“ਜੇਕਰ ਮਰੀਜ਼ ਪਹਿਲਾਂ ਹੀ ਢੇਰੀ ਢਾਹ ਕੇ ਬੈਠ ਜਾਵੇਗਾ ਤਾਂ ਕੁਦਰਤੀ ਹੈ ਕਿ ...”
(20 ਅਪਰੈਲ 2020)
ਸੰਸਾਰ ਵਿੱਚ ਨੋਵਲ ਕਰੋਨਾ ਵਾਇਰਸ-19 ਦੀ ਬਿਮਾਰੀ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ। ਹਾਲਾਤ ਬਹੁਤ ਹੀ ਖ਼ਤਰਨਾਕ ਸਥਿਤੀ ਵਿੱਚ ਪਹੁੰਚ ਗਏ ਹਨ ਪ੍ਰੰਤੂ ਜ਼ਿੰਦਗੀ ਜਿਊਣ ਦੀ ਉਮੀਦ ਨਹੀਂ ਛੱਡਣੀ ਚਾਹੀਦੀ। ਜੇ ਉਮੀਦ ਹੀ ਛੱਡ ਦਿੱਤੀ ਤੇ ਹਾਰ ਮਨ ਲਈ ਤਾਂ ਆਪ ਹੀ ਮੌਤ ਨੂੰ ਮਾਸੀ ਕਹਿ ਦਿੱਤਾ। ਜੇ ਚੰਗਾ ਸਮਾਂ ਸਥਾਈ ਨਹੀਂ ਹੁੰਦਾ ਤਾਂ ਮਾੜਾ ਵੀ ਹਮੇਸ਼ਾ ਨਹੀਂ ਰਹਿੰਦਾ। ਹਰ ਰਾਤ ਤੋਂ ਬਾਅਦ ਸਵੇਰ ਆਉਂਦੀ ਹੈ, ਇਸ ਲਈ ਨਵੀਂ ਸਵੇਰ ਦੀ ਆਸ ਬਰਕਰਾਰ ਰੱਖਣੀ ਚਾਹੀਦੀ ਹੈ। ਇਸ ਬਿਮਾਰੀ ਦੇ ਇਲਾਜ ਲਈ ਕੋਈ ਦਵਾਈ ਨਾ ਹੋਣ ਅਤੇ ਲਾਗ ਦੀ ਬਿਮਾਰੀ ਹੋਣ ਕਰਕੇ ਲੋਕਾਂ ਵਿੱਚ ਸਹਿਮ ਦੀ ਮਾਨਸਿਕ ਬਿਮਾਰੀ ਬਹੁਤ ਜ਼ਿਆਦਾ ਫੈਲ ਗਈ ਹੈ। ਲੋਕ ਅੰਤਾਂ ਦੇ ਡਰੇ ਹੋਏ ਹਨ ਕਿਉਂਕਿ ਉਨ੍ਹਾਂ ਨੇ ਐਨੀ ਘਾਤਕ ਪ੍ਰਚਾਰੀ ਜਾਣ ਵਾਲੀ ਇਹ ਪਹਿਲੀ ਬੀਮਾਰੀ ਸੁਣੀ ਹੈ।
ਭਾਵੇਂ ਸੰਸਾਰ ਦੇ ਬਹੁਤੇ ਦੇਸਾਂ ਵਿੱਚ ਲਾਕ ਡਾਉੂਨ ਕੀਤਾ ਹੋਇਆ ਹੈ ਤਾਂ ਵੀ ਹਰ ਵਿਅਕਤੀ, ਭਾਵੇਂ ਉਹ ਘਰ ਬੈਠਾ ਹੈ ਜਾਂ ਮੀਡੀਆ ਦੇ ਕਿਸੇ ਵੀ ਸਾਧਨ ਅਖ਼ਬਾਰ, ਟੀ ਵੀ, ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਹੈ, ਹਰ ਥਾਂ ’ਤੇ ਸਿਰਫ ਕਰੋਨਾ ਦੀ ਹੀ ਗੱਲ ਹੋ ਰਹੀ ਹੈ। ਇੱਥੋਂ ਤੱਕ ਕਿ ਪਰਿਵਾਰ ਵਿੱਚ ਬੈਠਿਆਂ ਵੀ ਇਹੋ ਗੱਲਾਂ ਹੋ ਰਹੀਆਂ ਹਨ ਕਿ ਕਰੋਨਾ ਦਾ ਪ੍ਰਕੋਪ ਕਦੋਂ ਖ਼ਤਮ ਹੋਵੇਗਾ। ਟੀ ਵੀ ਜਾਂ ਰੇਡੀਓ ਲਗਾਓ ਤਾਂ ਕਰੋਨਾ ਦੀ ਹੀ ਪ੍ਰਮੁੱਖ ਖ਼ਬਰ ਹੋਵੇਗੀ। ਅਖ਼ਬਾਰਾਂ ਦੇ ਮੁੱਖ ਅਤੇ ਸੰਪਾਦਕੀ ਪੰਨੇ ਵੀ ਕਰੋਨਾ ਦੀਆਂ ਖ਼ਬਰਾਂ ਅਤੇ ਲੇਖਾਂ ਨਾਲ ਭਰੇ ਪਏ ਹਨ। ਟੈਲੀਫੋਨਾਂ ਉੱਤੇ ਇੱਕ ਦੂਜੇ ਤੋਂ ਕਰੋਨਾ ਬਾਰੇ ਹੀ ਜਾਣਕਾਰੀ ਲਈ ਜਾ ਰਹੀ ਹੈ। ਜਿਹੜੇ ਕਰੋਨਾ ਦਾ ਪ੍ਰਕੋਪ ਵਧਣ ਦੇ ਅੰਦਾਜ਼ੇ ਮਾਹਿਰਾਂ ਵੱਲੋਂ ਦੱਸੇ ਜਾ ਰਹੇ ਹਨ, ਉਨ੍ਹਾਂ ਨੇ ਵੀ ਲੋਕਾਂ ਦੇ ਡਰ ਵਿੱਚ ਵਾਧਾ ਕੀਤਾ ਹੈ। ਇਸ ਤੋਂ ਸਾਫ ਜ਼ਾਹਰ ਹੈ ਕਿ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਪੈਦਾ ਹੋਣਾ ਕੁਦਰਤੀ ਹੈ। ਕਿਉਂਕਿ ਜੇਕਰ ਇਨਸਾਨ ਹਰ ਵਕਤ ਕਰੋਨਾ ਦੀ ਹੀ ਗੱਲ ਕਰੇਗਾ, ਉਸਦੇ ਬਾਰੇ ਸੋਚੇਗਾ ਤਾਂ ਉਸਦੇ ਦਿਮਾਗ ਵਿੱਚ ਇਸਦੇ ਖ਼ਤਰਨਾਕ ਹੋਣ ਦਾ ਪ੍ਰਭਾਵ ਪਏਗਾ, ਜਿਸ ਕਰਕੇ ਇਨਸਾਨ ਦੀ ਬਿਮਾਰੀ ਨਾਲ ਲੜਨ ਦੀ ਮਾਨਸਿਕ ਸਮਰਥਾ ਕਮਜ਼ੋਰ ਹੋ ਜਾਵੇਗੀ ਤੇ ਮਨੋਬਲ ਡਿਗ ਜਾਵੇਗਾ। ਮਨੋਬਲ ਹੀ ਇਨਸਾਨ ਦੀ ਜ਼ਿੰਦਗੀ ਨੂੰ ਖ਼ੁਸ਼ਗਵਾਰ ਅਤੇ ਦੁੱਖਦਾਈ ਬਣਾਉਂਦਾ ਹੈ। ਪੰਜਾਬੀ ਤਾਂ ਸੰਸਾਰ ਵਿੱਚ ਦਲੇਰ ਤੇ ਹੌਸਲੇ ਵਾਲੇ ਗਿਣੇ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਤਾਂ ਬਹਾਦਰ ਬਣਕੇ ਆਈ ਮੁਸੀਬਤ ਦਾ ਮੁਕਾਬਲਾ ਕਰਨਾ ਚਾਹੀਦਾ।
ਸੰਸਾਰ ਵਿੱਚ ਜਿੰਨੀਆਂ ਵੀ ਜੰਗਾਂ ਹੋਈਆਂ ਹਨ, ਇਤਿਹਾਸ ਗਵਾਹ ਹੈ ਕਿ ਉਨ੍ਹਾਂ ਵਿੱਚ ਆਧੁਨਿਕ ਹਥਿਆਰਾਂ ਦੀ ਮਹੱਤਤਾ ਤਾਂ ਹੁੰਦੀ ਹੀ ਹੈ, ਪ੍ਰੰਤੂ ਜਿਸ ਦੇਸ ਦੀਆਂ ਫੌਜਾਂ ਦਾ ਮਨੋਬਲ ਉੱਚਾ ਹੁੰਦਾ ਹੈ, ਉਨ੍ਹਾਂ ਨੇ ਹੀ ਜਿੱਤ ਪ੍ਰਾਪਤ ਕੀਤੀ ਹੈ। ਇਹ ਵੀ ਇੱਕ ਕਿਸਮ ਦੀ ਜੰਗ ਹੀ ਹੈ। ਇਸ ਲਈ ਇਨਸਾਨ ਦਾ ਮਨੋਬਲ ਮਜ਼ਬੂਤ ਹੋਣਾ ਅਤਿਅੰਤ ਜ਼ਰੂਰੀ ਹੈ। ਕਰੋਨਾ ਦੇ ਹਉੂਏ ਕਾਰਨ ਮਰੀਜ਼ ਦੇ ਦਿਮਾਗ ਵਿੱਚ ਇਹ ਗੱਲ ਘਰ ਕਰ ਜਾਂਦੀ ਹੈ ਕਿ ਇਸ ਬਿਮਾਰੀ ਤੋਂ ਬਚਣਾ ਮੁਸ਼ਕਿਲ ਹੈ। ਇੰਜ ਕਿਉਂ ਹੋਇਆ, ਇਸ ਬਾਰੇ ਗੰਭੀਰਤਾ ਨਾਲ ਸੋਚਣਾ ਬਣਦਾ ਹੈ। ਹਰ ਰੋਜ਼ ਫੇਸਬੁੱਕ, ਵਟਸਐਪ, ਇੰਸਟਾਗਰਾਮ ਅਤੇ ਟਵੀਟ ਰਾਹੀਂ ਕੱਚਘਰੜ ਸੰਦੇਸਾਂ ਦਾ ਹੜ੍ਹ ਆਇਆ ਰਿਹਾ ਹੈ। ਹਰ ਵਿਅਕਤੀ ਵਿਹਲਾ ਬੈਠਾ ਆਪਣੇ ਆਪ ਨੂੰ ਨਾਢੂ ਖਾਂ ਸਮਝਦਾ ਹੋਇਆ, ਅਜਿਹੇ ਗੈਰਜ਼ਿੰਮੇਵਾਰਾਨਾ ਸੁਨੇਹੇ ਭੇਜੀ ਜਾ ਰਿਹਾ ਹੈ, ਜਿਨ੍ਹਾਂ ਦਾ ਲੋਕਾਂ ਦੀ ਮਾਨਸਿਕਤਾ ਉੱਪਰ ਬੁਰਾ ਪ੍ਰਭਾਵ ਪੈ ਰਿਹਾ ਹੈ। ਕਈ ਵਿਅਕਤੀ ਆਪਣੇ ਆਪ ਨੂੰ ਡਾਕਟਰ ਲਿਖਕੇ ਸੰਦੇਸ਼ ਭੇਜੀ ਜਾ ਰਹੇ ਹਨ। ਕੋਈ ਆਪਣੇ ਆਪ ਨੂੰ ਚੀਨ, ਕੈਨੇਡਾ, ਅਮਰੀਕਾ, ਆਸਟਰੇਲੀਆ, ਇਟਲੀ ਆਦਿ ਦਾ ਡਾਕਟਰ ਕਹਿੰਦਾ ਹੈ। ਕਿਸੇ ਨੂੰ ਕੀ ਪਤਾ ਕਿ ਉਹ ਫਰਜ਼ੀ ਡਾਕਟਰ ਹਨ ਕਿ ਅਸਲੀ? ਕੋਈ ਦੇਸੀ ਨੁਕਤੇ ਦੱਸੀ ਜਾ ਰਿਹਾ ਹੈ। ਲੋਕਾਂ ਨੂੰ ਵਿਸ਼ਵਾਸ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ। ਕਈ ਲੋਕ ਆਪਣੇ ਆਪ ਨੂੰ ਚੀਨ ਦੇ ਵੁਹਾਨ ਸ਼ਹਿਰ, ਇਟਲੀ, ਅਮਰੀਕਾ ਦੇ ਨਿਉੂਯਾਰਕ ਸ਼ਹਿਰ ਆਦਿ ਤੋਂ ਕਰੋਨਾ ਦੀ ਬਿਮਾਰੀ ਤੋਂ ਤੰਦਰੁਸਤ ਹੋਏ ਦੱਸਕੇ ਆਪਣੇ ਵੱਲੋਂ ਵਰਤੇ ਨੁਸਖੇ ਦੱਸਦੇ ਹਨ। ਲੋਕ ਭੰਬਲਭੂਸੇ ਵਿੱਚ ਪਏ ਹੋਏ ਹਨ। ਕਿਹੜੇ ਸੰਦੇਸ ਨੂੰ ਸਹੀ ਸਮਝਿਆ ਜਾਵੇ। ਇਨ੍ਹਾਂ ਸੰਦੇਸਾਂ ਦੀ ਸਚਾਈ ਅਤੇ ਸਾਰਥਿਕਤਾ ਬਾਰੇ ਕੋਈ ਵੀ ਜਾਣਨਾ ਨਹੀਂ ਚਾਹੁੰਦਾ ਸਗੋਂ ਫਟਾਫਟ ਬਿਨਾ ਦੇਰੀ ਕੀਤਿਆਂ, ਜਿਵੇਂ ਕੋਈ ਸੁੰਢ ਦੀ ਗੱਠੀ ਲੱਭ ਗਈ ਹੋਵੇ, ਤੁਰੰਤ ਲੋਕ ਅਜਿਹੇ ਕੱਚੇ ਪਿਲੇ ਮਨਘੜਤ ਸੰਦੇਸਾਂ ਨੂੰ ਫਾਰਵਰਡ ਕਰੀ ਜਾ ਰਹੇ ਹਨ। ਲੋਕ ਆਪਣੇ ਸੰਬੰਧੀਆਂ ਅਤੇ ਨਜ਼ਦੀਕੀ ਦੋਸਤਾਂ ਮਿਤਰਾਂ ਨੂੰ ਵੀ ਅਜਿਹੇ ਸੰਦੇਸ ਭੇਜੀ ਜਾ ਰਹੇ ਹਨ। ਉਹ ਤਾਂ ਹਮਦਰਦੀ ਕਰਕੇ ਭੇਜਦੇ ਹਨ ਪ੍ਰੰਤੂ ਅਸਰ ਉਲਟਾ ਹੋ ਰਿਹਾ ਹੈ। ਉਹ ਅੱਗੇ ਇੱਕ ਵਟਸਐਪ ਗਰੁੱਪ ਤੋਂ ਦੂਜੇ ਅਤੇ ਤੀਜੇ ਅੱਗੇ ਧੱਕੀ ਜਾ ਰਹੇ ਹਨ। ਜਿਹੜੇ ਲੋਕ ਪੜ੍ਹਦੇ ਹਨ, ਉਨ੍ਹਾਂ ਲਈ ਕਿਹੜਾ ਠੀਕ ਤੇ ਕਿਹੜਾ ਗਲਤ ਜਾਂ ਝੂਠਾ ਹੈ, ਬਾਰੇ ਪੜਤਾਲ ਕਰਨ ਦਾ ਸਮਾਂ ਹੀ ਨਹੀਂ। ਅਜਿਹੇ ਸੰਦੇਸ਼ਾਂ ਦੇ ਨਾਲ ਲੋਕਾਂ ਵਿੱਚ ਡਰ ਪੈਦਾ ਹੋ ਗਿਆ ਹੈ। ਕਰੋਨਾ ਹਉੂਆ ਬਣ ਗਿਆ ਹੈ।
ਹੁਣ ਸਰਕਾਰਾਂ ਨੇ ਝੂਠੇ ਤੇ ਬਿਨਾ ਤਸਦੀਕ ਤੇ ਸੰਦੇਸ ਭੇਜਣ ਵਾਲਿਆਂ ਵਿਰੁੱਧ ਕੇਸ ਰਜਿਸਟਰ ਕਰਨੇ ਸ਼ੁਰੂ ਕਰ ਦਿੱਤੇ ਹਨ। ਇਹ ਫੈਸਲਾ ਦੇਰੀ ਨਾਲ ਕੀਤਾ ਗਿਆ ਹੈ, ਪ੍ਰੰਤੂ ਦਰੁਸਤ ਹੈ। ਇੱਥੇ ਹੀ ਬੱਸ ਨਹੀਂ, ਲੋਕਾਂ ਨੇ ਕਿਰਾਏ ਤੇ ਰਹਿ ਰਹੇ ਸਿਹਤ ਵਿਭਾਗ ਦੇ ਅਮਲੇ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਕਿਤੇ ਹੋਰ ਮਕਾਨ ਲੈਣ ਦੇ ਫਤਵੇ ਸੁਣਾ ਦਿੱਤੇ ਹਨ, ਜਿਹੜੇ ਆਪਣੀਆਂ ਜ਼ਿੰਦਗੀਆਂ ਨੂੰ ਦਾਅ ਤੇ ਲਾ ਕੇ 24-24 ਘੰਟੇ ਡਿਉੂਟੀ ਦੇ ਕੇ ਕਰੋਨਾ ਤੋਂ ਪ੍ਰਭਾਵਤ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਹੁਣ ਤਾਂ ਲੋਕਾਂ ਦੇ ਮਨਾਂ ਵਿੱਚ ਅਜਿਹਾ ਡਰ ਪੈਦਾ ਹੋ ਗਿਆ ਹੈ, ਜਿਸਦਾ ਨਿਕਲਣਾ ਮੁਸ਼ਕਲ ਹੈ।
ਇੱਥੇ ਹੀ ਬੱਸ ਨਹੀਂ, ਲੋਕਾਂ ਵਿੱਚ ਡਰ ਇੰਨਾ ਪੈਦਾ ਹੋ ਗਿਆ ਹੈ ਕਿ ਭਾਈ ਨਿਰਮਲ ਸਿੰਘ ਦੇ ਸਸਕਾਰ ਲਈ ਸ਼ਮਸ਼ਾਨ ਘਾਟ ਦੇ ਦਰਵਾਜ਼ੇ ਹੀ ਬੰਦ ਕਰ ਦਿੱਤੇ ਸਨ। ਇਸ ਤੋਂ ਇਲਾਵਾ ਇਸ ਡਰ ਕਰਕੇ ਲੁਧਿਆਣਾ ਦੀ ਸੁਰਿੰਦਰ ਕੌਰ ਦੀ ਕਰੋਨਾ ਵਾਇਰਸ ਨਾਲ ਮੌਤ ਹੋਣ ਕਰਕੇ ਉਸਦੇ ਪਰਿਵਾਰ ਨੇ ਉਸਦਾ ਸਸਕਾਰ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਇੰਜਨੀਅਰ ਜਸਵਿੰਦਰ ਸਿੰਘ ਦਾ ਵੀ ਉਸਦੀ ਲੜਕੀ ਨੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਡਰ ਦੇ ਹਉੂਏ ਕਰਕੇ ਲੋਕ ਹਰ ਰੋਜ਼ ਮਰ ਰਹੇ ਹਨ। ਮੌਤ ਤਾਂ ਇੱਕ ਵਾਰ ਆਉਣੀ ਹੈ ਪ੍ਰੰਤੂ ਲੋਕ ਡਰ ਨਾਲ ਹਰ ਰੋਜ਼ ਮਰ ਰਹੇ ਹਨ। ਇਸ ਲਈ ਲੋਕਾਂ ਨੂੰ ਡਾਕਟਰਾਂ ਅਤੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਹਦਾਇਤਾਂ ਅਨੁਸਾਰ ਇਹ ਬਿਮਾਰੀ ਏਕਾਂਤਵਾਸ ਰਹਿਣ ਅਤੇ ਦੇਸੀ ਨੁਸਖੇ ਜਿਵੇਂ ਕਿ ਗਰਾਰੇ ਕਰਨ, ਗਰਮ ਪਾਣੀ ਪੀਣ ਅਤੇ ਭਾਫ ਲੈਣ ਆਦਿ ਨਾਲ ਆਪਣੇ ਆਪ ਖ਼ਤਮ ਹੋ ਜਾਂਦੀ ਹੈ।
ਵੈਸੇ ਵੀ ਸਾਡੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਵਾਲੇ ਕਿਟਾਣੂ ਪਹਿਲਾਂ ਹੀ ਮੌਜੂਦ ਹੁੰਦੇ ਹਨ। ਇਸ ਲਈ ਇਨਸਾਨ ਨੂੰ ਆਪਣੀ ਇੱਛਾ ਸ਼ਕਤੀ ਮਜ਼ਬੂਤ ਰੱਖਣੀ ਚਾਹੀਦੀ ਹੈ। ਜੇਕਰ ਮਰੀਜ਼ ਪਹਿਲਾਂ ਹੀ ਢੇਰੀ ਢਾਹ ਕੇ ਬੈਠ ਜਾਵੇਗਾ ਤਾਂ ਕੁਦਰਤੀ ਹੈ ਕਿ ਤੰਦਰੁਸਤ ਹੋਣ ਵਿੱਚ ਦੇਰੀ ਹੋਵੇਗੀ। ਇਸ ਬਿਮਾਰੀ ਵਿੱਚ ਸਾਰੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਦੀ ਲੋੜ ਨਹੀਂ ਹੁੰਦੀ। ਅੰਕੜਿਆਂ ਦੇ ਹਿਸਾਬ ਨਾਲ ਹੁਣ ਤੱਕ 93 ਫੀ ਸਦੀ ਮਰੀਜ਼ ਹਸਪਤਾਲ ਵਿੱਚ ਦਾਖ਼ਲ ਨਹੀਂ ਕੀਤੇ ਗਏ। ਸਿਰਫ 7 ਫੀ ਸਦੀ ਅਜਿਹੇ ਮਰੀਜ਼ ਦਾਖ਼ਲ ਕੀਤੇ ਗਏ ਹਨ, ਜਿਨ੍ਹਾਂ ਨੂੰ ਸਾਹ ਦੀ ਜ਼ਿਆਦਾ ਤਕਲੀਫ ਹੋਵੇ ਜਾਂ ਉਸ ਮਰੀਜ਼ ਨੂੰ ਕੋਈ ਹੋਰ ਬਿਮਾਰੀ ਪਹਿਲਾਂ ਹੀ ਹੋਵੇ। ਹੁਣ ਤਾਂ ਤਾਜ਼ਾ ਸੂਚਨਾ ਆਈ ਹੈ ਕਿ ਕਰੋਨਾ ਨਾਲ ਮੌਤ ਦਰ ਸਿਰਫ ਇੱਕ ਹਜ਼ਾਰ ਵਿੱਚੋਂ ਇੱਕ ਵਿਅਕਤੀ ਦੀ ਹੁੰਦੀ ਹੈ।
ਝੂਠੀਆਂ ਖ਼ਬਰਾਂ ਦਾ ਬੋਲਬਾਲਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਰੋਨਾ ਨਾਲ ਮੌਤਾਂ ਵਧੇਰੇ ਹੋਈਆਂ ਹਨ ਪ੍ਰੰਤੂ ਸਰਕਾਰਾਂ ਲੁਕਾ ਰਹੀਆਂ ਹਨ। ਇਹ ਬਿਲਕੁਲ ਗ਼ਲਤ ਹੈ ਕਿਉਂਕਿ ਅੱਜ ਮੀਡੀਆ ਦਾ ਜ਼ਮਾਨਾ ਹੈ। ਕੋਈ ਵੀ ਮੌਤ ਲੁਕੋਈ ਨਹੀਂ ਜਾ ਸਕਦੀ। ਜੇਕਰ ਮੀਡੀਆ ਨਹੀਂ ਦੱਸੇਗਾ ਤਾਂ ਸੋਸ਼ਲ ਮੀਡੀਏ ’ਤੇ ਆ ਜਾਵੇਗੀ। ਇਸ ਲਈ ਲੋਕਾਂ ਨੂੰ ਬਿਨਾ ਵਜਾਹ ਡਰਨਾ ਅਤੇ ਝੂਠੀਆਂ ਅਫਵਾਹਾਂ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ। ਮੌਤ ਦਾ ਦੂਜਾ ਨਾਮ ਡਰ ਹੈ। ਅਮਰੀਕਾ ਦੇ ਫਲੋਰੀਡਾ ਅਤੇ ਡੈਟਰਾਇਟ ਦੇ ਹਸਪਤਾਲਾਂ ਵਿੱਚ ਡਾਕਟਰਾਂ ਕੋਲ ਹਸਪਤਾਲਾਂ ਵਿੱਚ ਅਜਿਹੇ ਮਰੀਜ਼ ਆਏ ਹਨ, ਜਿਨ੍ਹਾਂ ਦੀ ਕਰੋਨਾ ਦੀ ਬਿਮਾਰੀ ਦੇ ਡਰ ਕਰਕੇ ਯਾਦ ਸ਼ਕਤੀ ਅਤੇ ਰੋਗ ਨੂੰ ਬਰਦਾਸ਼ਤ ਕਰਨ ਦੀ ਤਾਕਤ ਘਟ ਗਈ, ਜਿਸ ਕਰਕੇ ਮਰੀਜ਼ਾਂ ਦੀ ਤੰਦਰੁਸਤੀ ਵਿੱਚ ਦੇਰੀ ਹੋਈ ਹੈ। ਇਸ ਬਿਮਾਰੀ ਨੂੰ ਮੈਡੀਕਲ ਵਿੱਚ ਇੰਸੇਫੈਲੋਪੈਥੀ ਕਿਹਾ ਜਾਂਦਾ ਹੈ। ਇਹ ਬਿਮਾਰੀ ਡਰ ਅਤੇ ਵਹਿਮ ਕਰਕੇ ਪੈਦਾ ਹੋ ਜਾਂਦੀ ਹੈ। ਨਿਉੂਯਾਰਕ ਦੇ ਕੋਲੰਬੀਆ ਯੂਨੀਵਰਸਿਟੀ ਵਿੱਚ ਨੌਕਰੀ ਕਰਦੇ ਡਾਕਟਰ ਪਤੀ ਪਤਨੀ ਪ੍ਰਕਾਸ਼ ਸਾਤਵਾਨੀ ਅਤੇ ਸੁਨੀਤਾ ਸਾਤਵਾਨੀ ਨੇ ਦੱਸਿਆ ਕਿ ਉਨ੍ਹਾਂ ਦੋਹਾਂ ਨੂੰ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਦਿਆਂ ਕਰੋਨਾ ਹੋ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਲੂਣ ਦੇ ਗਰਾਰੇ ਕੀਤੇ, ਦਸ-ਦਸ ਮਿੰਟ ਬਾਅਦ ਗਰਮ ਪਾਣੀ ਅਦਰਕ ਮਿਲਾਕੇ ਪੀਤਾ ਅਤੇ ਭਾਫ ਲੈਂਦੇ ਰਹੇ ਸੀ, ਜਿਸ ਨਾਲ ਬਿਲਕੁਲ ਠੀਕ ਹੋ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ 95 ਫੀ ਸਦੀ ਮਰੀਜ਼ ਠੀਕ ਹੋ ਜਾਂਦੇ ਹਨ। ਮੌਤ ਸਿਰਫ ਉਨ੍ਹਾਂ ਮਰੀਜ਼ਾਂ ਦੀ ਹੁੰਦੀ ਹੈ ਜਿਨ੍ਹਾਂ ਨੂੰ ਹੋਰ ਬਿਮਾਰੀਆਂ ਹੁੰਦੀਆਂ ਹਨ।
ਇਸ ਸਮੇਂ ਕਰੋਨਾ ਵਾਇਰਸ ਦਾ ਇੰਨਾ ਰਾਮ ਰੌਲਾ ਹੈ ਕਿ ਡਰ ਅਤੇ ਸਹਿਮ ਪੈਦਾ ਹੋਣਾ ਕੁਦਰਤੀ ਹੈ। ਜਿਸ ਕਰਕੇ ਕੁਝ ਲੋਕਾਂ ਨੇ ਆਤਮ ਹੱਤਿਆਵਾਂ ਵੀ ਕਰ ਲਈਆਂ ਹਨ। ਬਿਹਤਰ ਤਾਂ ਇਹ ਹੋਵੇਗਾ ਕਿ ਜੇ ਹੋ ਸਕੇ ਤਾਂ ਸੋਸ਼ਲ ਮੀਡੀਆ ਦੀ ਵਰਤੋਂ ਤੋਂ ਥੋੜ੍ਹੇ ਸਮੇਂ ਲਈ ਪ੍ਰਹੇਜ਼ ਹੀ ਕੀਤਾ ਜਾਵੇ। ਸੰਸਾਰ ਵਿੱਚ ਪਹਿਲਾਂ ਵੀ ਪਲੇਗ ਵਰਗੀਆਂ ਬਿਮਾਰੀਆਂ ਆਈਆਂ ਹਨ। ਉਹ ਵੀ ਖ਼ਤਮ ਹੋਈਆਂ ਹਨ। ਇਸ ਲਈ ਇਹ ਬਿਮਾਰੀ ਵੀ ਖ਼ਤਮ ਹੋ ਜਾਵੇਗੀ। ਡਰਨ ਦੀ ਲੋੜ ਨਹੀਂ ਸਗੋਂ ਇਸ ਬਿਮਾਰੀ ਨਾਲ ਲੜਨ ਦੀ ਮਾਨਸਿਕ ਸਮਰੱਥਾ ਬਣਾਉਣੀ ਚਾਹੀਦੀ ਹੈ। ਆਪਣੇ ਮਨ ਨੂੰ ਉਸਾਰੂ ਸੋਚ ਨਾਲ ਜੋੜਕੇ ਰੱਖਣਾ ਚਾਹੀਦਾ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2069)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)