“ਸਰਕਾਰਾਂ ਰੋਡ ਟੈਕਸ ਅਤੇ ਟੋਲ ਟੈਕਸ, ਦੋਹਰੇ ਦੋਹਰੇ ਕਰ ਤਾਂ ਉਗਰਾਹੁਣਾ ਜਾਣਦੀਆਂ ਹਨ ...”
(25 ਅਗਸਤ 2019)
ਵਰਖਾ ਰੁੱਤ ਜੋਬਨ ’ਤੇ ਹੈ। ਉਂਝ ਤਾਂ ਮੌਸਮ ਮਾਹਰਾਂ ਅਨੁਸਾਰ ਇਹ ਵੇਲਾ ਮੌਨਸੂਨ ਦੇ ਥੰਮ੍ਹਣ ਦਾ ਆ ਗਿਆ ਸੀ ਪ੍ਰੰਤੂ ਪੱਛਮੀ ਵਾਤਾਵਰਣ ਦੀ ਗੜਬੜੀ ਕਾਰਨ ਪਿਛਲੇ 72 ਕੁ ਘੰਟਿਆਂ ਤੋਂ ਬਾਰਸ਼ ਲਗਾਤਾਰ ਤੇ ਰੁਕ ਰੁਕ ਕੇ ਸਾਰੇ ਹੀ ਉੱਤਰੀ ਭਾਰਤ ਵਿੱਚ ਹੋ ਰਹੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਕਿਉਂਕਿ ਸਭ ਤੋਂ ਵੱਧ ਬਾਰਸ਼ ਹੋਈ ਹੈ ਤੇ ਉੱਥੇ ਹੁਣ ਤਕ ਮਾਲੀ ਨੁਕਸਾਨ ਦੇ ਨਾਲ ਨਾਲ 28 ਮੌਤਾਂ ਦੀਆਂ ਵੀ ਖਬਰਾਂ ਆ ਰਹੀਆਂ ਹਨ ਤੇ ਨਾਲ ਹੀ 22 ਲੋਕਾਂ ਦੇ ਗੁੰਮ ਹੋਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪੰਜਾਬ ਦੇ ਖੰਨਾ ਸ਼ਹਿਰ ਵਿੱਚ ਮਕਾਨ ਡਿੱਗਣ ਨਾਲ ਪ੍ਰੀਵਾਰ ਦੇ 3 ਜੀਆਂ ਦੀ ਮੌਤ ਹੋ ਗਈ ਹੈ। ਵਰਖਾ ਜ਼ਿਆਦਾ ਹੋਣ ਕਾਰਨ ਹਾਲਾਂਕਿ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਸੁਚੇਤ ਵੀ ਕੀਤਾ ਗਿਆ ਸੀ ਕਿ ਭਾਖੜਾ ਡੈਮ ਵਿੱਚ ਵਧ ਰਹੇ ਪਾਣੀ ਦੇ ਪੱਧਰ ਕਰਨ ਫਲੱਡ ਗੇਟ ਖੋਲ੍ਹਣੇ ਪੈ ਸਕਦੇ ਹਨ ਇਸ ਲਈ ਲੋਕ ਸਤਲੁਜ ਦਰਿਆ ਦੇ ਕੰਢਿਆਂ ਤੋਂ ਸੁਰੱਖਿਅਤ ਥਾਂਵਾਂ ਉੱਤੇ ਚਲੇ ਜਾਣ। ਨਤੀਜਾ ਭਾਖੜਾ ਬਣ ਦੇ ਦੋ ਫਲੱਡ ਗੇਟ ਖੋਲ੍ਹ ਕੇ 2.4 ਲੱਖ ਕਿਉਸਕ ਪਾਣੀ ਛੱਡਿਆ ਗਿਆ ਜਿਸਨੇ ਰੋਪੜ ਦੇ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣਾ ਦਿੱਤੀ ਤੇ ਲੋਕਾਂ ਦੇ ਜਾਨੀ ਤੇ ਮਾਲੀ ਨੁਕਸਾਨ ਦੀਆਂ ਖਬਰਾਂ ਵੀ ਆਉਣ ਲੱਗ ਪਈਆਂ ਹਨ।
ਹਿਮਾਚਲ ਦੇ ਪੰਡੋਹ ਡੈਮ ਤੋਂ ਵੀ ਪਾਣੀ ਛੱਡਣ ਨਾਲ ਦਰਿਆ ਬਿਆਸ ਦੇ ਆਲੇ ਦੁਆਲੇ ਵੀ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਪ੍ਰਸ਼ਾਸਨ ਨੇ ਫੌਜ ਨੂੰ ਵੀ ਐੇਲਰਟ ਉੱਤੇ ਰੱਖ ਕੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਨੈਣਾ ਦੇਵੀ ਖੇਤਰ ਵਿੱਚ 360 ਮਿਲੀਮੀਟਰ ਵਰਖਾ ਹੋਣ ਦੀਆਂ ਖਬਰਾਂ ਹਨ। ਜ਼ਿਆਦਾ ਵਰਖਾ ਹੋਣ ਨਾਲ ਹਿਮਾਚਲ ਦੇ 323 ਰੂਟਾਂ ਉੱਤੇ ਆਵਾਜਾਈ ਪ੍ਰਭਾਵਤ ਹੋਈ ਹੈ। ਕਈ ਥਾਂਈਂ ਟਰੇਨਾਂ ਰੱਦ ਕਰਨੀਆਂ ਪਈਆਂ ਹਨ ਜਿਸ ਨਾਲ ਯਾਤਰੀ ਪ੍ਰੇਸ਼ਾਨ ਹੋਏ ਹਨ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਦਰਿਆ ਨਾਲ ਲਗਦੇ ਮਹਿਤਪੁਰ ਨਕੋਦਰ ਅਤੇ ਫਿਲੌਰ ਏਰੀਏ ਦੇ 81 ਪਿੰਡ ਖਾਲੀ ਕਰਨ ਲਈ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ। ਮੌਸਮ ਵਿਭਾਗ ਵੱਲੋਂ ਸਾਰੇ ਭਾਰਤ ਵਿੱਚ ਵਾਰਨਿੰਗ ਬੁਲੇਟਿਨ ਜਾਰੀ ਕਰਕੇ 19 ਅਗਸਤ ਤੋਂ 23 ਅਗਸਤ ਤੱਕ ਉਤਰਾਖੰਡ, ਝਾਰਖੰਡ, ਓੜੀਸਾ, ਤਾਮਲ ਨਾਡੂ, ਪੁਡੂਚੇਰੀ, ਮੱਧ ਪ੍ਰਦੇਸ਼, ਸ਼ਤੀਸ਼ਗੜ੍ਹ, ਅਸਾਮ, ਮੇਘਾਲਿਆ ਅਤੇ ਸਬ ਹਿਮਾਲੀਅਨ ਬੌਗਾਲ ਖੇਤਰ ਵਿੱਚ ਭਾਰੀ ਬਾਰਸ਼ ਦੀ ਚਿਤਾਵਨੀ ਦਿੱਤੀ ਹੈ।
ਉੱਤਰ ਪ੍ਰਦੇਸ਼ ਦੇ ਤਿੰਨ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਫਲੱਡ ਗੇਟ ਖੋਲ੍ਹਣੇ ਪਏ ਹਨ ਜਿਸ ਨਾਲ ਪਿੰਡਾਂ ਤੇ ਖੇਤਾਂ ਵਿੱਚ ਪਾਣੀ ਫੈਲਣ ਨਾਲ ਅਫਰਾ ਤਫਰੀ ਫੈਲ ਗਈ ਹੈ। ਰਾਜਸਥਾਨ ਵਿੱਚ ਵੀ ਕਈ ਥਾਂਵਾਂ ਉੱਤੇ ਜਾਨੀ ਮਾਲੀ ਨੁਕਸਾਨ ਹੋਣ ਦੀਆਂ ਖਬਰਾਂ ਹਨ। ਬਿਹਾਰ ਵਿੱਚ ਸਥਿਤੀ ਪਹਿਲਾਂ ਹੀ ਚਿੰਤਾਜਨਕ ਬਣੀ ਹੋਈ ਸੀ। ਕੁਲ ਮਿਲਾ ਕੇ ਇੰਦਰ ਦੇਵਤਾ ਨੇ ਸਾਰੇ ਭਾਰਤ ਵਿੱਚ ਜਲਥਲ ਕਰਕੇ ਮੌਸਮ ਵਿਭਾਗ ਦੀਆਂ ਪਹਿਲੀਆਂ ਭਵਿੱਖਬਾਣੀਆਂ, ਜਿਨ੍ਹਾਂ ਨਾਲ ਘੱਟ ਬਾਰਸ਼ ਦਾ ਖਦਸ਼ਾ ਪ੍ਰਗਟਾਇਆ ਸੀ, ਝੁਠਲਾ ਦਿੱਤੀਆਂ ਹਨ। ਪੰਜਾਬ ਦਾ ਅੱਧਾ ਹਿੱਸਾ ਤਾਂ ਤਲਾਬ ਬਣ ਗਿਆ ਹੈ। ਨਵਾਂਸ਼ਹਿਰ, ਅਨੰਦਪੁਰ ਸਾਹਿਬ ਤੇ ਰੋਪੜ ਦੇ ਹਲਕੇ ਦੇ ਲੋਕ ਪਾਣੀ ਵਿੱਚ ਘਿਰੇ ਹੋਏ ਹਨ। ਕਿਸਾਨਾਂ ਦੀਆਂ ਫਸਲਾਂ ਲਈ ਵਰ ਬਣਨ ਵਾਲੀ ਵਰਖਾ ਇਨ੍ਹਾਂ ਪਿੰਡਾਂ ਲਈ ਸਰਾਪ ਬਣ ਗਈ ਹੈ। ਫਸਲਾਂ ਤੇ ਪਸ਼ੁ ਵੀ ਰੁੜ੍ਹ ਗਏ ਹਨ ਜਿਸਦਾ ਅੰਦਾਜ਼ਾ ਮੌਸਮ ਸਾਫ ਹੋਣ ਉੱਤੇ ਹੀ ਲੱਗੇਗਾ।
ਸੜਕਾਂ ਨੇ ਨਹਿਰਾਂ ਦਾ ਰੂਪ ਧਾਰ ਲਿਆ ਹੈ। ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਪਾਣੀ ਉਂਜ ਮਨੁੱਖੀ ਜ਼ਿੰਦਗੀ ਦਾ ਹਿੱਸਾ ਹੈ। ਮਨੁੱਖੀ ਸਰੀਰ ਵੀ ਧਰਤੀ ਦੀ ਤਰ੍ਹਾਂ ਹੀ 2/3 ਪਾਣੀ ਦਾ ਹੀ ਬਣਿਆ ਹੋਇਆ ਹੈ। ਪਰ ਲੋੜ ਤੋਂ ਵੱਧ ਤਾਂ ਹਰ ਚੀਜ਼ ਹਾਨੀਕਾਰਕ ਬਣ ਜਾਂਦੀ ਹੈ। ਸਾਡੇ ਦੇਸ਼ ਦੇ ਵਾਤਾਵਰਣ ਅਨੁਸਾਰ ਵਰਖਾ ਰੁੱਤ ਵੀ ਜ਼ਿੰਦਗੀ ਦਾ ਹਿੱਸਾ ਅਤੇ ਮੌਸਮਾਂ ਦੀ ਜਾਨ ਹੈ। ਵਰਖਾ ਰੁੱਤ ਤੋਂ ਬਿਨਾਂ ਵੀ ਜ਼ਿੰਦਗੀ ਨਾਸੂਰ ਬਣ ਜਾਂਦੀ ਹੈ। ਸਰਕਾਰਾਂ ਅਤੇ ਪ੍ਰਸ਼ਾਸਨ ਸਰਕਾਰ ਦੀ ਬਿਹਤਰੀ ਲਈ ਬਣਾਏ ਜਾਂਦੇ ਹਨ। ਇਨ੍ਹਾਂ ਸਮਿਆਂ ਦੀ ਸਹੀ ਤਰ੍ਹਾਂ ਸਿਲਸਲੇਵਾਰ ਸਮੀਖਿਆ ਅਤੇ ਸੁਚੱਜੀ ਸੁਰੱਖਿਆ ਹੀ ਤਾਂ ਸਰਕਾਰ ਦਾ ਕੰਮ ਹੁੰਦਾ ਹੈ। ਪਰ ਜੇ ਵੇਲੇ ਸਿਰ ਸਾਧਨ ਜੁਟਾਉਣ ਦੀ ਥਾਂ ਸਰਕਾਰਾਂ ‘ਵਿਹੜੇ ਆਈ ਜੰਞ ਤੇ ਵਿੰਨ੍ਹੋ ਕੁੜੀ ਦੇ ਕੰਨ’ ਵਾਲੀ ਧਾਰਨਾ ਉੱਤੇ ਨਿਰਭਰ ਹੋਣ ਲੱਗ ਪੈਣ ਤਾਂ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੀ ਹੋਵੇਗਾ। ਜਦੋਂ ਪਤਾ ਹੈ ਕਿ ਹਰ ਸਾਲ ਜੂਨ ਦੇ ਅੱਧ ਤੋਂ ਬਾਦ ਬਰਸਾਤ ਦੀ ਰੁੱਤ ਸ਼ੁਰੂ ਹੋਣੀ ਹੈ ਤਾਂ ਸੀਵਰੇਜ, ਨਾਲੇ ਤੇ ਨਹਿਰਾਂ ਮਈ ਮਹੀਨੇ ਤੱਕ ਸਾਫ ਕਿਉਂ ਨਹੀਂ ਕਰਵਾਏ ਜਾਂਦੇ? ਸਾਨੂੰ ਇਸ ਗੱਲ ਉੱਤੇ ਨਹੀਂ ਬੈਠੇ ਰਹਿਣਾ ਚਾਹੀਦਾ ਕਿ ਜੇ ਨੁਕਸਾਨ ਹੋਵੇਗਾ ਤਾਂ ਵੇਖ ਲਿਆ ਜਾਵੇਗਾ।
ਵਾਤਾਵਰਣ ਦੇ ਹੇਰ ਫੇਰ ਅਤੇ ਆਲਮੀ ਤਪਸ਼ ਕਾਰਨ ਭਾਵੇਂ ਰੁਤਾਂ ਅਤੇ ਮੌਸਮਾਂ ਵਿੱਚ ਤਬਦੀਲੀ ਆਈ ਹੈ ਪਰ ਸਾਨੂੰ ਤਾਂ ਪਹਿਲਾਂ ਤਿਆਰ ਰਹਿਣਾ ਚਾਹੀਦਾ ਹੈ। ਮੌਕੇ ਉੱਤੇ ਹੀ ਸਾਧਨ ਜੁਟਾਉਣਾ ਸਾਡੀ ਅਬਾਦੀ ਦੇ ਲਿਹਾਜ ਨਾਲ ਕਦੇ ਵੀ ਸੰਭਵ ਨਹੀਂ ਹੋ ਸਕਦਾ। ਇਸ ਵਾਰ 1988 ਤੋਂ ਬਾਦ ਕਾਫੀ ਦੇਰ ਬਾਦ ਡੈਮਾਂ ਦੇ ਫਲੱਡ ਗੇਟ ਖੋਲ੍ਹਣ ਨਾਲ ਹੜ੍ਹ ਵਰਗੀ ਸਥਿਤੀ ਬਣੀ ਹੈ। ਪ੍ਰਸ਼ਾਸਨ ਕੋਲ ਨਾ ਲੋੜੀਂਦੀਆਂ ਬੇੜੀਆਂ ਅਤੇ ਨਾ ਹੀ ਹੋਰ ਅਮਲਾ ਫੈਲਾ ਹੈ। ਬੱਸ ਜਦੋਂ ਮੁਸੀਬਤ ਸਿਰ ’ਤੇ ਆ ਜਾਂਦੀ ਹੈ ਫਿਰ ਸਾਰੇ ਫੌਜ ਵੱਲ ਵੇਖਣ ਲੱਗ ਜਾਂਦੇ ਹਨ। ਸਥਾਨਕ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਹੋਰ ਵਿੰਗ ਕੀ ਕੇਵਲ ਮੀਟਿੰਗਾਂ ਕਰਨ ਅਤੇ ਬਜਟ ਬਣਾਉਣ ਅਤੇ ਖਰਚਣ ਲਈ ਹੀ ਹਨ। ਅਬਾਦੀ ਦੇ ਵਧਣ ਨਾਲ ਲੋਕਾਂ ਦਾ ਸ਼ਹਿਰਾਂ ਵੱਲ ਝੁਕਾਅ ਵਧਣ ਲੱਗ ਪਿਆ ਹੈ। ਸਰਕਾਰਾਂ ਰੋਡ ਟੈਕਸ ਅਤੇ ਟੋਲ ਟੈਕਸ ਦੋਹਰੇ ਦੋਹਰੇ ਕਰ ਤਾਂ ਉਗਰਾਹੁਣਾ ਜਾਣਦੀਆਂ ਹਨ ਪਰ ਸੀਵਰੇਜ ਅਤੇ ਗਲੀਆਂ, ਨਾਲੀਆਂ ਸਮੇਂ ਸਿਰ ਨਾ ਬਣਾਏ ਜਾਂਦੇ ਹਨ ਤੇ ਨਾ ਹੀ ਸਾਫ ਕਰਵਾਏ ਜਾਂਦੇ ਹਨ। ਜੇ ਸੀਵਰੇਜ ਦੇ ਪਾਈਪ ਸਮਰੱਥਾ ਅਨੁਸਾਰ ਖੁੱਲ੍ਹੇ ਹੋਣ ਤਾਂ ਥੋੜ੍ਹੀ ਕੀਤੇ ਮੀਂਹ ਦਾ ਪਾਣੀ ਸੜਕਾਂ ਵਿੱਚ ਦਾਖਲ ਨਹੀਂ ਹੁੰਦਾ ਅਤੇ ਸੜਕਾਂ ਵੀ ਟੁੱਟਣੋ ਬਚ ਜਾਂਦੀਆਂ ਹਨ। ਪਰ ਅਜਿਹਾ ਹੁੰਦਾ ਨਹੀਂ। ਮੀਂਹ ਅਜੇ ਦਿੱਲੀ ਹੋਵੇ ਜਲੰਧਰ ਦੇ ਸੀਵਰੇਜ ਪਹਿਲਾਂ ਬਲਾਕ ਹੋ ਜਾਂਦੇ ਹਨ। ਇਹ ਹੈ ਸਾਡੀ ਤਰੱਕੀ ਦੀ ਦਾਸਤਾਨ। 72 ਸਾਲ ਹੋ ਗਏ ਹਨ ਦੇਸ਼ ਨੂੰ ਅਜਾਦ ਹੋਏ ਨੂੰ, ਅਜੇ ਤੱਕ ਗਲੀਆਂ, ਨਾਲੀਆਂ ਅਤੇ ਨਜਾਇਜ਼ ਕਲੋਨੀਆਂ ਦੀ ਸਮੱਸਿਆਂ ਹੀ ਹੱਲ ਨਹੀਂ ਹੋਈ ਤੇ ਮੀਂਹ ਦਾ ਪਾਣੀ ਕਿਵੇਂ ਕੰਟਰੋਲ ਹੋਵੇ?
ਸਰਕਾਰਾਂ ਭਲੀਭਾਂਤ ਜਾਣਦੀਆਂ ਹਨ ਕਿ ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਨੇ ਪਾਣੀ ਨੂੰ ਖਾਤਮੇ ਦੀ ਕਗਾਰ ਤੇ ਲਿਆ ਦਿੱਤਾ ਹੈ। ਫਿਰ ਇਹ ਬਰਸਾਤ ਦਾ ਵਾਧੂ ਪਾਣੀ ਜੋ ਜਾਨ ਅਤੇ ਮਾਲ ਦਾ ਖੌਅ ਬਣਦਾ ਹੈ ਤੇ ਨੁਕਸਾਨ ਕਰਦਾ ਹੋਇਆ ਜਾ ਸਮੁੰਦਰ ਦੀ ਸ਼ਰਨ ਲੈਂਦਾ ਹੈ, ਇਸ ਪਾਣੀ ਨੂੰ ਧਰਤੀ ਹੇਠ ਪੁਚਾਉਣ ਦੇ ਉਪਰਾਲੇ ਕਿਉਂ ਨਹੀਂ ਕੀਤੇ ਜਾਂਦੇ? ਇਹ ਉਪਰਾਲੇ ਤਾਂ ਸਰਕਾਰ ਨੂੰ ਹੀ ਪ੍ਰੋਜੈਕਟ ਬਣਾ ਕੇ ਸਿਰੇ ਚਾੜ੍ਹਨੇ ਪੈਣੇ ਹਨ, ਕਿਸੇ ਇਕੱਲੇ ਕਾਰੇ ਮਨੁੱਖ ਦੇ ਵੱਸ ਦਾ ਰੋਗ ਨਹੀਂ ਹਨ। ਪਰ ਸਰਕਾਰਾਂ ਅਜਿਹਾ ਕਦ ਸੋਚਦੀਆਂ ਹਨ। ਉਹਨਾਂ ਨੂੰ ਤਾਂ ਆਪਣੀ ਹੋਂਦ ਅਤੇ ਵੋਟ ਬੈਂਕ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ। ਅੱਜ ਏ ਕੱਲ੍ਹ ਬੀ ਤੇ ਫਿਰ ਸੀ ਸਾਰੀਆਂ ਪਾਰਟੀਆਂ ਨੇ ਇੱਕੋ ਹੀ ਰਾਹ ਫੜਿਆ ਹੋਇਆ ਹੈ। ਹਰ ਪੰਜ ਸਾਲ ਬਾਦ ਚੋਣਾਂ ਹੁੰਦੀਆਂ ਹਨ। ਨਵੇਂ ਨਵੇਂ ਸਬਜ਼ਬਾਗ ਤੇ ਨਾਅਰੇ ਜਨਮ ਲੈਂਦੇ ਹਨ ਪਰ ਪ੍ਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਅੰਨ੍ਹੇ ਨੂੰ ਬੋਲਾ ਘੜੀਸੀ ਫਿਰਦਾ ਹੈ। ਸਰਕਾਰ ਬਦਲਣ ਤੇ ਲੋਕ ਬੜੇ ਖੁਸ਼ ਹੁੰਦੇ ਹਨ ਕਿ ਹੁਣ ਕਿਸਮਤ ਬਦਲੀ ਵੇਖੋ। ਗਰੀਬੀ ਗਈ ਕਿ ਗਈ। ਪਰ ਨਾ ਕਿਸਮਤ ਬਦਲਦੀ ਹੈ ਨਾ ਗਰੀਬੀ ਖਤਮ ਹੁੰਦੀ ਹੈ।
ਘੁੰਮ ਘੁਮਾ ਕੇ ਜਦੋਂ ਫਿਰ ਵਰਖਾ ਰੁੱਤ ਦੇ ਦੀਦਾਰ ਹੁੰਦੇ ਹਨ, ਪਹਿਲੇ ਮੀਂਹ ਨਾਲ ਹੀ ਪ੍ਰਸ਼ਾਸਨ ਦੇ ਕੀਤੇ ਸੁਧਾਰਾਂ ਦੇ ਪੋਲ ਖੁੱਲ੍ਹ ਜਾਂਦੇ ਹਨ ਜਦੋਂ ਸੜਕਾਂ ਨਹਿਰਾਂ ਬਣ ਜਾਂਦੀਆਂ ਹਨ ਤੇ ਲੋਕ ਵਾਹਨਾਂ ਸਮੇਤ ਉਹਨਾਂ ਵਿੱਚ ਤਾਰੀਆਂ ਲਗਾਉਂਦੇ ਨਜਰੀਂ ਪੈਂਦੇ ਹਨ। ਅੱਜਕੱਲ ਦੀ ਬਰਸਾਤ ਵਿੱਚ ਅਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ ਤੇ ਫਿਲੌਰ ਦੇ ਝੀਲਾਂ ਵਰਗੇ ਨਜਾਰੇ ਇਸ ਪ੍ਰਗਤੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਦਾ ਵੀ ਇਹੋ ਹਾਲ ਹੈ। ਉੱਥੇ ਵੀ ਦਰਿਆ ਜਮਨਾ ਖਤਰੇ ਦੇ ਨਿਸ਼ਾਨ ਨਾਲ ਖਹਿ ਰਿਹਾ ਹੈ ਤੇ ਹਜ਼ਾਰਾਂ ਲੋਕ ਜਿਨ੍ਹਾਂ ਨੇ ਦਰਿਆ ਨੂੰ ਹੀ ਝੁੱਗੀਆਂ ਝੌਂਪੜੀਆਂ ਦੇ ਜ਼ਰੀਏ ਆਪਣਾ ਰੈਣ ਬਸੇਰਾ ਬਣਾਇਆ ਹੋਇਆ ਹੈ ਉਹ ਸੜਕਾਂ ਕੰਢੇ ਅਵਾਰਾ ਹਾਲਤ ਵਿੱਚ ਘੁੰਮ ਕੇ ਭਾਰਤ ਮਹਾਨ ਦੀ ਤ੍ਰਾਸਦੀ ਦਾ ਢੰਡੋਰਾ ਪਿੱਟ ਰਹੇ ਹੁੰਦੇ ਹਨ। ਇਹ ਕਿਸੇ ਇੱਕ ਬਰਸਾਤ ਦਾ ਹਾਲ ਨਹੀਂ, ਹਰ ਸਾਲ ਬਰਸਾਤ ਦੇ ਦਿਨਾਂ ਵਿੱਚ ਇਹੀ ਕੁਝ ਵਾਪਰਦਾ ਹੈ। ਨਾ ਲੋਕ ਸੁਧਰਦੇ ਹਨ ਤੇ ਨਾ ਹੀ ਸਰਕਾਰਾਂ। ਦਰਿਆਵਾਂ ਦੇ ਕੰਢੇ ਤੱਕ ਲੋਕਾਂ ਨੇ ਵਾਹ ਲਏ ਹਨ, ਕਿਤੇ ਦਰਖਤ ਲੱਗਾ ਨਹੀਂ ਛੱਡਿਆ। ਨਵੇਂ ਲਗਾਏ ਨਹੀਂ ਜਾਂਦੇ ਜੇ ਲਗਾਏ ਵੀ ਜਾਣ ਤਾਂ ਅਵਾਰਾ ਪਸ਼ੂਆਂ ਦੀ ਭੇਟ ਚੜ੍ਹ ਜਾਂਦੇ ਹਨ। ਫਿਰ ਵਰਖਾ ਦਾ ਪਾਣੀ ਨੁਕਸਾਨ ਨਾ ਕਰੇ ਤਾਂ ਕੀ ਕਰੇ? ਹੁਣ ਅੱਜ ਫਿਰ ਭਾਖੜਾ ਬਣ ਵਿੱਚੋਂ 77000 ਕਿਊਸਕ ਪਾਣੀ ਛੱਡੇ ਜਾਣ ਦਾ ਐਲਾਨ ਹੋਇਆ ਹੈ। ਰੱਬ ਖੈਰ ਕਰੇ, ਲੋਕਾਂ ਅਤੇ ਸਰਕਾਰ ਨੂੰ ਸੁਮੱਤ ਬਖਸ਼ੇ ਕਿ ਉਹ ਭਵਿੱਖ ਲਈ ਸੁਚੇਤ ਹੋਣ ਦਾ ਪ੍ਰਣ ਕਰ ਲਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1710)
(ਸਰੋਕਾਰ ਨਾਲ ਸੰਪਰਕ ਲਈ: