“ਉਸਦਾ ਚਿੱਤਰ ਬਣਾਉਣ ਦਾ ਖੇਤਰ ਵੱਖਰਾ ਹੀ ਹੈ। ਉਸਨੇ ਦੇਸ਼ ਦੇ ਸ਼ਹੀਦਾਂ, ਉਲੰਪੀਅਨ ਖਿਡਾਰੀਆਂ, ਲਿਖਾਰੀਆਂ, ਕਵੀਆਂ ...”
(28 ਦਸੰਬਰ 2017)
ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦਾ ਜਗਤ ਪ੍ਰਸਿੱਧ ਚਿੱਤਰ ਬਣਾਉਣ ਵਾਲਾ ਕਲਾਕਾਰ ਗੋਬਿੰਦਰ ਸੋਹਲ ਸਿੱਖ ਵਿਰਾਸਤ ਨੂੰ ਪੇਂਟ ਕਰਕੇ ਰਹਿੰਦੀ ਦੁਨੀਆਂ ਤੱਕ ਸਿੱਖ ਜਗਤ ਦੇ ਦਿਲਾਂ ’ਤੇ ਰਾਜ ਕਰਨ ਦੇ ਯੋਗ ਬਣਾ ਰਿਹਾ ਹੈ। ਸਿੱਖ ਧਰਮ ਸੰਸਾਰ ਦਾ ਸਭ ਤੋਂ ਆਧੁਨਿਕ ਅਤੇ ਨਵਾਂ ਧਰਮ ਹੈ, ਇਸਦੀ ਉਮਰ ਸਿਰਫ 500 ਸਾਲ ਹੈ। ਇਸ ਲਈ ਆਧੁਨਿਕ ਸੰਸਾਰ ਦੇ ਲੋਕਾਂ ਦੇ ਹਿਤਾਂ ਉੱਪਰ ਪਹਿਰਾ ਦੇਣ ਵਾਲਾ ਧਰਮ ਕਿਹਾ ਜਾ ਸਕਦਾ ਹੈ। ਇਹ ਸਰਬਤ ਦੇ ਭਲੇ ’ਤੇ ਅਧਾਰਤ ਹੈ। ਇਕ ਕਿਸਮ ਨਾਲ ਕਲਿਆਣੀਕਾਰੀ ਰਾਜ ਦੀ ਪ੍ਰੋੜ੍ਹਤਾ ਕਰਦਾ ਹੈ। ਸਿੱਖ ਧਰਮ ਦੀ ਬੁਨਿਆਦ ਹੀ ਕੁਰਬਾਨੀਆਂ ਅਤੇ ਜਦੋਜਹਿਦ ’ਤੇ ਅਧਾਰਤ ਹੈ। ਇਹ ਧਰਮ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮਾਂ ਦੇ ਖ਼ਿਲਾਫ਼ ਆਵਾਜ਼ ਉਠਾਈ ਸੀ। ਉਨ੍ਹਾਂ ਨੇ ਬਾਬਰ ਬਾਣੀ ਲਿਖੀ।
ਉਸ ਤੋਂ ਬਾਅਦ ਤਾਂ ਸਾਰਾ ਸਿੱਖ ਇਤਿਹਾਸ ਹੀ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ’ਤੇ ਬਿਠਾ ਕੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਜਾ ਕੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਨਿਆਏ ਦੇ ਵਿਰੁੱਧ ਮਨੁੱਖਤਾ ਦੇ ਹਿਤਾਂ ਦੀ ਰਾਖੀ ਲਈ ਅਨੇਕਾਂ ਲੜਾਈਆਂ ਲੜੀਆਂ। ਪਹਿਲਾਂ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਏ, ਫਿਰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਸਰਹੰਦ ਵਿਚ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ। ਇਸ ਤੋਂ ਬਾਅਦ ਬਾਬਾ ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਮੁਗਲਾਂ ਨਾਲ ਲੜਾਈਆਂ ਲੜਦੇ ਰਹੇ। ਅਨੇਕਾਂ ਸਿੰਘ ਸ਼ਹੀਦ ਹੋਏ। ਦਸਮ ਪਾਤਸ਼ਾਹ ਵੀ ਸ਼ਹੀਦੀ ਪਾ ਗਏ।
ਛੋਟਾ ਤੇ ਵੱਡਾ ਘਲੂਘਾਰਾ ਹੋਏ। ਸਾਰਾ ਸਿੱਖ ਇਤਿਹਾਸ ਹੀ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਉਸ ਸਮੇਂ ਫੋਟੋਗ੍ਰਾਫੀ ਨਹੀਂ ਹੁੰਦੀ ਸੀ। ਇਸ ਕਰਕੇ ਕਲਾਕਾਰਾਂ ਨੇ ਸਿੱਖ ਧਰਮ ਦੀਆਂ ਸ਼ਹੀਦੀਆਂ, ਲੜਾਈਆਂ ਅਤੇ ਜੱਦੋਜਹਿਦ ਨੂੰ ਆਪਣੀ ਅਕੀਦਤ ਅਤੇ ਸ਼ਰਧਾ ਅਨੁਸਾਰ ਸੁਣੀਆਂ ਸੁਣਾਈਆਂ ਗਾਥਾਵਾਂ ’ਤੇ ਅਧਾਰਤ ਪੇਂਟ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਕਲਾਕਾਰਾਂ ਨੇ ਸਿੱਖ ਧਰਮ ਦੀਆਂ ਘਟਨਾਵਾਂ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਆਪੋ ਆਪਣੀ ਲਿਆਕਤ, ਸੋਚ ਅਤੇ ਕਲਪਨਾ ਅਨੁਸਾਰ ਪੇਂਟ ਕੀਤੀਆਂ, ਜਿਨ੍ਹਾਂ ਵਿਚ ਸ਼ੋਭਾ ਸਿੰਘ, ਦਵਿੰਦਰ ਸਿੰਘ, ਜਰਨੈਲ ਸਿੰਘ, ਤ੍ਰਿਲੋਕ ਸਿੰਘ, ਕ੍ਰਿਪਾਲ ਸਿੰਘ, ਅਮਰਜੀਤ ਸਿੰਘ ਅਤੇ ਸੁਖਵੰਤ ਸਿੰਘ ਦੇ ਨਾਂ ਵਰਨਣਯੋਗ ਹਨ।
ਭਾਵੇਂ ਇਨ੍ਹਾਂ ਕਲਾਕਾਰਾਂ ਵਿੱਚੋਂ ਕਿਸੇ ਨੇ ਵੀ ਗੁਰੂ ਸਾਹਿਬਾਨ ਨੂੰ ਨਹੀਂ ਵੇਖਿਆ ਪ੍ਰੰਤੂ ਹਰ ਇੱਕ ਨੇ ਆਪੋ ਆਪਣੀ ਕਲਪਨਾ ਦਾ ਸਹਾਰਾ ਲਿਆ। ਜਿਸ ਕਲਾਕਾਰ ਦੀ ਜਿਹੜੀ ਕਲਾਕ੍ਰਿਤ ਲੋਕਾਂ ਦੇ ਮਨਾਂ ’ਤੇ ਰਾਜ ਕਰਨ ਲੱਗ ਪਈ, ਉਹੀ ਕਲਾਖ੍ਰਿਤੀ ਸਮੁੱਚੇ ਸਮਾਜ ਵਿਚ ਹਰਮਨ ਪਿਆਰੀ ਹੋ ਗਈ। ਜਿਵੇਂ ਸ਼ੋਭਾ ਸਿੰਘ ਦੀਆਂ ਗੁਰੂ ਸਾਹਿਬਾਨ ਦੀਆਂ ਦੋ ਪੇਂਟਿੰਗਜ਼ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲੋਕਾਂ ਨੇ ਸਭ ਤੋਂ ਵੱਧ ਪਸੰਦ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦਰਵੇਸ਼ ਅਤੇ ਭਗਤੀ ਵਿਚ ਲੀਨ ਵਿਖਾਇਆ ਗਿਆ ਹੈ ਜਿਸ ਤੋਂ ਅਧਿਆਤਮਕ ਰੌਸ਼ਨੀ ਆਉਂਦੀ ਵਿਖਾਈ ਦਿੰਦੀ ਹੈ, ਜੋ ਉਨ੍ਹਾਂ ਦੀ ਮਹਾਨਤਾ ਦਾ ਪ੍ਰਗਟਾਵਾ ਕਰਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦੀ ਪੇਂਟਿੰਗ ਇੱਕ ਯੋਧੇ, ਬਹਾਦਰ, ਸ਼ਹਿਨਸ਼ਾਹ ਅਤੇ ਲੜਾਈ ਦੇ ਮੈਦਾਨ ਵਿਚ ਤੀਰ ਕਮਾਨ ਸਮੇਤ ਵਿਖਾਈ ਦਿੰਦੀ ਹੈ। ਇਸੇ ਤਰ੍ਹਾਂ ਗੋਬਿੰਦਰ ਸੋਹਲ ਦੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨਾਲ ਬਣਾਈ ਤਸਵੀਰ ਲੋਕਾਂ ਦੇ ਮਨਾਂ ਉੁਪਰ ਰਾਜ ਕਰਨ ਲੱਗ ਗਈ ਕਿਉਂਕਿ ਤਸਵੀਰ ਵਿਚ ਦੋਵੇਂ ਸਾਹਿਬਜ਼ਾਦੇ ਅਣਭੋਲ, ਸ਼ਹਿਨਸ਼ਾਹ ਪ੍ਰੰਤੂ ਹੌਸਲੇ ਵਿਚ ਆਪਣੀ ਦਾਦੀ ਦੀ ਬੁੱਕਲ ਵਿਚ ਸ਼ਾਂਤਚਿੱਤ ਸਬਰ ਸੰਤੋਖ ਨਾਲ ਖਲੋਤੇ ਵਿਖਾਏ ਗਏ ਹਨ। ਇਹ ਇੱਕ ਸਿੰਬਾਲਿਕ ਚਿੱਤਰ ਹੈ, ਜਿਹੜਾ ਬਿਨ ਬੋਲਿਆਂ ਹੀ ਬਹੁਤ ਕੁਝ ਕਹਿ ਦਿੰਦਾ ਹੈ। ਇਹੋ ਗੋਬਿੰਦਰ ਸੋਹਲ ਦੀ ਕਲਾ ਦਾ ਕਮਾਲ ਹੈ।
ਭਾਵੇਂ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਚਿੱਤਰ ਬਣਾਏ ਹਨ ਪ੍ਰੰਤੂ ਗੋਬਿੰਦਰ ਸੋਹਲ ਅਤੇ ਸ਼ੋਭਾ ਸਿੰਘ ਵੱਲੋਂ ਬਣਾਏ ਗਏ ਚਿੱਤਰ ਸਰਬ ਪ੍ਰਵਾਨ ਹੋਏ ਹਨ, ਜਿਹੜੇ ਆਮ ਲੋਕਾਂ ਦੇ ਦਿਲਾਂ ਨੂੰ ਟੁੰਬਦੇ ਹਨ। ਪੰਜਾਬੀ ਵਿਰਾਸਤ ਅਤੇ ਇਸਦੇ ਇਤਿਹਾਸ ਨੂੰ ਚਿੱਤਰਣ ਵਾਲਾ ਸ਼ੋਖ਼ ਰੰਗਾਂ ਦਾ ਚਿਤੇਰਾ ਗੋਬਿੰਦਰ ਸੋਹਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ।
ਧਾਰਮਿਕ, ਇਤਿਹਾਸਕ, ਦੇਸ਼ ਭਗਤਾਂ, ਸੰਸਾਰ ਦੀਆਂ ਮਹੱਤਵਪੂਰਨ ਸ਼ਖ਼ਸੀਅਤਾਂ, ਧਾਰਮਿਕ ਅਤੇ ਇਤਿਹਾਸਕ ਘਟਨਾਵਾਂ ਅਤੇ ਖ਼ਾਸ ਤੌਰ ’ਤੇ ਸਿੱਖ ਸਭਿਆਚਾਰ ਨੂੰ ਆਪਣੇ ਬੁਰਛ ਦੀ ਛੁਹ ਨਾਲ ਜੀਵਤ ਰੂਪ ਵਿਚ ਪੇਂਟ ਕਰਕੇ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਗੋਬਿੰਦਰ ਸੋਹਲ ਕੋਮਲ ਕਲਾ ਦੇ ਖ਼ੇਤਰ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਿਚ ਸਫਲ ਹੋਏ ਹਨ। ਉਨ੍ਹਾਂ ਵੱਲੋਂ ਬਣਾਇਆ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਚਿੱਤਰ ਉਸਦੀ ਕਲਾ ਦੀ ਪਛਾਣ ਬਣ ਚੁਕਿਆ ਹੈ। ਹਰ ਅਖ਼ਬਾਰ ਅਤੇ ਰਸਾਲਾ ਉਹੀ ਤਸਵੀਰ ਲਗਾਉਂਦਾ ਹੈ। ਗੋਬਿੰਦਰ ਸੋਹਲ ਦੀ ਕਲਾਤਮਿਕ ਪ੍ਰਬੀਨਤਾ ਇਸ ਵਿਚ ਹੈ ਕਿ ਉਹ ਪੋਰਟਰੇਟ ਵਿਚ ਜਾਨ ਪਾ ਦਿੰਦਾ ਹੈ ਕਿਉਂਕਿ ਉਹ ਹਮੇਸ਼ਾ ਉੱਚ ਕੁਆਲਿਟੀ ਦੇ ਅੰਗਰੇਜ਼ੀ ਕਲਰ ਹੀ ਵਰਤਦਾ ਹੈ। ਉਸਦੇ ਬਣਾਏ ਕੁਝ ਚਿੱਤਰ ਸੰਸਾਰ ਵਿਚ ਪ੍ਰਸਿੱਧ ਹੋਏ ਜਿਨ੍ਹਾਂ ਵਿਚ ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਨਾਲ, ਭਗਤ ਸਿੰਘ, ਊਧਮ ਸਿੰਘ, ਭਾਈ ਕਨ੍ਹਈਆ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਊਧਮ ਸਿੰਘ ਦੀ ਪਗੜੀ ਵਾਲੀ ਫੋਟੋ ਜਿਹੜੀ ਕੈਕਸਟਨ ਹਾਲ ਵਿਚ ਲੱਗੀ ਹੋਈ ਹੈ, ਉਸ ’ਤੇ ਅਧਾਰਤ ਉਸ ਦੁਆਰਾ ਬਣਾਇਆ ਗਿਆ ਚਿੱਤਰ ਕਾਬਲੇ ਤਾਰੀਫ਼ ਹੈ। ਸ਼ੁਰੂ ਵਿਚ ਉਹ ਗੁਰੂਆਂ ਦੀਆਂ ਤਸਵੀਰਾਂ ਦੀ ਨਕਲ ਕਰਕੇ ਪੇਂਟ ਕਰਦਾ ਰਿਹਾ। ਫਿਰ ਉਸ ਨੂੰ 1976 ਵਿਚ ਸ੍ਰ. ਸੋਭਾ ਸਿੰਘ ਨੂੰ ਮਿਲਣ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਉਸ ਨੂੰ ਆਪਣੀਆਂ ਉਰਿਜਨਲ ਪੇਂਟਿੰਗ ਕਰਨ ਲਈ ਪ੍ਰੇਰਿਆ। ਫਿਰ ਉਸਨੇ ਸੋਭਾ ਸਿੰਘ ਨੂੰ ਆਪਣਾ ਰੋਲ ਮਾਡਲ ਬਣਾ ਲਿਆ। ਸਭ ਤੋਂ ਪਹਿਲਾ ਚਿੱਤਰ ਸੋਹਲ ਨੇ ਸ੍ਰ. ਸੋਭਾ ਸਿੰਘ ਦਾ ਹੀ ਬਣਾਇਆ। ਉਨ੍ਹਾਂ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੋਹਲ ਨੇ ਮਹੱਤਵਪੂਰਨ ਅਤੇ ਮਹਾਨ ਵਿਅਕਤੀਆਂ ਦੇ ਚਿੱਤਰ ਬਣਾਉਣੇ ਸ਼ੁਰੂ ਕਰ ਦਿੱਤੇ।
ਗੋਬਿੰਦਰ ਸੋਹਲ ਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਉਸਨੇ ਨਾਰਵੇ ਦੇ ਗੁਰੂ ਨਾਨਕ ਦਰਬਾਰ, ਕੈਨੇਡਾ ਓਨਟਾਰੀਓ ਦੇ ਖਾਲਸਾ ਦਰਬਾਰ ਅਤੇ ਭਾਰਤ ਵਿਚ ਖਡੂਰ ਸਾਹਿਬ, ਸਭਰਾਵਾਂ ਅਤੇ ਗਵਾਲੀਅਰ ਵਿਖੇ ਕਈ ਗੁਰੂ ਘਰਾਂ ਵਿਚ ਉੱਥੇ ਜਾ ਕੇ ਚਿੱਤਰ ਪੇਂਟ ਕਰਕੇ ਆਜਾਇਬ ਘਰ ਬਣਾਏ ਹਨ। ਉਸਦਾ ਚਿੱਤਰ ਬਣਾਉਣ ਦਾ ਖੇਤਰ ਵੱਖਰਾ ਹੀ ਹੈ। ਉਸਨੇ ਦੇਸ਼ ਦੇ ਸ਼ਹੀਦਾਂ, ਉਲੰਪੀਅਨ ਖਿਡਾਰੀਆਂ, ਲਿਖਾਰੀਆਂ, ਕਵੀਆਂ, ਗਾਇਕਾਂ ਅਤੇ ਸਿੱਖ ਇਤਿਹਾਸ ਵਿੱਚੋਂ ਬਹੁਤ ਸਾਰੇ ਚਿੱਤਰ ਬਣਾਏ। ਵਿਦਿਆਰਥੀਆਂ ਵਿਚ ਆਪਣੇ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਉਸ ਵੱਲੋਂ ਬਣਾਏ ਗਏ ਚਿੱਤਰ ਵੱਖ-ਵੱਖ ਵਿੱਦਿਅਕ ਅਦਾਰਿਆਂ ਵਿਚ ਲਗਾਏ ਗਏ ਹਨ ਤਾਂ ਜੋ ਬੱਚੇ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ। ਉਸਦਾ ਬਣਾਇਆ ਪੋਰਟਰੇਟ ਜਿਉਂਦਾ ਜਾਗਦਾ ਲੱਗਦਾ ਹੈ।
ਗੋਬਿੰਦਰ ਸੋਹਲ ਨੂੰ ਸਕੂਲ ਸਮੇਂ ਵਿਚ ਹੀ ਪੇਂਟਿੰਗ ਕਰਨ ਦੀ ਰੁਚੀ ਪੈਦਾ ਹੋ ਗਈ ਸੀ। ਪੜ੍ਹਾਈ ਦੇ ਬਾਕੀ ਵਿਸ਼ਿਆਂ ਵਿਚ ਉਸ ਨੂੰ ਬਿਲਕੁਲ ਹੀ ਲਗਾਓ ਨਹੀਂ ਸੀ। ਉਸਦੀ ਜ਼ਿੰਦਗੀ ਵਿਚ ਇੱਕ ਘਟਨਾ ਨੇ ਅਜੀਬ ਮੋੜ ਲੈ ਆਂਦਾ, ਜਦੋਂ ਉਹ ਚੌਥੀ ਜਮਾਤ ਵਿਚ ਪੜ੍ਹ ਰਿਹਾ ਸੀ ਤਾਂ ਹਿਸਾਬ ਦੇ ਪੀਰੀਅਡ ਵਿਚ ਉਹ ਬੈਠਾ ਚਿੱਤਰ ਬਣਾ ਰਿਹਾ ਸੀ। ਅਧਿਆਪਕ ਨੇ ਉਸ ਨੂੰ ਮੁੱਖ ਅਧਿਆਪਕ ਕੋਲ ਲਿਜਾ ਕੇ ਸ਼ਿਕਾਇਤ ਲਗਾਈ ਕਿ ਉਹ ਪੜ੍ਹਨ ਵਿਚ ਦਿਲਚਸਪੀ ਨਹੀਂ ਲੈਂਦਾ ਸਗੋਂ ਤਸਵੀਰਾਂ ਬਣਾਉਂਦਾ ਰਹਿੰਦਾ ਹੈ। ਪ੍ਰੰਤੂ ਜਦੋਂ ਮੁੱਖ ਅਧਿਆਪਕ ਨੇ ਉਸਦਾ ਬਣਾਇਆ ਚਿੱਤਰ ਵੇਖਿਆ ਤਾਂ ਉਸ ਨੂੰ ਸਜਾ ਦੇਣ ਦੀ ਥਾਂ ਸ਼ਾਬਾਸ਼ ਦਿੰਦਿਆਂ ਉਸ ਨੂੰ ਇਨਾਮ ਵੀ ਦਿੱਤਾ। ਇਸ ਤੋਂ ਗੋਬਿੰਦਰ ਸੋਹਲ ਨੂੰ ਚਿੱਤਰ ਕਲਾ ਲਈ ਉਤਸ਼ਾਹ ਮਿਲਿਆ। ਛੇਵੀਂ ਕਲਾਸ ਵਿਚ ਡਰਾਇੰਗ ਦਾ ਵਿਸ਼ਾ ਲੈ ਕੇ ਉਸਨੇ ਪੇਂਟਿੰਗ ਨੂੰ ਆਪਣਾ ਚਹੇਤਾ ਵਿਸ਼ਾ ਬਣਾ ਲਿਆ। ਹੁਣ ਉਸ ਨੂੰ ਆਪਣੀ ਇੱਛਾ ਪੂਰੀ ਕਰਨ ਦਾ ਮੌਕਾ ਮਿਲ ਗਿਆ ਅਤੇ ਉਹ ਰੰਗਾਂ ਨਾਲ ਖੇਡਣ ਲੱਗ ਗਿਆ।
ਗੋਬਿੰਦਰ ਸੋਹਲ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿਚ ਮਾਤਾ ਦਲੀਪ ਕੌਰ ਅਤੇ ਪਿਤਾ ਬਾਬੂ ਸਿੰਘ ਸੋਹਲ ਦੇ ਘਰ ਹੋਇਆ। ਕੋਮਲ ਕਲਾ ਅਤੇ ਚਿੱਤਰਕਲਾ ਦਾ ਸ਼ੌਕ ਗੋਬਿੰਦਰ ਸੋਹਲ ਨੂੰ ਆਪਣੇ ਪਰਿਵਾਰ ਦੀ ਵਿਰਾਸਤ ਵਿੱਚੋਂ ਹੀ ਗੁੜ੍ਹਤੀ ਨਾਲ ਹੀ ਮਿਲ ਗਿਆ ਸੀ ਕਿਉਂਕਿ ਪਰਿਵਾਰ ਦੀਆਂ ਇਸਤਰੀਆਂ ਘਰ ਵਿਚ ਹੀ ਦਰੀਆਂ ਅਤੇ ਖੇਸ ਬੁਣਦੀਆਂ ਅਤੇ ਫੁਲਕਾਰੀਆਂ ਅਤੇ ਬਾਗ ਦੀ ਕਢਾਈ ਕਰਦੀਆਂ, ਮੰਜੇ ਬੁਣਦੀਆਂ ਰਹਿੰਦੀਆਂ ਸਨ, ਜਿਨ੍ਹਾਂ ਵਿਚ ਮੋਰ, ਮੁਰਗੀਆਂ ਅਤੇ ਹਿਰਨ ਬਣਾਉਂਦੀਆਂ ਰਹਿੰਦੀਆਂ ਸਨ। ਉਸਦਾ ਦਾਦਾ ਲੱਕੜ ਦਾ ਕੰਮ ਕਰਦਾ ਸੀ ਅਤੇ ਖ਼ੂਬਸੂਰਤ ਚਰਖੇ, ਪਿੱਤਲ ਦੇ ਕੋਕਿਆਂ ਵਾਲੇ ਗੱਡੇ ਵੀ ਬਣਾਉਂਦਾ ਸੀ। ਘਰ ਦਾ ਮਾਹੌਲ ਹੀ ਕਲਾਕਾਰੀ ਦਾ ਸੀ ਜਿਸਨੇ ਗੋਬਿੰਦਰ ਸੋਹਲ ਦੇ ਅੱਲੜ੍ਹ ਮਨ ’ਤੇ ਚਿੱਤਰਕਾਰੀ ਕਰਨ ਦਾ ਪ੍ਰਭਾਵ ਪਾਇਆ। ਸਕੂਲ ਵਿਚ ਬੈਠਾ ਵੀ ਉਹ ਚਿੱਤਰ ਬਣਾਉਂਦਾ ਰਹਿੰਦਾ ਸੀ। ਉਸਦੀ ਚਿੱਤਰਕਲਾ ਵਿਚ ਨਿਖ਼ਾਰ ਦਾ ਕਾਰਨ ਉਸਦਾ ਕਈ ਖੇਤਰਾਂ ਵਿਚ ਪੜ੍ਹਾਈ ਕਰਨਾ ਵੀ ਹੈ। ਗੋਬਿੰਦਰ ਸੋਹਲ ਨੇ ਫਾਈਨ ਆਰਟਸ ਵਿਚ ਡਿਪਲੋਮਾ ਨਾਰਵੇ ਤੋਂ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਪਰਸਨਲ ਮੈਨੇਜਮੈਂਟ ਅਤੇ ਇੰਡਸਟੀਅਲ ਟ੍ਰੇਨਿੰਗ ਦਾ ਡਿਪਲੋਮਾ ਪਾਸ ਕੀਤਾ ਹੈ। ਉਹ ਫੁੱਟਬਾਲ ਅਤੇ ਅਥਲੈਟਿਕਸ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਰਿਹਾ ਹੈ।
ਹਰ ਕਲਾਕਾਰ ਆਪਣੀ ਮਾਨਸਿਕ ਤ੍ਰਿਪਤੀ ਅਤੇ ਆਪਣੀ ਰੋਜ਼ੀ ਰੋਟੀ ਦੇ ਮਕਸਦ ਨਾਲ ਚਿੱਤਰ ਬਣਾਉਂਦਾ ਹੈ ਪ੍ਰੰਤੂ ਕੁਝ ਕਲਾਕਾਰ ਅਜਿਹੇ ਹੁੰਦੇ ਹਨ ਜਿਹੜੇ ਆਪਣੀ ਵਿਰਾਸਤ ਨੂੰ ਚਿੱਤਰਕੇ ਸਦਾ ਲਈ ਲੋਕਾਂ ਦੇ ਮਨਾਂ ’ਤੇ ਰਾਜ ਕਰਨ ਲਗਦੇ ਹਨ। ਗੋਬਿੰਦਰ ਸੋਹਲ ਵੀ ਉਨ੍ਹਾਂ ਕਲਾਕਾਰਾਂ ਵਿੱਚੋਂ ਹੈ ਪ੍ਰੰਤੂ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਉਸਦੇ ਸਿੱਖ ਧਰਮ ਬਾਰੇ ਬਣਾਏ ਗਏ ਚਿੱਤਰਾਂ ਦੀ ਨਾਂ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾ ਹੀ ਪੰਜਾਬ ਸਰਕਾਰ ਨੇ ਕਦਰ ਪਾਈ ਹੈ। ਪ੍ਰੰਤੂ ਕੁਝ ਹੋਰ ਕਲਾ ਦੇ ਖੇਤਰ ਦੀਆਂ 20 ਸੰਸਥਾਵਾਂ ਨੇ ਉਸ ਨੂੰ ਮਾਣ ਸਨਮਾਨ ਦੇ ਕੇ ਸਤਿਕਾਰਿਆ ਹੈ।
*****
(946)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)