“ਇਸ ਪੁਸਤਕ ਵਿੱਚ ਉਨ੍ਹਾਂ ਨੇ 23 ਲੇਖਾਂ ਵਿੱਚ ਉਨ੍ਹਾਂ ਸਾਹਿਤਕਾਰਾਂ ਦੀਆਂ ਰਚਨਾਵਾਂ ਦੀ ਸਮੀਖਿਆ ...”
(12 ਜਨਵਰੀ 2022)
ਸੁਰਜੀਤ ਪੰਜਾਬੀ ਦੀ ਬਹੁ-ਪੱਖੀ ਅਤੇ ਬਹੁ-ਵਿਧਾਵੀ ਸਾਹਿਤਕਾਰ ਹਨ। ਕੈਨੇਡਾ ਦੀ ਧਰਤੀ ’ਤੇ ਪੰਜਾਬ ਅਤੇ ਪੰਜਾਬੀਅਤ ਦੀ ਮਿੱਟੀ ਦੀ ਮਹਿਕ ਨੂੰ ਸਮੁੱਚੇ ਜਗਤ ਵਿੱਚ ਫੈਲਾਕੇ ਸੰਸਾਰ ਨੂੰ ਸੁਗੰਧਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਪੁਸਤਕ ਵੀ ਉਸੇ ਕੜੀ ਦਾ ਹਿੱਸਾ ਹੈ। ਇਸੇ ਕੋਸ਼ਿਸ਼ ਵਿੱਚ ਉਨ੍ਹਾਂ ਨੇ ਹੁਣ ਤਕ ਪੰਜਾਬੀ ਬੋਲੀ ਦੀ ਝੋਲੀ ਵਿੱਚ ਕਵਿਤਾ ਅਤੇ ਕਹਾਣੀਆਂ ਦੀ 6 ਪੁਸਤਕਾਂ ਪਾਈਆਂ ਹਨ। ਉਨ੍ਹਾਂ ਦੀ ਸੱਤਵੀਂ ਪੁਸਤਕ ‘ਪਰਵਾਸੀ ਪੰਜਾਬੀ ਸਾਹਿਤ (ਸ਼ਬਦ ਤੇ ਸੰਵਾਦ) ਆਮ ਪ੍ਰਚਲਿਤ ਵਿਧਾਵਾਂ ਨਾਲੋਂ ਨਵੇਕਲੀ ਪੁਸਤਕ ਹੈ। ਇਸ ਪੁਸਤਕ ਵਿੱਚ ਉਨ੍ਹਾਂ ਨੇ 23 ਲੇਖਾਂ ਵਿੱਚ ਉਨ੍ਹਾਂ ਸਾਹਿਤਕਾਰਾਂ ਦੀਆਂ ਰਚਨਾਵਾਂ ਦੀ ਸਮੀਖਿਆ ਕੀਤੀ ਹੈ, ਜਿਹੜੇ ਪੰਜਾਬ ਅਤੇ ਪੰਜਾਬੀਅਤ ਨਾਲ ਬਾਵਾਸਤਾ ਹਨ। ਉਨ੍ਹਾਂ ਦਾ ਪਹਿਲਾ ਹੀ ਲੇਖ ‘ਕੈਨੇਡੀਅਨ ਪੰਜਾਬੀ ਨਾਰੀ-ਕਾਵਿ ਦੇ ਥੀਮਕ ਪਾਸਾਰ’ ਬਾਰੇ ਹੈ। ਇਸ ਲੇਖ ਵਿੱਚ ਉਨ੍ਹਾਂ ਨੇ ਨਾਰੀ ਕਾਵਿ ਦੇ ਅਨੇਕਾਂ ਰੰਗਾਂ ’ਤੇ ਝਾਤ ਪਵਾਉਂਦਿਆਂ ਇਹ ਦੱਸਿਆ ਹੈ ਕਿ ਪੰਜਾਬੀ ਨਾਰੀ ਅਜੇ ਤਕ ਵੀ ਪੂਰੀ ਤਰ੍ਹਾਂ ਸੁਤੰਤਰ ਨਹੀਂ ਹੈ। ਘੁਟਣ ਵਿੱਚ ਜ਼ਿੰਦਗੀ ਬਸਰ ਕਰ ਰਹੀ ਹੈ। ਪਰਵਾਸ ਵਿੱਚ ਆ ਕੇ ਵੀ ਹੀਣਤਾ ਭਾਵਨਾ ਦਾ ਸ਼ਿਕਾਰ ਹੈ ਕਿਉਂਕਿ ਸਮਾਜਿਕ ਮਾਨਸਿਕਤਾ ਵਿੱਚੋਂ ਬਰਾਬਰਤਾ ਦਾ ਸੰਕਲਪ ਉੱਘੜਕੇ ਨਹੀਂ ਆ ਰਿਹਾ। ਇੱਕ ਹੋਰ ਕਮਾਲ ਦੀ ਗੱਲ ਕਰਦਿਆਂ ਉਨ੍ਹਾਂ ਨਾਰੀ ਨੂੰ ਆਪਣੀ ਮਹੱਤਤਾ ਅਤੇ ਪਛਾਣ ਬਣਾਉਣ ਲਈ ਉਨ੍ਹਾਂ ਨੂੰ ਕਵਿੱਤਰੀ ਨਹੀਂ ਸਗੋਂ ਕਵੀ ਹੀ ਲਿਖਿਆ ਹੈ।
ਇਸ ਪੁਸਤਕ ਵਿੱਚ ਸੁਖਿੰਦਰ ਦੀਆਂ ਕਵਿਤਾਵਾਂ ਦੀਆਂ ਦੋ ਪੁਸਤਕਾਂ ਬਾਰੇ ਲੇਖ ਹਨ। ਗਲੋਬਲੀ ਚਿੰਤਨ ਦੀ ਕਵਿਤਾ- ‘ਸਮੋਸਾ ਪਾਲਿਟਿਕਸ’ ਪੁਸਤਕ ਨੂੰ ਗਲੋਬਲੀ ਚਿੰਤਨ ਦੀ ਕਵਿਤਾ ਦੇ ਸਿਰਲੇਖ ਸਮਝਦਿਆਂ ਇਸ ਲੇਖ ਵਿੱਚ ਸੁਰਜੀਤ ਨੇ ਲਿਖਿਆ ਹੈ ਕਿ ਕਵੀ ਸਮਾਜਿਕ ਸਰੋਕਾਰਾਂ ਦਾ ਮੁਦਈ ਹੈ। ਸਮਾਜ ਵਿੱਚ ਜਿੰਨੀਆਂ ਵੀ ਸਮਾਜਿਕ ਬੁਰਾਈਆਂ ਹਨ, ਉਨ੍ਹਾਂ ਸੰਬੰਧੀ ਦਿਲਾਂ ਨੂੰ ਕੁਰੇਦਣ ਵਾਲੀਆਂ ਕਵਿਤਾਵਾਂ ਲਿਖਦੇ ਹਨ, ਜਿਹੜੀਆਂ ਪਾਠਕਾਂ ਨੂੰ ਆਪਣੇ ਨਾਲ ਤੋਰਦੀਆਂ ਹੋਈਆਂ ਦ੍ਰਿਸ਼ਟਾਂਤਕ ਪ੍ਰਗਟਾਵਾ ਕਰ ਜਾਂਦੀਆਂ ਹਨ। ਸਮਾਜਿਕ ਵਿਸੰਗਤੀਆਂ ਦੇ ਹਰ ਪਹਿਲੂ ਬਾਰੇ ਸੁਖਿੰਦਰ ਦੀ ਸੰਜੀਦਾ ਪਹੁੰਚ ਕਵਿਤਾਵਾਂ ਰਾਹੀਂ ਲੋਕ ਲਹਿਰ ਪੈਦਾ ਕਰਨ ਦੇ ਸਮਰੱਥ ਹੈ। ਇਸਤਰੀਆਂ ਬਾਰੇ ਸੁਖਿੰਦਰ ਦੀਆਂ ਕਵਿਤਾਵਾਂ ਸਟੀਕ ਕਿਸਮ ਦੀਆਂ ਹਨ। ਇਸੇ ਤਰ੍ਹਾਂ ਉਨ੍ਹਾਂ ਦੀ ਦੂਜੀ ‘ਡਾਇਰੀ ਦੇ ਪੰਨੇ’ ਪੁਸਤਕ ਵਿੱਚ ਕਵੀ ਦੀ ਵਿਚਾਰਧਾਰਕ ਦ੍ਰਿਸ਼ਟੀ ਵਿੱਚ ਸੁਰਜੀਤ ਨੇ ਦੱਸਿਆ ਹੈ ਕਿ ਸੁਖਿੰਦਰ ਦੀ ਇਸ ਪੁਸਤਕ ਵਿੱਚ 25 ਕਵਿਤਾਵਾਂ ਹਨ। ਇਹ ਕਵਿਤਾਵਾਂ ਸਮਾਜ ਵਿੱਚ ਜਿਹੜੀਆਂ ਰੋਜ਼ ਮਰਰ੍ਹਾ ਦੀ ਜ਼ਿੰਦਗੀ ਵਿੱਚ ਘਟਨਾਵਾਂ ਵਾਪਰ ਰਹੀਆਂ ਸਨ, ਉਨ੍ਹਾਂ ਦੀ ਪ੍ਰਤੀਕ੍ਰਿਆ ਵਿੱਚ ਬੜੀ ਸਖ਼ਤ ਸ਼ਬਦਾਵਲੀ ਵਿੱਚ ਲਿਖੀਆਂ ਗਈਆਂ ਹਨ। ਉਹ ਹਰ ਸਮਾਜਿਕ ਕੁਰੀਤੀ ਅਤੇ ਕੁਰੀਤੀ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲੈਂਦਿਆਂ ਲਿਖੀਆਂ ਗਈਆਂ ਹਨ।
ਡਾ. ਗੁਰਬਖ਼ਸ ਸਿੰਘ ਭੰਡਾਲ ਦੀਆਂ ਦੋ ਪੁਸਤਕਾਂ ‘ਰੂਹ ਰੇਜ਼ਾ’ ਅਤੇ ‘ਜ਼ਿੰਦਗੀ’ ਦੀਆਂ ਕਵਿਤਾਵਾਂ ਦਾ ਕਾਵਿ ਸੰਵਾਦ ਕਰਦਿਆਂ ਸੁਰਜੀਤ ਨੇ ਲਿਖਿਆ ਹੈ ਕਿ ਉਹ ਇੱਕ ਵਿਲੱਖਣ ਕਿਸਮ ਦੀ ਕਾਵਿ ਸ਼ੈਲੀ ਦੇ ਮਾਲਕ ਹਨ। ਇੱਕ ਵਿਗਿਆਨਕ ਹੋਣ ਦੇ ਨਾਤੇ ਕਵੀ ਦੀ ਸ਼ਬਦਾਵਲੀ ਵੀ ਬਹੁਰੰਗੀ ਹੈ। ਉਹ ਸੰਵੇਦਨਸ਼ੀਲ ਕਵਿਤਾਵਾਂ ਲਿਖਦੇ ਹਨ ਅਤੇ ਸਮਾਜਿਕ ਤਾਣੇ ਬਾਣੇ ਵਿੱਚ ਆਈ ਗਿਰਾਵਟ ਕਾਰਨ ਮਾਨਵੀ ਰਿਸ਼ਤਿਆਂ ਦੀ ਕੁੜੱਤਣ ਬਾਰੇ ਚਿੰਤਾਤੁਰ ਹਨ ਪ੍ਰੰਤੂ ਇਸਦੇ ਨਾਲ ਹੀ ਉਨ੍ਹਾਂ ਦੀਆਂ ਕਵਿਤਾਵਾਂ ਵਿੱਚੋਂ ਆਸ਼ਾ ਦੀ ਕਿਰਨ ਵਿਖਾਈ ਦਿੰਦੀ ਹੈ। ‘ਜ਼ਿੰਦਗੀ’ 100 ਪੰਨਿਆਂ ਦੀ ਇੱਕ ਲੰਬੀ ਕਵਿਤਾ ਹੈ, ਜਿਸ ਵਿੱਚ ਜ਼ਿੰਦਗੀ ਦੇ ਅਨੇਕਾਂ ਰੰਗ ਅਤੇ ਉਤਰਾਅ-ਚੜ੍ਹਾਅ ਨੂੰ ਦ੍ਰਿਸ਼ਟਾਂਤਕ ਰੂਪ ਵਿੱਚ ਬਿੰਬ, ਚਿੰਨ੍ਹ, ਅਲੰਕਾਰ ਅਤੇ ਮੁਹਾਵਰੇ ਵਰਤਕੇ 3-4 ਸਤਰਾਂ ਦੇ ਟੋਟਿਆਂ ਵਿੱਚ ਬੜੀ ਸਰਲ ਸ਼ਬਦਾਵਲੀ ਵਿੱਚ ਲਿਖਿਆ ਗਿਆ ਹੈ।
ਪਿਆਰਾ ਸਿੰਘ ਕੁੱਦੋਵਾਲ ਦੀਆਂ ਤਿੰਨ ਪੁਸਤਕਾਂ ਜਿਨ੍ਹਾਂ ਵਿੱਚ ਦੋ ‘ਸਮਿਆਂ ਤੋਂ ਪਾਰ’ ਅਤੇ ‘ਸੂਰਜ ਨਹੀਂ ਮੋਇਆ’ ਦੀ ਕਾਵਿ ਦ੍ਰਿਸ਼ਟੀ ਦਾ ਵਿਸ਼ਲੇਸ਼ਣ ਕਰਦਿਆਂ ਸੁਰਜੀਤ ਨੇ ਕੁੱਦੋਵਾਲ ਦੀਆਂ ਕਵਿਤਾਵਾਂ ਵਿੱਚ ਮਾਨਵਾਦੀ ਵਿਚਾਰਧਾਰਾ, ਮਨੁੱਖਤਾ ਦੇ ਦਰਦ ਦੀ ਦਾਸਤਾਂ ਨੂੰ ਬਿਆਨਦਿਆਂ ਦਹਿਸ਼ਤਗਰਦੀ ਦੇ ਬੁਰੇ ਪ੍ਰਭਾਵਾਂ ਦਾ ਸਾਹਿਤਕ ਰੰਗ ਵਿੱਚ ਕੀਤਾ ਪ੍ਰਗਟਾਵਾ ਕਿਹਾ ਹੈ। ਕੁੱਦੋਵਾਲ ਦੀ ਕਵਿਤਾ ਸੰਸਾਰ ਵਿੱਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਚਿੰਤਾ ਵਿੱਚ ਲਿਖੀ ਗਈ ਹੈ। ਕੁੱਦੋਵਾਲ ਦੀ ਤੀਜੀ ਕਾਵਿ ਨਾਟਕ ਪੁਸਤਕ ‘ਸਰਹਿੰਦ ਫ਼ਤਿਹ’ ਇੱਕ ਇਤਿਹਸਕ ਨਾਟਕ ਹੈ ਜੋ ਨੌਜਵਾਨਾਂ ਨੂੰ ਆਪਣੀ ਅਮੀਰ ਵਿਰਾਸਤ ਦੀ ਯਾਦ ਦਿਵਾਉਂਦੀ ਪ੍ਰੇਰਨਾਦਾਇਕ ਬਣਦੀ ਹੈ।
ਪਰਮ ਸਰਾਂ ਦੀ ਪਲੇਠੀ ਪੁਸਤਕ ‘ਤੂੰ ਕੀ ਜਾਣੇਂ’ ਦਾ ਕਾਵਿ ਪ੍ਰਵਚਨ ਬਾਰੇ ਸਮੀਖਿਆ ਕਰਦਿਆਂ ਸੁਰਜੀਤ ਨੇ ਲਿਖਿਆ ਹੈ ਕਿ ਪਰਮ ਸਰਾਂ ਦੀ ਇਸ ਪੁਸਤਕ ਵਿੱਚ ਇਸਤਰੀ ਜ਼ਾਤੀ ਨਾਲ ਮਰਦ ਵੱਲੋਂ ਕੀਤੀਆਂ ਜਾਂਦੀਆਂ ਸਰੀਰਕ ਅਤੇ ਮਾਨਸਿਕ ਅਭੀਵਿਅਕਤੀਆਂ ਦਾ ਪ੍ਰਗਟਾਵਾ ਹਨ ਪ੍ਰੰਤੂ ਕੁਝ ਕਵਿਤਾਵਾਂ ਵਿੱਚ ਪਰਮ ਸਰਾਂ ਨੇ ਇਸਤਰੀਆਂ, ਮਰਦਾਂ ਦੇ ਪਿਆਰ ਵਿੱਚ ਗੜੁੱਚ ਹੋ ਕੇ ਪ੍ਰਸੰਨ ਵੀ ਹੁੰਦੀਆਂ ਵਿਖਾਈਆਂ ਹਨ। ਸਮੁੱਚੇ ਤੌਰ ’ਤੇ ਪਰਮ ਸਰਾਂ ਰੁਮਾਂਸਵਾਦੀ ਕਵਿਤਾ ਲਿਖਦੀ ਹੈ।
ਸੁਰਜੀਤ ਨੇ ਨੀਲਮ ਸੈਣੀ ਦੀਆਂ ਦੋ ਪੁਸਤਕਾਂ ‘ਹਰਫਾਂ ਦੀ ਡੋਰ’ ਦੇ ਕਾਵਿ ਪਾਸਾਰ ਅਤੇ ‘ਅਕਸ’ ਦੇ ਵਿਸ਼ੇਗਤ ਅਧਿਐਨ ਬਾਰੇ ਲਿਖਦਿਆਂ ਦੱਸਿਆ ਹੈ ਕਿ ਕਵੀ ਦੀਆਂ ਕਵਿਤਾਵਾਂ ਪੰਜਾਬੀ ਸਭਿਅਚਾਰ ਦੀਆਂ ਪ੍ਰਤੀਕ ਹਨ। ਉਨ੍ਹਾਂ ਦੀ ਹਰ ਕਵਿਤਾ ਵਿੱਚੋਂ ਪੰਜਾਬੀਅਤ ਝਲਕਦੀ ਹੈ। ਅਮਰੀਕਾ ਦੇ ਆਰਥਿਕ ਖੋਖਲੇਪਣ ਬਾਰੇ ਵੀ ਚਿੰਤਾ ਵਾਲੀਆਂ ਕਵਿਤਾਵਾਂ ਲਿਖਦੀ ਹੈ। ਅਕਸ ਪੁਸਤਕ ਵਿੱਚ ਪਰਵਾਸੀਆਂ ਦੀ ਜੱਦੋਜਹਿਦ, ਲਾਲਚ ਵਿੱਚ ਹੋਏ ਅਣਜੋੜ ਵਿਆਹਾਂ, ਮਾਪਿਆਂ ਦੀ ਬੇਕਦਰੀ, ਨਸ਼ਿਆਂ ਅਤੇ ਖੁਦਕੁਸ਼ੀਆਂ ਬਾਰੇ ਸੰਵੇਦਨਸ਼ੀਲ ਕਵਿਤਾਵਾਂ ਲਿਖੀਆਂ ਹਨ।
ਸੁਰਜੀਤ ਨੇ ਜਸਬੀਰ ਕਾਲਰਵੀ ਦੀਆਂ ਦੋ ਪੁਸਤਕਾਂ, ਜਿਨ੍ਹਾਂ ਵਿੱਚ ਇੱਕ ਕਵਿਤਾ ਦੀ ਅਤੇ ਦੂਜੀ ਨਾਵਲ-ਜਗਤ ਹੈ। ਪੁਸਤਕ ‘ਗੁੰਬਦ’ ਵਿੱਚ ਮਨੁੱਖੀ ਅੰਤਰਮਨ ਦੀ ਸ਼ਾਇਰੀ ਬਾਰੇ ਬਹੁਤ ਕਮਾਲ ਦਾ ਲਿਖਿਆ ਕਿਉਂਕਿ ਉਨ੍ਹਾਂ ਨੇ ਖੁਦ ਸਾਧਨਾ ਕੀਤੀ ਹੋਈ ਹੈ, ਇਸ ਲਈ ਉਹ ਕਵੀ ਦੀ ਗੁੰਬਦ ਪੁਸਤਕ ਵਿਚਲੀ ਅੰਤਰੀਵ ਆਤਮਾ ਨੂੰ ਬਾਖ਼ੂਬੀ ਸਮਝਦੀ ਹੈ। ਉਨ੍ਹਾਂ ਨੇ ਕਵੀ ਦੀ ਅੰਤਹਕਰਨ ਦੀ ਆਵਾਜ਼ ਨੂੰ ਪਛਾਣਦਿਆਂ ਦੱਸਿਆ ਹੈ ਕਿ ਕਾਲਰਵੀ ਨੇ ਆਪਣੀਆਂ ਕਵਿਤਾਵਾਂ ਨੂੰ ਲੋਕਾਈ ਦੀਆਂ ਕਵਿਤਾਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਕਵੀ ਦੀ ਭਾਵਨਾ ਖੁਦ ਆਪਣੀ ਹਉਮੈਂ ਹੀ ਨਹੀਂ ਸਗੋਂ ਉਹ ਲੋਕਾਈ ਨੂੰ ਹਉਮੈਂ ਤੋਂ ਖਹਿੜਾ ਛੁਡਾਉਣ ਲਈ ਪ੍ਰੇਰਦੇ ਹਨ। ਕਾਲਰਵੀ ਦੇ ਨਾਵਲ ਜਗਤ ਦੀ ਸਮੀਖਿਆ ਕਰਦਿਆਂ ਸੁਰਜੀਤ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਨਾਵਲ ‘ਅੰਮ੍ਰਿਤ’ ਵਿੱਚ ਸਮਾਜ ਦੇ ਤਾਣੇ ਬਾਣੇ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਬਾਖੂਬੀ ਚਿਤਰਿਆ ਹੈ। ਨਾਵਲ ਵਿੱਚ ਇਨਸਾਨ ਦੀ ਉਪਰਾਮਤਾ, ਉਦਾਸੀ, ਅੰਤਰ ਦਵੰਦ, ਜੀਵਨ ਦਾ ਰਹੱਸ ਅਤੇ ਜ਼ਿੰਦਗੀ ਜਿਊਣ ਦਾ ਢੰਗ ਦੱਸਿਆ ਹੈ। ਨਾਵਲ ਗਿਆਨ ਦਾ ਭੰਡਾਰ ਅਤੇ ਆਤਮਿਕ ਪ੍ਰਾਪਤੀ ਦੀ ਜੱਦੋਜਹਿਦ ਦੀ ਤਸਵੀਰ ਵੀ ਪੇਸ਼ ਕਰਦਾ ਹੈ।
ਪ੍ਰੋਫੈਸਰ ਜਾਗੀਰ ਸਿੰਘ ਕਾਹਲੋਂ ਦੀ ਪੁਸਤਕ ‘ਜਲਾਵਤਨ’ ਦੀ ਕਾਵਿ ਕਲਾ ਬਾਰੇ ਲਿਖਦਿਆਂ ਸੁਰਜੀਤ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਇਸ ਪੁਸਤਕ ਦਾ ਮੁੱਖ ਵਿਸ਼ਾ ਪਰਵਾਸ ਵਿੱਚ ਜੱਦੋਜਹਿਦ ਦੀ ਜ਼ਿੰਦਗੀ ਜਿਓਂ ਰਹੇ ਲੋਕ ਘੁਟਣ ਵਿੱਚ ਵੀ ਚੰਗਾ ਮਹਿਸੂਸ ਕਰਦੇ ਹਨ ਪ੍ਰੰਤੂ ਵਤਨ ਵਾਪਸ ਜਾਣ ਦਾ ਹੇਰਵਾ ਰਹਿੰਦਾ ਹੈ।
ਹਰਜਿੰਦਰ ਸਿੰਘ ਪੱਤੜ ਦੀ ਪੁਸਤਕ ‘ਪੈਂਡਾ’ ਦਾ ਕਾਵਿ ਅਧਿਐਨ ਕਰਦਿਆਂ ਸੁਰਜੀਤ ਨੇ ਦੱਸਿਆ ਹੈ ਕਿ ਕਵੀ ਪਰਵਾਸੀਆਂ ਦੀ ਜ਼ਿੰਦਗੀ ਦੇ ਸਾਰੇ ਰੰਗਾਂ, ਜਿਨ੍ਹਾਂ ਵਿੱਚ ਰੋਜ਼ੀ ਰੋਟੀ ਲਈ ਸਖਤ ਮਿਹਨਤ ਅਤੇ ਦੇਸ ਪੰਜਾਬ ਜਾਣ ਦੀ ਤਾਂਘ ਭਾਰੂ ਰਹਿੰਦੀ ਹੈ। ਜੋਗਿੰਦਰ ਸਿੰਘ ਅਣਖੀਲਾ ਦੀ ਪੁਸਤਕ ‘ਅੱਜ ਕੱਲ੍ਹ’ ਦੀ ਸ਼ਾਇਰੀ ਬਾਰੇ ਸੁਰਜੀਤ ਨੇ ਲਿਖਿਆ ਹੈ ਕਿ ਉਸਦੀ ਕਵਿਤਾ ਸੰਵੇਦਨਸ਼ੀਲ ਹੈ। ਅਣਖੀਲਾ ਦੀ ਕਵਿਤਾ ਕੈਨੇਡੀਅਨ ਜੀਵਨ ਦੇ ਸਾਰੇ ਰੰਗਾਂ ਨੂੰ ਦਰਸਾਉਂਦੀ ਹੋਈ ਦਰਿਆ ਦੀ ਰਵਾਨਗੀ ਦੀ ਤਰ੍ਹਾਂ ਵਹਿੰਦੀ ਰਹਿੰਦੀ ਹੈ।
ਸੁਰਜੀਤ ਨੇ ਅਮਨਦੀਪ ਕੌਰ ਹਾਂਸ ਦੀ ਪੁਸਤਕ ‘ਨਾ ਵੰਝਲੀ ਨਾ ਤਿਤਲੀ’ ਵਿਚਲੀ ਔਰਤ ਦੇ ਅੰਤਰਮਨ ਦੀ ਆਵਾਜ਼ ਬਾਰੇ ਦੱਸਿਆ ਹੈ ਕਿ ਉਸਦੀਆਂ ਕਵਿਤਾਵਾਂ ਇਸਤਰੀ ਜਾਤੀ ਵਿੱਚ ਦਲੇਰੀ, ਹਿੰਮਤ ਅਤੇ ਦ੍ਰਿੜ੍ਹਤਾ ਦਾ ਸੰਕਲਪ ਪੈਦਾ ਕਰਨ ਦਾ ਯੋਗਦਾਨ ਪਾ ਰਹੀਆਂ ਹਨ। ਹਾਂਸ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ’ਤੇ ਪਹਿਰਾ ਦੇਣ ਵਾਲੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਜੱਗੀ ਬਰਾੜ ਸਮਾਲਸਰ ਦੀ ਪੁਸਤਕ ‘ਵੰਝਲੀ’ ਬਾਰੇ ਵੀ ਉਹ ਲਿਖਦੇ ਹਨ ਕਿ ਇਸ ਪੁਸਤਕ ਦੀਆਂ ਕਵਿਤਾਵਾਂ ਇੱਕ ਗੁਲਦਸਤੇ ਦਾ ਰੂਪ ਧਾਰ ਕੇ ਬਹੁਰੰਗੀ ਖ਼ੁਸ਼ਬੋ ਖਿਲਾਰਦੀਆਂ ਵਾਤਾਵਰਣ ਨੂੰ ਸੰਗੀਤਮਈ ਕਰ ਲੈਂਦੀਆਂ ਹਨ। ਉਨ੍ਹਾਂ ਦੀਆਂ ਕਵਿਤਾਵਾਂ ਵਿੱਚੋਂ ਸੰਗੀਤ ਦੀਆਂ ਧੁਨਾ ਦੀ ਮਧੁਰ ਆਵਾਜ਼ ਆਉਂਦੀ ਰਹਿੰਦੀ ਹੈ।
ਸੁਰਜੀਤ ਨੇ ਮਲੂਕ ਸਿੰਘ ਦੀ ਪੁਸਤਕ ‘ਵਿਰਸੇ ਦੇ ਵਾਰਿਸ’ ਦੇ ਸਾਹਿਤਕ ਸੰਦੇਸ਼ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਪੁਸਤਕ ਦੀਆਂ ਕਵਿਤਾਵਾਂ ਅਮੀਰ ਪੰਜਾਬੀ ਵਿਰਾਸਤ ਦੀ ਬਾਤ ਪਾਉਂਦੀਆਂ ਹੋਈਆਂ ਉਨ੍ਹਾਂ ’ਤੇ ਪਹਿਰਾ ਦੇਣ ਦੀ ਪ੍ਰੇਰਨਾ ਦਿੰਦੀਆਂ ਹਨ। ਇਸੇ ਤਰ੍ਹਾਂ ਪਰਵਿੰਦਰ ਗੋਗੀ ਦੀ ਪੁਸਤਕ ‘ਪਿਆਸੀ ਨਦੀ’ ਦਾ ਕਾਵਿ ਅਧਿਐਨ ਕਰਦਿਆਂ ਲਿਖਿਆ ਹੈ ਕਿ ਕਵਿੱਤਰੀ ਦੀਆਂ ਕਵਿਤਾਵਾਂ ਸੂਖਮ ਅਤੇ ਸੰਵੇਦਨਸ਼ੀਲ ਹਨ। ਪੀੜਾ ਅਤੇ ਉਦਾਸੀ ਉਨ੍ਹਾਂ ਦੀ ਕਵਿਤਾ ਦਾ ਧੁਰਾ ਹਨ।
‘ਕੁਛ ਹਰਫ਼ ਤੇਰੇ ਨਾਂ’ ਨੌਜਵਾਨ ਸ਼ਾਇਰ ਲਖਵੀਰ ਸਿੰਘ ਦੀ ਪੁਸਤਕ ਦੀਆਂ ਬਹੁਤੀਆਂ ਕਵਿਤਾਵਾਂ ਭਾਵਨਾ ਵਿੱਚ ਵਹਿਕੇ ਲਿਖੀਆਂ ਗਈਆਂ ਹਨ। ਕਵੀ ਨਿਰਾਸ਼ਾਵਾਦੀ ਕਵਿਤਾਵਾਂ ਨੂੰ ਤਰਜੀਹ ਦਿੰਦਾ ਹੈ। ਨਾਹਰ ਔਜਲਾ ਦੇ ਨਾਟਕ ‘ਡਾਲਰਾਂ ਦੀ ਦੌੜ’ ਦੇ ਨਾਟ ਸਰੋਕਾਰਾਂ ਬਾਰੇ ਲਿਖਦਿਆਂ ਸੁਰਜੀਤ ਨੇ ਦੱਸਿਆ ਹੈ ਕਿ ਪੰਜਾਬੀ ਪਰਵਾਸੀ ਕੈਨੇਡਾ ਵਿੱਚ ਆ ਕੇ ਵੀ ਵਿਖਾਵੇ ਵਿੱਚ ਵਿਸ਼ਵਾਸ ਕਰਦੇ ਹੋਏ ਝੁਗਾ ਚੌੜ ਕਰਵਾ ਲੈਂਦੇ ਹਨ। ਪੰਜਾਬੀਆਂ ਦੀ ਗਿਰਾਵਟ ਦੀ ਤਸਵੀਰ ਵੀ ਪੇਸ਼ ਕੀਤੀ ਗਈ ਹੈ।
ਸੁਪਨਾ ਚਾਮੜੀਆ ਦੁਆਰਾ ਲਿਖੀ ਅਤੇ ਨੀਤੂ ਅਰੋੜਾ ਦੁਆਰਾ ਅਨੁਵਾਦਿਤ ‘ਮੈਨੂੰ ਛੁੱਟੀ ਚਾਹੀਦੀ ਹੈ’ ਦੀ ਸਾਹਿਤਕ ਮਹੱਤਤਾ ਬਾਰੇ ਸੁਰਜੀਤ ਨੇ ਲਿਖਦਿਆਂ ਦੱਸਿਆ ਹੈ ਕਿ ਇਸ ਪੁਸਤਕ ਵਿੱਚ ਔਰਤ ਦੀ ਔਰਤ ਤੋਂ ਮੁਕਤੀ, ਪ੍ਰੰਰਰਾਵਾਂ ਨਾਲ ਜਦੋਜਹਿਦ, ਮਰਦ ਦਾ ਔਰਤ ਨੂੰ ਬਰਾਬਰ ਨਾ ਰੱਖਣਾ ਅਤੇ ਔਰਤ ਦੀ ਹੀਣ ਭਾਵਨਾ ਦੀ ਤ੍ਰਾਸਦੀ ਦੀ ਕਹਾਣੀ ਹੈ। ਔਰਤ ਸਿਰਫ ਰੋਟੀ ਬਣਾਉਣ ਦਾ ਸਾਧਨ ਹੀ ਸਮਝੀ ਜਾਂਦੀ ਹੈ। ਇਹ ਪੁਸਤਕ ਔਰਤ ਨੂੰ ਝੰਜੋੜਕੇ ਆਪਣੇ ਹੱਕਾਂ ਲਈ ਲੜਨ ਦੀ ਪ੍ਰੇਰਨਾ ਦਿੰਦੀ ਹੈ। ਸੁਰਜੀਤ ਨੇ ਸਲੀਮ ਪਾਸ਼ਾ ਦੀ ਸ਼ਾਹਮੁਖੀ ਵਿੱਚ ਲਿਖੀ ਪੁਸਤਕ ‘ਮੁਹੱਬਤ ਦਾ ਲੋਕ ਗੀਤ’ ਦਾ ਕਾਵਿ ਪ੍ਰਵਚਨ ਕਰਦਿਆਂ ਦੱਸਿਆ ਹੈ ਕਿ ਇਸ ਪੁਸਤਕ ਵਿੱਚ ਅੰਮ੍ਰਿਤਾ ਪ੍ਰੀਤਮ ਨਾਲ ਇਮਰੋਜ਼ ਦੀ ਸੱਚੀ ਮੁਹੱਬਤ ਦੀ ਕਹਾਣੀ ਹੈ। ਇਮਰੋਜ਼ ਨੂੰ ਮੁਹੱਬਤ ਦਾ ਪ੍ਰਤੀਕ ਗਿਣਿਆ ਗਿਆ ਹੈ।
ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਸੁਰਜੀਤ ਨੇ ਪਰਵਾਸੀ ਸਾਹਿਤਕਾਰਾਂ ਦੇ ਸਾਹਿਤਕ ਯੋਗਦਾਨ ਨੂੰ ਸਮਾਜ ਦੇ ਹਿਤ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3274)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)