ਦੋਗਲੀ ਨੀਤੀ ਅਪਣਾ ਰਹੀ ਹੈ, ਜਿਹੜੀ ਉਨ੍ਹਾਂ ਨੂੰ ਪੁੱਠੀ ਪੈਂਦੀ ਦਿਸ ਰਹੀ ਹੈ ਕਿਉਂਕਿ ਲਗਪਗ ਪਿਛਲੇ 6 ਮਹੀਨੇ ਤੋਂ ਪੰਜਾਬ ਕਾਂਗਰਸ ਵਿੱਚ ਬਗਾਬਤ ਦੀ ਅੱਗ ਧੁਖ ਰਹੀ ਸੀ, ਜਿਹੜੀ ਹੁਣ ਭਾਂਬੜ ਬਣ ਕੇ ਮੱਚ ਰਹੀ ਹੈ ਕੇਂਦਰੀ ਕਾਂਗਰਸ ਨੇ ਇਸ ਲੜਾਈ ਨੂੰ ਸੰਜੀਦਗੀ ਨਾਲ ਨਹੀਂ ਲਿਆ ਉਹ ਦੋਹਾਂ ਧੜਿਆਂ ਨੂੰ ਹੱਲਾ ਸ਼ੇਰੀ ਦੇ ਰਹੇ ਹਨ ਹਰ ਨੇਤਾ ਪਾਰਟੀ ਦੇ ਅਨੁਸ਼ਾਸਨ ਦੀਆਂ ਧੱਜੀਆਂ ਉਡਾ ਰਿਹਾ ਹੈ ਪਾਰਟੀ ਦੇ ਮੰਚ ’ਤੇ ਗੱਲ ਕਰਨ ਦੀ ਥਾਂ ਅਖ਼ਬਾਰਾਂ ਜਾਂ ਟਵੀਟ ਕਰਕੇ ਇਕ ਦੂਜੇ ’ਤੇ ਦੋਸ਼ ਲਗਾ ਰਿਹਾ ਹੈ ਕਾਂਗਰਸ ਗੂੜ੍ਹੀ ਨੀਂਦ ਸੁੱਤੀ ਪਈ ਹੈ

ਕੇਂਦਰੀ ਕਾਂਗਰਸ ਵਿਚ ਵੀ ਤਾਕਤ ਦੇ ਦੋ ਧੁਰੇ ਬਣ ਚੁੱਕੇ ਹਨ ਇਕ ਪਾਸੇ ਸੋਨੀਆਂ ਗਾਂਧੀ ਹੈ ਅਤੇ ਦੂਜੇ ਪਾਸੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਹਨ ਉਹ ਵੀ ਆਪਸ ਵਿੱਚ ਸਹਿਮਤ ਨਹੀਂ ਹਨ ਜਿਵੇਂ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਕਾਂਗਰਸ ਦੇ ਗਲ ਵਿੱਚ ਗੂਠਾ ਦੇ ਕੇ ਪਰਤਾਪ ਸਿੰਘ ਬਾਜਵਾ ਦੀ ਥਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਸਨ, ਬਿਲਕੁਲ ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਬਾਵਜੂਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣ ਕੇ ਆਏ ਹਨ ਇਸ ਲਈ ਦੋਵੇਂ ਆਪਣੇ ਆਪ ਨੂੰ ਤਾਕਤਵਰ ਸਮਝਦੇ ਹਨ ਇਕ ਦੂਜੇ ਨੂੰ ਨੀਵਾਂ ਵਿਖਾਉਣ ਵਿੱਚ ਸਿੱਧੇ ਜਾਂ ਅਸਿੱਧੇ ਢੰਗ ਨਾਲ ਲੱਗੇ ਹੋਏ ਹਨ

ਇਕ ਗੱਲ ਤਾਂ ਸ਼ਪਸ਼ਟ ਹੈ ਕਿ ਪਹਿਲਾਂ ਬੇਸ਼ਕ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀਤਾ ਪ੍ਰੰਤੂ ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਸੰਜੀਦਗੀ ਨਾਲ ਮੰਝੇ ਹੋਏ ਸਿਆਸਤਦਾਨ ਦੀ ਤਰ੍ਹਾਂ ਵਿਚਰ ਰਹੇ ਹਨ ਪ੍ਰੰਤੂ ਨਵਜੋਤ ਸਿੰਘ ਸਿੱਧੂ ਆਪਣੀ ਰੜਕ ਬਰਕਰਾਰ ਰੱਖੀ ਬੈਠੇ ਹਨ ਕਾਂਗਰਸੀ ਨੇਤਾਵਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੇਂਦਰੀ ਲੀਡਰਸ਼ਿੱਪ ਦੇ ਵਿਸ਼ਵਾਸ਼ ਤੋਂ ਬਿਨਾ ਕੋਈ ਮੁੱਖ ਮੰਤਰੀ ਨਹੀਂ ਬਣ ਸਕਦਾ, ਭਾਵੇਂ ਵਿਧਾਨਕਾਰਾਂ ਦਾ ਬਹੁਮਤ ਉਨ੍ਹਾਂ ਦੇ ਨਾਲ ਹੋਵੇ

ਇਹ ਵੀ ਸਮਝਣਾ ਚਾਹੀਦਾ ਹੈ ਕਿ ਕੋਈ ਵੀ ਪਾਰਟੀ ਅਨੁਸ਼ਾਸਨ ਤੋਂ ਬਗੈਰ ਸਫਲ ਨਹੀਂ ਹੋ ਸਕਦੀ ਅਨੁਸ਼ਾਸਨ ਦੋਹਾਂ ਧੜਿਆਂ ਲਈ ਜ਼ਰੂਰੀ ਹੈ ਬਿਆਨਬਾਜ਼ੀ ਹਮੇਸ਼ਾ ਨੁਕਸਾਨਦਾਇਕ ਹੁੰਦੀ ਹੈ ਧੜੇਬੰਦੀ ਦੇ ਨਤੀਜੇ ਵਜੋਂ ਕਾਂਗਰਸ ਪਾਰਟੀ ਦਾ ਭਵਿੱਖ ਕੰਧ ’ਤੇ ਲਿਖਿਆ ਹੋਇਆ ਹੈ, ਜਿਸ ਨੂੰ ਕਾਂਗਰਸੀ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰ ਰਹੇ

ਹੁਣ ਜਿਹੜੀ ਮੰਗ ਬਗਾਵਤੀ ਧੜਾ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦੀ ਕਰ ਰਿਹਾ ਹੈ, ਉਹ ਅਸੰਭਵ ਲਗਦੀ ਹੈ ਕਿਉਂਕਿ ਸੰਵਿਧਾਨਿਕ ਤੌਰ ’ਤੇ ਹੁਣ ਡੋਰ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿੱਚ ਹੈ ਜੇਕਰ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦਾ ਸੋਚ ਲਿਆ ਤਾਂ ਕੈਪਟਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਹਿਲਾਂ ਬਾਗੀ ਮੰਤਰੀਆਂ ਨੂੰ ਬਰਖਾਸਤ ਕਰ ਸਕਦੇ ਹਨ ਅਤੇ ਫਿਰ ਨਵੇਂ ਮੰਤਰੀ ਬਣਾ ਕੇ ਮੰਤਰੀ ਮੰਡਲ ਵਿੱਚ ਵਿਧਾਨ ਸਭਾ ਨੂੰ ਭੰਗ ਕਰਨ ਦਾ ਮਤਾ ਪਾ ਸਕਦੇ ਹਨ? ਰਾਜਪਾਲ ਮੰਤਰੀ ਮੰਡਲ ਦੇ ਫ਼ੈਸਲੇ ਨੂੰ ਇਨਕਾਰ ਨਹੀਂ ਕਰ ਸਕਦਾ ਬਸ਼ਰਤੇ ਕਿ ਕੇਂਦਰ ਸਰਕਾਰ ਬਦਲਵੀਂ ਸਰਕਾਰ ਬਣਾਉਣ ਦੇ ਹੱਕ ਵਿੱਚ ਨਾ ਹੋਵੇ ਕਿਉਂਕਿ ਆਖ਼ਰੀ ਫ਼ੈਸਲਾ ਕੇਂਦਰੀ ਮੰਤਰੀ ਮੰਡਲ ਦੇ ਹੱਥ ਹੁੰਦਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕੰਮ ਚਲਾਊ ਮੁੱਖ ਮੰਤਰੀ ਵੀ ਰੱਖ ਸਕਦੇ ਹਨ ਜਾਂ ਰਾਸ਼ਟਰਪਤੀ ਰਾਜ ਵੀ ਲਗਾ ਸਕਦੇ ਹਨ ਕੇਂਦਰ ਕੋਲ ਤਿੰਨ ਬਦਲ ਹਨ ਬਗ਼ਾਬਤ ਕਰਨ ਵਾਲੇ ਧੜੇ ਨੂੰ ਇਨ੍ਹਾਂ ਗੱਲਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ

***** 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2973)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author