UjagarSingh7ਅੰਦੋਲਨ ਦਾ ਨਤੀਜਾ ਭਾਵੇਂ ਕੋਈ ਹੋਵੇ ਪ੍ਰੰਤੂ ਪੰਜਾਬ ਵਿੱਚ ਨਵੇਂ ਸਿਆਸੀ ਸਮੀਕਰਨ ...
(6 ਜਨਵਰੀ 2021)

 

ਕਿਸਾਨ ਅੰਦੋਲਨ ਨੇ ਫਿਲਹਾਲ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪ੍ਰਸੰਗਕ ਕਰਕੇ ਵਾਹਣੇ ਪਾ ਦਿੱਤਾ ਹੈ। ਇਹ ਪਾਰਟੀਆਂ ਆਪਣੀ ਹੋਂਦ ਬਚਾਉਣ ਲਈ ਤਰਲੋਮੱਛੀ ਹੋ ਰਹੀਆਂ ਹਨ। ਇਨ੍ਹਾਂ ਪਾਰਟੀਆਂ ਨੂੰ ਆਪੋ ਆਪਣੇ ਅੰਦਰ ਝਾਤ ਮਾਰ ਕੇ ਆਪਣੀਆਂ ਗ਼ਲਤੀਆਂ ਨੂੰ ਦਰੁਸਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਭਾਵੇਂ ਕਿਸਾਨ ਅੰਦੋਲਨ ਵਿੱਚ ਸਿਆਸਤਦਾਨਾਂ ਨੂੰ ਫਟਕਣ ਨਹੀਂ ਦਿੱਤਾ ਜਾ ਰਿਹਾ ਤਾਂ ਵੀ ਕਿਸਾਨ ਅੰਦੋਲਨ ਸਿਖਰਾਂ ’ਤੇ ਪਹੁੰਚ ਗਿਆ ਹੈ। ਰਾਜਨੀਤਕ ਪਾਰਟੀਆਂ ਦਾ ਘੁਮੰਡ ਕਿਸਾਨ ਅੰਦੋਲਨ ਨੇ ਤੋੜਕੇ ਰੱਖ ਦਿੱਤਾ ਹੈ ਕਿ ਲੋਕ ਉਨ੍ਹਾਂ ਦੇ ਬਿਨਾ ਹੋਰ ਕਿਸੇ ਦੀ ਸੁਣਦੇ ਨਹੀਂ। ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਸਿਆਸੀ ਪਾਰਟੀਆਂ ਨੂੰ ਆਪਣੀ ਤਾਕਤ ਦਾ ਅਜੇ ਤਾਂ ਨਮੂਨਾ ਹੀ ਵਿਖਾਇਆ ਹੈ। ਇਸ ਅੰਦੋਲਨ ਦਾ ਸੰਕੇਤ ਇਹ ਹੈ ਕਿ ਹੁਣ ਸਿਆਸਦਾਨ ਕਿਸਾਨਾਂ ਨੂੰ ਝੂਠੇ ਲਾਰੇ ਲਾ ਕੇ ਵੋਟਾਂ ਨਹੀਂ ਬਟੋਰ ਸਕਦੇ ਸਗੋਂ ਉਨ੍ਹਾਂ ਨੂੰ ਆਪਣੀ ਕਾਰਗੁਜ਼ਾਰੀ ਦਾ ਪ੍ਰਗਟਾਵਾ ਕਰਨਾ ਪਵੇਗਾ। ਇਸ ਅੰਦੋਲਨ ਨੇ ਕਿਸਾਨਾਂ ਵਿੱਚ ਜਾਗ੍ਰਤੀ ਪੈਦਾ ਕਰ ਦਿੱਤੀ ਹੈ। ਹੁਣ ਸਿਆਸੀ ਪਾਰਟੀਆਂ ਲੋਕਾਂ ਨਾਲ ਵਾਅਦਾ ਖਿਲਾਫੀ ਨਹੀਂ ਕਰ ਸਕਣਗੀਆਂ। ਭ੍ਰਿਸ਼ਟਾਚਾਰ ਨੂੰ ਲਗਾਮ ਲੱਗਣ ਦੀ ਉਮੀਦ ਵੀ ਬੱਝੇਗੀ। ਤਿੰਨ ਖੇਤੀ ਕਾਨੂੰਨਾਂ ਨੇ ਭਾਰਤੀਆਂ, ਖਾਸ ਤੌਰ ’ਤੇ ਪੰਜਾਬੀਆਂ ਨੂੰ ਆਪਣੇ ਹੱਕਾਂ ਲਈ ਲੜਨ ਦਾ ਮੌਕਾ ਦੇ ਕੇ ਅਜਿਹੀ ਜਾਗ੍ਰਤੀ ਪੈਦਾ ਕੀਤੀ ਹੈ ਕਿ ਉਹ ਛੇਤੀ ਕੀਤਿਆਂ ਗੁਮਰਾਹ ਨਹੀਂ ਹੋਣਗੇ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਬਣਾਏ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀ ਸਰਹੱਦ ’ਤੇ ਸ਼ੁਰੂ ਕੀਤੇ ਗਏ ਅੰਦੋਲਨ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਹਾਸ਼ੀਏ ’ਤੇ ਕਰ ਦਿੱਤੀਆਂ ਹਨ। ਕਿਸਾਨ ਅੰਦੋਲਨ ਇਸ ਸਮੇਂ ਪੰਜਾਬ ਦਾ ਹੀ ਨਹੀਂ ਸਗੋਂ ਦੇਸ ਦਾ ਲੋਕ-ਅੰਦੋਲਨ ਬਣ ਗਿਆ ਹੈ। ਪੰਜਾਬੀ ਕਿਸਾਨਾਂ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ ਹੈ। ਸਿਆਸੀ ਪਾਰਟੀਆਂ ਵਿੱਚ ਹਲਚਲ ਮੱਚ ਗਈ ਹੈ ਕਿ ਕਿਤੇ ਇਹ ਸਿਆਸੀ ਮੰਚ ਬਣਾਕੇ ਉਨ੍ਹਾਂ ਨੂੰ ਤੁਰਦੀਆਂ ਨਾ ਕਰ ਦੇਣ।

ਪੰਜਾਬੀ ਸੰਸਾਰ ਵਿੱਚ ਇੱਕ ਚੇਤਨ ਅਤੇ ਉੱਦਮੀ ਕੌਮ ’ਤੇ ਤੌਰ ’ਤੇ ਜਾਣੇ ਜਾਂਦੇ ਹਨ। ਦੇਸ ਨੂੰ ਜਦੋਂ ਵੀ ਕੋਈ ਸਮੱਸਿਆ ਆਈ ਤਾਂ ਹਮੇਸ਼ਾ ਪੰਜਾਬੀ ਮੋਹਰੀ ਦੀ ਭੂਮਿਕਾ ਨਿਭਾਉਂਦੇ ਆ ਰਹੇ ਹਨ। ਭਾਵੇਂ ਆਜ਼ਾਦੀ ਦੀ ਜੱਦੋਜਹਿਦ ਹੋਵੇ ਜਾਂ ਸਰਹੱਦਾਂ ’ਤੇ ਗੁਆਢੀ ਦੇਸਾਂ ਨੇ ਭਾਰਤ ਨੂੰ ਵੰਗਾਰਿਆ ਹੋਵੇ, ਪੰਜਾਬੀਆਂ ਨੇ ਤਨੋ ਮਨੋ ਮੋਹਰੀ ਬਣਕੇ ਲੜਾਈ ਲੜੀ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀਆਂ ਬਾਰੇ ਕਈ ਤਰ੍ਹਾਂ ਦੇ ਭਰਮ ਭੁਲੇਖੇ ਪੈਦਾ ਹੁੰਦੇ ਰਹੇ ਹਨ। ਕਿਸਾਨ ਅੰਦੋਲਨ ਨੇ ਇਹ ਭੁਲੇਖੇ ਦੂਰ ਕਰ ਦਿੱਤੇ ਹਨ ਜਾਂ ਇਉਂ ਕਹਿ ਲਓ ਕਿ ਪੰਜਾਬੀ ਨੌਜਵਾਨਾਂ ਨੇ ਆਪਣੇ ਵਿਵਹਾਰ ਵਿੱਚ ਸੁਧਾਰ ਕਰ ਲਿਆ ਹੈ। ਕਿਸਾਨ ਅੰਦੋਲਨ ਵਿੱਚ ਪੰਜਾਬੀਆਂ ਦੀ ਹਿੰਮਤ, ਦਲੇਰੀ ਅਤੇ ਦ੍ਰਿੜ੍ਹਤਾ ਨੇ ਪੰਜਾਬੀਆਂ ਦੀ ਵਿਰਾਸਤੀ ਹਿੰਮਤ ਦਾ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ਦੀ ਅਗਵਾਈ ਨੂੰ ਸਮੁੱਚੇ ਦੇਸ਼ ਦੇ ਕਿਸਾਨਾਂ ਨੇ ਹੀ ਨਹੀਂ ਸਗੋਂ ਆਮ ਲੋਕਾਂ ਨੇ ਵੀ ਮਾਣਤਾ ਦਿੱਤੀ ਹੈ ਅਤੇ ਉਹ ਇਸ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ। ਨੌਜਵਾਨਾਂ, ਇਸਤਰੀਆਂ ਅਤੇ ਬਜ਼ੁਰਗਾਂ ਦਾ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਾ ਰਾਜਨੀਤਕ ਪਾਰਟੀਆਂ ਲਈ ਖ਼ਤਰੇ ਦੀ ਘੰਟੀ ਹੈ। ਇਸ ਅੰਦੋਲਨ ਵਿੱਚ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਮਹੱਤਤਾ ਦੇਣ ਤੋਂ ਇਨਕਾਰ ਹੀ ਨਹੀਂ ਕੀਤਾ, ਸਗੋਂ ਨੇੜੇ ਵੀ ਫਟਕਣ ਨਹੀਂ ਦਿੱਤਾ ਜਾ ਰਿਹਾ। ਸਿਆਸੀ ਪਾਰਟੀਆਂ ਦੇ ਨੇਤਾ ਫਿਰ ਵੀ ਲੁਕ ਛਿਪਕੇ ਅੰਦੋਲਨ ਵਿੱਚ ਵਿਖਾਵੇ ਲਈ ਹਾਜ਼ਰੀ ਲਵਾ ਰਹੇ ਹਨ।

ਇਸ ਅੰਦੋਲਨ ਵਿੱਚ ਸਿਆਸੀ ਪਾਰਟੀਆਂ ਦੇ ਵਰਕਰ ਵੀ ਸ਼ਾਮਲ ਹੋ ਰਹੇ ਹਨ ਪ੍ਰੰਤੂ ਉਹ ਪਾਰਟੀ ਦੇ ਤੌਰ ’ਤੇ ਨਹੀਂ, ਕਿਸਾਨ ਜਾਂ ਕਿਸਾਨ ਹਮਾਇਤੀ ਹੋਣ ਕਰਕੇ ਅੰਦਲੋਨ ਦਾ ਹਿੱਸਾ ਬਣ ਰਹੇ ਹਨ। ਸਿਆਸੀ ਪਾਰਟੀਆਂ ਦੇ ਹਮਾਇਤੀਆਂ ਦਾ ਅੰਦੋਲਨ ਵਿੱਚ ਆਉਣਾ ਸਿਆਸੀ ਮਜਬੂਰੀ ਵੀ ਹੈ। ਜੇ ਉਹ ਅੰਦੋਲਨ ਦਾ ਹਿੱਸਾ ਨਹੀਂ ਬਣਦੇ, ਪਿੰਡਾਂ ਵਿੱਚ ਰਹਿਣਾ ਉਨ੍ਹਾਂ ਦਾ ਦੁੱਭਰ ਹੋ ਜਾਵੇਗਾ। ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ ਦਲ ਹੀ ਦੋ ਵੱਡੀਆਂ ਮੁੱਖ ਸਿਆਸੀ ਪਾਰਟੀਆਂ ਹੋਣ ਕਰਕੇ ਹੁਣ ਤਕ ਬਦਲ ਬਦਲਕੇ ਸਰਕਾਰਾਂ ਬਣਾਉਂਦੀਆਂ ਆ ਰਹੀਆਂ ਹਨ। ਆਮ ਆਦਮੀ ਪਾਰਟੀ ਪਹਿਲੀ ਵਾਰੀ 2014 ਵਿੱਚ ਸਿਆਸੀ ਤੌਰ ਸਾਹਮਣੇ ਆਈ ਸੀ। ਚਾਰ ਲੋਕ ਸਭਾ ਦੀਆਂ ਸੀਟਾਂ ਵੀ ਜਿੱਤ ਗਈ ਸੀ। ਇਸ ਸਮੇਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਪਾਰਟੀ ਹੈ। ਆਮ ਆਦਮੀ ਪਾਰਟੀ, ਜਿਹੜੀ ਬੜੇ ਜ਼ੋਰ ਸ਼ੋਰ ਨਾਲ ਕਾਂਗਰਸ ਅਤੇ ਅਕਾਲੀ ਦਲ ਦੇ ਬਦਲ ਵਜੋਂ ਉੱਭਰਕੇ ਸਿਆਸੀ ਸੀਨ ’ਤੇ ਆਈ ਸੀ, ਉਹਦਾ ਮੁਖੀ ਅਰਵਿੰਦ ਕੇਜਰੀਵਾਲ ਪੰਜਾਬ ਵਿਰੋਧੀ ਸਾਬਤ ਹੋ ਚੁੱਕਾ ਹੈ। ਉਸਨੇ ਇੱਕ ਖੇਤੀਬਾੜੀ ਕਾਨੂੰਨ ਨੂੰ ਤਾਂ ਦਿੱਲੀ ਵਿੱਚ ਲਾਗੂ ਵੀ ਕਰ ਦਿੱਤਾ ਹੈ। ਉਸਨੇ ਖੇਤੀਬਾੜੀ ਕਾਨੂੰਨਾਂ ਨੂੰ ਵਿਧਾਨ ਸਭਾ ਵਿੱਚ ਪਾੜਨ ਦਾ ਨਾਟਕ ਵੀ ਕੀਤਾ ਹੈ। ਫਿਰ ਵੀ ਉਸਦੇ ਭਵਿੱਖ ਨੂੰ ਗ੍ਰਹਿਣ ਲੱਗ ਗਿਆ ਹੈ।

ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਆਪਸੀ ਖਿਚੋਤਾਣ ਵੀ ਉਨ੍ਹਾਂ ਦੇ ਅਕਸ ਨੂੰ ਧੱਬਾ ਲਾ ਰਹੀ ਹੈ। ਭਾਰਤੀ ਜਨਤਾ ਪਾਰਟੀ ਭਾਵੇਂ ਕੌਮੀ ਪਾਰਟੀ ਹੈ ਪ੍ਰੰਤੂ ਉਹ ਵੀ ਪੰਜਾਬ ਵਿੱਚ ਇਕੱਲੀ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੈ। ਭਾਰਤੀ ਜਨਤਾ ਪਾਰਟੀ ਤਾਂ ਸਿੱਧੇ ਤੌਰ ’ਤੇ ਹਾਸ਼ੀਏ ਤੇ ਚਲੀ ਗਈ ਹੈ ਕਿਉਂਕਿ ਕਿਸਾਨ ਵਿਰੋਧੀ ਕਾਨੂੰਨ ਹੀ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨੇ ਬਣਾਏ ਹਨ। ਸੀ ਪੀ ਆਈ, ਸੀ ਪੀ ਐੱਮ, ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦੇ ਬਾਕੀ ਧੜੇ ਵੀ ਇਕੱਲੇ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੋਏ ਅਤੇ ਨਾ ਹੋ ਸਕਦੇ ਹਨ। ਉਹ ਕਿਸੇ ਦੂਜੀ ਪਾਰਟੀ ਨਾਲ ਰਲਕੇ ਹੀ ਚੋਣਾਂ ਜਿੱਤਦੇ ਰਹੇ ਹਨ। ਇਸ ਅੰਦੋਲਨ ਨੇ ਸਾਰੀਆਂ ਪਾਰਟੀਆਂ ਨੂੰ ਢਾਹ ਲਾਈ ਹੈ। ਸ਼ਰੋਮਣੀ ਅਕਾਲੀ ਦਲ ਬਾਦਲ ਪਹਿਲਾਂ ਹੀ ਹਾਸ਼ੀਏ ’ਤੇ ਜਾ ਚੁੱਕਾ ਸੀ ਪ੍ਰੰਤੂ ਕੇਂਦਰੀ ਮੰਤਰੀ ਦੀ ਕੁਰਸੀ ਦੇ ਲਾਲਚ ਨੇ ਅਕਾਲੀ ਦਲ ਦਾ ਅਕਸ ਮਿੱਟੀ ਵਿੱਚ ਮਿਲਾ ਦਿੱਤਾ ਹੈ। ਰਹਿੰਦੇ ਖੂੰਹਦੇ ਆਧਾਰ ਨੂੰ ਵੀ ਖ਼ੋਰਾ ਲੱਗ ਗਿਆ ਹੈ ਕਿਉਂਕਿ ਅਕਾਲੀ ਦਲ ਦੇ ਨੁਮਾਇੰਦੇ ਬੀਬੀ ਹਰਸਿਮਰਤ ਕੌਰ ਬਾਦਲ ਤਾਂ ਕੇਂਦਰੀ ਮੰਤਰੀ ਮੰਡਲ ਵਿੱਚ ਆਰਡੀਨੈਂਸਾਂ ਨੂੰ ਪਾਸ ਕਰਨ ਵਾਲੀ ਮੀਟਿੰਗ ਵਿੱਚ ਹਾਜ਼ਰ ਸਨ। ਹਾਲਾਂ ਕਿ ਅਕਾਲੀ ਦਲ ਕਿਸਾਨਾਂ ਦੀ ਹਮਾਇਤੀ ਪਾਰਟੀ ਕਹਾਉਂਦਾ ਸੀ। ਉਹ ਤਾਂ ਪ੍ਰੈੱਸ ਕਾਨਫਰੰਸਾਂ ਕਰਕੇ ਤਿੰਨਾਂ ਕਾਨੂੰਨਾਂ ਦੇ ਆਰਡੀਨੈਂਸਾਂ ਨੂੰ ਸਹੀ ਕਹਿੰਦੇ ਰਹੇ। ਇੱਥੋਂ ਤਕ ਕਿ ਪੰਜ ਵਾਰੀ ਮੁੱਖ ਮੰਤਰੀ ਰਹੇ ਸਿਆਸਤ ਦੇ ਬਾਬਾ ਬੋਹੜ ਪਰਕਾਸ਼ ਸਿੰਘ ਬਾਦਲ ਤਾਂ ਇਨ੍ਹਾਂ ਆਰਡੀਨੈਂਸਾਂ ਦੇ ਫਾਇਦੇ ਗੁਣਗੁਣਾਉਂਦੇ ਰਹੇ। ਸ਼ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੇਂਦਰੀ ਖੇਤੀਬਾੜੀ ਮੰਤਰੀ ਦੀ ਚਿੱਠੀ ਲਿਆ ਕੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕਾਨੂੰਨਾਂ ਨੂੰ ਜਾਇਜ਼ ਠਹਿਰਾਉਂਦਾ ਰਿਹਾ।

ਅਕਾਲੀ ਦਲ ਤਾਂ ਹੁਣ ਕਿਸਾਨਾਂ ਦੇ ਮਨਾਂ ਵਿੱਚੋਂ ਲਹਿ ਚੁੱਕਾ ਹੈ। ਜਦੋਂ ਕਿਸਾਨਾਂ ਨੇ ਪੰਜਾਬ ਵਿੱਚ ਅੰਦੋਲਨ ਸ਼ੁਰੂ ਕਰਕੇ ਅਕਾਲੀ ਦਲ ਦੇ ਨੱਕ ਵਿੱਚ ਦਮ ਕਰ ਦਿੱਤਾ, ਫਿਰ ਲੋਕ ਰੋਹ ਤੋਂ ਡਰਦਿਆਂ ਕੇਂਦਰੀ ਮੰਤਰੀ ਮੰਡਲ ਵਿੱਚੋਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਿਵਾਇਆ। ਅਕਾਲੀ ਦਲ ਨੇ ਭਾਵੇਂ ਆਪਣੇ ਮੰਤਰੀ ਤੋਂ ਅਸਤੀਫਾ ਵੀ ਦਿਵਾ ਦਿੱਤਾ ਅਤੇ ਭਾਰਤੀ ਜਨਤਾ ਪਾਰਟੀ ਨਾਲੋਂ ਨਹੁੰ ਮਾਸ ਦਾ ਰਿਸ਼ਤਾ ਵੀ ਤੋੜ ਲਿਆ ਪ੍ਰੰਤੂ ਕਿਸਾਨਾਂ ਦਾ ਉਨ੍ਹਾਂ ਨਾਲੋਂ ਮੋਹ ਭੰਗ ਹੋ ਚੁੱਕਾ ਹੈ। ਹਰਸਿਮਰਤ ਕੌਰ ਦਾ ਉਸਦੇ ਲੋਕ ਸਭਾ ਹਲਕੇ ਦੇ ਪਿੰਡਾਂ ਵਿੱਚ ਵੜਨਾ ਅਸੰਭਵ ਹੁੰਦਾ ਜਾ ਰਿਹਾ ਹੈ। ਅਕਾਲੀ ਦਲ ਬਾਦਲ ਨੇ ਕਿਸਾਨਾਂ ਦੀ ਹਮਦਰਦੀ ਲੈਣ ਲਈ ਅੰਦੋਲਨ ਦੌਰਾਨ ਆਪਣੀ ਜਾਨ ਗੁਆ ਚੁੱਕੇ ਕਿਸਾਨਾਂ ਦੇ ਭੋਗ ਪੁਆਏ ਹਨ। ਅਕਾਲੀ ਦਲ ਭਾਵੇਂ ਜਿੰਨੇ ਮਰਜ਼ੀ ਵੇਲਣ ਵੇਲ ਲਵੇ ਕਿਸਾਨ ਜਥੇਬੰਦੀਆਂ ਉਨ੍ਹਾਂ ਨੂੰ ਮੁਆਫ ਨਹੀਂ ਕਰਨਗੀਆਂ। ਡੈਮੋਕਰੈਟਿਕ ਅਕਾਲੀ ਦਲ ਢੀਂਡਸਾ ਤੋਂ ਕੁਝ ਆਸ ਬੱਝ ਸਕਦੀ ਹੈ।

ਖੇਤੀਬਾੜੀ ਦੇ ਤਿੰਨ ਆਰਡੀਨੈਂਸ ਜਾਰੀ ਹੋਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਮੁਖੀਆਂ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜੋ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਨ, ਨੂੰ ਆਰਡੀਨੈਂਸਾਂ ਨਾਲ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦੇ ਦਿੱਤੀ ਸੀ ਪ੍ਰੰਤੂ ਦੋਹਾਂ ਪਾਰਟੀਆਂ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ। ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਤਿੰਨ ਬਿੱਲ ਰੱਦ ਕਰਕੇ ਆਪਣੀ ਪਾਰਟੀ ਅਤੇ ਸਰਕਾਰ ਦਾ ਅਕਸ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਵਿੱਚ ਕਿਸਾਨਾਂ ਵੱਲੋਂ ਆਯੋਜਤ ਕੀਤੇ ਜਾ ਰਹੇ ਧਰਨਿਆਂ ਅਤੇ ਹੋਰ ਸਰਗਰਮੀਆਂ ਬਾਰੇ ਕੇਂਦਰ ਸਰਕਾਰ ਵੱਲੋਂ ਧਰਨਾਕਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਕਹਿਣ ਦੇ ਬਾਵਜੂਦ ਕਿਸਾਨਾਂ ’ਤੇ ਕੋਈ ਕਾਰਵਾਈ ਨਾ ਕਰਕੇ ਸਹਿਯੋਗ ਦੇ ਰਹੀ ਸੀ। ਰੇਲਵੇ ਲਾਈਨਾਂ ਤੋਂ ਵੀ ਕਿਸਾਨਾਂ ਨੂੰ ਹਟਾਇਆ ਨਹੀਂ। ਇੱਥੋਂ ਤਕ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਉੱਪਰ ਈ ਡੀ ਦਾ ਸ਼ਿਕੰਜਾ ਵੀ ਕੱਸਿਆ ਜਾ ਰਿਹਾ ਹੈ। ਹੁਣ ਕੇਂਦਰ ਦੇ ਦਬਾਅ ਕਰਕੇ ਕੈਪਟਨ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਵਿਰੁੱਧ ਧਰਨੇ ਤੇ ਬਿਆਨ ਦੇਣ ਵਾਲਿਆਂ ਅਤੇ ਰਿਲਾਇੰਸ ਟਾਵਰਾਂ ਦੇ ਨੁਕਸਾਨ ਬਾਰੇ ਕੇਸ ਦਰਜ ਕਰ ਰਹੀ ਹੈ। ਪ੍ਰੰਤੂ ਕਿਸਾਨ ਅੰਦੋਲਨ ਦੇ ਨੇਤਾ ਕਿਸੇ ਵੀ ਸਿਆਸੀ ਨੇਤਾ ਬਾਰੇ ਅਜੇ ਤਕ ਹਮਦਰਦੀ ਨਹੀਂ ਵਿਖਾ ਰਹੇ।

ਹਰ ਪਾਰਟੀ ਆਪਣਾ ਆਧਾਰ ਬਚਾਉਣ ਲਈ ਹੁਣ ਸਰਗਰਮ ਹੋਈ ਹੈ। ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਜਲਸੇ ਕੀਤੇ ਹਨ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਬਾਦਲ ਆਪਣਾ ਆਧਾਰ ਵਧਾਉਣ ਲਈ ਅਹੁਦੇਦਾਰੀਆਂ ਵੰਡ ਰਹੀ ਹੈ। ਲੋਕ ਸਭਾ ਵਿੱਚ ਕਾਂਗਰਸ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਜ਼ੋਰਦਾਰ ਸ਼ਬਦਾਂ ਵਿੱਚ ਕਿਸਾਨ ਬਿੱਲਾਂ ਦਾ ਵਿਰੋਧ ਕਰਕੇ ਕਿਸਾਨਾਂ ਦੀ ਹਮਦਰਦੀ ਬਟੋਰੀ ਸੀ। ਹੁਣ ਉਸਨੇ ਆਪਣੇ ਸੰਸਦ ਮੈਂਬਰਾਂ ਨਾਲ ਜੰਤਰ ਮੰਤਰ ’ਤੇ ਕਿਸਾਨ ਬਿੱਲਾਂ ਦੇ ਵਿਰੋਧ ਵਿੱਚ ਧਰਨਾ ਵੀ ਦਿੱਤਾ ਹੋਇਆ ਹੈ। ਉਹ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਜੇ ਕਿਸਾਨ ਅੰਦੋਲਨ ਕਰ ਰਹੇ ਹਨ ਤਾਂ ਨੇਤਾਵਾਂ ਦਾ ਘਰਾਂ ਅੰਦਰ ਸੌਣ ਦਾ ਕੋਈ ਅਰਥ ਨਹੀਂ ਕਿਉਂਕਿ ਜੇ ਕਿਸਾਨ ਹਨ ਤਾਂ ਹੀ ਨੇਤਾ ਚੋਣਾਂ ਜਿੱਤ ਸਕਦੇ ਹਾਂ। ਭਾਵ ਕਿਸਾਨ ਰੀੜ੍ਹ ਦੀ ਹੱਡੀ ਹਨ। ਰਵਨੀਤ ਸਿੰਘ ਬਿੱਟੂ ਉੱਪਰ ਦਬਾਅ ਪਾ ਕੇ ਧਰਨਾ ਖ਼ਤਮ ਕਰਵਾਉਣ ਦੇ ਇਰਾਦੇ ਨਾਲ ਉਸ ਵਿਰੁੱਧ ਦਿੱਲੀ ਵਿਖੇ ਕੇਸ ਵੀ ਦਰਜ ਕਰ ਦਿੱਤਾ ਗਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਕੀ ਰੰਗ ਲਿਆਉਣਗੀਆਂ, ਇਹ ਤਾਂ ਸਮਾਂ ਹੀ ਦੱਸੇਗਾ ਪ੍ਰੰਤੂ ਕਿਸਾਨ ਪ੍ਰਸ਼ੰਸਾ ਦੇ ਹੱਕਦਾਰ ਹਨ, ਜਿਹੜੇ ਆਪਣੇ ਮਨੁੱਖੀ ਹੱਕਾਂ ਲਈ ਲੜ ਰਹੇ ਹਨ।

ਇਹ ਵੀ ਕਿਸਾਨ ਅੰਦੋਲਨ ਦੇ ਖ਼ਤਮ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਜਿਸ ਤਰ੍ਹਾਂ ਇਕਮੁੱਠਤਾ ਨਾਲ ਕਿਸਾਨ ਨੇਤਾ ਕਿਸਾਨ ਅੰਦੋਲਨ ਚਲਾ ਰਹੇ ਹਨ, ਕੀ ਸਿਆਸੀ ਮੰਚ ਬਣਾਉਣ ਲਈ ਉਹ ਇਕਮੁੱਠ ਰਹਿਣਗੇ ਜਾਂ ਨਹੀਂ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਸਾਨ ਅੰਦੋਲਨ ਨੇ ਸਿਆਸੀ ਪਾਰਟੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਹੈ। ਅੰਦੋਲਨ ਦਾ ਨਤੀਜਾ ਭਾਵੇਂ ਕੋਈ ਹੋਵੇ ਪ੍ਰੰਤੂ ਪੰਜਾਬ ਵਿੱਚ ਨਵੇਂ ਸਿਆਸੀ ਸਮੀਕਰਨ ਹੋਣਗੇ ਜਿਸ ਨਾਲ ਸਥਾਪਤ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਸਕਦੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2510)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author