“ਜ਼ਿੰਦਗੀ ਚੱਲਦੇ ਰਹਿਣ ਦਾ ਨਾਮ ਹੈ। ਇੱਕ ਥਾਂ ਖੜ੍ਹਾ ਰਹਿਣ ਨਾਲ ਤਾਂ ਪਾਣੀ ਵੀ ਮੁਸ਼ਕ ਮਾਰਨ ਲੱਗ ਜਾਂਦਾ ਹੈ ...”
(12 ਅਪਰੈਲ 2022)
ਦੇਸੀ ਮਹੀਨੇ ਵਿਸਾਖ ਦੀ ਸੰਗਰਾਂਦ ਦਾ ਦਿਨ ਵਿਸਾਖੀ ਦੇ ਤਿਉਹਾਰ ਵਜੋਂ ਪ੍ਰਚਲਿਤ ਹੈ। ਕਿਉਂਕਿ ਭਾਰਤ ਖੇਤੀਬਾੜੀ ਪ੍ਰਧਾਨ ਦੇਸ਼ ਹੈ, ਇਸ ਲਈ ਇੱਥੇ ਖੇਤੀਬਾੜੀ ਨਾਲ ਸਬੰਧਤ ਤਿੱਥ ਤਿਉਹਾਰ ਬੜੀ ਸ਼ਿੱਦਤ ਨਾਲ ਮਨਾਏ ਜਾਂਦੇ ਹਨ। ਭਾਰਤ ਦੇ ਬਹੁਤੇ ਤਿਉਹਾਰ ਫਸਲਾਂ ਦੇ ਬੀਜਣ ਅਤੇ ਪੱਕਣ ਭਾਵ ਕਟਾਈ ਦੇ ਮੌਸਮ ਦੇ ਹਿਸਾਬ ਨਾਲ ਹੀ ਬਣੇ ਹਨ। ਦੇਸ਼ ਵਿੱਚ ਹਾੜ੍ਹੀ ਅਤੇ ਸਾਉਣੀ ਦੀਆਂ ਦੋ ਮੁੱਖ ਫਸਲਾਂ ਹੁੰਦੀਆਂ ਹਨ। ਇਹ ਪੁਰਾਤਨ ਸਮੇਂ ਤੋਂ ਇਸੇ ਤਰਤੀਬ ਨਾਲ ਹੀ ਚੱਲ ਰਹੀਆਂ ਹਨ। ਉਂਜ ਤਕਨੀਕ ਦੇ ਵਿਕਸਤ ਹੋਣ ਅਤੇ ਵਿਗਿਆਨਕ ਸੁਖ ਸਹੂਲਤਾਂ ਅਨੁਸਾਰ ਹਾੜ੍ਹੀ ਸਾਉਣੀ ਦੇ ਸਮੇਂ ਤੋਂ ਬਿਨਾਂ ਵੀ ਕਈ ਫਸਲਾਂ ਦੀ ਬਿਜਾਈ ਤੇ ਕਟਾਈ ਚੱਲਦੀ ਹੀ ਰਹਿੰਦੀ ਹੈ। ਪੌਲੀ ਹਾਊਸ ਵਿਕਸਤ ਹੋਣ ਨਾਲ ਹੁਣ ਬਹੁਤੀਆਂ ਸਬਜ਼ੀਆਂ ਆਪਣੇ ਸਮੇਂ ਤੋਂ ਬਿਨਾਂ ਵੀ ਉਗਾਈਆਂ ਜਾਣ ਲੱਗ ਪਈਆਂ ਹਨ। ਬਦਲਾਵ ਦਾ ਇਹ ਚੱਕਰ ਹੀ ਇਨਕਲਾਬ ਕਹਾਉਂਦਾ ਹੈ। ਵਿਸਾਖ ਦਾ ਮਹੀਨਾ ਉਂਜ ਵੀ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੁੰਦੀ ਹੈ। ਸਰਦੀ ਰੁੱਤ ਦੇ ਅਕਤੂਬਰ-ਨਵੰਬਰ ਦੇ ਮਹੀਨੇ ਬੀਜੀ ਗਈ ਕਣਕ, ਛੋਲੇ, ਮਸਰ, ਸਰ੍ਹੋਂ ਆਦਿ ਦੀ ਫਸਲ ਗਰਮੀ ਸ਼ੁਰੂ ਹੋਣ ਨਾਲ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਰੁੱਤ ਬਦਲੀ ਵੀ ਇਨਕਲਾਬ ਭਾਵ ਪਹਿਲੀ ਹਾਲਤ ਦੇ ਬਦਲਣ ਦਾ ਸੰਕੇਤ ਹੁੰਦਾ ਹੈ। ਇਹ ਤਬਦੀਲੀ ਵੀ ਕੁਦਰਤ ਦਾ ਹੀ ਇੱਕ ਅਜੀਬ ਨਿਯਮ ਹੈ। ਇਹ ਜ਼ਰੂਰੀ ਵੀ ਹੈ ਕਿਉਂਕਿ ਜੇ ਹਾਲਤ ਨਾ ਬਦਲਣ ਤਾਂ ਖੜੋਤ ਵਾਲੀ ਅਵਸਥਾ ਮਨੁੱਖੀ ਜੀਵਨ ਵਿੱਚ ਨਿਰਾਸ਼ਾ ਭਰ ਦਿੰਦੀ ਹੈ।
ਜ਼ਿੰਦਗੀ ਚੱਲਦੇ ਰਹਿਣ ਦਾ ਨਾਮ ਹੈ। ਇੱਕ ਥਾਂ ਖੜ੍ਹਾ ਰਹਿਣ ਨਾਲ ਤਾਂ ਪਾਣੀ ਵੀ ਮੁਸ਼ਕ ਮਾਰਨ ਲੱਗ ਜਾਂਦਾ ਹੈ, ਜਿਸ ਨੂੰ ਕੁਦਰਤ ਨੇ ਇਨਸਾਨ ਲਈ ਬਹੁਤ ਪਵਿੱਤਰ ਬਣਾਇਆ ਹੈ। ਸਿੱਖ ਧਰਮ ਦੇ ਪਹਿਲੇ ਗੁਰੂ ਬਾਬਾ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਦੀ ਬਾਣੀ ਵਿੱਚ ਇਸ ਨੂੰ ਪਿਤਾ ਦਾ ਦਰਜਾ ਦਿੱਤਾ ਹੈ। ਅਰਥਾਤ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਕਿਹਾ ਹੈ। ਇਹ ਕੁਦਰਤੀ ਸੋਮੇ ਸਾਂਭਣੇ ਮਨੁੱਖ ਦਾ ਮੁਢਲਾ ਅਤੇ ਅਹਿਮ ਫਰਜ਼ ਸਨ, ਜਿਨ੍ਹਾਂ ਤੋਂ ਅਵੇਸਲਾ ਹੋ ਕੇ ਮਨੁੱਖ ਨੇ ਆਪਣਾ ਸਮੁੱਚਾ ਚੌਗਿਰਦਾ ਪ੍ਰਦੂਸ਼ਿਤ ਕਰ ਲਿਆ ਹੈ। ‘ਆਪੇ ਫਾਥੜੀਏ ਤੈਨੂੰ ਕੌਣ ਛਡਾਵੇ’ ਦੇ ਮੁਹਾਵਰੇ ਵਾਂਗ ਪਿਛਲੇ ਦੋ ਸਾਲ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਦਾ ਸ਼ਿਕਾਰ ਹੋਣ ਤੋਂ ਬਾਦ ਮਨੁੱਖ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ। ਇਸ ਵਾਰ ਸੱਤ ਅਪਰੈਲ ਦਾ ਦਿਨ ਜੋ ਸਿਹਤ ਨੂੰ ਵਿਸ਼ਵ ਪੱਧਰ ’ਤੇ ਸਮੱਰਪਿਤ ਹੈ, ਵਿਸ਼ਵ ਸਿਹਤ ਸੰਘ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਹੋਏ ਉਪਰੋਕਤ ਅਕੀਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਦਰਤੀ ਵਸੀਲਿਆਂ ਅਤੇ ਢੰਗ ਤਰੀਕਿਆਂ ਅਨੁਸਾਰ ਸਿਹਤ ਨੂੰ ਬਚਾਉਣ ਦੀ ਪ੍ਰੇਰਨਾ ਨਾਲ ਮਨਾਇਆ ਗਿਆ ਹੈ। ਦੇਰ ਆਏ ਦਰੁਸਤ ਆਏ, ਜੇ ਹੁਣ ਵੀ ਮਨੁੱਖ ਸੰਭਲ ਜਾਵੇ, ਬੇਲੋੜੇ ਲੜਾਈ ਝਗੜਿਆਂ ਵਿੱਚ ਉਲਝਣ ਦੀ ਥਾਂ ਜੇ ਕੁਦਰਤੀ ਵਾਤਾਵਰਣ ਨੂੰ ਬਚਾਉਣ ਲੱਗ ਪਵੇ ਤਾਂ ਧਰਤੀ ਅਤੇ ਇਸ ਉੱਪਰ ਰਹਿਣ ਵਾਲੇ ਜੀਵਾਂ ਦਾ ਜੀਵਨ ਬਚ ਸਕਦਾ ਹੈ। ਨਹੀਂ ਤਾਂ ਜਿਸ ਤੇਜ਼ੀ ਨਾਲ ਧਰਤੀ ਦਾ ਤਾਪਮਾਨ ਵਧ ਰਿਹਾ ਹੈ, ਤਾਪਮਾਨ ਦੀ ਇਹ ਤਬਦੀਲੀ ਮਨੁੱਖੀ ਬਰਦਾਸ਼ਤ ਤੋਂ ਬਾਹਰ ਹੋ ਜਾਵੇਗੀ ਅਤੇ ਜਨਜੀਵਨ ਨੂੰ ਖਤਰਾ ਪੈਦਾ ਹੋ ਜਾਵੇਗਾ।
ਰੁੱਤਾਂ ਅਤੇ ਮੌਸਮਾਂ ਦਾ ਬਦਲਾਵ ਤਾਂ ਹਰ ਸਾਲ ਹੀ ਆਉਂਦਾ ਹੈ ਪਰ 1699 ਦੀ ਵਿਸਾਖੀ ਦਾ ਤਿਉਹਾਰ ਜੋ ਉਸ ਵੇਲੇ ਦੇ ਭਾਰਤ ਦੇ ਪੰਜਾਬ ਦੀ ਧਰਤੀ ਉੱਪਰ ਅਨੰਦਪੁਰ ਸਹਿਬ ਵਿਖੇ ਮਨਾਇਆ ਗਿਆ ਸੀ, ਇੱਕ ਨਵੇਕਲਾ ਅਤੇ ਇਨਕਲਾਬੀ ਸੀ। ਉਸ ਸਮੇਂ ਭਾਰਤਵਰਸ਼ ਉੱਪਰ ਔਰੰਗਜ਼ੇਬ ਬਾਦਸ਼ਾਹ ਦਾ ਰਾਜ ਸੀ। ਉਸਦੇ ਰਾਜ ਵਿੱਚ ਜਬਰੀ ਧਰਮ ਤਬਦੀਲੀ ਦੀ ਬੜੀ ਚਰਚਾ ਸੀ। ਕਸ਼ਮੀਰੀ ਪੰਡਿਤਾਂ ਨੇ ਔਰੰਗਜ਼ੇਬ ਦੇ ਜ਼ੁਲਮ ਤੋਂ ਬਚਣ ਲਈ ਉਸ ਵੇਲੇ ਦੇ ਸਿੱਖ ਗੁਰੂ, ਗੁਰੂ ਤੇਗ ਬਹਾਦਰ ਜੀ ਨੂੰ ਫਰਿਆਦ ਕੀਤੀ ਸੀ। ਪਰ ਔਰੰਗਜ਼ੇਬ ਬਾਦਸ਼ਾਹ ਨੇ ਆਪਣਾ ਰੋਅਬ ਕਾਇਮ ਰੱਖਣ ਤੇ ਦੁਨੀਆਂ ਨੂੰ ਡਰਾਉਣ ਲਈ 1675 ਈਸਵੀ ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਬਾਲ ਗੋਬਿੰਦ ਰਾਇ, ਜਿਨ੍ਹਾਂ ਦੀ ਉਮਰ ਉਸ ਸਮੇਂ ਕੇਵਲ ਨੌਂ ਸਾਲ ਦੀ ਸੀ, ਉਹਨਾਂ ਨੇ ਗੁਰਗੱਦੀ ਸੰਭਾਲ ਕੇ ਲਿਤਾੜੇ ਹੋਏ ਲੋਕਾਂ ਨੂੰ ਨਵੀਂ ਰੂਹ ਫੂਕ ਕੇ ਬਹਾਦਰ ਬਣਾਉਣ ਲਈ 24 ਸਾਲ ਬਾਦ ਵਿਸਾਖੀ ਦੇ ਬਦਲਦੇ ਮੌਸਮ ਨੂੰ ਇਨਕਲਾਬ ਨਾਲ ਸਰਸ਼ਾਰ ਕਰ ਦਿੱਤਾ। ਜਾਤ-ਪਾਤ ਅਤੇ ਊਚ-ਨੀਚ ਦਾ ਭੇਦਭਾਵ ਮਿਟਾ ਕੇ, ਖੰਡੇ ਬਾਟੇ ਦਾ ਅਮ੍ਰਿਤ ਛਕਾ ਕੇ ਉਹਨਾਂ ਨੇ ਵੱਖ ਵੱਖ ਵਰਗਾਂ ਵਿੱਚੋਂ ਸੂਰਬੀਰਾਂ ਦੀ ਚੋਣ ਕਰਕੇ ਉਹਨਾਂ ਨੂੰ ਸਿੰਘ ਸਜ਼ਾ ਕੇ, ਪੰਜ ਪਿਆਰਿਆਂ ਵਜੋਂ ਸਨਮਾਨਿਆ। ਫਿਰ ਉਹਨਾਂ ਕੋਲੋਂ ਆਪ ਅਮ੍ਰਿਤ ਛਕ ਕੇ ਆਪ ਵੀ ਗੋਬਿੰਦ ਸਿੰਘ ਬਣ ਗਏ। ਇਤਿਹਾਸ ਵਿੱਚ ਕ੍ਰਾਂਤੀਕਾਰੀ ਤਬਦੀਲੀ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਇਸ ਮਹਾਨ ਦਿਨ ‘ਆਪੇ ਗੁਰ ਚੇਲਾ’ ਦੀ ਮਹਾਨ ਪ੍ਰੰਪਰਾ ਕਾਇਮ ਕੀਤੀ। ਉਹਨਾਂ ਪੰਜ ਪਿਆਰਿਆਂ ਨੇ ਗੁਰੂ ਜੀ ਦੀ ਛਤਰ ਸਾਇਆ ਹੇਠ ਸਮਾਜ ਵਿੱਚੋਂ ਜਬਰ ਤੇ ਜ਼ੁਲਮ ਵਿਰੁੱਧ ਮੁਹਿੰਮ ਚਲਾਈ।
ਇਤਿਹਾਸਕਾਰਾਂ ਅਨੁਸਾਰ ਉਸ ਵੇਲੇ ਦੀ ਵਿਸਾਖੀ ਦਾ ਤਿਉਹਾਰ 30 ਮਾਰਚ ਨੂੰ ਮਨਾਇਆ ਗਿਆ ਸੀ। ਸਮੇਂ ਦੀ ਗਤੀ ਅਨੁਸਾਰ ਦਿਨ ਵੀ ਅੱਗੇ ਚੱਲਦੇ ਜਾ ਰਹੇ ਹਨ। ਤੇਰਾਂ ਅਪਰੈਲ 1919 ਦਾ ਦਿਨ ਵੀ ਭਾਰਤ ਦੇ ਇਤਿਹਾਸ ਵਿੱਚ ਇੱਕ ਵੱਡੀ ਦੁਰਘਟਨਾ ਵਜੋਂ ਜਾਣਿਆ ਜਾਂਦਾ ਹੈ, ਜਦੋਂ ਅਮ੍ਰਿਤਸਰ ਦੇ ਜੱਲ੍ਹਿਆਂ ਵਾਲੇ ਬਾਗ ਵਿੱਚ ਪੰਜਾਬ ਦੇ ਬਜ਼ੁਰਗ ਤੇ ਨੌਜਵਾਨ ਇਸ ਮੇਲੇ ਵਾਲੇ ਦਿਨ ਇੱਕ ਸ਼ਾਂਤਮਈ ਸਭਾ ਕਰਕੇ ਉਸ ਵੇਲੇ ਦੀ ਅੰਗਰੇਜ਼ ਸਰਕਾਰ ਦੇ ਮਨੁੱਖਤਾ ਵਿਰੋਧੀ ਵਿਹਾਰ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ। ਉਦੋਂ ਚੁੱਪ ਚਪੀਤੇ ਅੰਗਰੇਜ਼ ਪੁਲਿਸ ਅਫਸਰ ਜਨਰਲ ਡਾਇਰ ਨੇ ਉਹਨਾਂ ਇਕੱਠੇ ਹੋਏ ਲੋਕਾਂ ਉੱਪਰ ਭਾਰੀ ਪੁਲਿਸ ਫੋਰਸ ਨਾਲ ਅੰਨ੍ਹੇ ਵਾਹ ਫਾਇਰਿੰਗ ਕਰਕੇ ਹਜ਼ਾਰਾਂ ਹੀ ਨਿਰਦੋਸ਼ ਲੋਕਾਂ ਦਾ ਕਤਲ ਕਰ ਦਿੱਤਾ ਸੀ। ਦਿਨ ਤਾਂ ਇਹ ਵੀ ਵਿਸਾਖੀ ਦਾ ਹੀ ਸੀ। ਪਰ ਇਸ ਦਿਨ ਜਬਰ ਜ਼ੁਲਮ ਦਾ ਨੰਗਾ ਨਾਚ ਹੋਇਆ ਸੀ। ਤੇ ਦੂਜੇ ਪਾਸੇ 1699 ਦੀ ਵਿਸਾਖੀ ਨੇ ਲੋਕਾਂ ਨੂੰ ਜ਼ਿੰਦਗੀ ਦੇ ਨਵੇਂ ਅਰਥ ਸਮਝਾਏ ਸਨ। ਕੁਦਰਤ ਨੇ ਇਸ ਬਹ੍ਰਿਮੰਡ ਦੀ ਰਚਨਾ ਕਰਕੇ ਇੱਕ ਅਦਭੁਤ ਕਾਰਜ ਕੀਤਾ ਹੈ। ਨਾਲ ਹੀ ਦਿਨ-ਰਾਤ, ਗਰਮੀ ਸਰਦੀ, ਵਰਖਾ ਅਤੇ ਬਹਾਰ ਰੁੱਤ ਵਰਗੇ ਕਿੰਨੇ ਵੱਖਰੇ ਵੱਖਰੇ ਰੰਗੀਨ ਮੌਸਮਾਂ ਦੀ ਸਿਰਜਣਾ ਕੀਤੀ ਹੈ। ਕੁਦਰਤ ਦਾ ਮਨੁੱਖ ਨੂੰ ਸੁਨੇਹਾ ਅਤੇ ਇਸ਼ਾਰਾ ਹੈ ਕਿ ਤਬਦੀਲੀ ਹੀ ਜ਼ਿੰਦਗੀ ਦਾ ਆਗਾਜ਼ ਹੈ। ਪਰ ਇਹ ਬਦਲਾਵ ਜਾਂ ਤਬਦੀਲੀ ਮਨੁੱਖਤਾ ਦੇ ਹਿਤ ਅਤੇ ਸਹੂਲਤਾਂ ਪੈਦਾ ਕਰਨ ਲਈ ਹੋਣੀ ਚਾਹੀਦੀ ਹੈ ਨਾ ਕਿ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲਈ।
ਅੰਗਰੇਜ਼ ਵਿਸ਼ਵ ਭਰ ਵਿੱਚ ਮਨੁੱਖੀ ਅਧਿਕਾਰਾਂ ਦੇ ਰਾਖੇ ਗਿਣੇ ਜਾਂਦੇ ਹਨ। ਆਪਣੇ ਦੇਸ਼ ਵਿੱਚ ਉਹਨਾਂ ਨੇ ਹਮੇਸ਼ਾ ਆਪਣੇ ਨਾਗਰਿਕਾਂ ਦਾ ਪੂਰਾ ਧਿਆਨ ਰੱਖਿਆ ਹੈ ਪਰ ਸਾਰੇ ਵਿਸ਼ਵ ਨੂੰ ਗੁਲਾਮ ਵੀ ਬਣਾ ਕੇ ਰੱਖਿਆ ਹੈ। ਇੱਕ ਅਜਿਹਾ ਸਮਾਂ ਵੀ ਸੀ ਜਦੋਂ ਅੰਗਰੇਜ਼ਾਂ ਦਾ ਝੰਡਾ ਵਿਸ਼ਵ ਭਰ ’ਤੇ ਝੁੱਲਦਾ ਸੀ ਤੇ ਇਹ ਕਹਾਵਤ ਬਣ ਗਈ ਸੀ ਕਿ ਅੰਗਰੇਜ਼ਾਂ ਦੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ। ਪਰ ਜਦੋਂ ਹੰਕਾਰ ਵਧਦਾ ਗਿਆ ਤਾਂ ਸਲਤਨਤ ਵੀ ਸੁੰਗੜਦੀ ਗਈ। ਅਮ੍ਰਿਤਸਰ ਦੀ 1919 ਵਾਲੀ ਖੂਨੀ ਵਿਸਾਖੀ ਭਾਰਤ ਵਿੱਚੋਂ ਅੰਗਰੇਜ਼ਾਂ ਦੇ ਰਾਜ ਦੇ ਖਾਤਮੇ ਦੀ ਸ਼ੁਰੂਆਤ ਹੋ ਨਿੱਬੜੀ ਤੇ 1947 ਨੂੰ ਉਹਨਾਂ ਨੂੰ ਭਾਰਤ ਅਜ਼ਾਦ ਕਰਨਾ ਪਿਆ। ਹੁਣ ਤਾਂ ਉਂਜ ਹੀ ਲੋਕਰਾਜ ਪ੍ਰਣਾਲੀ ਅਨੁਸਾਰ ਲੋਕਰਾਜ ਪ੍ਰਚੱਲਤ ਹੈ। ਕਲਿਆਣਕਾਰੀ ਸਰਕਾਰਾਂ ਦਾ ਦੌਰ ਹੈ ਜੋ ਲੋਕਾਂ ਦੁਆਰਾ ਵੋਟਾਂ ਨਾਲ ਚੁਣੀਆਂ ਜਾਂਦੀਆਂ ਹਨ। ਇਨ੍ਹਾਂ ਸਰਕਾਰਾਂ ਦਾ ਮੁੱਖ ਉਦੇਸ਼ ਆਪਣੇ ਨਾਗਰਿਕਾਂ ਦੇ ਜੀਵਨ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਕੇ ਖੁਸ਼ਹਾਲ ਬਣਾਉਣਾ ਹੁੰਦਾ ਹੈ। ਪਰ ਫੇਰ ਵੀ ਕਈ ਵਾਰ ਕਈ ਸਰਕਾਰਾਂ ਤਾਕਤ ਦੇ ਨਸ਼ੇ ਵਿੱਚ ਆਪਣੀਆਂ ਸੀਮਾਵਾਂ ਭੁੱਲ ਜਾਂਦੀਆਂ ਹਨ। ਵੋਟਰ ਭੋਲੇਪਣ ਵਿੱਚ ਬਹੁਤਾ ਨਾ ਸੋਚ ਕੇ ਫਿਰ ਮੌਕਾ ਦੇ ਦਿੰਦੇ ਹਨ। ਪਰ ਜੇ ਫਿਰ ਵੀ ਲੋਕਹਿਤ ਅਣਗੌਲੇ ਜਾਣ ਤਾਂ ਲੋਕ ਜ਼ਿਆਦਾ ਬ੍ਰਦਾਸ਼ਤ ਵੀ ਨਹੀਂ ਕਰਦੇ। ਹੁਣ ਲੋਕ ਪੜ੍ਹ ਲਿਖ ਕੇ ਸਮਝਦਾਰ ਹੋ ਗਏ ਹਨ। ਸੋਸ਼ਲ ਮੀਡੀਏ ਨੇ ਲੋਕਾਂ ਨੂੰ ਆਪਣੇ ਅਧਿਕਾਰਾਂ ਬਾਰੇ ਕਾਫੀ ਸੁਚੇਤ ਕੀਤਾ ਹੈ।
ਪਿਛਲੇ ਅਰਸੇ ਦੌਰਾਨ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ ’ਤੇ ਸਾਲ ਤੋਂ ਵੀ ਵੱਧ ਸਮੇਂ ਲਈ ਚੱਲਿਆ ਕਿਸਾਨ-ਮਜ਼ਦੂਰ ਸੰਘਰਸ਼, ਜੋ ਜਨ ਅੰਦੋਲਨ ਵਿੱਚ ਬਦਲ ਗਿਆ ਸੀ, ਨੇ ਵੀ ਲੋਕਾਂ ਨੂੰ ਬਹੁਤ ਜਾਗ੍ਰਿਤ ਕੀਤਾ ਹੈ। ਇਹੀ ਕਾਰਨ ਹੈ ਕਿ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਇਤਿਹਾਸਕ ਹੋ ਨਿੱਬੜੀਆਂ ਹਨ।
ਹਰ ਵੇਰ ਜਦੋਂ ਰੁੱਤ ਬਦਲਦੀ ਹੈ, ਫਸਲ ਪੱਕਦੀ ਹੈ ਤਾਂ ਉਹ ਸਭ ਲਈ ਇੱਕ ਨਵਾਂ ਸੁਨੇਹਾ ਵੀ ਲੈ ਕੇ ਆਉਂਦੀ ਹੈ। ਸਮਾਂ ਹੁਣ ਬਹੁਤ ਮਹੱਤਵ ਪੂਰਨ ਬਣ ਚੁੱਕਾ ਹੈ। ਇਸਦੀ ਮਹੱਤਤਾ ਸਮਝਣ ਵਾਲੇ ਸਫਲ ਹੋ ਜਾਂਦੇ ਹਨ ਅਤੇ ਨਾ ਸਮਝ ਟੱਕਰਾਂ ਮਾਰਨ ਜੋਗੇ ਰਹਿ ਜਾਂਦੇ ਹਨ। ਅੰਗਰੇਜ਼ੀ ਦੀ ਇੱਕ ਕਹਾਣੀ ਦੀ ਬਹੁਤ ਸੋਹਣੀ ਸਿੱਖਿਆ ਸੀ- ਫਾਰਚੂਨ ਟਰਨਜ਼ ਲਾਈਕ ਏ ਵੀਲ, ਇੱਟ ਲਿਫਟਸ ਅੱਪ ਵੰਨ ਐਂਡ ਥਰੋ ਡਾਊਨ ਦਾ ਅਦਰ। ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦੋ ਵਾਰ ਲਗਾਤਾਰ ਸੱਤਾ ਤੋਂ ਬਾਹਰ ਰਹਿਣ ਉਪਰੰਤ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਵੱਡਾ ਫਤਵਾ ਦਿੱਤਾ ਸੀ। ਭਾਵੇਂ ਇਸ ਵਾਰ ਕਰੋਨਾ ਦੀ ਮਹਾਂਮਾਰੀ ਦਾ ਵੀ ਵੱਡਾ ਅਸਰ ਹੋਇਆ ਸੀ ਪਰ ਫਿਰ ਵੀ ਸਰਕਾਰ ਲੋਕ ਭਾਵਨਾਵਾਂ ਅਨੁਸਾਰ ਖਰੀ ਉੱਤਰਨ ਤੋਂ ਉੱਖੜ ਗਈ ਸੀ। ਫਿਰ ਲੀਡਰਸ਼ਿੱਪ ਵਿੱਚ ਕੀਤਾ ਗਿਆ ਬਦਲਾਅ ਵੀ ਲੋਕਾਂ ਦੇ ਰਾਸ ਨਹੀਂ ਆਇਆ। ਮਹਿੰਗਾਈ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਨੇ ਲੋਕਾਂ ਦਾ ਨੱਕ ਵਿੱਚ ਦਮ ਕਰ ਦਿੱਤਾ ਸੀ। ਸਰਕਾਰ ਲੋਕਾਂ ਤੋਂ ਦੂਰੀ ਬਣਾ ਕੇ ਰੱਖੇ ਤਾਂ ਲੋਕਾਂ ਨੂੰ ਰਾਸ ਨਹੀਂ ਆਉਂਦਾ। ਇਸੇ ਲਈ ਇਸ ਵਾਰ ਲੋਕਾਂ ਨੇ ਸੋਚ ਤੋਂ ਵੀ ਪਰੇ ਬਦਲਾਅ ’ਤੇ ਮੋਹਰ ਲਗਾਈ ਹੈ।
ਮਨੁੱਖੀ ਲੋੜਾਂ ਬੜੀ ਬੇਸਬਰੀ ਨਾਲ ਵਧਦੀਆਂ ਜਾ ਰਹੀਆਂ ਹਨ। ਸਾਧਨ ਤੇ ਪੂਰਤੀ ਵਿੱਚ ਪੈ ਰਿਹਾ ਪਾੜਾ ਅਤੇ ਧਨ ਦੀ ਕਾਣੀ ਵੰਡ, ਜਖੀਰੇਬਾਜ਼ੀ ਅਤੇ ਸਰਕਾਰਾਂ ਦਾ ਕਾਰਪੋਰੇਟ ਜਗਤ ਪ੍ਰਤੀ ਵਧਦਾ ਝੁਕਾਅ ਆਮ ਲੋਕਾਂ ਦੇ ਗਲੇ ਨਹੀਂ ਉੱਤਰਦਾ। ਆਖਰ ਲੋਕਰਾਜੀ ਸਰਕਾਰਾਂ ਲੋਕਾਂ ਨਾਲ ਹੀ ਚੱਲਦੀਆਂ ਹਨ। ਇਨ੍ਹਾਂ ਨੂੰ ਚਾਹੀਦਾ ਹੈ ਕਿ ਮਨੁੱਖੀ ਜੀਵਨ ਸੁਧਾਰਨ ਲਈ ਵੱਧ ਤੋਂ ਵੱਧ ਸਹੂਲਤਾਂ ਦਾ ਜਾਲ ਵਿਛਾ ਕੇ ਲੋਕਾਂ ਦਾ ਜਨ ਜੀਵਨ ਸੁਧਾਰਨ। ਬਦਲਦਾ ਵਾਤਾਵਰਣ, ਵਧਦਾ ਤਾਪਮਾਨ, ਆਲਮੀ ਤਪਸ਼ ਤੇ ਪ੍ਰਦੂਸ਼ਣ ਮਨੁੱਖਤਾ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਤਬਦੀਲੀ ਨੂੰ ਸਮਝ ਕੇ ਸਮੇਂ ਦਾ ਆਦਰ ਕਰਨਾ ਸਮੇਂ ਦੀ ਮੁੱਖ ਲੋੜ ਹੈ। ਰੁੱਤਾਂ ਦੀ ਅਦਲਾ ਬਦਲੀ, ਮੌਸਮੀ ਤਬਦੀਲੀ ਕਿਤੇ ਨਾ ਕਿਤੇ ਇਨਕਲਾਬ ਦਾ ਇਸ਼ਾਰਾ ਕਰਦੇ ਹਨ, ਜਿਸ ਨੂੰ ਸਮਝ ਕੇ ਚੱਲਣਾ ਬੜਾ ਜ਼ਰੂਰੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3499)
(ਸਰੋਕਾਰ ਨਾਲ ਸੰਪਰਕ ਲਈ: