“ਨਵਾਂ ਸਾਲ ਫਿਰ ਲੋਕ ਸਭਾ ਦੀਆਂ ਚੋਣਾਂ ਨਾਲ ਚੋਣਾਂ ਦਾ ਸਾਲ ਬਣ ਕੇ ...”
(31 ਦਸੰਬਰ 2018)
ਪਹਿਲੀ ਜਨਵਰੀ 2018 ਨੂੰ ਬੜੇ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋਇਆ ਸਾਲ ਆਪਣੀ ਅਉਧ ਹੰਡਾ ਕੇ ਇਤਿਹਾਸ ਦਾ ਹਿੱਸਾ ਬਣਨ ਜਾ ਰਿਹਾ ਹੈ ਅਤੇ ਉਸਦੀ ਖਾਲੀ ਕੀਤੀ ਥਾਂ ਭਰਨ ਲਈ 2019 ਪੂਰੇ ਚਾਵਾਂ ਨਾਲ ਆਪਣੀ ਮੰਜ਼ਿਲ ਸਰ ਕਰਨ ਲਈ ਅੱਗੇ ਵਧ ਰਿਹਾ ਹੈ। ਇਹ ਕੁਦਰਤ ਦਾ ਅਸੂਲ ਹੈ ਕਿ ਇੱਥੇ ਜੋ ਵੀ ਆਉਂਦਾ ਹੈ, ਉਸਨੂੰ ਇੱਕ ਦਿਨ ਜਾਣਾ ਹੀ ਪੈਂਦਾ ਹੈ। ਪਸ਼ੂ ਪੰਛੀ, ਜੀਵ ਪੌਦੇ ਤੇ ਮਨੁੱਖ, ਜੋ ਵੀ ਕੁਛ ਇਸ ਬ੍ਰਹਿਮੰਡ ਵਿੱਚ ਹੈ ਸਭ ਦਾ ਇਹੀ ਦਸਤੂਰ ਹੈ। ਹਰ ਸਾਲ ਦਾ ਆਪਣਾ ਆਪਣਾ ਵਜੂਦ ਹੁੰਦਾ ਹੈ ਤੇ ਉਸ ਵਿੱਚ ਵੱਖ ਵੱਖ ਘਟਨਾਵਾਂ ਵਾਪਰਦੀਆਂ ਹਨ। ਕੁਦਰਤੀ ਘਟਨਾਵਾਂ ਤੋਂ ਬਿਨਾਂ ਰਾਜਨੀਤਕ, ਸਮਾਜਿਕ ਤੇ ਧਾਰਮਿਕ ਘਟਨਾਵਾਂ ਅਕਸਰ ਮਨੁੱਖੀ ਕਾਰ ਵਿਹਾਰ ਤੋਂ ਪ੍ਰਭਾਵਤ ਹੁੰਦੀਆਂ ਹਨ। ਮਨੁੱਖ ਕਿਉਂਕਿ ਸਮਾਜਿਕ ਜੀਵ ਹੈ ਜਿਸ ਨੂੰ ਮਨੁੱਖੀ ਮਨ ਦੇ ਲਾਲਚਾਂ ਤੇ ਲੋੜਾਂ ਨਾਲ ਵੀ ਦੋ ਚਾਰ ਹੋਣਾ ਪੈਂਦਾ ਹੈ, ਇਸ ਲਈ ਥੋੜ੍ਹੀ ਬਹੁਤੀ ਵਾਧ ਘਾਟ ਵੀ ਹੋ ਜਾਂਦੀ ਹੈ। ਮਨੁੱਖ ਗਲਤੀਆਂ ਦਾ ਪੁਤਲਾ ਹੋਣ ਦਾ ਭਰਮ ਪਾਲ ਕੇ ਅਕਸਰ ਇਨ੍ਹਾਂ ਊਣਤਾਈਆਂ ਤੋਂ ਸੁਰਖਰੂ ਹੋਣ ਦਾ ਯਤਨ ਕਰਦਾ ਹੈ। ਪਰ ਜਦੋਂ ਗਲਤੀਆਂ ਉਹਨੇ ਜਾਣ ਬੁੱਝ ਕੇ ਕਿਸੇ ਸਵਾਰਥ ਜਾਂ ਲਾਲਚ ਅਨੂਸਾਰ ਕੀਤੀਆਂ ਹੋਣ, ਉਦੋਂ ਮੁਆਫੀ ਵਾਲਾ ਬਹਾਨਾ ਲੋਕਾਂ ਦੇ ਗਲੋਂ ਨਹੀਂ ਉੱਤਰਦਾ।
ਪਹਿਲੇ ਸਾਲਾਂ ਵਾਂਗ ਹੀ ਇਸ ਸਾਲ ਦੇ ਕੰਮਾਂ ਅਤੇ ਘਟਨਾਵਾਂ ਦੀ ਸੂਚੀ ਵੀ ਲੰਬੀ ਤੇ ਖੁਸ਼ੀਆਂ ਤੇ ਗਮੀਆਂ ਭਰਪੂਰ ਹੈ। ਆਰਥਿਕ ਪਾੜੇ ਦਾ ਗਰਾਫ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਰੁਜ਼ਗਾਰ ਦੇ ਸਾਧਨਾਂ ਦੀ ਕਮੀ, ਵਾਤਾਵਰਣ ਦਾ ਵਧਦਾ ਪ੍ਰਦੂਸ਼ਣ, ਅਨੂਸ਼ਾਸਨ ਦੀ ਅਣਹੋਂਦ, ਭ੍ਰਿਸ਼ਟਾਚਾਰ ਦਾ ਵਾਧਾ, ਗਰੀਬੀ ਤੇ ਅਨਪੜ੍ਹਤਾ, ਨਿਰੰਤਰ ਵਧਦੀਆਂ ਬੀਮਾਰੀਆਂ ਤੇ ਨਿੱਘਰਦੀਆਂ ਸਿਹਤ ਸਹੂਲਤਾਂ ਭਾਵੇਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਦਾ ਮੁੱਖ ਹਿੱਸਾ ਹੁੰਦੀਆਂ ਹਨ ਪਰ ਤਾਕਤ ਦਾ ਸਿੰਘਾਸਨ ਮਿਲਦਿਆਂ ਹੀ ਇਹ ਸਭ ਉਹਨਾਂ ਦੇ ਚੇਤੇ ਵਿੱਚੋਂ ਮਨਫੀ ਹੋ ਜਾਂਦਾ ਹੈ। ਸਾਲ 2014 ਵਿਚ ਕੇਂਦਰ ਵਿਚ ਨਰਿੰਦਰ ਮੋਦੀ ਜੀ ਦੀ ਪ੍ਰਧਾਨਗੀ ਵਿੱਚ ਬਣੀ ਭਾਜਪਾ ਸਰਕਾਰ ਦੇ ਅੱਛੇ ਦਿਨਾਂ ਦਾ ਇੰਤਜ਼ਾਰ ਇਸ ਸਾਲ ਵਿੱਚ ਵੀ ਲੋਕਾਂ ਲਈ ਮ੍ਰਿਗ ਤ੍ਰਿਸ਼ਨਾ ਹੀ ਬਣਿਆ ਰਿਹਾ। ਸਗੋਂ ਡੀਜ਼ਲ ਤੇ ਪੈਟਰੋਲ ਦੇ ਵਧਦੇ ਮੁੱਲ ਨੇ ਲੋਕਾਂ ਦੀ ਭੂਤਨੀ ਹੀ ਭੁਲਾ ਛੱਡੀ। ਦੇਸ਼ ਭਰ ਵਿੱਚ ਕਿਸਾਨ ਖੁਦਕੁਸ਼ੀਆਂ ਤੇ ਕਰਜ਼ੇ ਦੇ ਬੋਝ ਦਾ ਰੌਲਾ ਗੌਲਾ ਨਿਰੰਤਰ ਜਾਰੀ ਰਿਹਾ। ਚਾਰ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਹਾਰਾਂ ਨਾਲ ਗ੍ਰਸਤ ਕਾਂਗਰਸ ਪਾਰਟੀ ਲਈ ਇਹ ਸਾਲ ਵੱਡੀ ਰਾਹਤ ਲੈ ਕੇ ਆਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੇਂ ਲਗਾਤਾਰ ਕਾਂਗਰਸ ਮੁਕਤ ਭਾਰਤ ਦੇ ਸੋਹਿਲੇ ਗਾ ਰਹੇ ਸਨ ਪਰ ਇਸ ਸਾਲ ਨੇ ਪਹਿਲਾਂ ਕਰਨਾਟਕ ਵਿੱਚ ਤੇ ਹੁਣ ਆਖਰੀ ਮਹੀਨੇ ਮੱਧ ਪ੍ਰਦੇਸ਼, ਛਤੀਸ਼ਗੜ੍ਹ ਤੇ ਰਾਜਸਥਾਨ ਵਿੱਚ ਕਾਂਗਰਸ ਦੀਆਂ ਸਰਕਾਰਾਂ ਬਣਾ ਕੇ ਭਾਜਪਾ ਨੂੰ ਤਕੜਾ ਝਟਕਾ ਦਿੱਤਾ ਹੈ। ਲੋਕਰਾਜ ਦੀ ਇਹ ਵਿਡੰਬਨਾ ਹੈ ਕਿ ਚਾਹੇ ਦੇਰ ਨਾਲ ਹੀ ਸਹੀ ਇਹ ਲੋਕਾਂ ਨੂੰ ਅਸਲੀਅਤ ਤੋਂ ਜਾਣੂ ਕਰਵਾ ਹੀ ਦਿੰਦਾ ਹੈ।
ਉਂਜ ਸਾਡੇ ਦੇਸ਼ ਦੇ ਸਿਆਸੀ ਧਨੰਤਰ ਅਜੀਬ ਜਿਹੀ ਸੋਚ ਦੇ ਧਾਰਨੀ ਬਣਦੇ ਜਾ ਰਹੇ ਹਨ। ਉਹਨਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਲੋਕ ਤਾਂ ਬੁੱਧੂ ਹਨ, ਇਨ੍ਹਾਂ ਨੂੰ ਜਿਵੇਂ ਚਾਹੋ ਮੂਰਖ ਬਣਾਇਆ ਜਾ ਸਕਦਾ ਹੈ। ਅਸਲ ਵਿੱਚ ਇਨ੍ਹਾਂ ਲੋਕਾਂ ਨੇ ਤਾਂ ਲੋਕਤੰਤਰ ਦੀ ਪ੍ਰੀਭਾਸ਼ਾ ਹੀ ਤੋੜਨੀ ਮਰੋੜਨੀ ਸ਼ੁਰੂ ਕਰ ਦਿੱਤੀ ਸੀ। ਲੋਕ ਤਾਂ ਹੁਣ ਕੇਵਲ ਵੋਟਾਂ ਪਾ ਕੇ ਸਰਕਾਰ ਚੁਣਨ ਵਾਲੇ ਹੀ ਰਹਿ ਗਏ ਸਨ। ‘ਲੋਕਾਂ ਲਈ ਤੇ ਲੋਕਾਂ ਦੀ ਸਰਕਾਰ’ ਤਾਂ ਉਹਨਾਂ ਲਈ ਸੁਪਨਾ ਹੀ ਬਣਦੀ ਜਾ ਰਹੀ ਸੀ। ਰਾਜਨੀਤਕ ਨੇਤਾਵਾਂ ਨੇ ਲੋਕਾਂ ਨੂੰ ਮੁਫਤ ਦਾ ਲਾਲਚ ਦੇ ਕੇ ਉਹਨਾਂ ਦੀ ਅਜ਼ਾਦ ਸੋਚ ਨੂੰ ਹੀ ਘੁਣ ਲਗਾ ਦਿੱਤਾ ਹੈ ਤੇ ਰਾਜਨੀਤਕ ਲੀਡਰਾਂ ਵੱਲ ਵੇਖਣਾ ਤੇ ਉਹਨਾਂ ’ਤੇ ਨਿਰਭਰ ਕਰਨਾ ਉਹਨਾਂ ਦੀ ਸੋਚ ਦਾ ਹਿੱਸਾ ਬਣ ਗਿਆ ਹੈ। ਇਹ ਸੋਚ ਲੋਕਤੰਤਰ ਲਈ ਖਤਰੇ ਦੀ ਘੰਟੀ ਹੈ।
ਸਾਲ 2018 ਦੌਰਾਨ ਪੰਜਾਬ, ਦੇਸ਼ ਅਤੇ ਵਿਸ਼ਵ ਭਰ ਵਿੱਚ ਬੜੀਆਂ ਅਹਿਮ ਘਟਨਾਵਾਂ ਵਾਪਰੀਆਂ ਸਨ। ਵਿਸ਼ਵ ਦੀ ਗੱਲ ਕਰੀਏ ਤਾਂ ਉੱਤਰੀ ਕੋਰੀਆ ਦੇ ਰਾਸ਼ਟਰਪਤੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਦਰਮਿਆਨ ਸ਼ਬਦਾਂ ਦੀ ਤਿੱਖੀ ਜੰਗ ਨੇ ਲੋਕਾਂ ਨੂੰ ਭੈਭੀਤ ਕਰ ਦਿੱਤਾ ਸੀ। ਇੱਕ ਵੇਲਾ ਤਾਂ ਅਜਿਹਾ ਆ ਗਿਆ ਲਗਦਾ ਸੀ ਕਿ ਜੰਗ ਛਿੜੀ ਕਿ ਛਿੜੀ ਪਰ ਹੋਲੀ ਹੌਲੀ ਇਹ ਮੁਸੀਬਤ ਟਲ ਹੀ ਗਈ। ਆਈ ਐੱਸ ਆਈ ਐੱਸ ਵਰਗੀਆਂ ਹੋਰ ਅਤਿਵਾਦੀ ਜਥੇਬੰਦੀਆਂ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਤਾਂ ਨਿਰੰਤਰ ਚੱਲਦੀਆਂ ਹੀ ਰਹਿੰਦੀਆਂ ਨੇ। ਏਸੇ ਤਰਾ੍ਹ ਲੱਖ ਯਤਨਾਂ ਦੇ ਬਾਵਜੂਦ ਭਾਰਤ ਪਾਕਿਸਤਾਨ ਦੇ ਬਾਰਡਰ ’ਤੇ ਵੀ ਸ਼ਾਂਤੀ ਕਾਇਮ ਨਹੀਂ ਹੋ ਸਕੀ, ਜੋ ਚਿੰਤਾ ਦਾ ਵਿਸ਼ਾ ਹੈ। ਪਰ ਹਿੰਦ ਪਾਕਿ ਦਰਮਿਆਨ ਇਸ ਸਾਲ ਇੱਕ ਗੱਲ ਜਰੂਰ ਚੰਗੀ ਵਾਪਰੀ ਹੈ ਕਿ ਦੋਹਾਂ ਦੇਸ਼ਾਂ ਨੇ ਸਰਹੱਦ ’ਤੇ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਲਈ ਸਾਰਥਿਕ ਕਦਮ ਚੁੱਕੇ ਹਨ ਤੇ ਨੀਂਹ ਪੱਥਰ ਵੀ ਰੱਖ ਦਿੱਤਾ ਹੈ। ਭਾਂਵੇ ਕਿ ਹਾਲੇ ਵੀ ਕਈ ਬੇਵਿਸ਼ਵਾਸ਼ੀ ਵਾਲੇ ਬਿਆਨ ਦੋਹਾਂ ਪਾਸਿਆਂ ਤੋਂ ਹੀ ਗਾਹੇ ਬਗਾਹੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਨਾਲ ਇਸ ਲਾਂਘੇ ਦਾ ਮਸਲਾ ਫਿਰ ਤਾਰਪੀਡੋ ਹੋਣ ਦਾ ਡਰ ਬਣ ਜਾਂਦਾ ਹੈ। ਆਸ ਕਰਨੀ ਬਣਦੀ ਹੈ ਕਿ ਜਗਤ ਗੁਰੂ ਬਾਬਾ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਦੇ ਮੁਬਾਰਕ ਮੌਕੇ ਇਹ ਲਾਂਘਾ ਮਨੁੱਖਤਾ ਲਈ ਸਕੂਨ ਲੈ ਕਿ ਆਵੇ। ਜੇ ਇਹ ਉਦਮ ਸਿਰੇ ਚੜ੍ਹ ਜਾਂਦਾ ਹੈ ਤਾਂ ਇਸ ਪਵਿੱਤਰ ਕੰਮ ਦਾ ਸਿਹਰਾ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਨਾਲ ਉਸ ਦੇ ਭਾਰਤੀ ਦੋਸਤ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਹੈ।
ਅਸਹਿਣਸ਼ੀਲਤਾ ਦੀਆਂ ਖਬਰਾਂ ਗਾਹੇ ਬਗਾਹੇ ਭਾਰਤ ਦੇ ਕਿਸੇ ਨਾ ਕਿਸੇ ਕੋਨੇ ਤੋਂ ਆਉਂਦੀਆਂ ਹੀ ਰਹਿੰਦੀਆਂ ਹਨ। ਪਹਿਲਾਂ ਆਮਿਰ ਖਾਨ ਦੇ ਬਿਆਨ ਨੇ ਤਰਥੱਲੀ ਮਚਾਈ ਸੀ, ਹੁਣ ਨਸੀਰੂਦੀਨ ਸ਼ਾਹ ਦੇ ਬਿਆਨ ਨੇ ਪਾਰਾ ਫਿਰ ਗਰਮਾ ਦਿੱਤਾ ਹੈ। ਸਾਰੇ ਲੋਕ ਭਲੀਭਾਂਤ ਜਾਣਦੇ ਹਨ ਕਿ ਸਾਡੇ ਦੇਸ਼ ਦਾ ਮੁੱਖ ਕਰੈਕਟਰ ਵਿਭਿੰਨਤਾ ਵਿੱਚ ਏਕਤਾ ਹੈ। ਧਰਮ, ਜਾਤੀਆਂ ਜਾਂ ਫਿਰਕੇ ਸਭ ਇਨਸਾਨੀਅਤ ਤੋਂ ਪਿੱਛੋਂ ਆਉਂਦੇ ਹਨ। ਭਗਵਾਕਰਣ, ਹਿੰਦੂਤਵ ਜਾਂ ਫਿਰ ਦੇਵੀ ਦੇਵਤਿਆਂ ਨੂੰ ਜਾਤਾਂ-ਪਾਤਾਂ ਦੇ ਖਲਜਗਣ ਵਿੱਚ ਘਸੋੜਨਾ ਚੰਗੇ ਇਨਸਾਨਾਂ ਜਾਂ ਦਿਮਾਗਾਂ ਦੀ ਉਪਜ ਨਹੀਂ ਹੈ। ਮਨੁੱਖਤਾ ਦਾ ਅਸਲ ਮਕਸਦ ਤਾਂ ਪ੍ਰੇਮ ਪਿਆਰ ਨਾਲ ਰਹਿਣਾ, ਜ਼ਿੰਦਗੀ ਬਸਰ ਕਰਨਾ ਤੇ ਭਾਈਚਾਰਾ ਵਧਾਉਣਾ ਹੈ ਨਾ ਕਿ ਇਸ ਵਿੱਚ ਵੰਡੀਆਂ ਪਾਉਣਾ? ਕੋਈ ਵੀ ਧਰਮ ਨਫਰਤ ਫੈਲਾਉਣ ਦੀ ਸਿੱਖਿਆ ਨਹੀਂ ਦਿੰਦਾ। ਇਸ ਸਾਲ ਵਿੱਚ ਏਕਤਾ ਦੇ ਨਾਮ ’ਤੇ ਸਿਆਸੀ ਰੋਟੀਆਂ ਸੇਕਣ ਲਈ ਵਿਸ਼ਵ ਭਰ ਵਿੱਚ ਸੱਭ ਤੋਂ ਉੱਚਾ ਸਰਦਾਰ ਪਟੇਲ ਦਾ ਬੁੱਤ ਬਣਾ ਕੇ ਕਰੋੜਾਂ ਰੁਪਏ ਬੇਕਾਰ ਕਰ ਦਿੱਤੇ ਗਏ ਜਦੋਂ ਕਿ ਬੇਰੁਜ਼ਗਾਰੀ, ਗਰੀਬੀ ਅਨਪੜ੍ਹਤਾ ਤੇ ਭੁੱਖਮਰੀ ਹਾਲੇ ਸਾਡਾ ਸਭ ਦਾ ਮੂੰਹ ਚਿੜਾਉਂਦੇ ਹਨ। ਅਜਿਹੇ ਬੁੱਤ ਉਦੋਂ ਸ਼ੋਭਾ ਦਿੰਦੇ ਹਨ ਜਦੋਂ ਮਨੁੱਖਤਾ ਨੂੰ ਦਰਪੇਸ਼ ਜ਼ਰੂਰੀ ਲੋੜਾਂ ਦੀ ਪੂਰਤੀ ਹੋ ਜਾਵੇ।
ਰਾਜਨੀਤੀ ਪੜ੍ਹੇ ਲਿਖੇ ਯੋਗ ਵਿਅਕਤੀਆਂ ਦਾ ਖੇਤਰ ਹੈ। ਪਰ ਸਾਡੇ ਦੇਸ਼ ਵਿੱਚ ਤਾਂ ਸੀਟਾਂ ਦੀ ਗਿਣਤੀ ਪੂਰੀ ਕਰਨ ਲਈ ਚੋਣ ਜਿੱਤਣ ਵਾਲੇ ਚਿਹਰੇ ਲੱਭੇ ਜਾਂਦੇ ਹਨ, ਚਾਹੇ ਉਹ ਅਨਪੜ੍ਹ ਹੋਣ, ਸਾਧੂ ਹੋਣ ਜਾਂ ਫਿਰ ਜੁਰਮਾਂ ਵਿੱਚ ਘਿਰੇ ਹੋਣ। ਅਜਿਹਾ ਵਤੀਰਾ ਨਾ ਤਾਂ ਦੇਸ਼ ਦੇ ਹਿਤ ਵਿੱਚ ਹੈ ਤੇ ਨਾ ਹੀ ਲੋਕਤੰਤਰ ਦੇ ਹਿਤ ਵਿੱਚ। ਬੇਸਮਝ ਲੋਕ ਬਿਆਨ ਜਾਰੀ ਕਰਨ ਲੱਗੇ ਵੀ ਕੁਝ ਨਹੀਂ ਸੋਚਦੇ, ਮਜ਼ਾਕ ਤੇ ਨਫਰਤ ਦੇ ਪਾਤਰ ਬਣ ਬਹਿੰਦੇ ਹਨ। ਇਸ ਸਾਲ ਚਿਰਾਂ ਤੋਂ ਪ੍ਰਚਲਤ ਕੁਝ ਸ਼ਹਿਰਾਂ ਦੇ ਨਾਮ ਬਦਲ ਕੇ ਇਲਾਹਾਬਾਦ ਨੂੰ ਪ੍ਰਯਾਗਰਾਜ ਬਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮੁਗਲਸਰਾਏ ਦਾ ਨਾਮ ਵੀ ਬਦਲ ਦਿੱਤਾ ਗਿਆ ਹੈ। ਇੰਜ ਹੀ ਪਹਿਲਾਂ ਬੰਬਈ ਨੂੰ ਮੁੰਬਈ ਬਣਾਇਆ ਗਿਆ ਸੀ ਤੇ ਮਦਰਾਸ ਨੂੰ ਚੇਨਈ। ਇਤਿਹਾਸਕ ਛੇੜਛਾੜ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ। ਇਸ ਸਾਲ ਰਫੇਲ ਜਹਾਜ਼ਾਂ ਦੀ ਖਰੀਦ ਦਾ ਮਸਲਾ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਆਸ ਕਰਨੀ ਬਣਦੀ ਹੈ ਕਿ ਇਹ ਮਸਲਾ ਵੀ ਮਿਲ ਬੈਠ ਕੇ ਹੱਲ ਹੋ ਜਾਵੇ।
ਪੰਜਾਬ ਦੇ ਸਿਆਸੀ ਮੁਹਾਜ਼ ਵਿੱਚ ਨਵੀਂ ਉੱਭਰੀ ਆਮ ਆਦਮੀ ਪਾਰਟੀ ਵਿੱਚ ਇਸ ਸਾਲ ਫਿਰ ਭੁਚਾਲ ਆ ਗਿਆ ਹੈ। ਅਚਾਨਕ ਵਿਰੋਧੀ ਪਾਰਟੀ ਦੇ ਲੀਡਰ ਦੀ ਤਬਦੀਲੀ ਉਪਰੰਤ ਸਮੀਕਰਣ ਇਸਕਦਰ ਬਦਲੇ ਹਨ ਕਿ ਜੇ ਕੋਈ ਸਮਝੌਤਾ ਨਾ ਹੋਇਆ ਤਾਂ ਇਸ ਪਾਰਟੀ ਕੋਲੋਂ ਵਿਰੋਧੀ ਧਿਰ ਦਾ ਅਹੁਦਾ ਵੀ ਖੁਸ ਸਕਦਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਿਲਾਂ ਵੀ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਉਹਨਾਂ ਦੇ ਰਾਜ ਵਿੱਚ ਹੋਈਆਂ ਧਾਰਮਿਕ ਬੇਅਦਬੀਆਂ ਉਹਨਾਂ ਦਾ ਖਹਿੜਾ ਨਹੀਂ ਛੱਡ ਰਹੀਆਂ। ਪਾਰਟੀ ਵਿੱਚ ਦੱਬੀਆਂ ਹੋਈਆਂ ਅਵਾਜ਼ਾਂ ਨੇ ਬਾਹਰ ਆ ਕੇ ਵੱਖਰਾ ਟਕਸਾਲੀ ਅਕਾਲੀ ਦਲ ਬਣਾ ਲਿਆ ਹੈ। ਇਸ ਪਾਰਟੀ ਦੀ ਕਾਰਗੁਜ਼ਾਰੀ ਦਾ ਪਤਾ ਤਾਂ ਬਾਦ ਵਿਚ ਲੱਗੇਗਾ ਹਾਲ ਦੀ ਘੜੀ ਤਾਂ ਰਾਜਸੀ ਖਿੱਚੋਤਾਣ ਜਾਰੀ ਹੈ। ਜਿਲਾ ਪੀਸ਼ਦਾਂ ਦੀਆਂ ਚੋਣਾਂ ਤੋਂ ਬਾਦ ਹੁਣ ਪੰਚਾਇਤੀ ਚੋਣਾਂ ਦੇ ਰੌਲੇਗੌਲੇ ਨੇ ਠੰਡ ਵਿੱਚ ਵੀ ਮਹੌਲ ਨੂੰ ਗਰਮ ਕੀਤਾ ਹੋਇਆ ਹੈ। ਪਤਾ ਨਹੀਂ ਲੋਕ ਸਰਬਸੰਤੀ ਵੱਲ ਜ਼ਿਆਦਾ ਪ੍ਰੇਰਿਤ ਕਿਉਂ ਨਹੀਂ ਹੁੰਦੇ। ਆਖਰ ਚੌਧਰ ਦਾ ਭੂਤ ਲੋਕਾਂ ਦੇ ਸਿਰੋਂ ਕਦੋਂ ਉੱਤਰੇਗਾ? ਦਰਅਸਲ ‘ਮਾਇਆ ਮਮਤਾ ਮੋਹਿਣੀ’ ਵੱਡੀ ਬੀਮਾਰੀ ਹੈ, ਇਹ ਨਾ ਤਾਂ ਕਿਸੇ ਦੀ ਬਣੀ ਹੈ ਤੇ ਨਾਂ ਹੀ ਬਣਨੀ ਹੈ। ਹਰੇਕ ਨੂੰ ਇਹ ਵੀ ਪਤਾ ਹੈ ਕਿ ਇਹਨੇ ਕਿਸੇ ਦੇ ਨਾਲ ਨਹੀਂ ਜਾਣਾ ਫਿਰ ਵੀ ਲੋਕ ਮਨਾਂ ਵਿੱਚੋਂ ਇਹਦਾ ਲਾਲਚ ਨਹੀਂ ਜਾਂਦਾ।
ਸਾਲ 2018 ਦੀ ਇਹ ਵੀ ਖਾਸੀਅਤ ਰਹੀ ਹੈ ਕਿ ਇਸ ਦੌਰਾਨ ਬੜੀਆਂ ਨਾਮੀ ਗਰਾਮੀ ਹਸਤੀਆਂ ਜਿਨ੍ਹਾਂ ਵਿੱਚ ਉਦਯੋਗਪਤੀਆਂ ਦੇ ਬੱਚੇ ਤੇ ਸੈਲੀਬਰਿਟੀ ਵੀ ਸਨ, ਇਸ ਸਾਲ ਦੌਰਾਨ ਗ੍ਰਹਸਤ ਮਾਰਗ ਵਿੱਚ ਪ੍ਰਵੇਸ਼ ਕਰ ਗਏ ਹਨ। ਸਭ ਤੋਂ ਪਹਿਲਾਂ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਦਾ ਵਿਆਹ ਫਿਲਮੀ ਹੀਰੋਇਨ ਅਨੂਸ਼ਕਾ ਸ਼ਰਮਾ ਨਾਲ ਹੋਇਆ ਜਿਹੜਾ ਕਾਫੀ ਦੇਰ ਸੁਰਖੀਆਂ ਵਿੱਚ ਰਿਹਾ ਸੀ। ਫੇਰ ਦੀਪਿਕਾ ਪਾਦੁਕੋਣ ਵੀ ਆਪਣੇ ਪਰੇਮੀ ਰਣਬੀਰ ਸਿੰਘ ਨਾਲ ਵਿਆਹ ਬੰਧਨ ਵਿੱਚ ਬੱਝ ਗਈ। ਹੁਣ ਤਾਜਾ ਤਾਜਾ ਵਿਆਹ ਕਪਿਲ ਸ਼ਰਮਾ ਕਮੇਡੀਅਨ ਦਾ ਜਲੰਧਰ ਵਿਖੇ ਗਿਨੀ ਚਤਰਥ ਨਾਲ ਬੜੀ ਧੂਮ ਧਾਮ ਨਾਲ ਹੋਇਆ ਹੈ। ਇਸ ਤੋਂ ਕੁਝ ਹੀ ਦਿਨ ਪਹਿਲਾਂ ਮੁਕੇਸ਼ ਅੰਬਾਨੀ ਦੀ ਬੇਟੀ ਵੀ ਵਿਆਹ ਬੰਧਨ ਵਿੱਚ ਬੱਝੀ ਹੈ ਜਿਸ ਵਿੱਚ ਵਿਦੇਸ਼ੀ ਮਹਿਮਾਨ ਖਾਸਕਰ ਹਿਲੇਰੀ ਕਲਿੰਟਨ ਦਾ ਸ਼ਿਰਕਤ ਕਰਨਾ ਸੁਰਖੀਆਂ ਵਿੱਚ ਰਿਹਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਇੱਕ ਪਾਸੇ ਤਾਂ ਇਹ ਅਮੀਰ ਘਰਾਣਿਆਂ ਦੇ ਬੇਟੇ ਬੇਟੀਆਂ ਦੇ ਵਿਆਹ ਹਨ, ਜਿੱਥੇ ਕਰੋੜਾਂ ਰੁਪਏ ਖਰਚ ਹੁੰਦੇ ਹਨ, ਵਿਦੇਸ਼ੀ ਮਹਿਮਾਨ ਸ਼ਾਮਲ ਹੁੰਦੇ ਹਨ ਤੇ ਵਿਆਹਾਂ ਦੀ ਰੀਸੈਪਸ਼ਨ ਤੱਕ ਵਿਦੇਸ਼ਾਂ ਵਿੱਚ ਸੰਪਨ ਹੁੰਦੀ ਹੈ ਤੇ ਦੂਜੇ ਪਾਸੇ ਇਸ ਹੀ ਦੇਸ਼ ਵਿੱਚ ਅਣਗਿਣਤ ਲੋਕਾਂ ਦੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਬੀਮਾਰੀਆਂ ਦੀ ਭੇਟ ਚੜ੍ਹ ਜਾਂਦੇ ਹਨ। ਫਿਰ ਇੱਕ ਹੀ ਦੇਸ਼ ਦੇ ਲੋਕਾਂ ਲਈ ਹੀਣਭਾਵਨਾ ਤੋਂ ਬਚਣ ਲਈ ਅਨੂਸ਼ਾਸਨ ਨਾਂ ਦੀ ਤਾਂ ਕੋਈ ਚੀਜ਼ ਨਾ ਹੋਈ?
ਖੈਰ! ਇਹ ਦੁਨੀਆਂ ਬੜੀ ਅਜੀਬ ਹੈ। ਇੱਥੇ ਕਦੋਂ ਕੀ ਹੋ ਜਾਏ, ਕੁਛ ਪਤਾ ਨਹੀਂ ਚੱਲਦਾ। ਇਸ ਸਾਲ ਦੇ ਆਖਰੀ ਮਹੀਨੇ ਇੱਕ ਹੋਰ ਮਹੱਤਵਪੂਰਨ ਘਟਨਾ ਵੀ ਵਾਪਰੀ ਹੈ। 34 ਸਾਲ ਦੇ ਲੰਬੇ ਅਰਸੇ ਬਾਦ ਇਸ ਸਾਲ 1984 ਦੰਗਿਆਂ ਦੇ ਕੁਝ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਹਨ। ਪਹਿਲਾਂ ਕੁਝ ਦੋਸ਼ੀਆਂ ਨੂੰ ਮੌਤ ਤੇ ਉਮਰ ਕੈਦ ਦੀ ਸਜ਼ਾ ਹੋਈ ਸੀ, ਹੁਣ ਲੋਕਾਂ ਦੀਆਂ ਅੱਖਾਂ ਵਿੱਚ ਰੜਕਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਕਾਨੂੰਨ ਨੇ ਆਪਣੀ ਹੋਂਦ ਦਰਸਾ ਦਿੱਤੀ ਹੇ ਤੇ ਇਹ ਸਪਸ਼ਟ ਕੀਤਾ ਹੈ ਕਿ ਨਿਆਂ ਵਿੱਚ ਦੇਰ ਜ਼ਰੂਰ ਹੋਈ ਹੈ, ਅੰਧੇਰ ਨਹੀਂ ਹੋਇਆ। ਕਾਨੂੰਨ ਤੇ ਇਨਸਾਫ ਸਰਕਾਰ ਦੇ ਜ਼ਰੂਰੀ ਮੁੱਖ ਪਹਿਲੂ ਹੁੰਦੇ ਹਨ। ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ ਹਨ, ਨਿਯਮਾਂ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ।
ਤਨਖਾਹਾਂ, ਭੱਤੇ, ਰੁਜ਼ਗਾਰ ਤੇ ਹੋਰ ਸਹੂਲਤਾਂ ਲਈ ਮੁਲਾਜ਼ਮ ਤੇ ਪੈਨਸ਼ਰ ਚਿਰਾਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਨਾ ਉਹਨਾਂ ਨੂੰ ਮਹਿੰਗਾਈ ਭੱਤਾ ਹੀ ਮਿਲਿਆ ਹੈ ਤੇ ਨਾ ਹੀ ‘ਇੱਕ ਅਸਾਮੀ ਇੱਕ ਤਨਖਾਹ’ ਲਾਗੂ ਹੋਈ ਹੈ ਜਦੋਂ ਕਿ ਸਰਕਾਰ ਦੁਆਰਾ ਆਪਣੇ ਵਿਧਾਇਕਾਂ ਦੀ ਤਨਖਾਹ ਵਿੱਚ ਅਚਾਨਕ ਹੀ ਢਾਈ ਗੁਣਾਂ ਵਾਧੇ ਦੀਆਂ ਖਬਰਾਂ ਆ ਰਹੀਆਂ ਹਨ। ਨਿਯਮ ਤੇ ਖਜ਼ਾਨਾ ਸਾਰਿਆਂ ਲਈ ਹੀ ਬਰਾਬਰ ਹੋਣਾ ਚਾਹੀਦਾ ਹੈ।
ਨਵਾਂ ਸਾਲ ਫਿਰ ਲੋਕ ਸਭਾ ਦੀਆਂ ਚੋਣਾਂ ਨਾਲ ਚੋਣਾਂ ਦਾ ਸਾਲ ਬਣ ਕੇ ਆਉਣ ਵਾਲਾ ਹੈ। ਵੇਖਣਾ ਹੋਵੇਗਾ ਕਿ ਇਹ ਵੀ ਪਹਿਲਾਂ ਦੀ ਤਰ੍ਹਾਂ ਲਾਰਿਆਂ ਵਾਅਦਿਆਂ ਦਾ ਸਾਲ ਬਣ ਕੇ ਆਉਂਦਾ ਹੈ ਜਾਂ ਫਿਰ ਕੋਈ ਤਬਦੀਲੀ ਮਨੁੱਖਤਾ ਦੇ ਅਧਾਰ ’ਤੇ ਚੋਣਾਂ ਲੜਨ ਵਾਲੀਆਂ ਪਾਰਟੀਆਂ ਅਤੇ ਉਮੀਦਵਾਰਾਂ ਦੇ ਜ਼ਿਹਨ ਵਿੱਚ ਆਉਂਦੀ ਹੈ। ਸ਼ਾਲਾ! ਆਉਣ ਵਾਲਾ ਨਵਾਂ ਸਾਲ ਸਾਰਿਆਂ ਲਈ ਖੁਸ਼ੀ ਦਾ ਪੈਗਾਮ ਲੈ ਕੇ ਆਵੇ। ਪ੍ਰਮਾਤਮਾ ਸਾਰਿਆਂ ਨਾਗਰਿਕਾਂ ਨੂੰ ਸੁਮੱਤ ਬਖਸ਼ੇ ਤਾਂ ਕਿ ਇਥੇ ਕੋਈ ਵੀ ਕਿਸੇ ਨੂੰ ਜਾਤਾਂ-ਪਾਤਾਂ ਤੇ ਊਚ ਨੀਚ ਦੇ ਭਰਮਾਂ ਵਿੱਚ ਉਲਝਾ ਕੇ ਆਪਣਾ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਨਾ ਕਰੇ। ਸਿਆਸਤਦਾਨ ਚੋਣਾਂ ਲੜਨ ਜੀ ਸਦਕੇ ਲੜਨ, ਪਰ ਲੋਕਾਂ ਨੂੰ ਬੁੱਧੂ ਬਣਾਉਣ ਦੇ ਮਨਸ਼ੇ ਤੇ ਲਾਭ ਕਮਾਉਣ ਦੇ ਟੀਚੇ ਨਾਲ ਨਹੀਂ ਸਗੋਂ ਸੁਹਿਰਦਤਾ ਨਾਲ ਮਨੁੱਖਤਾ ਦੀ ਸੇਵਾ ਦਾ ਪ੍ਰਣ ਕਰਕੇ ਲੜਨ। ਅਮੀਰੀ ਤੇ ਪੈਸਾ ਜ਼ਿੰਦਗੀ ਜੀਣ ਦੇ ਸਾਧਨ ਹਨ, ਮਾਲਕ ਨਹੀਂ। ਫਿਰ ਇਸ ਸੰਸਾਰ ਵਿੱਚੋਂ ਜਦੋਂ ਸਿਕੰਦਰ ਮਹਾਨ ਵਰਗੇ ਵਰਗੇ ਨਾਲ ਕੁਝ ਨਹੀਂ ਲਿਜਾ ਸਕੇ ਤਾਂ ਹੋਰ ਕੋਈ ਭਲਾ ਕਿੰਜ ਲਿਜਾ ਸਕੇਗਾ? ਵਿਅਕਤੀ ਵਿਸ਼ੇਸ਼ ਦੀਆਂ ਚੰਗਿਆਈਆਂ ਤੇ ਭਲੇ ਕੰਮ ਹੀ ਯਾਦ ਰਹਿੰਦੇ ਹਨ, ਬੁਰੇ ਕੰਮਾਂ ਤੇ ਵਧੀਕੀਆਂ ਨੂੰ ਲਾਹਨਤਾਂ ਹੀ ਪੈਂਦੀਆਂ ਨੇ।
*****
(1445)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)