“ਟੈਸਟ ਬਾਰੇ ਜਦੋਂ ਘਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਵੀ ਇੰਜ ਤ੍ਰਬਕੇ ਜਿਵੇਂ ਬਿਜਲੀ ...”
(3 ਜੁਲਾਈ 2021)
ਪੌਜ਼ੇਟਿਵ (ਹਾਂ ਵਾਚਕ) ਚੱਲਦਾ ਚੱਲਦਾ ਸੰਸਾਰ ਇੱਕਦਮ ਕਰੋਨਾ ਵਾਇਰਸ ਨੇ ਨਾਂਹ ਵਾਚਕ ਯਾਨੀ ਕਿ ਨੈਗੇਟਿਵ ਧੁਰੇ ਵੱਲ ਮੋੜ ਦਿੱਤਾ ਹੈ। ਕਹਿਣ ਅਤੇ ਸੁਣਨ ਨੂੰ ਭਾਵੇਂ ਇਹ ਅਜੀਬ ਲਗਦਾ ਹੈ ਪਰ ਹੈ ਸੱਚ। ਜਦੋਂ ਤੋਂ ਹੀ ਚੀਨ ਦੇ ਸ਼ਹਿਰ ਵੂਹਾਨ ਤੋਂ 2019 ਵਿੱਚ ਇਸ ਨਾਮੁਰਾਦ ਮਹਾਂਮਾਰੀ ਦੇ ਫੈਲਣ ਦਾ ਪਤਾ ਲੱਗਾ ਇੱਕਦਮ ਲੋਕਾਂ ਦੇ ਸਾਹ ਸੂਤੇ ਗਏ। ਤੇਜ਼ੀ ਨਾਲ ਫੈਲਦੀ ਇਸ ਵਾਇਰਸ ਦੀ ਲਾਗ ਨਾਲ ਬੀਮਾਰਾਂ ਦੇ ਟੈਸਟ ਪੌਜ਼ੇਟਿਵ ਆਉਣ ਨਾਲ ਹਾਹਾਕਾਰ ਮੱਚ ਜਾਂਦੀ। ਹੂਟਰ ਮਾਰਦੀਆਂ ਸਿਹਤ ਵਿਭਾਗ ਦੀਆਂ ਐਂਬੂਲੈਂਸ ਵੈਨਾਂ ਪੌਜ਼ੇਟਿਵ ਰਿਪੋਰਟ ਵਾਲੇ ਮਰੀਜ਼ ਨੂੰ ਲੈ ਕੇ ਮਿੰਟਾਂ ਵਿੱਚ ਹੀ ਦੂਰ ਹਸਪਤਾਲ ਦੀ ਸ਼ਰਨ ਵਿੱਚ ਪਹੁੰਚਦਾ ਕਰ ਦਿੰਦੀਆਂ।
