“ਗੁਰੂ ਨਾਨਕ ਦੇਵ ਜੀ ਦੇ ਅਨੁਆਈਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ...”
(4 ਨਵੰਬਰ 2019)
ਸਿੱਖ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਜਾ ਰਹੀ ਹੈ। ਜਦੋਂ ਵੀ ਸਿੱਖ ਸੰਗਤ ਦੇ ਦਿਮਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਖਿਆਲ ਆਉਂਦਾ ਹੈ ਤਾਂ ਉਹ ਸ਼ਾਂਤ ਚਿਤ ਹੋ ਜਾਂਦੀ ਹੈ। ਸਰਬੱਤ ਦਾ ਭਲਾ ਅਰਥਾਤ ਲੋਕਾਈ ਦੀ ਬਰਾਬਰਤਾ ਦਾ ਸੰਕਲਪ ਚਿਤਵਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ। ਸਿੱਖ ਧਰਮ ਸੰਸਾਰ ਦਾ ਸਭ ਤੋਂ ਨਵਾਂ ਅਤੇ ਆਧੁਨਿਕ ਧਰਮ ਹੈ, ਜਿਸਨੇ ਸ਼ਾਂਤੀ, ਸਦਭਾਵਨਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ। ਸਰਬਤ ਦਾ ਭਲਾ ਲੋਕਾਈ ਦੇ ਕਿਸੇ ਇੱਕ ਵਰਗ ਲਈ ਨਹੀਂ, ਸਗੋਂ ਸਮੁੱਚੀ ਮਾਨਵਤਾ ਲਈ ਹੈ। ਕੁਝ ਲੋਕ ਇਸ ਨੂੰ ਪੰਥ ਨਾਲ ਜੋੜਕੇ ਵੇਖਦੇ ਹਨ। ਸਰਬਤ ਦਾ ਭਲਾ ਹੀ ਇੱਕ ਕਿਸਮ ਨਾਲ ਕਲਿਆਣਕਾਰੀ ਰਾਜ ਹੁੰਦਾ ਹੈ। ਕਲਿਆਣਕਾਰੀ ਰਾਜ ਉਸ ਨੂੰ ਕਹਿੰਦੇ ਹਨ ਜਿਸ ਵਿੱਚ ਪਰਜਾ ਨੂੰ ਖਾਣ-ਪੀਣ, ਰਹਿਣ-ਸਹਿਣ, ਲਿਖਣ, ਬੋਲਣ, ਸਮਾਜਿਕ, ਆਰਥਿਕ ਬਰਾਬਰੀ, ਇਨਸਾਫ ਦੇ ਬਰਾਬਰ ਮੌਕੇ ਮਿਲਦੇ ਹੋਣ ਅਤੇ ਜਾਤ-ਪਾਤ ਦਾ ਭੇਦ ਭਾਵ ਨਾ ਹੋਵੇ। ਭਾਵ ਸਾਰੀ ਲੋਕਾਈ ਨੂੰ ਬਰਾਬਰ ਸਹੂਲਤਾਂ ਮਿਲ ਰਹੀਆਂ ਹੋਣ। ਭਾਰਤ ਵਿੱਚ ਪਰਜਾ 14ਵੀਂ ਸਦੀ ਤੱਕ ਇਨ੍ਹਾਂ ਸਾਰੀਆਂ ਨਿਆਮਤਾਂ ਤੋਂ ਵਾਂਝੀ ਸੀ। ਭਾਰਤ ਨੂੰ ਭਾਵੇਂ ਅਜੇ ਵਿਕਸਤ ਜਾਂ ਵਿਕਾਸਸ਼ੀਲ ਦੇਸਾਂ ਵਿੱਚ ਗਿਣਿਆ ਜਾਂਦਾ ਹੈ ਪ੍ਰੰਤੂ ਭਾਰਤ ਅਜਿਹਾ ਦੇਸ਼ ਹੈ, ਜਿਸਨੇ ਸੰਸਾਰ ਨੂੰ ਮਨੁੱਖਤਾ ਦੇ ਹਿਤਾਂ ਦੀ ਰਾਖੀ ਕਰਨ ਵਿੱਚ ਅਗਵਾਈ ਦਿੱਤੀ ਹੈ। ਦੁਨੀਆਂ ਦੇ ਪਰਜਾਤੰਤਰਿਕ ਪ੍ਰਣਾਲੀ ਵਾਲੇ ਦੇਸਾਂ ਵਿੱਚ ਆਪੋ ਆਪਣੇ ਦੇਸ ਨੂੰ ਬਿਹਤਰੀਨ, ਕਲਿਆਣਕਾਰੀ ਰਾਜ ਦਰਸਾਉਣ ਦੀ ਦੌੜ ਲੱਗੀ ਹੋਈ ਹੈ। ਸੰਸਾਰ ਵਿੱਚ ਇਹ ਸਰਵਪ੍ਰਵਾਣਿਤ ਹੈ ਕਿ ਉਸ ਦੇਸ ਦੀ ਰਾਜਨੀਤਕ ਪ੍ਰਸ਼ਾਸਨਿਕ ਪ੍ਰਣਾਲੀ ਚੰਗੀ ਹੈ, ਜਿਹੜੀ ਉੱਥੋਂ ਦੇ ਵਸਨੀਕਾਂ ਨੂੰ ਮਨੁੱਖੀ ਅਧਿਕਾਰਾਂ, ਨਿਆਏ, ਬਰਾਬਰਤਾ, ਸਮਾਜਿਕ, ਆਰਥਿਕ, ਰਾਜਨੀਤਕ, ਲਿਖਣ, ਬੋਲਣ ਅਤੇ ਸਭਿਆਚਾਰਕ ਆਜ਼ਾਦੀ ਦਿੰਦੀ ਹੈ।
ਆਮ ਤੌਰ ’ਤੇ ਸਰਸਰੀ ਨਜ਼ਰ ਮਾਰਿਆਂ ਇਹ ਸੁਣਿਆ ਜਾਂਦਾ ਹੈ ਕਿ ਅਮਰੀਕਾ, ਕੈਨੇਡਾ, ਇੰਗਲੈਂਡ, ਹਾਲੈਂਡ, ਸਵਿਟਜ਼ਰਲੈਂਡ, ਜਰਮਨ, ਆਸਟਰੇਲੀਆ, ਨਿਉੂਜ਼ੀਲੈਂਡ ਆਦਿ ਦੇਸ਼ ਆਪਣੇ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਕਰਦੇ ਹਨ ਅਤੇ ਉਨ੍ਹਾਂ ਨੂੰ ਸੁਚੱਜਾ ਜੀਵਨ ਜਿਓਣ ਲਈ ਬਿਹਤਰੀਨ ਸਹੂਲਤਾਂ ਦਿੰਦੇ ਹਨ। ਅਮਰੀਕਾ ਵਾਲੇ ਅਬਰਾਹਿਮ ਲਿੰਕਨ ਨੂੰ ਇਹ ਸਿਹਰਾ ਦਿੰਦੇ ਹਨ ਕਿਉਂਕਿ ਜਦੋਂ 1861 ਵਿੱਚ ਅਬਰਾਹਿਮ ਲਿੰਕਨ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਤਾਂ ਉਸਨੇ ਲੋਕਾਂ ਦੀ ਸਰਕਾਰ, ਲੋਕਾਂ ਲਈ ਸਰਕਾਰ ਅਤੇ ਲੋਕਾਂ ਵੱਲੋਂ ਬਣਾਈ ਸਰਕਾਰ ਦੀ ਪ੍ਰਣਾਲੀ ਨੂੰ ਮਾਣਤਾ ਦਿੱਤੀ। ਉਸਨੇ ਹੀ ਗ਼ੁਲਾਮ ਰੱਖਣ ਦੀ ਪ੍ਰਥਾ ਨੂੰ ਖ਼ਤਮ ਕੀਤਾ। ਇਸ ਤੋਂ ਪਹਿਲਾਂ ਬਹੁਤੇ ਦੇਸ਼ਾਂ ਵਿੱਚ ਗ਼ਰੀਬ ਲੋਕਾਂ ਨੂੰ ਗ਼ੁਲਾਮ ਬਣਾਕੇ ਰੱਖਿਆ ਜਾਂਦਾ ਸੀ। ਗ਼ਰੀਬਾਂ ਦੀ ਜ਼ਿੰਦਗੀ ਬਦ ਨਾਲੋਂ ਬਦਤਰ ਬਣੀ ਹੋਈ ਸੀ। ਰਾਜੇ ਮਹਾਰਾਜੇ ਮਨਮਾਨੀਆਂ ਕਰਦੇ ਸਨ। ਮਨੁੱਖ ਹੀ ਮਨੁੱਖ ਨਾਲ ਅਨਿਆਏ ਕਰ ਰਹੇ ਸਨ। ਅਮਰੀਕਨ ਕਹਿ ਰਹੇ ਹਨ ਕਿ ਅਬਰਾਹਿਮ ਲਿੰਕਨ ਨੇ ਕਲਿਆਣਕਾਰੀ ਰਾਜ ਦਾ ਸੁਪਨਾ ਲਿਆ ਸੀ। ਇਸ ਤੋਂ ਬਾਅਦ ਜਰਮਨ ਨੇ 1870 ਅਤੇ ਸਵਿਟਜ਼ਰਲੈਂਡ ਨੇ 1877 ਵਿੱਚ ਕਲਿਆਣਕਾਰੀ ਰਾਜ ਦੀ ਗੱਲ ਕੀਤੀ। ਉਸ ਤੋਂ ਬਾਅਦ ਤਾਂ ਹਰ ਦੇਸ਼ ਹੀ ਆਪਣੇ ਆਪ ਨੂੰ ਆਮ ਲੋਕਾਂ ਦੀਆਂ ਭਲਾਈ ਦੀਆਂ ਸਕੀਮਾਂ ਸ਼ੁਰੂ ਕਰਨ ਵਿੱਚ ਮੋਹਰੀ ਦੱਸਣ ਲੱਗ ਪਿਆ। ਸੰਸਾਰ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਦਰ੍ਹਵੀਂ ਸਦੀ ਦੇ ਅਖ਼ੀਰ ਵਿੱਚ ਹੀ ਕਲਿਆਣਕਾਰੀ ਰਾਜ ਦਾ ਸੰਕਲਪ ਦਿੱਤਾ ਸੀ, ਜਦੋਂ ਉਨ੍ਹਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਬਾਬਰ ਬਾਣੀ ਲਿਖਕੇ ਉਦੋਂ ਦੇ ਰਾਜ ਪ੍ਰਬੰਧ ਨੂੰ ਕਲਿਆਣਕਾਰੀ ਬਣਾਉਣ ਦਾ ਉਪਰਾਲਾ ਸ਼ੁਰੂ ਕੀਤਾ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਵਿੱਚ ਹੋਇਆ। ਸੁਰਤ ਸੰਭਾਲਣ ਤੋਂ ਥੋੜ੍ਹਾ ਸਮਾਂ ਬਾਅਦ ਹੀ ਉਨ੍ਹਾਂ ਆਪਣੀਆਂ ਕਲਿਆਣਕਾਰੀ ਰਾਜ ਸਥਾਪਤ ਕਰਨ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ। ਪ੍ਰੰਤੂ ਉਸ ਸਮੇਂ ਉਨ੍ਹਾਂ ਨੂੰ ਬੱਚਾ ਸਮਝਕੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਨਾ ਪਾਈ ਗਈ। ਫਿਰ ਗੁਰੂ ਸਾਹਿਬ ਨੇ ਜਦੋਂ ਭੁੱਖੇ ਸਾਧੂਆਂ ਨੂੰ ਲੰਗਰ ਪ੍ਰਸ਼ਾਦਾ ਛਕਾ ਕੇ ਸੱਚਾ ਸੌਦਾ ਕਰਕੇ ਸਾਰਿਆਂ ਨੂੰ ਬਰਾਬਰ ਦੇ ਹੱਕਾਂ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਤਾਂ ਵੀ ਉਸ ਦੇ ਮਾਤਾ-ਪਿਤਾ ਉਨ੍ਹਾਂ ਨੂੰ ਸਮਝ ਨਾ ਸਕੇ। ਸਮਾਂ ਬੀਤਦਾ ਗਿਆ ਪ੍ਰੰਤੂ ਬਾਲ ਨਾਨਕ ਦਾ ਮਨ ਉਚਾਟ ਰਹਿਣ ਲੱਗ ਪਿਆ। ਉਹ ਸਾਰੇ ਸਮਾਜ ਵਿੱਚ ਇਕਸੁਰਤਾ ਚਾਹੁੰਦੇ ਸਨ। ਰਾਜੇ, ਮਹਾਰਾਜੇ ਮਨਮਾਨੀਆਂ ਕਰਦੇ ਸਨ ਤਾਂ ਬਾਲਪਨ ਹੋਰ ਉਦਾਸ ਹੋਣ ਲੱਗ ਪਿਆ। ਜਦੋਂ ਉਨ੍ਹਾਂ ਵਕਤ ਦੇ ਹਾਕਮਾਂ ਦੀ ਨੌਕਰੀ ਕਰਦਿਆਂ ਤੇਰਾ ਤੇਰਾ ਕਹਿਕੇ ਰਾਸ਼ਣ ਦੇ ਦਿੱਤਾ ਤਾਂ ਫਿਰ ਵੀ ਮਾਲਕਾਂ ਨੂੰ ਸਮਝ ਨਾ ਆਈ ਕਿ ਬਾਲ ਨਾਨਕ ਕੀ ਚਾਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਮੁੱਚੀ ਲੋਕਾਈ ਨੂੰ ਸਰਬਤ ਦੇ ਭਲੇ ਦਾ ਸੰਦੇਸ਼ ਦੇਣਾ ਚਾਹੁੰਦੇ ਸਨ, ਜੋ ਕਲਿਆਣਕਾਰੀ ਰਾਜ ਦਾ ਧੁਰਾ ਗਿਣਿਆ ਜਾ ਸਕਦਾ ਹੈ। ਗੁਰੂ ਸਾਹਿਬ ਨੇ ਅਜਿਹੀ ਸਥਿਤੀ ਵਿੱਚ ਗੁਰਬਾਣੀ ਲਿਖਣੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਲੋਕਾਈ ਨਾਲ ਹੋ ਰਹੇ ਅਨਿਆਏ ਦੇ ਦਰਦ ਦਾ ਪ੍ਰਗਟਾਵਾ ਹੁੰਦਾ ਸੀ। ਜਦੋਂ ਬਾਬਰ ਨੇ ਲੋਕਾਂ ਨਾਲ ਜ਼ਿਆਦਤੀਆਂ ਸ਼ੁਰੂ ਕਰ ਦਿੱਤੀਆਂ, ਧੱਕੇ ਨਾਲ ਲੋਕਾਂ ਤੋਂ ਰਕਮਾ ਵਸੂਲਣ ਲੱਗਾ ਤਾਂ ਸ੍ਰੀ ਗੁਰੂ ਨਾਨਕ ਦੇਵ ਨੇ ਬਾਬਰ ਦੇ ਜ਼ੁਲਮ ਵਿਰੁੱਧ ਆਵਾਜ਼ ਉਠਾਉਂਦਿਆਂ ਕਿਹਾ-
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ।
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।
ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦੁ ਨ ਆਇਆ।
ਪਾਪ ਕੀ ਜੰਝੁ ਲੈ ਕਾਬਲੋਂ ਧਾਇਆ ਜ਼ੋਰੀ ਮੰਗੇ ਦਾਨ ਵੇ ਲਾਲੋ।
ਸਰਮੁ ਧਰਮੁ ਦੁਇ ਛਪਿ ਖਲੋਏ, ਕੂੜੁ ਫਿਰੈ ਪਰਧਾਨੁ ਵੇ ਲਾਲੋ।
ਸ੍ਰੀ ਗੁਰੂ ਨਾਨਕ ਦੇਵ ਨੇ ਸਮੁੱਚੀ ਮਾਨਵਤਾ ਦੀ ਗੱਲ ਕੀਤੀ ਹੈ। ਉਨ੍ਹਾਂ ਬਾਬਰ ਵੱਲੋਂ ਪੂਰੇ ਹਿੰਦੁਸਤਾਨ ਨੂੰ ਡਰਾਉਣ ਬਾਰੇ ਲਿਖਿਆ ਹੈ। ਜੇਕਰ ਕਿਸੇ ਇੱਕ ਵਰਗ ਦੀ ਗੱਲ ਹੁੰਦੀ ਤਾਂ ਹਿੰਦੁਸਤਾਨ ਸ਼ਬਦ ਨਾ ਲਿਖਦੇ। ਉਹ ਕੌਮੀਅਤ ਦੀ ਗੱਲ ਕਰਦੇ ਹਨ। ਉਸ ਸਮੇਂ ਲੋਕ ਅਨਪੜ੍ਹ ਸਨ, ਗਿਆਨ ਦੀ ਘਾਟ ਸੀ। ਰਾਜੇ ਮਹਾਰਾਜਿਆਂ ਨੂੰ ਹੀ ਅੰਨਦਾਤੇ ਸਮਝਿਆ ਜਾਂਦਾ ਸੀ। ਉੂਚ ਨੀਚ, ਜ਼ਾਤ ਪਾਤ ਦਾ ਜ਼ੋਰ ਸੀ। ਗ਼ਰੀਬਾਂ ਨੂੰ ਬਰਾਬਰੀ ਦਾ ਅਧਿਕਾਰ ਨਹੀਂ ਸੀ ਸਗੋਂ ਅਮੀਰ ਲੋਕ ਉਨ੍ਹਾਂ ਤੋਂ ਬਗਾਰ ਕਰਵਾਉਂਦੇ ਸਨ। ਸਮੇਂ ਦੇ ਹੁਕਮਰਾਨ ਹੀ ਧਰਮ ਦੇ ਠੇਕੇਦਾਰ ਬਣੇ ਹੋਏ ਸਨ। ਧਰਮ ਹੀ ਜ਼ਾਤ ਪਾਤ ਦੇ ਭੇਦ ਭਾਵ ਪੈਦਾ ਕਰ ਰਿਹਾ ਸੀ। ਨੀਵੀਂਆਂ ਜ਼ਾਤਾਂ ਵਾਲਿਆਂ ਨੂੰ ਉੱਚੀਆਂ ਜ਼ਾਤਾਂ ਵਾਲਿਆਂ ਦੀ ਸੇਵਾ ਕਰਨ ਨੂੰ ਕਿਹਾ ਜਾਂਦਾ ਸੀ ਤਾਂ ਜੋ ਉਨ੍ਹਾਂ ਦਾ ਅਗਲਾ ਜਨਮ ਸਫਲ ਹੋ ਸਕੇ। ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਉਲਝਾਕੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਲਈ ਕਿਹਾ ਜਾਂਦਾ ਸੀ। ਹਮਲਾਵਰਾਂ ਦੇ ਹਮਲਿਆਂ ਕਰਕੇ ਲੋਕਾਂ ਦਾ ਮਨੋਬਲ ਡਿਗਿਆ ਹੋਇਆ ਸੀ। ਲੋਕ ਰਾਜਿਆਂ, ਮਹਾਰਾਜਿਆਂ ਨੂੰ ਹੀ ਰੱਬ ਸਮਝਦੇ ਸਨ। ਇਸ ਸਮਾਜਿਕ ਬੁਰਾਈ ਦਾ ਖ਼ਾਤਮਾ ਕਰਨ ਦੇ ਇਰਾਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਨੇ ਕਰਮਕਾਂਡ ਦੇ ਵਿਰੁੱਧ ਆਵਾਜ਼ ਉਠਾਈ ਸੀ। ਉਨ੍ਹਾਂ ਰੱਬ ਇੱਕ ਹੈ ਦਾ ਸੰਦੇਸ਼ ਦਿੱਤਾ। ਵੱਖ-ਵੱਖ ਧਰਮਾਂ ਵਿੱਚ ਵੰਡੀ ਹੋਈ ਲੋਕਾਈ ਨੂੰ ਇੱਕ ਲੜੀ ਵਿੱਚ ਪ੍ਰੋਣ ਦੀ ਕੋਸ਼ਿਸ਼ ਕੀਤੀ। ਲੰਗਰ ਦੀ ਪ੍ਰਥਾ ਬਰਾਬਰਤਾ ਦਾ ਸੰਦੇਸ਼ ਦਿੰਦੀ ਹੈ।
ਜ਼ਾਤ ਪਾਤ ਦੇ ਖਾਤਮੇ ਲਈ ਉਹ ਮਰਦਾਨੇ ਨੂੰ ਹਰ ਸਮੇਂ ਆਪਣੇ ਨਾਲ ਰੱਖਦੇ ਸਨ ਤਾਂ ਜੋ ਲੋਕਾਂ ਨੂੰ ਅਮਲੀ ਤੌਰ ਉੱਤੇ ਦੱਸਿਆ ਜਾਵੇ ਕਿ ਸਾਰੇ ਇਨਸਾਨ ਬਰਾਬਰ ਹਨ। ਇੱਥੋਂ ਤੱਕ ਕਿ ਸੰਸਾਰ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਇਸਤਰੀ ਜ਼ਾਤੀ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਸਮਾਜ ਵਿੱਚ ਬਰਾਬਰ ਦਾ ਦਰਜਾ ਦਿਵਾਉਣ ਲਈ ਉਸਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਲਿਖਿਆ-
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵਿਆਹ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੇ ਰਾਹੁ।।
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।
ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ।
ਦੁੱਖ ਇਸ ਗੱਲ ਦਾ ਹੈ ਕਿ ਇਸਤਰੀਆਂ ਨੂੰ ਭਾਵੇਂ ਕੀਰਤਨ ਕਰਨ ਦੀ ਖੁੱਲ੍ਹ ਹੈ ਪ੍ਰੰਤੂ ਦਬਰਾਰ ਸਾਹਿਬ ਵਿੱਚ ਅਜੇ ਵੀ ਉਨ੍ਹਾਂ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਸਿੱਖ ਜਗਤ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਸਿੱਖ ਧਰਮ ਦੀ ਵਿਚਾਰਧਾਰਾ ਦੇ ਵਿਰੁੱਧ ਜਿਹੜੇ ਕਾਰਜ ਕਰ ਰਹੇ ਹਨ, ਉਨ੍ਹਾਂ ਤੋਂ ਛੁਟਕਾਰਾ ਪਾਇਆ ਜਾਵੇ। ਜ਼ਾਤ ਪਾਤ ਉੱਤੇ ਅਧਾਰਤ ਗੁਰੂ ਘਰ ਬਣਾਉਣ ਦੀ ਪਰੰਪਰਾ ਨੂੰ ਵੀ ਖ਼ਤਮ ਕਰਨਾ ਚਾਹੀਦਾ ਹੈ। ਸੰਸਾਰ ਦੇ ਕਈ ਦੇਸ਼ਾਂ ਵਿੱਚ ਅਜੇ ਤੱਕ ਵੀ ਇਸਤਰੀਆਂ ਨੂੰ ਪੂਰੀ ਆਜ਼ਾਦੀ ਨਹੀਂ। ਇਸਤਰੀਆਂ ਉੱਪਰ ਅਰਬ ਦੇਸ਼ਾਂ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਹਨ। ਬੁਰਕਾ ਪਾਉਣ ਦੀ ਪ੍ਰਥਾ ਇਸਤਰੀ ਦੀ ਗ਼ੁਲਾਮੀ ਦਾ ਪ੍ਰਤੀਕ ਹੈ। ਜਦੋਂ ਗ਼ਰੀਬ ਲੋਕਾਂ ਦੇ ਹੱਕਾਂ ਉੱਤੇ ਹਮਲੇ ਹੋ ਰਹੇ ਸਨ ਤਾਂ ਗੁਰੂ ਸਾਹਿਬ ਨੇ ਗ਼ਰੀਬਾਂ ਦੇ ਹੱਕ ਮਾਰਨ ਵਾਲਿਆਂ ਨੂੰ ਸਮਝਾਉਣ ਲਈ ਵੰਗਾਰਦਿਆਂ ਉਨ੍ਹਾਂ ਨੇ ਇਹ ਸ਼ਬਦ ਉਚਾਰਿਆ-
ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ।
ਉਸ ਸਮੇਂ ਦੇ ਰਾਜਿਆਂ ਦੀਆਂ ਜ਼ੋਰ ਜ਼ਬਰਦਸਤੀਆਂ ਅਤੇ ਲੋਕਾਂ ਨੂੰ ਇਨਸਾਫ਼ ਨਾ ਦੇਣ ਦੇ ਵਿਰੁੱਧ ਵੀ ਉਨ੍ਹਾਂ ਗੁਰਬਾਣੀ ਵਿੱਚ ਲਿਖਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਪਹਿਲੇ ਮਹਾਂਪੁਰਸ਼ ਹਨ, ਜਿਨ੍ਹਾਂ ਸਮਾਜਿਕ ਬਰਾਬਰਤਾ ਦਾ ਸੰਦੇਸ਼ ਦੇ ਕੇ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਸੰਵਾਦ ਦੀ ਪ੍ਰਥਾ ਉਨ੍ਹਾਂ ਸਿੱਧਾਂ ਨਾਲ ਗੋਸ਼ਟੀ ਕਰਕੇ ਸ਼ੁਰੂ ਕੀਤੀ, ਜਿਸਦਾ ਅਰਥ ਹੈ ਕਿ ਪਰਜਾਤੰਤਰ ਵਿੱਚ ਹਰ ਮਸਲੇ ਦਾ ਹਲ ਗੱਲਬਾਤ ਨਾਲ ਕੀਤਾ ਜਾ ਸਕਦਾ ਹੈ। ਮੱਕੇ ਜਾ ਕੇ ਉਨ੍ਹਾਂ ਮੌਲਵੀਆਂ ਨੂੰ ਦਲੀਲ ਨਾਲ ਸਮਝਾਇਆ ਕਿ ਪਰਮਾਤਮਾ ਹਰ ਥਾਂ ਹੈ। ਉਨ੍ਹਾਂ ਦੀ ਬਾਣੀ ਅਤੇ ਜੀਵਨ ਦੀਆਂ ਘਟਨਾਵਾਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਸਭ ਤੋਂ ਪਹਿਲਾਂ ਦੁਨੀਆਂ ਵਿੱਚ ਕਲਿਆਣਕਾਰੀ ਰਾਜ ਦਾ ਸਪਨਾ ਲਿਆ ਸੀ, ਜਿਹੜਾ ਬਾਅਦ ਵਿੱਚ ਜਾ ਕੇ ਸੰਪੂਰਨ ਹੋਇਆ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਜੋਕੇ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਗੁਰੂ ਨਾਨਕ ਦੇਵ ਜੀ ਨੂੰ ਤਾਂ ਮੰਨਦੇ ਹਨ, ਮੱਥੇ ਰਗੜਦੇ ਹਨ ਪ੍ਰੰਤੂ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ। ਇਸ ਲਈ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਉੱਤੇ ਸਮੁੱਚੇ ਗੁਰੂ ਨਾਨਕ ਦੇਵ ਜੀ ਦੇ ਅਨੁਆਈਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਉਨ੍ਹਾਂ ਦੀ ਵਿਚਾਰਧਾਰਾ ਉੱਤੇ ਪਹਿਰਾ ਦੇਣਗੇ ਅਤੇ ਕਰਮ ਕਾਂਡਾਂ ਵਿੱਚੋਂ ਬਾਹਰ ਆਉਣਗੇ।
ਗੁਰੂ ਸਾਹਿਬ ਨੇ ਉਸ ਸਮੇਂ ਆਪਣੀ ਬਾਣੀ ਵਿੱਚ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਦੀ ਪ੍ਰੇਰਨਾ ਦਿੱਤੀ। ਹਵਾ, ਧਰਤੀ ਅਤੇ ਪਾਣੀ ਦੀ ਮਹੱਤਤਾ ਦਰਸਾਉਣ ਲਈ ਗੁਰੂ, ਮਾਤਾ ਅਤੇ ਪਿਤਾ ਦਾ ਦਰਜਾ ਦਿੱਤਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1796)
(ਸਰੋਕਾਰ ਨਾਲ ਸੰਪਰਕ ਲਈ: