“ਉਸਦੀ ਨਿਮਰਤਾ, ਸਾਦਗੀ, ਸਲੀਕਾ, ਮਿਹਨਤ ਅਤੇ ਲੇਖਣੀ ਦਾ ...”
(23 ਦਸੰਬਰ 2019)
ਸਾਹਿਤ ਅਕਾਡਮੀ ਦਾ ਇਨਾਮ ਮਿਲਣ ’ਤੇ
ਪ੍ਰੋ. ਕ੍ਰਿਪਾਲ ਕਜ਼ਾਕ ਨੂੰ ਸਾਹਿਤ ਅਕਾਡਮੀ ਨਵੀਂ ਦਿੱਲੀ ਵੱਲੋਂ ਉਸਦੀ ਕਹਾਣੀਆਂ ਦੀ ਪੁਸਤਕ ‘ਅੰਤਹੀਣ’ ਨੂੰ ਸਾਹਿਤ ਅਕਾਡਮੀ ਦਾ ਇਨਾਮ ਦੇਣ ਦੇ ਐਲਾਨ ਤੋਂ ਇਹ ਅਖਾਣ ਸਹੀ ਸਾਬਤ ਹੋ ਗਿਆ ਹੈ ਕਿ ‘ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ।’ ਕ੍ਰਿਪਾਲ ਕਜ਼ਾਕ ਨੂੰ ਇਹ ਸਨਮਾਨ ਮਿਲਣ ’ਤੇ ਜਿਹੜਾ ਆਮ ਸਾਹਿਤਕਾਰਾਂ ਵਿੱਚ ਚਰਚਾ ਦਾ ਵਿਸ਼ਾ ਹਮੇਸ਼ਾ ਬਣਿਆ ਰਹਿੰਦਾ ਸੀ ਕਿ ਸਾਹਿਤ ਅਕਾਡਮੀ ਦੇ ਇਨਾਮ ਸਿਰਫ ਜੁਗਾੜੀ ਸਾਹਿਤਕਾਰਾਂ ਨੂੰ ਹੀ ਮਿਲਦੇ ਹਨ, ਉਹ ਅੰਦੇਸ਼ਾ ਵੀ ਦੂਰ ਹੋ ਗਿਆ ਹੈ, ਹੁਣ ਬਿਨਾ ਸਿਫ਼ਾਰਸ਼ ਵੀ ਅਵਾਰਡ ਮਿਲ ਸਕਦੇ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਭਾਸ਼ਾ ਵਿਭਾਗ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਇੰਨਾ ਵੱਡਾ ਕਹਾਣੀਕਾਰ ਪੰਜਾਬ ਵਿੱਚ, ਉਹ ਵੀ ਉਨ੍ਹਾਂ ਦੇ ਮੁੱਖ ਦਫਤਰ ਵਾਲੇ ਪਟਿਆਲੇ ਸ਼ਹਿਰ ਵਿੱਚ ਰਹਿ ਰਿਹਾ ਹੈ। ਕਿਰਪਾਲ ਕਜ਼ਾਕ ਪੰਜਾਬੀ ਦਾ ਸਮਰੱਥ ਕਹਾਣੀਕਾਰ ਹੈ, ਜਿਸਨੇ ਸਮਾਜ ਦੇ ਦੱਬੇ ਕੁਚਲੇ ਗ਼ਰੀਬ ਵਰਗ ਦੇ ਲੋਕਾਂ ਦੀ ਜੱਦੋਜਹਿਦ ਭਰੀ ਜ਼ਿੰਦਗੀ ਨੂੰ ਕਾਗਜ਼ ਦੀ ਕੈਨਵਸ ’ਤੇ ਲਿਖਕੇ ਉਨ੍ਹਾਂ ਨੂੰ ਅਮਰ ਕਰ ਦਿੱਤਾ ਹੈ। ਉਸਨੇ ਦੋ ਦਰਜਨ ਦੇ ਲਗਭਗ ਪੰਜਾਬੀ ਭਾਸ਼ਾ ਵਿੱਚ ਕਹਾਣੀਆਂ ਦੀਆਂ ਪੁਸਤਕਾਂ ਲਿਖੀਆਂ ਹਨ। ਵੈਸੇ ਤਾਂ ਉਸਦੀਆਂ ਸਾਰੀਆਂ ਪੁਸਤਕਾਂ ਹੀ ਚਰਚਿਤ ਰਹੀਆਂ ਪ੍ਰੰਤੂ ਕੁਝ ਪੁਸਤਕਾਂ ਜਿਨ੍ਹਾਂ ਵਿੱਚ ਅੰਤਹੀਣ, ਕਾਲਾ ਇਲਮ, ਹੁੰਮਸ ਅਤੇ ਸ਼ਰੇਆਮ ਵਿਸ਼ੇਸ਼ ਤੌਰ ਉੱਤੇ ਬਾਕੀਆਂ ਨਾਲੋਂ ਵਿਲੱਖਣ ਹਨ। ਕ੍ਰਿਪਾਲ ਕਜ਼ਾਕ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਜਾਣ ਤੋਂ ਬਾਅਦ ਬਹੁਤਾ ਖੋਜ ਦਾ ਕੰਮ ਕੀਤਾ। ਕਹਾਣੀਕਾਰਾਂ ਨੂੰ ਇਉਂ ਮਹਿਸੂਸ ਹੋਣ ਲੱਗ ਗਿਆ ਸੀ ਕਿ ਕਿਰਪਾਲ ਕਜ਼ਾਕ ਦੀ ਕਹਾਣੀ ਕਲਾ ਨੂੰ ਯੂਨੀਵਰਸਿਟੀ ਵਿੱਚ ਆਉਣ ਨਾਲ ਨੁਕਸਾਨ ਹੋਇਆ ਹੈ ਕਿਉਂਕਿ ਉਹ ਅਕਾਦਮਿਕ ਕੰਮ ਵਿੱਚ ਰੁੱਝ ਗਿਆ ਹੈ। ਉਸਨੇ ਕਹਾਣੀਆਂ ਲਿਖਣ ਨੂੰ ਤਿਲਾਂਜਲੀ ਦੇ ਦਿੱਤੀ ਹੈ, ਜਿਸਦਾ ਸਾਹਿਤ ਜਗਤ ਨੂੰ ਘਾਟਾ ਰਹੇਗਾ।
ਉਸਨੇ ਯੂਨੀਵਰਸਿਟੀ ਵਿੱਚ ਸੇਵਾ ਮੁਕਤੀ ਤੋਂ ਬਾਅਦ ਫਿਰ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਜਿਸਦਾ ਨਤੀਜਾ ਸਾਹਿਤ ਅਕਾਡਮੀ ਦਾ ਅਵਾਰਡ ਸਭ ਦੇ ਸਾਹਮਣੇ ਹੈ। ਸੇਵਾ ਮੁਕਤੀ ਤੋਂ ਬਾਅਦ ਉਸਨੇ ਤਿੰਨ ਮਾਅਰਕੇ ਦੀਆਂ ਪੁਸਤਕਾਂ ਹੁੰਮਸ 2014, ਅੰਤਹੀਣ 2015, ਕਾਲਾ ਇਲਮ 2016, ਸ਼ਰੇਆਮ 2018 ਅਤੇ ਚੌਥੀ ਸਿਲਸਿਲਾ ਪ੍ਰਕਾਸ਼ਨ ਅਧੀਨ ਹੈ। ਅੰਤਹੀਣ ਦੀਆਂ ਤਿੰਨ ਐਡੀਸ਼ਨਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਸ ਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਭਾਰਤੀ ਸਾਹਿਤ ਅਕਾਡਮੀ ਦਿੱਲੀ ਨੇ ਉਸਦੀ ਕਹਾਣੀਆਂ ਦੀ ਪੁਸਤਕ ਅੰਤਹੀਣ ਨੂੰ ਇਨਾਮ ਦੇਣ ਲਈ ਚੁਣਕੇ ਸਮੁੱਚੇ ਉਸ ਗ਼ਰੀਬ ਵਰਗ ਨੂੰ ਸਨਮਾਨਿਆ ਹੈ, ਜਿਨ੍ਹਾਂ ਬਾਰੇ ਕ੍ਰਿਪਾਲ ਕਜ਼ਾਕ ਨੇ ਇਹ ਕਹਾਣੀਆਂ ਲਿਖੀਆਂ ਹਨ।
ਕ੍ਰਿਪਾਲ ਕਜ਼ਾਕ ਦੀ ਜ਼ਿੰਦਗੀ ਇੱਕ ਖੁਲ੍ਹੀ ਕਿਤਾਬ ਦੀ ਤਰ੍ਹਾਂ ਹੈ। ਉਸਦੀ ਜ਼ਿੰਦਗੀ ਵਿੱਚ ਅਨੇਕਾਂ ਉਤਰਾਅ ਚੜ੍ਹਾਅ ਆਏ ਹਨ ਪ੍ਰੰਤੂ ਉਹ ਡੋਲਿਆ ਨਹੀਂ। ਉਸਨੇ ਹਰ ਮੁਸ਼ਕਿਲ ਦਾ ਦਲੇਰੀ ਨਾਲ ਮੁਕਾਬਲਾ ਕਰਦਿਆਂ ਉਸ ਉੱਪਰ ਕਾਬੂ ਹੀ ਨਹੀਂ ਪਾਇਆ ਸਗੋਂ ਸਮਾਜ ਲਈ ਇੱਕ ਰਾਹ ਦਸੇਰਾ ਬਣਕੇ ਉੱਭਰਿਆ ਹੈ। ਆਪਣੇ ਜੀਵਨ ਵਿੱਚ ਉਸਨੇ ਜੋ ਹੰਢਾਇਆ, ਉਹੀ ਲਿਖਿਆ ਹੈ। ਉਹ ਸ਼ਬਦਾਂ ਦਾ ਜਾਦੂਗਰ ਹੈ। ਜਦੋਂ ਉਹ ਲਿਖਣ ਬੈਠਦਾ ਹੈ ਤਾਂ ਸ਼ਬਦ ਆਪ ਮੁਹਾਰੇ ਉਸਦੇ ਆਲੇ ਦੁਆਲੇ ਘੁੰਮਣਘੇਰੀ ਪਾ ਕੇ ਬੈਠ ਜਾਂਦੇ ਹਨ। ਉਸਦੀ ਸ਼ਬਦਾਂ ਦੀ ਚੋਣ ਵੀ ਕਮਾਲ ਦੀ ਹੁੰਦੀ ਹੈ। ਉਸਦੀ ਬੋਲੀ ਅਤੇ ਸ਼ੈਲੀ ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀ ਹੈ। ਉਸਨੇ ਗੁਰਬਤ ਦੇ ਦਿਨ ਵੀ ਵੇਖੇ ਹਨ, ਭਾਵੇਂ ਉਹ ਅੱਜ ਕੱਲ੍ਹ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਦੇ ਪੌਸ਼ ਇਲਾਕੇ ਵਿੱਚ ਇੱਕ ਛੋਟੇ ਜਿਹੇ ਆਪ ਡਿਜ਼ਾਇਨ ਕੀਤੇ ਘਰ ਵਿੱਚ ਆਪਣੀ ਪਤਨੀ ਨਾਲ ਸ਼ੰਤੁਸ਼ਟਤਾ ਵਿੱਚ ਜੀਵਨ ਬਸਰ ਕਰ ਰਿਹਾ ਹੈ, ਪ੍ਰੰਤੂ ਆਪਣੇ ਜੀਵਨ ਦੇ ਨਿਰਬਾਹ ਲਈ ਅਜੇ ਵੀ ਉਸਨੂੰ ਇਸ ਵਡੇਰੀ ਉਮਰ ਵਿੱਚ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ।
ਮੈਂ ਪਹਿਲੀ ਵਾਰ 1980 ਵਿੱਚ ਆਪਣੇ ਇੱਕ ਦੋਸਤ ਦਰਸ਼ਨ ਸਿੰਘ ਵਿਰਕ ਦੇ ਇਹ ਦੱਸਣ ’ਤੇ ਕਿ ਇੱਕ ਪੰਜਾਬੀ ਦਾ ਕਹਾਣੀਕਾਰ, ਜਿਸਦੀਆਂ ਕਹਾਣੀਆਂ ਦੀਆਂ ਪੁਸਤਕਾਂ ਐੱਮਏ ਦੇ ਸਲੇਬਸ ਵਿੱਚ ਲੱਗੀਆਂ ਹੋਈਆਂ ਹਨ ਪ੍ਰੰਤੂ ਉਹ ਰੋਜ਼ੀ ਰੋਟੀ ਲਈ ਰਾਜਗਿਰੀ ਦਾ ਕੰਮ ਕਰਦਾ ਹੈ, ਉਸਨੂੰ ਮਿਲਣ ਲਈ ਪਟਿਆਲਾ ਜ਼ਿਲ੍ਹੇ ਦੇ ਸਨੌਰ ਕਸਬੇ ਨੇੜੇ ਗਿਆ ਸੀ। ਉਹ ਉਸ ਸਮੇਂ ਇੱਕ ਸ਼ੈੱਲਰ ਦੀ ਇਮਾਰਤ ਦੀ ਉਸਾਰੀ ਕਰ ਰਿਹਾ ਸੀ। ਮੈਂ ਉਸ ਨੂੰ ਪੈੜ ਉੱਤੇ ਹੀ ਉੱਪਰ ਚੜ੍ਹਕੇ ਮਿਲਿਆ। ਮੈਂ ਕਿਉਂਕਿ ਸਾਹਿਤ ਦਾ ਵਿਦਿਆਰਥੀ ਸੀ, ਇਸ ਲਈ ਮੇਰਾ ਸਿਰ ਕਿਰਪਾਲ ਕਜ਼ਾਕ ਦੇ ਸਤਿਕਾਰ ਵਿੱਚ ਝੁਕ ਗਿਆ ਕਿਉਂਕਿ ਉਸਦੀ ਨਿਮਰਤਾ, ਸਾਦਗੀ, ਸਲੀਕਾ, ਮਿਹਨਤ ਅਤੇ ਲੇਖਣੀ ਦਾ ਕੋਈ ਮੁੱਲ ਨਹੀਂ ਪਾ ਰਿਹਾ ਸੀ। ਕ੍ਰਿਪਾਲ ਕਜ਼ਾਕ ਨੂੰ ਇਸ ਗੱਲ ਦਾ ਵੀ ਕੋਈ ਹੰਦੇਸ਼ਾ ਨਹੀਂ ਸੀ। ਉਸਦੀ ਖਾਸੀਅਤ ਇਹ ਹੈ ਕਿ ਉਸਨੇ ਆਰਥਿਕ ਤੌਰ ਉੱਤੇ ਮਜ਼ਬੂਤ ਨਾ ਹੋਣ ਦੇ ਬਾਵਜੂਦ ਕਿਸੇ ਅੱਗੇ ਹੱਥ ਨਹੀਂ ਅੱਡਿਆ। ਪਰਿਵਾਰ ਵਿੱਚ ਵੱਡਾ ਹੋਣ ਦੇ ਨਾਤੇ ਪਹਿਲਾਂ ਉਸਨੇ ਆਪਣੇ ਪਿਤਾ ਦੇ ਸਾਰੇ ਪਰਿਵਾਰ ਦੀ ਪਾਲਣ ਪੋਸ਼ਣ ਕੀਤੀ ਅਤੇ ਫਿਰ ਆਪਣੇ ਪਰਿਵਾਰ ਨੂੰ ਪਾਲਿਆ। ਸਾਰੀ ਉਮਰ ਉਹ ਇਸੇ ਚੱਕਰ ਵਿੱਚ ਉਲਝਿਆ ਰਿਹਾ। ਉਸਨੇ ਆਪਣੇ ਬਹੁਤ ਸਾਰੇ ਸਾਹਿਤਕਾਰ ਦੋਸਤਾਂ ਦੇ ਘਰ ਆਪ ਡੀਜ਼ਾਈਨ ਕੀਤੇ ਅਤੇ ਆਪ ਹੀ ਉਸਾਰੀ ਕੀਤੀ। ਉਹ ਦੋਸਤਾਂ ਦਾ ਦੋਸਤ ਹੈ ਪ੍ਰੰਤੂ ਸਾਹਿਤ ਸਿਰਜਣਾ ਬਾਰੇ ਕੋਰਾ ਹੈ। ਸੱਚੀ ਗੱਲ ਮੂੰਹ ’ਤੇ ਕਹਿ ਦਿੰਦਾ ਹੈ। ਉਹ ਸਿਰੜੀ ਕਿਸਮ ਦਾ ਇਨਸਾਨ ਹੈ। ਉਸਨੇ ਕਈ ਵੇਲਣ ਵੇਲੇ। ਉਹ ਚੰਗਾ ਆਰਟਿਸਟ ਵੀ ਹੈ ਜਿਸ ਕਰਕੇ ਉਹ ਇੱਕ ਪੇਂਟਰ ਦੀ ਦੁਕਾਨ ’ਤੇ ਵਾਧੂ ਸਮੇਂ ਵਿੱਚ ਕੰਮ ਕਰਦਾ ਰਿਹਾ। ਉਸਨੇ ਆਪਣੇ ਪਿੰਡ ਵਿੱਚ ਸਭ ਤੋਂ ਪਹਿਲਾਂ ਆਪਣੇ ਹੀ ਘਰ ਵਿੱਚ ਇੱਕ ਲਾਇਬਰੇਰੀ ਖੋਲ੍ਹੀ ਤਾਂ ਜੋ ਪਿੰਡਾਂ ਦੇ ਬੱਚਿਆਂ ਨੂੰ ਸਾਹਿਤ ਨਾਲ ਜੋੜਿਆ ਜਾ ਸਕੇ। ਮੈਂ ਅੰਗਰੇਜ਼ੀ ਟ੍ਰਿਬਿਉੂਨ ਦੇ ਪਟਿਆਲਾ ਸਥਿਤ ਪੱਤਰਕਾਰ ਸ਼ੇਰ ਸਿੰਘ ਗੁਪਤਾ ਨੂੰ ਉਸਦੀ ਸਾਰੀ ਕਹਾਣੀ ਦੱਸੀ। ਉਨ੍ਹਾਂ ਕ੍ਰਿਪਾਲ ਕਜ਼ਾਕ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਸ਼ੇਰ ਸਿੰਘ ਗੁਪਤਾ ਨੇ ਅੰਗਰੇਜ਼ੀ ਟ੍ਰਿਬਿਉੂਨ ਵਿੱਚ ਕ੍ਰਿਪਾਲ ਕਜ਼ਾਕ ਬਾਰੇ ਲੇਖ ਲਿਖਿਆ –“ਬਰਿੱਕ ਟੂ ਬਰਿੱਕ ਵਰਡ ਬਾਈ ਵਰਡ”। ਉਸ ਤੋਂ ਬਾਅਦ ਜਦੋਂ ਮੈਂ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਨੂੰ ਕ੍ਰਿਪਾਲ ਕਜ਼ਾਕ ਬਾਰੇ ਦੱਸਿਆ ਤਾਂ ਉਨ੍ਹਾਂ ਡਾਕਟਰ ਭਗਤ ਸਿੰਘ ਉਪ ਕੁਲਪਤੀ ਨੂੰ ਫ਼ੋਨ ਕਰਕੇ ਕਿਹਾ ਕਿ ਤੁਹਾਡੇ ਇਲਾਕੇ ਵਿੱਚ ਇੰਨਾ ਵੱਡਾ ਕਹਾਣੀਕਾਰ ਰਹਿੰਦਾ ਹੈ ਤੇ ਉਹ ਰਾਜਗਿਰੀ ਦਾ ਕੰਮ ਕਰਦਾ ਹੈ। ਅਜਿਹੇ ਸਾਹਿਤਕਾਰ ਦਾ ਸਥਾਨ ਯੂਨੀਵਰਸਿਟੀ ਹੈ। ਇਸ ਲਈ ਉਸਦੀ ਕਾਬਲੀਅਤ ਦਾ ਲਾਭ ਉਠਾਇਆ ਜਾਵੇ। ਡਾ. ਭਗਤ ਸਿੰਘ ਦੀ ਮਿਹਰਬਾਨੀ ਨਾਲ ਪੰਜਾਬੀ ਯੂਨੀਵਰਸਿਟੀ ਵਿੱਚ ਨੌਕਰੀ ਦਾ ਰਾਹ ਖੁੱਲ੍ਹ ਗਿਆ। ਪੰਜਾਬੀ ਯੂਨੀਵਰਸਿਟੀ ਦੀ ਨੌਕਰੀ ਦੌਰਾਨ ਕ੍ਰਿਪਾਲ ਕਜ਼ਾਕ ਨੇ ਆਪਣੀ ਪ੍ਰਤਿਭਾ ਦਾ ਅਜਿਹਾ ਪ੍ਰਗਟਾਵਾ ਕੀਤਾ ਕਿ ਉਹ ਹਰ ਉਪ ਕੁਲਪਤੀ ਦਾ ਚਹੇਤਾ ਬਣ ਗਿਆ।
ਸਾਹਿਤਕਾਰ ਆਮ ਵਿਅਕਤੀ ਨਹੀਂ ਹੁੰਦਾ। ਕੁਦਰਤ ਵੱਲੋਂ ਦਿੱਤੇ ਅਸਾਧਾਰਣ ਗੁਣ ਹੀ ਕਿਸੇ ਵਿਅਕਤੀ ਨੂੰ ਸਾਹਿਤਕਾਰ ਬਣਾਉਣ ਵਿੱਚ ਸਹਾਈ ਹੁੰਦੇ ਹਨ। ਸਾਹਿਤਕਾਰ ਆਮ ਲੋਕਾਂ ਦੀਆਂ ਖ਼ੁਸ਼ੀਆਂ ਅਤੇ ਗ਼ਮੀਆਂ ਨੂੰ ਵਧੇਰੇ ਤੀਖਣਤਾ ਨਾਲ ਅਨੁਭਵ ਕਰਨ ਦੀ ਸਮਰੱਥਾ ਰੱਖਦਾ ਹੁੰਦਾ ਹੈ। ਸਮਾਜ ਵਿੱਚ ਜੋ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ ਹਨ, ਸਾਰਾ ਸਮਾਜ ਉਨ੍ਹਾਂ ਨੂੰ ਵੇਖਦਾ ਹੈ ਪ੍ਰੰਤੂ ਕੋਈ ਪ੍ਰਤੀਕਿਰਿਆ ਨਹੀਂ ਦਿੰਦਾ। ਸਾਹਿਤਕਾਰ ਉਨ੍ਹਾਂ ਹਾਲਾਤ ਨੂੰ ਵੇਖਕੇ ਸਹਿਜ ਅਵਸਥਾ ਵਿੱਚ ਨਹੀਂ ਰਹਿ ਸਕਦਾ, ਇਸ ਲਈ ਉਹ ਉਨ੍ਹਾਂ ਘਟਨਾਵਾਂ ਨੂੰ ਆਪਣੀ ਕਲਮ ਨਾਲ ਸਾਹਿਤਕ ਰੂਪ ਵਿੱਚ ਲਿਖਕੇ ਸਮਾਜ ਨੂੰ ਪ੍ਰੇਰਨਾ ਦਿੰਦਾ ਹੈ। ਉਹ ਸਮਾਜ ਨਾਲ ਜੁੜਿਆ ਹੁੰਦਾ ਹੈ। ਲੇਖਕ ਦਾ ਅਕਾਦਿਮਕ ਵਿੱਦਿਆ ਨਾਲੋਂ ਸਮਾਜਿਕ ਤੌਰ ਉੱਤੇ ਵਿਚਰਿਆ ਅਤੇ ਗੁੜ੍ਹਿਆ ਹੋਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਸਮਾਜ ਵਿੱਚ ਜੋ ਵਾਪਰ ਰਿਹਾ ਉਸਦਾ ਅਨੁਭਵ ਲੈਣ ਦੀ ਤੀਖ਼ਣ ਬੁੱਧੀ ਹੋਣਾ ਵੀ ਲਾਜ਼ਮੀ ਹੁੰਦਾ ਹੈ। ਅਜਿਹੇ ਵਿਅਕਤੀਆਂ ਵਿੱਚ ਪ੍ਰੋ. ਕ੍ਰਿਪਾਲ ਕਜ਼ਾਕ ਦਾ ਸਥਾਨ ਜ਼ਮੀਨ ਨਾਲ ਜੁੜੇ ਹੋਏ ਲੇਖਕ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ। ਅਕਾਦਮਿਕ ਤੌਰ ਉੱਤੇ ਭਾਵੇਂ ਉਹ ਬਹੁਤੀ ਸਿੱਖਿਆ ਪ੍ਰਾਪਤ ਨਹੀਂ ਕਰ ਸਕਿਆ ਪ੍ਰੰਤੂ ਸਮਾਜਿਕ ਤੌਰ ਉੱਤੇ ਉਹ ਗੁੜ੍ਹਿਆ ਹੋਇਆ ਸੁੱਘੜ ਅਤੇ ਸੰਜੀਦਾ ਲੇਖਕ ਹੈ।
ਕਿਰਪਾਲ ਕਜ਼ਾਕ ਦੇ ਜੀਵਨ ਵਿੱਚ ਮਹੱਤਵਪੂਰਨ ਮੋੜ ਆਇਆ। ਪੰਜਾਬੀ ਯੂਨੀਵਰਸਿਟੀ ਨੇ ਫੋਕ ਲੋਰ ਸਹਾਇਕ ਦੀ ਅਸਾਮੀ ਬਣਾਕੇ ਉਸ ਉੱਪਰ ਉਸ ਨੂੰ ਨਿਯੁਕਤ ਕਰ ਦਿੱਤਾ ਅਤੇ ਉਸਦਾ ਖੋਜ ਵਾਲੇ ਪਾਸੇ ਰੁਖ਼ ਬਦਲ ਲਿਆ। ਸੰਤੋਸ਼ਜਨਕ ਗੱਲ ਹੈ ਕਿ ਆਪਦੀ ਸਾਹਿਤਕ ਪ੍ਰਤਿਭਾ ਦੀ ਪਛਾਣ ਕਰਕੇ ਉਸਦਾ ਮੁੱਲ ਪਾਉਂਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਦੋਂ ਦੇ ਉਪ ਕੁਲਪਤੀ ਸਵਰਨ ਸਿੰਘ ਬੋਪਾਰਾਇ ਨੇ ਕ੍ਰਿਪਾਲ ਕਜ਼ਾਕ ਨੂੰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦੀ ਪਦਵੀ ’ਤੇ ਨਿਯੁਕਤ ਕਰਕੇ ਨਾਮਣਾ ਖੱਟਿਆ ਹੈ।
ਭਾਵੇਂ ਐੱਨ ਐੱਸ ਰਤਨ ਆਈ ਏ ਐੱਸ ਅਧਿਕਾਰੀ ਜੋ ਥੋੜ੍ਹਾ ਸਮਾਂ ਕਾਰਜਕਾਰੀ ਉਪਕੁਲਪਤੀ ਰਹੇ, ਉਹ ਕ੍ਰਿਪਾਲ ਕਜ਼ਾਕ ਨੂੰ ਪ੍ਰੋਫੈਸਰ ਬਣਾਉਣਾ ਚਾਹੁੰਦੇ ਸਨ ਪ੍ਰੰਤੂ ਉਨ੍ਹਾਂ ਦੀ ਥਾਂ ਸਵਰਨ ਸਿੰਘ ਬੋਪਾਰਾਏ ਨਿਯੁਕਤ ਹੋ ਗਏ। ਆਪ ਬੜਾ ਲੰਮਾ ਸਮਾਂ ਪੰਜਾਬੀ ਯੂਨੀਵਰਸਿਟੀ ਦੇ ਖੋਜ ਪੱਤ੍ਰਿਕਾ ਰਸਾਲੇ ਦੇ ਸੰਪਾਦਕ ਰਹੇ ਅਤੇ ਬਹੁਤ ਸਾਰੇ ਵਿਸ਼ੇਸ਼ ਅੰਕ ਪ੍ਰਕਾਸ਼ਤ ਕਰਨ ਦਾ ਮਾਣ ਵੀ ਆਪ ਨੂੰ ਜਾਂਦਾ ਹੈ। ਆਪਦੀਆਂ ਖੋਜ ਦੀਆਂ ਚਾਰ ਅਤੇ ਬਾਲ ਸਾਹਿਤ ਦੀਆਂ ਤਿੰਨ ਪੁਸਤਕਾਂ ਵੀ ਹਨ।
ਪ੍ਰੋ. ਕ੍ਰਿਪਾਲ ਕਜ਼ਾਕ ਦਾ ਜਨਮ ਪਾਕਿਸਤਾਨ ਵਿੱਚ 15 ਜਨਵਰੀ 1943 ਨੂੰ ਸ. ਸਾਧੂ ਸਿੰਘ ਦੇ ਘਰ ਆਮ ਸਾਧਾਰਨ ਦਿਹਾਤੀ ਪਰਿਵਾਰ ਵਿੱਚ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਆਪਦਾ ਪਰਿਵਾਰ ਪਹਿਲਾਂ ਪਟਿਆਲਾ ਸ਼ਹਿਰ ਵਿੱਚ ਆ ਕੇ ਥੋੜ੍ਹਾ ਸਮਾਂ ਰਿਹਾ ਅਤੇ ਬਾਅਦ ਵਿੱਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਫਤਿਹਪੁਰ ਰਾਜਪੂਤਾਂ ਵਿੱਚ ਜਾ ਕੇ ਵਸ ਗਿਆ। ਆਪਨੇ ਆਪਣੀ ਮੁੱਢਲੀ ਵਿੱਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ। ਪਰਿਵਾਰਕ ਮਜ਼ਬੂਰੀਆਂ ਕਰਕੇ ਪੜ੍ਹਾਈ ਅੱਧ ਵਿਚਕਾਰ ਛੱਡਣੀ ਪਈ ਅਤੇ ਪਿਤਾ ਪੁਰਖੀ ਰਾਜਗਿਰੀ ਦੇ ਕੰਮ ਕਾਜ ਵਿੱਚ ਜੁਟ ਗਏ।
ਹੈਰਾਨੀ ਦੀ ਗੱਲ ਹੈ ਕਿ ਅਕਾਦਮਿਕ ਸਿੱਖਿਆ ਪ੍ਰਾਪਤ ਨਾ ਕਰਨ ਦੇ ਬਾਵਜੂਦ ਕਿਰਪਾਲ ਕਜ਼ਾਕ ਨੂੰ ਗ੍ਰਾਮਰ ਦੀ ਪੂਰੀ ਜਾਣਕਾਰੀ ਹੈ। ਮਜ਼ਾਲ ਹੈ ਕਿ ਕੋਈ ਸ਼ਬਦਜੋੜ ਜਾਂ ਗ੍ਰਾਮਰ ਦੀ ਉੂਣਤਾਈ ਉਸਦੀ ਲੇਖਣੀ ਵਿੱਚ ਰਹਿ ਜਾਵੇ। ਉਹਨਾਂ ਪਿੰਡਾਂ ਦੇ ਲੋਕਾਂ ਦੀ ਜੱਦੋਜਹਿਦ ਭਰੀ ਜ਼ਿੰਦਗੀ ਨੂੰ ਬੜਾ ਨੇੜੇ ਤੋਂ ਵੇਖਦਿਆਂ ਬੜੀ ਬਾਰੀਕੀ ਨਾਲ ਉਸਦੀ ਜਾਣਕਾਰੀ ਇਕੱਤਰ ਕੀਤੀ। ਪਿੰਡਾਂ ਦੇ ਲੋਕਾਂ ਦੇ ਜੀਵਨ ਜਿਉਣ ਦੇ ਸੰਘਰਸ਼, ਰਹਿਣ-ਸਹਿਣ, ਵਰਤਾਰਾ, ਗ਼ਰੀਬ ਲੋਕਾਂ ਦੀ ਗ਼ੁਰਬਤ ਭਰੀ ਜ਼ਿੰਦਗੀ ਨੂੰ ਬੜਾ ਨੇੜਿਓਂ ਵੇਖਿਆ। ਫਿਰ ਉਸ ਦੇ ਬਿਰਤਾਂਤ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ, ਕਿਸ ਪ੍ਰਕਾਰ ਮਜ਼ਦੂਰ ਅਤੇ ਦਲਿਤ ਲੋਕਾਂ ਦੀਆਂ ਮਜਬੂਰੀਆਂ ਦਾ ਕਿਸਾਨ ਜਾਂ ਖਾਂਦੇ ਪੀਂਦੇ ਪਰਿਵਾਰ ਨਜਾਇਜ਼ ਲਾਭ ਉਠਾਉਂਦੇ ਹਨ। ਇਸ ਕਰਕੇ ਉਸਦੀਆਂ ਕਹਾਣੀਆਂ ਜ਼ਮੀਨ ਨਾਲ ਜੁੜੇ ਹੋਏ ਲੋਕਾਂ ਦੀ ਜ਼ਿੰਦਗੀ ਦਾ ਸਹੀ ਅਤੇ ਸੁਚੱਜਾ ਪ੍ਰਗਟਾਵਾ ਕਰਦੀਆਂ ਹਨ। ਸ਼ੁਰੂ ਦੇ ਸਮੇਂ ਵਿੱਚ ਆਪਨੇ ਕਹਾਣੀਆਂ ਦੀਆਂ ਚਾਰ ਪੁਸਤਕਾਂ ਅਤੇ ਇੱਕ ਨਾਵਲ ਲਿਖਿਆ। ਆਪਦੇ ਵਿਸ਼ੇ ਸਮੇਂ ਦੇ ਸੱਚ ਨੂੰ ਦਰਸਾਉਂਦੇ ਸਨ। ਇਸ ਤੋਂ ਉਪਰੰਤ ਆਪਨੇ ਸਿਕਲੀਗਰ ਲੋਕਾਂ ਦੀ ਜ਼ਿੰਦਗੀ ਉੱਤੇ ਭਰਪੂਰ ਖੋਜ ਕੀਤੀ ਅਤੇ ਕਈ ਕਈ ਮਹੀਨੇ ਉਹਨਾਂ ਨਾਲ ਰਹਿ ਕੇ ਉਹਨਾਂ ਨੂੰ ਨੇੜੇ ਤੋਂ ਜਾਣਿਆ ਅਤੇ ਉਹਨਾਂ ਦੇ ਰੀਤੀ ਰਿਵਾਜਾਂ ਉੱਤੇ ਖੋਜ ਭਰਪੂਰ ਪੁਸਤਕ ਲਿਖੀ, ਜਿਸਨੂੰ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਤ ਕਰਵਾਇਆ ਅਤੇ ਹਿੰਦੀ ਅਤੇ ਅੰਗਰਜ਼ੀ ਵਿੱਚ ਅਨੁਵਾਦ ਕਰਵਾਕੇ ਵੀ ਪ੍ਰਕਾਸ਼ਤ ਕਰਵਾਇਆ। ਆਪਨੇ ਹੁਣ ਤੱਕ 30 ਪੁਸਤਕਾਂ ਲਿਖੀਆਂ ਅਤੇ ਕੁਝ ਕੁ ਦੀ ਸੰਪਾਦਨਾ ਵੀ ਕੀਤੀ ਹੈ।
ਇਸ ਤੋਂ ਬਾਅਦ ਆਪ ਦੀ ਜ਼ਿੰਦਗੀ ਦਾ ਤੀਜਾ ਦੌਰ ਸ਼ੁਰੂ ਹੁੰਦਾ ਹੈ, ਜਿਸ ਵਿੱਚ ਆਪਨੇ ਇੱਕ ਫੀਚਰ ਫਿਲਮ, 11 ਹਿੰਦੀ ਅਤੇ ਪੰਜਾਬੀ ਦੀਆਂ ਟੈਲੀ ਫਿਲਮਾਂ, 9 ਡਾਕੂਮੈਂਟਰੀ ਫਿਲਮਾਂ, 7 ਟੀ ਵੀ ਸੀਰੀਅਲਾਂ ਦੀਆਂ ਸਕਰਿਪਟਾਂ ਅਤੇ ਨਾਟਕ ਵੀ ਲਿਖੇ ਹਨ। ਆਪ ਦੀਆਂ ਪੁਸਤਕਾਂ ਪੰਜਾਬ, ਪੰਜਾਬੀ, ਦਿੱਲੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੇ ਸਲੇਬਸ ਵਿੱਚ ਲੱਗੀਆਂ ਰਹੀਆਂ ਹਨ ਅਤੇ ਪੀਐੱਚ. ਡੀ. ਦੀਆਂ ਡਿਗਰੀਆਂ ਵੀ ਮਿਲੀਆਂ ਹਨ। ਇਸ ਅਵਾਰਡ ਤੋਂ ਪਹਿਲਾਂ ਪ੍ਰੋ. ਕਿਰਪਾਲ ਕਜ਼ਾਕ ਦੀਆਂ ਬਹੁਤ ਸਾਰੀਆਂ ਪੁਸਤਕਾਂ ’ਤੇ ਮਾਣ ਸਨਮਾਨ ਵੀ ਮਿਲੇ ਹਨ। ਆਪਦੀਆਂ ਖੋਜ ਦੀਆਂ ਚਾਰ ਪੁਸਤਕਾਂ ਹਨ, ਜਿਹਨਾਂ ਵਿੱਚ ਵਿਸ਼ੇਸ਼ ਜ਼ਿਕਰਯੋਗ ਹਨ: ਭਾਈ ਵੀਰ ਸਿੰਘ ਗਲਪ ਪੁਰਸਕਾਰ, ਗਿਆਨੀ ਹੀਰਾ ਸਿੰਘ ਦਰਦ, ਨਾਗਮਣੀ, ਦਲਿਤ ਲੇਖਨ, ਗੁਰਦਾਸ ਰਾਮ ਆਲਮ, ਪੰਜਾਬੀ ਅਕਾਦਮੀ ਨਵੀਂ ਦਿੱਲੀ, ਸਾਹਿਤ ਪ੍ਰੀਸ਼ਦ ਹਰਿਆਣਾ, ਪੰਜਾਬੀ ਸਾਹਿਤ ਸਰਵੋਤਮ, ਪੰਜਾਬ ਰਤਨ, ਪ੍ਰਿੰ. ਸੁਜਾਨ ਸਿੰਘ ਯਾਦਗਾਰੀ ਆਦਿ ਅਨੇਕਾਂ ਪੁਰਸਕਾਰ ਮਿਲੇ ਹਨ।
ਉਨ੍ਹਾਂ ਨੂੰ ਸਾਹਿਤ ਅਕਾਡਮੀ ਦਾ ਵਕਾਰੀ ਸਨਮਾਨ ਦਾ ਐਲਾਨ ਹੋਣ ’ਤੇ ਵੱਡੀ ਗਿਣਤੀ ਵਿੱਚ ਸਾਹਿਤਕ ਹਲਕਿਆਂ ਨੇ ਸਵਾਗਤ ਕੀਤਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1857)
(ਸਰੋਕਾਰ ਨਾਲ ਸੰਪਰਕ ਲਈ: