“ਇਸ ਮਹਾਂਮਾਰੀ ਤੋਂ ਬਚਣ ਲਈ ਟੀਕਾਕਰਣ ਦਾ ਤੇਜ਼ੀ ਨਾਲ ਸਿਰੇ ਚਾੜ੍ਹਨਾ ...”
(16 ਮਈ 2021)
ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਭਾਰਤ ਵਿੱਚ ਭੜਥੂ ਪਾਇਆ ਹੋਇਆ ਹੈ। ਪਿਛਲੇ ਸਾਲ ਭਾਰਤ ਵਿੱਚ ਇਸਦੇ ਇੱਕ ਲੱਖ ਮਰੀਜ਼ਾਂ ਦਾ ਪਤਾ ਲੱਗਣ ’ਤੇ ਕਾਫੀ ਸਮਾਂ ਲੱਗਿਆ ਸੀ। ਫਿਰ ਇਸਦੀ ਰਫਤਾਰ 4 ਲੱਖ ਪ੍ਰਤੀ ਦਿਨ ਤਕ ਪਹੁੰਚ ਗਈ ਤੇ ਹੁਣ ਵੀ ਸਾਢੇ ਤਿੰਨ ਲੱਖ ਪ੍ਰਤੀ ਦਿਨ ਤੋਂ ਵੱਧ ਹੈ। ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ, ਬਿਸਤਰਿਆਂ ਦੀ ਘਾਟ ਰੜਕ ਰਹੀ ਹੈ। ਰੋਜ਼ਾਨਾ ਮੌਤਾਂ ਦਾ ਅੰਕੜਾ ਵੀ 4 ਹਜ਼ਾਰ ਤਕ ਪਹੁੰਚ ਚੁੱਕਾ ਹੈ। ਹਾਲਾਂਕਿ ਹੁਣ ਤਕ ਕੁਲ ਦੋ ਕਰੋੜ ਛੱਬੀ ਲੱਖ ਤੋਂ ਵੀ ਵੱਧ ਮਰੀਜ਼ਾਂ ਵਿੱਚੋਂ ਇੱਕ ਕਰੋੜ ਸਤਾਸੀ ਲੱਖ ਦੇ ਕਰੀਬ ਠੀਕ ਵੀ ਹੋ ਚੁੱਕੇ ਹਨ। ਇਸਦੇ ਨਵੇਂ ਸਟਰੇਨ ਨਾਲ ਮਰੀਜ਼ਾਂ ਦਾ ਆਕਸੀਜਨ ਲੈਵਲ ਬਹੁਤ ਜਲਦੀ ਡਿਗਦਾ ਹੈ। ਇਸੇ ਕਾਰਨ ਆਕਸੀਜਨ ਦੀ ਮੰਗ ਬਹੁਤ ਵਧ ਗਈ ਹੈ ਅਤੇ ਇਸਦੀ ਕਾਲਾਬਜ਼ਾਰੀ ਦੀਆਂ ਵੀ ਖਬਰਾਂ ਹਨ। ਦੂਜੇ ਪਾਸੇ ਮਨੁੱਖਤਾ ਦੇ ਸੇਵਕ, ਜਿਨ੍ਹਾਂ ਵਿੱਚ ਖਾਲਸਾ ਏਡ ਵਰਗੀਆਂ ਜਥੇਬੰਦੀਆਂ ਸ਼ਾਮਲ ਹਨ, ਨੇ ਹੁਣ ਆਕਸੀਜਨ ਦੇ ਲੰਗਰ ਵੀ ਲਾਉਣੇ ਸ਼ੁਰੂ ਕਰ ਦਿੱਤੇ ਹਨ।
ਸਰਬੱਤ ਖਾਲਸਾ ਦੇ ਸੰਯੋਜਕ ਸ. ਉਬਰਾਏ ਨੇ ਭਾਰਤ ਸਰਕਾਰ ਨੂੰ ਆਕਸੀਜਨ ਦੇ 10 ਪਲਾਂਟਾਂ ਦਾ ਸਰਕਾਰੀ ਖੇਤਰ ਵਿੱਚ ਖਰਚਾ ਚੁੱਕਣ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਨੇ ਵੀ ਹੁਣ ਦੇਸ਼ ਵਿੱਚ ਆਕਸੀਜਨ ਗੈਸ ਦੇ 500 ਹੋਰ ਪਲਾਂਟ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪਰ ਇਹ ਪਲਾਂਟ ਕਦੋਂ ਲੱਗਣਗੇ ਤੇ ਕਦੋਂ ਉਤਪਾਦਨ ਸ਼ੁਰੂ ਕਰਨਗੇ? ਉਦੋਂ ਤਕ ਮਰੀਜ਼ਾਂ ਦਾ ਕੌਣ ਵਾਲੀਵਾਰਸ ਹੈ? ਕੀ ਇਹ ਵਿਹੜੇ ਆਈ ਜੰਞ ਤੇ ਵਿੰਨ੍ਹੋਂ ਕੁੜੀ ਦੇ ਕੰਨ ਵਰਗਾ ਵਰਤਾਰਾ ਨਹੀਂ?
ਸਾਡੇ ਦੇਸ਼ ਵਿੱਚ ਹੁਣ ਤਕ ਕਰੋਨਾ ਨਾਲ ਢਾਈ ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਵਿਸ਼ਵਭਰ ਵਿੱਚ ਇਹ ਗਿਣਤੀ 33 ਲੱਖ ਤੋਂ ਵਧ ਚੁੱਕੀ ਹੈ। ਸੋਸ਼ਲ ਮੀਡੀਆ ਉੱਪਰ ਅਫਵਾਹਾਂ ਦਾ ਬਜ਼ਾਰ ਵੀ ਗਰਮ ਹੈ। ਅਫਵਾਹਾਂ ਤੋਂ ਬਚਣਾ ਵੀ ਬੜਾ ਜ਼ਰੂਰੀ ਹੈ। ਕਿਸੇ ਵੀ ਆਪਾਤਕਾਲ ਜਾਂ ਮਹਾਂਮਾਰੀ ਦੇ ਸਮੇਂ ਲੋਕਾਂ ਦੀ ਇੱਛਾ-ਸ਼ਕਤੀ ਦਾ ਤਕੜੇ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਮਜ਼ਬੂਤ ਇੱਛਾ-ਸ਼ਕਤੀ ਦੇ ਅਧਾਰ ’ਤੇ ਹੀ ਗਿਣਤੀ ਦੇ ਸਿੱਖ ਫੌਜੀਆਂ ਨੇ ਸਾਰਾਗੜ੍ਹੀ ਦੇ ਮੈਦਾਨ ਵਿੱਚ ਮਹਾਨ ਜਿੱਤ ਪ੍ਰਾਪਤ ਕੀਤੀ ਸੀ। ਬੀਮਾਰੀ ਦਾ ਟਾਕਰਾ ਵੀ ਜੰਗ ਵਰਗਾ ਹੀ ਹੁੰਦਾ ਹੈ। ਸਾਡੇ ਦੇਸ਼ ਵਿੱਚ ਟੀ.ਬੀ. ਦੀ ਬੀਮਾਰੀ ਨਾਲ ਹਰ ਰੋਜ਼ 12-13 ਸੌ ਮੌਤਾਂ ਹੁੰਦੀਆਂ ਹਨ। ਇਸੇ ਤਰ੍ਹਾਂ ਕੈਂਸਰ, ਦਿਲ ਦੀਆਂ ਬੀਮਾਰੀਆਂ ਤੇ ਸ਼ੂਗਰ ਆਦਿ ਨਾਲ ਵੀ ਮੌਤਾਂ ਹੁੰਦੀਆਂ ਹਨ ਜਿਨ੍ਹਾਂ ਦਾ ਅੱਜਕੱਲ ਜ਼ਿਕਰ ਨਹੀਂ ਹੁੰਦਾ। ਕਰੋਨਾ ਨਾਲ ਹੀ ਮੌਤਾਂ ਕਾਰਨ ਲੋਕ ਭੈਭੀਤ ਵੀ ਹਨ।
ਡਾਕਟਰ ਕਿਉਂਕਿ ਸਿਹਤ ਲਈ ਦੂਸਰੇ ਰੱਬ ਹੁੰਦੇ ਹਨ ਇਸ ਲਈ ਇਨ੍ਹਾਂ ਦਾ ਮੁੱਖ ਫਰਜ਼ ਬਣਦਾ ਹੈ ਕਿ ਉਹ ਲੋਕਾਂ ਤਕ ਸਹੀ ਅਤੇ ਉਸਾਰੂ ਸੂਚਨਾ ਪਹੁੰਚਾਉਣ। ਰਾਜਨੀਤਕ ਨੇਤਾਵਾਂ ਨਾਲੋਂ ਡਾਕਟਰਾਂ ਦੁਆਰਾ ਪਹੁੰਚਾਈ ਸੂਚਨਾ ਜ਼ਿਆਦਾ ਅਸਰਦਾਰ ਹੁੰਦੀ ਹੈ। ਵਿਸ਼ਵ ਸਿਹਤ ਸੰਸਥਾ ਅਤੇ ਹੋਰ ਸਿਹਤ ਸੰਸਥਾਵਾਂ ਦੁਆਰਾ ਸਮੇਂ ਸਮੇਂ ਜਾਰੀ ਕੀਤਾ ਗਿਆ ਮਾਸਕ ਪਹਿਨਣ, ਹੱਥਾਂ ਨੂੰ ਸੈਨੇਟਾਈਜ਼ ਕਰਨਾ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦਾ ਪ੍ਰੋਟੋਕਾਲ ਇਸ ਸਮੇਂ ਬਹੁਤ ਜ਼ਰੂਰੀ ਹੈ। ਸਾਡਾ ਆਲਾ ਦੁਆਲਾ ਤਾਂ ਉਂਜ ਹੀ ਪ੍ਰਦੂਸ਼ਣ ਗ੍ਰਸਤ ਹੈ। ਇਸ ਲਈ ਮਾਸਕ ਪਹਿਨਣਾ ਹੁਣ ਸਾਡੀ ਜੀਵਨ-ਜਾਚ ਦਾ ਹਿੱਸਾ ਬਣਨ ਜਾ ਰਿਹਾ ਹੈ। ਮਾਸਕ ਪਹਿਨਣ ਨਾਲ ਪਹਿਨਣ ਵਾਲਾ ਖੁਦ ਤਾਂ ਸੁਰੱਖਿਅਤ ਰਹਿੰਦਾ ਹੀ ਹੈ, ਦੂਸਰਿਆਂ ਨੂੰ ਵੀ ਸੁਰੱਖਿਅਤ ਰੱਖਦਾ ਹੈ। ਹੈਦਰਾਬਾਦ ਦੀ ਸੀ.ਸੀ.ਐੱਮ.ਬੀ ਪ੍ਰਯੋਗਸ਼ਾਲਾ ਦੇ 660 ਲੋਕਾਂ ਦੇ ਸਟਾਫ ਦੀ ਸਾਲ ਭਰ ਤੋਂ ਵੀ ਵੱਧ ਸਮੇਂ ਤੋਂ ਕਰੋਨਾ ਉੱਪਰ ਜਿੱਤ ਦਾ ਕਾਰਨ ਮਾਸਕ ਪਹਿਨਣ, ਸਮਾਜਿਕ ਦੂਰੀ ਰੱਖਣ ਅਤੇ ਹੱਥ ਧੋਂਦੇ ਰਹਿਣਾ ਹੀ ਹੈ। ਵਿਗਿਆਨਕ ਅਰਚਨਾ ਭਾਰਦਵਾਜ ਦਾ ਕਹਿਣਾ ਹੈ ਕਿ ਜੇ ਸਾਰੇ ਲੋਕ 15 ਦਿਨ ਸਹੀ ਤਰੀਕੇ ਨਾਲ ਮਾਸਕ ਪਹਿਨ ਲੈਣ, ਦੂਰੀ ਬਣਾ ਕੇ ਰੱਖਣ ਅਤੇ ਹੱਥਾਂ ਨੂੰ ਸੈਨੇਟਾਈਜ ਕਰਦੇ ਰਹਿਣ ਤਾਂ ਕਰੋਨਾ ਖਤਮ ਹੋ ਜਾਵੇਗਾ। ਪਰ ਜਿਵੇਂ ਲੋਕ ਹੈਲਮਟ ਦੇ ਚਲਾਨ ਤੋਂ ਬਚਣ ਲਈ ਇਸ ਨੂੰ ਬਾਂਹ ਵਿੱਚ ਲਮਕਾ ਲੈਂਦੇ ਹਨ, ਉਂਜ ਦਿਖਾਵੇ ਲਈ ਮਾਸਕ ਪਹਿਨਣਗੇ ਤਾਂ ਪਛਤਾਉਣਗੇ।
ਪਹਿਲੀ ਮਈ ਤੋਂ ਪੰਜਾਬ ਵਿੱਚ ਵੀ ਮਿੰਨੀ ਲਾਕਡਾਊਨ ਦੀ ਵਿਵਸਥਾ ਜਾਰੀ ਹੈ। ਗੁਆਂਢੀ ਪ੍ਰਾਂਤਾਂ ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੰਪੂਰਨ ਲਾਕਡਾਊਨ ਜਾਰੀ ਹੈ। ਸਥਿਤੀ ਗੰਭੀਰ ਬਣਨ ਤੋਂ ਰੋਕਣ ਲਈ ਹੀ ਸਰਕਾਰਾਂ ਅਜਿਹੇ ਉਪਾਅ ਕਰਦੀਆਂ ਹਨ। ਇਸ ਮਹਾਂਮਾਰੀ ਤੋਂ ਬਚਣ ਲਈ ਟੀਕਾਕਰਣ ਦਾ ਤੇਜ਼ੀ ਨਾਲ ਸਿਰੇ ਚਾੜ੍ਹਨਾ ਬਹੁਤ ਜ਼ਰੂਰੀ ਹੈ। ਪਹਿਲਾਂ ਸਾਡੇ ਦੇਸ਼ ਦੇ ਲੋਕ ਵੀ ਟੀਕਾਕਰਨ ਤੋਂ ਆਨਾ-ਕਾਨੀ ਕਰਦੇ ਸਨ ਪਰ ਹੁਣ ਦੇਸ਼ ਵਿੱਚ ਟੀਕਿਆਂ ਦੀ ਘਾਟ ਚਣੌਤੀ ਬਣਦੀ ਜਾ ਰਹੀ ਹੈ।
ਸਾਡੇ ਪ੍ਰਧਾਨ ਮੰਤਰੀ ਨੇ ਵਿਸ਼ਵ ਵਿੱਚ ਨਾਮ ਪੈਦਾ ਕਰਨ ਲਈ ਪਹਿਲਾਂ ਜ਼ਿਆਦਾ ਦਵਾਈ ਨਿਰਯਾਤ ਕਰ ਦਿੱਤੀ, ਹੁਣ ਆਪ ਬਾਹਰ ਵੱਲ ਦੇਖ ਰਹੇ ਹਨ। ਦੁਨੀਆਂ ਦੀ 60% ਵੈਕਸੀਨ ਭਾਰਤ ਵਿੱਚ ਬਣਦੀ ਹੈ। ਵੱਡੇ ਉਤਪਾਦਕ ਸੀਰਮ ਉਦਯੋਗ ਦੇ ਮੁੱਖ ਦਫਤਰ ਦਿੱਲੀ ਵਿੱਚ ਹਨ। ਪਰ ਹੁਣ ਐਨ ਮੌਕੇ ’ਤੇ ਸੀਰਮ ਦੇ ਸੀਈਓ ਅਦਾਰ ਪੂਨਾਵਾਲਾ ਵੱਲੋਂ ਭਾਰਤ ਵਿੱਚੋਂ ਸ਼ਿਫਟ ਕਰਕੇ ਇੰਗਲੈਂਡ ਵਿੱਚ ਚਲੇ ਜਾਣ ਦਾ ਐਲਾਨ ਚਿੰਤਾ ਦਾ ਵਿਸ਼ਾ ਹੈ। ਮਾਈਕਰੋਸਾਫਟ ਦੇ ਪਿਤਾਮਾ ਬਿੱਲ ਗੇਟਸ ਤੇ ਮੇਲਿੰਡਾ ਦਾ ਤਲਾਕ ਵੀ ਖਬਰਾਂ ਵਿੱਚ ਹੈ। ਇਸ ਨਾਲ ਵੀ ਕਰੋਨਾ ਦੇ ਟੀਕਾਕਰਣ ਦੇ ਪ੍ਰਭਾਵਤ ਹੋਣ ਦਾ ਅੰਦੇਸ਼ਾ ਹੈ ਕਿਉਂਕਿ ਇਹ ਇਸ ਖੇਤਰ ਦੇ ਵੱਡੇ ਦਾਨੀ ਵੀ ਹਨ। ਦੁਨੀਆਂ ਦੇ ਗਲੋਬਲ ਪਿੰਡ ਬਣ ਜਾਣ ਨਾਲ ਲੋੜਵੰਦਾਂ ਦੀ ਮਦਦ ਕਰਨੀ ਹਰ ਮਨੁੱਖ ਦਾ ਫਰਜ਼ ਬਣਦਾ ਹੈ। ਵਿਸ਼ਵ ਦੀ ਦੂਜੀ ਵੱਡੀ ਵਸੋਂ, ਇੱਕ ਅਰਬ 35 ਕ੍ਰੋੜ ਲੋਕਾਂ ਦਾ ਟੀਕਾ ਕਰਨ ਕਰਨਾ ਕੋਈ ਛੋਟੀ ਗੱਲ ਨਹੀਂ। ਕੋਰੋਨਾ ਦੀ ਪਹਿਲੀ ਲਹਿਰ ਸਾਡੇ ਦੇਸ਼ ਵਿੱਚ ਜ਼ਿਆਦਾ ਹਾਨੀਕਾਰਕ ਨਹੀਂ ਸੀ ਬਣੀ, ਇਸ ਲਈ ਦੂਜੀ ਲਹਿਰ ਪ੍ਰਤੀ ਸਾਡੀ ਸਰਕਾਰ ਸੰਵੇਦਨਸ਼ੀਲ ਨਹੀਂ ਰਹੀ। ਜੇ ਹੁੰਦੀ ਤਾਂ ਇਸ ਭਿਆਨਕ ਆਫਤ ਵੇਲੇ ਪੰਜ ਰਾਜਾਂ ਦੀਆਂ ਚੋਣਾਂ ਸਮੇਂ ਲੱਖਾਂ ਲੋਕਾਂ ਦੀ ਭੀੜ ਵਾਲੀਆਂ ਰੈਲੀਆਂ ਤੋਂ ਤੋਬਾ ਕੀਤੀ ਹੁੰਦੀ। ਕੁੰਭ ਵਰਗੇ ਮੇਲੇ ਰੋਕੇ ਜਾ ਸਕਦੇ ਸਨ। ਭੀੜ ਜਮ੍ਹਾਂ ਕਰਨ ਦੇ ਨਤੀਜੇ ਹੁਣ ਸਾਰਾ ਭਾਰਤ ਭੁਗਤ ਰਿਹਾ ਹੈ। ਪਰ ਕੌਣ ਕਹੇ ਰਾਣੀ ਅੱਗਾ ਢੱਕ।
ਹੁਣ ਮਿੰਨੀ ਲਾਕਡਾਊਨ ਵੇਲੇ ਹੋਰ ਤਾਂ ਭਾਵੇਂ ਸਭ ਕੁਝ ਬੰਦ ਹੈ ਪਰ ਸ਼ਰਾਬ ਦੇ ਠੇਕੇ ਸ਼ਟਰ ਬੰਦ ਹੋਣ ’ਤੇ ਵੀ ਲੋਕਾਂ ਦੀ ਲੋੜ ਪੂਰੀ ਕਰਦੇ ਰਹਿੰਦੇ ਹਨ। ਸਰਕਾਰ ਨੇ ਇਸ ਸਰੋਤ ਨੂੰ ਆਪਣੀ ਆਮਦਨ ਦਾ ਮੁੱਖ ਹਿੱਸਾ ਬਣਾਇਆ ਹੋਇਆ ਹੈ। ਸ਼ਰਾਬ ਪੀਣ ਸਬੰਧੀ ਲੋਕਾਂ ਦੇ ਆਪੋ ਆਪਣੇ ਵਿਚਾਰ ਹਨ। ਹਰ ਕੋਈ ਆਪਣੇ ਆਪ ਨੂੰ ਦਰੁਸਤ ਦੱਸਣ ਤੋਂ ਗੁਰੇਜ਼ ਨਹੀਂ ਕਰਦਾ। ਬੁੱਧੀਜੀਵੀ ਵੱਡੇ ਵੱਡੇ ਲੇਖਕਾਂ ਦੀਆਂ ਉਦਾਰਹਣਾਂ ਵੀ ਦੇਣ ਲੱਗ ਜਾਂਦੇ ਹਨ। ਕਈ ਤਾਂ ਮਰਹੂਮ ਪੱਤਰਕਾਰ ਖੁਸ਼ਵੰਤ ਸਿੰਘ ਦੇ ਵਿਸਕੀ ਪ੍ਰੇਮ ਅਤੇ ਲੰਬੀ ਉਮਰ ਦੀ ਗੱਲ ਬੜੇ ਮਾਣ ਨਾਲ ਦੁਹਰਾਉੁਦੇ ਹਨ। ਪਰ ਡਾਕਟਰ ਕੇ ਕੇ ਤਲਵਾੜ, ਕੋਵਿਡ ਰਿਵੀਊ ਕਮੇਟੀ ਦੇ ਸਲਾਹਕਾਰ ਦੇ ਹਵਾਲੇ ਨਾਲ ਚਰਚਿਤ ਖਬਰ ਨੇ ਸ਼ਰਾਬ ਦੇ ਪਿਆਕੜਾਂ ਲਈ ਚਿੰਤਾ ਪੈਦਾ ਕੀਤੀ ਹੈ। ਸ਼ਰਾਬ, ਇਮਿਊਨਿਟੀ (ਰੋਗ ਰੋਕੂ ਸਮਰੱਥਾ) ਘੱਟ ਕਰਨ ਲਈ ਜ਼ਿੰਮੇਵਾਰ ਹੈ।
ਸਾਡਾ ਪੰਜਾਬ ਤਾਂ ਉਂਜ ਵੀ ਇਸ ਤੇਰ੍ਹਵੇਂ ਰਤਨ ਦੀ ਵਰਤੋਂ ਵਿੱਚ ਮੋਹਰੀ ਸੂਬਾ ਹੈ। ਸ਼ਰਾਬ ਅਤੇ ਮੁਰਗੇ ਪੰਜਾਬੀਆਂ ਦੀ ਮਨਭਾਉਂਦੀ ਖੁਰਾਕ ਵਜੋਂ ਮਕਬੂਲ ਹਨ। ਵਿਆਹ ਸ਼ਾਦੀਆਂ ਵਿੱਚ ਇਹ ਸਟੇਟਸ ਸਿੰਬਲ ਹੁੰਦੇ ਹਨ। ਭਾਵੇਂ ਬਾਦ ਵਿੱਚ ਲੜਾਈਆਂ ਅਤੇ ਖੁਦਕੁਸ਼ੀਆਂ ਹੀ ਕਿਉਂ ਨਾ ਵਾਪਰ ਜਾਣ। ਨਸ਼ਾ ਭਾਵੇਂ ਕੋਈ ਵੀ ਹੋਵੇ, ਸਿਹਤ ਵਰਧਕ ਨਹੀਂ, ਸਿਹਤ ਦਾ ਦੁਸ਼ਮਣ ਹੀ ਹੁੰਦਾ ਹੈ। ਹੁਣ ਡਾਕਟਰ ਦੁਆਰਾ ਮੁਹਈਆ ਸੂਚਨਾ ਭਾਵੇਂ ਇਸਦੀ ਵਰਤੋਂ ਤੇ ਕੁਝ ਰੋਕ ਲਗਾਵੇ। ਉਂਜ ਹੁਣ ਤਕ ਸ਼ਰਾਬ ਦੀ ਹਰ ਬੋਤਲ ’ਤੇ ਉੱਕਰੀ ਚਿਤਾਵਨੀ ਇਸ ਨੂੰ ਕੋਈ ਠੱਲ੍ਹ ਨਹੀਂ ਸੀ ਪਾ ਸਕੀ। ਸ਼ਰਾਬ ਦਾ ਪੈੱਗ ਮੂੰਹ ਨਾਲ ਛੂੰਹਦੇ ਹੀ ਹਰ ਕੋਈ ਆਪਣੇ ਆਪ ਨੂੰ ਨਵਾਬ ਅਤੇ ਮਹਾਰਾਜਾ ਤਸਲੀਮ ਕਰਨ ਲੱਗ ਪੈਂਦਾ ਹੈ।
ਸਿਹਤ ਹੈ ਤਾਂ ਸਭ ਕੁਝ ਹੈ, ਸਿਹਤ ਨਹੀਂ ਤਾਂ ਕੁਝ ਵੀ ਨਹੀਂ। ਸਰੀਰ ਦੀ ਰੋਗ ਰੋਕੂ ਤਾਕਤ ਬਰਕਰਾਰ ਰੱਖਣ ਲਈ ਹੀ ਸਹੀ, ਜੇ ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਪੰਜਾਬੀ ਆਪਣੇ ਆਪ ਨੂੰ ਸੁਰਖਰੂ ਕਰ ਲੈਣ ਤਾਂ ਕਰੋਨਾ-ਕਾਲ ਦੀ ਮਨੁੱਖਤਾ ਨੂੰ ਇਹ ਬਿਹਤਰ ਸਿੱਖਿਆ ਹੋਵੇਗੀ।
ਚੇਤੇ ਰੱਖਣ ਵਾਲੀ ਦੂਜੀ ਮਹੱਤਵਪੂਰਨ ਗੱਲ ਡਰ ਦੀ ਭਾਵਨਾ ਤੋਂ ਬਚਣਾ ਹੈ। ਹਰ ਮੁਸ਼ਕਲ ਦਾ ਮੁਕਾਬਲਾ ਮਜ਼ਬੂਤ ਇੱਛਾ ਸ਼ਕਤੀ ਅਤੇ ਦ੍ਰਿੜ੍ਹ ਇਰਾਦੇ ਨਾਲ ਹੁੰਦਾ ਹੈ। ਡਰ ਨਾਲ ਦਹਿਸ਼ਤ ਫੈਲਦੀ ਹੈ ਅਤੇ ਮੌਤ ਦਾ ਮੁੱਢ ਬੱਝ ਜਾਂਦਾ ਹੈ। ਲਾਪ੍ਰਵਾਹੀ, ਅਗਿਆਨਤਾ ਅਤੇ ਅਫਵਾਹਾਂ ਤੋਂ ਬਚ ਕੇ ਚੌਕਸੀ ਅਤੇ ਜ਼ਿੰਦਾਦਿਲੀ ਨਾਲ ਜ਼ਿੰਦਗੀ ਜੀਊਣਾ ਹੀ ਸਮੇਂ ਦੀ ਮੁੱਖ ਲੋੜ ਹੈ। ਵੱਡੀ ਅਬਾਦੀ ਵਾਲੇ ਸਾਡੇ ਦੇਸ਼ ਵਿੱਚ ਕਰੋਨਾ ਦੇ ਟੀਕਾਕਰਣ ਦੀ ਰਫਤਾਰ ਸੁਧਾਰਨ ਦੀ ਲੋੜ ਹੈ। ਅਜੇ ਤਕ ਤੇਰਾਂ ਕਰੋੜ ਚਾਲੀ ਲੱਖ ਦੇ ਕਰੀਬ ਲੋਕਾਂ ਨੂੰ ਪਹਿਲੀ ਖੁਰਾਕ ਹੀ ਲੱਗੀ ਹੈ। ਸਾਢੇ ਤਿੰਨ ਕਰੋੜ ਲੋਕ ਦੋਵੇਂ ਖੁਰਾਕਾਂ ਲਗਵਾ ਚੁੱਕੇ ਹਨ। ਅੱਧੀ ਤੋਂ ਵੱਧ ਅਬਾਦੀ ਨੂੰ ਟੀਕੇ ਲੱਗਣ ਬਾਦ ਹੀ ਸਾਹ ਸੌਖਾ ਹੋਵੇਗਾ। ਵਿਸ਼ਵ ਸਿਹਤ ਸੰਸਥਾ ਦੀਆਂ ਹਦਾਇਤਾਂ ਅਨੁਸਾਰ ਦੇਸ਼ ਵਿੱਚ ਡਾਕਟਰਾਂ ਅਤੇ ਹੋਰ ਡਾਕਟਰੀ ਅਮਲੇ ਫੈਲੇ ਦੇ ਨਾਲ ਨਾਲ ਹਸਪਤਾਲਾਂ ਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਵੱਡੇ ਦਿਲ ਨਾਲ ਖਰਚਾ ਕਰਨਾ ਹੋਵੇਗਾ। ਬਾਹਰੋਂ ਦਾਨ ਅਤੇ ਮਦਦ ਨਾਲ ਕਦੋਂ ਤਕ ਡੰਗ ਸਾਰਦੇ ਰਹਾਂਗੇ? ਸਾਡੇ ਸੁਪਨੇ ਆਤਮ ਨਿਰਭਰ ਭਾਰਤ ਬਣਾਉਣ ਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2782)
(ਸਰੋਕਾਰ ਨਾਲ ਸੰਪਰਕ ਲਈ: