“ਜਿਹੜਾ ਖਤਰਾ ਮਨੁੱਖ ਨੇ ਪਾਣੀ ਦੀ ਦੁਰਵਰਤੋਂ ਨਾਲ ਸਹੇੜਿਆ ਹੈ ਇਹ ...”
(22 ਮਈ 2019)
ਪਾਣੀ ਜ਼ਿੰਦਗੀ ਦੀ ਅਨਮੋਲ ਜ਼ਰੂਰਤ ਹੈ। ਬ੍ਰਹਿਮੰਡ ਦੁਆਰਾ ਰਚੀ ਗਈ ਧਰਤੀ ਵਿੱਚ 2/3 ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ ਅਤੇ 1/3 ਹਿੱਸਾ ਹੀ ਥਲ, ਭਾਵ ਰਹਿਣਯੋਗ ਤੇ ਖੇਤੀ ਵਗੈਰਾ ਕਰਨ ਵਾਲੀ ਧਰਤੀ ਹੈ। ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ। ਭਾਵ ਜੋ ਰਚਨਾ ਬਿਹਮੰਡ ਦੀ ਹੈ ਠੀਕ ਉਸੇ ਤਰ੍ਹਾਂ ਦੀ ਰਚਨਾ ਹੀ ਮਨੁੱਖੀ ਸਰੀਰ ਦੀ ਬਣਾਈ ਗਈ ਹੈ। ਜੇ ਧਰਤੀ ਤੇ 70% ਪਾਣੀ ਹੈ ਤਾਂ ਮਨੁੱਖੀ ਸਰੀਰ ਵੀ 70-72 ਫੀਸਦੀ ਪਾਣੀ ਦਾ ਬਣਿਆ ਹੋਇਆ ਹੈ। ਇਸ ਤੋਂ ਭਲੀਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮਨੁੱਖੀ ਸਰੀਰ ਦਾ ਪਾਣੀ ਬਿਨਾਂ ਕੋਈ ਅਧਾਰ ਨਹੀਂ ਹੈ। ਸਾਹ ਭਾਵ ਆਕਸੀਜਨ ਤੇ ਪਾਣੀ ਮਨੁੱਖੀ ਜ਼ਿੰਦਗੀ ਦੇ ਦੋ ਐਸੇ ਵੱਡੇ ਸਰੋਤ ਹਨ ਜਿੰਨ੍ਹਾਂ ਤੋਂ ਬਿਨਾਂ ਮਨੁੱਖ ਜਿੰਦਾ ਹੀ ਨਹੀਂ ਰਹਿ ਸਕਦਾ। ਕੁਦਰਤ ਦਾ ਬਹੁਤ ਵੱਡਾ ਕਰਿਸ਼ਮਾ ਹੀ ਹੈ ਕਿ ਇਸ ਬਿਹਮੰਡ ਵਿੱਚ ਮੌਜੂਦ ਗੈਸਾਂ ਵਿੱਚੋਂ ਹਾਈਡਰੋਜਨ ਤੇ ਆਕਸੀਜਨ ਦੇ ਮਿਲਣ ਨਾਲ ਪਾਣੀ ਬਣ ਜਾਂਦਾ ਹੈ। ਉਂਜ ਹਾਈਡਰੋਜਨ ਇੱਕ ਬਲਣਸ਼ੀਲ ਗੈਸ ਹੈ ਅਤੇ ਆਕਸੀਜਨ ਬਲਣ ਵਿੱਚ ਸਹਾਇਤਾ ਕਰਦੀ ਹੈ। ਪਰ ਜੇ ਦੋਵੇਂ ਮਿਲ ਜਾਣ ਤਾਂ ਪਾਣੀ ਬਣ ਜਾਂਦਾ ਹੈ, ਜਿਹੜਾ ਇਸ ਅੱਗ ਨੂੰ ਬੁਝਾ ਦੇਣ ਦੀ ਮੁਹਾਰਤ ਰੱਖਦਾ ਹੈ। ਇਸ ਨੂੰ ਭਾਵੇਂ ਵਿਗਿਆਨ ਕਹਿ ਲਉ ਜਾਂ ਕੁਦਰਤ ਕਹਿ ਲਉ ਇਹ ਮਨੁੱਖਤਾ ਲਈ ਬਹੁਤ ਵੱਡਾ ਤੋਹਫਾ ਹੈ।
ਕੁਦਰਤ ਨੂੰ ਮੁੱਠੀ ਵਿੱਚ ਬੰਦ ਕਰਨ ਦੇ ਮਨਸ਼ੇ ਨਾਲ ਸਾਇੰਸ ਦੇ ਬਲਬੂਤੇ ਨਵੀਂਆਂ ਈਜਾਦਾਂ ਕਰ ਰਿਹਾ ਮਨੁੱਖ ਹੱਥ ਪੈਰ ਤਾਂ ਬਹੁਤ ਮਾਰ ਰਿਹਾ ਹੈ ਤੇ ਉਹ ਬੜੀ ਤੇਜ਼ੀ ਨਾਲ ਕੁਦਰਤ ਦੀ ਰਚਨਾ ਨੂੰ ਉਲਟਾ ਗੇੜਾ ਦੇ ਕੇ ਇਸਦੇ ਵਰੋਸਾਏ ਮੌਸਮਾਂ ਨੂੰ ਆਪਣੀ ਚਾਹਤ ਅਨੁਸਾਰ ਬਦਲ ਰਿਹਾ ਹੈ ਪਰ ਆਪਣੀ ਇਸ ਚਲਾਕੀ ਅਤੇ ਸਵਾਰਥ ਨਾਲ ਉਸਨੇ ਸਾਰਾ ਹੁਲੀਆ ਹੀ ਬਦਲ ਕੇ ਰੱਖ ਲਿਆ ਹੈ। ਸਰਦੀ ਤੇ ਗਰਮੀ ਦੀ ਅਦਲਾ ਬਦਲੀ ਤੇ ਗਰੀਨ ਹਾਊਸ ਕਲਚਰ ਨੇ ਗਲੋਬਲ ਪੱਧਰ ’ਤੇ ਅਲਮੀ ਤਪਸ਼ ਨੂੰ ਵਧਾ ਕੇ ਆਪਣੇ ਤੇ ਧਰਤੀ ਦੇ ਜੀਵਨ ਨੂੰ ਹੀ ਖਤਰੇ ਵਿੱਚ ਪਾ ਦਿੱਤਾ ਹੈ। ਸਦੀਆਂ ਤੋਂ ਧਰਤੀ ਦੇ ਧਰੁਵਾਂ ਤੇ ਜਮ੍ਹਾਂ ਹੋਈ ਬਰਫ ਇਸ ਛੇੜਛਾੜ ਕਾਰਨ ਪਿਘਲ ਕੇ ਸਮੁੰਦਰਾਂ ਵੱਲ ਖਿਸਕਣੀ ਸ਼ੁਰੂ ਹੋ ਗਈ ਹੈ। ਇਹ ਤਬਦੀਲੀ ਸਮੁੰਦਰ ਨਾਲ ਘਿਰੇ ਨੀਵੇਂ ਟਾਪੂਆਂ ਦੀ ਹੋਂਦ ਲਈ ਵੀ ਖਤਰਾ ਬਣ ਗਈ ਹੈ। ਉੱਧਰ ਦੂਜੇ ਪਾਸੇ ਮਨੁੱਖ ਨੇ ਆਪਣੀ ਖਾਧ ਪਦਾਰਥਾਂ ਦੀ ਲੋੜ ਪੂਰੀ ਕਰਨ ਲਈ ਨਵੀਂਆਂ ਤਕਨੀਕਾਂ ਦੇ ਅਧਾਰ ’ਤੇ ਧਰਤੀ ਹੇਠਲਾ ਪਾਣੀ ਸਿੰਚਾਈ ਇੰਨਾ ਜ਼ਿਆਦਾ ਖਿੱਚ ਲਿਆ ਹੈ ਕਿ ਮਨੁੱਖ ਦੇ ਪੀਣਯੋਗ ਪਾਣੀ, ਜੋ ਪਹਿਲਾਂ ਹੀ ਬੜਾ ਸੀਮਤ ਸੀ ਹੁਣ ਲਗਾਤਾਰ ਖਤਮ ਹੋਣ ਵੱਲ ਵਧ ਰਿਹਾ ਹੈ।
ਸਾਡਾ ਭਾਰਤ ਅਬਾਦੀ ਦੇ ਲਿਹਾਜ਼ ਨਾਲ ਵਿਸ਼ਵ ਦਾ ਦੂਜਾ ਵੱਡਾ ਦੇਸ਼ ਹੈ ਪਰ ਜਿੱਥੋਂ ਤੱਕ ਪੀਣ ਵਾਲੇ ਪਾਣੀ ਦਾ ਸਬੰਧ ਹੈ, ਉਹ ਸਾਡੇ ਦੇਸ਼ ਵਿੱਚ ਕੇਵਲ ਵਿਸ਼ਵ ਦਾ 4% ਹੀ ਹੈ। ਅਬਾਦੀ ਵਿਸ਼ਵ ਅਬਾਦੀ ਦੇ 1/6 ਹਿੱਸੇ ਦੇ ਕਰੀਬ ਹੈ ਜੋ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ ਤੇ ਪੀਣਵਾਲਾ ਪਾਣੀ ਕੇਵਲ 4% ਜੋ ਬਹੁਤ ਤੇਜ਼ੀ ਨਾਲ ਘਟ ਰਿਹਾ ਹੈ।
ਪੰਜਾਂ ਦਰਿਆਵਾਂ ਦੀ ਧਰਤੀ ਕਹਾਉਂਦੇ ਪੰਜਾਬ ਦੀ ਹਾਲਤ ਤਾਂ ਹੋਰ ਵੀ ਹਾਸੋਹੀਣੀ ਅਤੇ ਖਤਰਨਾਕ ਬਣਦੀ ਜਾ ਰਹੀ ਹੈ। ਪਹਿਲਾਂ ਤਾਂ ਹਰੀ ਕ੍ਰਾਂਤੀ ਦੇ ਨਾਮ ਥੱਲੇ ਪੰਜਾਬ ਦੇ ਕਿਸਾਨ ਨੂੰ ਥਾਪੀ ਦੇ ਕੇ ਕਣਕ ਅਤੇ ਝੋਨੇ ਦਾ ਫਸਲੀ ਚੱਕਰ ਪੈਦਾ ਕੀਤਾ ਗਿਆ। ਪੰਜਾਬ ਦੇ ਦਰਿਆਵਾਂ ਦਾ ਵਾਧੂ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਦੇ ਕੇ ਪੰਜਾਬ ਵਿੱਚ ਟਿਊਬਵੈਲਾਂ ਨੂੰ ਉਤਸ਼ਾਹਤ ਕੀਤਾ ਗਿਆ। ਹੁਣ ਦਰਿਆਵਾਂ ਉੱਤੇ ਡੈਮ ਬਣਨ ਨਾਲ ਉਹਨਾਂ ਦਾ ਪਾਣੀ ਵੀ ਸੁੱਕ ਰਿਹਾ ਹੈ ਤੇ ਧਰਤੀ ਹੇਠਲਾ ਪਾਣੀ ਵੀ ਲਗਾਤਾਰ ਥੱਲੇ ਡਿੱਗਦਾ ਜਾ ਰਿਹਾ ਹੈ। ਪਾਣੀ ਦੇ ਲਗਾਤਾਰ ਘਟਣ ਨਾਲ ਪੰਜਾਬ ਦਾ ਵੱਡਾ ਹਿੱਸਾ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਹੈ ਤੇ ਕਿਸਾਨ ਝੋਨੇ ਦੀ ਫਸਲ ਦੀ ਆਦਤ ਛੱਡਣ ਨੂੰ ਤਿਆਰ ਨਹੀਂ ਹੈ।
ਹੁਣ ਹਾਲਤ ਇਹ ਬਣ ਗਈ ਹੈ ਕਿ ਵਿਗਿਆਨੀਆਂ ਨੇ ਵੀ ਤੇਜ਼ੀ ਨਾਲ ਡਿਗਦੇ ਪਾਣੀ ਦੇ ਪੱਧਰ ਤੇ ਚਿੰਤਾ ਪ੍ਰਗਟਾਉਣੀ ਸ਼ੁਰੂ ਕਰ ਦਿੱਤੀ ਹੈ। 2040 ਤੱਕ ਪਾਣੀ ਦਾ ਵੱਡਾ ਸੰਕਟ ਉੱਭਰਨ ਦੇ ਖਦਸ਼ੇ ਜ਼ਾਹਰ ਹੋਣ ਲੱਗ ਪਏ ਹਨ। ਪਹਿਲਾਂ ਦੇਸ਼ ਭਰ ਵਿੱਚ ਲੋਕ ਨਦੀਆਂ ਦਾ ਪਾਣੀ ਪੀਣ ਤੇ ਸਿੰਚਾਈ ਲਈ ਵਰਤਦੇ ਸਨ। ਪਾਣੀ ਨੂੰ ਉਂਜ ਵੀ ਪਵਿੱਤਰਤਾ ਦਾ ਦਰਜਾ ਪ੍ਰਦਾਨ ਸੀ। ਇਸੇ ਸੰਦਰਭ ਵਿੱਚ ਗੰਗਾ ਦਰਿਆ ਦਾ ਪਾਣੀ ਅਮ੍ਰਿਤ ਦੀ ਤਰ੍ਹਾਂ ਜਾਣਿਆ ਜਾਂਦਾ ਸੀ। ਪਰ ਉਦਯੋਗਿਕ ਤਰੱਕੀ ਤੇ ਮਨੁੱਖੀ ਸਵਾਰਥ ਨੇ ਫੈਕਟਰੀਆਂ ਤੇ ਉਦਯੋਗਾਂ ਦਾ ਗੰਦਾ ਮਾਦਾ ਇਨ੍ਹਾਂ ਪਵਿੱਤਰ ਦਰਿਆਵਾਂ ਵਿੱਚ ਸੁੱਟ ਕੇ ਉਸ ਨਿਆਮਤ ਨੂੰ ਗੰਧਲਾ ਤੇ ਜਹਿਰੀਲਾ ਬਣਾ ਦਿੱਤਾ ਹੈ। ਲਿਹਾਜ਼ਾ ਦਰਿਆਵਾਂ ਦੇ ਪਾਣੀ ਹੁਣ ਬੀਮਾਰੀਆਂ ਪਰੋਸਣ ਲੱਗ ਪਏ ਹਨ। ਪੰਜਾਬ ਦੀ ਮਾਲਵਾ ਬੈਲਟ ਦਾ ਵੱਡਾ ਹਿੱਸਾ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਦੇ ਪ੍ਰਕੋਪ ਹੇਠ ਆ ਗਿਆ ਹੈ। ਇਹ ਹੀ ਹਾਲ ਅਮ੍ਰਿਤ ਵਾਲੀ ਗੰਗਾ ਦਾ ਹੈ। ਪਿਛਲੇ ਪੰਜ ਸਾਲਾਂ ਦੌਰਾਨ ਮੋਦੀ ਸਰਕਾਰ ਨੇ ਇਸ ਦਰਿਆ ਦੀ ਸਫਾਈ ਲਈ ਬਹੁਤ ਵੱਡਾ ਪ੍ਰੋਗਰਾਮ ਉਲੀਕਿਆ ਸੀ। ਇੱਕ ਬਕਾਇਦਾ ਵੱਖਰਾ ਵਿਭਾਗ ਖੜ੍ਹਾ ਕਰ ਦਿੱਤਾ ਗਿਆ ਸੀ। ਪਰ ਪੰਜ ਸਾਲਾਂ ਦੌਰਾਨ ਸਫਾਈ ਬਾਰੇ ਸੋਚੀਏ ਤਾਂ ਗੋਹਲੇ ਵਿੱਚੋਂ ਪੂਣੀ ਕੱਤਣ ਜਿੰਨਾ ਕੰਮ ਵੀ ਹੋਇਆ ਨਜ਼ਰ ਨਹੀਂ ਆਉਂਦਾ। ਸਰਕਾਰਾਂ ਦੀ ਅਜਿਹੇ ਜ਼ਰੂਰੀ ਪ੍ਰਾਜੈਕਟਾਂ ਵੱਲ ਬੇਧਿਆਨੀ ਮਨੁੱਖਤਾ ਲਈ ਵੱਡਾ ਖਤਰਾ ਬਣ ਸਕਦੀ ਹੈ। ਇਜ਼ਰਾਈਲ ਵਰਗਾ ਛੋਟਾ ਜਿਹਾ ਦੇਸ਼ ਸਾਡੇ ਨਾਲੋਂ ਬਾਦ ਵਿੱਚ ਅਜ਼ਾਦ ਹੋ ਕੇ ਵਿਸ਼ਵ ਦਾ ਰਾਹ ਦਸੇਰਾ ਬਣ ਬੈਠਾ ਹੈ। ਸਮੁੰਦਰੀ ਪਾਣੀ ਨੂੰ ਸਾਫ ਕਰਕੇ ਪੀਣਯੋਗ ਬਣਾਉਣ ਦੀ ਮੁਹਾਰਤ ਹਾਸਲ ਕਰ ਚੁੱਕਾ ਹੈ। ਦੂਜੇ ਪਾਸੇ ਸਾਡੇ ਨੇਤਾ ਇੱਕ ਦੂਜੇ ਉੱਤੇ ਚਿੱਕੜ ਸੁੱਟਣ ਤੇ ਪੋਤੜੇ ਫ੍ਰੋਲਣ ਵਿੱਚ ਮਸਰੂਫ ਹਨ। ਚੋਣਾਂ ਦੇ ਮੱਦੇਨਜ਼ਰ ਕੋਈ ਨਾ ਕੋਈ ਨਵਾਂ ਸ਼ਗੂਫਾ ਖੜ੍ਹਾ ਕਰਕੇ ਸਾਡੇ ਨੇਤਾ ਲੋਕਾਂ ਨੂੰ ਉਲਝਾਉਣ ਵਿੱਚ ਬੜੇ ਮਾਹਿਰ ਹਨ। ਵਾਤਾਵਰਣ ਦੇ ਪ੍ਰਦੂਸ਼ਤ ਹੋਣ ਕਾਰਨ ਅਤੇ ਖੇਤੀ ਉਤਪਾਦਨ ਵਧਾਉਣ ਲਈ ਨਿਰੰਤਰ ਜਹਿਰਾਂ ਦੀ ਅੰਨੇ੍ਹਵਾਹ ਵਰਤੋਂ ਨੇ ਸਾਡੇ ਅਨਾਜ ਦਾ ਪੱਧਰ ਵੀ ਸਿਹਤ ਲਈ ਸ਼ੱਕੀ ਬਣਾ ਦਿੱਤਾ ਹੈ। ਲਗਾਤਾਰ ਘਟਦੇ ਪੀਣਯੋਗ ਪਾਣੀ ਕਾਰਨ ਮੁਫਤ ਵਿੱਚ ਕੁਦਰਤ ਦੁਆਰਾ ਪੇਸ਼ ਕੀਤਾ ਗਿਆ ਇਹ ਅਨਮੋਲ ਤੋਹਫਾ ਹੁਣ ਵਿਸ਼ਵ ਭਰ ਵਿੱਚ ਬੋਤਲਾਂ ਵਿੱਚ ਬੰਦ ਹੋ ਕੇ ਵਿਕਣ ਲੱਗਾ ਹੈ। ਜੇ ਇਸਦੀ ਵਰਤੋਂ ਵਿੱਚ ਸੰਜਮ ਤੇ ਇਹਦੀ ਹੋਂਦ ਨੂੰ ਬਚਾਉਣ ਦੇ ਯੋਗ ਉਪਰਾਲੇ ਨਾ ਕੀਤੇ ਗਏ ਤਾਂ ਜਲਦੀ ਹੀ ਪਾਣੀ ਦੀ ਰਾਸ਼ਨਿੰਗ ਤੇ ਪੈਟਰੋਲ ਪੰਪਾਂ ਵਾਂਗ ਸਪਲਾਈ ਦੀ ਨੌਬਤ ਆ ਸਕਦੀ ਹੈ।
ਗੁਰਬਾਣੀ ਨੇ ਪਾਣੀ ਨੂੰ ਬਹੁਤ ਵੱਡਾ ਦਰਜ਼ਾ ਦਿੱਤਾ ਹੈ। “ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ” ਕਹਿ ਕੇ ਇਸਨੂੰ “ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਇ” ਕਹਿ ਕਿ ਵਡਿਆਇਆ ਹੈ। ਪਿਤਾ ਤੇ ਮਾਤਾ ਉਤਪਤੀ ਦੇ ਦੋ ਮੁੱਖ ਸਾਧਨ ਹੁੰਦੇ ਹਨ। ਇੰਜ ਧਰਤੀ ਨੂੰ ਮਾਤਾ ਤੇ ਪਾਣੀ ਨੂੰ ਪਿਤਾ ਕਹਿਣ ਦੇ ਬਾਵਜੂਦ ਇਹਨਾਂ ਦੋਹਾਂ ਦੀ ਦੁਰਵਰਤੋਂ ਇਸ ਹੱਦ ਤੱਕ ਹੋ ਗਈ ਹੈ ਕਿ ਪਾਣੀ ਦਾ ਖਾਤਮਾ ਧਰਤੀ ਨੂੰ ਵੀ ਬੰਜਰ ਬਣਾਉਣ ਵੱਲ ਵਧ ਰਿਹਾ ਹੈ।
ਲਗਦਾ ਹੈ ਕਿ ਬਿਹਮੰਡ ਦੇ ਸਭ ਤੋਂ ਉੱਤਮ ਜੀਵ ਮਨੁੱਖ ਨੇ ਪ੍ਰਮਾਣੂ ਬੰਬ ਵੀ ਬਣਾਏ ਸਨ ਤੇ ਦੇਸ਼ਾਂ ਨੂੰ ਇੱਕ ਦੂਜੇ ਨਾਲ ਲੜਾਉਣ ਦੇ ਮਨਸੂਬੇ ਵੀ ਘੜੇ ਸਨ। ਪਰ ਸੰਜਮ ਤੇ ਇਤਫਾਕ ਨਾਲ ਦੁਨੀਆਂ ਤਬਾਹੀ ਦੇ ਮੰਜ਼ਰ ਤੋਂ ਬਚਦੀ ਚਲੀ ਆ ਰਹੀ ਸੀ। ਪਰ ਜਿਹੜਾ ਖਤਰਾ ਮਨੁੱਖ ਨੇ ਪਾਣੀ ਦੀ ਦੁਰਵਰਤੋਂ ਨਾਲ ਸਹੇੜਿਆ ਹੈ ਇਹ ਪਰਮਾਣੂ ਬੰਬਾਂ ਤੋਂ ਵੀ ਵੱਧ ਖਤਰਨਾਕ ਹੈ। ਵਾਤਾਵਰਣ ਦੇ ਪ੍ਰਦੂਸ਼ਣ ਨਾਲ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ। ਜੇ ਇਹ ਰਫਤਾਰ ਇੰਜ ਹੀ ਜਾਰੀ ਰਹੀ ਤਾਂ ਆਉਣ ਵਾਲੇ ਦਸ ਸਾਲਾਂ ਬਾਦ ਇਹ ਤਾਪਮਾਨ 4 ਡਿਗਰੀ ਹੋਰ ਵਧ ਜਾਵੇਗਾ। ਚਾਰ ਡਿਗਰੀ ਤਾਪਮਾਨ ਵਧਣ ਨਾਲ ਧਰਤੀ ਤੇ ਬਨਾਸਪਤੀ ਸੂਰਜ ਦੀ ਭਿਆਨਕ ਤਪਸ਼ ਨਾਲ ਝੁਲਸ ਜਾਵੇਗੀ। ਫਿਰ ਬਨਾਸਪਤੀ, ਰੁੱਖ ਤੇ ਫਲ ਪੌਦੇ ਨਹੀਂ ਬਚਣਗੇ ਤੇ ਨਾ ਹੀ ਬਚੇਗੀ ਇਹ ਮਨੁੱਖਤਾ। ਇਸ ਸਾਰੀ ਦਰਿੰਦਗੀ ਲਈ ਮੁੱਖ ਤੌਰ ’ਤੇ ਜਿੰਮੇਵਾਰ ਹੋਵੇਗਾ ਇਹ ਬੁੱਧੀਮਾਨ ਕਹਾਉਣ ਵਾਲਾ ਸਵਾਰਥੀ ਮਨੁੱਖ। ਕਿੱਧਰ ਜਾਵੇਗੀ ਫਿਰ ਮਨੁੱਖ ਦੀ ਸਿਆਣਪ? ਕੀ ਇਹ ਸਭ ਲਾਲਸਾ, ਸਵਾਰਥ ਅਤੇ ਨਫਰਤ ਦੀ ਭੇਟ ਚੜ੍ਹ ਜਾਵੇਗਾ? ਆਪਣੇ ਪੈਰਾਂ ਉੱਤੇ ਆਪ ਕੁਹਾੜਾ ਮਾਰ ਕੇ ਮਨੁੱਖਤਾ ਦੇ ਇਸ ਭਿਆਨਕ ਅੰਤ ਤੋਂ ਬਚਣ ਲਈ ਵੱਡੇ ਪੱਧਰ ਤੇ ਪਾਣੀ ਦੀ ਦੁਰਵਰਤੋਂ ਤੋਂ ਸੰਕੋਚ ਕਰਕੇ, ਦਰਖਤਾਂ ਦੀ ਕਟਾਈ ਰੋਕ ਕੇ ਵੱਧ ਤੋਂ ਵੱਧ ਦਰਖਤ ਲਗਾਉਣ ਤੇ ਉਹਨਾਂ ਦੀ ਸੰਭਾਲ ਬਹੁਤ ਹੀ ਤਨਦੇਹੀ ਤੇ ਮੁਹਿੰਮ ਨਾਲ ਸਿਰੇ ਚਾੜ੍ਹਨੀ ਪਵੇਗੀ।
ਦਿੱਲੀ, ਫਰੀਦਾਬਾਦ, ਮੇਰਠ, ਜੈਪੁਰ, ਵਿਸ਼ਾਖਾਪਟਨਮ, ਹੈਦਰਾਬਾਦ, ਬੈਂਗਲੁਰੂ, ਚੇਨੇਈ ਤੇ ਵਿਜੇਵਾੜਾ ਵਰਗੇ ਭਾਰਤ ਦੇ ਪ੍ਰਮੱਖ ਦੋ ਦਰਜ਼ਨ ਦੇ ਕਰੀਬ ਮੁੱਖ ਸ਼ਹਿਰ ਬਹੁਤ ਜਲਦੀ ਪੀਣਵਾਲੇ ਪਾਣੀ ਦੇ ਭਿਆਨਕ ਸੰਕਟ ਵੱਲ ਵਧ ਰਹੇ ਹਨ। ਇਹ ਸਮੱਸਿਆ ਹੁਣ ਇੱਕ ਦੋ ਦੇਸ਼ਾਂ ਤੱਕ ਹੀ ਮਹਿਦੂਦ ਨਹੀਂ ਰਹੀ ਸਗੋਂ ਇਸ ਨੇ ਤੇਜ਼ੀ ਨਾਲ ਵਿਸ਼ਵ ਨੂੰ ਕਲਾਵੇ ਵਿੱਚ ਲੈ ਲਿਆ ਹੈ। ਭਿਆਨਕ ਸੋਕੇ ਵਾਲੀ ਸਥਿਤੀ ਨਾਲ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਦਾ ਸ਼ਹਿਰ ਕੇਪ ਟਾਊਨ ਪ੍ਰਭਾਵਤ ਹੋਇਆ ਹੈ। ਉੱਥੇ ਪਾਣੀ ਖਤਮ ਹੋ ਚੁੱਕਾ ਹੈ ਤੇ ਹੁਣ ਦੂਜੇ ਸ਼ਹਿਰਾਂ ਤੋਂ ਟਰੱਕਾਂ ਰਾਹੀਂ ਪਾਣੀ ਉਸ ਸ਼ਹਿਰ ਦੀ ਅਬਾਦੀ ਨੂੰ ਪੁਚਾਇਆ ਜਾਂਦਾ ਹੈ। ਸਾਓ ਪੋਲੋ ਸ਼ਹਿਰ ਦੀ ਅਬਾਦੀ ਇਸ ਤੋਂ ਵੀ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਹੈ। ਉੱਥੇ ਲੋਕਾਂ ਨੂੰ 20-20ਦਿਨਾਂ ਬਾਦ ਪਾਣੀ ਨਸੀਬ ਹੁੰਦਾ ਹੈ। ਦੱਸੋ, ਉਹ ਲੋਕ ਕਿੰਜ ਗੁਜਾਰਾ ਕਰਦੇ ਹੋਣਗੇ? ਦੂਜੇ ਨੰਬਰ ਤੇ ਭਾਰਤ ਦਾ ਸ਼ਹਿਰ ਬੰਗਲੌਰ ਆਉਂਦਾ ਹੈ ਜਿੱਥੇ ਪਾਣੀ ਦੀ ਕਿੱਲਤ ਬਹੁਤ ਜਲਦੀ ਰੰਗ ਦਿਖਾਉਣ ਵਾਲੀ ਹੈ। ਚੀਨ ਦਾ ਸ਼ਹਿਰ ਬੀਜਿੰਗ ਤੀਸਰਾ ਐਸਾ ਦੇਸ਼ ਹੈ ਜਿੱਥੇ 2014 ਵਿੱਚ ਹੀ 20 ਮਿਲੀਅਨ ਅਬਾਦੀ ਵਾਸਤੇ ਕੇਵਲ 145 ਕਿਊਬਕ ਮੀਟਰ ਪਾਣੀ ਉਪਲੱਬਧ ਸੀ। ਕਾਇਰੋ, ਜਕਾਰਤਾ, ਮਾਸਕੋ, ਸਿਤਨਾਬਲ, ਮੈਕਸੀਕੋ ਸਿਟੀ, ਇੰਗਲੈਂਡ ਦੀ ਰਾਜਧਾਨੀ ਲੰਡਨ, ਜਪਾਨ ਦਾ ਸ਼ਹਿਰ ਟੋਕੀੳ ਅਤੇ ਅਮਰੀਕਾ ਦਾ ਸ਼ਹਿਰ ਮਿਆਮੀ ਅਜਿਹੇ ਪਾਣੀ ਦੀ ਕਿੱਲਤ ਵਾਲੇ ਪ੍ਰਮੁੱਖ ਸ਼ਹਿਰ ਹਨ ਜੋ ਹੁਣ ਪਾਣੀ ਦੀ ਕਿੱਲਤ ਦੀ ਜੰਗ ਨਾਲ ਜੂਝਣ ਲਈ ਤਿਆਰ ਖੜ੍ਹੇ ਹਨ।
ਇਸਦਾ ਇਹ ਅਰਥ ਨਹੀਂ ਹੈ ਕਿ ਇਨ੍ਹਾਂ ਸ਼ਹਿਰਾਂ ਲਈ ਹੀ ਮੁਸੀਬਤ ਬਣੀ ਹੈ ਤੇ ਬਾਕੀ ਬਚੇ ਰਹਿਣਗੇ। ਸਗੋਂ ਇਸ ਟਰੇਲਰ ਰਾਹੀਂ ਕੁਦਰਤ ਨੇ ਮਨੁੱਖ ਨੂੰ ਉਸ ਦੁਆਰਾ ਕੀਤੇ ਜਾ ਰਹੇ ਦੁਰਵਿਹਾਰ ਦਾ ਇਸ਼ਾਰਾ ਦੇ ਦਿੱਤਾ ਹੈ। ਅੱਗੇ ਇਸ ਮਨੁੱਖ ਦੀ ਮਰਜ਼ੀ ਹੈ ਕਿ ਉਸ ਨੇ ਕੇਵਲ ਕਥਾ ਕਹਾਣੀਆਂ ਵਿੱਚ ਹੀ ਉੱਤਮ ਜੀਵ ਰਹਿਣਾ ਹੈ ਜਾਂ ਵਿਹਾਰਕ ਰੂਪ ਵਿੱਚ ਵੀ ਬਣ ਕੇ ਦੱਸਣਾ ਹੈ?
ਉਦਯੋਗਾਂ ਦੇ ਤੇਜ਼ਾਬੀ ਮਾਦੇ ਤੇ ਨਦੀਆਂ ਨਾਲਿਆਂ ਵਿੱਚ ਹੋਰ ਰਹਿੰਦ ਖੂੰਹਦ ਸੁੱਟ ਕੇ ਸਵਾਰਥੀ ਮਨੁੱਖ ਨੇ ਪਾਣੀ ਨੂੰ ਪਲੀਤ ਕਰ ਕੇ ਰੱਖ ਦਿੱਤਾ ਹੈ। ਦਰਿਆ ਸਤਲੁਜ ਵਿੱਚੋਂ ਨਿਕਲਦੀਆਂ ਨਹਿਰਾਂ ਜੋ ਹਰੀਕੇ ਪੱਤਣ ਤੋਂ ਨਿਕਲਦੀਆਂ ਹਨ ਉਹਨਾਂ ਦਾ ਪਾਣੀ ਆਪਣਾ ਰੰਗ ਤੇ ਗੁਣ ਸਭ ਖੋਅ ਚੁੱਕਾ ਹੈ। ਪਿਛਲੇ ਸਾਲ ਬਿਆਸ ਦਰਿਆ ਵਿੱਚ ਖੰਡ ਮਿੱਲ ਦੇ ਗੰਦੇ ਮਾਦੇ ਨਾਲ ਅਣਗਿਣਤ ਮੱਛੀਆਂ ਮਰ ਗਈਆਂ ਸਨ। ਥੋੜ੍ਹੇ ਦਿਨ ਰੌਲਾ ਗੌਲਾ ਪੈ ਕੇ ਗੱਲ ਆਈ ਗਈ ਹੋ ਗਈ ਸੀ। ਹੁਣ ਫਿਰ ਫਰੀਦਕੋਟ ਲਾਗੇ ਨਹਿਰ ਦੇ ਬਦਬੂ ਮਾਰਦੇ ਪਾਣੀ ਦੀਆਂ ਖਬਰਾਂ ਚੰਦਬਾਜਾ ਭਾਈ ਕਨਈਆ ਸੁਸਾਇਟੀ ਦੇ ਕਾਰਕੁੰਨਾਂ ਨੇ ਆਮ ਲੋਕਾਂ ਤੱਕ ਪੁਚਾ ਕੇ ਤੇ ਮਰੀਆਂ ਹੋਈਆਂ ਜ਼ਹਿਰੀਲੀਆਂ ਮੱਛੀਆਂ ਨਾ ਫੜਨ ਲਈ ਸੁਚੇਤ ਕੀਤਾ ਹੈ। ਪਾਣੀ ਦਾ ਜੀਵ ਮੱਛੀਆਂ ਐਵੇਂ ਤਾਂ ਨਹੀਂ ਮਰਦੀਆਂ, ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਮਨੁੱਖੀ ਅਣਗਹਿਲੀ ਨਾਲ ਮਾਲਵਾ ਬੈਲਟ ਦਾ 80% ਪਾਣੀ ਪਹਿਲਾਂ ਹੀ ਬਹੁਤ ਜ਼ਿਆਦਾ ਯੂਰੇਨੀਅਮ ਯੁਕਤ ਹੋ ਕੇ ਕੈਂਸਰ ਵੰਡ ਰਿਹਾ ਹੈ। ਫਾਜ਼ਲਿਕਾ ਨੇੜਲੇ ਪਿੰਡ ਤੇਜਾ ਰੋਹੇਲਾ ਦੇ ਬੱਚੇ ਪਹਿਲਾਂ ਹੀ ਇਸ ਯੁਰੇਨੀਅਮ ਦੇ ਸ਼ਿਕਾਰ ਹੋ ਚੁੱਕੇ ਹਨ। ਕੁਦਰਤ ਨੇ ਕੰਧ ’ਤੇ ਗੰਭੀਰ ਚਿਤਾਵਨੀ ਲਿਖ ਕੇ ਮਨੁੱਖ ਨੂੰ ਚੇਤੰਨ ਕਰ ਦਿੱਤਾ ਹੈ, ਅੱਗੇ ਹੁਣ ਮਨੁੱਖ ਦੀ ਮਰਜ਼ੀ ਹੈ ਕਿ ਉਸ ਨੇ ਸਾਹਮਣੇ ਖੜ੍ਹੀ ਮੌਤ ਤੋਂ ਬਚਣਾ ਹੈ ਜਾਂ ਫਿਰ ਹਰ ਪੰਜ ਸਾਲ ਬਾਦ ਰਾਜਨੀਤਕ ਪਾਰਟੀਆਂ ਅਤੇ ਲੋਟੂ ਲੀਡਰਾਂ ਦੀ ਲੁੱਟ ਖਸੁੱਟ ਦਾ ਸ਼ਿਕਾਰ ਹੋ ਕੇ ਫਿਰ ਉਹਨਾਂ ਦੇ ਸਬਜ਼ਬਾਗਾਂ ਅਤੇ ਜੁਮਲਿਆਂ ਦਾ ਸ਼ਿਕਾਰ ਹੋ ਕੇ ਫਿਰ ਉਹਨਾਂ ਨੂੰ ਹੀ ਅਪਣਾ ਲੈਣ ਵਾਂਗ ਮੌਤ ਦੇ ਮੂੰਹ ਵਿੱਚ ਡਿੱਗ ਕੇ ਆਪਣੇ ਆਪ ਨੂੰ ਤਬਾਹ ਕਰ ਲੈਣਾ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1599)
(ਸਰੋਕਾਰ ਨਾਲ ਸੰਪਰਕ ਲਈ: