“ਮੂਰਤੀਆਂ ਨੂੰ ਇੱਥੇ ਦੁੱਧ ਨਾਲ ਨੁਹਾਇਆ ਜਾਂਦਾ ਹੈ ... ਰੋਟੀ ਤੇ ਕੱਪੜਿਆਂ ਨੂੰ ਤਰਸਣ ਵਾਲੇ ਲੋਕਾਂ ਦੀ ਗਿਣਤੀ ...”
(6 ਅਪਰੈਲ 2019)
ਏਸ਼ੀਆ ਮਹਾਂਦੀਪ ਦੇ ਦੋ ਵੱਡੇ ਦੇਸ਼ ਚੀਨ ਤੇ ਭਾਰਤ ਪੁਰਾਣੀ ਸਭਿਅਤਾ ਵਾਲੇ ਦੇਸ਼ ਹਨ। ਵਿਸ਼ਵ ਦੀ ਅਬਾਦੀ ਦਾ ਵੱਡਾ ਹਿੱਸਾ ਵੀ ਇਨ੍ਹਾਂ ਦੋਂਹ ਦੇਸ਼ਾਂ ਵਿੱਚ ਹੀ ਵਸਦਾ ਹੈ। ਦੋਵੇਂ ਦੇਸ਼ ਗੁਆਂਢੀ ਵੀ ਹਨ ਤੇ ਇਹਨਾਂ ਦਰਮਿਆਨ 1962 ਵਿੱਚ ਇੱਕ ਯੁੱਧ ਹੋਣ ਉਪਰੰਤ ਸਥਿਤੀ ਤਨਾਅਪੂਰਨ ਹੀ ਰਹੀ ਹੈ। ਉਂਝ ਤਾਂ ਇਹ ਦੋਵੇਂ ਦੇਸ਼ ਅਜਾਦ ਵੀ ਅੱਗੜ ਪਿੱਛੜ ਹੀ ਹੋਏ ਸਨ ਤੇ ਅਬਾਦੀ ਵਿੱਚ ਵੀ ਦੋਵੇਂ ਇੱਕ ਦੂਜੇ ਦੇ ਲਾਗੇ ਚਾਗੇ ਹੀ ਹਨ। ਚੀਨ ਅਬਾਦੀ ਵਿੱਚ ਪਹਿਲੇ ਨੰਬਰ ’ਤੇ ਹੈ ਅਤੇ ਸਾਡਾ ਭਾਰਤ ਲੋਕਤੰਤਰ ਵਜੋਂ ਵਿਸ਼ਵ ਦਾ ਵੱਡਾ ਦੇਸ਼ ਹੋਣ ਦਾ ਮਾਣ ਪ੍ਰਾਪਤ ਕਰ ਚੁੱਕਾ ਹੈ। ਸਾਡੇ ਦੋਹਾਂ ਦੇਸ਼ਾਂ ਦੇ ਰਾਜ ਪ੍ਰਬੰਧ ਦਾ ਬਹੁਤ ਫਰਕ ਹੈ। ਉਹਨਾਂ ਦੇ ਦੇਸ਼ ਵਿੱਚ ਤਾਨਾਸ਼ਾਹੀ ਕਮਿਉਨਿਸਟ ਸ਼ਾਸਨ ਪ੍ਰਣਾਲੀ ਹੈ ਤੇ ਸਾਡੇ ਇੱਥੇ ਲੋਕਰਾਜ ਹੈ। ਸਾਡੇ ਨਾਲੋਂ ਚੀਨ ਦੇ ਲੋਕ ਵੱਧ ਅਨੁਸ਼ਾਸਨ ਪਸੰਦ ਹਨ। ਜੇ ਉੱਥੇ ਵੀ ਕਿਧਰੇ ਲੋਕਰਾਜੀ ਪ੍ਰਣਾਲੀ ਵਾਲੀ ਸਰਕਾਰ ਹੁੰਦੀ ਤਾਂ ਹਾਲਾਤ ਹੋਰ ਹੀ ਹੋਣੇ ਸਨ। ਉਂਜ ਫਿਰ ਸਾਡੇ ਕੋਲੋਂ ਆਪ ਮੁਹਾਰੇ ਮਿਲਿਆ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਦਰਜਾ ਵੀ ਖੁੱਸ ਜਾਣਾ ਸੀ। ਉਂਝ ਭਾਵੇਂ ਸਾਡੀ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਹੋਣ ਦੇ ਨਾਲ ਨਾਲ ਸੋਨ ਚਿੜੀ ਹੋਣ ਦਾ ਮਾਣ ਵੀ ਪ੍ਰਾਪਤ ਹੈ, ਜਿਹੜਾ ਸਮੇਂ ਦੇ ਵਿਹਾਅ ਅਤੇ ਹਾਕਮਾਂ ਦੀ ਨਲਾਇਕੀ ਕਾਰਨ ਹੁਣ ਓਝਲ ਹੋ ਚੁੱਕਾ ਹੈ, ਪਰ ਸਾਡਾ ਇਹ ਪੱਖ ਸਾਨੂੰ ਵਿਸ਼ਵ ਤੋਂ ਅਲੱਗ ਵੀ ਕਰਦਾ ਹੈ।
ਵਿਸ਼ਵ ਦੀ ਨੰਬਰ ਇੱਕ ਤਾਕਤ ਅਮਰੀਕਾ ਨਾਲ ਇਸ ਵੇਲੇ ਚੀਨ ਮੁਕਾਬਲੇ ਦੀ ਦੌੜ ਵਿੱਚ ਸ਼ਾਮਲ ਹੈ ਜਦੋਂ ਕਿ ਸਾਡਾ ਭਾਰਤ ਹਾਲੇ ਵੀ ਅਨਪੜ੍ਹਤਾ, ਬੇਰੁਜ਼ਗਾਰੀ, ਗਰੀਬੀ ਤੇ ਭ੍ਰਿਸ਼ਟਾਚਾਰ ਦੇ ਚੁੰਗਲ ਵਿੱਚੋਂ ਹੀ ਮੁਕਤ ਨਹੀਂ ਹੋ ਸਕਿਆ। ਭ੍ਰਿਸ਼ਟਾਚਾਰ ਦੀ ਬੀਮਾਰੀ ਤਾਂ ਉਂਜ ਭਾਵੇਂ ਵਿਸ਼ਵ ਵਿਆਪੀ ਸਮੱਸਿਆ ਬਣ ਚੁੱਕੀ ਹੈ ਪਰ ਵਿਦੇਸ਼ਾਂ ਵਿੱਚ ਇਸਦਾ ਉਹ ਪੱਧਰ ਨਹੀਂ ਹੈ ਜਿਸ ’ਤੇ ਇਹ ਭਾਰਤ ਵਿੱਚ ਪਹੁੰਚ ਚੁੱਕੀ ਹੈ। ਬਾਕੀ ਵਿਸ਼ਵ ਦੇ ਤਾਂ ਦੇਸ਼ ਅਮੀਰ ਹੋ ਰਹੇ ਹਨ ਅਤੇ ਉਹ ਆਪਣੇ ਲੋਕਾਂ ਦੇ ਜੀਵਨ ਪੱਧਰ ਨੂੰ ਸੁਰੱਖਿਅਤ ਕਰਕੇ ਉਹਨਾਂ ਦਾ ਬੁਢਾਪਾ ਚਿੰਤਾ ਮੁਕਤ ਕਰ ਚੁੱਕੇ ਹਨ ਪਰ ਸਾਡੇ ਇੱਥੇ ਨੇਤਾ ਲੋਕ ਅਮੀਰ ਹੋ ਰਹੇ ਹਨ ਤੇ ਉਹਨਾਂ ਦਾ ਹੀ ਜੀਵਨ ਸੁਰੱਖਿਅਤ ਹੋ ਰਿਹਾ ਹੈ। ਬਾਕੀ ਲੋਕ ਤਾਂ ਵਿਚਾਰੇ ਗਰੀਬੀ ਦੀ ਜਿੱਲਤ ਵਿੱਚ ਜੀਊਣ ਤੇ ਮੁਫਤ ਆਟਾ ਦਾਲ ਵਰਗੀਆਂ ਸਕੀਮਾਂ ਦੇ ਭਰਮ ਵਿੱਚ ਦਿਨਕਟੀ ਦੇ ਸ਼ਿਕਾਰ ਹੋ ਚੱਕੇ ਹਨ। ਸਾਡੇ ਨੇਤਾਵਾਂ ਦਾ ਸਵਾਰਥ ਤੇ ਲਾਲਚ ਇਸ ਕਦਰ ਭਾਰੂ ਹੋ ਗਿਆ ਹੈ ਕਿ ਉਹ ਲੋਕਾਂ ਨੂੰ ਧਰਮਾਂ, ਮਜਹਬਾਂ ਤੇ ਮੰਦਰ ਮਸਜਿਦ ਦੇ ਝਗੜਿਆਂ ਵਿੱਚ ਹੀ ਉਲਝਾਈ ਰੱਖਦੇ ਹਨ। ਮੁੱਖ ਤੌਰ ’ਤੇ ਸਾਡੇ ਦੇਸ਼ ਦੇ ਵਸਨੀਕ ਧਰਮ ਕਰਮ ਵਿੱਚ ਦਿਲਚਸਪੀ ਰੱਖਣ ਵਾਲੇ ਤੇ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਵਾਲੇ ਲੋਕ ਸਨ ਪਰ ਮੁਗਲਾਂ ਦੇ ਹਮਲਿਆਂ ਦੀ ਲੁੱਟ ਅਤੇ ਅੰਗਰੇਜਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੇ ਭਾਰਤੀਆਂ ਨੂੰ ਵੀ ਚਲਾਕ, ਸਵਾਰਥੀ ਤੇ ਡਿਪਲੋਮੈਟ ਬਣਾ ਦਿੱਤਾ ਹੈ।
ਵਿਕਰਮਾਦਿੱਤ ਅਤੇ ਅਸ਼ੋਕ ਮਹਾਨ ਵਰਗੇ ਰਾਜਿਆਂ ਦਾ ਇਹ ਦੇਸ਼ ਭਾਰਤ ਮੰਦਰਾਂ ਦੀ ਸਭਿਅਤਾ ਨਾਲ ਲੈਸ ਰਿਹਾ ਹੈ। ਉਂਝ ਤਾਂ ਇੱਥੇ ਗਿਣਤੀ ਵਿੱਚ 13 ਵੱਡੇ ਮੰਦਰ ਹਨ ਜਿਨ੍ਹਾਂ ਪਾਸ ਚੋਖਾ ਧਨਮਾਲ ਹੈ ਪਰ 4 ਮੁੱਖ ਮੰਦਰ ਐਸੇ ਹਨ ਜਿਨ੍ਹਾਂ ਦੇ ਅਧਾਰ ’ਤੇ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਕੇਰਲਾ ਸਥਿਤ ਪਦਮਾਨਾਭਾਸਵਾਮੀ ਮੰਦਰ ਥੀਰੂਵਨਥਾਪੁਰਮ ਮੰਦਰ ਹੈ। ਵਿਸ਼ਨੂੰ ਮਹਾਰਾਜ ਨਾਲ ਸਬੰਧਤ ਇਸ ਮੰਦਰ ਦੇ ਕਈ ਤਹਿਖਾਨੇ ਦੱਸੇ ਜਾਂਦੇ ਹਨ ਜਿਨ੍ਹਾਂ ਵਿੱਚ ਅਣਗਿਣਤ ਸੋਨੇ ਦੇ ਭੰਡਾਰ, ਪਲੰਘ ਤੇ ਬੇਸ਼ੁਮਾਰ ਗਹਿਣੇ ਜਿਨ੍ਹਾਂ ਦੀ ਕੀਮਤ 100000 ਲੱਖ ਕਰੋੜ ਤੋਂ ਵੀ ਵੱਧ ਦੱਸੀ ਜਾਂਦੀ ਹੈ। ਇਸ ਮੰਦਰ ਦੇ ਤਹਿਖਾਨੇ ਸੁਪਰੀਮਕੋਰਟ ਦੇ ਹੁਕਮ ਨਾਲ ਖੋਲ੍ਹਣੇ ਸ਼ੁਰੂ ਕੀਤੇ ਤਾਂ ਗਏ ਸਨ ਪਰ ਦੋ ਤਹਿਖਾਨੇ ਖੋਹਲੇ ਹੀ ਨਹੀਂ ਜਾ ਸਕੇ ਜੋ ਗ੍ਰੇਨਾਈਟ ਦੀ ਮੋਟੀ ਸਲੈਬ ਨਾਲ ਢਕੇ ਹੋਏ ਸਨ ਤੇ ਕਿਹਾ ਜਾਂਦਾ ਹੈ ਕਿ ਉੱਥੇ ਕੋਬਰਾ ਨਾਗਾਂ ਦਾ ਕੰਟਰੋਲ ਹੈ। ਰਹੱਸਮਈ ਤਹਿਖਾਨਿਆਂ ਨਾਲ ਭਰਪੂਰ ਇਸ ਮੰਦਰ ਬਾਰੇ ਹੈਰਾਨਕੁੰਨ ਖਬਰਾਂ ਸੁਰਖੀਆਂ ਬਣੀਆਂ ਹੋਈਆਂ ਹਨ। ਇਸ ਮੰਦਰ ਵਿੱਚ 80 ਫੁੱਟ ਉੱਚਾ ਸਾਗਵਾਨ ਦੀ ਲੱਕੜ ਦਾ ਥੰਮ੍ਹ ਸੋਨੇ ਨਾਲ ਢਕਿਆ ਹੋਇਆ ਹੈ। 35 ਮੀਟਰ ਉੱਚੇ 7 ਗੁੰਬਦ ਵੀ ਦੱਸੇ ਜਾਂਦੇ ਹਨ ਜੋ ਪੂਰੀ ਤਰ੍ਹਾਂ ਸੋਨੇ ਨਾਲ ਢਕੇ ਹੋਏ ਹਨ। ਇਸ ਮੰਦਰ ਦੇ ਸੋਨੇ ਦੇ ਭੰਡਾਰ ਦੇਸ਼ ਦੀ ਤਕਦੀਰ ਬਦਲ ਕੇ ਇਸ ਨੂੰ ਵਿਸ਼ਵ ਦਾ ਨੰਬਰ ਇੱਕ ਦੇਸ਼ ਬਣਾਉਣ ਦੇ ਸਮਰੱਥ ਦੱਸੇ ਜਾਂਦੇ ਹਨ।
ਦੂਸਰੇ ਨੰਬਰ ’ਤੇ 1577 ਵਿੱਚ ਚੌਥੇ ਸਿੱਖ ਗੁਰੂ ਰਾਮਦਾਸ ਜੀ ਦੁਆਰਾ ਨਿਰਮਾਣ ਕਰਵਾਏ ਗਏ ਗੋਲਡਨ ਟੈਂਪਲ ਸ਼੍ਰੀ ਅਮ੍ਰਿਤਸਰ ਦੀ ਗਿਣਤੀ ਹੁੰਦੀ ਹੈ। ਸਰੋਵਰ ਦੇ ਵਿੱਚ ਉਸਾਰਿਆ ਗਿਆ ਇਹ ਆਪਣੀ ਤਰ੍ਹਾਂ ਦਾ ਵਿਸ਼ਵ ਦਾ ਪਹਿਲਾ ਗੁਰ ਅਸਥਾਨ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਮਹਾਨ ਅਸਥਾਨ ਦੀਆਂ ਦੀਵਾਰਾਂ ਉੱਪਰ ਸੋਨੇ ਦਾ ਪੱਤਰ ਚੜ੍ਹਾਇਆ ਸੀ ਜਿਸਦੀ ਮਾਤਰਾ 750 ਕਿਲੋਗਰਾਮ ਸ਼ੁੱਧ ਸੋਨੇ ਦੀ ਦੱਸੀ ਜਾਂਦੀ ਹੈ। ਪੰਜਵੇਂ ਸਿੱਖ ਗੁਰੂ, ਗੁਰੂ ਅਰਜਨ ਦੇਵ ਜੀ ਨੇ ਇਸ ਤੀਰਥ ਅਸਥਾਨ ਦੀ ਨੀਂਹ ਮੁਸਲਮਾਨ ਪੀਰ ਸਾਂਈ ਮੀਆਂ ਮੀਰ ਜੀ ਕੋਲੋਂ ਰਖਵਾ ਕੇ ਅਤੇ ਇਸਦੇ ਚਹੁਆਂ ਦਿਸ਼ਾਵਾਂ ਵਿੱਚ ਚਾਰ ਦਰਵਾਜੇ ਰੱਖ ਕੇ ਇਸ ਨੂੰ ਬਿਨਾਂ ਕਿਸੇ ਭਿੰਨ ਭੇਦ ਸਮੁੱਚੀ ਮਨੁੱਖਤਾ ਨੂੰ ਸਮਰਪਿਤ ਕੀਤਾ ਸੀ। ਵਿਸ਼ਵ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਯਾਤਰੀ ਇਸ ਮਹਾਨ ਤੀਰਥ ਅਸਥਾਨ, ਜਿਸਨੂੰ ਮਹਾਨ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ, ਨੂੰ ਵੇਖਣ ਲਈ ਆਉਂਦੇ ਰਹਿੰਦੇ ਹਨ। ਇਸ ਸਥਾਨ ਦੀ ਮਹਾਨ ਤੇ ਵਿਸ਼ਵ ਵਿੱਚ ਅਨੋਖੀ ਮਿਸਾਲ ਇਹ ਵੀ ਹੈ ਕਿ ਇੱਥੇ ਸਦਾ ਹੀ ਗੁਰੂ ਕੇ ਲੰਗਰ ਚਲਦੇ ਰਹਿੰਦੇ ਹਨ ਤੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਰੋਜਾਨਾ ਲੰਗਰ ਛਕਦੇ ਹਨ।
ਤਾਮਿਲ ਨਾਡੂ ਦਾ ਪ੍ਰਸਿੱਧ ਵੈਲੋਰ ਗੋਲਡਨ ਟੈਂਪਲ ਜੋ 100 ਏਕੜ ਭੂਮੀ ਵਿੱਚ ਫੈਲਿਆ ਹੋਇਆ ਹੈ, ਤੀਸਰੇ ਨੰਬਰ ਤੇ ਆਂਕਿਆ ਗਿਆ ਹੈ। ਇਸ ਮੰਦਰ ਦੀ ਤਿਆਰੀ ਤੇ 1500 ਕਿਲੋਗ੍ਰਾਮ ਸੋਨਾ ਵਰਤਿਆ ਗਿਆ ਸੀ। ਇਸ ਮੰਦਰ ਦੀ ਅਨੁਮਾਨਿਤ ਲਾਗਤ 300 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਵਾਰਾਨਾਸੀ ਦੇ ਕਾਂਸ਼ੀ ਵਿਸ਼ਵਾਨਾਥ ਮੰਦਰ ਜੋ ਲਾਰਡ ਸ਼ਿਵਾ ਦੇ ਮੰਦਰ ਦੇ ਨਾਮ ਨਾਲ ਪ੍ਰਸਿੱਧ ਹੈ 1780 ਈਸਵੀ ਵਿੱਚ ਮਰਾਠਾ ਮਹਾਰਾਣੀ ਅਹੱਲਿਆ ਹੋਲਕਰ ਦੁਆਰਾ ਬਣਾਇਆ ਗਿਆ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਭੇਟ ਕੀਤਾ ਗਿਆ ਸੋਨਾ ਇਸ ਮੰਦਰ ਦੇ ਦੋ ਗੁੰਬਦਾਂ ਉੱਪਰ ਲਗਾਇਆ ਗਿਆ ਦੱਸਿਆ ਜਾਂਦਾ ਹੈ।
ਇਸ ਤੋਂ ਇਲਾਵਾ ਤ੍ਰਿਪਤੀ ਬਾਲਾ ਜੀ ਮੰਦਰ ਆਂਧਰਾ ਪ੍ਰਦੇਸ਼ ਵਿੱਚ ਬਹੁਤ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਜਿਸਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਨੂੰ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਲੰਬੀ ਇੰਤਜ਼ਾਰ ਵੀ ਕਰਨੀ ਪੈਂਦੀ ਹੈ ਅਤੇ ਇੱਕ ਖਾਸ ਪਹਿਰਾਵਾ ਪਹਿਨ ਕੇ ਹੀ ਸ਼ਰਧਾਲੂ ਉੱਥੇ ਜਾ ਸਕਦੇ ਹਨ। ਇਸ ਮੰਦਰ ਦੀ ਲਾਗਤ ਵੀ 900 ਤੋਂ 1000 ਕਰੋੜ ਰੁਪਏ ਦੇ ਨੇੜੇ ਤੇੜੇ ਦੱਸੀ ਜਾਂਦੀ ਹੈ। ਮਹਾਰਾਸ਼ਟਰ ਦੇ ਨਾਸਿਕ ਵਿਖੇ ਸਥਿਤ ਸਿਰੜੀ ਸਾਂਈ ਬਾਬਾ ਦਾ ਮੰਦਰ ਵੀ ਬਹੁਤ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ। 540 ਕਰੋੜ ਦੇ ਕਰੀਬ ਕਮਾਈ ਵਾਲਾ ਇਹ ਮੰਦਰ ਵੀ ਚਰਚਾ ਵਿੱਚ ਰਹਿੰਦਾ ਹੈ। ਜੰਮੂ ਵਿਖੇ ਸਥਿਤ ਮਾਤਾ ਵੈਸ਼ਨੋ ਮੰਦਰ ਵੀ ਬਹੁਤ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ। ਅਮਰ ਨਾਥ ਮੰਦਰ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਤਰ੍ਹਾਂ ਇਹ ਵੀ ਚਰਚਾ ਵਿੱਚ ਰਹਿੰਦਾ ਹੈ। ਇਸਦੀ ਅਨੁਮਾਨਤ ਲਾਗਤ ਵੀ 500 ਕਰੋੜ ਰੁਪਏ ਦੇ ਇਰਦ ਗਿਰਦ ਅੰਕੀ ਗਈ ਹੈ। ਮੀਨਾਕਸ਼ੀ ਮੰਦਰ ਮਦੁਰਾਏ ਅਤੇ ਸਾਬਰੀਮਾਲਾ ਮੰਦਰ ਕੈਰਲਾ ਵੀ ਕਾਫੀ ਮਸ਼ਹੂਰ ਹਨ। 105 ਕਰੋੜੀ ਸਾਬਰੀਮਾਲਾ ਮੰਦਰ ਤਾਂ ਅੱਜਕੱਲ ਉਂਜ ਵੀ ਸੁਰਖੀਆਂ ਵਿੱਚ ਹੈ ਜਦੋਂ ਉਸਨੂੰ ਲੰਬੇ ਅਰਸੇ ਬਾਅਦ ਔਰਤ ਸ਼ਰਧਾਲੂਆਂ ਵਾਸਤੇ ਖੋਲ੍ਹਿਆ ਗਿਆ ਸੀ।
ਜਗਨਨਾਥਪੁਰੀ ਦਾ ਮੰਦਰ ਜਿਸਦੀ ਜਾਇਦਾਦ ਵਿੱਚ 25711 ਏਕੜ ਜਮੀਨ ਤੇ 52 ਟਨ ਸੋਨੇ ਦੇ ਗਹਿਣੇ ਵੀ ਦੱਸੇ ਜਾਂਦੇ ਹਨ ਵੀ ਬਹੁਤ ਮਹਤੱਵਪੂਰਨ ਮੰਦਰ ਹੈ। ਗੁਜਰਾਤ ਦਾ ਸੋਮਨਾਥ ਮੰਦਰ ਵੀ ਕਰੋੜਾਂ ਦੀ ਜਮੀਨ ਵਾਲਾ ਮੰਦਰ ਹੈ ਜਿਹੜਾ ਕਈ ਵਾਰ ਗੌਰੀਆਂ ਅਤੇ ਗਜ਼ਨਵੀਆਂ ਦੁਆਰਾ ਲੁਟਿਆ ਗਿਆ ਸੀ। ਕਈ ਮੰਦਰਾਂ ਦੇ ਮੁਲਾਜਮਾਂ ਦੀ ਗਿਣਤੀ ਵੀ ਹਜ਼ਾਰਾਂ ਵਿੱਚ ਹੈ, ਜਿਵੇਂ ਤ੍ਰਿਪਤੀ ਬਾਲਾ ਜੀ ਦੇ ਮੰਦਰ ਦੇ ਮੁਲਾਜਮਾਂ ਦੀ ਗਿਣਤੀ 14000 ਦੇ ਕਰੀਬ ਦੱਸੀ ਜਾਂਦੀ ਹੈ। 24 ਮਾਰਚ 2016 ਨੂੰ ਵਿਸ਼ਵ ਗੋਲਡ ਕੌਂਸਲ ਨੇ ਇੱਕ ਅੰਦਾਜ਼ਾ ਲਗਾਇਆ ਸੀ ਕਿ ਭਾਰਤ ਵਿੱਚ ਅਜਿਹੇ ਵੱਖ ਵੱਖ ਸਥਾਨਾਂ ਕੋਲ 22000 ਟੱਨ ਦੇ ਲਗਭਗ ਸੋਨੇ ਦੇ ਭੰਡਾਰ ਹਨ। ਇਸਦਾ ਅਰਥ ਹੋਇਆ ਕਿ ਭਾਰਤ ਜੇ ਬੀਤੇ ਵਿੱਚ ਸੋਨੇ ਦੀ ਚਿੜੀ ਰਿਹਾ ਹੈ ਤਾਂ ਹੁਣ ਵੀ ਸੋਨੇ ਦੀ ਚਿੜੀ ਹੀ ਹੈ। ਇਹ ਵੱਖਰੀ ਗੱਲ ਹੈ ਕਿ ਇਹ ਸੋਨਾ ਦੇਸ਼ ਹਿਤ ਲਈ ਨਾ ਵਰਤ ਹੋ ਕੇ ਅਣਵਰਤਿਆ ਪਿਆ ਹੋਇਆ ਹੈ ਜਾਂ ਫਿਰ ਸਵਾਰਥ ਦੀ ਭੇਟ ਚੜ੍ਹ ਚੁੱਕਾ ਹੈ। ਮੰਦਰਾਂ ਦੀ ਇਹ ਗਿਣਤੀ ਤਾਂ ਬਹੁਤ ਮੋਟੀ ਮੋਟੀ ਹੈ, ਛੋਟੇ ਪੱਧਰ ਤੇ ਤਾਂ ਇੱਥੇ ਅਣਗਿਣਤ ਹੀ ਮੰਦਰ ਹਨ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਜਿਹੇ ਧਾਰਮਿਕ ਸਥਾਨ ਮਨੁੱਖਤਾ ਨੂੰ ਨੈਤਿਕਤਾ ਪ੍ਰਦਾਨ ਕਰਨ ਦੇ ਮਕਸਦ ਨਾਲ ਬਣਾਏ ਗਏ ਸਨ। ਅਜਿਹੇ ਵਿੱਚ ਇਨ੍ਹਾਂ ਨਾਲ ਲੋਕਾਂ ਦੀ ਸ਼ਰਧਾ ਭਾਵਨਾ ਦਾ ਜੁੜਨਾ ਵੀ ਕੁਦਰਤੀ ਹੀ ਸੀ। ਸਾਡੀ ਸੋਚ ਅਜਿਹੀ ਬਣ ਚੁੱਕੀ ਹੈ ਕਿ ਸਾਡੇ ਵੱਖ ਵੱਖ ਧਾਰਮਿਕ ਅਸਥਾਨ ਲੋਕਾਂ ਲਈ ਉਹਨਾਂ ਦੇ ਇਸ਼ਟ ਦਾ ਘਰ ਬਣ ਚੁੱਕੇ ਹਨ। ਇਹ ਸਮਝਦੇ ਹੋਏ ਵੀ ਕਿ ਰੱਬ ਕੇਵਲ ਧਰਮ ਸਥਾਨਾਂ ਵਿੱਚ ਹੀ ਨਾ ਹੋ ਕੇ ਸਰਬ ਵਿਆਪਕ ਹੈ ਅਤੇ ਸੋਨੇ ਚਾਂਦੀ ਜਾਂ ਰੁਪਏ ਪੈਸੇ ’ਤੇ ਉਹ ਬਿਲਕੁਲ ਨਹੀਂ ਰੀਝਦਾ, ਸਗੋਂ ਉਹ ਤਾਂ ਪਿਆਰ ਦਾ ਸੋਮਾ ਤੇ ਪ੍ਰਤੀਕ ਹੈ, ਫਿਰ ਵੀ ਲੋਕ ਮੰਦਰਾਂ ਵਿੱਚ ਸੋਨਾ ਚਾਂਦੀ ਅਤੇ ਰੁਪਏ ਪੈਸੇ ਦੇ ਅੰਬਾਰ ਲਾਉਣੋ ਨਹੀਂ ਹਟਦੇ। ਮੂਰਤੀਆਂ ਨੂੰ ਇੱਥੇ ਦੁੱਧ ਨਾਲ ਨੁਹਾਇਆ ਜਾਂਦਾ ਹੈ ਤੇ ਦੁੱਧ ਤਾਂ ਕੀ ਚਾਹ, ਰੋਟੀ ਤੇ ਕੱਪੜਿਆਂ ਨੂੰ ਤਰਸਣ ਵਾਲੇ ਲੋਕਾਂ ਦੀ ਗਿਣਤੀ ਹਾਲੇ ਵੀ ਕਰੋੜਾਂ ਵਿੱਚ ਹੈ। ਅੱਜ ਦੇ ਤਕਨੀਕੀ ਤੇ ਅਗਾਂਹ ਵਧੂ ਦੌਰ ਵਿੱਚ ਲੋਕਾਂ ਨੂੰ ਆਪਣੀ ਸੋਚ ਅਤੇ ਆਸਥਾ ਬਦਲਣ ਦੀ ਅਤਿਅੰਤ ਲੋੜ ਹੈ। ਸਾਡਾ ਚੋਣ ਪ੍ਰਬੰਧ ਅਤੇ ਰਾਜਨੀਤਕ ਨੇਤਾ ਵੀ ਸਮੇਂ ਦੇ ਹਾਣ ਦੇ ਨਹੀਂ ਰਹੇ। ਇੱਥੇ ਹਰ ਚੋਣ ਵੇਲੇ ਕਰੋੜਾਂ ਅਰਬਾਂ ਰੁਪਏ ਖਰਚੇ ਜਾਂਦੇ ਹਨ ਪਰ ਜਦ ਸਰਕਾਰ ਬਣਦੀ ਹੈ ਤਾਂ ਖਾਲੀ ਖਜ਼ਾਨੇ ਦੇ ਢੰਡੋਰੇ ਪਿੱਟ ਕੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ। ਅਜੇ ਤੱਕ ਅਜਿਹਾ ਤਾਂ ਕਦੇ ਵੀ ਸੁਣਨ ਵਿੱਚ ਨਹੀਂ ਆਇਆ ਜਦੋਂ ਕਿਸੇ ਸਰਕਾਰ ਨੇ ਇੰਜ ਜਾਣ ਬੁੱਝ ਕੇ ਖਜ਼ਾਨਾ ਖਾਲੀ ਕਰਨ ਵਾਲੀ ਸਰਕਾਰ ਵਿਰੁੱਧ ਕੋਈ ਕਾਰਵਾਈ ਕੀਤੀ ਹੋਵੇ।
ਇੰਜ ਵੱਖ ਵੱਖ ਥਾਂਵਾਂ ’ਤੇ ਸਥਿਤ ਮੰਦਰਾਂ ਵਿੱਚ ਜਿਹੜੇ ਅਥਾਹ ਸੋਨੇ ਦੇ ਭੰਡਾਰ ਸਾਂਭੇ ਹੋਏ ਹਨ ਉਹਨਾਂ ਦੇ ਅਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਜੇ ਭਾਰਤ ਬੀਤੇ ਵਿੱਚ ਸੋਨੇ ਦੀ ਚਿੜੀ ਰਿਹਾ ਹੈ ਤਾਂ ਉਹ ਹੁਣ ਵੀ ਸੋਨੇ ਦੀ ਚਿੜੀ ਹੀ ਹੈ। ਦੇਸ ਵਿੱਚ ਸਥਿਤ ਸੋਨੇ ਦੇ ਭੰਡਾਰ ਆਖਰ ਤਾਂ ਦੇਸ਼ ਦੀ ਹੀ ਸੰਪਤੀ ਹਨ। ਪੰਜਾਬੀ ਦਾ ਇੱਕ ਸਿੱਧਾ ਜਿਹਾ ਅਖਾਣ ਹੈ; ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ? ਜੇ ਸੋਨੇ ਦੇ ਇਹ ਭੰਡਾਰ ਕੀਮਤ ਨਿਰਧਾਰਤ ਕਰਕੇ ਦੇਸ਼ ਦੇ ਖਜ਼ਾਨੇ ਵਿੱਚ ਲਏ ਜਾਣ ਤਾਂ ਦੇਸ਼ ਦੀ ਅਰਥ ਵਿਵਸਥਾ ਮਾਲੋਮਾਲ ਹੋ ਸਕਦੀ ਹੈ। ਭਾਰਤੀ ਰੁਪਏ ਦੀ ਕੀਮਤ ਡਾਲਰਾਂ ਪੌਡਾਂ ਨੂੰ ਮਾਤ ਦੇ ਸਕਦੀ ਹੈ। ਜਿਹੜੇ ਡਾਲਰ ਤੇ ਪੌਂਡ ਕਮਾਉਣ ਲਈ ਭਾਰਤ ਦਾ ਨੌਜਵਾਨ ਵਰਗ ਵਿਦੇਸ਼ਾਂ ਵੱਲ ਧੱਕੇ ਖਾਣ ਲਈ ਮਜਬੂਰ ਹੈ, ਉਸਦੀ ਹੋਣੀ ਦੇਸ਼ ਵਿੱਚ ਹੀ ਸੰਵਰ ਸਕਦੀ ਹੈ। ਪਰ ਕੋਈ ਸਰਕਾਰ ਦੇਸ਼ ਦੀ ਮੁਸ਼ਕਲ ਸਮਝਣ ਵਾਲੀ ਹੋਵੇ ਤਾਂ ਹੀ ਹੈ ਨਾ। ਕੁਦਰਤ ਨੇ ਦੇਸ਼ ਨੂੰ ਅਜਿਹੇ ਭੰਡਾਰ ਸੌਂਪੇ ਹਨ ਜੋ ਦੇਸ਼ ਦੀ ਬਿਹਤਰੀ ਲਈ ਹਨ। ਉਂਜ ਤਾਂ ਬ੍ਰਹਿਮੰਡ ਵਿਚਲਾ ਸਭ ਕੁਛ ਹੀ ਨਾਸਵਾਨ ਗਿਣਿਆ ਜਾਂਦਾ ਹੈ, ਫਿਰ ਇਸ ਸਭ ਕੁਝ ਦਾ ਦੇਸ਼ ਅਤੇ ਮਨੁੱਖਤਾ ਦੇ ਭਲੇ ਲਈ ਲਾਭ ਕਿਉਂ ਨਹੀਂ ਲਿਆ ਜਾਂਦਾ?
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1542)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)