“ਪੁਲਵਾਮਾ ਦੀ ਹਿਰਦੇਵੇਦਕ ਅਤੇ ਦਿਲ ਕੰਬਾਊ ਘਟਨਾ ਨੇ ਦੇਸ ਦੇ ਹਰ ਨਾਗਰਿਕ ਨੂੰ ...”
(18 ਫਰਵਰੀ 2019)
ਪੁਲਵਾਮਾ ਦੀ ਹਿਰਦੇਵੇਦਕ ਅਤੇ ਦਿਲ ਕੰਬਾਊ ਘਟਨਾ ਨੇ ਦੇਸ ਦੇ ਹਰ ਨਾਗਰਿਕ ਨੂੰ ਝੰਜੋੜਕੇ ਰੱਖ ਦਿੱਤਾ ਹੈ। ਹਰ ਭਾਰਤੀ ਦੀਆਂ ਅੱਖਾਂ ਨਮ ਹੋਈਆਂ ਹਨ, ਕਿਉਂਕਿ 1947 ਤੋਂ ਲਗਾਤਾਰ ਕਦੀ ਆਸਾਮ, ਝਾਰਖੰਡ, ਦਿੱਲੀ, ਮਹਾਰਾਸ਼ਟਰ, ਪੰਜਾਬ, ਝਾਰਖੰਡ, ਛੱਤੀਸਗੜ੍ਹ, ਗੁਜਰਾਤ, ਜੰਮੂ ਕਸ਼ਮੀਰ ਵਿਚ ਚਿੱਟੀਸਿੰਘਪੋਰਾ, ਉੜੀ, ਅਨੰਤਨਾਗ, ਪੁਣਛ ਅਤੇ ਪਠਾਨਕੋਟ ਵਿਖੇ ਹੋਈਆਂ ਘਟਨਾਵਾਂ ਨੇ ਦੇਸ ਦੀ ਏਕਤਾ ਤੇ ਅਖੰਡਤਾ ਨੂੰ ਢਾਹ ਲਾਉਂਦਿਆਂ ਸਦ ਭਾਵਨਾ ਖੰਡਤ ਕੀਤੀ ਹੈ। ਧਰਮ ਦੇ ਨਾਂ ’ਤੇ ਹੋਈਆਂ ਕੁੜੱਤਣ ਭਰੀਆਂ ਘਟਨਾਵਾਂ ਨੇ ਤਾਂ ਘਿਰਣਾ ਦੀ ਲਹਿਰ ਪੈਦਾ ਕੀਤੀ ਹੈ। ਭਰਾ ਮਾਰੂ ਜੰਗ ਦੇ ਨਤੀਜੇ ਕਦੀ ਵੀ ਚੰਗੇ ਨਹੀਂ ਹੁੰਦੇ। ਭਾਰਤ ਨਾਲ ਪਾਕਿਸਤਾਨ ਦੀਆਂ ਤਿੰਨ ਅਤੇ ਇਕ ਚੀਨ ਦੀ ਜੰਗ ਨੇ ਵੀ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕੀਤਾ, ਜਿਸ ਨਾਲ ਭਾਰਤ ਦੀ ਆਰਥਿਕਤਾ ਨੂੰ ਸੱਟ ਵੱਜੀ ਹੈ।
ਪੁਲਵਾਮਾ ਦੀ ਘਟਨਾ ਨੂੰ ਜੈਸ਼-ਏ-ਮੁਹੰਮਦ ਦੇ ਆਦਿਲ ਅਹਿਮਦ ਦਾਰ ਨੇ ਅੰਜਾਮ ਦਿੱਤਾ ਜਿਸ ਵਿਚ ਸੀ ਆਰ ਪੀ ਐੱਫ ਦੇ 40 ਜਵਾਨ ਸ਼ਹੀਦ ਹੋ ਗਏ ਅਤੇ ਅਨੇਕਾਂ ਜ਼ਖ਼ਮੀ ਹੋ ਗਏ। ਭਾਰਤੀਆਂ ਵਿਚ ਗੁੱਸੇ ਅਤੇ ਸ਼ੋਕ ਦੀ ਲਹਿਰ ਦੌੜ ਗਈ ਹੈ ਜੋ ਕਿ ਕੁਦਰਤੀ ਵੀ ਹੈ। ਇਸ ਘਟਨਾ ਦੇ ਵਿਰੁੱਧ ਗਰਮ ਬਿਆਨਬਾਜ਼ੀ ਸਿਆਸੀ ਨੇਤਾ ਅਤੇ ਭਾਰਤੀ ਜਨਤਾ ਪਾਰਟੀ ਦੇ ਭਗਤ ਕਰ ਰਹੇ ਹਨ ਕਿ ਅਸੀਂ ਬਦਲਾ ਲਵਾਂਗੇ। ਬਦਲਾ ਲੈਣ ਸਮੇਂ ਵੀ ਖ਼ੂਨ ਖ਼ਰਾਬਾ ਹੁੰਦਾ ਹੈ। ਇਸ ਗਰਮ ਬਿਆਨਬਾਜ਼ੀ ਤੋਂ ਬਾਅਦ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਹ ਸਮਾਂ ਬਿਆਨਬਾਜ਼ੀ ਕਰਨ ਦਾ ਨਹੀਂ ਸਗੋਂ ਅੰਤਰਝਾਤ ਮਾਰਨ ਦਾ ਹੈ ਕਿ ਇਹ ਘਟਨਾ ਕਿਨ੍ਹਾ ਕਾਰਨਾਂ ਦੀ ਅਣਵੇਖੀ ਕਰਕੇ ਵਾਪਰੀ ਹੈ। ਉਨ੍ਹਾਂ ਗ਼ਲਤੀਆਂ ਨੂੰ ਸੁਧਾਰਨ ਦੀ ਲੋੜ ਹੈ। ਭੜਕਾਊ ਬਿਆਨਬਾਜ਼ੀ ਵਿੱਚੋਂ ਕੁਝ ਵੀ ਨਿਕਲਣ ਵਾਲਾ ਨਹੀਂ ਬਸ਼ਰਤੇ ਕਿ ਦੋ ਫਿਰਕਿਆਂ ਵਿਚ ਘਿਰਣਾ ਪੈਦਾ ਹੋਵੇਗੀ। ਕਿਸੇ ਵੀ ਫਿਰਕੇ ਦੇ ਸਾਰੇ ਲੋਕ ਚੰਗੇ ਜਾਂ ਮਾੜੇ ਨਹੀਂ ਹੁੰਦੇ। ਲੜਾਈ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਨਫਰਤ ਹਮੇਸ਼ਾ ਸਰੀਰਕ ਅਤੇ ਮਾਨਸਿਕ ਅਸੰਤੁਲਨ ਪੈਦਾ ਕਰਦੀ ਹੈ। ਇਹ ਬਿਆਨਬਾਜ਼ੀ ਸਥਿਤੀ ਨੂੰ ਹੋਰ ਵਿਸਫੋਟਕ ਕਰੇਗੀ। ਆਖ਼ਰਕਾਰ ਸਮਝੌਤਿਆਂ ਤੇ ਦਸਤਖ਼ਤ ਕਰਨੇ ਪੈਂਦੇ ਹਨ।
ਪਿਛਲੇ ਘਟਨਾਕਰਮ ’ਤੇ ਨਿਗਾਹ ਮਾਰਨ ਦੀ ਲੋੜ ਹੈ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ 1999 ਵਿਚ ਮਸੂਦ ਅਜਹਰ, ਜਿਸਨੂੰ ਇਸ ਘਟਨਾ ਦੀ ਸ਼ਾਜਸ਼ ਦਾ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਹੈ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ ਗਿ੍ਫਤਾਰ ਕਰ ਲਿਆ ਸੀ। ਮਸੂਦ ਅਜਹਰ ਦੀ ਇੰਟੈਰੋਗੇਸ਼ਨ ਅਜੀਤ ਡੋਵਲ ਨੇ ਕੀਤੀ ਸੀ ਜੋ ਇਸ ਸਮੇਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਹਨ। ਇਸਨੂੰ ਛੁਡਵਾਉਣ ਲਈ ਇੰਡੀਅਨ ਏਅਰ ਲਾਈਨਜ਼ ਦਾ ਆਈ ਸੀ 814 ਜਹਾਜ ਅਗਵਾ ਕਰਕੇ ਕੰਧਾਰ ਲਿਜਾਇਆ ਗਿਆ ਸੀ। ਭਾਰਤ ਸਰਕਾਰ ਦਾ ਇਕ ਮੰਤਰੀ ਮਸੂਦ ਅਜਹਰ ਅਤੇ ਉਸਦੇ ਸਾਥੀਆਂ ਨੂੰ ਆਪ ਕੰਧਾਰ ਛੱਡਕੇ ਆਇਆ ਸੀ। ਇਸ ਤੋਂ ਬਾਅਦ ਮਸੂਦ ਅਜਹਰ ਨੇ ਜੈਸ਼-ਏ-ਮੁਹੰਮਦ ਨਾਂ ਦੀ ਸੰਸਥਾ ਬਣਾਈ ਸੀ, ਜਿਸਦਾ ਮੁਖੀ ਉਹ ਆਪ ਬਣਿਆ ਸੀ। ਉਸਨੇ ਆਪਣੀ ਸੰਸਥਾ ਰਾਹੀਂ ਭਾਰਤ ਵਿਚ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਧਰਮ ਦੇ ਨਾਂ ’ਤੇ ਨੌਜਵਾਨਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ। ਪੁਲਵਾਮਾ ਵਰਗੀ ਕਾਰਵਾਈ ਮਸੂਦ ਅਜਹਰ ਨੇ ਸ੍ਰੀ ਨਗਰ ਵਿਧਾਨ ਸਭਾ ’ਤੇ ਹਮਲਾ ਕਰਕੇ 2001-2 ਵਿਚ ਕਰਵਾਈ ਸੀ, ਜਿਸ ਵਿਚ 38 ਵਿਅਕਤੀ ਮਾਰੇ ਗਏ ਸਨ। ਇਸ ਤੋਂ ਬਾਅਦ ਦਿੱਲੀ ਵਿਚ ਭਾਰਤੀ ਸੰਸਦ ’ਤੇ ਅਜਿਹਾ ਹੀ ਹਮਲਾ 2001 ਵਿਚ ਕੀਤਾ ਗਿਆ। ਉਸ ਸਮੇਂ ਭਾਰਤ ਨੇ ਕੰਟਰੋਲ ਰੇਖਾ ਦੇ ਨਾਲ ਹੀ ਆਪਣੀਆਂ ਫ਼ੌਜਾਂ ਤਾਇਨਾਤ ਕਰ ਦਿੱਤੀਆਂ ਸਨ।
ਭਾਰਤ ਨੇ ਪਾਕਿਸਤਾਨ ਤੋਂ ਮਸੂਦ ਅਜਹਰ ਸਮੇਤ 20 ਅੱਤਵਾਦੀ ਭਾਰਤ ਨੂੰ ਦੇਣ ਦੀ ਮੰਗ ਰੱਖੀ। ਪਾਕਿਸਤਾਨ ਨੇ ਭਾਰਤ ਦੀ ਮੰਗ ਨਹੀਂ ਮੰਨੀ। ਲੜਾਈ ਦਾ ਮਾਹੌਲ ਬਣ ਗਿਆ ਸੀ। ਫਿਰ ਕਾਰਗਿਲ ਦੀ ਲੜਾਈ ਸ਼ੁਰੂ ਹੋ ਗਈ। ਖ਼ੂਨ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਦਾ ਡੁੱਲ੍ਹਿਆ। ਉਸ ਸਮੇਂ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੇ ਭਾਰਤ ਦੇ ਕਹਿਣ ਤੇ ਜੈਸ਼-ਏ-ਮੁਹੰਮਦ ’ਤੇ ਪਾਬੰਦੀ ਲਾ ਦਿੱਤੀ ਸੀ। ਪਾਕਿਸਤਾਨ ਵਿਚ ਸਰਕਾਰਾਂ ਬਦਲਣ ਨਾਲ ਇਹ ਪਾਬੰਦੀ ਵੀ ਹਟਾ ਲਈ ਗਈ। ਮਸੂਦ ਅਜਹਰ ਦੀ ਜੈਸ਼-ਏ-ਮੁਹੰਮਦ ਨੇ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ, ਜਿਸ ਦੇ ਸਿੱਟੇ ਵਜੋਂ 2008 ਵਿਚ ਮੁੰਬਈ ਵਿਚ ਅੱਤਵਾਦੀ ਹਮਲੇ ਹੋਏ, ਜਿਨ੍ਹਾਂ ਨੂੰ 26-11 ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।
ਪਾਕਿਸਤਾਨ ਵਿਚ ਆਰਮੀ ਮਨਮਰਜ਼ੀ ਕਰਦੀ ਹੈ। ਸਰਕਾਰਾਂ ਬੇਬਸ ਹੁੰਦੀਆਂ ਹਨ। ਭਾਰਤ ਵਿਚ ਫ਼ੌਜ ਸਰਕਾਰ ਤੋਂ ਹੁਕਮ ਲੈਂਦੀ ਹੈ। ਭਾਰਤ ਦੀਆਂ ਫ਼ੌਜਾਂ ਡਾ. ਮਨਮੋਹਨ ਸਿੰਘ ਦੇ ਰਾਜ ਵਿਚ ਸਰਜੀਕਲ ਸਟਰਾਈਕ ਕਰਦੀ ਰਹੀ ਪ੍ਰੰਤੂ ਇਹ ਫ਼ੌਜ ਦਾ ਗੁਪਤ ਅਪ੍ਰੇਸ਼ਨ ਹੁੰਦਾ ਹੈ। ਇਸ ਬਾਰੇ ਬਾਹਰ ਜਾਣਕਾਰੀ ਨਹੀਂ ਦੇਣੀ ਹੁੰਦੀ। ਪ੍ਰੰਤੂ ਵਰਤਮਾਨ ਸਰਕਾਰ ਨੇ 2016 ਵਿਚ ਸਰਜੀਕਲ ਸਟਰਾਈਕ ਕਰਕੇ ਉਸਦਾ ਪ੍ਰਚਾਰ ਰਾਜਨੀਤਕ ਲਾਹਾ ਲੈਣ ਲਈ ਕੀਤਾ। ਅਜਿਹੇ ਖ਼ੂਨ ਖ਼ਰਾਬੇ ਦਾ ਪ੍ਰਚਾਰ ਕਰਨਾ ਵਾਜਬ ਨਹੀਂ ਹੁੰਦਾ। ਇਸ ਦੇ ਵਿਰੋਧ ਵਿਚ ਪਾਕਿਸਤਾਨ ਨੇ ਸਰਜੀਕਲ ਸਟਰਾਈਕ ਕੀਤੀ। ਇਸਦਾ ਨੁਕਸਾਨ ਭਾਰਤੀਆਂ ਦੀਆਂ ਸ਼ਹੀਦੀਆਂ ਨਾਲ ਹੋਇਆ। ਇਸੇ ਖੁੰਦਕ ਵਿਚ ਜੈਸ਼-ਏ-ਮੁਹੰਮਦ ਨੇ ਕਾਰਵਾਈਆਂ ਤੇਜ ਕਰ ਦਿੱਤੀਆਂ। ਪਹਿਲਾਂ ਉੜੀ ਵਿਚ ਹਮਲਾ ਕੀਤਾ, ਉਸਤੋਂ ਬਾਅਦ ਪਠਾਨਕੋਟ, ਅਨੰਤਨਾਗ ਅਤੇ ਪੁਣਛ ਵਿਚ ਹਮਲੇ ਹੋਏ।
ਜੇਕਰ ਧਿਆਨ ਨਾਲ ਵਾਚਿਆ ਜਾਵੇ ਤਾਂ ਭਾਰਤ ਸਰਕਾਰ ਆਪਣੀਆਂ ਗ਼ਲਤੀਆਂ ਦਾ ਆਪ ਇਵਜ਼ਾਨਾ ਭੁਗਤ ਰਹੀ ਹੈ। ਜੇਕਰ ਮਸੂਦ ਅਜਹਰ ਨੂੰ ਜਹਾਜ਼ ਵਿਚ ਵਾਪਸ ਛੱਡ ਕੇ ਨਾ ਆਉਂਦੇ ਤਾਂ ਅੱਜ ਸਾਨੂੰ ਆਹ ਦਿਨ ਨਾ ਵੇਖਣੇ ਪੈਂਦੇ। ਜਿਹੜੇ ਕੰਡੇ ਭਾਰਤੀ ਜਨਤਾ ਪਾਰਟੀ ਨੇ ਬੀਜੇ ਹਨ, ਉਹ ਹੁਣ ਉਨ੍ਹਾਂ ਨੂੰ ਆਪ ਹੀ ਚੁਗਣੇ ਪੈ ਰਹੇ ਹਨ। ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ? ਭਾਰਤੀ ਜਨਤਾ ਪਾਰਟੀ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ। ਪਾਰਟੀ ਦੇ ਨੇਤਾ ਭੜਕਾਊ ਬਿਆਨ ਦੇ ਰਹੇ ਹਨ। ਕੱਟੜ ਹਿੰਦੂ ਧਿਰਾਂ ਵੱਲੋਂ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ। ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੰਮੂ ਕਸ਼ਮੀਰ ਵਿਚ ਫ਼ੌਜ ਨੂੰ ਖੁੱਲ੍ਹੀ ਛੁਟੀ ਦਿੱਤੀ ਜਾ ਰਹੀ ਹੈ। ਜੇਕਰ ਹਿੰਸਾ ਹੋਵੇਗੀ ਤਾਂ ਵੀ ਭਾਰਤੀਆਂ ਦਾ ਹੀ ਖ਼ੂਨ ਡੁੱਲ੍ਹੇਗਾ। ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇਕ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਹੀ ਖੇਡ ਹੁਣ ਖੇਡੀ ਜਾ ਰਹੀ ਹੈ। ਨਤੀਜੇ ਖ਼ਤਰਨਾਕ ਹੋਣਗੇ। ਜਦੋਂ ਗੁਜਰਾਤ ਵਿਚ ਹੋਇਆ ਸੀ ਤਾਂ ਉਦੋਂ ਕਿਉਂ ਇੱਕ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ? ਅਜਿਹੀਆਂ ਘਟਨਾਵਾਂ ਤੋਂ ਵੀ ਉਹ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ।
ਅਸਲ ਵਿਚ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਆਪੋ ਆਪਣੇ ਸਿਆਸੀ ਲਾਹੇ ਲਈ ਰਾਜਨੀਤੀ ਕਰ ਰਹੀਆਂ ਹਨ ਜਦੋਂ ਕਿ ਦੋਹਾਂ ਦੇਸਾਂ ਦੇ ਲੋਕ ਸ਼ਾਂਤੀ ਚਾਹੁੰਦੇ ਹਨ। ਹੁਣ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਚੱਲ ਰਹੀ ਹੈ, ਲਗਭਗ ਦੋਵੇਂ ਪਾਸੇ ਕੰਮ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਤਾਂ ਪੁਲਵਾਮਾ ਘਟਨਾ ਦੇ ਰਾਹ ਵਿਚ ਅੜਿੱਕਾ ਬਣ ਜਾਣ ਦੇ ਆਸਾਰ ਬਣ ਰਹੇ ਹਨ। ਇੰਜ ਹਮੇਸ਼ਾ ਹੁੰਦਾ ਹੈ ਜਦੋਂ ਦੋਹਾਂ ਦੇਸਾਂ ਦੇ ਸੰਬੰਧ ਸਾਜ਼ਗਾਰ ਹੋਣ ਲਗਦੇ ਹਨ ਤਾਂ ਦੋਹਾਂ ਦੇਸਾਂ ਦੀਆਂ ਗੁਪਤਚਰ ਏਜੰਸੀਆਂ ਸਰਗਰਮ ਹੋ ਜਾਂਦੀਆਂ ਹਨ। ਉਹ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੀਆਂ ਹਨ। ਇਹ ਵੀ ਹੋ ਸਕਦਾ ਹੈ ਕਿ ਇਸ ਘਟਨਾ ਵਿਚ ਵੀ ਗੁਪਤਚਰ ਏਜੰਸੀਆਂ ਦਾ ਯੋਗਦਾਨ ਹੋਵੇ।
ਇਕ ਹੋਰ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਹੋਏ ਅਤੇ ਗੁਜਰਾਤ ਵਿਚ ਮੁਸਲਮਾਨਾਂ ਨੂੰ ਟਰੇਨ ਵਿਚ ਸਾੜ ਦਿੱਤਾ ਗਿਆ। ਉਦੋਂ ਤਾਂ ਭਾਰਤ ਸਰਕਾਰ ਨੇ ਸੁਚਾਰੂ ਕਦਮ ਨਹੀਂ ਚੁੱਕੇ। ਭਾਰਤ ਸਰਕਾਰ ਦਾ ਰੋਲ ਵੀ ਸ਼ੱਕ ਦੇ ਘੇਰੇ ਵਿਚ ਆਉਂਦਾ ਹੈ।
ਇਸ ਸਾਰੇ ਕੁਝ ਦੇ ਬਾਵਜੂਦ ਪੁਲਵਾਮਾ ਦੀ ਘਟਨਾ ਨਿੰਦਣਯੋਗ ਹੈ। ਦੇਸ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇਕਮੁੱਠ ਹੋ ਕੇ ਦੁੱਖ ਦੀ ਘੜੀ ਵਿਚ ਸਰਕਾਰ ਦਾ ਸਾਥ ਦਿੱਤਾ ਹੈ ਪ੍ਰੰਤੂ ਸਰਕਾਰ ਨੂੰ ਹੁਣ ਸੰਜੀਦਗੀ ਨਾਲ ਫੈਸਲੇ ਕਰਨੇ ਚਾਹੀਦੇ ਹਨ। ਵੋਟ ਦੀ ਰਾਜਨੀਤੀ ਕਰਨ ਲਈ ਹੋਰ ਬਹੁਤ ਮੌਕੇ ਆਉਣਗੇ, ਇਸ ਸਮੇਂ ਦੇਸ਼ ਦੀ ਆਨ ਅਤੇ ਸ਼ਾਨ ਦਾ ਮਸਲਾ ਹੈ।
*****
(1489)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)