ਮਾਰਚ 2020 ਵਿੱਚ ਇਹ ਵਰਤਾਰਾ ਭਾਰਤ ਵਿੱਚ ਸ਼ੁਰੂ ਹੋਇਆ ਸੀ। ਸਾਰਾ ਵਿਸ਼ਵ ਹੀ ਬੰਦ ਭਾਵ ਲੌਕਡਾਊਨ ਦੀ ਲਪੇਟ ਵਿੱਚ ਆ ਗਿਆ। ਇਸਦਾ ਪ੍ਰਚਾਰ ਇੰਨੇ ਡਰਾਉਣੇ ਢੰਗ ਨਾਲ ਕੀਤਾ ਗਿਆ ਕਿ ਪੌਜ਼ੇਟਿਵ ਰਿਪੋਰਟ ਆਉਣਾ ਹੀ ਕਈਆਂ ਲਈ ਜਾਨ ਦਾ ਖੌਅ ਬਣ ਗਿਆ। ਭਾਵੇਂ ਇਹ ਪ੍ਰਚਾਰ ਵੀ ਹੁੰਦਾ ਸੀ ਕਿ ਵਾਇਰਸ ਦੀ ਲਾਗ ਜ਼ਿਆਦਾ ਫੈਲਦੀ ਹੈ ਪਰ ਮੌਤ ਦਰ ਬਹੁਤ ਘੱਟ ਹੈ। ਫਿਰ ਵੀ ਹੋਰ ਬੀਮਾਰੀਆਂ ਨਾਲ ਗ੍ਰਸਤ ਤੇ ਕਮਜ਼ੋਰ ਦਿਲ ਵਾਲੇ ਇਸ ਨੂੰ ਸਹਿਣ ਨਾ ਕਰ ਸਕੇ। ਪੌਜ਼ੇਟਿਵ ਰਿਪੋਰਟਾਂ ਭਾਵੇਂ ਮਲੇਰੀਆ, ਟਾਈਫਾਈਡ ਆਦਿ ਦੀਆਂ ਵੀ ਬੀਮਾਰੀ ਦੀ ਸੂਚਨਾ ਦਿੰਦੀਆਂ ਸਨ ਪਰ ਉਹ ਇੰਨੀਆਂ ਡਰਾਉਣੀਆਂ ਨਹੀਂ ਸਨ ਲੱਗਦੀਆਂ ਜਿੰਨਾ ਇਸ ਨਾਮੁਰਾਦ ਬੀਮਾਰੀ ਵਾਲੀ ਪੌਜ਼ੇਟਿਵ ਰਿਪੋਰਟ ਤੋਂ ਡਰ ਲੱਗਦਾ ਸੀ। ਇਸੇ ਡਰ ਕਾਰਨ ਹੀ ਬਹੁਤੇ ਲੋਕ ਘਰਾਂ ਵਿੱਚ ਹੀ ਓਹੜ-ਪੋਹੜ ਕਰ ਲੈਂਦੇ ਸਨ ਤੇ ਟੈਸਟ ਨਹੀਂ ਸਨ ਕਰਵਾਉਂਦੇ। ਕਈ ਕੇਸਾਂ ਵਿੱਚ ਟੈਸਟ ਕਰਵਾਉਣ ਲਈ ਪੁਲਿਸ ਦੀ ਵਰਤੋਂ ਵੀ ਕੀਤੀ ਗਈ। ਟੈਸਟ ਕਰਵਾਉਣ ਵਾਲੇ ਤੇ ਉਸਦੇ ਪਰਿਵਾਰ ਵਾਲੇ ਆਪਣੇ ਸਾਰੇ ਇਸ਼ਟਾਂ ਨੂੰ ਧਿਆਉਂਦੇ ਕਿ ਉਹਨਾਂ ਦੀ ਰਿਪੋਰਟ ਪੌਜ਼ੇਟਿਵ ਨਾ ਆਵੇ?
ਨੈਗੇਟਿਵ ਲਫਜ਼ ਉਂਜ ਲੋਕਾਂ ਨੂੰ ਸਿੱਧੇ ਮੂੰਹ ਨਹੀਂ ਭਾਉਂਦਾ ਪਰ ਇਸ ਕਰੋਨਾ ਨੇ ਲੋਕਾਂ ਨੂੰ ਨੈਗੇਟਿਵ ਦੇ ਪਿਆਰੇ ਬਣਾ ਦਿੱਤਾ। ਨੈਗੇਟਿਵ ਰਿਪੋਰਟ ਆਉਣ ਨਾਲ ਮਰੀਜ਼ ਅਤੇ ਉਸਦੇ ਪਰਿਵਾਰ ਨੂੰ ਵਿਆਹ ਤੋਂ ਵੀ ਵੱਧ ਚਾਅ ਚੜ੍ਹ ਜਾਂਦਾ ਤੇ ਬੜੇ ਸੌਕ ਨਾਲ ਉਹ ਨੈਗੇਟਿਵ ਰਿਪੋਰਟ ਦਾ ਪ੍ਰਚਾਰ ਵੀ ਕਰਦੇ। ਪਰ ਪੌਜ਼ੇਟਿਵ ਰਿਪੋਰਟ ਆਉਣ ਨਾਲ ਸਭ ਨੂੰ ਸੱਪ ਸੁੰਘ ਜਾਂਦਾ। ਸਾਲ 2020 ਦੌਰਾਨ ਸਾਡੇ ਭਾਰਤ ਦੇਸ਼ ਵਿੱਚ ਜ਼ਿਆਦਾ ਬੀਮਾਰੀਆਂ ਵਾਲੇ ਲੋਕ ਇਸ ਵਾਇਰਸ ਨਾਲ ਮਰੇ ਸਨ ਜਾਂ ਫਿਰ ਇਸਦੀ ਦਹਿਸ਼ਤ ਨਾਲ। ਸਗੋਂ ਲੌਕਡਾਊਨ ਕਾਰਨ ਹਫੜਾ ਦਫੜੀ ਵਿੱਚ ਆਪਣੇ ਪਿਤਰੀ ਰਾਜਾਂ ਵੱਲ ਪਰਤਣ ਵਾਲੇ ਮਜ਼ਦੂਰ ਜ਼ਿਆਦਾ ਹਾਦਸਿਆਂ ਦਾ ਸ਼ਿਕਾਰ ਹੋ ਗਏ ਸਨ। ਕੁਦਰਤ ਨਾਲ ਖਿਲਵਾੜ ਕਰਨ ਦਾ ਨਤੀਜਾ ਆਮ ਲੋਕਾਂ ਨੂੰ ਭੁਗਤਣਾ ਪਿਆ। ਡਰੇ ਤਾਂ ਭਾਵੇਂ ਅਮੀਰ ਜ਼ਿਆਦਾ ਸਨ ਪਰ ਸਰੋਤਾਂ ਦੇ ਹੁੰਦੇ ਹੋਏ ਉਹਨਾਂ ਲਈ ਪ੍ਰਬੰਧ ਕਰਨਾ ਦੂਜਿਆਂ ਨਾਲੋਂ ਸੁਖਾਲਾ ਸੀ। ਇਸ ਤਕਨੀਕ ਦੇ ਯੁਗ ਦੌਰਾਨ ਵੀ ਸਾਡੇ ਦੇਸ਼ ਵਿੱਚ ਅੰਧ ਵਿਸ਼ਵਾਸ ਦਾ ਨੰਗਾ ਨਾਚ ਹੋਇਆ। ਭਾਂਡੇ ਖੜਕਾਏ ਗਏ, ਦੀਵੇ ਤੇ ਮੋਮਬੱਤੀਆਂ ਜਗਾ ਕੇ ਵੀ ਕਰੋਨਾ ਨੂੰ ਭਜਾਉਣ ਦਾ ਯਤਨ ਹੋਇਆ। ਬੀਮਾਰੀਆਂ ਤੋਂ ਇੰਜ ਨਿਜਾਤ ਨਹੀਂ ਮਿਲਦੀ ਹੈ? ਲੰਬੇ ਬੰਦ ਤੇ ਚੇਨ ਟੁੱਟਣ ਨਾਲ ਭਾਰਤ ਇਸਦੇ ਬੁਰੇ ਪ੍ਰਭਾਵ ਤੋਂ ਕਾਫੀ ਹੱਦ ਤਕ ਬਚਿਆ ਰਿਹਾ।
ਸਾਇੰਸਦਾਨਾਂ ਨੇ ਅਣਥੱਕ ਯਤਨਾਂ ਨਾਲ ਇਸਦੀ ਵੈਕਸੀਨ ਵੀ ਤਿਆਰ ਕਰ ਲਈ। ਕਰਦੇ ਕਰਦੇ ਕਰੋਨਾ ਦੀ ਦੂਜੀ ਲਹਿਰ ਨੇ ਭਾਰਤ ਨੂੰ 2021 ਦੇ ਸ਼ੁਰੂ ਵਿੱਚ ਹੀ ਘੇਰ ਲਿਆ। ਪ੍ਰਬੰਧਾਂ ਤੋਂ ਵਿਹੂਣੇ ਤੇ ਤਿਆਰੀ ਰਹਿਤ ਦੇਸ਼ ਨੂੰ ਦੂਜੀ ਲਹਿਰ ਨੇ ਚੰਗਾ ਹਲੂਣਾ ਦਿੱਤਾ ਹੈ। ਸੰਘਣੀ ਅਬਾਦੀ ਵਾਲੇ ਦਿੱਲੀ ਸ਼ਹਿਰ, ਮਹਾਰਾਸ਼ਟਰ ਤੇ ਪੰਜਾਬ ਵਿੱਚ ਵੀ ਇਸਨੇ ਕਾਫੀ ਜ਼ੋਰ ਫੜ ਲਿਆ।
ਸਰਕਾਰ ਚੋਣਾਂ ਕਰਵਾਉਣ ਵਿੱਚ ਰੁੱਝੀ ਰਹੀ ਤੇ ਲੋਕ ਕੁੰਭ ਦੇ ਮੇਲੇ ਵਿੱਚ ਨਹਾਉਂਦੇ ਰਹੇ। ਕਰੋਨਾ ਆਪਣਾ ਕੰਮ ਕਰਦਾ ਰਿਹਾ। ਆਕਸੀਜਨ ਲੈਵਲ ਗੜਬੜਾਉਣ ਨਾਲ ਕਾਫੀ ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ। ਕਾਬਲ ਡਾਕਟਰ ਵੀ ਦੂਜੀ ਲਹਿਰ ਦਾ ਸ਼ਿਕਾਰ ਹੋ ਗਏ ਅਤੇ ਕਈ ਰਾਜਨੇਤਾ ਵੀ। ਭਾਰਤ ਦੇ ਉੱਡਣੇ ਸਿੱਖ ਦੇ ਨਾਮ ਨਾਲ ਮਸ਼ਹੂਰ ਵਿਸ਼ਵ ਪ੍ਰਸਿੱਧ ਦੌੜਾਕ ਮਿਲਖਾ ਸਿੰਘ ਤੇ ਉਸਦੀ ਵਾਲੀਵਾਲ ਦੀ ਪ੍ਰਸਿੱਧ ਖਿਡਾਰਨ ਪਤਨੀ ਨਿਰਮਲ ਕੌਰ ਕਰੋਨਾ ਨਾਲ ਯੁੱਧ ਲੜਦੇ ਲੜਦੇ ਵਿਛੋੜਾ ਦੇ ਗਏ। ਹਾਲਾਂਕਿ ਉੱਡਣਾ ਸਿੱਖ ਆਪ ਤਾਂ ਕਰੋਨਾ ਨੈਗੇਟਿਵ ਵੀ ਹੋ ਗਿਆ ਸੀ ਪਰ ਜੀਵਨ ਸਾਥਣ ਦੇ ਨਾਲ ਹੀ ਨਿਭ ਗਿਆ।
ਮਿੰਨੀ ਲੌਕ-ਡਾਊਨ ਲਗਾਉਣ ਨਾਲ, ਵੈਕਸੀਨੇਸ਼ਨ ਤੇਜ਼ ਕਰਨ ਨਾਲ ਤੇ ਰਿਪੋਰਟ ਪੌਜ਼ੇਟਿਵ ਆਉਣ ’ਤੇ ਘਰਾਂ ਵਿੱਚ ਹੀ ਕੁਆਰਨਟਾਈਨ ਕਰਕੇ ਇਸਦੀ ਗਤੀ ਕੁਝ ਧੀਮੀ ਹੋਣ ਨਾਲ ਲੋਕਾਂ ਨੂੰ ਰਾਹਤ ਮਹਿਸੂਸ ਹੋਈ ਹੈ। ਪਰ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਕੇ ਵਿੱਛੜ ਗਏ ਹਨ ਉਹਨਾਂ ਨੂੰ ਤਾਂ ਸਰਕਾਰ ਤੇ ਗਿਲਾ ਰਹੇਗਾ ਹੀ। ਲੋਕ ਆਪਣੇ ਜਾਨ ਮਾਲ ਦੀ ਸੁਰੱਖਿਆ ਲਈ ਹੀ ਸਰਕਾਰਾਂ ਚੁਣਦੇ ਹਨ। ਜੇ ਉਹ ਹੱਥ ’ਤੇ ਹੱਥ ਧਰ ਕੇ ਬੈਠੀਆਂ ਰਹਿਣ ਅਤੇ ਵਿਹੜੇ ਆਈ ਜੰਞ ਤੇ ਵਿੰਨ੍ਹੋ ਕੁੜੀ ਦੇ ਕੰਨ ਵਾਂਗ ਹੱਥ ਪੈਰ ਮਾਰਨ ਲੱਗ ਪੈਣ ਤਾਂ ਉਂਗਲਾਂ ਵੀ ਜ਼ਰੂਰ ਉੱਠਣਗੀਆਂ।
ਵੱਡੀ ਅਬਾਦੀ ਵਾਲੇ ਸਾਡੇ ਦੇਸ਼ ਵਿੱਚ ਅਫਵਾਹਾਂ ਦਾ ਦੌਰ ਵੀ ਗਰਮ ਰਹਿੰਦਾ ਹੈ। ਬਹੁਤੇ ਨੌਜਵਾਨ ਇਸ ਕਰੋਨਾ ਨੂੰ ਟਿੱਚ ਕਰਕੇ ਹੀ ਜਾਣਦੇ ਸਨ। ਕਈ ਲੋਕ ਤਾਂ ਮਾਸਕ ਵੀ ਵਿਖਾਵੇ ਮਾਤਰ ਹੀ ਪਹਿਨਦੇ ਸਨ। ਜ਼ਿਆਦਾਤਰ ਉਹ ਚਲਾਨ ਤੋਂ ਬਚਣ ਲਈ ਜਿਵੇਂ ਹੈਲਮਟ ਬਾਂਹ ਵਿੱਚ ਟੰਗ ਲੈਂਦੇ ਹਨ ਤੇ ਨਾਕੇ ਨੇੜੇ ਜਾ ਕੇ ਸਿਰ ’ਤੇ ਰੱਖ, ਨਾਕਾ ਲੰਘਦੇ ਹੀ ਫਿਰ ਬਾਂਹ ਵਿੱਚ ਟੰਗ ਲੈਂਦੇ ਹਨ। ਜੇ ਅਚਾਨਕ ਦੁਰਘਟਨਾ ਹੋ ਜਾਵੇ ਤਾਂ ਹੈਲਮਟ ਬਾਂਹ ਵਿੱਚ ਹੀ ਟੰਗਿਆ ਰਹਿ ਜਾਂਦਾ ਹੈ। ਪ੍ਰੋਟੋਕਾਲ ਤੇ ਅਨੁਸ਼ਾਸਨ ਵਿੱਚ ਰਹਿਣਾ ਤਾਂ ਜ਼ਰੂਰੀ ਹੁੰਦਾ ਹੈ। ਨਿਯਮਾਂ ਦੀ ਪਾਲਣਾ ਨਾ ਕੀਤੀ ਜਾਵੇ ਤਾਂ ਉਹਨਾਂ ਦੇ ਬਣਾਉਣ ਦੀ ਕੋਈ ਤੁਕ ਨਹੀਂ ਰਹਿੰਦੀ? ਜਿੰਨਾ ਚਿਰ ਤਕ ਲੋਕ ਪੜ੍ਹੇ ਲਿਖੇ ਤੇ ਜਾਗਰੂਕ ਨਹੀਂ ਹੋਣਗੇ ਨਿਯਮਾਂ ਨੂੰ ਵੀ ਤਿਲਾਂਜਲੀ ਦਿੰਦੇ ਰਹਿਣਗੇ। ਖੈਰ! ਇਸ ਦੁਨੀਆਂ ਦਾ ਆਪਣਾ ਹੀ ਢੰਗ ਤਰੀਕਾ ਹੈ। ਕਿਸੇ ਨੂੰ ਕੁਝ ਮਾਫਕ ਆਉਂਦਾ ਹੈ ਤੇ ਕਿਸੇ ਨੂੰ ਕੁਝ! ਅਕਸਰ ਸ਼ਬਦਾਂ ਦੇ ਲਫ਼ਜ਼ੀ ਮਾਅਨੇ ਵੀ ਸਥਿਤੀ ਅਨੁਸਾਰ ਅਰਥ ਬਦਲਦੇ ਰਹਿੰਦੇ ਹਨ। ਅੱਗ ਦੂਸਰਿਆਂ ਦੇ ਘਰ ਲੱਗੀ ਹੋਵੇ ਤਾਂ ਬਸੰਤਰ ਨਜ਼ਰ ਆਉਂਦੀ ਹੈ ਪਰ ਜੇ ਸੇਕ ਆਪਣਿਆਂ ਨੂੰ ਲੱਗੇ ਤਾਂ ਅੱਗ ਬਣ ਜਾਂਦੀ ਹੈ।
ਬੜਾ ਸਤਰਕ ਅਤੇ ਹਰ ਸਮੇਂ ਮਾਸਕ ਲਗਾ ਕੇ ਹੀ ਬਾਹਰ ਨਿਕਲਣ ਵਾਲਾ ਸਾਡਾ ਫਾਰਮਾਸਿਸਿਟ ਦੋਸਤ ਕਿਸੇ ਸੱਜਣ ਮਿੱਤਰ ਤੋਂ ਹੀ ਕਰੋਨਾ ਦੀ ਲਾਗ ਨਾਲ ਪ੍ਰਭਾਵਤ ਹੋ ਗਿਆ। ਹੱਡਬੀਤੀ ਦੱਸਦਿਆਂ ਉਸਨੇ ਸਰੀਰ ਨੂੰ ਕੰਬਣੀ ਲਗਾ ਦਿੱਤੀ। ਕਰੋਨਾ ਦੀ ਛੂਤ ਨਾਲ ਬੁਖਾਰ ਤਾਂ ਹੋਣਾ ਹੀ ਸੀ। ਦੋ ਦਿਨ ਬੁਖਾਰ ਰਹਿਣ ’ਤੇ ਉਸਦੇ ਡਾਕਟਰ ਨੇ ਟੈਸਟ ਕਰਵਾਉਣ ਲਈ ਰੈਫਰ ਕਰ ਦਿੱਤਾ। ਨਾਲ ਹੀ ਉਸ ਤੋਂ ਦੂਰੀ ਵੀ ਬਣਾ ਲਈ। ਉਸ ਨੂੰ ਬੜਾ ਅਜੀਬ ਲੱਗਾ। ਪਰ ਪ੍ਰੋਟੋਕਾਲ ਇਹੀ ਕਹਿੰਦਾ ਸੀ। ਹਾਲਾਂਕਿ ਉਸਨੇ ਵੈਕਸੀਨ ਦੀ ਇੱਕ ਡੋਜ਼ ਵੀ ਲੈ ਰੱਖੀ ਸੀ ਤੇ ਉਹ ਦੇਸੀ ਕਾਹੜੇ ਵੀ ਨਿਰੰਤਰ ਲੈਂਦਾ ਰਹਿੰਦਾ ਸੀ ਤੇ ਵਰਜਸ਼ ਵੀ ਜ਼ਰੂਰ ਕਰਦਾ ਸੀ। ਟੈਸਟ ਬਾਰੇ ਜਦੋਂ ਘਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਵੀ ਇੰਜ ਤ੍ਰਬਕੇ ਜਿਵੇਂ ਬਿਜਲੀ ਦਾ ਸ਼ਾਕ ਲੱਗਾ ਹੋਵੇ। ਦੋਸਤ ਦਾ ਕਮਰਾ, ਬਾਥ ਰੂਮ ਸਭ ਅਲੱਗ ਹੋ ਗਿਆ। ਖਾਣ ਪੀਣ ਵਾਲੀਆਂ ਚੀਜ਼ਾਂ ਵੀ ਉਸਦੇ ਕਮਰੇ ਦੇ ਬਾਹਰ ਟਿਕਣ ਲੱਗ ਪਈਆਂ ਤੇ ਗੱਲਬਾਤ ਵੀ ਮੋਬਾਇਲ ਰਾਹੀਂ ਹੋਣ ਲੱਗ ਪਈ।
ਜਦੋਂ ਤੀਸਰੇ ਦਿਨ ਰਿਪੋਰਟ ਵੀ ਪੌਜ਼ੇਟਿਵ ਆ ਗਈ ਤਾਂ ਇੰਜ ਵਰਤਾਰਾ ਸ਼ੁਰੂ ਹੋ ਗਿਆ ਜਿਵੇਂ ਉਹ ਕਿਸੇ ਹੋਰ ਦੁਨੀਆਂ ਦਾ ਬਾਸ਼ਿੰਦਾ ਹੋਵੇ! ਫਤਿਹ-ਕਿੱਟ ਦਵਾਈਆਂ ਸਮੇਤ ਉਸਦੇ ਕਮਰੇ ਦੇ ਦਰਵਾਜੇ ਨੇੜੇ, ਮੇਜ਼ ਤੇ ਟਿਕਾ ਕੇ ਉਸ ਨੂੰ ਇਕਾਂਤਵਾਸ ਕਰ ਦਿੱਤਾ ਗਿਆ। ਭਾਫ ਲੈਣ ਲਈ ਸਟੀਮਰ ਅਤੇ ਗਰਮ ਪਾਣੀ ਦੀ ਬੋਤਲ ਪੀਣ ਅਤੇ ਗਰਾਰੇ ਕਰਨ ਲਈ ਉਸ ਨੂੰ ਮਿਲ ਜਾਂਦੀ ਤੇ ਕੋਈ ਵੀ ਉਸ ਨੂੰ ਮਿਲਣ ਜਾਂ ਉਸ ਵੱਲ ਝਾਕਣ ਦੀ ਕੋਸ਼ਿਸ਼ ਨਾ ਕਰਦਾ। ਇੰਜ ਲੱਗਦਾ ਜਿਵੇਂ ਮਕਾਨ ਵਿੱਚ ਕੰਧ ਕੱਢ ਕੇ ਉਸ ਨੂੰ ਅਲੱਗ ਕਰ ਦਿੱਤਾ ਹੋਵੇ। ਫੋਨ ਉੱਪਰ ਗੱਲਬਾਤ ਤਾਂ ਭਾਵੇਂ ਪਰਿਵਾਰ ਵਾਲੇ ਸਾਰੇ ਕਰਦੇ ਸਨ ਪਰ ਸਰੀਰਕ ਦੂਰੀਆਂ ਨੇ ਉਸ ਨੂੰ ਕੱਲਮ’ਕੱਲਾ ਕਰ ਦਿੱਤਾ। ਉਹ ਫੋਨ ਨੂੰ ਵੀ ਨਫਰਤ ਕਰਨ ਲੱਗ ਪਿਆ ਤੇ ਲੱਗਾ 14 ਦਿਨਾਂ ਦੀ ਗਿਣਤੀ ਕਰਨ। ਦਵਾਈਆਂ, ਕਾਹੜੇ ਤੇ ਨਾਲ ਦੀ ਨਾਲ ਕਰੋਨਾ ਦਾ ਧੁੜਕੂ ਡਰਾਉਂਦਾ ਰਹਿੰਦਾ। ਉਂਜ ਤੀਸਰੇ ਚੌਥੇ ਦਿਨ ਤੋਂ ਬਾਦ ਬੁਖਾਰ ਵੀ ਦੁਬਾਰਾ ਨਹੀਂ ਸੀ ਹੋਇਆ ਤੇ ਜੀਭ ਦਾ ਸੁਆਦ ਤੇ ਸੁੰਘਣ ਸ਼ਕਤੀ ਵੀ ਕਾਇਮ ਰਹੀ। ਪਰ 14 ਦਿਨਾਂ ਵਾਲੀ ਇਕਾਂਤਵਾਸ ਦੀ ਬੰਦਸ਼ ਪੂਰੀ ਹੋਣ ਤਕ ਕੋਈ ਵੀ ਲਾਗੇ ਨਾ ਲੱਗਾ। ਭਾਵੇਂ ਉਹ ਆਪ ਵੀ ਗੁਰੇਜ਼ ਹੀ ਕਰਦਾ ਸੀ।
14 ਦਿਨਾਂ ਦਾ ਸਮਾਂ ਪਹਾੜ ਵਰਗਾ ਲੰਬਾ ਹੋ ਗਿਆ। ਜਿਸ ਤਨ ਲਾਗੇ ਸੋ ਤਨ ਜਾਣੇ। ਕੰਧ ਓਹਲੇ ਪ੍ਰਦੇਸ ਬਣ ਗਿਆ ਸਾਡੇ ਮਿੱਤਰ ਦਾ ਇਕੱਲਾ-ਕਾਰਾ ਕਮਰਾ।
“ਇਹ ਤਾਂ ਜੇਲ ਤੋਂ ਵੀ ਭੈੜੀ ਸਜ਼ਾ ਹੈ।” ਇਕਾਂਤਵਾਸ ਦਾ ਸਮਾਂ ਪੁੱਗਦੇ ਹੀ ਹਾਲ ਕਮਰੇ ਵਿੱਚ ਦਾਖਲ ਹੁੰਦੇ ਮਿੱਤਰ ਦੇ ਮੂੰਹੋਂ ਨਿਕਲਿਆ, “ਤੰਦਰੁਸਤੀ ਬਹੁਤ ਵੱਡੀ ਨਿਆਮਤ ਹੈ। ਰੱਬਾ! ਇਹੋ ਜਿਹੀ ਬੀਮਾਰੀ ਕਿਸੇ ਵੈਰੀ-ਮਿੱਤਰ ਨੂੰ ਨਾ ਹੋਵੇ ਜਿਸਦੇ ਛੂਹਣ ਤੋਂ ਵੀ ਭੈ ਆਵੇ!” ਸਾਡਾ ਮਿੱਤਰ ਪਰਿਵਾਰ ਵਾਲਿਆਂ ਨੂੰ ਕਹਿ ਰਿਹਾ ਸੀ।
ਚੰਗਾ ਹੋਵੇ ਲੋਕ ਕੁਦਰਤ ਨਾਲ ਛੇੜ-ਛਾੜ ਬੰਦ ਕਰਨ ਅਤੇ ਸਬਰ ਸੰਤੋਖ ਨਾਲ ਰਹਿਣਾ ਸਿੱਖ ਲੈਣ।
ਇਕਾਂਤਵਾਸ ਦਾ ਸਮਾਂ ਯਾਦ ਕਰ ਕੇ ਸਾਡੇ ਮਿੱਤਰ ਨੂੰ ਹੁਣ ਵੀ ਕੰਬਣੀ ਛਿੜ ਜਾਂਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2876)
(ਸਰੋਕਾਰ ਨਾਲ ਸੰਪਰਕ ਲਈ: