“ਕਿਸਾਨਾਂ ਨੂੰ ਵੀ ਕਿਸੇ ਆਪਣੇ ਭਰੋਸੇਯੋਗ ਵਿਅਕਤੀ ਨੂੰ ਵਿੱਚ ਪਾ ਕੇ ਗੱਲਬਾਤ ਕਰਕੇ ...”
(31 ਜਨਵਰੀ 2021)
(ਸ਼ਬਦ: 1380)
26 ਜਨਵਰੀ ਨੂੰ ਦਿੱਲੀ ਵਿਖੇ ਲਾਲ ਕਿਲੇ ਵਿੱਚ ਹੋਈ ਘਟਨਾ ਇੱਕ ਸੋਚੀ ਸਮਝੀ ਸ਼ਾਜ਼ਸ ਦਾ ਸਿੱਟਾ ਹੈ। ਇਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਹੱਥਕੰਡੇ ਵਰਤੇ ਗਏ ਸਨ। ਜਦੋਂ ਉਹ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ ਤਾਂ ਅਖ਼ੀਰ ਵਿੱਚ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਿੱਚ ਸਰਕਾਰ ਅਤੇ ਗੋਦੀ ਮੀਡੀਆ ਸਫਲ ਹੋ ਗਿਆ। ਨਿਰਾਸ਼ ਹੋਣ ਦੀ ਲੋੜ ਨਹੀਂ। ਮੁੱਠੀ ਭਰ ਲੋਕ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਹ ਕਦੀ ਵੀ ਕਿਸਾਨ ਅੰਦੋਲਨ ਦਾ ਹਿੱਸਾ ਨਹੀਂ ਰਹੇ। ਸੰਯੁਕਤ ਕਿਸਾਨ ਮੋਰਚੇ ਨੇ ਡੇਢ ਮਹੀਨਾ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਇਨ੍ਹਾਂ ਲੋਕਾਂ ਦਾ ਕਿਸਾਨ ਮੋਰਚੇ ਨਾਲ ਕੋਈ ਸੰਬੰਧ ਨਹੀਂ।
ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਤਸਵੀਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਤੋਂ ਬਾਅਦ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਦਿੱਲੀ ਦੀ ਸਰਹੱਦ ਉੱਪਰ ਦੋ ਮਹੀਨੇ ਤੋਂ ਵੱਧ ਸਮੇਂ ਦੇ ਚੱਲ ਰਹੇ ਕਿਸਾਨ ਅੰਦੋਲਨ ਦੀ ਵਰਤਮਾਨ ਸਥਿਤੀ 1972 ਵਿੱਚ ਮੋਗਾ ਵਿਖੇ ਹੋਏ ਵਿਦਿਆਰਥੀ ਅੰਦੋਲਨ ਤੋਂ ਵੀ ਜ਼ਿਆਦਾ ਸੰਜੀਦਾ ਹੈ। ਉਹ ਅੰਦੋਲਨ ਨੌਜਵਾਨ ਵਿਦਿਆਰਥੀਆਂ ਦੇ ਹੱਥ ਹੋਣ ਕਰਕੇ ਹਿੰਸਕ ਸੀ ਪ੍ਰੰਤੂ ਕਿਸਾਨ ਅੰਦੋਲਨ ਮੰਝੇ ਹੋਏ ਕਿਸਾਨ ਨੇਤਾਵਾਂ ਦੀ ਅਗਵਾਈ ਵਿੱਚ ਹੋਣ ਕਰਕੇ ਬਿਲਕੁਲ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ। ਮੋਗਾ ਅੰਦੋਲਨ ਰੀਗਲ ਸਿਨਮਾ ਦੇ ਬਾਹਰ ਦੋ ਵਿਦਿਆਰਥੀਆਂ ਦੇ ਪੁਲਿਸ ਦੀ ਗੋਲੀ ਨਾਲ ਮਾਰੇ ਜਾਣ ਦੇ ਵਿਰੁੱਧ ਸੀ, ਭਾਵ ਪੁਲਿਸ ਦੀ ਵਧੀਕੀ ਦੇ ਵਿਰੁੱਧ ਸੀ ਪ੍ਰੰਤੂ ਕਿਸਾਨ ਅੰਦੋਲਨ ਕਿਸਾਨਾਂ ਦੇ ਹੱਕਾਂ ਉੱਤੇ ਕੇਂਦਰ ਸਰਕਾਰ ਵੱਲੋਂ ਡਾਕਾ ਮਾਰਨ ਦੇ ਵਿਰੁੱਧ ਹੈ। ਦੋਹਾਂ ਦੀ ਇੱਕ ਗੱਲ ਸਾਂਝੀ ਹੈ ਕਿ ਉਸ ਅੰਦੋਲਨ ਤੇ ਇਸ ਅੰਦੋਲਨ ਵਿੱਚ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ’ਤੇ ਅੜੀਆਂ ਹੋਈਆਂ ਹਨ। ਗੱਲਬਾਤ ਵਿੱਚ ਖੜੋਤ ਆਈ ਹੋਈ ਹੈ।
ਉਸ ਅੰਦੋਲਨ ਵਿੱਚ ਅਗਵਾਈ ਪੰਜਾਬ ਸਟੂਡੈਂਟਸ ਯੂਨੀਅਨ ਐੱਮ ਐੱਲ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਘਾਗ ਵਿਦਿਆਰਥੀ ਨੇਤਾ ਪ੍ਰਿਥੀਪਾਲ ਸਿੰਘ ਰੰਧਾਵਾ ਕਰ ਰਹੇ ਸਨ। ਕਿਸਾਨ ਅੰਦੋਲਨ ਸਿਆਸੀ ਨਹੀਂ, ਸਗੋਂ ਲੋਕ ਅੰਦੋਲਨ ਹੈ। ਉਦੋਂ ਗਿਆਨੀ ਜ਼ੈਲ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਿਆ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ। ਉਨ੍ਹਾਂ ਲਈ ਵਿਦਿਆਰਥੀ ਅੰਦੋਲਨ ਵੰਗਾਰ ਦੀ ਤਰ੍ਹਾਂ ਮੂੰਹ ਅੱਡੀ ਖੜ੍ਹਾ ਸੀ। ਉਸ ਸਮੇਂ ਵੀ ਨਾ ਤਾਂ ਸਰਕਾਰ ਵਿਦਿਆਰਥੀਆਂ ਦੀ ਮੰਗ ਮੰਨ ਰਹੀ ਸੀ ਅਤੇ ਅਤੇ ਨਾ ਹੀ ਵਿਦਿਆਰਥੀ ਸਰਕਾਰ ਦੀਆਂ ਤਜਵੀਜ਼ਾਂ ਨੂੰ ਮੰਨਦੇ ਸਨ। ਵਿਦਿਆਰਥੀ ਨੇਤਾ ਗ੍ਰਿਫਤਾਰੀ ਦੇ ਡਰ ਕਰਕੇ ਰੂਪੋਸ਼ ਹੋਏ ਬੈਠੇ ਸਨ। ਸਥਿਤੀ ਟਕਰਾਓ ਵਾਲੀ ਬਣੀ ਹੋਈ ਸੀ। ਸਰਕਾਰੀ ਬੱਸਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ। ਦੋਹਾਂ ਪਾਸਿਆਂ ਤੋਂ ਕੋਈ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਸੀ। ਬਹੁਤ ਸਾਰੇ ਵਿਅਕਤੀਆਂ ਵੱਲੋਂ ਵਿਦਿਆਰਥੀਆਂ ਅਤੇ ਸਰਕਾਰ ਨੂੰ ਸਮਝਾਉਣ ਦੀਆਂ ਅਣਥੱਕ ਕੋਸ਼ਿਸ਼ਾਂ ਹੋਈਆਂ ਪ੍ਰੰਤੂ ਵਿਦਿਆਰਥੀ ਟੱਸ ਤੋਂ ਮਸ ਨਾ ਹੋਏ।
ਉਸ ਅੰਦੋਲਨ ਅਤੇ ਕਿਸਾਨ ਅੰਦੋਲਨ ਦਾ ਇੱਕ ਬਹੁਤ ਵੱਡਾ ਫਰਕ ਹੈ। ਵਿਦਿਆਰਥੀ ਇਨਸਾਫ ਚਾਹੁੰਦੇ ਸਨ ਪ੍ਰੰਤੂ ਸਰਕਾਰ ਇਨਸਾਫ ਦੇਣ ਲਈ ਤਿਆਰ ਸੀ। ਪ੍ਰੰਤੂ ਸਰਕਾਰ ਨੂੰ ਛੁਟਕਾਰਾ ਪਾਉਣ ਲਈ ਰਸਤਾ ਨਹੀਂ ਸੀ ਲੱਭ ਰਿਹਾ, ਸਰਕਾਰ ਘਮੰਡੀ ਵੀ ਨਹੀਂ ਸੀ। ਉਦੋਂ ਸਰਕਾਰ ਸਮਝੌਤਾ ਕਰਨ ਦੇ ਹੱਕ ਵਿੱਚ ਸੀ ਪ੍ਰੰਤੂ ਹੁਣ ਸਰਕਾਰ ਦੇ ਮਨ ਵਿੱਚ ਖੋਟ ਹੈ। ਇਸ ਅੰਦੋਲਨ ਵਿੱਚ ਕਿਸਾਨ ਇਨਸਾਫ ਚਾਹੁੰਦੇ ਹਨ, ਸਰਕਾਰ ਹਉਮੈਂ ਦੀ ਸ਼ਿਕਾਰ ਹੈ, ਅੰਦਲੋਨ ਨੂੰ ਫੇਲ ਕਰਨ ਲਈ ਚਾਲਾਂ ਚੱਲ ਰਹੀ ਹੈ। ਸਰਕਾਰ ਫਸੀ ਹੋਈ ਜ਼ਰੂਰ ਹੋਈ ਹੈ, ਕੋਈ ਅਜਿਹਾ ਰਸਤਾ ਨਹੀਂ ਲੱਭ ਰਿਹਾ ਜਿਸ ਨਾਲ ਸਰਕਾਰ ਦੀ ਹਉਮੈਂ ਨੂੰ ਠੇਸ ਨਾ ਪਹੁੰਚੇ। ਵਿਦਿਆਰਥੀ ਅੰਦੋਲਨ ਇੱਕ ਰਾਜ ਅਤੇ ਇੱਕ ਸਿਆਸੀ ਪਾਰਟੀ ਤਕ ਸੀਮਤ ਸੀ ਪ੍ਰੰਤੂ ਹੁਣ ਕਿਸਾਨ ਅੰਦੋਲਨ ਸਮੁੱਚੇ ਦੇਸ ਦਾ ਲੋਕ ਅੰਦੋਲਨ ਬਣ ਚੁੱਕਾ ਹੈ।
ਉਦੋਂ ਵੀ ਸਿਆਸੀ ਨੇਤਾਵਾਂ ਦਾ ਪਿੰਡਾਂ ਵਿੱਚ ਵੜਨਾ ਅਤੇ ਸਿਆਸੀ ਸਮਾਗਮ ਕਰਨਾ ਅਸੰਭਵ ਹੋ ਗਿਆ ਸੀ। ਬਿਲਕੁਲ ਅੱਜ ਦੀ ਤਰ੍ਹਾਂ ਸਿਆਸਤਦਾਨ ਲੁਕਦੇ ਫਿਰਦੇ ਸਨ। ਇਸ ਸਮੇਂ ਵੀ ਸਿਆਸਤਦਾਨਾਂ ਨੂੰ ਕਿਸਾਨ ਅੰਦੋਲਨ ਵਿੱਚ ਵੜਨ ਨਹੀਂ ਦਿੱਤਾ ਜਾਂਦਾ। ਇੱਥੋਂ ਤਕ ਕਿ ਪੰਜਾਬ ਅਤੇ ਹਰਿਆਣਾ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਅਤੇ ਉਨ੍ਹਾਂ ਦੇ ਘਰਾਂ ਦਾ ਘੇਰਾਓ ਵੀ ਹੋ ਰਿਹਾ ਹੈ। ਭਾਵੇਂ ਉਸ ਅੰਦੋਲਨ ਅਤੇ ਕਿਸਾਨ ਅੰਦੋਲਨ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਪ੍ਰੰਤੂ ਟਕਰਾਓ ਬਿਲਕੁਲ ਉਸੇ ਤਰ੍ਹਾਂ ਹੈ। ਗੱਲਬਾਤ ਭਾਵੇਂ ਹੁੰਦੀ ਰਹੀ ਹੈ ਪ੍ਰੰਤੂ ਸਥਿਤੀ ਵਿੱਚ ਕੋਈ ਫਰਕ ਨਹੀਂ ਪੈ ਰਿਹਾ। ਗੱਲਬਾਤ ਵਿੱਚ ਵੀ ਖੜੋਤ ਪੈਦਾ ਹੋ ਗਈ ਹੈ। ਗੱਲਬਾਤ ਵੀ ਦੋਹਾਂ ਧਿਰਾਂ ਵਿੱਚ ਸਿੱਧੀ ਹੋ ਰਹੀ ਹੈ।
ਇਸ ਅੰਦੋਲਨ ਦੀ ਸੰਸਾਰ ਵਿੱਚ ਇੱਕ ਵੱਖਰੀ ਪਛਾਣ ਬਣ ਚੁੱਕੀ ਹੈ। ਵਿਦਿਅਰਥੀ ਅੰਦੋਲਨ ਤਾਂ ਸਿਰਫ ਵਿਦਿਆਰਥੀਆਂ ਦਾ ਸੀ ਪ੍ਰੰਤੂ ਗੱਲਬਾਤ ਲਈ ਕਿਸੇ ਵੀ ਵਿਚੋਲਗੀ ਦਾ ਇੰਨਾ ਇਤਰਾਜ਼ ਨਹੀਂ ਕਰਦੇ ਸਨ। ਕਿਸਾਨ ਅੰਦੋਲਨ ਵਿੱਚ ਵਿਚੋਲਗੀ ਦੀ ਮਨਾਹੀ ਹੈ। ਵਿਦਿਆਰਥੀ ਅੰਦੋਲਨ ਵਿੱਚ ਭਾਵੇਂ ਸਮਾਜ ਦੇ ਸਾਰੇ ਵਰਗ ਸ਼ਾਮਲ ਨਹੀਂ ਸਨ ਪ੍ਰੰਤੂ ਸਥਿਤੀ ਬਿਲਕੁਲ ਕਿਸਾਨ ਅੰਦੋਲਨ ਵਰਗੀ ਸੀ। ਆਮ ਲੋਕਾਂ ਦੀ ਹਮਦਰਦੀ ਕਿਸਾਨ ਅੰਦੋਲਨ ਦੀ ਤਰ੍ਹਾਂ ਸਮਾਜ ਦੇ ਸਾਰੇ ਵਰਗਾਂ ਦੀ ਵਿਦਿਆਰਥੀਆਂ ਨਾਲ ਸੀ। ਕਿਸਾਨ ਅੰਦੋਲਨ ਵਿੱਚ ਤਾਂ ਸਮਾਜ ਦੇ ਸਾਰੇ ਵਰਗ ਸ਼ਾਮਲ ਹੀ ਨਹੀਂ ਹੁੰਦੇ ਸਗੋਂ ਅੰਦੋਲਨ ਵਿੱਚ ਹਰ ਵਰਗ ਦੇ ਲੋਕ ਜਿਵੇਂ ਤੀਰਥ ਅਸਥਾਨਾਂ ’ਤੇ ਜਾਂਦੇ ਹਨ, ਬਿਲਕੁਲ ਉਸੇ ਤਰ੍ਹਾਂ ਹਰ ਰੋਜ਼ ਪਹੁੰਚ ਰਹੇ ਹਨ। ਆਮ ਤੌਰ ’ਤੇ ਜਦੋਂ ਕੋਈ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਕੋਈ ਨਾ ਕੋਈ ਵਿਅਕਤੀ ਟਕਰਾਓ ਖ਼ਤਮ ਕਰਨ ਅਤੇ ਮਸਲੇ ਦੇ ਹੱਲ ਲਈ ਅੱਗੇ ਆਉਂਦਾ ਹੈ ਕਿਉਂਕਿ ਸੰਸਾਰ ਦਾ ਇਤਿਹਾਸ ਗਵਾਹ ਹੈ ਕਿ ਹਰ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਹੀ ਹੁੰਦਾ ਹੈ। ਇਹ ਅੰਦੋਲਨ ਲੰਬਾ ਵੀ ਤਾਂ ਹੀ ਹੋ ਰਿਹਾ ਹੈ ਕਿਉਂਕਿ ਕਿਸਾਨ ਕਿਸੇ ਹੋਰ ਵਿਅਕਤੀ ਨੂੰ ਵਿਚੋਲਗੀ ਕਰਨ ਦੀ ਪ੍ਰਵਾਨਗੀ ਨਹੀਂ ਦਿੰਦੇ। ਇਤਿਹਾਸ ਗਵਾਹ ਹੈ ਕਿ ਜਦੋਂ ਅਜਿਹੀ ਖੜੋਤ ਪੈਦਾ ਹੋ ਜਾਵੇ ਤਾਂ ਕਿਸੇ ਦੀ ਵਿਚੋਲਗੀ ਪ੍ਰਵਾਨ ਕਰਨੀ ਹੁੰਦੀ ਹੈ। ਅੰਦੋਲਨ ਦੇ ਲੰਬਾ ਹੋਣ ਨਾਲ ਸਰਕਾਰ ਵੀ ਬੁਖਲਾ ਗਈ ਹੈ, ਕਿਸਾਨਾਂ ਲਈ ਵੀ ਮੁਸ਼ਕਲ ਬਣਦੀ ਜਾ ਰਹੀ ਹੈ। ਹਰ ਰੋਜ਼ ਖ਼ਰਚੇ ਤਾਂ ਹੋ ਰਹੇ ਹਨ ਪ੍ਰੰਤੂ ਆਮਦਨ ਦੇ ਸਾਧਨ ਬੰਦ ਹੋ ਗਏ ਹਨ। ਅੰਦੋਲਨ ਲਈ ਪਿੰਡਾਂ ਵਿੱਚੋਂ ਰਸਦ ਅਤੇ ਮਾਇਆ ਇਕੱਠੀ ਕਰਕੇ ਆਪੋ ਆਪਣੇ ਪਿੰਡਾਂ ਦੇ ਕਿਸਾਨਾਂ ਨੂੰ ਭੇਜੀ ਜਾ ਰਹੀ ਹੈ। ਇਸਦੇ ਉਲਟ ਵਿਦੇਸ਼ਾਂ ਵਿੱਚੋਂ ਪੈਸੇ ਆਉਣ ਦੇ ਇਲਜ਼ਾਮਾਂ ਦਾ ਕਿਸਾਨਾਂ ਨੂੰ ਮੁਕਾਬਲਾ ਕਰਨਾ ਪੈ ਰਿਹਾ ਹੈ। ਦੇਸ਼ ਦੀ ਆਰਥਿਕ ਹਾਲਤ ਵੀ ਡਾਵਾਂਡੋਲ ਹੋ ਜਾਵੇਗੀ।
ਭਾਰਤ ਅਤੇ ਪਾਕਿਸਤਾਨ ਦੀਆਂ ਆਪਸੀ ਦੋ ਜੰਗਾਂ ਹੋ ਚੁੱਕੀਆਂ ਹਨ। ਚੀਨ ਨਾਲ ਵੀ ਲੜਾਈ ਹੋ ਚੁੱਕੀ ਹੈ। ਇਨ੍ਹਾਂ ਤਿੰਨਾਂ ਲੜਾਈਆਂ ਵਿੱਚ ਅਨੇਕਾਂ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ ਹੈ। ਦੇਸ ਅਤੇ ਖਾਸ ਤੌਰ ’ਤੇ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਵਧੇਰੇ ਨੁਕਸਾਨ ਝੱਲ ਚੁੱਕਿਆ ਹੈ। ਤਿੰਨਾਂ ਲੜਾਈਆਂ ਵਿੱਚ ਅਖ਼ੀਰ ਸਮਝੌਤਾ ਕਰਨਾ ਪਿਆ। ਸੰਸਾਰ ਦੀਆਂ ਵੀ ਦੋ ਜੰਗਾਂ ਹੋਈਆਂ। ਉੱਥੇ ਵੀ ਸਮਝੌਤੇ ਹੋਏ। ਚੀਨ ਅਤੇ ਪਾਕਿਸਤਾਨ ਨਾਲ ਹੁਣ ਵੀ ਭਾਰਤ ਦਾ ਇੱਟ ਖੜੱਕਾ ਹੁੰਦਾ ਰਹਿੰਦਾ ਹੈ, ਫਿਰ ਆਪਸ ਵਿੱਚ ਬੈਠਕੇ ਸਮਝੌਤੇ ਹੁੰਦੇ ਹਨ। ਇਸ ਲਈ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਨੂੰ ਧੀਰਜ ਨਾਲ ਸੋਚਣਾ ਬਣਦਾ ਹੈ।
ਮੋਗਾ ਵਿਦਿਆਰਥੀ ਅੰਦੋਲਨ ਵੇਲੇ ਜਦੋਂ ਕੋਈ ਹਲ ਨਾ ਹੁੰਦਾ ਦਿਸਿਆ ਸਰਕਾਰ ਬੜੀ ਅਸੰਜਮ ਵਿੱਚ ਸੀ ਕਿਉਂਕਿ ਉਹ ਵਿਦਿਆਰਥੀਆਂ ਨਾਲ ਸਖਤੀ ਨਹੀਂ ਵਰਤਣੀ ਚਾਹੁੰਦੀ ਸੀ। ਲੋਕਤੰਤਰ ਵਿੱਚ ਅਜਿਹੀ ਸੋਚ ਰੱਖਣੀ ਸਰਕਾਰ ਦੇ ਅਤੇ ਅੰਦੋਲਨਕਾਰੀਆਂ ਦੇ ਹੱਕ ਵਿੱਚ ਹੁੰਦੀ ਹੈ। ਇੱਥੇ ਵੀ ਸਰਕਾਰ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਕਿਸਾਨ ਜਥੇਬੰਦੀਆਂ ਨੂੰ ਵੀ ਕੋਈ ਰਸਤਾ ਲੱਭਣਾ ਚਾਹੀਦਾ ਹੈ। ਤਰਲੋਚਨ ਸਿੰਘ, ਜਿਸ ਨੂੰ ਹੁਣੇ ਪਦਮ ਭੂਸ਼ਣ ਦੇਣ ਦਾ ਐਲਾਨ ਹੋਇਆ ਹੈ, ਉਦੋਂ ਮਾਰਕਫੈਡ ਵਿੱਚ ਸੰਪਰਕ ਅਧਿਕਾਰੀ ਲੱਗਿਆ ਹੋਇਆ ਸੀ। ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਨਜ਼ਦੀਕੀ ਸਮਝਿਆ ਜਾਂਦਾ ਸੀ। ਇਸ ਕਰਕੇ ਉਨ੍ਹਾਂ ਨੂੰ ਸਜ਼ਾ ਦੇਣ ਲਈ ਫਰੀਦਕੋਟ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਲਾ ਕੇ ਮੋਗਾ ਹੈੱਡ ਕੁਆਰਟਰ ਕਰ ਦਿੱਤਾ ਗਿਆ ਅਤੇ ਵਿਦਿਆਰਥੀਆਂ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ। ਉਹ ਪਹਿਲਾਂ ਫਿਰੋਜ਼ਪੁਰ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਰਹੇ ਸਨ। ਉਦੋਂ ਮੋਗਾ ਫਿਰੋਜ਼ਪੁਰ ਵਿੱਚ ਹੁੰਦਾ ਸੀ। ਉਹ ਮੋਗਾ ਦੇ ਸਥਾਨਕ ਕਾਂਗਰਸੀ ਸਿਆਸਤਦਾਨ ਜੁਗਰਾਜ ਸਿੰਘ ਗਿੱਲ ਨੂੰ ਜਾਣਦੇ ਸਨ। ਤਰਲੋਚਨ ਸਿੰਘ ਜੁਗਰਾਜ ਸਿੰਘ ਗਿੱਲ ਦੇ ਘਰ ਹੀ ਰਹਿਣ ਲੱਗ ਪਏ ਅਤੇ ਜੁਗਰਾਜ ਸਿੰਘ ਗਿੱਲ ਦਾ ਅਸਰ ਰਸੂਖ ਵਰਤਕੇ ਰੂਹਪੋਸ਼ ਵਿਦਿਆਰਥੀ ਨੇਤਾਵਾਂ ਨੂੰ ਕਿਸੇ ਟਿਊਬਵੈਲ ’ਤੇ ਜਾ ਕੇ ਮਿਲੇ। ਵਿਦਿਆਰਥੀ ਨੇਤਾ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਵਿਸ਼ਵਾਸ ਨਹੀਂ ਕਰਦੇ ਸਨ, ਇਸ ਲਈ ਤਰਲੋਚਨ ਸਿੰਘ ਨੂੰ ਮਿਲ ਲਏ। ਵਿਦਿਆਰਥੀ ਨੇਤਾਵਾਂ ਨੇ ਗਿਆਨੀ ਜ਼ੈਲ ਸਿੰਘ ਨੂੰ ਸਿੱਧੇ ਮਿਲਕੇ ਗੱਲ ਕਰਨ ਦੀ ਇੱਛਾ ਜ਼ਾਹਰ ਕੀਤੀ। ਸ਼ਰਤਾਂ ਰੱਖੀਆਂ ਕਿ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਨੂੰ ਬਦਲ ਦਿੱਤਾ ਜਾਵੇ। ਸਿਨਮਾ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਜਾਵੇ। ਅੰਦੋਲਨ ਦੀ ਅਹਿਮੀਅਤ ਨੂੰ ਸਮਝਦੇ ਹੋਏ ਅਗਲੇ ਦਿਨ ਗਿਆਨੀ ਜ਼ੈਲ ਸਿੰਘ ਵਿਦਿਆਰਥੀ ਨੇਤਾਵਾਂ ਨੂੰ ਮਿਲਣ ਲਈ ਜਗਰਾਓਂ ਪਹੁੰਚ ਗਏ। ਰਾਤ ਨੂੰ 9:00 ਵਜੇ ਨੇਤਾਵਾਂ ਦੀ ਮੁੱਖ ਮੰਤਰੀ ਨਾਲ ਗੱਲ ਹੋਈ। ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ। ਵਿਦਿਆਰਥੀ ਨੇਤਾਵਾਂ ਨੇ ਚੰਡੀਗੜ੍ਹ ਜਾ ਕੇ ਪ੍ਰੈੱਸ ਕਾਨਫਰੰਸ ਕਰਕੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ।
ਗਿਆਨੀ ਜ਼ੈਲ ਸਿੰਘ ਨੇ ਸਮੱਸਿਆ ਦੀ ਗੰਭੀਰਤਾ ਨੂੰ ਵੇਖਦਿਆਂ ਫਰਾਖਦਿਲੀ ਵਿਖਾਈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਵੀ ਅੰਦੋਲਨ ਦੇ ਲੰਬੇ ਸਮੇਂ ਲਈ ਪੈਣ ਵਾਲੇ ਪ੍ਰਭਾਵਾਂ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ। ਸਰਕਾਰ ਨੂੰ ਆਪਣਾ ਅਕਸ ਬਚਾਉਣ ਲਈ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਅਤੇ ਕਿਸਾਨਾਂ ਨੂੰ ਵੀ ਕਿਸੇ ਆਪਣੇ ਭਰੋਸੇਯੋਗ ਵਿਅਕਤੀ ਨੂੰ ਵਿੱਚ ਪਾ ਕੇ ਗੱਲਬਾਤ ਕਰਕੇ ਮਸਲਾ ਹੱਲ ਕਰਨਾ ਚਾਹੀਦਾ ਹੈ। ਬਹੁਤੇ ਨੇਤਾਵਾਂ ਦੀ ਗੱਲਬਾਤ ਸਿਰੇ ਚੜ੍ਹਨੀ ਅਸੰਭਵ ਹੁੰਦੀ ਹੈ। ਜੋ ਵੀ ਫੈਸਲਾ ਕਰਨਾ ਹੈ, ਉਸ ਨੂੰ ਸਾਰੀਆਂ ਜਥੇਬੰਦੀਆਂ ਦੇ ਨੇਤਾਵਾਂ ਦੀ ਮੀਟਿੰਗ ਕਰਕੇ ਉਸ ਵਿੱਚ ਵਿਚਾਰਕੇ ਜੇ ਠੀਕ ਲੱਗੇ ਤਾਂ ਪ੍ਰਵਾਨਗੀ ਦੇਣ। ਟਕਰਾਓ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2557)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)