DarshanSRiar7ਪੰਜਾਬ ਸਿਆਂ! ਤੂੰ ਤਾਂ ਬਿਹਾਰ ਤੇ ਯੂਪੀ ਵਾਲਿਆਂ ਨੂੰ ਰੁਜ਼ਗਾਰ ਦਿੰਦਾ ਸੈਂ ... ਹੁਣ ਤੇਰੇ ਆਪਣੇ ...
(3 ਅਗਸਤ 2018)

 

“ਹੈਲੋ ਹੈਲੋ ਪੰਜਾਬ! ... ਮੈਂ ਰਾਜਸਥਾਨ ਬੋਲਦਾਂ! ਤੇਰੀ ਤੇ ਮੇਰੀ ਸਾਂਝ ਸਦੀਆਂ ਪੁਰਾਣੀ ਹੈ ਪਰ ਤੂੰ ਖੇਤੀਬਾੜੀ ਦਾ ਧੁਰਾ ਬਣ ਕੇ ਸਮੁੱਚੇ ਦੇਸ਼ ਦੇ ਅੰਨ ਭੰਡਾਰ ਭਰਦਾ ਰਿਹਾਂਇਸ ਲਈ ਮੇਰੇ ਮੁਕਾਬਲੇ ਬਹੁਤ ਛੋਟਾ ਹੋਣ ਕਰਕੇ ਵੀ ਤੂੰ ਸਲੀਕੇਦਾਰ, ਅਮੀਰ ਤੇ ਭਾਰਤ ਦਾ ਖੁਸ਼ਹਾਲ ਸੂਬਾ ਹੋਣ ਕਾਰਨ ਸਾਨੂੰ ਟਿੱਚ ਕਰਕੇ ਹੀ ਜਾਣਦਾ ਹੁੰਦਾ ਸੀਮੇਰੇ ਵਾਂਗ ਹੀ ਭਾਵੇਂ ਤੂੰ ਵੀ ਸਰਹੱਦੀ ਸੂਬਾ ਸੀ ਪਰ ਤੇਰਾ ਤੇ ਮੇਰਾ ਮੁਕਾਬਲਾ ਕਿੱਥੇ ਸੀ? ਖੇਤਰਫਲ ਵਿਚ ਤੇਰੇ ਤੋਂ ਕਈ ਗੁਣਾਂ ਵੱਡਾ ਹੋਣ ਕਾਰਨ ਵੀ ਤੇਰੇ ਮੁਕਾਬਲੇ ਭਰਾਵਾ ਮੇਰੀ ਕੋਈ ਥਾਂ ਹੀ ਨਹੀਂ ਸੀ ਬਣਦੀ ... ਹਾਲਾਂਕਿ ਮੇਰੀ ਹਦੂਦ ਵਿਚ ਬਹੁਤ ਸਾਰੇ ਖਣਿਜ ਨਿਕਲਦੇ ਨੇਮੇਰਾ ਵੀ ਜਿਪਸਮ ਤੇਰੇ ਕਲਰਾਠੇ ਖੇਤਾਂ ਨੂੰ ਉਪਜਾਊ ਤੇ ਖੁਸ਼ਹਾਲ ਬਣਾਉਣ ਵਿੱਚ ਸਹਾਈ ਹੋਇਆ ਸੀ। ... ਅੱਜ ਤੈਨੂੰ ਮੇਰੀ ਤੇ ਮੇਰੇ ਜਿਪਸਮ ਦੀ ਕੋਈ ਕਦਰ ਨਹੀਂ ਰਹੀ, ... ਉਂਜ ਕਦਰ ਤਾਂ ਤੂੰ ਉਸ ਅਦਾਰੇ ਕੱਲਰ ਸੁਧਾਰ ਨਿਗਮ ਦੀ ਵੀ ਨਹੀਂ ਕੀਤੀ ਜੀਹਨੇ ਤੇਰੀ ਕਲਰਾਠੀ ਭੌਂਅ ਨੂੰ ਜ਼ਰਖੇਜ਼ ਬਣਾਇਆ। ... ਮੱਖਣ ’ਚੋਂ ਵਾਲ ਕੱਢਣ ਵਾਂਗ ਉਸ ਅਦਾਰੇ ਦੇ ਮੁਲਾਜ਼ਮ ਵੀ ਤੂੰ ਭੰਗ ਦੇ ਭਾੜੇ ਅੱਧਵਾਟੇ ਹੀ ਘਰਾਂ ਨੂੰ ਤੋਰ ਦਿੱਤੇਨਾ ਉਨ੍ਹਾਂ ਦੀ ਸਾਰ ਲਈ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਦੀ। ... ਬਹੁਤੇ ਜ਼ਿੰਦਗੀ ਤੋਂ ਹੱਥ ਧੋਅ ਚੁੱਕੇ ਨੇ, ਬਾਕੀ ਅਦਾਲਤਾਂ ਵਿੱਚ ਚੱਕਰ ਕੱਟ ਰਹੇ ਨੇ। ... ਅਦਾਲਤੀ ਪ੍ਰਕਿਰਿਆ ਵੀ ਕਿਹੜੀ ਸੌਖੀ ਤੇ ਸਰਲ ਏ ... ਇੱਥੇ ਚੱਕਰ ਕੱਟਦੇ ਬੰਦੇ ਬਿਰਖ ਬਣ ਜਾਂਦੇ ਨੇ, ਉਮਰਾਂ ਬੀਤ ਜਾਂਦੀਆਂ ਨੇ। ... ਖੈਰ! ਤੇਰੇ ਪਾਣੀਆਂ ਨੇ ਮੇਰੇ ਤੇਰੀ ਹੱਦ ਨਾਲ ਲਗਦੇ ਪੰਜ ਛੇ ਜ਼ਿਲ੍ਹੇ ਜ਼ਰੂਰ ਮਾਲਾ ਮਾਲ ਕਰ ਦਿੱਤੇ ਨੇਸੋਨੇ ਰੰਗੀਆਂ ਫਸਲਾਂ ਪੈਦਾ ਹੁੰਦੀਆਂ ਨੇ ਉੱਥੇ। ... ਜਿੱਥੇ ਸਾਰੀਆਂ ਗਰਮੀਆਂ ਰੇਤ ਭਰੀਆਂ ਹਨ੍ਹੇਰੀਆਂ ਸਾਹ ਨਹੀਂ ਸਨ ਲੈਣ ਦਿੰਦੀਆਂ, ਉੱਥੇ ਹੁਣ ਹਰਿਆਲੀ ਅਤੇ ਕਿੰਨੂ ਦੇ ਬਾਗਾਂ ਨੇ ਖੁਸ਼ਹਾਲੀ ਲੈ ਆਂਦੀ ਏ

ਤੇਰਾ ਵੱਡਾ ਪਸਰਿਆ ਮਾਲਵਾ ਖੇਤਰ, ਮੇਰੇ ਨਾਲ ਲੱਗਦਾ ਰੇਤ ਦੇ ਟਿੱਬਿਆਂ ਵਾਲਾ ਇਲਕਾ ਤਾਂ ਭਾਵੇਂ ਪੱਧਰਾ ਅਤੇ ਉਪਜਾਊ ਬਣ ਬੈਠਾ ਏ ਪਰ ਸੇਮ ਅਤੇ ਧਰਤੀ ਹੇਠਲੇ ਪ੍ਰਦੂਸ਼ਿਤ ਪਾਣੀ ਦੀ ਬਦੌਲਤ ਕੈਂਸਰ ਦਾ ਗੜ੍ਹ ਬਣਿਆ ਹੋਇਆ ਏ। ... ਪਿਛਲੇ ਮਹੀਨੇ ਤੋਂ ਤੇਰੇ ਦਰਿਆਵਾਂ ਅਤੇ ਨਹਿਰਾਂ ਨੇ ਬੜਾ ਜ਼ਹਿਰੀਲਾ ਅਤੇ ਪ੍ਰਦੂਸ਼ਿਤ ਪਾਣੀ ਭੇਜਣਾ ਸ਼ੁਰੂ ਕਰ ਦਿੱਤਾ ਏਲੋਕ ਪੀਣੋਂ ਵੀ ਡਰਦੇ ਨੇ ਸਿੰਚਾਈ ਤੋਂ ਵੀਦਰਿਆਵਾਂ ਦੀਆਂ ਮੱਛੀਆਂ ਤਾਂ ਤੇਰੇ ਇਲਾਕੇ ਵਿਚ ਵੀ ਮਾਰ ਦਿੱਤੀਆਂ ਨੇ, ਲਾਲਚੀ ਤੇ ਸਵਾਰਥੀ ਮਨੁੱਖ ਨੇ। ... ਪੰਜਾਬ ਸਿਆਂ! ਅੱਜਕਲ੍ਹ ਮਨੁੱਖ ਪੈਸੇ ਦਾ ਪੁੱਤ ਬਣ ਗਿਆ ਏਸਿਆਸਤ ਸਿਆਪਣ ਤੇ ਰਿਸ਼ਤੇ ਨਾਤੇ ਸਭ ਆਪਣਾ ਹੀ ਉੱਲੂ ਸਿੱਧਾ ਕਰਦੇ ਨੇ। ... ਉਂਜ ਤੇਰੀ ਤਾਂ ਧਰਤੀ ਬੜੀ ਕਰਮਾਂ ਵਾਲੀ ਸੀ ਪੰਜਾਬ ਸਿਆਂਇੱਥੇ ਬੜੇ ਗੁਰੂਆਂ ਪੀਰਾਂ ਦੀ ਕਿਰਪਾ ਹੁੰਦੀ ਰਹੀ ਏਬਾਬੇ ਨਾਨਕ ਦੇ ਭੁੱਖਿਆਂ ਦਾ ਪੇਟ ਭਰਨ ਵਾਲੇ ਲੰਗਰ ਇੱਥੇ ਕਦੇ ਬੰਦ ਨਹੀਂ ਸਨ ਹੋਏਠੰਢੇ ਮਿੱਠੇ ਪਾਣੀ ਦੀਆਂ ਛਬੀਲਾਂ ਨਾਲ ਤੂੰ ਲੋਕਾਂ ਨੂੰ ਗਰਮੀ ਦਾ ਸੇਕ ਨਹੀਂ ਸੀ ਲੱਗਣ ਦਿੰਦਾ। ... ਫਿਰ ਤੇਰੇ ਬਸ਼ਿੰਦਿਆਂ ਨੂੰ ਅਮ੍ਰਿਤ ਵਰਗੇ ਪਾਣੀ ਨਾਲ ਖਿਲਵਾੜ ਕਰਨ ਦੀ ਕੀ ਲੋੜ ਪੈ ਗਈ? ਤੇਰੇ ਹਰੀਕੇ ਪੱਤਣ ’ਤੇ ਮਿਲਦੇ ਸਤਲੁਜ ਅਤੇ ਬਿਆਸ ਦਰਿਆ, ਜਿੱਥੋਂ ਨਹਿਰਾਂ ਮੇਰੀ ਰੇਤਲੀ ਹਿੱਕ ਠਾਰਦੀਆਂ ਤੇ ਲੋਕਾਂ ਲਈ ਪੀਣ ਵਾਲਾ ਪਾਣੀ ਸਪਲਾਈ ਕਰਦੀਆਂ ਸਨ। ਲੁਧਿਆਣੇ ਦੇ ਬੁੱਢੇ ਨਾਲੇ ਦਾ ਗੰਦ ਮੰਦ ਤੇ ਹੋਰ ਨਿੱਕੜ ਸੁੱਕੜ ਤਾਂ ਪਹਿਲਾਂ ਵੀ ਆਉਂਦਾ ਸੀ ਪਰ ਮਹਿਸੂਸ ਨਹੀਂ ਸੀ ਹੁੰਦਾਹਾਲਾਂਕਿ ਕਿੰਨਾ ਹੀ ਵਾਧੂ ਪਾਣੀ ਹਾਲੇ ਵੀ ਪਾਕਿਸਤਾਨ ਨੂੰ ਚਲਾ ਜਾਂਦਾ ਏ ਪਰ ਮੇਰੇ ਵਾਲਾ ਤੇਰੇ ਕੁਝ ਲੋਕਾਂ ਨੂੰ ਹੁਣ ਰੜਕਣ ਲੱਗ ਪਿਆ ਏ। ... ਹਰ ਵੇਲੇ ਸਰਬੱਤ ਦਾ ਭਲਾ ਚਾਹੁਣ ਵਾਲਿਆ! ਕੀ ਮੇਰਾ ਜੀਵ ਜੰਤੂ ਤੇਰੇ ਸਰਬੱਤ ਵਿੱਚ ਨਹੀਂ ਆਉਂਦਾ?

ਜ਼ਮੀਨ ਵਿੱਚੋਂ ਜਿਪਸਮ ਦੀ ਪੁਟਾਈ ਕਰਨ ਨਾਲ ਹੁਣ ਮੇਰੇ ਖੇਤ ਵੀ ਫਸਲਾਂ ਪੈਦਾ ਕਰਨ ਵਾਲੇ ਬਣ ਗਏ ਨੇ। ... ਪਰ ਪਾਣੀ ਦੀ ਲੋੜ ਤਾਂ ਹੈ ਭਰਾ ਮੇਰਿਆ। ... ਪਾਣੀ ਬਿਨ ਖੇਤੀ ਤਾਂ ਸੰਭਵ ਹੀ ਨਹੀਂ। ... ਉਂਝ ਸਦਕੇ ਜਾਈਏ ਤੇਰੇ, ਤੂੰ ਪੰਜਾਬ ਸਿਆਂ ਢਾਈ ਆਬਾਂ ਵਾਲਾ ਹੋ ਕੇ ਵੀ ਦੇਸ਼ ਦਾ ਢਿੱਡ ਭਰਿਆ! ... ਤੇਰੇ ਕਿਸਾਨ ਵੱਧ ਕਣਕ ਝੋਨਾ ਪੈਦਾ ਕਰਨ ਲਈ ਧਰਤੀ ਦੀ ਹਿੱਕ ਵਿੱਚੋਂ ਵੀ ਬਹੁਤ ਪਾਣੀ ਧੂਹ ਬੈਠੇ ਨੇ। ... ਹੁਣ ਦੇਸ਼ ਦੇ ਹੋਰ ਹਿੱਸੇ ਵੀ ਖੂਬ ਅਨਾਜ ਉਗਾਉਣ ਲੱਗ ਪਏ ਨੇ। ... ਪਰ ਤੇਰੇ ਅਨਾਜ ਵਿੱਚ ਹੁਣ ਰਸਾਇਣਾਂ ਤੇ ਜ਼ਹਿਰੀਲੀਆਂ ਦਵਾਈਆਂ ਦੇ ਅੰਸ਼ ਆਉਣ ਲੱਗ ਪਏ ਨੇ। ... ਮੇਰੇ ਕੋਲ ਤਾਂ ਪਾਣੀ ਦੀ ਜਮਾਂਦਰੂ ਹੀ ਘਾਟ ਸੀ, ਤੂੰ ਖੁਦ ਮੁਕਾ ਲਿਆ। ... ਹੁਣ ਤੇਰੀ ਨਵੀਂ ਪੁਸ਼ਤ ਨੂੰ ਬੋਤਲਾਂ ਅਤੇ ਆਰ.ਓ. ਵਾਲਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਗਿਆ ਏ। ... ਮੇਰਾ ਤਾਂ ਅਕਾਰ ਬੜਾ ਫੈਲਿਆ ਹੋਇਆ ਏ, ਖਣਿਜ ਪਦਾਰਥ ਵੀ ਬਹੁਤ ਨੇਉਂਜ ਵੀ ਸੜੇ ਸੈਲਾਨੀ ਬਹੁਤ ਆਉਂਦੇ ਰਹਿੰਦੇ ਨੇ ... ਤੇ ਤੇਰਾ ਤਾਂ ਅਕਾਰ ਹੀ ਹੁਣ ਚਿੜੀ ਦੇ ਪੌਂਚੇ ਜਿੰਨਾ ਰਹਿ ਗਿਆ ਏਪ੍ਰਦੂਸ਼ਿਤ ਪਾਣੀ, ਪ੍ਰਦੂਸ਼ਿਤ ਹਵਾ ਤੇ ਨਸ਼ਿਆਂ ਨੇ ਤੇਰੀ ਜਵਾਨੀ ਖੋਖਲੀ ਕਰ ਛੱਡੀ ਏ

... ਪੰਜਾਬ ਸਿਆਂ! ਤੂੰ ਤਾਂ ਬਿਹਾਰ ਤੇ ਯੂਪੀ ਵਾਲਿਆਂ ਨੂੰ ਰੁਜ਼ਗਾਰ ਦਿੰਦਾ ਸੈਂ ... ਹੁਣ ਤੇਰੇ ਆਪਣੇ ਬੱਚੇ ਵਿਦੇਸ਼ਾਂ ਵਿੱਚੋਂ ਰੁਜ਼ਗਾਰ ਭਾਲਦੇ ਨੇਜਾਇਦਾਦਾਂ ਵੇਚ ਵੇਚ ਬਾਹਰ ਦੌੜੇ ਜਾਂਦੇ ਨੇਖੇਤੀ ਤੇਰੀ ਕਹਿੰਦੇ ਘਾਟੇ ਵਾਲੀ ਹੋਈ ਪਈ ਆਕਿਸਾਨ ਤੇਰੇ ਆਏ ਦਿਨ ਖੁਦਕੁਸ਼ੀਆਂ ਕਰੀ ਜਾਂਦੇ ਨੇ ... ਕੀ ਹੋਇਆ ਤੈਨੂੰ ... ਕੀਹਦੀ ਨਜ਼ਰ ਲੱਗ ਗਈ ਏ ਚੰਦਰੀ? ... ਵਾਲ ਵਾਲ ਤੇਰੇ ਕਿਸਾਨਾਂ ਦਾ ਕਰਜ਼ਾਈ ਹੋਇਆ ਪਿਆਦੁਖੀ ਮਜ਼ਦੂਰ ਵੀ ਬੜੇ ਨੇ ਪਰ ਉਨ੍ਹਾਂ ਦੀ ਦਰਦ ਭਰੀ ਅਵਾਜ਼ ਝੱਟ ਦੱਬ ਜਾਂਦੀ ਏ

... ਦੇਸ਼ ਦੇ ਕਿਸਾਨ ਸੰਘਰਸ਼ ਕਰ ਰਹੇ ਨੇ ਪਰ ਹਾਕਮ ਨੀਰੂ ਵਾਂਗ ਬੰਸਰੀ ਵਜਾਉਣ ਵਿਚ ਮਸਤ ਏ। ਰੋਮ ਭਾਵੇਂ ਸਾਰਾ ਸੜ ਜਾਏ ਕੋਈ ਪ੍ਰਵਾਹ ਨਹੀਂ। ... ਚਲਾਕ ਚੁਸਤ ਮਾਲੀਏ ਤੇ ਨੀਰਵ ਅੱਖਾਂ ਵਿਖਾ ਰਹੇ ਨੇ, ਦੂਜੇ ਸਹੂਲਤਾਂ ਦੇ ਗੁਲਸ਼ਰੇ ਉਡਾਈ ਜਾਂਦੇ ਨੇ। ... ਤੇ ਵਿਚਾਰੇ ਕਿਸਾਨ ...

ਮੰਨਿਆ ਤੂੰ ਸ਼ੁਰੂ ਤੋਂ ਹੀ ਦੇਸ਼ ਦੀ ਖੜਗ ਭੁਜਾ ਰਿਹਾ ਏੇਂ, ਦੁਸ਼ਮਣਾਂ ਨਾਲ ਦੋ ਚਾਰ ਹੁੰਦਾ ਰਿਹਾ ਏੇਂ। ... ਤੇਰੇ ‘ਜੰਮਿਆਂ ਨੂੰ ਨਿੱਤ ਮੁਹਿੰਮਾਂ’ ਕਹਾਵਤ ਵੀ ਬਣ ਗਈ ਸੀ ... ਤੂੰ ਅੱਤਵਾਦ ਦੀ ਮਾਰ ਵੀ ਝੱਲੀ ਏ ਤੇ ਵੰਡ ਦਾ ਸੰਤਾਪ ਵੀ ... ਚੌਰਾਸੀ ਦੇ ਜ਼ਖਮ ਵੀ ਤੇਰੇ ਹਰ ਸਾਲ ਤਾਜ਼ਾ ਹੁੰਦੇ ਰਹਿੰਦੇ ਨੇ ...

ਪਰ ਤੂੰ ਸਮਝਦਾਰ ਅਤੇ ਸਿਆਣਾ ਵੀ ਏਂਅਕਾਰ ਵਿਚ ਛੋਟਾ ਹੁੰਦੇ ਹੋਏ ਵੀ ਤੈਨੂੰ ਸਾਰੇ ਦੇਸ਼ ਵਾਲੇ ਵੱਡਾ ਹੀ ਗਿਣਦੇ ਰਹੇ ਨੇਕਦੇ ਤੇਰੀ ਤੁਲਨਾ ਗੁਲਾਬ ਦੇ ਫੁੱਲ ਨਾਲ ਹੁੰਦੀ ਸੀ ... ਪਰ ਤੇਰੇ ਆਪਣਿਆਂ ਨੇ ਹੀ ਹਕੂਮਤ ਦੇ ਲਾਲਾਚ ਵਿੱਚ ਤੇਰਾ ਅਕਾਰ ਹੋਰ ਛੋਟਾ ਕਰਵਾਇਆਕਦੇ ਤੂੰ ਦਿੱਲੀ ਤੋਂ ਕਾਬਲ ਤੱਕ ਫੈਲਿਆ ਹੁੰਦਾ ਸੀ, ਅੱਜ ਤਿੰਨ ਚਾਰ ਘੰਟਿਆਂ ਵਿੱਚ ਹੀ ਤੇਰਾ ਚੱਕਰ ਪੂਰਾ ਹੋ ਜਾਂਦੈਬਾਬੇ ਨਾਨਕ ਦੇ ਸੰਦੇਸ਼ ਨੂੰ ਪੂਰਾ ਸੰਸਾਰ ਮੰਨਦਾ ਏ ਪਰ ਤੇਰੇ ਆਪਣੇ ਭੁੱਲੀ ਬੈਠੇ ਨੇਉਹਨੇ ਕੰਮ ਦੀ ਪੂਜਾ ਕੀਤੀ ਸੀ, ਵੰਡ ਛਕਣ ਦੀ ਪਿਰਤ ਪਾ ਕੇ ਆਪਣਿਆਂ ਨੂੰ ਵਿਰਾਸਤ ਦਿੱਤੀਗੁਣ, ਅਨੁਸ਼ਾਸਨ ਤੇ ਯੋਗਤਾ ਨੂੰ ਪਹਿਲ ਦਿੱਤੀ ਸੀਮਿਹਨਤੀ ਗਰੀਬ ਦਾ ਸਾਥ ਦੇ ਕੇ ਉਸ ਨੇ ਹੰਕਾਰੀ ਮਲਿਕ ਤੋਂ ਟਾਲਾ ਵਰਤਿਆ ਸੀ ... ਦਸਮ ਪਿਤਾ ਨੇ ਸਰਬੰਸ ਵਾਰ ਕੇ ਜਾਤਪਾਤ ਤੇ ਊਚ ਨੀਚ ਖਤਮ ਕਰਨ ਦਾ ਬੀਜ ਬੀਜਿਆ ਸੀ। ... ਪਰ ਸਦੀਆਂ ਬੀਤਣ ਉਪਰੰਤ ਵੀ ਇਹ ਤੂੰ ਖਤਮ ਨਹੀਂ ਕਰਵਾ ਸਕਿਆ। ... ਹੁਣ ਤਾਂ ਤੇਰੀ ਧਰਤੀ ਵੀ ਖੋਖਲੀ ਤੇ ਭਾੜੇ ਖੋਰੀ ਹੋ ਗਈ ਏਮੈਂ ਵੀ ਸੁਣਦਾ ਰਹਿੰਨਾਕਿਸਾਨ ਤੇਰੇ ਕਣਕ ਝੋਨੇ ਤੋਂ ਪਿੱਛੇ ਨਹੀਂ ਹਟਦੇਇਹ ਦੋਵੇਂ ਫਸਲਾਂ ਪਾਣੀ ਦੀਆਂ ਦੁਸ਼ਮਣ ਬਣ ਗਈਆਂ ਨੇ

ਵਿਸ਼ਵ ਭਾਈਚਾਰਾ ਤਾਂ ਹੁਣ ਆਲਮੀ ਤਪਸ਼ ਕਾਰਨ ਤਰਾਹ ਰਿਹਾ ਏਫਸਲਾਂ ਤੇ ਸਬਜ਼ੀਆਂ ਆਰਗੈਨਿਕ ਉਗਾਉਣ ਤੇ ਵਰਤਣ ਦਾ ਰੌਲਾ ਪੈ ਰਿਹਾ ਏਪਰ ਵਧੀ ਹੋਈ ਅਬਾਦੀ ਦਾ ਢਿੱਡ ਭਰਨਾ ਇੰਜ ਸੰਭਵ ਨਹੀਂ ਵੀਰਿਆ ... ਉਂਜ ਇਹਦਾ ਇਹ ਵੀ ਅਰਥ ਨਹੀਂ ਕਿ ਆਪਾਂ ਜ਼ਹਿਰਾਂ ਖਾਈ ਜਾਈਏ। ... ਜ਼ਹਿਰਾਂ ਖਾਵਾਂਗੇ ਤਾਂ ਪੈਦਾ ਵੀ ਜ਼ਹਿਰਾਂ ਹੀ ਹੋਣਗੀਆਂ। ... ਫਲ ਚਾਹੇ ਅੰਬ ਹੋਣ ਜਾਂ ਕੇਲੇ, ਦੇਸ਼ ਵਿਚ ਕਿਧਰੇ ਵੀ ਕੁਦਰਤੀ ਤੌਰ ’ਤੇ ਪੱਕੇ ਨਹੀਂ ਮਿਲਦੇਸਭ ਜ਼ਹਿਰਾਂ ਨਾਲ ਜਲਦੀ ਪਕਾ ਕੇ ਜਲਦੀ ਵੇਚਣ ਦੀ ਖਿੱਚ ਮਾਲਕਾਂ ਤੇ ਮੰਡੀ ਵਾਲਿਆਂ ਨੂੰ ਭਰਮਾਉਂਦੀ ਏ...

ਗਰਮੀ ਵਧਣ ਕਾਰਨ ਪਾਰਾ ਉੱਪਰ ਨੂੰ ਦੌੜ ਰਿਹਾ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਮੇਰੀ ਕੱਕੀ ਭੂਰੀ ਰੇਤ ਦੇ ਅੰਬਾਰ ਅਕਾਸ਼ ਵਿੱਚੋਂ ਭਟਕਦੇ ਹੋਏ ਤੇਰੇ ਸਮੁੱਚੇ ਵਾਤਾਵਰਣ ਵਿਚ ਪੈਰ ਪਸਾਰੀ ਬੈਠੇ ਨੇਇਨ੍ਹਾਂ ਕੱਕੇ ਭੂਰੇ ਰੇਤਿਆਂ ਦੀ ਮਹਿਕ ਮੈਂ ਤੇ ਮੇਰੇ ਲੋਕ ਅਕਸਰ ਹਰ ਗਰਮੀ ਵਿਚ ਬਹੁਤ ਨੇੜਿਓਂ ਅਨੁਭਵ ਕਰਦੇ ਨੇਮੇਰਾ ਜੈਸਲਮੇਰ ਤੇ ਜੋਧਪੁਰ ਤਾਂ ਰੇਤ ਨਾਲ ਭਰਿਆ ਪਿਆ ... ਨਾਮ ਭਾਵੇਂ ਮੇਰਾ ਰਾਜਸਥਾਨ ਹੈ ਪਰ ਮੈਨੂੰ ਰੇਗਿਸਤਾਨ ਕਹਿ ਦਿੰਦੇ ਨੇ ... ਤੇ ਮਾਰੂਥਲ ਵੀ। ... ਭਾਵੇਂ ਮੈਂ ਹੁਣ ਮਾਰੂਥਲ ਨਹੀਂ ਰਿਹਾ ... ਪਰ ਜਿਵੇਂ ਮੈਂ ਸੁਣਦਾ ਆ ਰਿਹਾ ਹਾਂ ਕਿ ਧਰਤੀ ਹੇਠਲਾ ਪਾਣੀ ਤੇਰੇ ਕਿਸਾਨ ਨੇ ਵਿਤੋਂ ਵੱਧ ਖਿੱਚ ਕੇ ਖਾਤਮੇ ਦੇ ਕਗਾਰ ’ਤੇ ਪਹੁੰਚਾ ਦਿੱਤਾ ਏ।...

ਸਰਕਾਰ ਕਿਸਾਨਾਂ ਨੂੰ ਫਸਲੀ ਚੱਕਰ ਬਦਲਣ ਨੂੰ ਵੀ ਕਹਿੰਦੀ ਏ ਤੇ ਝੋਨਾ ਵੀ ਬਰਸਾਤਾਂ ਤੋਂ ਪਹਿਲਾਂ ਲਾਉਣ ਤੋਂ ਰੋਕਦੀ ਏ ਪਰ ਤੇਰੇ ਕਿਸਾਨ ਅਸਲੀਅਤ ਨੂੰ ਸਮਝਣ ਦੀ ਬਜਾਏ ਟਕਰਾਅ ਵੱਲ ਵਧ ਪੈਂਦੇ ਨੇ। ... ਮੇਰੇ ਭਰਾਵਾ, ਇਹ ਕੱਕੇ ਭੂਰੇ ਰੇਤੇ ਵਾਲੀ ਹਨੇਰੀ ... ਕੰਧ ਉੱਪਰ ਲਿਖੀ ਹੋਈ ਇਬਾਰਤ ਆ। ... ਇਹਨੂੰ ਸਮਝ, ਪਰਖ ਅਤੇ ਇਸ ਤੋਂ ਸਬਕ ਜ਼ਰੂਰ ਲਵੀਂ। ... ਤੇਰੀ ਧਰਤੀ ਦੀ ਹਿੱਕ ’ਤੇ ਵੀ ਦਰਖਤਾਂ ਦੀ ਉਹ ਹਰਿਆਲੀ ਨਹੀਂ ਰਹੀ। ... ਦਰਖਤ ਨਾ ਰਹੇ ਤਾਂ ਤਾਪਮਾਨ ਵਧੂ, ਮੀਂਹ ਵੀ ਘੱਟ ਪੈਣਗੇ ਤੇ ਪਾਣੀ ਦੀ ਤਾਂ ਪਹਿਲਾਂ ਹੀ ਤੋਟ ਐ। ... ਫਿਰ ਤੇਰੇ ਲੋਕ ਪਾਣੀ ਬਿਨਾਂ ਕਿਹੜੀਆਂ ਫਸਲਾਂ ਬੀਜਣਗੇ? ... ਤੇ ਕੀ ਵੱਢਣਗੇ? ... ਆਪਣੇ ਬਸ਼ਿੰਦਿਅੰ ਨੂੰ ਦਿਲ ਨਾਲ ਲਾ ਕੇ ਸਮਝਾ ... ਵਾਤਾਵਰਣ ਬਚਾਉਣਾ, ਵੱਧ ਤੋਂ ਵੱਧ ਦਰਖਤ ਲਾਉਣੇ, ਸਵਾਰਥ ਤੇ ਲਾਲਚ ਤੋਂ ਬਚਣਾ ਸਮੇਂ ਦੀ ਮੁੱਖ ਲੋੜ ਆ ਇੰਡਸਟਰੀ ਵਾਲੇ ਉੱਪਰ ਥੱਲੇ ਕਰਕੇ ਲਾਲਚ ਵੱਸ ਮਨੁੱਖਤਾ ਨਾਲ ਖਿਲਵਾੜ ਕਰ ਜਾਂਦੇ ਆ ... ਇਨ੍ਹਾਂ ਨੂੰ ਵੀ ਸਮਝਾ...

ਹਾਂ ਸੱਚ, ਇੱਕ ਹੋਰ ਗੱਲ! ਹੈ ਤਾਂ ਜਰਾ ਔਖੀ ਅਤੇ ਕੌੜੀ ਵੀ ... ਮੈਂ ਵੀ ਸਮਝਾਊਂ ਆਪਣੇ ਲੋਕਾਂ ਨੂੰ ਤੇ ਤੂੰ ਵੀ ਜ਼ਰੂਰ ਕੋਸ਼ਿਸ਼ ਕਰੀਂ। ... ਰਾਜਨੀਤਕ ਨੇਤਾ ਲੋਕਾਂ ਦੀਆਂ ਮੋਮੋਠੱਗਣੀਆਂ ਗੱਲਾਂ ਤੇ ਸਬਜ਼ਬਾਗਾਂ ਤੋਂ ਬਚੀਂ। ... ਇਹ ਕਹਿੰਦੇ ਕੁਝ ਨੇ ਅਤੇ ਕਰਦੇ ਕੁਝ ਨੇਸੱਤਾ ’ਤੇ ਕਾਬਜ਼ ਹੁੰਦੇ ਹੀ ਇਹ ਸਾਰਾ ਅਮਲਾ ਫੈਲਾ ਆਪਣੇ ਹੀ ਇਰਦ ਗਿਰਦ ਜਮ੍ਹਾਂ ਕਰ ਲੈਂਦੇ ਨੇ ਅਤੇ ਜਨਤਾ ਦੀ ਭਲਾਈ, ਪੜ੍ਹਾਈ, ਇਲਾਜ ਜਾਂ ਫਿਰ ਰੁਜ਼ਗਾਰ ਲਈ ਨਾ ਤਾਂ ਇਨ੍ਹਾਂ ਕੋਲ ਬਜਟ ਬਚਦੈ ਤੇ ਨਾ ਹੀ ਸਾਧਨਜਿੰਨਾ ਮਰਜ਼ੀ ਕਹੀ ਜਾਣ ਅਸੀਂ ਵੀ.ਆਈ.ਪੀ. ਕਲਚਰ ਖਤਮ ਕਰਾਂਗੇ ... ਇਹ ਨਹੀਂ ਕਰਦੇ ਭਰਾ ਮੇਰਿਆ। ... ਸਮੁੱਚਾ ਬਜਟ ਤਾਂ ਸਰਕਾਰਾਂ ਅਤੇ ਇਨ੍ਹਾਂ ਦੇ ਖਰਚੇ ਹੜੱਪ ਜਾਂਦੇ ਨੇ ... ਆਮ ਲੋਕਾਂ ਲਈ ਤਾਂ ਕੁਝ ਬਚਦਾ ਹੀ ਨਹੀਂ ... ਜੇ ਬਚਦਾ ਹੈ ਤਾਂ ਉਹ ਇਹ ਮੁਫਤ ਦਾ ਲੌਲੀ ਪੌਪ ਮੂੰਹ ਵਿਚ ਥਮਾ, ਇੱਕ ਹੱਥ ਦੇ ਦੂਜੇ ਹੱਥ ਵਾਪਸ ਲੈ ਲੈਂਦੇ ਹਨ। ... ਇਨ੍ਹਾਂ ਨੂੰ ਸਮਝਾਵੀਂ ਕਿ ਜੇ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਅਜਿਹੇ ਫਜ਼ੂਲ ਉਚੇਚ ਨਹੀਂ ਕਰਦੀਆਂ, ਇਮਾਨਦਾਰੀ ਨਾਲ ਹਰੇਕ ਲਈ ਬਰਾਬਰ ਨਿਯਮ ਅਤੇ ਕਾਨੂੰਨ ਬਣਾਉਂਦੀਆਂ ਹਨ ਤਾਂ ਹੀ ਲੋਕ ਭਲਾਈ ਲਈ ਫੰਡ ਬਚਦੇ ਨੇ। ... ਆਸ ਕਰਦਾ ਹਾਂ ਕਿ ਤੂੰ ਗੌਰ ਕਰੇਂਗਾ ਅਤੇ ਆਪਣੀ ਤਕਦੀਰ, ਤਦਬੀਰ ਅਤੇ ਵਿਰਸਾ ਬਚਾਉਣ ਵਿਚ ਸਫਲ ਹੋਵੇਂਗਾ। ... ਤੇਰਾ ਆਪਣਾ ਭਰਾ ਰਾਜਸਥਾਨ॥

*****

(1249)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author