“ਗੋਦੀ ਮੀਡੀਆ ਦੀਆਂ ਅਫਵਾਹਾਂ ਫੈਲਾਉਣ ਵਾਲੀਆਂ ਖ਼ਬਰਾਂ ਦਾ ਮੁਕਾਬਲਾ ਕਰਨ ਲਈ ...”
(29 ਦਸੰਬਰ 2020)
ਦਿੱਲੀ ਦੀ ਸਰਹੱਦ ਉੱਪਰ ਚੱਲ ਰਿਹਾ ਕਿਸਾਨ ਅੰਦੋਲਨ ਅੱਜ ਕੱਲ੍ਹ ਸਮੁੱਚੇ ਸੰਸਾਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਅੰਦੋਲਨ ਕਿਸੇ ਸਿਆਸੀ ਪਾਰਟੀ ਦੀ ਅਗਵਾਈ ਤੋਂ ਬਿਨਾ ਹੀ ਬਿਹਤਰੀਨ ਅਤੇ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ। ਜੇਕਰ ਇਸ ਅੰਦੋਲਨ ਦੀਆਂ ਵਿਲੱਖਣਤਾਵਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਲੰਬੀ ਸੂਚੀ ਬਣ ਜਾਵੇਗੀ ਪ੍ਰੰਤੂ ਫਿਰ ਵੀ ਕੁਝ ਨਵੀਆਂ ਸਿਰਜਣਾਤਮਕ ਪਹਿਲਾਂ ਹੋਈਆਂ ਹਨ, ਜਿਨ੍ਹਾਂ ਦੀ ਜਾਣਕਾਰੀ ਦਿੱਤੇ ਬਿਨਾ ਰਿਹਾ ਨਹੀਂ ਜਾ ਸਕਦਾ। ਇਸ ਅੰਦੋਲਨ ਤੋਂ ਪਹਿਲਾਂ ਬਹੁਤ ਸਾਰੇ ਅੰਦੋਲਨ ਹੁੰਦੇ ਰਹੇ ਹਨ ਪ੍ਰੰਤੂ ਉਨ੍ਹਾਂ ਅੰਦੋਲਨਾਂ ਵਿੱਚ ਇਸਤਰੀਆਂ ਦੀ ਸ਼ਮੂਲੀਅਤ ਨਾ ਦੇ ਬਰਾਬਰ ਅਰਥਾਤ ਆਟੇ ਵਿੱਚ ਲੂਣ ਦੀ ਤਰ੍ਹਾਂ ਹੁੰਦੀ ਰਹੀ ਹੈ। ਇਸ ਅੰਦੋਲਨ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਇਸਤਰੀਆਂ ਜੇ ਬਰਾਬਰ ਨਹੀਂ ਤਾਂ ਤੀਜਾ ਹਿੱਸਾ ਜ਼ਰੂਰ ਹਨ। ਇਹ ਸ਼ਮੂਲੀਅਤ ਸਿਰਫ ਹਾਜ਼ਰੀ ਤਕ ਹੀ ਸੀਮਤ ਨਹੀਂ, ਸਗੋਂ ਇਸਤਰੀਆਂ ਮੋਹਰੀ ਦੀ ਭੂਮਿਕਾ ਨਿਭਾ ਰਹੀਆਂ ਹਨ। ਇਸ ਤੋਂ ਪਹਿਲਾਂ ਜਨ ਸੰਖਿਆ ਦਾ ਅੱਧਾ ਹਿੱਸਾ ਇਸਤਰੀਆਂ ਕਿਸੇ ਅੰਦੋਲਨ ਵਿੱਚ ਦਿਲਚਸਪੀ ਨਾਲ ਹਿੱਸਾ ਹੀ ਨਹੀਂ ਲੈਂਦੀਆਂ ਸਨ। ਇਸ ਅੰਦੋਲਨ ਲਈ ਸ਼ੁਭ ਸੰਕੇਤ ਹਨ, ਜਿਸ ਵਿੱਚ ਨੌਜਵਾਨ ਅਤੇ ਬਜ਼ੁਰਗ ਇਸਤਰੀਆਂ ਬਰਾਬਰ ਦਾ ਯੋਗਦਾਨ ਪਾ ਰਹੀਆਂ ਹਨ। ਕਈ ਇਸਤਰੀਆਂ ਤਾਂ ਆਪੋ ਆਪਣੇ ਪਿੰਡਾਂ ਤੋਂ ਟਰੈਕਟਰਾਂ, ਮੋਟਰ ਸਾਈਕਲਾਂ, ਕਾਰਾਂ, ਜੀਪਾਂ, ਸਕੂਟਰੀਆਂ ਅਤੇ ਹੋਰ ਆਪੋ ਆਪਣੇ ਸਾਧਨਾਂ ਉੱਪਰ ਇਕੱਲੀਆਂ ਹੀ ਜਾਂ ਕਾਫਲਿਆਂ ਵਿੱਚ ਆ ਰਹੀਆਂ ਹਨ।
ਹੁਣ ਤਕ ਇਸਤਰੀ ਨੂੰ ਮਰਦ ਨਾਲੋਂ ਕਮਜ਼ੋਰ ਕਿਹਾ ਜਾਂਦਾ ਰਿਹਾ ਹੈ। ਜੇਕਰ ਕਿਸਾਨ ਅੰਦੋਲਨ ਵਿੱਚ ਇਸਤਰੀਆਂ ਦੀ ਸਰਗਰਮੀ ਤੇ ਯੋਗਦਾਨ ਨੂੰ ਵੇਖਿਆ ਜਾਵੇ ਤਾਂ ਸਾਰਾ ਕੁਝ ਝੂਠਾ ਜਾਪਦਾ ਹੈ। ਪਿਛਲੇ ਇੱਕ ਮਹੀਨੇ ਤੋਂ ਇਹ ਇਸਤਰੀਆਂ ਲਗਾਤਾਰ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ। ਉਹ ਇਹ ਵੀ ਕਹਿ ਰਹੀਆਂ ਹਨ ਕਿ ਹਰ ਹਾਲਤ ਵਿੱਚ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਜਾਵਾਂਗੀਆਂ, ਭਾਵੇਂ ਸਾਨੂੰ ਵਰ੍ਹਿਆਂ ਬੱਧੀ ਬੈਠਣਾ ਪਵੇ। ਕੁਝ ਨੌਜਵਾਨ ਅੰਦੋਲਨਕਾਰੀ ਲੜਕੀਆਂ ਵਿਸ਼ੇਸ਼ ਤੌਰ ’ਤੇ ਇਸਤਰੀਆਂ ਵਿੱਚ ਤਿੰਨਾਂ ਖੇਤੀਬਾੜੀ ਕਾਨੂੰਨਾਂ ਬਾਰੇ ਜਾਗ੍ਰਤੀ ਪੈਦਾ ਕਰਨ ਦਾ ਕੰਮ ਕਰ ਰਹੀਆਂ ਹਨ। ਇਹ ਪਹਿਲਾ ਅੰਦੋਲਨ ਹੈ, ਜਿਸ ਵਿੱਚ ਲੜਕੀਆਂ ਬੇਖੌਫ ਹੋ ਕੇ ਘੁੰਮ ਫਿਰ ਅਤੇ ਸਟੇਜਾਂ ’ਤੇ ਭਾਸ਼ਣ ਵੀ ਕਰ ਰਹੀਆਂ ਹਨ। ਪੰਜਾਬ ਦੇ ਹਰ ਵਰਗ ਦੀਆਂ ਇਸਤਰੀਆਂ ਵੱਡੀ ਗਿਣਤੀ ਵਿੱਚ ਦਲੇਰੀ ਨਾਲ ਹਿੱਸਾ ਲੈਣ ਲਈ ਆ ਰਹੀਆਂ ਹਨ। ਹਰ ਰੋਜ਼ ਨਵੇਂ ਕਾਫਲੇ ਆ ਰਹੇ ਹਨ। ਭਾਵੇਂ ਕਿ ਗੋਦੀ ਮੀਡੀਆ ਵੱਲੋਂ ਕਿਸਾਨ ਅੰਦੋਲਨ ਵਿੱਚ ਇਸਤਰੀਆਂ ਦੀ ਸੁਰੱਖਿਆ ਬਾਰੇ ਗ਼ਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇੱਥੋਂ ਤਕ ਕਿ ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਉਤਰਾਖੰਡ, ਮੱਧ ਪ੍ਰਦੇਸ਼, ਬਿਹਾਰ ਅਤੇ ਦਿੱਲੀ ਤੋਂ ਵੀ ਇਸਤਰੀਆਂ ਆ ਰਹੀਆਂ ਹਨ। ਕੁਝ ਉਹ ਇਸਤਰੀਆਂ ਵੀ ਆ ਰਹੀਆਂ ਹਨ, ਜਿਨ੍ਹਾਂ ਦੇ ਘਰ ਵਾਲੇ ਖੇਤੀਬਾੜੀ ਨਹੀਂ ਸਗੋਂ ਹੋਰ ਕਿੱਤੇ ਕਰ ਰਹੇ ਹਨ। ਉਹ ਮੰਨਦੀਆਂ ਹਨ ਕਿ ਇਹ ਖੇਤੀ ਕਾਨੂੰਨ ਸਮੁੱਚੇ ਵਰਗ ਦੀ ਆਰਥਿਕ ਤਬਾਹੀ ਦਾ ਕੰਮ ਕਰਨਗੇ। ਮਹਾਰਾਸ਼ਟਰ ਤੋਂ ਅਜਿਹੀਆਂ ਨੌਜਵਾਨ ਲੜਕੀਆਂ ਵੀ ਆਈਆਂ ਹਨ ਜਿਹੜੀਆਂ ਖੁਦ ਵੱਡੀਆਂ ਕੰਪਨੀਆਂ ਦੀ ਨੌਕਰੀ ਛੱਡਕੇ ਆਈਆਂ ਹਨ।
ਹਿੰਦੂ, ਮੁਸਲਿਮ, ਸਿੱਖ, ਇਸਾਈ ਇਕੱਠੇ ਇਨਸਾਨੀਅਤ ਦੇ ਵਗਦੇ ਦਰਿਆ ਦੀ ਤਰ੍ਹਾਂ ਵਿਚਰ ਰਹੇ ਹਨ। ਜਦੋਂ ਸੰਸਾਰ ਦੀ ਜਨਨੀ ਮੈਦਾਨ ਵਿੱਚ ਉੱਤਰ ਆਵੇ ਤਾਂ ਸਫਲਤਾ ਨੂੰ ਕੋਈ ਰੋਕ ਨਹੀਂ ਸਕਦਾ। ਇਸ ਤੋਂ ਪਹਿਲਾਂ ਵੀ ਸਾਡੇ ਦੇਸ ਦੇ ਇਤਿਹਾਸ ਵਿੱਚ ਪੰਜਾਬੀ ਇਸਤਰੀਆਂ ਦੇ ਯੋਗਦਾਨ ਦਾ ਮਹੱਤਵਪੂਰਨ ਜ਼ਿਕਰ ਆਉਂਦਾ ਹੈ। ਉਹ ਭਾਵੇਂ ਦੇਸ ਦੀ ਆਜ਼ਾਦੀ ਦੀ ਲੜਾਈ ਹੋਵੇ ਜਾਂ ਧਾਰਮਿਕ ਅਤੇ ਸਮਾਜਿਕ ਸਰਗਰਮੀ ਹੋਵੇ ਪ੍ਰੰਤੂ ਇਸ ਅੰਦੋਲਨ ਦੀ ਇਹ ਵਿਲੱਖਣਤਾ ਵੀ ਹੈ ਕਿ ਇਸ ਵਿੱਚ ਇੱਕ ਵਰਗ ਦੀਆਂ ਇਸਤਰੀਆਂ ਹੀ ਨਹੀਂ, ਸਗੋਂ ਹਰ ਵਰਗ ਅਤੇ ਧਰਮ ਦੀ ਨੁਮਾਇੰਦਗੀ ਕਰਨ ਵਾਲੀਆਂ ਇਸਤਰੀਆਂ ਸਰਗਰਮੀ ਨਾਲ ਆਪੋ ਆਪਣਾ ਯੋਗਦਾਨ ਪਾ ਰਹੀਆਂ ਹਨ। ਜਿੱਥੇ ਅੰਮ੍ਰਿਤਧਾਰੀ ਇਸਤਰੀਆਂ ਅੰਦੋਲਨ ਵਿੱਚ ਆਪੋ ਆਪਣਾ ਯੋਗਦਾਨ ਪਾ ਰਹੀਆਂ ਹਨ, ਉੱਥੇ ਹੀ ਆਮ ਸਾਧਾਰਣ ਇਸਤਰੀਆਂ ਬਿਨਾ ਜ਼ਾਤ ਪਾਤ, ਰੰਗ, ਧਰਮ ਅਤੇ ਮਜ੍ਹਬ ਤੋਂ ਅੱਗੇ ਹੋ ਕੇ ਕੰਮ ਕਰ ਰਹੀਆਂ ਹਨ।
ਪੜ੍ਹੀਆਂ ਲਿਖੀਆਂ ਇਸਤਰੀਆਂ ਤਾਂ ਕਈ ਖੇਤਰਾਂ ਵਿੱਚ ਅੰਦੋਲਨ ਦੀ ਅਗਵਾਈ ਵੀ ਕਰ ਰਹੀਆਂ ਹਨ। ਇਹ ਅੰਦੋਲਨ ਜਨ ਅੰਦੋਲਨ ਬਣ ਗਿਆ ਹੈ। ਵੈਸੇ ਤਾਂ ਇੰਨੀ ਵੱਡੀ ਮਾਤਰਾ ਵਿੱਚ ਇਸਤਰੀਆਂ ਆਈਆਂ ਹਨ ਕਿ ਉਨ੍ਹਾਂ ਸਾਰੀਆਂ ਬਾਰੇ ਲਿਖਣਾ ਅਸੰਭਵ ਹੈ ਪ੍ਰੰਤੂ ਉਦਾਹਰਣ ਲਈ ਕੁਝ ਕੁ ਇਸ ਤਰ੍ਹਾਂ ਹਨ- ਬੁੱਧੀਜੀਵੀ ਵਰਗ ਵਿੱਚੋਂ ਕਵਿੱਤਰੀ ਸੁਖਵਿੰਦਰ ਕੌਰ ਅੰਮ੍ਰਿਤ, ਜਸਬੀਰ ਕੌਰ ਪੰਜਾਬ ਕਿਸਾਨ ਯੂਨੀਅਨ, ਫਿਲਮ ਸਨਅਤ ਵਿੱਚੋਂ ਜੱਸੀ ਸੰਘਾ, ਖਾਲਸਾ ਏਡ ਵਿੱਚੋਂ ਨਾਜ਼ੀਆ ਧੰਜੂ, ਕਿਰਤੀਆਂ ਵਿੱਚੋਂ ਮਲਕੀਤ ਕੌਰ ਮਾਨਸਾ (ਉਹ ਐਕਸੀਡੈਂਟ ਵਿੱਚ ਸ਼ਹੀਦ ਹੋ ਗਏ), ਡਾਕਟਰਾਂ ਵਿੱਚੋਂ ਡਾ ਹਰਸ਼ਿੰਦਰ ਕੌਰ, ਵਿਦਿਆਰਥੀਆਂ ਵਿੱਚੋਂ ਕਨੂੰਪ੍ਰਿਆ, ਨੀਲ ਕਮਲ, ਕੰਵਲਜੀਤ ਕੌਰ, ਕਿਸਾਨਾਂ ਵਿੱਚੋਂ ਮਹਿੰਦਰ ਕੌਰ ਕਿਸਾਨ ਸਭਾ, ਹਰਜਿੰਦਰ ਕੌਰ, ਮਹਿੰਦਰ ਕੌਰ, ਮਨਜੀਤ ਕੌਰ, ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਵਕੀਲਾਂ ਵਿੱਚੋਂ ਹਰਮੀਤ ਕੌਰ ਬਰਾੜ ਅਤੇ ਚੰਡੀਗੜ੍ਹ ਤੋਂ ਇੱਕ ਲੜਕੀ ਵਕੀਲ ਜਿਹੜੇ ਸੀ ਆਰ ਪੀ ਐੱਫ ਦੀ ਨੌਕਰੀ ਛੱਡ ਕੇ ਆਈ ਹੈ, ਕਲਾਕਾਰਾਂ ਵਿੱਚੋਂ ਸੁੱਖੀ ਬਰਾੜ, ਅਮਨਦੀਪ ਕੌਰ ਦਿਓਲ ਜਾਗ੍ਰਤੀ ਏਕਤਾ ਮੰਚ, ਸਰਵਖੱਪ ਮਹਾਂ ਪੰਚਾਇਤ ਸੰਤੋਸ਼ ਦਾਹੀਆ ਹਰਿਆਣਾ, ਚੰਡੀਗੜ੍ਹ ਤੋਂ ਕੰਵਲਜੀਤ ਕੌਰ ਅਤੇ ਜਸਪ੍ਰੀਤ ਕੌਰ ਅਖੰਡ ਕੀਰਤਨੀ ਜਥਾ ਅਤੇ ਮੁਕਤਸਰ ਤੋਂ ਇੱਕ ਲੜਕੀ ਜਿਹੜੀ ਖੁਦ ਖੇਤੀ ਕਰਦੀ ਹੈ, ਪਹਿਲੇ ਦਿਨ ਤੋਂ ਲਗਾਤਾਰ ਸਰਗਰਮੀ ਨਾਲ ਕੰਮ ਕਰ ਰਹੀ ਹੈ ਜੋ ਕਿ ਬਾਕੀ ਲੜਕੀਆਂ ਲਈ ਪ੍ਰੇਰਨਾ ਸਰੋਤ ਹੈ।
ਇਸ ਤੋਂ ਇਲਾਵਾ ਪਿੰਡਾਂ ਵਿੱਚ ਇਸਤਰੀਆਂ ਅੰਦੋਲਨ ਬਾਰੇ ਜਾਗ੍ਰਤੀ ਪੈਦਾ ਕਰਨ ਅਤੇ ਰਾਸ਼ਣ ਇਕੱਤਰ ਕਰਨ ਲਈ ਕੰਮ ਕਰ ਰਹੀਆਂ ਹਨ। ਜਿਹੜੇ ਕਿਸਾਨ ਅੰਦੋਲਨ ਵਿੱਚ ਆਏ ਹੋਏ ਹਨ, ਉਨ੍ਹਾਂ ਦੀ ਖੇਤੀਬਾੜੀ ਦਾ ਕੰਮ ਵੀ ਇਸਤਰੀਆਂ ਸੰਭਾਲ ਰਹੀਆਂ ਹਨ। ਜਿਹੜੀਆਂ ਇਸਤਰੀਆਂ ਅੰਦੋਲਨ ਵਿੱਚ ਆਈਆਂ ਹੋਈਆਂ ਹਨ, ਉਨ੍ਹਾਂ ਵਿੱਚੋਂ ਕੁਝ ਆਪਣੇ ਛੋਟੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਈਆਂ ਹਨ। ਇਸਤਰੀਆਂ ਦੀ ਅੰਦੋਲਨ ਵਿੱਚ ਦਿਲਚਸਪੀ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਕਈ ਨਵੀਆਂ ਵਿਆਹੀਆਂ ਇਸਤਰੀਆ ਚੂੜੇ ਪਾ ਕੇ ਸ਼ਾਮਲ ਹੋ ਰਹੀਆਂ ਹਨ। ਲੰਗਰਾਂ ਦਾ ਇੰਤਜ਼ਾਮ ਵੀ ਇਸਤਰੀਆਂ ਕਰ ਰਹੀਆਂ ਹਨ। ਭਾਵੇਂ ਸਿਆਸਤਦਾਨਾਂ ਵਿੱਚੋਂ ਇਸਤਰੀਆਂ ਆਈਆਂ ਹੋਈਆਂ ਹਨ ਪ੍ਰੰਤੂ ਉਨ੍ਹਾਂ ਦਾ ਜ਼ਿਕਰ ਕਰਨਾ ਠੀਕ ਨਹੀਂ ਕਿਉਂਕਿ ਇਹ ਅੰਦੋਲਨ ਸਿਆਸੀ ਨਹੀਂ ਹੈ। ਸੁਪਰੀਮ ਕੋਰਟ ਦੀ ਇੱਕ ਸੀਨੀਅਰ ਵਕੀਲ ਆਪਣੀ ਲੜਕੀ ਨੂੰ ਲੈ ਕੇ ਸ਼ਾਮਲ ਹੋਈ ਹੈ।
ਗੋਦੀ ਮੀਡੀਆ ਦੀਆਂ ਅਫਵਾਹਾਂ ਫੈਲਾਉਣ ਵਾਲੀਆਂ ਖ਼ਬਰਾਂ ਦਾ ਮੁਕਾਬਲਾ ਕਰਨ ਲਈ ਜੱਸੀ ਸੰਘਾ ਦੀ ਅਗਵਾਈ ਵਿੱਚ ਨੌਜਵਾਨ ਲੜਕੀਆਂ “ਟਰਾਲੀ ਟਾਈਮਜ਼” ਅਖ਼ਬਾਰ ਪ੍ਰਕਾਸ਼ਤ ਕਰਵਾਕੇ ਸਮੁੱਚੇ ਅੰਦੋਲਨ ਵਿੱਚ ਵੰਡ ਰਹੀਆਂ ਹਨ। ਇਹ ਅਖਬਾਰ ਪੰਜਾਬੀ ਤੋਂ ਬਿਨਾ ਹਿੰਦੀ ਵਿੱਚ ਵੀ ਪ੍ਰਕਾਸ਼ਤ ਹੋ ਰਿਹਾ ਹੈ ਅਤੇ ਬਾਕੀ ਭਾਸ਼ਾਵਾਂ ਵਿੱਚ ਵੀ ਜਲਦੀ ਹੀ ਪ੍ਰਕਾਸ਼ਤ ਕਰਨ ਦਾ ਪ੍ਰੋਗਰਾਮ ਹੈ। ਸਾਰੀਆਂ ਗ਼ਲਤ ਅਫਵਾਹਾਂ ਨੂੰ ਲੜਕੀਆਂ ਦਾ ਇਹ ਗਰੁੱਪ ਕਾਊਂਟਰ ਕਰ ਰਿਹਾ ਹੈ। ਸਮਾਜਿਕ, ਸਾਹਿਤਕ, ਸਭਿਆਚਾਰਕ, ਬੁੱਧੀਜੀਵੀਆਂ ਅਤੇ ਹੋਰ ਸਵੈ ਇੱਛਤ ਸੰਸਥਾਵਾਂ ਵਿੱਚ ਕੰਮ ਕਰ ਰਹੀਆਂ ਇਸਤਰੀਆਂ ਆਪਣੇ ਸੰਗਠਨਾਂ ਦੇ ਮੈਂਬਰਾਂ ਨੂੰ ਲੈ ਕੇ ਅੰਦੋਲਨ ਵਿੱਚ ਹਿੱਸਾ ਲੈ ਰਹੀਆਂ ਹਨ। ਕੰਵਲਜੀਤ ਕੌਰ ਜੋ ਕਿ ਅੰਮ੍ਰਿਤਸਰ ਵਿਖੇ ਇੱਕ ਸਵੈਇੱਛਤ ਸੰਸਥਾ ਨਾਲ ਕੰਮ ਕਰ ਰਹੀ ਹੈ, ਉਹ ਅੰਦੋਲਨ ਦੇ ਆਲੇ ਦੁਆਲੇ ਰਹਿਣ ਵਾਲੇ ਗਰੀਬ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਨਿਭਾ ਰਹੀ ਹੈ ਕਿਉਂਕਿ ਕੋਵਿਡ ਕਰਕੇ ਸਕੂਲ ਬੰਦ ਹਨ। ਇਸ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚ ਬੈਠੀਆਂ ਕਵਿੱਤਰੀਆਂ ਸੋਸ਼ਲ ਮੀਡੀਆ ਉੱਪਰ ਅੰਦੋਲਨ ਦੇ ਹੱਕ ਵਿੱਚ ਕਵਿਤਾਵਾਂ ਲਿਖਕੇ ਪਾ ਰਹੀਆਂ ਹਨ। ਸੋਸ਼ਲ ਮੀਡੀਆ ਉੱਪਰ ਕੂੜ ਪ੍ਰਚਾਰ ਨੂੰ ਕਾਊਂਟਰ ਕਰਨ ਲਈ ਇਸਤਰੀਆਂ ਸਭ ਤੋਂ ਵੱਡਾ ਯੋਗਦਾਨ ਪਾ ਰਹੀਆਂ ਹਨ। ਕਲਾਕਾਰ ਇਸਤਰੀਆਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਪੇਂਟਿੰਗ ਕਰਕੇ ਆਪਣਾ ਫਰਜ਼ ਨਿਭਾ ਰਹੀਆਂ ਹਨ।
ਸਮੁੱਚੇ ਤੌਰ ’ਤੇ ਨਤੀਜਾ ਭਾਵੇਂ ਅੰਦੋਲਨ ਦਾ ਉਸਾਰੂ ਆਉਣ ਦੀ ਉਮੀਦ ਹੈ ਪ੍ਰੰਤੂ ਇਸਤਰੀਆਂ ਦੀ ਹਿੱਸੇਦਾਰੀ ਪੰਜਾਬ ਦਾ ਸੁਨਹਿਰਾ ਭਵਿੱਖ ਬਣਾਉਣ ਵਿੱਚ ਸਾਰਥਿਕ ਸਾਬਤ ਹੋਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2496)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)