DarshanSRiar7ਯੂੁਰੀਆ ਖਾਦ, ਸਲਫਰ, ਅਰਿੰਡੀ ਦਾ ਤੇਲ ਅਤੇ ਸੇਫੋਲਾਈਟ ਵਰਗੇ ਰਸਾਇਣ ...
(6 ਨਵੰਬਰ 2020)

 

ਗੁੜ, ਜੋ ਗੰਨੇ ਦੇ ਰਸ ਨੂੰ ਕਾੜ੍ਹ ਕੇ ਬਣਾਇਆ ਜਾਂਦਾ ਹੈ, ਮਨੁੱਖ ਲਈ ਇੱਕ ਨਿਆਮਤ ਹੈਸਰਦੀ ਦੀ ਰੁੱਤ ਵਿੱਚ ਪਿੰਡਾਂ ਵਿੱਚ ਵੇਲਣੇ ਜਾਂ ਕੁਲਾੜ੍ਹੀਆਂ ਦੁਆਰਾ ਗੰਨੇ ਦੀ ਰਸ ਨਿਚੋੜ ਕੇ ਚੁੰਭੇ ਉੱਪਰ ਕੜਾਹੇ ਵਿੱਚ ਘੰਟਾ ਭਰ ਕਾੜ੍ਹੀ ਜਾਂਦੀ ਸੀ ਤੇ ਫਿਰ ਤਿਆਰ ਹੋ ਰਹੇ ਮਿੱਠੇ ਗੁੜ ਦੀ ਖੁਸ਼ਬੂ ਚੌਗਿਰਦੇ ਵਿੱਚ ਫੈਲ ਜਾਂਦੀ ਸੀ ਤੇ ਲੋਕਾਂ ਦਾ ਦਿਲ ਗੁੜ ਖਾਣ ਲਈ ਮਚਲਦਾ ਸੀਉਦੋਂ ਵੇਲਣੇ ਬਲਦਾਂ ਦੀਆਂ ਜੋੜੀਆਂ ਨਾਲ ਚੱਲਦੇ ਸਨ ਤੇ ਹੁਣ ਤਾਂ ਇਹ ਟਰੈਕਟਰਾਂ, ਇੰਜਣਾਂ ਜਾਂ ਬਿਜਲੀ ਨਾਲ ਚੱਲਣ ਲੱਗ ਪਏ ਹਨਗੁੜ ਉਂਜ ਤਾਂ ਸਾਰੇ ਭਾਰਤ ਵਿੱਚ ਹੀ ਬਣਾਇਆ ਜਾਂਦਾ ਹੈਖਜੂਰ ਤੋਂ ਵੀ ਗੁੜ ਤਿਆਰ ਹੁੰਦਾ ਹੈ ਪਰ ਜ਼ਿਆਦਾ ਗੰਨੇ ਦਾ ਗੁੜ ਹੀ ਮਸ਼ਹੂਰ ਹੈ ਉੱਤਰ ਪ੍ਰਦੇਸ਼ ਵਿੱਚ ਗੁੜ ਦੀਆਂ ਵੱਡੀਆਂ ਵੱਡੀਆਂ ਭੇਲੀਆਂ ਬਣਾਈਆਂ ਜਾਂਦੀਆਂ ਹਨ ਤੇ ਉਸ ਗੁੜ ਦਾ ਸੁਆਦ ਵੀ ਪੰਜਾਬ ਦੇ ਗੁੜ ਵਰਗਾ ਨਹੀਂ ਹੁੰਦਾਪੰਜਾਬ ਦੇ ਮਾਝੇ ਤੇ ਦੁਆਬੇ ਦੇ ਗੁੜ ਦਾ ਆਪਣਾ ਹੀ ਸੁਆਦ ਤੇ ਮਿਆਰ ਹੈਉਂਜ ਹੁਣ ਮਾਲਵੇ ਦੇ ਫਰੀਦਕੋਟ ਦੇ ਇਲਾਕੇ ਵਿੱਚ ਵੀ ਕਾਫੀ ਗੁੜ ਬਣਨ ਲੱਗ ਪਿਆ ਹੈ ਤੇ ਚੰਡੀਗੜ੍ਹ ਦੇ ਨੇੜੇ ਰੋਪੜ ਲਾਗੇ ਸੜਕ ਦੁਆਲੇ ਵੇਲਣਿਆਂ ਦੀ ਗਹਿਮਾ ਗਹਿਮੀ ਹੈ

ਪਹਿਲਾਂ ਪੰਜਾਬ ਵਿੱਚ ਪੇਂਡੂ ਕਿਸਾਨ ਵੇਲਣੇ ਚਲਾਉਂਦੇ ਸਨਕਈਆਂ ਨੇ ਖੇਤਾਂ ਵਿੱਚ ਹੀ ਕੁੱਲੀਆਂ ਬਣਾ ਕੇ ਚੁੰਭੇ ਬਣਾਏ ਹੁੰਦੇ ਸਨ ਤੇ ਕਈ ਲੋਕਾਂ ਨੇ ਪਿੰਡਾਂ ਵਿੱਚ ਹੀ ਗਡਿਆਲਾਂ ਬਣਾਈਆਂ ਹੁੰਦੀਆਂ ਸਨ ਤੇ ਸਿਆਲ ਦੀਆਂ ਠੰਢੀਆਂ ਰਾਤਾਂ ਨੂੰ ਵੇਲਣੇ ਚੱਲਦੇ ਤੇ ਗੁੜ ਦੀ ਮਿੱਠੀ ਖੁਸ਼ਬੂ ਚੌਗਿਰਦੇ ਵਿੱਚ ਫੈਲ ਜਾਂਦੀ ਸੀਹੁਣ ਪਿੰਡਾਂ ਵਿੱਚ ਵਿਰਲੇ ਟਾਂਵੇ ਕਿਸਾਨ ਹੀ ਵੇਲਣੇ ਚਲਾ ਕੇ ਗੁੜ ਬਣਾਉਂਦੇ ਹਨਬਹੁਤੇ ਕਿਸਾਨ ਮਿੱਲਾਂ ਨੂੰ ਗੰਨਾ ਵੇਚ ਕੇ ਹੀ ਆਪਣੇ ਆਪ ਨੂੰ ਸੁਰਖਰੂ ਕਰ ਲੈਂਦੇ ਹਨਹਾਂ, ਕੁਝ ਕੁ ਅਗਾਂਹਵਧੂ ਕਿਸਾਨਾਂ ਨੇ ਵਪਾਰਕ ਪੱਧਰ ’ਤੇ ਗੁੜ ਦਾ ਕੰਮ ਜ਼ਰੂਰ ਅਰੰਭਿਆ ਹੈ ਤੇ ਗੁੜ ਤੇ ਸ਼ੱਕਰ ਦੀਆਂ ਕਈ ਵੰਨਗੀਆਂ ਦਾ ਵਪਾਰ ਵੀ ਸ਼ੁਰੂ ਕੀਤਾ ਹੈਪਰ ਆਮ ਕਿਸਾਨ ਗੁੜ ਬਣਾਉਣ ਵਾਲੀ ਖੇਚਲ ਤੋਂ ਕਿਨਾਰਾ ਕਰ ਗਏ ਹਨਹੁਣ ਤਾਂ ਸਾਡੇ ਆਮ ਸ਼ਹਿਰਾਂ ਦੀਆਂ ਸੜਕਾਂ ਦੇ ਦੁਆਲੇ ਬਿਹਾਰੀ ਤੇ ਉੱਤਰ ਪ੍ਰਦੇਸ਼ ਤੋਂ ਆਏ ਵਪਾਰੀਆਂ ਨੇ ਵਪਾਰਕ ਵੇਲਣੇ ਲਗਾ ਕੇ ਗੁੜ ਦਾ ਕਾਰੋਬਾਰ ਅਰੰਭ ਲਿਆ ਹੈ ਤੇ ਸਾਈਕਲਾਂ, ਮੋਟਰ ਸਾਈਕਲਾਂ ਅਤੇ ਰੇਹੜਿਆਂ ਉੱਪਰ ਉਹਨਾਂ ਦੇ ਕਰਿੰਦੇ ਗਲੀਆਂ ਮੁਹੱਲਿਆਂ ਵਿੱਚ ਲਿਸ਼ਕਦਾ ਗੁੜ ਸਪਲਾਈ ਕਰਨ ਲੱਗ ਪਏ ਹਨ

ਗੁੜ, ਜੋ ਕਾਰਬੋਜ ਤੇ ਮਿਠਾਸ ਨਾਲ ਲੈਸ ਬਹੁਤ ਵੱਡੀ ਔਸ਼ਧੀ ਹੈ ਤੇ ਆਯੁਰਵੈਦ ਅਨੁਸਾਰ ਖੰਡ ਦੀ ਥਾਂ ਮਨੁੱਖੀ ਖੁਰਾਕ ਦਾ ਹਿੱਸਾ ਹੈ, ਇਨ੍ਹਾਂ ਵਪਾਰਕ ਲੋਕਾਂ ਨੇ ਇਸ ਵਿੱਚ ਕਈ ਤਰ੍ਹਾਂ ਦੇ ਰਸਾਇਣ ਮਿਲਾ ਕੇ ਇਸ ਨੂੰ ਜ਼ਹਿਰ ਵਿੱਚ ਤਬਦੀਲ ਕਰ ਦਿੱਤਾ ਹੈਗੁੜ ਦੇ ਕੁਦਰਤੀ ਰੰਗ ਨੂੰ ਖਿੱਚ ਵਾਲਾ ਬਣਾਉਣ ਲਈ ਕੱਪੜੇ ਰੰਗਣ ਵਾਲੇ ਜ਼ਹਿਰੀਲੇ ਰੰਗਾਂ ਦੀ ਵਰਤੋਂ ਕਰਨ ਲੱਗ ਪਏ ਹਨ ਇਹ ਲੋਕਪਿਛਲੇ ਦਿਨੀਂ ਹੁਸ਼ਿਆਰਪੁਰ ਜਿਲ੍ਹੇ ਵਿੱਚ ਕਈ ਵੇਲਣਿਆਂ ’ਤੇ ਫੂਡ ਸੇਫਟੀ ਐਕਟ ਅਧੀਨ ਮਾਹਿਰਾਂ ਦੀ ਟੀਮ ਵੱਲੋਂ ਕੀਤੇ ਰੇਡ ਨਾਲ ਕਈ ਸਨਸਨੀਖੇਜ਼ ਤੱਥ ਸਾਹਮਣੇ ਆਏ ਹਨਸ਼ੂਗਰ ਦੀ ਨਾਮੁਰਾਦ ਬੀਮਾਰੀ ਤੋਂ ਬਚਣ ਲਈ ਲੋਕ ਗੁੜ ਦੀ ਵਰਤੋਂ ਨੂੰ ਪਹਿਲ ਦੇਣ ਲੱਗੇ ਸਨਪਰ ਹੁਣ ਤਾਂ ਇਹ ਪਤਾ ਲੱਗਾ ਹੈ ਕਿ ਮਨੁੱਖਤਾ ਦੇ ਇਹ ਵਣਜਾਰੇ ਆਪਣੀਆਂ ਜੇਬਾਂ ਭਰਨ ਲਈ ਗੁੜ ਵਿੱਚ ਘਟੀਆ ਕਿਸਮ ਦੀ ਖੰਡ ਵੀ ਮਿਲਾਉਂਦੇ ਹਨਯੂੁਰੀਆ ਖਾਦ, ਸਲਫਰ, ਅਰਿੰਡੀ ਦਾ ਤੇਲ ਅਤੇ ਸੇਫੋਲਾਈਟ ਵਰਗੇ ਰਸਾਇਣ ਗੁੜ ਤਿਆਰ ਕਰਨ ਦੀ ਪ੍ਰਕ੍ਰਿਆ ਵਿੱਚ ਪਾ ਕੇ ਇਸ ਪੇਂਡੂ ਦੇਸੀ ਤੋਹਫੇ ਨੂੰ ਜ਼ਹਿਰ ਬਣਾਇਆ ਜਾ ਰਿਹਾ ਹੈਇਹ ਰਸਾਇਣ ਕੈਂਸਰ ਵਰਗੀਆਂ ਭੈੜੀਆਂ ਬੀਮਾਰੀਆਂ ਦਾ ਕਾਰਨ ਬਣਦੇ ਹਨਆਮ ਤੌਰ ’ਤੇ ਰਸ ਦੀ ਸਫਾਈ ਲਈ ਮਿੱਠਾ ਸੋਢਾ ਥੋੜ੍ਹੀ ਮਾਤਰਾ ਵਿੱਚ ਵਰਤਿਆ ਜਾਂਦਾ ਸੀ ਪਰ ਇਨ੍ਹਾਂ ਲੋਕਾਂ ਨੇ ਤਾਂ ਗੁੜ ਹੀ ਜ਼ਹਿਰੀਲਾ ਬਣਾ ਦਿੱਤਾ ਹੈਨਾ ਕੋਈ ਸਾਫ ਸਫਾਈ ਤੇ ਨਾ ਹੀ ਕਿਸੇ ਮਿਆਰ ਦਾ ਧਿਆਨ

ਮਿਲਾਵਟ, ਹੇਰਾਫੇਰੀ ਤੇ ਲਾਲਚ ਮਨੁੱਖਤਾ ਦੇ ਦੁਸ਼ਮਣਾਂ ਦੇ ਲਹੂ ਵਿੱਚ ਰਚ ਚੁੱਕੀ ਹੈਇਸ ਕੁਤਾਹੀ ਲਈ ਵੱਡੀ ਹੱਦ ਤਕ ਪ੍ਰਸ਼ਾਸਨ ਦੀ ਢਿੱਲਮੱਠ ਵੀ ਜ਼ਿੰਮੇਵਾਰ ਹੈ ਜੋ ਲੋੜ ਅਨੁਸਾਰ ਚੈਕਿੰਗ ਕਰਕੇ ਜ਼ਰੂਰੀ ਮਿਆਰ ਤੇ ਮਾਪ ਦੰਡ ਯਕੀਨੀ ਨਹੀਂ ਬਣਾਉਂਦਾਇਹ ਚੈਕਿੰਗ ਤਾਂ ਅਕਸਰ ਤਿਉਹਾਰਾਂ ਦੇ ਨੇੜੇ ਹੀ ਕੀਤੀ ਜਾਂਦੀ ਹੈ ਜਿਸ ’ਤੇ ਕਿੰਤੂ ਪ੍ਰੰਤੂ ਵੀ ਉੱਠਦੇ ਰਹਿੰਦੇ ਹਨਮਨੁੱਖੀ ਖੁਰਾਕ ਤੇ ਹੋਰ ਖਾਧ ਪਦਾਰਥਾਂ ਦੀ ਯੋਗ ਚੈਕਿੰਗ ਸਮੇਂ ਸਿਰ ਕੀਤੀ ਜਾਣੀ ਲਾਜ਼ਮੀ ਹੋਣੀ ਚਾਹੀਦੀ ਹੈਇਨ੍ਹਾਂ ਵਪਾਰਕ ਵੇਲਣਿਆਂ ਦੀ ਬਕਾਇਦਾ ਰਜਿਸਟਰੇਸ਼ਨ ਹੋਵੇ ਤੇ ਵਰਤਣ ਵਾਲੇ ਪਦਾਰਥਾਂ ਦੀ ਸੂਚੀ ਉੱਥੇ ਬੋਰਡ ’ਤੇ ਲੱਗੀ ਹੋਵੇ ਤਾਂ ਜੋ ਕੋਈ ਵੀ ਉਪਭੋਗਤਾ ਸ਼ੱਕ ਹੋਣ ’ਤੇ ਲੈਬਾਰਟਰੀ ਤੋਂ ਟੈਸਟ ਕਰਵਾ ਸਕੇਲੋੜ ਅਨੁਸਾਰ ਹਰ ਉਪਭੋਗੀ ਗੁੜ ਵਰਗੀਆਂ ਨਿਆਮਤਾਂ ਆਪਣੀ ਸਿਹਤ ਦੇ ਲਾਭ ਲਈ ਖਰੀਦਦਾ ਹੈ। ਜੇ ਉਸ ਨੂੰ ਪੈਸੇ ਦੇ ਕੇ ਸਿਹਤ ਦੀ ਬਜਾਏ ਬੀਮਾਰੀ ਤੇ ਜ਼ਹਿਰ ਮਿਲਣੀ ਹੈ ਤਾਂ ਉਸ ਖਰੀਦ ਦਾ ਕੀ ਲਾਭ? ਇਮਾਨਦਾਰੀ ਤੇ ਨੈਤਿਕਤਾ ਨੂੰ ਤਿਲਾਂਜਲੀ ਮਨੁੱਖਤਾ ਦੀ ਦੁਸ਼ਮਣ ਹੈਅਕਸਰ ਅਸੀਂ ਸਾਰੇ ਪੜ੍ਹਦੇ ਸੁਣਦੇ ਰਹਿੰਦੇ ਹਾਂ ਕਿ ਲਾਲਚ ਬੁਰੀ ਬਲਾ ਹੈ, ਫਿਰ ਵੀ ਲਾਲਚ ਸਾਰੇ ਪਾਸੇ ਪਸਰਿਆ ਹੋਇਆ ਹੈ

ਮਿਸ਼ਨ ‘ਤੰਦਰੁਸਤ ਪੰਜਾਬ’ ਬਹੁਤ ਸੋਹਣਾ ਉੱਦਮ ਹੈਇਸ ਕੋਲ ਤਾਕਤਾਂ ਵੀ ਹਨ ਤੇ ਅਮਲਾ ਫੈਲਾ ਵੀ ਹੈਇਹ ਪੰਜਾਬ ਦੇ ਲੋਕਾਂ ਦੀ ਸਿਹਤ ਦੇ ਵਾਰਸ ਵਾਂਗ ਹੈਇਸ ਮਿਸ਼ਨ ਨੂੰ ਚਾਹੀਦਾ ਹੈ ਕਿ ਸਮੂਹ ਲੋਕਾਂ ਨੂੰ ਜਾਗਰੂਕ ਵੀ ਕਰੇ ਤੇ ਵਪਾਰਕ ਅਦਾਰਿਆਂ ਨੂੰ ਹਦਾਇਤ ਵੀ ਕਰੇ ਤਾਂ ਜੋ ਮਨੁੱਖੀ ਸਿਹਤ ਨਾਲ ਕਿਸੇ ਪੱਧਰ ’ਤੇ ਵੀ ਖਿਲਵਾੜ ਤੇ ਬੇਇਨਸਾਫੀ ਨਾ ਹੋਵੇਪੱਛਮੀ ਵਿਕਸਤ ਦੇਸ਼ਾਂ ਦੇ ਕਾਨੂੰਨ ਪ੍ਰਬੰਧ ਦੀਆਂ ਅਕਸਰ ਅਸੀਂ ਸਾਰੇ ਸਿਫਤਾਂ ਕਰਦੇ ਰਹਿੰਦੇ ਹਾਂਕਾਰਨ ਸਾਫ ਹੈ ਉਹ ਲੋਕ ਇਮਾਨਦਾਰ ਤੇ ਮਿਹਨਤੀ ਹਨ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਂਦੇ ਹਨਸਾਡੇ ਦੇਸ਼ ਦੇ ਲੋਕਾਂ ਵਿੱਚੋਂ ਕੰਮ ਕਰਨ ਦਾ ਮਾਦਾ ਮਨਫੀ ਹੋ ਚੁੱਕਿਆ ਹੈ। ਲੋਕ ਕੰਮਚੋਰ ਬਣਦੇ ਜਾ ਰਹੇ ਹਨਢਿੱਲੇ ਸਰਕਾਰੀ ਕਾਨੂੰਨ ਤੇ ਭ੍ਰਿਸ਼ਟਾਚਾਰ ਸਾਰੇ ਪਵਾੜਿਆਂ ਦੀ ਜੜ੍ਹ ਹੈਹੁਣ ਤਿਉਹਾਰਾਂ ਦੀ ਰੁੱਤ ਸ਼ੁਰੂ ਹੋਣ ਜਾ ਰਹੀ ਹੈਮਠਿਆਈਆਂ ਵਾਲੀਆਂ ਦੁਕਾਨਾਂ ’ਤੇ ਉਦੋਂ ਹੀ ਮਾੜੀ ਮੋਟੀ ਚੈਕਿੰਗ ਹੋਣੀ ਹੈਇਸ ਨੂੰ ਪੱਕਾ ਕਰਕੇ ਜ਼ਿੰਦਗੀ ਦਾ ਹਿੱਸਾ ਕਿਉਂ ਨਹੀਂ ਬਣਾਇਆ ਜਾਂਦਾ ਤਾਂ ਜੋ ਹਰ ਖਾਧ ਪਦਾਰਥ ’ਤੇ ਲੱਗਾ ਲੇਬਲ ਉਸਦੀ ਬਣਾਵਟ, ਸਮਾਂ ਹੱਦ, ਗੁਣਾਂ ਤੇ ਔਗੁਣਾਂ ਦੀ ਪੂਰੀ ਤਫਸੀਲ ਪ੍ਰਗਟ ਕਰੇ ਤੇ ਖਾਣ ਤੇ ਖਰੀਦਣ ਵਾਲਾ ਉਸੇ ਅਨੁਸਾਰ ਸਤਰਕ ਹੋਵੇ

ਗੁੜ ਗੁਣਾਂ ਦੀ ਗੁਥਲੀ ਤੇ ਸਿਹਤ ਵਰਧਕ ਘਰੇਲੂ ਖੁਰਾਕ ਦੇ ਨਾਲ ਨਾਲ ਹਾਜਮੇ ਤੇ ਤਾਕਤ ਦਾ ਸੋਮਾ ਹੈਵੈਦ ਹਕੀਮ ਅਕਸਰ ਰੋਟੀ ਖਾਣ ਪਿੱਛੋਂ ਗੁੜ ਖਾਣ ਦੀ ਸਲਾਹ ਦਿੰਦੇ ਹਨਇਹ ਭੋਜਨ ਜਲਦੀ ਹਜ਼ਮ ਹੋਣ ਵਿੱਚ ਮਦਦ ਕਰਦਾ ਹੈਗੁੜ ਦੀ ਵਰਤੋਂ ਸਰੀਰ ਨੂੰ ਤਾਕਤ ਤੇ ਗਰਮੀ ਵੀ ਪੁਚਾਉਦੀ ਹੈਮਨੁੱਖੀ ਖੁਰਾਕ ਤੋਂ ਇਲਾਵਾ ਗੁੜ ਦੁਧਾਰੂ ਪਸ਼ੂਆਂ ਲਈ ਵੀ ਲਾਹੇਵੰਦ ਹੁੰਦਾ ਹੈ ਬਸ਼ਰਤੇ ਕਿ ਇਹ ਸ਼ੁੱਧ ਹੋਵੇ? ਪਿੰਡਾਂ ਵਿੱਚ ਪਹਿਲਾਂ ਲੋਕ ਗੁੜ ਨੂੰ ਦੇਸੀ ਸ਼ਰਾਬ ਬਣਾਉਣ ਲਈ ਵੀ ਵਰਤ ਲੈਂਦੇ ਸਨਗੁੜ ਤੇ ਇਸਦੀ ਦੂਜੀ ਵੰਨਗੀ ਸ਼ੱਕਰ ਦਾ ਜੋ ਜ਼ਾਇਕਾ ਪਿੰਡਾਂ ਵਾਲੇ ਲੋਕ ਚਾਵਲਾਂ ਤੇ ਪਾ ਕੇ ਖਾਣ ਨਾਲ ਲੈਂਦੇ ਸਨ ਉਸਦੀ ਰੀਸ ਅੱਜਕੱਲ ਦੇ ਰੈਸਟੋਰੈਂਟਾਂ ਵਾਲੇ ਖਾਣੇ ਵੀ ਨਹੀਂ ਕਰ ਸਕਦੇ। ਪਰਾਚੀਨ ਕਾਲ ਤੋਂ ਚੱਲਦੀ ਆ ਰਹੀ ਗੁੜ ਰੂਪੀ ਮਠਿਆਈ ਜੇ ਮਨੁੱਖਤਾ ਦੇ ਇਨ੍ਹਾਂ ਵਣਜਾਰਿਆਂ ਦੇ ਦਾਅ-ਪੇਚਾਂ ਤੋਂ ਨਾ ਬਚਾਈ ਗਈ ਤਾਂ ਇਹ ਤੋਹਫਾ ਲੋਕਾਂ ਕੋਲੋਂ ਵਿੱਸਰ ਜਾਵੇਗਾਲੋੜ ਹੈ ਇਸ ਗੁੜ ਦੇ ਗੁਣਾਂ ਨੂੰ ਸਮਝਦੇ ਹੋਏ ਇਸਦੀ ਅਸਲੀ ਹੋਂਦ ਨੂੰ ਬਚਾਉਣ ਦੀ ਭਾਵੇਂ ਕਈ ਵਪਾਰੀ ਇਸ ਵਿੱਚ ਡਰਾਈ ਫਰੂਟ ਤੇ ਮੂੰਗਫਲੀ ਆਦਿ ਮਿਲਾ ਕੇ ਇਸ ਨੂੰ ਲਭਾਉਣੀ ਦਿੱਖ ਵਾਲਾ ਬਣਾ ਕੇ ਲਾਭ ਕਮਾਉਣ ਦੀ ਤਾਕ ਵਿੱਚ ਰਹਿੰਦੇ ਹਨ ਪਰ ਇਸਦੀ ਸ਼ੁੱਧਤਾ ਦਾ ਖਿਆਲ ਰੱਖਿਆ ਜਾਣਾ ਬਹੁਤ ਜ਼ਰੂਰੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2408)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author