“ਕੀ ਕਾਨੂੰਨ ਬਣਾਉਣ ਵਾਲੇ ਇਨ੍ਹਾਂ ਪਵਿੱਤਰ ਸਦਨਾਂ ਵਿੱਚ ਇਮਾਨਦਾਰ, ਪੜ੍ਹੇ ਲਿਖੇ, ਯੋਗ ਤੇ ਨੈਤਿਕ ਕਦਰਾਂ ...”
(26 ਜਨਵਰੀ 2022)
26 ਜਨਵਰੀ 1950 ਨੂੰ ਸਾਡਾ ਭਾਰਤ ਅੰਗਰੇਜ਼ਾਂ ਕੋਲੋਂ ਅਜ਼ਾਦ ਹੋਣ ਉਪਰੰਤ ਆਪਣੇ ਸੰਵਿਧਾਨ ਵਾਲਾ ਗਣਰਾਜ ਦੇਸ਼ ਬਣਿਆ ਸੀ। ਸਾਨੂੰ ਅਜ਼ਾਦ ਹੋਇਆ ਭਾਵੇਂ 75 ਸਾਲ ਹੋ ਗਏ ਹਨ ਪਰ ਗਣਰਾਜ ਭਾਰਤ ਇਸ ਸਾਲ ਆਪਣਾ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਹਰ ਸਾਲ 26 ਜਨਵਰੀ ਵਾਲੇ ਦਿਨ ਸਾਡੇ ਦੇਸ਼ ਦਾ ਰਾਸ਼ਟਰਪਤੀ, ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਇੰਡੀਆ ਗੇਟ ਵਿਖੇ ਸ਼ਾਨਾਮੱਤੇ ਪ੍ਰੋਗਰਾਮ ਅਧੀਨ ਦੇਸ਼ ਦੀਆਂ ਤਿੰਨਾਂ ਸੈਨਾਵਾਂ ਦੇ ਮੁੱਖੀਆਂ ਕੋਲੋਂ ਗਣਤੰਤਰ ਪਰੇਡ ਦੀ ਸਲਾਮੀ ਲੈਂਦਾ ਹੈ। ਇਹ ਸਾਰਾ ਪ੍ਰੋਗਰਾਮ ਦੇਸ਼ ਦੇ ਰਾਸ਼ਟਰਪਤੀ ਦੀ ਅਗਵਾਈ ਵਿੱਚ ਹੁੰਦਾ ਹੈ। ਦੇਸ਼ ਦੀ ਰੱਖਿਆ ਨਾਲ ਸਬੰਧਤ ਨਵੀਆਂ ਤਕਨੀਕਾਂ ਦੀ ਨੁਮਾਇਸ਼ ਹੁੰਦੀ ਹੈ। ਦੇਸ਼ ਦੇ ਸੂਰਵੀਰ ਆਪਣੇ ਜੌਹਰ ਦਿਖਾਉਂਦੇ ਹਨ। ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਦੀ ਪ੍ਰਤੀਨਿੱਧਤਾ ਕਰਦੀਆਂ ਵੱਖ ਵੱਖ ਝਾਕੀਆਂ ਵੀ ਖਿੱਚ ਦਾ ਕਾਰਨ ਬਣਦੀਆਂ ਹਨ। ਰਾਸ਼ਟਰਪਤੀ ਇਸ ਦਿਨ ਦੇਸ਼ ਦੀ ਸਰਵ ਉੱਚ ਪ੍ਰਸਿੱਧੀ ਵਾਲੇ ਸਨਮਾਨ ਨਾਲ ਯੋਗ ਵਿਅਕਤੀਆਂ ਨੂੰ ਸਨਮਾਨਤ ਵੀ ਕਰਦੇ ਹਨ। ਅਕਸਰ ਕੋਈ ਨਾ ਕੋਈ ਵਿਦੇਸ਼ੀ ਪ੍ਰਮੁੱਖ ਇਸ ਦਿਨ ਮੁੱਖ ਮਹਿਮਾਨ ਵਜੋਂ ਵੀ ਸ਼ਿਰਕਤ ਜ਼ਰੂਰ ਕਰਦਾ ਹੈ। ਕੁਲ ਮਿਲਾ ਕੇ ਸਾਰਾ ਦਿਨ ਦਾ ਇਹ ਸਿਲਸਲਾ ਬੜਾ ਗੌਰਮਮਈ ਅਤੇ ਸ਼ਾਨਾਮੱਤਾ ਹੁੰਦਾ ਹੈ।
15 ਅਗਸਤ 1947 ਨੂੰ ਅੰਗਰੇਜ਼ਾਂ ਦੀ ਲੰਬੀ ਗੁਲਾਮੀ ਤੋਂ ਭਾਰਤ ਨੂੰ ਅਜ਼ਾਦੀ ਮਿਲੀ ਸੀ ਪਰ ਨਾਲ ਦੀ ਨਾਲ ਇੱਕ ਵੱਡਾ ਦੁਖਾਂਤ ਵੀ ਵਾਪਰਿਆ ਸੀ ਜੋ ਦੇਸ਼ ਦੇ ਦੋ ਟੁਕੜੇ ਹੋ ਗਏ ਸਨ। ਘੁੱਗ ਵਸਦੇ ਤੇ ਭਾਈਚਾਰਕ ਸਾਂਝ ਵਾਲੇ, ਅਨੇਕਤਾ ਵਿੱਚ ਏਕਤਾ ਦੇ ਪ੍ਰਤੀਕ ਇੱਕ ਸੁੰਦਰ ਸੰਸਕ੍ਰਿਤੀ ਵਾਲੇ ਦੇਸ਼ ਭਾਰਤ ਵਿੱਚੋਂ ਇੱਕ ਨਵਾਂ ਦੇਸ਼ ਪਾਕਿਸਤਾਨ ਪੈਦਾ ਕਰ ਦਿੱਤਾ ਗਿਆ ਸੀ। ਇਸ ਤੋਂ ਵੀ ਵੱਡਾ ਦੁਖਾਂਤ ਪੰਜਾਬ ਅਤੇ ਬੰਗਾਲ ਦੇ ਲੋਕ ਵੀ ਦੋ ਹਿੱਸਿਆਂ ਵਿੱਚ ਵੰਡ ਦਿੱਤੇ ਗਏ ਸਨ। ਪੰਜਾਬ ਦੀ ਵੰਡ ਕਾਰਨ 10 ਲੱਖ ਬੇਗੁਨਾਹਾਂ ਦਾ ਖੂਨ ਵੀ ਇਸ ਅਜ਼ਾਦੀ ਦਾ ਗਵਾਹ ਬਣਿਆ ਸੀ। ਲੰਬੇ ਸੰਘਰਸ਼ ਅਤੇ ਬੇਮਿਸਾਲ ਕੁਰਬਾਨੀਆਂ ਦੇ ਬਾਦ ਉਸ ਵੇਲੇ ਦੇ ਸਰਕਾਰੀ ਕੰਟਰੋਲ ਦੀ ਬਦਲੀ ਦੇ ਨਾਲ ਨਾਲ ਇਹ ਵੱਡੀ ਪ੍ਰਾਪਤੀ ਸੀ। ਇਨ੍ਹਾਂ ਦੋਹਾਂ ਦੇਸ਼ਾਂ ਦਰਮਿਆਨ ਹੁਣ ਤਕ ਤਿੰਨ ਵੱਡੀਆਂ ਜੰਗਾਂ ਵੀ ਲੜੀਆਂ ਗਈਆਂ ਹਨ ਅਤੇ ਇੱਕ ਠੰਢੀ ਜੰਗ ਹਾਲੇ ਵੀ ਧੁਖਦੀ ਰਹਿੰਦੀ ਹੈ। ਉਸ ਸਮੇਂ ਦੇਸ਼ ਦੀ ਕੁਲ ਅਬਾਦੀ ਭਾਵੇਂ ਮਹਿਜ਼ 32-33 ਕਰੋੜ ਹੀ ਸੀ ਪਰ ਹੁਣ ਇਸਦੇ ਮੂਹਰੇ ਇੱਕ ਏਕਾ ਹੋਰ ਵੀ ਜੁੜ ਗਿਆ ਹੈ। ਵਿਸ਼ਵ ਦੇ ਵਿਕਸਤ ਦੇਸ਼ ਆਸਟਰੇਲੀਆ ਜਿੰਨੀ ਅਬਾਦੀ ਹੁਣ ਵੀ ਸਾਡੇ ਦੇਸ਼ ਵਿੱਚ ਹਰ ਸਾਲ ਹੋਰ ਪੈਦਾ ਹੋ ਜਾਂਦੀ ਹੈ। ਪਰ ਸੀਮਿਤ ਸਾਧਨ ਹੋਰ ਛੋਟੇ ਭਾਵ ਘਟਦੇ ਜਾਂਦੇ ਹਨ।
ਇਨ੍ਹਾਂ ਸਾਲਾਂ ਦੌਰਾਨ ਹੋਈਆਂ ਪ੍ਰਾਪਤੀਆਂ ਦੀ ਸੂਚੀ ਭਾਵੇਂ ਕਾਫੀ ਲੰਬੀ ਹੈ ਤੇ ਦੇਸ਼ ਨੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਬਹੁਤ ਤਰੱਕੀ ਵੀ ਕੀਤੀ ਹੈ, ਸੜਕਾਂ ਦਾ ਜਾਲ ਵਿਛਾਇਆ ਹੈ ਆਵਾਜਾਈ ਦੇ ਸਾਧਨ ਵਿਕਸਤ ਕੀਤੇ ਹਨ। ਸਕੂਲ, ਕਾਲਜ ਅਤੇ ਹਸਪਤਾਲ ਵੀ ਬਹੁਤ ਬਣੇ ਹਨ। ਦੇਸ਼ ਪ੍ਰਮਾਣੂ ਸ਼ਕਤੀ ਵੀ ਬਣ ਗਿਆ ਹੈ। ਪੁਲਾੜ ਵਿੱਚ ਵਾਹਨ ਅਤੇ ਰਾਕਟ ਭੇਜਣ ਦੇ ਸਮਰੱਥ ਵੀ ਹੋ ਗਿਆ ਹੈ। ਰੱਖਿਆ ਖੇਤਰ ਵਿੱਚ ਵੀ ਹੈਰਾਨਕੁਨ ਪ੍ਰਾਪਤੀਆਂ ਕੀਤੀਆਂ ਹਨ। ਦੂਜੇ ਗ੍ਰਿਹਾਂ ਭਾਵ ਚੰਦਰਮਾ ਤਕ ਪਹੁੰਚ ਕਰਨ ਵਿੱਚ ਵੀ ਦੇਸ਼ ਅਹਿਮ ਰੋਲ ਅਦਾ ਕਰ ਰਿਹਾ ਹੈ। ਇਸਰੋ ਵਰਗੀ ਦੇਸ਼ ਦੀ ਮਹਾਨ ਸੰਸਥਾ ਹੁਣ ਦੂਜੇ ਦੇਸ਼ਾਂ ਦੇ ਰਾਕਟ ਲਾਂਚ ਕਰਨ ਵਿੱਚ ਵੀ ਦਿਲਚਸਪੀ ਲੈ ਰਹੀ ਹੈ। ਕੋਵਿਡ-19 ਨਾਂ ਦੀ ਮਹਾਂਮਾਰੀ ਤੋਂ ਬਚਾ ਲਈ ਦਵਾਈ ਵਿਕਸਤ ਕਰਨ ਵਿੱਚ ਭਾਰਤ ਦੇ ਵਿਗਿਆਨੀਆਂ ਨੇ ਵੀ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਕੋਲੇ ਅਤੇ ਡੀਜ਼ਲ ਦੀ ਥਾਂ ਹੁਣ ਭਾਰਤ ਵਿੱਚ ਬਿਜਲਈ ਟਰੇਨਾਂ ਚੱਲ ਰਹੀਆਂ ਹਨ। ਸੂਰਜੀ ਊਰਜਾ ਦੀ ਵਰਤੋਂ ਵੀ ਵੱਡੇ ਪੈਮਾਨੇ ਤੇ ਸ਼ੁਰੂ ਹੋ ਰਹੀ ਹੈ। ਸੂਰਜੀ ਊਰਜਾ ਦਾ ਮਹੱਤਵਪੂਰਨ ਭੰਡਾਰ ਕਰਨ ਅਤੇ ਵਰਤਣ ਲਈ ਭਾਰਤ ਦਾ ਭਵਿੱਖ ਕਾਫੀ ਉੱਜਲ ਨਜ਼ਰ ਆਉਂਦਾ ਹੈ। ਪਰ ਇੰਨਾ ਕੁਝ ਹੁੰਦੇ ਹੋਏ ਵੀ ਅੱਜ ਦੇ ਆਧੁਨਿਕ ਸੁਖ ਸਹੂਲਤਾਂ ਅਤੇ ਤਕਨੀਕ ਦੀ ਗੱਲ ਕਰੀਏ ਤਾਂ ਅਸੀਂ ਵਿਸ਼ਵ ਤੋਂ ਬਹੁਤ ਪਿੱਛੇ ਨਜ਼ਰ ਆਉਂਦੇ ਹਾਂ। ਇਜਰਾਈਲ ਵਰਗਾ ਇੱਕ ਛੋਟਾ ਜਿਹਾ ਦੇਸ਼ ਸਾਡੇ ਨਾਲ ਹੀ ਅਜ਼ਾਦ ਹੋ ਕੇ ਸਾਥੋਂ ਕਿਤੇ ਅੱਗੇ ਨਿਕਲ ਕੇ ਵਿਸ਼ਵ ਦਾ ਰਾਹ ਦਸੇਰਾ ਬਣ ਬੈਠਾ ਹੈ।
75 ਸਾਲਾਂ ਦਾ ਅਜ਼ਾਦੀ ਦਾ ਸਫਰ ਕੋਈ ਥੋੜ੍ਹਾ ਨਹੀਂ ਹੁੰਦਾ। ਇੰਨੀਆਂ ਲੰਬੇ ਸਮੇਂ ਵਿੱਚ ਵੱਡਾ ਇਨਕਲਾਬ ਆ ਜਾਣਾ ਚਾਹੀਦਾ ਸੀ। ਪਰ ਗੁਰਬਤ ਅਤੇ ਭੁੱਖਮਰੀ ਨੇ ਅਜੇ ਵੀ ਸਾਡਾ ਪਿੱਛਾ ਨਹੀਂ ਛੱਡਿਆ। ਭੁੱਖਮਰੀ ਅਤੇ ਕੁਪੋਸ਼ਣ ਦੇ ਪੱਖ ਵਿੱਚ ਸਾਡੇ ਦੇਸ਼ ਦੀ ਹਾਲਤ ਬਹੁਤ ਨਿੱਘਰੀ ਹੋਈ ਹੈ। ਸ੍ਰੀ ਲੰਕਾ ਅਤੇ ਬੰਗਲਾ ਦੇਸ਼ ਵਰਗੇ ਦੇਸ਼ ਵੀ ਸਾਥੋਂ ਅੱਗੇ ਨਿੱਕਲ ਗਏ ਹਨ। ਅਨਪੜ੍ਹਤਾ ਹੁਣ ਤਕ ਸਾਡੇ ਦੇਸ਼ ਵਿੱਚੋਂ ਖਤਮ ਹੋ ਜਾਣੀ ਚਾਹੀਦੀ ਸੀ ਤੇ ਦੇਸ਼ ਪੂਰਨ ਰੂਪ ਵਿੱਚ ਸਾਖਰ ਹੋ ਜਾਣਾ ਚਾਹੀਦਾ ਸੀ ਪਰ ਅਜੇ ਵੀ ਇਹ ਅੰਕੜਾ 74-75% ਦੇ ਨੇੜੇ ਹੀ ਘੁੰਮਦਾ ਹੈ। ਜੇ ਕੇਰਲਾ ਵਰਗੇ ਪ੍ਰਾਂਤ ਪੂਰਨ ਸਾਖਰ ਹੋ ਵੀ ਗਏ ਹਨ ਤਾਂ ਬਿਹਾਰ ਅਤੇ ਉੱਤਰ ਪ੍ਰਦੇਸ਼ ਸਾਰੀ ਕਸਰ ਕੱਢ ਦਿੰਦੇ ਹਨ। ਡਾਕਟਰੀ ਸਹੂਲਤਾਂ ਵਿਸ਼ਵ ਦੇ ਪ੍ਰਮੁੱਖ ਦੇਸ਼ਾਂ ਦੇ ਨੇੜੇ ਤੇੜੇ ਵੀ ਨਹੀਂ ਢੁਕਦੀਆਂ। ਸਾਲ 2020 ਦੌਰਾਨ ਜਦੋਂ ਕਰੋਨਾ ਮਹਾਂਮਾਰੀ ਦੌਰਾਨ ਵਿਸ਼ਵ ਅੰਦਰ ਲੌਕਡਾਊਨ ਹੋਇਆ ਸੀ ਤਾਂ ਭਾਰਤਵਰਸ਼ ਵਿੱਚ ਹਸਪਤਾਲਾਂ ਦੀ ਬਜਾਏ ਸੜਕਾਂ ਉੱਪਰ ਹੀ ਮਰੀਜ਼ਾਂ ਦੇ ਮਰਨ ਦੀਆਂ ਸਨਸਨੀਖੇਜ਼ ਖਬਰਾਂ ਪ੍ਰਕਾਸ਼ਿਤ ਹੋਈਆਂ ਸਨ। ਗੰਗਾ ਵਰਗੇ ਪਵਿੱਤਰ ਮੰਨੇ ਗਏ ਦਰਿਆ ਵਿੱਚ ਅਣਗਿਣਤ ਮਨੁੱਖੀ ਲਾਸ਼ਾਂ ਦੇ ਰੁੜ੍ਹਨ ਦੀ ਚਰਚਾ ਹੋਈ ਸੀ। ਐਂਬੂਲੈਂਸ ਦੀ ਥਾਂ ਮੋਢੇ ’ਤੇ ਕਈ ਕਿਲੋਮੀਟਰ ਤਕ ਲਿਜਾਈ ਗਈ ਲਾਸ਼ ਇੱਕ ਅਗਾਂਹ ਵਧੂ ਦੌਰ ਵਿੱਚ ਕੀ ਇਸ਼ਾਰਾ ਕਰਦੀ ਹੈ?
ਬੇਰੋਜ਼ਗਾਰੀ ਸਾਡੇ ਦੇਸ਼ ਵਿੱਚ ਸਭ ਹੱਦਾਂ ਬੰਨੇ ਟੱਪ ਗਈ ਹੈ। ਇਸ ਬੇਰੋਜ਼ਗਾਰੀ ਦਾ ਹੀ ਸਿੱਟਾ ਹੈ ਕਿ ਇਕੱਲੇ ਪੰਜਾਬ ਵਿੱਚੋਂ ਹੀ ਹਰ ਸਾਲ 1.5 ਲੱਖ ਨੌਜਵਾਨ ਵਿਦਿਆਰਥੀ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਵਰਗੇ ਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਹਨ। ਇੱਥੇ ਦੇ ਸਕੂਲ ਅਤੇ ਕਾਲਜ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਘਾਟ ਕਾਰਨ ਬੰਦ ਹੋ ਰਹੇ ਹਨ। ਦੇਸ਼ ਦਾ ਸਰਮਾਇਆ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ ਹੈ। ਜੇ ਇੱਥੇ ਹੀ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਤਾਂ ਨੌਜਵਾਨ ਬਾਹਰ ਜਾਣ ਲਈ ਕਿਉਂ ਮਜਬੂਰ ਹੋਣ? ਅਬਾਦੀ ਦਾ ਵਿਸਫੋਟ ਸਭ ਤੋਂ ਵੱਡੀ ਮੁਸ਼ਕਲ ਪੈਦਾ ਕਰ ਰਿਹਾ ਹੈ। ਪਰ ਵੋਟ ਬੈਂਕ ਖੁਰ ਜਾਣ ਦੇ ਡਰ ਤੋਂ ਸਰਕਾਰਾਂ ਇਸ ’ਤੇ ਯੋਗ ਰੋਕ ਲਾਉਣ ਤੋਂ ਆਨਾਕਾਨੀ ਕਰ ਰਹੀਆਂ ਹਨ। ਲਿਹਾਜ਼ਾ ਦੇਸ਼ ਦੀ 40 ਕਰੋੜ ਅਬਾਦੀ ਗਰੀਬੀ ਰੇਖਾ ਤੋਂ ਵੀ ਥੱਲੇ ਦਾ ਜੀਵਨ ਬਸਰ ਕਰ ਰਹੀ ਹੈ। 80 ਕਰੋੜ ਲੋਕ ਸਸਤੇ ਭੋਜਨ ਦੀ ਸਹੂਲਤ ਲੈ ਰਹੇ ਹਨ। ਫਿਰ ਵੀ ਕੁਪੋਸ਼ਣ ਦੇਸ਼ ਦਾ ਮੂੰਹ ਚਿੜਾ ਰਿਹਾ ਹੈ। ਸਕੂਲਾਂ ਵਿੱਚ ਮਿੱਡ ਡੇਅ ਮੀਲ ਦੀ ਸਹੂਲਤ ਨਾਲ ਕੁਪੋਸ਼ਣ ਨੂੰ ਦੂਰ ਕਰਨ ਵਿੱਚ ਮਦਦ ਜ਼ਰੂਰ ਮਿਲੀ ਹੈ ਪਰ ਉੱਥੋਂ ਪੜ੍ਹਾਈ ਦਾ ਪੱਤਾ ਸਾਫ ਹੋ ਗਿਆ ਹੈ। ਖਾਣਪੀਣ ਦਾ ਸਿਲਸਿਲਾ ਹੀ ਸਾਰਾ ਸਮਾਂ ਲੈ ਜਾਂਦਾ ਹੈ।
ਭ੍ਰਿਸ਼ਟਾਚਾਰ ਦਾ ਹੁਣ ਸਾਡੇ ਦੇਸ਼ ਨਾਲ ਚੋਲੀ ਦਾਮਨ ਦਾ ਸਾਥ ਬਣ ਗਿਆ ਹੈ। ਇਮਾਨਦਾਰੀ ਤਾਂ ਕਿੱਧਰੇ ਅਲੋਪ ਹੀ ਹੋ ਕੇ ਰਹਿ ਗਈ ਹੈ। ਇਮਾਨਦਾਰੀ ਅਤੇ ਨੈਤਿਕਤਾ ਸਮਾਜ ਦੀਆਂ ਮੁਢਲੀਆਂ ਲੋੜਾਂ ਹਨ। ਰਿਸ਼ੀਆਂ ਮੁਨੀਆਂ ਅਤੇ ਗੁਰੂਆਂ ਪੀਰਾਂ ਦੇ ਦੇਸ਼ ਲਈ ਤਾਂ ਇਸਦੀ ਹੋਰ ਵੀ ਅਹਿਮੀਅਤ ਬਣ ਜਾਂਦੀ ਹੈ। ਪੰਜਾਬ ਵਾਸਤੇ ਤਾਂ ਉਂਜ ਵੀ ਇਹ ਧਾਰਨਾ ਬਣੀ ਹੋਈ ਹੈ ਕਿ ਪੰਜਾਬ ਜਿਊਂਦਾ ਗੁਰਾਂ ਦੇ ਨਾਮ ’ਤੇ। ਇੱਥੇ ਤਾਂ ਹੁਣ ਹੋਰ ਹੀ ਨਵੇਂ ਤਰ੍ਹਾਂ ਦੇ ਕਲਚਰ ਪੈਦਾ ਹੋ ਗਏ ਹਨ। ਵੱਖ ਵੱਖ ਕਿਸਮ ਦੇ ਮਾਫੀਆ ਤੇ ਗੈਂਗਸਟਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕੀਮਤਾਂ ਤੇ ਕੋਈ ਸਰਕਾਰੀ ਕੰਟਰੋਲ ਨਾਂ ਦੀ ਚੀਜ਼ ਹੀ ਨਜ਼ਰ ਨਹੀਂ ਆਉਂਦੀ। ਮਹਿੰਗਾਈ ਨੇ ਲੋਕਾਂ ਦਾ ਕਚੂਮਰ ਕੱਢਿਆ ਹੋਇਆ ਹੈ। ਨਸ਼ੇ, ਖੁਦਕੁਸ਼ੀਆਂ ਤੇ ਲੁੱਟ ਖਸੁੱਟ ਨੇ ਨੈਤਿਕਤਾ ਨੂੰ ਵੱਡੀ ਢਾਹ ਲਾਈ ਹੈ। ਦੇਸ਼ ਦੇ ਕਿਸਾਨ ਮਜ਼ਦੂਰਾਂ ਨੂੰ ਪਿਛਲੇ ਸਾਲ ਭਰ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਸ਼ਾਂਤਮਈ ਸੰਘਰਸ਼ ਲਈ ਮਜਬੂਰ ਹੋਣਾ ਪਿਆ। ਅਚਾਨਕ 19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਨੇ ਐਲਾਨ ਕਰ ਕੇ ਉਹਨਾਂ ਦੀ ਇੱਕ ਮੁੱਖ ਮੰਗ ਤਾਂ ਮੰਨ ਲਈ ਸੀ। ਨਤੀਜੇ ਵਜੋਂ ਕਿਸਾਨ ਸੰਗਠਨਾਂ ਨੇ ਆਪਣਾ ਸੰਘਰਸ਼ ਵੀ ਮੁਲਤਵੀ ਕਰ ਦਿੱਤਾ ਸੀ ਪਰ ਇਸ ਅਰਸੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਕੇਂਦਰੀ ਸਰਕਾਰ ਨੇ ਕੋਈ ਸਹੂਲਤ ਤਾਂ ਕੀ ਦੇਣੀ ਸੀ ਸ਼ਰਧਾਂਜਲੀ ਵੀ ਨਹੀਂ ਦਿੱਤੀ।
ਹੁਣ ਦੇਸ਼ ਦੇ ਪੰਜ ਰਾਜਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਕਰੋਨਾ ਦੀ ਤੀਜੀ ਲਹਿਰ ਦੀ ਚਰਚਾ ਵੀ ਜ਼ੋਰਾਂ ’ਤੇ ਹੈ। ਹਾਲ ਦੀ ਘੜੀ ਚੋਣ ਕਮਿਸ਼ਨ ਨੇ ਚੋਣ ਪ੍ਰਚਾਰ ਉੱਪਰ ਕਰੋਨਾ ਕਾਰਨ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਾਈਆਂ ਹੋਈਆਂ ਹਨ। ਵੱਖ ਵੱਖ ਰਾਜਨੀਤਕ ਪਾਰਟੀਆਂ ਆਪਣੇ ਉਮੀਦਵਾਰ ਘੋਸ਼ਿਤ ਕਰ ਰਹੀਆਂ ਹਨ। ਗੁਣਾਂ ਨਾਲੋਂ ਕਿਸੇ ਵੀ ਤਰ੍ਹਾਂ ਨਾਲ ਜਿੱਤਣ ਵਾਲੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਪਹਿਲਾਂ ਹੀ ਦੇਸ਼ ਦੀ ਲੋਕ ਸਭਾ ਲਈ ਚੁਣੇ ਗਏ ਮੈਂਬਰਾਂ ਵਿੱਚ ਵੱਡੀ ਗਿਣਤੀ ਵਿੱਚ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦਾ ਚੁਣਿਆ ਜਾਣਾ ਚਰਚਾ ਵਿੱਚ ਰਿਹਾ ਹੈ। ਹੁਣ ਫਿਰ ਉਹੋ ਜਿਹੇ ਉਮੀਦਵਾਰ ਚੋਣਾਂ ਵਿੱਚ ਹਿੱਸਾ ਲੈ ਰਹੇ ਹਨ। ਹਾਲਾਂਕਿ ਦੇਸ਼ ਦੀ ਸਰਵਉੱਚ ਅਦਾਲਤ ਨੇ ਇਸ ਸਬੰਧ ਵਿੱਚ ਕੁਝ ਸਖਤ ਟਿੱਪਣੀਆਂ ਵੀ ਕੀਤੀਆਂ ਹਨ। ਪਰ ਰਾਜਨੀਤਕ ਪਾਰਟੀਆਂ ਹਾਲੇ ਕੋਈ ਸਬਕ ਨਹੀਂ ਸਿੱਖ ਰਹੀਆਂ। ਦਲਬਦਲੀ ਵੀ ਸਿੱਖਰਾਂ ’ਤੇ ਹੈ। ਨੇਤਾ ਲੋਕ ਹਰ ਹੀਲੇ ਚੋਣ ਜਿੱਤ ਕੇ ਵਿਧਾਇਕ ਬਣਨ ਦੇ ਸੁਪਨੇ ਸਿਰਜ ਰਹੇ ਹਨ। ਕੀ ਕਾਨੂੰਨ ਬਣਾਉਣ ਵਾਲੇ ਇਨ੍ਹਾਂ ਪਵਿੱਤਰ ਸਦਨਾਂ ਵਿੱਚ ਇਮਾਨਦਾਰ, ਪੜ੍ਹੇ ਲਿਖੇ, ਯੋਗ ਤੇ ਨੈਤਿਕ ਕਦਰਾਂ ਕੀਮਤਾਂ ਵਾਲੇ ਉਮੀਦਵਾਰ ਹੀ ਜਾਣੇ ਚਾਹੀਦੇ ਹਨ ਜਾਂ ਅਪਰਾਧਿਕ ਪਿੱਠ-ਭੂਮੀ ਵਾਲੇ ਵੀ? ਵਿਧਾਨ ਸਭਾਵਾਂ ਵਿੱਚ ਅਤੇ ਲੋਕ ਸਭਾ ਵਿੱਚ ਬੈਠਣ ਵਾਲਿਆਂ ਨੇ ਆਪਣੀਆਂ ਤਨਖਾਹਾਂ ਭੱਤੇ ਅਤੇ ਪੈਨਸ਼ਨਾਂ ਤਾਂ ਕਾਇਮ ਰੱਖੀਆਂ ਹਨ ਪਰ ਉਮਰ ਭਰ ਸਰਕਾਰੀ ਅਦਾਰਿਆਂ ਵਿੱਚ ਸੇਵਾ ਕਰਨ ਵਾਲੇ ਕਰਮਚਾਰੀਆਂ ਨੂੰ 2004 ਤੋਂ ਪੈਨਸ਼ਨ ਬੰਦ ਕਰ ਦਿੱਤੀ ਹੈ। ਕਲਿਆਣਕਾਰੀ ਸਰਕਾਰ ਨੂੰ ਇਹ ਵੀ ਤਾਂ ਸੋਭਾ ਨਹੀਂ ਦਿੰਦਾ। ਗਣਤੰਤਰ ਦਿਵਸ ਦੇ ਇਸ ਸ਼ੁਭ ਮੌਕੇ ’ਤੇ ਆਸ ਕਰਨੀ ਬਣਦੀ ਹੈ ਕਿ ਭਵਿੱਖ ਵਿੱਚ ਦੇਸ਼ ਦੀ ਕਲਿਆਣਕਾਰੀ ਸਰਕਾਰ ਲੋਕਾਂ ਦੇ ਕਲਿਆਣ ਲਈ ਖਰੀ ਉੱਤਰਨ ਦੀ ਚੇਸ਼ਟਾ ਕਰੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3309)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)