“ਕੁਝ ਲੋਕ ਅਜਿਹੇ ਹਾਲਾਤ ਵਿੱਚ ਸਾਮਾਨ ਇਕੱਠਾ ਕਰਕੇ ਆਪਣੀ ਘਟੀਆ ਮਾਨਸਿਕਤਾ ...”
(7 ਜੂਨ 2021)
ਸੁਖਦੇਵ ਸਿੰਘ ਸ਼ਾਂਤ ਬਹੁਪੱਖੀ ਸਾਹਿਤਕਾਰ ਹੈ। ਉਨ੍ਹਾਂ ਨੇ ਸਾਹਿਤ ਦੀਆਂ ਕਈ ਵਿਧਾਵਾਂ ਵਿੱਚ ਲਿਖਿਆ ਹੈ। ਉਨ੍ਹਾਂ ਦੀ ਇਹ 11ਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਬੱਚਿਆਂ ਲਈ ਕਾਵਿ ਸੰਗ੍ਰਹਿ, ਦੋ ਬਾਲ ਕਹਾਣੀਆਂ ਦੇ ਸੰਗ੍ਰਹਿ ਅਤੇ ਇੱਕ ਵਾਰਤਕ ਦੀ ਪੁਸਤਕ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਪੁਸਤਕ ਵਿੱਚ 63 ਮਿੰਨੀ ਕਹਾਣੀਆਂ ਹਨ, ਜਿਨ੍ਹਾਂ ਦੇ ਵਿਸ਼ੇ ਗ਼ਰੀਬੀ, ਭੁੱਖਮਰੀ, ਵਹਿਮ ਭਰਮ, ਅੰਧਵਿਸ਼ਵਾਸ, ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਜ਼ਾਤ ਪਾਤ ਅਤੇ ਬੇਈਮਾਨੀ ਹਨ। ਇਹ ਸਾਰੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ। ‘ਰਿਸ਼ਤੇਦਾਰੀ’, ‘ਸ਼ਗਨ’, ‘ਸਹਾਰਾ’, ‘ਵਿਦਾਇਗੀ’ ਅਤੇ ‘ਰਿਸ਼ਤੇ ਕਾਗਜ਼ ਦੇ’ ਮਿੰਨੀ ਕਹਾਣੀਆਂ ਸਮਾਜਿਕ ਰਿਸ਼ਤਿਆਂ ਵਿੱਚ ਆਈ ਗਿਰਾਵਟ ਦੀ ਨਿਸ਼ਾਨੀ ਹਨ।
‘ਰਿਸ਼ਤੇਦਾਰੀ’ ਕਹਾਣੀ ਵਿੱਚ ਚਾਰ ਸਾਲ ਦਾ ਬੱਚਾ ਆਪਣੇ ਦਾਦਾ ਦੀ ਉਡੀਕ ਸਿਰਫ਼ ਇਸ ਕਰਕੇ ਕਰਦਾ ਹੈ ਕਿ ਉਹ ਆਉਣਗੇ ਤਾਂ ਉਨ੍ਹਾਂ ਦੇ ਫ਼ੋਨ ਉੱਪਰ ਗੇਮਾ ਖੇਡੇਗਾ। ਦਾਦਾ ਨਾਲ ਹੋਰ ਕੋਈ ਪਿਆਰ ਅਤੇ ਲਗਾਓ ਨਹੀਂ ਹੈ। ਇਸੇ ਤਰ੍ਹਾਂ ‘ਰਿਸ਼ਤੇ ਕਾਗ਼ਜ਼ ਦੇ’ ਵਿੱਚ ਸਪੁੱਤਰੀ ਆਪਣੀ ਮਾਂ ਦੇ ਸਸਕਾਰ ਅਤੇ ਭੋਗ ’ਤੇ ਨਹੀਂ ਪਹੁੰਚਦੀ ਪ੍ਰੰਤੂ ਜਦੋਂ ਉਸ ਨੂੰ ਪਤਾ ਲਗਦਾ ਹੈ ਕਿ ਮਾਂ ਨੇ ਆਪਣੀ ਜਾਇਦਾਦ ਦੀ ਵਸੀਅਤ ਵਿੱਚ ਉਸਦਾ ਹਿੱਸਾ ਲਿਖਿਆ ਹੋਇਆ ਹੈ ਤਾਂ ਉਹ ਆਪਣੀ ਮਾਂ ਦਾ ਅਖ਼ਬਾਰ ਵਿੱਚ ਇਸ਼ਤਿਹਾਰ ਦੇ ਦਿੰਦੀ ਹੈ ਕਿ ਮਾਂ ਵਰਗਾ ਘਣਛਾਵਾਂ ਬੂਟਾ ਹੋਰ ਕੋਈ ਨਹੀਂ ਹੁੰਦਾ। ਭਾਵ ਇਨਸਾਨ ਵਿੱਚ ਇਨਸਾਨੀਅਤ ਅਤੇ ਰਿਸ਼ਤਿਆਂ ਦਾ ਨਿੱਘ ਨਹੀਂ ਰਿਹਾ। ਸਿਰਫ ਪੈਸੇ ਨਾਲ ਪਿਆਰ ਹੈ।
‘ਸਹਾਰਾ’ ਕਹਾਣੀ ਬਜ਼ੁਰਗਾਂ ਨੂੰ ਖਾਂਦੇ ਪੀਂਦੇ ਪਰਿਵਾਰਾਂ ਵੱਲੋਂ ਬਿਰਧ ਘਰਾਂ ਵਿੱਚ ਭੇਜਣ ਬਾਰੇ ਹੈ ਕਿਉਂਕਿ ਸਾਡੇ ਸਮਾਜ ਦੇ ਸਮਾਜਿਕ ਰਿਸ਼ਤਿਆਂ ਵਿੱਚ ਗਿਰਾਵਟ ਆ ਇੰਨੀ ਆ ਗਈ ਹੈ ਕਿ ਉਹ ਆਪਣੇ ਮਾਪਿਆਂ ਤੋਂ ਵੀ ਨਾਤਾ ਤੋੜ ਲੈਂਦੇ ਹਨ। ‘ਸ਼ਗਨ’ ਕਹਾਣੀ ਵਿੱਚ ਵੀ ਇਨਸਾਨ ਦੀ ਮਾਨਸਿਕਤਾ ਅਤੇ ਗਿਰਾਵਟ ਦੀ ਬਾਤ ਪਾਉਂਦੀ ਹੈ। ਜਦੋਂ ਸ਼ਗਨ ਵਿੱਚ ਤਾਂ 21 ਰੁਪਏ ਦਿੰਦੇ ਹਨ ਪ੍ਰੰਤੂ ਸਾਰਾ ਟੱਬਰ ਖਾਣਾ ਖਾਣ ਲਈ ਪਹੁੰਚ ਜਾਂਦੇ ਹਨ। ‘ਪਰਵਚਨ’ ਅਤੇ ‘ਅੰਨ੍ਹੀ ਵਕਾਲਤ’ ਦੋਵੇਂ ਕਹਾਣੀਆਂ ਧਾਰਮਿਕ ਬਾਬਿਆਂ ਦੇ ਪਦਾਰਥਵਾਦੀ ਹੋਣ ਦਾ ਪ੍ਰਤੱਖ ਪ੍ਰਮਾਣ ਹਨ, ਕਿਉਂਕਿ ਬਾਬੇ ਧਾਰਮਿਕ ਕੰਮ ਕਰਨ ਦੀ ਥਾਂ ਜਾਇਦਾਦਾਂ ਬਣਾਉਣ ਵਿੱਚ ਮਸਰੂਫ਼ ਹਨ। ਇਨ੍ਹਾਂ ਬਾਬਿਆਂ ਦੇ ਚੁੰਗਲ ਵਿੱਚ ਫਸੇ ਹੋਏ ਲੋਕ ਵੀ ਬਾਹਰ ਨਿਕਲਣ ਨੂੰ ਤਿਆਰ ਨਹੀਂ ਹਨ। ਧਾਰਮਿਕ ਬਾਬੇ ਵੀ ਹੁਣ ਆਧੁਨਿਕ ਕਿਸਮ ਦੇ ਖਾਦ ਪਦਾਰਥ ਖਾਣ ਨੂੰ ਪਹਿਲ ਦਿੰਦੇ ਹਨ। ‘ਜ਼ਿੰਦਗੀ ਦੀ ਵਾਪਸੀ’ ਇਸਤਰੀਆਂ ਦੇ ਗਹਿਣਿਆਂ ਨਾਲ ਪਿਆਰ ਦਾ ਪ੍ਰਗਟਾਵਾ ਕਰਦੀ ਹੈ। ‘ਤਰਸ’ ਨਾਮ ਦੀ ਕਹਾਣੀ ਵੀ ਇਨਸਾਨ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ, ਜਦੋਂ ਇਨਸਾਨ ਗ਼ਰੀਬ ਰਿਕਸ਼ੇ ਵਾਲੇ ਨੂੰ ਉਸਦੀ ਮਿਹਨਤ ਦਾ ਮੁੱਲ ਦੇਣ ਲਈ ਤਿਆਰ ਨਹੀਂ, ਸਗੋਂ ਇਸਤਰੀ ਉਲਟਾ ਕਹਿੰਦੀ ਹੈ ਕਿ ਸਰਦੀ ਵਿੱਚ ਇਹ ਵਿਚਾਰੇ ਨੂੰ ਰਿਕਸ਼ੇ ਨੂੰ ਚਲਾਉਣਾ ਮੁਸ਼ਕਲ ਹੋਵੇਗਾ।
‘ਸਿੱਖਿਆ’ ਕਹਾਣੀ ਦਰਸਾਉਂਦੀ ਹੈ ਕਿ ਜਿਹੋ ਜਿਹਾ ਤੁਸੀਂ ਆਪਣੇ ਬੱਚਿਆਂ ਸਾਹਮਣੇ ਵਿਵਹਾਰ ਕਰੋਗੇ, ਉਹੋ ਜਿਹਾ ਹੀ ਬੱਚੇ ਨਕਲ ਕਰਕੇ ਕਰਨਗੇ। ਭਾਵ ਜਿਹੋ ਜਿਹਾ ਬੀਜੋਗੇ, ਉਹੋ ਜਿਹਾ ਹੀ ਵੱਢੋਗੇ। ‘ਲੜਾਈ’ ਕਹਾਣੀ ਵੀ ਸਾਡੇ ਸਮਾਜ ਵਿੱਚ ਆਪਣੇ ਆਪ ਨੂੰ ਵੱਡਾ ਵਿਖਾਉਣ ਦੇ ਘਮੰਡ ਬਾਰੇ ਜਾਣਕਾਰੀ ਦਿੰਦੀ ਹੈ ਕਿ ਅਸੀਂ ਕਿਸੇ ਇਨਸਾਨ ਨੂੰ ਆਪਣੇ ਨਾਲੋਂ ਵੱਡਾ ਬਣਦੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਮੀਤੋ ਦਾ ਚੰਗੇ ਖਾਂਦੇ ਪੀਂਦੇ ਘਰ ਵਿੱਚ ਵਿਆਹੇ ਜਾਣ ’ਤੇ ਵੀ ਖੁੰਧਕ ਹੋ ਜਾਂਦੀ ਹੈ।
‘ਨਜ਼ਰੀਆ’ ‘ਮਾਂ ਦੀ ਸਿੱਖਿਆ’, ‘ਪੈਮਾਨਾ’, ‘ਬੇਈਮਾਨ ਲੋਕ’, ‘ਸਟਾਕ ਦੀ ਪੜਤਾਲ’ ਅਤੇ ਪੁੱਛ ਕਹਾਣੀਆਂ ਭ੍ਰਿਸ਼ਟਾਚਾਰ ਦੀ ਬਿਮਾਰੀ ਬਾਰੇ ਹਨ। ਰਿਸ਼ਵਤ ਦੀ ਕਮਾਈ ਬਾਰੇ ਹਰ ਇੱਕ ਇਨਸਾਨ ਦਾ ਆਪੋ ਆਪਣਾ ਨਜ਼ਰੀਆ ਹੈ। ਪਤਨੀ, ਪਤੀ ਦੇ ਬਿਮਾਰ ਹੋਣ ਨੂੰ ਰਿਸ਼ਵਤ ਲੈਣ ਕਰਕੇ ਪਰਮਾਤਮਾ ਦੀ ਕਰੋਪੀ ਮੰਨ ਕੇ ਰਿਸ਼ਵਤ ਦੀ ਕਮਾਈ ਨਾ ਲੈਣ ਲਈ ਆਪਣੇ ਪਤੀ ਨੂੰ ਕਹਿੰਦੀ ਹੈ ਪ੍ਰੰਤੂ ਪਤੀ ਕਹਿੰਦਾ ਹੈ ਕਿ ਜੇ ਰਿਸ਼ਵਤ ਦੀ ਕਮਾਈ ਨਾ ਹੁੰਦੀ ਤਾਂ ਇਲਾਜ ਨਹੀਂ ਹੋ ਸਕਣਾ ਸੀ। ਇਸ ਲਈ ਇਹ ਕੰਮ ਬਾਦਸਤੂਰ ਜਾਰੀ ਰਹੇਗਾ। ਇਸੇ ਤਰ੍ਹਾਂ ‘ਮਾਂ ਦੀ ਸਿੱਖਿਆ’ ਕਹਾਣੀ ਵਿੱਚ ਬੱਚੇ ਬਾਪ ਦੀ ਪਾਪ ਦੀ ਕਮਾਈ ਖਾਣ ਤੋਂ ਇਨਕਾਰ ਕਰਦੇ ਹਨ, ਜੋ ਆਧੁਨਿਕ ਸਮੇਂ ਦੇ ਬੱਚਿਆਂ ਦੀ ਸੋਚ ਵਿੱਚ ਆਈ ਤਬਦੀਲੀ ਦਾ ਲਖਾਇਕ ਹੈ। ‘ਪੈਮਾਨਾ’ ਕਹਾਣੀ ਵਿੱਚ ਸਾਹਿਤਕ ਆਲੋਚਕਾਂ ਦਾ ਸ਼ਰਾਬਾਂ ਪੀ ਕੇ ਘਟੀਆ ਸਾਹਿਤ ਦੀ ਪ੍ਰਸ਼ੰਸਾ ਵਿੱਚ ਲੇਖ ਲਿਖਣੇ ਵੀ ਸਾਹਿਤਕ ਭ੍ਰਿਸ਼ਟਾਚਾਰ ਦਾ ਇੱਕ ਨਮੂਨਾ ਹੈ।
‘ਜੋੜੀ’ ਕਹਾਣੀ ਅੱਜ ਦੀ ਨੌਜਵਾਨ ਪੀੜ੍ਹੀ ਦੇ ਵਿਆਹ ਸੰਬੰਧੀ ਵਿਚਾਰਾਂ ਦੀ ਆਧੁਨਿਕਤਾ ਦਾ ਪ੍ਰਤੀਕ ਹੈ। ‘ਤਸਵੀਰਾਂ’ ਕਹਾਣੀ ਅਖ਼ਬਾਰ ਵਿੱਚ ਗ਼ਰੀਬ ਬੱਚਿਆਂ ਦੀ ਤਸਵੀਰ ਪ੍ਰਕਾਸ਼ਤ ਹੋਣ ’ਤੇ ਬੱਚੇ ਆਪਣੇ ਮਾਂ ਬਾਪ ਤੋਂ ਜਾਣਕਾਰੀ ਲੈਣਾ ਚਾਹੁੰਦੇ ਹਨ ਪ੍ਰੰਤੂ ਮਾਂ ਬਾਪ ਬੱਚਿਆਂ ਨੂੰ ਦੱਸਣ ਤੋਂ ਇਨਕਾਰੀ ਹੋ ਰਹੇ ਹਨ। ‘ਇਨਾਮ ਦਾ ਮੁੱਲ’ ਕਹਾਣੀ ਦਰਸਾਉਂਦੀ ਹੈ ਕਿ ਵਿਓਪਾਰੀਆਂ ਨੂੰ ਇਨਾਮ ਨਾਲ ਕੋਈ ਮਤਲਬ ਸਗੋਂ ਇਨਾਮ ਵਿੱਚ ਕਿੰਨੀ ਰਕਮ ਮਿਲਣੀ ਹੈ, ਉਸ ਨਾਲ ਪਿਆਰ ਹੈ। ਇਹ ਵਿਓਪਾਰੀਆਂ ਦੀ ਪ੍ਰਵਿਰਤੀ ਦਰਸਾਉਂਦੀ ਹੈ। ‘ਚੀਜ਼ਾਂ ਦਾ ਮੁੱਲ’ ਦਾ ਭਾਵ ਹਰ ਚੀਜ਼ ਦੀ ਚੋਰੀ ਹੋ ਸਕਦੀ ਹੈ ਪ੍ਰੰਤੂ ਸਿੱਖਿਆ ਅਜਿਹਾ ਗਹਿਣਾ ਹੈ, ਜਿਹੜਾ ਚੋਰੀ ਨਹੀਂ ਹੋ ਸਕਦਾ। ‘ਬੇਰੋਜ਼ਗਾਰੀ’ ਕਹਾਣੀ ਨੌਕਰੀ ਮਿਲਣ ਵਾਲਿਆਂ ਦਾ ਬਦਲਿਆ ਨਜ਼ਰੀਆ ਦਰਸਾਉਂਦੀ ਹੈ। ‘ਤਰੱਕੀ’ ਅਧਿਆਪਕਾਂ ਦੀ ਬੱਚਿਆਂ ਨੂੰ ਪੜ੍ਹਾਉਣ ਵਿੱਚ ਦਿਲਚਸਪੀ ਨਾ ਹੋਣ ਦਾ ਪ੍ਰਗਟਾਵਾ ਕਰਦੀ ਹੈ ਪ੍ਰੰਤੂ ਜਦੋਂ ਤਰੱਕੀ ਮਿਲਦੀ ਹੈ ਤਾਂ ਖ਼ੁਸ਼ ਹੋ ਜਾਂਦੇ ਹਨ। ਭਾਵ ਫ਼ਰਜ਼ਾਂ ਤੋਂ ਕੋਤਾਹੀ ਕਰ ਰਹੇ ਹਨ।
‘ਸਰਪੰਚੀ’ ਕਹਾਣੀ ਸਾਡੇ ਪਰਜਾਤੰਤਰ ਵਿੱਚ ਇਸਤਰੀਆਂ ਦੇ ਰਾਖਵੇਂ ਕਰਨ ਸਮੇਂ ਵੀ ਮਰਦ ਆਪਣੀ ਹਉਮੈਂ ਛੱਡਣ ਨੂੰ ਤਿਆਰ ਨਹੀਂ। ਇਸਤਰੀਆਂ ਨਾਂ ਦੀਆਂ ਹੀ ਸਰਪੰਚ ਹੁੰਦੀਆਂ ਹਨ, ਉਨ੍ਹਾਂ ਦੇ ਘਰ ਵਾਲੇ ਹੀ ਸਾਰਾ ਕੰਮ ਕਰਦੇ ਹਨ। ਭਾਵ ਭਾਰਤ ਵਿੱਚ ਇਸਤਰੀ ਆਪਣੇ ਪੈਰਾਂ ’ਤੇ ਖੜ੍ਹੀ ਨਹੀਂ ਹੋ ਸਕਦੀ। ‘ਨਵਾਂ ਆਦਮੀ’ ਕਹਾਣੀ, ਜਿਸਦੇ ਨਾਮ ’ਤੇ ਕਹਾਣੀ ਸੰਗ੍ਰਹਿ ਦਾ ਨਾਮ ਰੱਖਿਆ ਗਿਆ ਹੈ, ਸਮਾਜ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਹੋਣ ਦਾ ਸੰਕੇਤ ਕਰਦੀ ਹੈ। ‘ਕਰੰਸੀ’ ਕਹਾਣੀ ਡਾਲਰਾਂ ਦੀ ਚਕਾਚੌਂਧ ਦਾ ਪਰਦਾ ਫਾਸ਼ ਕਰਦੀ ਹੈ। ‘ਗੁਰੂ ਦੀ ਸਿੱਖਿਆ’ ਵਰਤਮਾਨ ਸਮੇਂ ਵਿੱਚ ਬੱਚਿਆਂ ਨੂੰ ਪਰਵਾਸ ਵਿੱਚ ਭੇਜਣ ਲਈ ਕੁੜੀਆਂ ਦੇ ਮੁੱਲ ਪੈ ਰਹੇ ਹਨ, ਅਜਿਹੇ ਮੌਕੇ ਜ਼ਾਤ ਪਾਤ ਨੂੰ ਲੋਕ ਭੁੱਲ ਜਾਂਦੇ ਹਨ। ਇਸ ਤੋਂ ਪਹਿਲਾਂ ਉੱਚੀ ਜ਼ਾਤ ਦੀ ਹਉਮੈਂ ਦਾ ਸ਼ਿਕਾਰ ਹੁੰਦੇ ਹਨ। ਬੇਅਦਬੀ, ਕੱਲਾ-ਕਾਰਾ, ਸਾਂਝ, ਬਾਹਰਲਾ ਤੋਹਫ਼ਾ, ਰਾਮ ਬਾਣ, ਵਿਦੇਸ਼ੀ ਭਾਸ਼ਾ, ਆਪਣਾ ਸਾਲ, ਮਾਂ ਬੋਲੀ ਦੀ ਕਰਾਮਾਤ, ਸਵੈਮਾਣ ਦੀ ਰਾਖੀ, ਮਹਿੰਗਾਈ, ਡਿਗਰੀ, ਵਧੀਆ ਜ਼ਿੰਦਗੀ, ਆਦਿ ਕਹਾਣੀਆਂ ਪਰਵਾਸ ਦੀ ਜ਼ਿੰਦਗੀ ਨਾਲ ਸੰਬੰਧਤ ਹਨ। ਪਰਵਾਸ ਵਿੱਚ ਸਾਡੇ ਲੋਕ ਕਿਸ ਤਰ੍ਹਾਂ ਵਿਚਰਦੇ ਅਤੇ ਭਾਰਤ ਆ ਕੇ ਕਿਹੋ ਜਿਹਾ ਵਿਵਹਾਰ ਕਰਦੇ ਹਨ, ਇਨ੍ਹਾਂ ਕਹਾਣੀਆਂ ਵਿੱਚ ਉੱਥੋਂ ਦੀ ਪ੍ਰਣਾਲੀ ਅਤੇ ਚਕਾ ਚੌਂਧ ਬਾਰੇ ਦੱਸਿਆ ਗਿਆ ਹੈ। ਪਰਵਾਸ ਵਿੱਚ ਸੈੱਟ ਹੋਣ ਦੇ ਦੁੱਖਾਂ ਦਰਦਾਂ ਅਤੇ ਕੀਰਤਨੀਆਂ ਵੱਲੋਂ ਉੱਥੇ ਸੈੱਟ ਹੋਣ ਲਈ ਵਰਤੇ ਜਾਂਦੇ ਹੱਥਕੰਡਿਆਂ ਦਾ ਪ੍ਰਗਟਾਵਾ ਵੀ ਹੈ। ‘ਸਬਰ’ ਕਹਾਣੀ ਦੱਸਦੀ ਹੈ ਕਿ ਸਬਰ ਵਾਲੇ ਲੋਕ ਕਰੋਨਾ ਦੌਰਾਨ ਲੋਕਾਂ ਵੱਲੋਂ ਬਿਨਾ ਵਜਾਹ ਸਾਮਾਨ ਇਕੱਠਾ ਕਰਨ ਨੂੰ ਚੰਗਾ ਨਹੀਂ ਸਮਝਦੇ ਜਿਸਦੀ ਉਦਾਹਰਣ ਇੱਕ ਸਾਧਾਰਣ ਕਬਾੜੀਏ ਦੇ ਪਰਿਵਾਰ ਦੇ ਸਬਰ ਬਾਰੇ ਜਾਣਕਾਰੀ ਦਿੰਦੀ ਹੈ। ਕੁਝ ਲੋਕ ਅਜਿਹੇ ਹਾਲਾਤ ਵਿੱਚ ਸਾਮਾਨ ਇਕੱਠਾ ਕਰਕੇ ਆਪਣੀ ਘਟੀਆ ਮਾਨਸਿਕਤਾ ਦਾ ਪ੍ਰਦਰਸ਼ਨ ਕਰਦੇ ਹਨ। ‘ਕੋਈ ਹਰਿਆ ਬੂਟ ਰਹਿਓ ਰੀ’ ਕਹਾਣੀ ਵਿੱਚ ਦੱਸਿਆ ਗਿਆ ਹੈ ਭ੍ਰਿਸ਼ਟਾਚਾਰ ਦੇ ਯੁਗ ਵਿੱਚ ਅਜੇ ਵੀ ਇਮਾਨਦਾਰੀ ਜ਼ਿੰਦਾ ਹੈ ਪ੍ਰੰਤੂ ਇਮਾਨਦਾਰ ਲੋਕਾਂ ਮਗਰ ਦਲਾਲ ਫਿਰਦੇ ਰਹਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਵਰਗਲਾ ਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਰਹਿਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2829)
(ਸਰੋਕਾਰ ਨਾਲ ਸੰਪਰਕ ਲਈ: