“ਦੇਸ਼ ਦੀ ਸੰਸਦ ਦੇ ਇੱਕ ਤਿਹਾਈ ਮੈਂਬਰ ਦੋਸ਼ੀਆਂ ਦੀ ਸੂਚੀ ਵਿੱਚ ਹਨ ਜਿਨ੍ਹਾਂ ਵਿੱਚੋਂ ...”
(8 ਮਾਰਚ 2021)
(ਸ਼ਬਦ: 1350)
8 ਮਾਰਚ ਦਾ ਦਿਨ ਜੋ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਸਰਬ ਪ੍ਰਵਾਨਤ ਹੈ, ਵਿਸ਼ਵ ਪੱਧਰ ਤੇ ਸਮੂਹ ਔਰਤ ਜਾਤੀ ਦੀ ਭਲਾਈ ਤੇ ਖੁਸ਼ਹਾਲੀ ਲਈ ਬੜੇ ਜੋਸ਼ੋਖਰੋਸ਼ ਨਾਲ ਮਨਾਇਆ ਜਾਂਦਾ ਹੈ। ਸਵੱਬ ਨਾਲ ਪੰਜਾਬ ਵਿੱਚ ਅੱਜਕੱਲ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਤੇ ਇਸ ਵਾਰ ਬਜਟ ਵੀ 8 ਮਾਰਚ ਨੂੰ ਅੰਤਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਹੀ ਪੇਸ਼ ਕਰਨ ਦਾ ਪ੍ਰੋਗਰਾਮ ਬਣਿਆ ਹੈ। ਵੇਖਣਾ ਬਣਦਾ ਹੈ ਕਿ ਪੰਜਾਬ ਸਰਕਾਰ ਇਸ ਅਹਿਮ ਦਿਨ ’ਤੇ ਔਰਤਾਂ ਲਈ ਕੀ ਸੌਗਾਤ ਲੈ ਕੇ ਆਉਂਦੀ ਹੈ। ਉਂਜ ਤਾਂ ਸੰਸਦ ਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਵੀ ਬੜੇ ਚਿਰਾਂ ਤੋਂ ਔਰਤਾਂ ਲਈ 33% ਰਾਂਖਵੇਂਕਰਣ ਦੀ ਮੰਗ ਹੋ ਰਹੀ ਹੈ ਜਿਸ ਨੂੰ ਅਜੇ ਤਕ ਬੂਰ ਨਹੀਂ ਪਿਆ। ਉਹ ਗੱਲ ਵੱਖਰੀ ਹੈ ਕਿ ਸਥਨਿਕ ਸਰਕਾਰਾਂ ਵਿੱਚ ਜ਼ਰੂਰ ਇਸ ਨੂੰ ਅਹਿਮੀਅਤ ਮਿਲੀ ਹੈ ਪਰ ਬਣਦਾ ਹੱਕ ਅਜੇ ਨਹੀਂ ਮਿਲ ਸਕਿਆ। ਸਾਡਾ ਦੇਸ਼ ਤਾਂ ਉਂਜ ਹੀ ਗੱਲ ਗੱਲ ਤੇ ਰਾਖਵੇਂਕਰਣ ਦਾ ਆਦੀ ਹੋ ਗਿਆ ਹੈ ਤੇ ਅਕਸਰ ਸਰਕਾਰਾਂ ਕੁਰਸੀ ਕਾਇਮ ਰੱਖਣ ਦੀ ਆੜ ਵਿੱਚ ਹੀ ਸਭ ਕੁਝ ਕਰਦੀਆਂ ਹਨ ਪਰ ਔਰਤਾਂ ਤੇ ਮਰਦ ਜਦੋਂ ਸਮਾਜ ਵਿੱਚ ਬਰਾਬਰ ਵਿਚਰ ਰਹੇ ਹਨ ਤਾਂ ਬਰਾਬਰਤਾ ਕਾਇਮ ਕਰਨ ਲਈ ਔਰਤਾਂ ਨੂੰ ਵੀ ਹਰ ਥਾਂ 50% ਹਿੱਸਾ ਕਿਉਂ ਨਹੀਂ?
ਖੈਰ! ਅੱਠ ਮਾਰਚ ਦੇ ਮੁਕੱਦਸ ਦਿਹਾੜੇ ਨੂੰ ਸ਼ਾਨਾਮੱਤਾ ਬਣਾਉਣਾ ਬੜਾ ਜ਼ਰੂਰੀ ਹੈ। ਰਿਸ਼ੀਆਂ ਮੁਨੀਆਂ ਤੇ ਗੁਰੂਆਂ ਪੀਰਾਂ ਦੀ ਚਰਨ ਛੋਹ ਨਾਲ ਲਬਰੇਜ਼ ਸਾਡੇ ਦੇਸ਼ ਵਿੱਚ ਔਰਤਾਂ ਦਾ ਇਤਿਹਾਸ ਵੇਖੀਏ ਤਾਂ ਇਨ੍ਹਾਂ ਨੂੰ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਗੁੱਤ ਪਿੱਛੇ ਮੱਤ ਅਤੇ ਪੈਰ ਦੀ ਜੁੱਤੀ ਵਰਗੇ ਵਿਸ਼ੇਸ਼ਣ ਸਮਾਜ ਦੇ ਇਸ ਅਹਿਮ ਅੰਗ ਨਾਲ ਜੁੜੇ ਰਹੇ ਹਨ। ਪਤੀ ਦੀ ਮੌਤ ’ਤੇ ਜਬਰੀ ਸਾੜ ਦੇਣਾ ਤੇ ਵਿਧਵਾ ਔਰਤ ਨੂੰ ਲਾਚਾਰ ਬਣਾ ਦੇਣਾ ਸਾਡੇ ਇਸ ਦੇਸ਼ ਵਿੱਚ ਹੁੰਦਾ ਰਿਹਾ ਹੈ। ਦਾਸੀ ਪ੍ਰਥਾ ਤਾਂ ਹਾਲੇ ਵੀ ਕਾਇਮ ਹੈ। ਹਾਲੇ ਥੋੜ੍ਹੀ ਦੇਰ ਪਹਿਲਾਂ ਤਕ ਵਿਚਾਰੀਆਂ ਔਰਤਾਂ ਸਿਰ ’ਤੇ ਮੈਲਾ ਢੋਣ ਦਾ ਕੰਮ ਵੀ ਕਰਦੀਆਂ ਰਹੀਆਂ ਹਨ। ਔਰਤ ਦਾ ਸਨਮਾਨ ਬਹਾਲ ਕਰਨ ਲਈ ਜੇ ਜਗਤ ਗੁਰੂ ਬਾਬਾ ਨਾਨਕ ਆਵਾਜ਼ ਉਠਾ ਕੇ - ਸੋ ਕਿਉਂ ਮੰਦਾ ਆਖੀਐ ਜਿੱਤ ਜੰਮਿਹ ਰਾਜਾਨ - ਦਾ ਮਾਣ ਨਾ ਬਖਸ਼ਦੇ ਤਾਂ ਖਬਰੇ ਹਾਲੇ ਵੀ ਇਹ ਸਥਿਤੀ ਨਾ ਸੁਧਰਦੀ। ਵਿਲੀਅਮ ਬੈਂਟਿਕ ਤੇ ਰਾਜਾ ਰਾਮ ਮੋਹਨ ਰਾਇ ਵਰਗੇ ਹੰਭਲਾ ਨਾ ਮਾਰਦੇ ਤਾਂ ਸਤੀ ਪ੍ਰਥਾ ਨੇ ਔਰਤਾਂ ਦਾ ਖਹਿੜਾ ਨਹੀਂ ਸੀ ਛੱਡਣਾ। ਦੇਰ ਆਏ ਦਰੁਸਤ ਆਏ, ਹੁਣ ਔਰਤ ਨੂੰ ਬਹੁਤ ਮਾਣ ਸਨਮਾਨ ਹਾਸਲ ਹੈ। ਹੁਣ ਉਹ ਜ਼ਿੰਦਗੀ ਦੇ ਹਰ ਖੇਤਰ ਵਿੱਚ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਹੈ।
ਬੜਾ ਚਿਰ ਔਰਤ ਦਾਜ ਦਹੇਜ਼ ਤੇ ਘਰੇਲੂ ਹਿੰਸਾ ਦਾ ਵੀ ਸ਼ਿਕਾਰ ਹੁੰਦੀ ਰਹੀ ਹੈ। ਮਾਦਾ ਭਰੂਣ ਹੱਤਿਆ ਨੇ ਸਮਾਜ ਵਿੱਚਲੇ ਔਰਤ ਮਰਦ ਅਨੁਪਾਤ ਨੂੰ ਵੀ ਬੜਾ ਖੋਰਾ ਲਾ ਛੱਡਿਆ ਸੀ। ਹੁਣ ਦਾਜ ਦਹੇਜ਼ ਦੀ ਰੋਕਥਾਮ ਲਈ ਵੀ ਕਾਨੂੰਨ ਬਣ ਚੁੱਕੇ ਹਨ ਅਤੇ ਮਾਦਾ ਭਰੂਣ ਹੱਤਿਆ ਰੋਕਣ ਲਈ ਵੀ। ਚਾਹੇ ਸਭ ਕੁਝ ਕਾਨੂੰਨਾਂ ਨਾਲ ਹੀ ਸਿਰੇ ਨਹੀਂ ਚੜ੍ਹਦਾ ਜਿੰਨਾ ਚਿਰ ਲੋਕ ਰਾਇ ਨਾਲ ਨਾ ਹੋਵੇ ਪਰ ਫਿਰ ਵੀ ਕਾਨੂੰਨ ਦੇ ਡੰਡੇ ਦੀ ਆਪਣੀ ਅਹਿਮੀਅਤ ਹੁੰਦੀ ਹੈ। ਵਿਗੜੇ ਤਿਗੜਿਆਂ ਦਾ ਡੰਡਾ ਹੀ ਪੀਰ ਹੁੰਦਾ ਹੈ। ਸਿਰ ’ਤੇ ਕੁੰਡਾ ਨਾ ਹੋਵੇ ਤਾਂ ਹਾਥੀ ਲੁੰਡਾ ਹੀ ਫਿਰਦਾ ਹੈ। ਅੱਜ ਦੀ ਔਰਤ ਪੜ੍ਹਾਈ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕਰ ਕੇ ਮਰਦ ਨੂੰ ਪਛਾੜਨ ਲੱਗ ਪਈ ਹੈ। ਸਿਹਤ ਤੇ ਸਿੱਖਿਆ ਤੋਂ ਲੈ ਕੇ ਸੁਰੱਖਿਆ ਫੌਜਾਂ ਤੇ ਪੁਲਾੜ ਤਕ ਜਾ ਪਹੁੰਚੀ ਹੈ। ਪਰ ਇਹ ਸਾਰਾ ਕੁਝ ਔਰਤ ਨੂੰ ਪਲੇਟ ਵਿੱਚ ਪਰੋਸ ਕੇ ਨਸੀਬ ਨਹੀਂ ਹੋਇਆ ਇਸ ਪ੍ਰਾਪਤੀ ਲਈ ਸਮੁੱਚੇ ਵਿਸ਼ਵ ਦੀਆਂ ਔਰਤਾਂ ਨੂੰ ਲੰਬਾ ਸੰਘਰਸ਼ ਕਰਨਾ ਪਿਆ ਹੈ। ਹੁਣ ਵਾਲੇ 8 ਮਾਰਚ ਦੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਵੀ ਬੜੇ ਲੰਬੇ ਸੰਘਰਸ਼ ਵਿੱਚੋਂ ਗੁਜ਼ਰਨਾ ਪਿਆ ਹੈ। ਇਸ ਅਹਿਮ ਸੋਚ ਪਿੱਛੇ ਰੂਸ ਦੀ ਇੱਕ ਅਣਥੱਕ ਔਰਤ ਦੀ ਬੜੀ ਵੱਡੀ ਦੇਣ ਹੈ ਜਿਸਦਾ ਨਾਮ ਹੈ ਸਰਬਰ ਮਲਕਿਆਨ।
ਸਰਬਰ ਮਲਕਿਆਨ ਦਾ ਜਨਮ ਰੂਸ ਦੇ ਬਾਰ ਸ਼ਹਿਰ ਵਿੱਚ 1 ਮਈ 1874 ਨੂੰ ਹੋਇਆ ਸੀ। ਸੰਨ 1891 ਵਿੱਚ ਉਹ ਰੂਸ ਤੋਂ ਅਮਰੀਕਾ ਪ੍ਰਵਾਸ ਕਰ ਗਈ। ਉੱਥੇ 1896 ਵਿੱਚ ਉਹ ਅਮਰੀਕਨ ਸੋਸ਼ਲਿਸਟ ਪਾਰਟੀ ਦੀ ਮੈਂਬਰ ਬਣ ਗਈ। ਅਮਰੀਕਾ ਦੀਆਂ ਔਰਤਾਂ ਆਪਣੇ ਅਧਿਕਾਰਾਂ ਪ੍ਰਤੀ ਪਹਿਲਾਂ ਹੀ ਸੁਚੇਤ ਹੋ ਚੁੱਕੀਆਂ ਸਨ। 8 ਮਾਰਚ 1857 ਵਿੱਚ ਪਹਿਲੀ ਵਾਰ ਅਮਰੀਕਾ ਦੀਆਂ ਬੁਣਕਰ ਔਰਤਾਂ ਨੇ ਕੰਮ ਦੇ ਘੰਟੇ ਘਟਾਉਣ ਅਤੇ ਬਰਾਬਰ ਸਹੂਲਤਾਂ ਲਈ ਖਾਲੀ ਪਤੀਲਾ ਜਲੂਸ ਕੱਢਿਆ। ਫਿਰ 1908 ਵਿੱਚ ਸਰਬਰ ਮਲਕਿਆਨ ਨੇ ਸਮਾਜਵਾਦੀ ਪਾਰਟੀ ਦੇ ਪ੍ਰਤੀਨਿਧ ਦੇ ਤੌਰ ’ਤੇ ਮਹਿਲਾ ਦਿਵਸ ਦਾ ਮਤਾ ਪੇਸ਼ ਕੀਤਾ ਜਿਸ ਨੂੰ ਅਪਣਾ ਕੇ 1909 ਵਿੱਚ ਅਮਰੀਕਾ ਦੀ ਸਮਾਜਵਾਦੀ ਪਾਰਟੀ ਨੇ ਪਹਿਲੀ ਵਾਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ। ਉਦੋਂ ਇਹ 28 ਫਰਵਰੀ ਨੂੰ ਮਨਾਇਆ ਗਿਆ ਸੀ ਜੋ ਬਾਦ ਵਿੱਚ 8 ਮਾਰਚ ਨੂੰ ਨਿਸ਼ਚਿਤ ਹੋ ਗਿਆ। 1910 ਵਿੱਚ ਕੋਪਨਹੈਗਨ ਵਿੱਚ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਤੋਂ ਪਹਿਲਾਂ 17 ਦੇਸ਼ਾਂ ਦੀਆਂ ਸੌ ਔਰਤਾਂ ਵੱਲੋਂ ਔਰਤਾਂ ਲਈ ਵੋਟ ਦਾ ਹੱਕ ਲੈਣ ਅਤੇ ਬਰਾਬਰਤਾ ਦੇ ਅਧਿਕਾਰ ਲਈ ਸੰਘਰਸ਼ ਦਾ ਫੈਸਲਾ ਕੀਤਾ। 19 ਮਾਰਚ 1911 ਨੂੰ ਆਸਟਰੀਆ, ਡੈਨਮਾਰਕ, ਜਰਮਨੀ ਤੇ ਸਵਿਟਜ਼ਰਲੈਂਡ ਤੋਂ 10 ਲੱਖ ਤੋਂ ਵੱਧ ਲੋਕਾਂ ਨੇ ਔਰਤਾਂ ਦੇ ਹੱਕਾਂ ਦੀ ਵਕਾਲਤ ਕੀਤੀ। ਰੂਸੀ ਔਰਤਾਂ ਨੇ 1917 ਵਿੱਚ ਪਹਿਲੇ ਵਿਸ਼ਵ ਯੁੱਧ ਤੋਂ ਬਾਦ ਰੋਟੀ ਅਤੇ ਸ਼ਾਂਤੀ ਲਈ ਹੜਤਾਲ ਕੀਤੀ। ਕੰਮ ਦੇ ਘੰਟੇ ਘੱਟ ਕਰਾਉਣ ਲਈ ਮਾਰਚ ਕੱਢਿਆ। ਇਸ ਰੋਹ ਤੇ ਵਿਰੋਧ ਕਾਰਨ ਰੂਸ ਦੇ ਸਮਰਾਟ ਨਿਕੌਲਸ ਨੂੰ ਅਸਤੀਫਾ ਦੇਣਾ ਪਿਆ। ਯੂਰਪ ਦੀਆਂ ਔਰਤਾਂ ਨੇ ਰੂਸੀ ਔਰਤਾਂ ਦੇ 28 ਫਰਵਰੀ ਦੇ ਰੋਸ ਪ੍ਰਗਟਾਵੇ ਦੇ ਸਮਰਥਨ ਵਿੱਚ 8 ਮਾਰਚ 1917 ਨੂੰ ਰੈਲੀ ਕੀਤੀ। ਫਿਰ 26 ਅਗਸਤ 1920 ਤੋਂ ਔਰਤ ਸਮਾਨਤਾ ਅਧਿਕਾਰ ਮਨਾਇਆ ਜਾਣ ਲੱਗਾ। 1965 ਤੋਂ ਰੂਸ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਛੁੱਟੀ ਦੀ ਘੋਸ਼ਣਾ ਕਰ ਦਿੱਤੀ ਗਈ।
ਚੀਨ ਵਿੱਚ ਵੀ 1922 ਤੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਅਤੇ ਸਪੈਨਿਸ਼ ਮਾਰਕਸਵਾਦੀਆਂ ਨੇ 1936 ਵਿੱਚ ਇਸ ਨੂੰ ਅਪਣਾ ਲਿਆ ਸੀ। 23 ਦਸੰਬਰ 1949 ਨੂੰ ਚੀਨ ਵਿੱਚ ਰਾਸ਼ਟਰੀ ਮਹਿਲਾ ਦਿਵਸ ਦੀ 8 ਮਾਰਚ ਦੀ ਛੁੱਟੀ ਸ਼ੁਰੂ ਹੋ ਗਈ ਸੀ। ਪਰ ਸੰਯੁਕਤ ਰਾਸ਼ਟਰ ਦੁਆਰਾ 1975 ਵਿੱਚ ਇਸ ਅਹਿਮ ਦਿਨ ਨੂੰ ਮਾਣਤਾ ਮਿਲਣ ਨਾਲ ਇਹ ਤਿਉਹਾਰ ਵਿਸ਼ਵ ਦਾ ਤਿਉਹਾਰ ਬਣ ਗਿਆ ਹੈ। ਹੁਣ ਤਾਂ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਹ ਦਿਨ ਮੇਲੇ ਵਾਂਗ ਮਨਾਇਆ ਜਾਣ ਲੱਗ ਪਿਆ ਹੈ। ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਇਸ ਦਿਨ ਔਰਤਾਂ ਦੀ ਭਲਾਈ ਤੇ ਖੁਸ਼ਹਾਲੀ ਲਈ ਵੱਧ ਤੋਂ ਵੱਧ ਪ੍ਰੋਗਰਾਮ ਪੇਸ਼ ਕਰਦੀਆਂ ਤੇ ਸੁਪਨੇ ਸਿਰਜਦੀਆਂ ਹਨ। ਸਾਡੇ ਦੇਸ਼ ਵਿੱਚ ਵੀ ਇਸ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ। ਕੇਂਦਰੀ ਸਰਕਾਰ ਨੇ - ਬੇਟੀ ਪੜ੍ਹਾਉ ਬੇਟੀ ਬਚਾਉ - ਦਾ ਨਾਅਰਾ ਦੇ ਕੇ ਔਰਤਾਂ ਪ੍ਰਤੀ ਆਪਣੀ ਸਾਰਥਿਕਤਾ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂ ਕਿ ਹਕੀਕਤ ਵਿੱਚ ਇਹ ਸਭ ਨਾਅਰਾ ਹੀ ਬਣ ਕੇ ਰਹਿ ਗਿਆ ਹੈ ਕਿਉਂਕਿ ਔਰਤਾਂ ਨਾਲ ਘਿਨਾਉਣੀਆਂ ਵਾਰਦਾਤਾਂ ਨੂੰ ਲਗਾਮ ਹੀ ਨਹੀਂ ਲੱਗ ਰਹੀ। ਆਏ ਦਿਨ ਦੇਸ਼ ਦੀ ਰਾਜਧਾਨੀ ਵਿੱਚ ਹੀ ਕਿਸੇ ਨਾ ਕਿਸੇ ਸਮੂਹਿਕ ਬਲਾਤਕਾਰ ਤੇ ਕਤਲ ਦੀਆਂ ਵਾਰਦਾਤਾਂ ਸੁਣਨ ਨੂੰ ਮਿਲਦੀਆਂ ਹਨ। ਦੇਸ਼ ਦੀ ਸੰਸਦ ਦੇ ਇੱਕ ਤਿਹਾਈ ਮੈਂਬਰ ਦੋਸ਼ੀਆਂ ਦੀ ਸੂਚੀ ਵਿੱਚ ਹਨ ਜਿਨ੍ਹਾਂ ਵਿੱਚੋਂ ਕਈਆਂ ਉੱਤੇ ਬਲਾਤਕਾਰ ਦੇ ਕੇਸਾਂ ਦਾ ਵੀ ਜ਼ਿਕਰ ਛਿੜਦਾ ਰਹਿੰਦਾ ਹੈ।
ਜਿਸ ਦੇਸ਼ ਵਿੱਚ ਮਦਰ ਟਰੇਸਾ ਵਰਗੀਆਂ ਸੰਤ ਹਸਤੀਆਂ ਵਿੱਚਰੀਆਂ ਹੋਣ, ਮਾਈ ਭਾਗੋ ਤੇ ਰਾਣੀ ਲਕਸ਼ਮੀ ਬਾਈ ਵਰਗੀਆਂ ਨਿਡਰ ਤੇ ਬਹਾਦਰ ਔਰਤਾਂ ਦਾ ਨਾਮ ਆਉਂਦਾ ਹੋਵੇ, ਮੀਰਾਂ ਬਾਈ ਵਰਗੀਆਂ ਪ੍ਰਭੂ ਭਗਤੀ ਵਿੱਚ ਲੀਨ ਆਤਮਾਵਾਂ ਵਸਦੀਆਂ ਰਹੀਆਂ ਹੋਣ, ਕਲਪਨਾ ਚਾਵਲਾ ਵਰਗੀਆਂ ਪੁਲਾੜ ਉਡਾਰਨਾਂ, ਪੀ ਟੀ ਊਸ਼ਾ ਵਰਗੀਆਂ ਉੜਨ ਪਰੀਆਂ ਨੇ ਜ਼ਿੰਦਗੀ ਵਿੱਚ ਲਾਮਿਸਾਲ ਮੁਕਾਮ ਕਾਇਮ ਕੀਤੇ ਹੋਣ ਉੱਥੇ ਔਰਤਾਂ ਨਾਲ ਨਾਇਨਸਾਫੀ ਤੇ ਘਿਨਾਉਣੀਆਂ ਵਾਰਦਾਤਾਂ ਵਾਪਰਨ, ਇਹ ਗੱਲ ਹਜ਼ਮ ਨਹੀਂ ਹੁੰਦੀ। ਵਿੱਦਿਅਕ, ਨੈਤਿਕ ਤੇ ਇਖਲਾਕੀ ਖਿਲਾਅ ਪੈਦਾ ਹੋ ਗਿਆ ਲੱਗਦਾ ਹੈ। ਲੋਕਰਾਜ ਦੌਰਾਨ ਜਦੋਂ ਲੋਕ ਵੋਟ ਦੀ ਤਾਕਤ ਨਾਲ ਆਪ ਆਪਣੀ ਸਰਕਾਰ ਚੁਣਦੇ ਹਨ ਤਾਂ ਉਸ ਚੁਣੀ ਹੋਈ ਸਰਕਾਰ ਨੂੰ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਰਬ ਪ੍ਰਮੁੱਖਤਾ ਨਾਲ ਨਿਭਾਉਣੀ ਚਾਹੀਦੀ ਹੈ। ਲੋਕਰਾਜ ਤਾਂ ਉਂਜ ਵੀ ਵਿਚਾਰ ਪ੍ਰਗਟਾਵੇ ਤੇ ਖੁੱਲ੍ਹੀ ਬਹਿਸ ’ਤੇ ਨਿਰਭਰ ਕਰਦਾ ਹੈ। ਔਰਤਾਂ ਨੂੰ ਬਰਾਬਰਤਾ ਪ੍ਰਦਾਨ ਕਰਨ ਲਈ ਸੰਸਦ ਤੇ ਰਾਜ ਵਿਧਾਨ ਸਭਾਵਾਂ ਵਿੱਚ ਵੀ ਔਰਤਾਂ ਨੂੰ ਬਰਾਬਰ ਅਨੁਪਾਤ ਵਿੱਚ ਹਿੱਸਾ ਮਿਲਣਾ ਚਾਹੀਦਾ ਹੈ ਤਾਂ ਹੀ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣਾ ਸਾਰਥਿਕ ਹੋਵੇਗਾ ਵਰਨਾ ਅੱਗਾ ਦੌੜ ਤੇ ਪਿੱਛਾ ਚੌੜ ਹੀ ਰਹੇਗਾ। ਦੇਸ਼ ਵਿੱਚ ਚੱਲ ਰਹੇ ਮੌਜੂਦਾ ਕਿਸਾਨ ਸੰਘਰਸ਼ ਜੋ ਹੁਣ ਜਨ ਸੰਘਰਸ਼ ਬਣ ਚੁੱਕਾ ਹੈ ਤੇ ਔਰਤਾਂ ਵੀ ਉਸ ਵਿੱਚ ਪੂਰੀ ਤਨਦੇਹੀ ਨਾਲ ਸ਼ਿਰਕਤ ਕਰ ਰਹੀਆਂ ਹਨ, ਨੂੰ ਖੁੱਲ੍ਹਦਿਲੀ ਨਾਲ ਵਿਚਾਰ ਕੇ ਹੱਲ ਕਰਨਾ ਚਾਹੀਦਾ ਹੈ, ਨਾ ਕਿ ਡਰ ਵਾਲਾ ਵਾਤਾਵਰਣ ਪੈਦਾ ਕਰਕੇ ਵਿਰੋਧ ਭਾਵਨਾ ਪੈਦਾ ਕੀਤੀ ਜਾਵੇ। ਅੱਜ ਦੀ ਔਰਤ ਪੈਰ ਦੀ ਜੁੱਤੀ ਨਹੀਂ ਰਹੀ। ਸਬੰਧ ਸੁਖਾਵੇਂ ਨਾ ਹੋਣ ਤਾਂ ਉਹ ਤਲਾਕ ਲੈਣ ਲਈ ਅਜ਼ਾਦ ਹੈ। ਘਰੇਲੂ ਹਿੰਸਾ ਹੋਵੇ ਤਾਂ ਉਹ ਕਾਨੂੰਨੀ ਚਾਰਾਜੋਈ ਕਰਕੇ ਵਿਰੋਧੀਆਂ ਨੂੰ ਸੁਲਾਖਾਂ ਪਿੱਛੇ ਪੁਚਾਉਣ ਲੱਗ ਪਈ ਹੈ। ਵਿਧਵਾ ਵਿਆਹ ਦੀ ਹੁਣ ਪਾਬੰਦੀ ਨਹੀਂ ਰਹੀ। ਪਰ ਸਿੱਕੇ ਦੇ ਦੋ ਪਹਿਲੂ ਹੋਣ ਵਾਂਗ ਇੱਥੇ ਵੀ ਚੰਗੇ ਦੇ ਨਾਲ ਮਾੜਾ ਵੀ ਵਾਪਰਨ ਲੱਗ ਗਿਆ ਹੈ। ਪਹਿਲਾਂ ਔਰਤ ਦੁਸ਼ਾਵਰੀ ਦਾ ਸ਼ਿਕਾਰ ਹੁੰਦੀ ਰਹੀ ਹੈ ਤੇ ਹੁਣ ਕਈ ਚਲਾਕ ਔਰਤਾਂ ਨੇ ਕਾਨੂੰਨ ਦੀ ਦੁਰਵਰਤੋਂ ਕਰਕੇ ਮਨੁੱਖ ਨੂੰ ਤੰਗ ਪ੍ਰੇਸ਼ਾਨ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਸਬਰ ਦੀ ਭਾਵਨਾ ਖਤਮ ਹੁੰਦੀ ਜਾ ਰਹੀ ਹੈ ਤੇ ਲੱਖਾਂ ਹੀ ਤਲਾਕ, ਗੁਜ਼ਾਰਾ ਭੱਤਾ ਅਤੇ ਘਰੇਲੂ ਹਿੰਸਾ ਦੇ ਕੇਸ ਅਦਾਲਤਾਂ ਦੇ ਵਿਚਾਰ ਅਧੀਨ ਹਨ। ਹਰੇਕ ਸੁਵਿਧਾ ਦੀ ਜਾਇਜ਼ ਵਰਤੋਂ ਕਰਨੀ ਚਾਹੀਦੀ ਹੈ, ਨਾਜਾਇਜ਼ ਨਹੀਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2629)
(ਸਰੋਕਾਰ ਨਾਲ ਸੰਪਰਕ ਲਈ: