“ਜਾਤ-ਪਾਤ ਤੇ ਧਰਮ ਅਸੀਂ ਆਪ ਹੀ ਬਣਾ ਕੇ ਆਪ ਹੀ ਇਨ੍ਹਾਂ ਦੁਆਲੇ ਇੰਨੀਆਂ ਪੀਢੀਆਂ ...”
(15 ਨਵੰਬਰ 2020)
ਦੀਵਾ ਰੋਸ਼ਨੀ ਭਾਵ ਚਾਨਣ ਜਾਂ ਲੋਅ ਦਾ ਪ੍ਰਤੀਕ ਹੈ। ਹਨੇਰਾ ਦੂਰ ਕਰਨ ਲਈ ਦੀਵੇ ਦੀ ਰੋਸ਼ਨੀ ਜਾਂ ਚੰਨ ਤਾਰਿਆਂ ਦੀ ਲੋਅ ਦੀ ਲੋੜ ਪੈਂਦੀ ਹੈ। ਹਨੇਰੇ ਤੋਂ ਚਾਨਣ ਤਕ ਦਾ ਸਫਰ ਇਨਕਲਾਬ ਦੀ ਪੁਸ਼ਟੀ ਕਰਦਾ ਹੈ। ਇਹ ਮੰਨਿਆ ਗਿਆ ਹੈ ਕਿ ਇਸ ਬਹ੍ਰਿਮੰਡ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਇੱਥੇ ਸਾਰੇ ਅੰਧਕਾਰ ਛਾਇਆ ਹੋਇਆ ਸੀ। ਇਸ ਨੂੰ ਗੁਰਬਾਣੀ ਵਿੱਚ ‘ਅਰਬਦ ਨਰਬਦ ਧੁੰਧੂਕਾਰਾ’ ਕਹਿ ਕੇ ਦਰਸਾਇਆ ਗਿਆ ਹੈ। ਵਿਗਿਆਨਕ ਕ੍ਰਿਸ਼ਮੇ ਜਾਂ ਕੁਦਰਤ ਦੇ ਅਲੌਕਿਕ ਵਰਤਾਰੇ ਨਾਲ ਬਹ੍ਰਿਮੰਡ ਹੋਂਦ ਵਿੱਚ ਆਇਆ। ਫਿਰ ਧਰਤੀ ਬਣੀ, ਪੌਣਪਾਣੀ, ਬਨਸਪਤੀ ਤੇ ਮਨੁੱਖਤਾ ਦਾ ਵਿਕਾਸ ਹੋਇਆ ਤੇ ਸਮਾਜ ਉੱਸਰਿਆ। ਵੱਖ ਵੱਖ ਯੁੱਗਾਂ ਦੌਰਾਨ ਮਨੁੱਖਤਾ ਦੀਆਂ ਵੱਖ ਵੱਖ ਸੱਭਿਅਤਾਵਾਂ ਪ੍ਰਫੁੱਲਤ ਹੋਈਆਂ ਤੇ ਆਵਾਗਮਨ ਦਾ ਦੌਰ ਚੱਲਦਾ ਰਿਹਾ। ਇਸੇ ਲੜੀ ਅਧੀਨ ਹੀ ਤਰੇਤਾ ਯੁਗ ਦੌਰਾਨ ਇਸ ਧਰਤੀ ਉੱਪਰ ਅਯੁਧਿਆ ਨਗਰੀ ਵਿਖੇ ਭਗਵਾਨ ਰਾਮ ਦਾ ਆਗਮਨ ਹੋਇਆ ਮੰਨਿਆ ਜਾਂਦਾ ਹੈ। ਦੁਨਿਆਵੀ ਕਾਰ ਵਿਹਾਰ ਦੇ ਚੱਲਦਿਆਂ ਭਗਵਾਨ ਰਾਮ ਦੀ ਮਤਰੇਈ ਮਾਂ ਕੈਕਈ ਨੇ ਆਪਣੇ ਪਤੀ ਰਾਜਾ ਦਸਰਥ ਕੋਲੋਂ ਪ੍ਰਾਪਤ ਵਰਾਂ ਦੇ ਆਧਾਰ ’ਤੇ ਆਪਣੇ ਪੁੱਤਰ ਭਰਤ ਲਈ ਰਾਜ ਤਿਲਕ ਅਤੇ ਭਗਵਾਨ ਰਾਮ ਲਈ 14 ਸਾਲ ਦਾ ਬਨਵਾਸ ਮੰਗ ਲਿਆ। ਇਸਦੇ ਨਤੀਜੇ ਵਜੋਂ ਭਗਵਾਨ ਰਾਮ ਤੇ ਉਹਨਾਂ ਦਾ ਛੋਟਾ ਭਰਾ ਲਛਮਣ ਤੇ ਪਤਨੀ ਸੀਤਾ ਵੀ ਉਹਨਾਂ ਦੇ ਨਾਲ ਹੀ ਹੁਕਮ ਦੀ ਪਾਲਣਾ ਲਈ ਜੰਗਲ ਵਿੱਚ ਚਲੇ ਗਏ।
ਇਹ ਮੰਨਿਆ ਜਾਂਦਾ ਹੈ ਕਿ ਬਨਵਾਸ ਦੌਰਾਨ ਲੰਕਾਪਤੀ ਰਾਜਾ ਰਾਵਣ ਦੀ ਭੈਣ ਸਰੂਪ ਨਖਾ ਨਾਲ ਵਾਰਤਾਲਾਪ ਦੌਰਾਨ ਜਦੋਂ ਲਛਮਣ ਨੇ ਉਸਦਾ ਨੱਕ ਕੱਟ ਦਿੱਤਾ ਤਾਂ ਭਗਵਾਨ ਰਾਮ ਦੀ ਪਤਨੀ ਸੀਤਾ ਨੂੰ ਰਾਵਣ ਜਬਰੀ ਉਠਾ ਕੇ ਲੈ ਗਿਆ। ਇੰਜ ਰਾਮ ਤੇ ਰਾਵਣ ਦਰਮਿਆਨ ਯੁੱਧ ਦੀ ਨੌਬਤ ਆ ਗਈ। ਚੋਟੀ ਦੇ ਵਿਦਵਾਨ ਰਾਵਣ ਦਾ ਰਾਜਭਾਗ, ਸੋਨੇ ਦੀ ਕਹੀ ਜਾਂਦੀ ਲੰਕਾ ਤਬਾਹ ਹੋ ਗਈ। ਦੁਸ਼ਿਹਰੇ ਵਾਲਾ ਦਿਨ ਰਾਵਣ ਦੇ ਅੰਤ ਵਜੋਂ ਭਾਰਤਵਰਸ਼ ਵਿੱਚ ਰਾਵਣ, ਕੁੰਭਕਰਣ ਤੇ ਮੇਘਨਾਦ ਦੇ ਪੁਤਲੇ ਸਾੜ ਕੇ ਬਦੀ ਉੱਪਰ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਇਸ ਤੋਂ ਬਾਦ ਭਗਵਾਨ ਰਾਮ ਦਾ ਆਪਣੀ ਸੈਨਾ, ਭਰਾ ਲਛਮਣ ਅਤੇ ਪਤਨੀ ਸੀਤਾ ਸਮੇਤ 20 ਦਿਨ ਬਾਦ ਵਾਪਸ ਅਯੁੱਧਿਆ ਪੁੱਜਣ ’ਤੇ ਦੀਵੇ ਜਗਾ ਕੇ ਸਵਾਗਤ ਕੀਤਾ ਗਿਆ। ਦੀਵਿਆਂ ਦੀ ਜਗਮਗਾਹਟ ਦੀ ਰੋਸ਼ਨੀ ਹੌਲੀ ਹੌਲੀ ਦੀਵਿਆਂ ਵਾਲੀ ਰਾਤ ਬਣ ਗਈ। ਲਫਜ਼ ‘ਦੀਵਿਆਂ ਵਾਲੀ’ ਦਾ ਸਫਰ ‘ਦੀਵਾਲੀ’ ਬਣ ਗਿਆ ਜਿਸਨੂੰ ਹੁਣ ਦੀਪਮਾਲਾ ਵੀ ਕਹਿ ਦਿੰਦੇ ਹਨ। ਦੀਵੇ ਜਗਾ ਕੇ ਰੋਸ਼ਨੀ ਕਰਨ ਦਾ ਅਸਲ ਮਕਸਦ ਲੋਕਾਂ ਦੇ ਮਨਾਂ ਵਿੱਚੋਂ ਅਗਿਆਨਤਾ ਅਤੇ ਅਨਪੜ੍ਹਤਾ ਦਾ ਹਨੇਰਾ ਦੂਰ ਕਰਨਾ ਸੀ। ਬਾਹਰਲਾ ਹਨੇਰਾ ਬਾਹਰਲੇ ਚਾਨਣ ਨਾਲ ਦੂਰ ਹੋ ਜਾਂਦਾ ਹੈ ਪਰ ਅੰਦਰਲਾ ਹਨੇਰਾ ਤਦ ਤਕ ਦੂਰ ਨਹੀਂ ਹੋ ਸਕਦਾ ਜਦੋਂ ਤਕ ਵਿੱਦਿਆ ਦਾ ਚਾਨਣ ਅੰਦਰਲੀ ਅਗਿਆਨਤਾ ਜਾਂ ਅਨਪੜ੍ਹਤਾ ਦਾ ਹਨੇਰਾ ਦੂਰ ਨਾ ਕਰੇ। ਵਕਤੀ ਤੌਰ ’ਤੇ ਲੋਕਾਂ ਦੀ ਸਮਝ ਅਨੁਸਾਰ ਦੀਵੇ ਵਾਜਬ ਪ੍ਰਤੀਕ ਸਨ। ਉਹਨਾਂ ਦਾ ਅੰਦਰੂਨੀ ਭਾਵ ਚੌਗਿਰਦਾ ਰੋਸ਼ਨ ਕਰਨ ਤੋਂ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਇੱਕ ਪੁੱਤਰ ਨੂੰ ਰਾਜਭਾਗ ਦੇਣ ਲਈ ਦੂਜੇ ਨੂੰ ਬਨਵਾਸ ਦੇਣਾ ਜ਼ਰੂਰੀ ਨਹੀਂ। ਮਨਾਂ ਅੰਦਰਲਾ ਹਨੇਰਾ ਦੂਰ ਕਰਨ ਦੀ ਲੋੜ ਸੀ।
ਤਰੇਤਾ ਯੁਗ ਤੋਂ ਲੈ ਕੇ ਹੁਣ ਤਕ ਅਸੀਂ ਲਗਾਤਾਰ ਇਸ ਦਿਨ ਆਪਣੇ ਘਰਾਂ ਦੀਆਂ ਦੀਵਾਰਾਂ ਉੱਪਰ ਦੀਪਮਾਲਾ ਕਰਦੇ ਕਰਦੇ ਪਟਾਕਿਆਂ ਨਾਲ ਆਲੇ ਦੁਆਲੇ ਨੂੰ ਪ੍ਰਦੂਸ਼ਿਤ ਵੀ ਕਰਦੇ ਆ ਰਹੇ ਹਾਂ। ਹੁਣ ਤਾਂ ਅਸੀਂ ਦੀਵੇ ਜਗਾਉਣਾ ਭੁੱਲ ਕੇ ਉਂਜ ਹੀ ਬਿਜਲਈ ਰੋਸ਼ਨੀਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਸਾਡੀ ਪ੍ਰਗਤੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਜ਼ਰੂਰ ਹੈ। ਪਰ ਅਸੀਂ ਦੀਵੇ ਵੀ ਭੁੱਲ ਗਏ ਹਾਂ ਅਤੇ ਦੀਵਿਆਂ ਦਾ ਮਕਸਦ ਵੀ ਭੁੱਲ ਗਏ ਹਾਂ। ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਦਾ ਜਾਲ਼ ਵਿਛਿਆ ਨਜ਼ਰ ਆਉਂਦਾ ਹੈ। ਕਹਿਣ ਨੂੰ ਤਾਂ ਅਸੀਂ ਅਜ਼ਾਦ ਫਿਜ਼ਾ ਵਾਲੇ ਸੱਤ ਦਹਾਕੇ ਬੀਤਣ ਉਪਰੰਤ 76% ਸਾਖਰਤਾ ਦਰ ਵੀ ਹਾਸਲ ਕਰ ਲਿਆ ਹੈ। ਸਾਡੇ ਕੈਰਲਾ ਵਰਗੇ ਰਾਜ ਸੌ ਫੀਸਦੀ ਸਾਖਰਤਾ ਦੇ ਨੇੜੇ ਵੀ ਪੁੱਜ ਗਏ ਹਨ ਪਰ ਵਿਹਾਰਕ ਰੂਪ ਵਿੱਚ ਵੇਖੀਏ ਤਾਂ ਅੱਗਾ ਦੌੜ ਪਿੱਛਾ ਚੌੜ ਹੋ ਗਿਆ ਲੱਗਦਾ ਹੈ। ਕਰੋਨਾ ਕਾਲ ਦੇ ਇਸ ਭਿਆਨਕ ਸਾਲ ਦੇ ਵਰਤਾਰੇ ਨੇ ਦਰਸਾ ਦਿੱਤਾ ਹੈ ਕਿ ਅਸੀਂ ਹਾਲੇ ਵੀ ਕੋਰੇ ਅਨਪੜ੍ਹ ਹਾਂ। ਕਾਲਾ ਅੱਖਰ ਭੈਂਸ ਬਰਾਬਰ। ਸਾਨੂੰ ਹਰ ਪਾਸੇ ਹਨੇਰਾ ਹੀ ਹਨੇਰਾ ਲਗਦਾ ਹੈ। ਜੇ ਚਾਨਣ ਦੀ ਕੋਈ ਚਿਣਗ ਸਾਡੇ ਮਨਾਂ ਦੇ ਨੇੜੇ ਤੇੜੇ ਵੀ ਪੁੱਜੀ ਹੁੰਦੀ ਤਾਂ ਲੌਕਡਾਊਨ ਦੌਰਾਨ ਕਰੋੜਾਂ ਉਹ ਮਜ਼ਦੂਰ ਪੈਦਲ ਚੱਲ ਕੇ ਆਪਣੇ ਘਰਾਂ ਨੂੰ ਨਾ ਪਰਤਦੇ ਅਤੇ ਉਹਨਾਂ ਵਿੱਚੋਂ ਅਨੇਕਾਂ ਹੀ ਤੰਗੀ-ਤੁਰਸ਼ੀ ਅਤੇ ਭੁੱਖ ਨਾਲ ਵਿਲਕਦੇ ਮਰਦੇ ਸੰਸਾਰ ਨਾ ਵੇਖਦਾ। ਮਜ਼ਦੂਰ ਕਿਸੇ ਵੀ ਸਮਾਜ ਦਾ ਬੁਨਿਆਦੀ ਹਿੱਸਾ ਹੁੰਦੇ ਹਨ। ਹਰ ਸਮਾਜ ਦੀ ਸਿਰਜਣਾ ਵਿੱਚ ਉਹਨਾਂ ਦਾ ਅਹਿਮ ਰੋਲ ਹੁੰਦਾ ਹੈ ਪਰ ਉਹਨਾਂ ਨਾਲ ਪਸ਼ੂਆਂ ਤੋਂ ਵੀ ਭੈੜਾ ਵਿਹਾਰ, ਉਹ ਵੀ ਧਾਰਮਿਕ ਕਦਰਾਂ ਕੀਮਤਾਂ ਦੇ ਅਲੰਬਰਦਾਰ ਕਹਾਉਂਦੇ ਦੇਸ਼ ਵਿੱਚ? ਇਹ ਗੱਲ ਹਜਮ ਨਹੀਂ ਹੁੰਦੀ।
ਕਿੰਨੀਆਂ ਸਦੀਆਂ ਤੇ ਯੁਗ ਬੀਤ ਗਏ ਹਨ ਸਾਨੂੰ ਦੀਵੇ ਬਾਲਦਿਆਂ ਨੂੰ, ਪੁਤਲੇ ਸਾੜਦਿਆਂ ਨੂੰ। ਨਾ ਤਾਂ ਬਦੀ ਖਤਮ ਹੋਈ ਤੇ ਨਾ ਹੀ ਮਨਾਂ ਵਿੱਚਲੇ ਹਨੇਰੇ ਦੂਰ ਹੋਏ। ਸਾਡੇ ਰਹਿਬਰ ਤਾਂ ਆਵਾਜ਼ ਦਿੰਦੇ ਹਨ; ਅਵਲੁ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ। ਪਰ ਸਾਡੇ ਮਜ਼ਹਬਾਂ ਤੇ ਧਰਮਾਂ ਦੇ ਬਖੇੜੇ ਹੀ ਨਹੀਂ ਮੁੱਕਦੇ। ਜਾਤ-ਪਾਤ ਤੇ ਧਰਮ ਅਸੀਂ ਆਪ ਹੀ ਬਣਾ ਕੇ ਆਪ ਹੀ ਇਨ੍ਹਾਂ ਦੁਆਲੇ ਇੰਨੀਆਂ ਪੀਢੀਆਂ ਵਲਗਣਾਂ ਬਣਾ ਕੇ ਬੈਠ ਗਏ ਹਾਂ ਕਿ ਬਿਨਾਂ ਕਿਸੇ ਕਾਰਨ ਹੀ ਇੱਕ ਦੂਜੇ ਦੇ ਦੁਸ਼ਮਣ ਬਣ ਬੈਠੇ ਹਾਂ। ਹਾਲਾਂ ਕਿ ਹਰੇਕ ਨੂੰ ਪਤਾ ਹੈ ਕਿ ਇੱਕ ਹੀ ਪ੍ਰਮਾਤਮਾ ਹੈ ਤੇ ਸਭ ਪਸਾਰਾ ਵੀ ਉਸੇ ਦਾ ਹੀ ਹੈ। ਦੂਜ ਤੇ ਦੁਸ਼ਮਣ ਦਾ ਕੋਈ ਵੀ ਮੁੱਢਲਾ ਕਾਰਨ ਨਹੀਂ ਬਣਦਾ। ਚੌਧਰ, ਹਉਮੈਂ ਤੇ ਤਾਕਤ ਹਥਿਆਉਣ ਲਈ ਮਨੁੱਖ ਨੇ ਧਰਤੀ, ਪਾਣੀ ਤਾਂ ਵੰਡੇ ਹੀ ਸਨ, ਮਨੁੱਖ ਨਾਲੋਂ ਮਨੁੱਖ ਨੂੰ ਵੀ ਵੰਡ ਕੇ ਦੂਰ ਕਰ ਦਿੱਤਾ ਹੈ। ਫਿਰ ਅਸੀਂ ਦੀਵੇ ਜਗਾ ਕੇ ਮਨਾਂ ਵਿੱਚੋਂ ਹਨੇਰੇ ਦੂਰ ਕਰਨ ਦੀ ਗੱਲ ਕਰਦੇ ਹਾਂ। ਸਿੱਖ ਵੀ ਉਂਜ ਤਾਂ ਕਾਫੀ ਪਹਿਲਾਂ ਤੋਂ ਹੀ ਦੀਵਾਲੀ ਦਾ ਤਿਉਹਾਰ ਮਨਾਂਉਂਦੇ ਸਨ ਪਰ ਕਲਯੁੱਗ ਦੇ ਇਸ ਦੌਰ ਦੌਰਾਨ ਸਭ ਤੋਂ ਨਵੇਂ ਨਿਵੇਕਲੇ ਸਿੱਖ ਧਰਮ ਨੇ ਵੀ ਛੇਂਵੇਂ ਗੁਰੂ ਹਰਗੋਬਿੰਦ ਸਾਹਿਬ ਦੁਆਰਾ ਬਾਦਸ਼ਾਹ ਜਹਾਂਗੀਰ ਦੇ ਗਵਾਲੀਅਰ ਦੇ ਕਿਲੇ ਵਿੱਚੋਂ 52 ਪਹਾੜੀ ਰਾਜਿਆਂ ਸਮੇਤ ਰਿਹਾਈ ਪ੍ਰਾਪਤ ਕਰਕੇ ਅਮ੍ਰਿਤਸਰ ਪੁੱਜਣ ’ਤੇ ਇਸੇ ਹੀ ਦਿਨ ਦੀਪਮਾਲਾ ਕਰਕੇ ਇਸ ਦਿਹਾੜੇ ਨੂੰ ਬੰਦੀਛੋੜ ਦੇ ਨਾਮ ਨਾਲ ਦੀਵਾਲੀ ਦੀ ਸ਼ੋਭਾ ਹੋਰ ਵਧਾ ਦਿੱਤੀ ਹੈ। ਦੀਵਾਲੀ ਹੋਵੇ ਜਾਂ ਬੰਦੀਛੋੜ ਦਿਵਸ, ਦੀਵੇ ਜਲਾਉਣ ਦਾ ਮਕਸਦ ਖੁਸ਼ੀ ਮਨਾਉਣ ਦੇ ਨਾਲ ਨਾਲ ਲੋਅ ਜਾਂ ਰੋਸ਼ਨੀ ਕਰਕੇ ਚੌਗਿਰਦੇ ਦੇ ਨਾਲ ਨਾਲ ਅੰਦਰਲੇ ਪਾਸਿਉਂ ਵੀ ਹਨੇਰਾ, ਅਗਿਆਨਤਾ ਤੇ ਅਨਪੜ੍ਹਤਾ ਦੂਰ ਕਰਨਾ ਸੀ ਜੋ ਹਾਲੇ ਤਕ ਵੀ ਨਹੀਂ ਹੋ ਸਕੀ।
ਇੱਥੇ ਜੱਦੀ ਪੁਸ਼ਤੀ ਰਾਜਿਆਂ ਦੇ ਰਾਜ ਵੀ ਰਹੇ। ਮੁਗਲ ਤੇ ਪਠਾਣ ਵੀ ਰਾਜ ਕਰ ਗਏ, ਅੰਗਰੇਜ਼ਾਂ ਦੀ ਗੁਲਾਮੀ ਦਾ ਦੌਰ ਵੀ ਰਿਹਾ। ਹੁਣ ਸੱਤ ਦਹਾਕਿਆਂ ਤੋਂ ਉੱਪਰ ਸਮਾਂ ਲੋਕ-ਰਾਜ ਦੀ ਤੂਤੀ ਬੋਲਦਿਆਂ ਵੀ ਲੰਘ ਚੱਲਿਆ ਹੈ। ਲੋਕਰਾਜ ਬੜਾ ਵੱਡਾ ਸ਼ਬਦ ਮਹਿਸੂਸ ਹੁੰਦਾ ਹੈ। ਲੋਕਾਂ ਦਾ ਆਪਣਾ ਰਾਜ, ਪਰ ਲੋਕ ਤਾਂ ਕੇਵਲ ਵੋਟ ਪਾਉਣ ਤਕ ਹੀ ਸੀਮਤ ਹੋ ਕੇ ਰਹਿ ਗਏ ਹਨ। ਬਹੁਤੇ ਤਾਂ ਵੋਟ ਵੀ ਆਪਣੀ ਮਰਜ਼ੀ ਨਾਲ ਨਹੀਂ ਪਾਉਂਦੇ, ਗੁਮਰਾਹ ਹੋ ਜਾਂਦੇ ਹਨ। ਕਈ ਲੋਕ ਭੁੱਖਮਰੀ ਵਰਗੀਆਂ ਮਜਬੂਰੀਆਂ ਜਾਂ ਲਾਲਚ ਵੱਸ ਵੋਟ ਪਾ ਦਿੰਦੇ ਨੇ ਫਿਰ ਲੋਕਰਾਜ ਕਾਹਦਾ ਹੋਇਆ? ਇੰਨਾ ਅਨਾਜ ਪੈਦਾ ਹੋਣ ਦੇ ਬਾਵਜੂਦ ਅਤੇ ਧਨ ਦੀ ਕਾਣੀ ਵੰਡ ਕਾਰਨ ਕੁਪੋਸ਼ਣ ਤੇ ਭੁੱਖਮਰੀ ਵਿੱਚ ਸਾਡੇ ਦੇਸ਼ ਦਾ ਵਿਸ਼ਵ ਵਿੱਚ 94ਵਾਂ ਸਥਾਨ ਹੈ। ਇੰਨੇ ਅਘਾਂਹ ਵਧੂ ਦੌਰ ਤੇ ਖੁਸ਼ਹਾਲੀ ਦੌਰਾਨ ਵੀ ਜੇ ਇਹ ਹਾਲ ਹੈ ਤਾਂ ਫਿਰ ਅਗਿਆਨਤਾ ਅਤੇ ਅਸਮਾਨਤਾ ਦਾ ਇਹ ਹਨੇਰਾ ਕਦੋਂ ਦੂਰ ਹੋਵੇਗਾ? ਹਰ ਪਾਸੇ ਪ੍ਰਦੂਸ਼ਣ ਦਾ ਬੋਲਬਾਲਾ ਹੈ। ਚਾਹੇ ਉਹ ਵਾਤਾਵਰਣ ਦਾ ਹੋਵੇ, ਅਬਾਦੀ ਦਾ ਹੋਵੇ, ਭ੍ਰਿਸ਼ਟਾਚਾਰ ਦਾ ਹੋਵੇ ਜਾਂ ਫਿਰ ਕੱਟੜਪੁਣੇ ਦਾ ਹੋਵੇ। ਰਾਜਨੀਤਕ ਪਾਰਟੀਆਂ ਨੇ ਵੱਖ ਪ੍ਰਦੂਸ਼ਣ ਫੈਲਾਇਆ ਹੋਇਆ ਹੈ। ਉੱਪਰੋਂ ਉੱਪਰੋਂ ਹਰ ਪਾਰਟੀ ਲੋਕ-ਸੇਵਕ ਤੇ ਸੇਵਾਦਾਰ ਹੋਣ ਦਾ ਦਮ ਭਰਦੀ ਹੈ। ਬਹੁਤੇ ਰਾਜਾਂ ਵਿੱਚ ‘ਰਾਜ ਨਹੀਂ ਸੇਵਾ’ ਦੇ ਨਾਅਰੇ ਵੀ ਗੂੰਜਦੇ ਰਹੇ ਹਨ। ਪਰ ਸੇਵਾ ਸਾਰੇ ਆਪਣੀ ਹੀ ਕਰਦੇ ਤੇ ਜਾਇਦਾਦਾਂ ਦੇ ਅੰਬਾਰ ਲਗਾਉਂਦੇ ਹਨ, ਆਮ ਲੋਕਾਂ ਦੇ ਤਾਂ ਢਿੱਡ ਵੀ ਰੋਟੀ ਉਡੀਕਦੇ ਰਹਿ ਜਾਂਦੇ ਨੇ। ਮੁੱਕਦੀ ਗੱਲ, ਤਿਉਹਾਰ ਮਾੜੇ ਨਹੀਂ ਸਨ, ਨਾ ਹੀ ਉਹਨਾਂ ਦੇ ਮਨਾਉਣ ਲਈ ਵਰਤੇ ਪ੍ਰਤੀਕ ਮਾੜੇ ਸਨ ਪਰ ਜਿਉਂ ਜਿਉਂ ਸਮਾਂ ਬੀਤਦਾ ਗਿਆ, ਇਹ ਮੇਲੇ ਬਣਦੇ ਗਏ ਜਿਨ੍ਹਾਂ ਦਾ ਮਕਸਦ ਮੌਜ-ਮੇਲਾ ਹੀ ਬਣ ਕੇ ਰਹਿ ਗਿਆ ਹੈ ਤੇ ਕਈ ਹੋਰ ਕੁਰੀਤੀਆਂ ਨਾਲ ਚਿੰਬੜ ਗਈਆਂ ਹਨ।
ਮਜ਼ਦੂਰਾਂ ਦੇ ਨਾਲ ਨਾਲ ਕਿਸਾਨ ਵੀ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਮਜ਼ਦੂਰਾਂ ਤੋਂ ਬਾਦ ਜੇ ਕਿਸੇ ਦਾ ਭੈੜਾ ਹਾਲ ਹੈ ਤਾਂ ਉਹ ਕਿਸਾਨ ਹਨ, ਹਾਲਾਂਕਿ ਉਹਨਾਂ ਨੂੰ ਦੇਸ਼ ਦੇ ਅੰਨ ਦਾਤੇ ਦਾ ਨਾਮ ਦਿੱਤਾ ਗਿਆ ਹੈ। ਪਿਛਲੇ ਛੇ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਕਿਸਾਨ ਸੜਕਾਂ ਤੇ ਰੇਲ ਪਟੜੀਆਂ ’ਤੇ ਬੈਠੇ ਹੋਏ ਹਨ। ਕੋਈ ਉਹਨਾਂ ਦਾ ਦਰਦ ਸਮਝਣ ਨੂੰ ਤਿਆਰ ਨਹੀਂ ਹੈ। ਹਰ ਕੋਈ ਸਿਆਸਤ ਦੀਆਂ ਗੋਟੀਆਂ ਫਿੱਟ ਕਰਕੇ ਸਿਆਸੀ ਲਾਹਾ ਲੈ ਕੇ ਸੱਤਾ ਦਾ ਸੁਖ ਭੋਗਣ ਤਕ ਸੋਚ ਰਿਹਾ ਹੈ। ਫਿਰ ਸੇਵਾ ਕਾਹਦੀ ਹੋਈ? ਸਰਕਾਰਾਂ ਲੋਕਾਂ ਦੇ ਭਲੇ ਲਈ, ਸਾਫ ਸੁਥਰਾ ਰਾਜ ਪ੍ਰਬੰਧ ਚਲਾਉਣ ਲਈ ਹੋਂਦ ਵਿੱਚ ਆਈਆਂ ਸਨ। ਇਸੇ ਲਈ ਆਧੁਨਿਕ ਸਰਕਾਰਾਂ ਨੂੰ ਕਲਿਆਣਕਾਰੀ ਸਰਕਾਰਾਂ ਦਾ ਨਾਮ ਵੀ ਦਿੱਤਾ ਗਿਆ ਹੈ। ਪਰ ਜ਼ਿੱਦ ਤੇ ਹਠ ਤਾਂ ਕਿਸੇ ਨੂੰ ਵੀ ਨਹੀਂ ਸੋਭਦੇ। ਕਲਿਆਣਕਾਰੀ ਸਰਕਾਰਾਂ ਉਹ ਹੁੰਦੀਆਂ ਹਨ ਜੋ ਸਮਾਜ ਦੇ ਕਿਸੇ ਵੀ ਹਿੱਸੇ ਨੂੰ ਸੰਘਰਸ਼ ਦੀ ਲੋੜ ਹੀ ਮਹਿਸੂਸ ਨਾ ਹੋਣ ਦੇਣ। ਪਰ ਇੱਥੇ ਤਾਂ ਆਪਣੇ ਆਪ ਕੁਝ ਮਿਲਦਾ ਹੀ ਨਹੀਂ ਹੈ। ਵੋਟਾਂ ਸਮੇਂ ਜਿਹੜੇ ਰਾਜਨੀਤਕ ਲੋਕ ਕੁਝ ਦਿਨ ਵੋਟਰਾਂ ਦੇ ਤਰਲੇ ਮਿੰਨਤਾਂ ਕਰਦੇ ਹਨ, ਉਸਦੇ ਇਵਜ਼ ਵਿੱਚ ਉਹ ਪੰਜ ਸਾਲ ਲੋਕਾਂ ਦੀਆਂ ਚੀਕਾਂ ਕਢਵਾ ਕੇ ਮਜ਼ੇ ਲੈਂਦੇ ਹਨ। ਇਹ ਵੀ ਇੱਕ ਕਿਸਮ ਦੀ ਅਗਿਆਨਤਾ ਹੀ ਹੈ। ਦੀਵਿਆਂ ਦੀ ਰੋਸ਼ਨੀ ਦਾ ਅਸਲ ਮਕਸਦ ਸਭ ਤਰ੍ਹਾਂ ਦੇ ਹਨੇਰੇ, ਭੇਦ-ਭਾਵ, ਵਿਤਕਰੇ, ਕੱਟੜਪੁਣਾ ਦੂਰ ਕਰਨਾ ਹੈ। ਸੰਜੀਦਗੀ, ਸੂਝਬੂਝ ਤੇ ਦੂਰ-ਅੰਦੇਸ਼ੀ ਨਾਲ ਹੀ ਇਹ ਜਟਿਟ ਮੰਜ਼ਿਲ ਪ੍ਰਾਪਤ ਹੋ ਸਕਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2418)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)